From Amolak Singh on Tuesday 3rd June 2025 at 10:43 AM A Poem with Image
ਆਖਰੀ ਸਲਾਮ...
ਕਾਮਰੇਡ
ਅਸੀਂ ਤੁਹਾਨੂੰ ਆਖਰੀ ਸਲਾਮ ਵੀ ਨਹੀਂ ਦੇ ਸਕੇਤੁਸੀਂ ਵੀ ਸਾਡੀ ਉਡੀਕ ਕਰ ਰਹੇ ਹੋਵੋਗੇ
ਅਖਬਾਰ ਵਿੱਚ ਤੁਹਾਡੀਆਂ ਖੁੱਲ੍ਹੀਆਂ ਅੱਖਾਂ ਦੇਖ ਕੇ
ਇਹੋ ਮਹਿਸੂਸ ਹੋਇਆ
ਪਰ ਅਸੀਂ ਕੀ ਕਰਦੇ
ਸਾਡੇ ਤੁਹਾਡੇ ਵਿਚਕਾਰ ਸੱਤਾ ਦੀ
ਲੋਹੇ ਦੀ ਕੰਧ ਜੋ ਖੜ੍ਹੀ ਹੋ ਗਈ
ਸੋਚਿਆ ਸੀ ਕਿ ਸ਼ਾਇਦ ਤੁਹਾਡੀ
ਇੱਕ ਮੁੱਠੀ ਰਾਖ ਤਾਂ ਮਿਲ ਹੀ ਜਾਵੇਗੀ
ਫਿਰ ਮੈਂ ਇਸਨੂੰ ਅਪਣੀ
ਮੁੱਠੀ ਵਿੱਚ ਭਰ ਕੇ ਲਹਿਰਾਵਾਂਗਾ
ਤੁਹਾਨੂੰ ਆਖਰੀ ਸਲਾਮ ਦੇਵਾਂਗਾ
ਤੁਹਾਡੀ ਇਸ ਰਾਖ਼ ਨੂੰ ਮੈਂ ਅਸਮਾਨ ਵਿੱਚ ਫੈਲਾ ਦੇਵਾਂਗਾ
ਸੰਘਰਸ਼ਾਂ ਦੀ ਬਾਰਿਸ਼ ਨਾਲ
ਇਹ ਧਰਤੀ 'ਤੇ ਆ ਜਾਵੇਗੀ
ਮਿੱਟੀ ਵਿੱਚ ਬਹੁਤ ਡੂੰਘੀ ਉਤਰ ਜਾਵੇਗੀ
ਫਿਰ ਇੱਕ ਦਿਨ ਐਸਾ ਆਵੇਗਾ
ਕਿ ਧਰਤੀ ਤੇ ਅਨੇਕਾਂ 'ਬਸਵਾ'
ਉੱਗਣ, ਮੌਲਰਨ ਲੱਗਣਗੇ
ਪਰ ਉਨ੍ਹਾਂ ਨੇ ਸਾਨੂੰ ਰਾਖ਼ ਵੀ ਨਹੀਂ ਲੈਣ ਦਿੱਤੀ
ਸ਼ਾਇਦ ਇਸੇ ਡਰ ਕਾਰਨ
ਥੱਕੇ ਹਾਰੇ ਹੋਏ,
ਅਸੀਂ ਉਸ ਜਗ੍ਹਾ ਗਏ
ਜਿੱਥੇ ਗੋਲੀਆਂ ਦੀ ਤੇਜ਼ ਬੁਛਾੜ ਮੌਕੇ
ਤੁਸੀਂ ਆਖਰੀ ਸਾਹ ਲਿਆ ਸੀ
ਸੰਘਣੇ ਜੰਗਲ ਅਤੇ ਬਾਂਸ ਦੇ ਝੁਰਮਟਾਂ ਦੇ ਵਿਚਕਾਰ
ਤੁਹਾਡਾ ਅਤੇ ਸਾਥੀਆਂ ਦਾ
ਸਮਾਨ ਖਿੱਲਰਿਆ ਪਿਆ ਸੀ
ਜੁੱਤੀਆਂ, ਪਾਣੀ ਦੀਆਂ ਬੋਤਲਾਂ, ਬਿਸਕੁਟਾਂ ਦੇ ਪੈਕੇਟ, ਦਵਾਈਆਂ, ਪੈੱਨ, ਸੂਈ ਅਤੇ ਧਾਗਾ, ਟਾਰਚ, ਬੈਟਰੀ
ਅਤੇ ਹਾਂ
ਇੱਕ ਛੋਟੀ ਡਾਇਰੀ ਵੀ
ਗੋਲੀਆਂ ਨਾਲ਼ ਸਾਥੀਆਂ ਨੂੰ ਹੀ ਛਲਣੀ ਨਹੀਂ ਕੀਤਾ
ਸਗੋਂ ਦਰੱਖਤਾਂ ਨੂੰ ਵੀ
ਮੈਨੂੰ ਦੇਖ ਕੇ ਜ਼ਖਮੀ ਦਰੱਖਤ
ਥੋੜ੍ਹਾ ਅਸਹਿਜ ਹੋਏ
ਫਿਰ ਮੇਰੀਆਂ ਨਮ ਅੱਖਾਂ ਵਿੱਚ
ਉਨ੍ਹਾਂ ਨੂੰ ਪਤਾ ਨਹੀਂ ਕੀ ਦਿਖਿਆ
ਉਹ ਸਹਿਜ ਦਿੱਖਣ ਲੱਗੇ
ਥੋੜੀ ਹੀ ਦੇਰ ਬਾਅਦ
ਜਖ਼ਮੀ ਦਰੱਖਤ, ਗੋਲੀਆਂ ਨਾਲ਼ ਛਲਣੀ ਹੋਏ ਬਾਂਸ, ਲਹੂ ਲੁਹਾਨ ਪੱਤੇ,ਅਤੇ ਦਰੜੀ ਹੋਈ ਕੂਲੀ ਕੂਲੀ ਘਾਹ
ਹੌਲੀ-ਹੌਲੀ ਹਰਕਤ ਕਰਨ ਲੱਗੀ
ਇਸ ਸਰਸਰਾਹਟ ਵਿੱਚ
ਮੈਨੂੰ ਸੁਣਾਈ ਦੇਣ ਲੱਗਾ:
"ਕਿੰਨੀ ਬਹਾਦਰੀ ਨਾਲ ਲੜਿਆ 'ਉਮਰ ਮੁਖ਼ਤਾਰ'
ਸਾਡੀ ਰਾਖੀ ਕਰਦਾ
ਸਾਡਾ ਇੱਕ ਹੋਰ ਪੁੱਤ ਸ਼ਹੀਦ ਹੋ ਗਿਆ"
ਫਿਰ ਮੇਰੀ ਨਜ਼ਰ
ਉਸ ਨਿੱਕੜੀ ਡਾਇਰੀ 'ਤੇ ਪਈ
ਪਹਿਲੇ ਪੰਨੇ 'ਤੇ ਕੁਝ ਹਿਸਾਬ ਕਿਤਾਬ
ਦੂਜੇ ਪੰਨੇ 'ਤੇ ਕੁਝ ਤਿਰਛੀਆਂ ਸਤਰਾਂ
ਫਿਰ ਕੁਝ ਨੋਟਿਸ
ਅਤੇ ਆਖਰੀ ਪੰਨੇ 'ਤੇ ਸ਼ਾਇਦ
ਕਿਸੇ ਕਵਿਤਾ ਦੀ ਇੱਕ ਸਤਰ:
"ਸੂਰਜ ਦੇ ਨਾਲ-ਨਾਲ ਇੱਕ ਬਹੁਤ ਵੱਡੀ ਦੁਨੀਆਂ ਛਿਪ ਜਾਂਦੀ ਹੈ,
ਨਵੇਂ ਦਿਨ ਨੂੰ ਜਨਮ ਦੇਣ ਲਈ"
ਮੈਂ ਇਹ ਆਖ਼ਿਰੀ ਪੰਨਾ ਮੋੜ ਕੇ ਅਪਣੀ ਜੇਬ ਵਿਚ ਸੰਭਾਲ ਲਿਆ।
ਆਖ਼ਿਰੀ ਸਲਾਮ ਦੀ
ਹੁਣ ਕੋਈ ਲੋੜ ਨਹੀਂ ਸੀ ਰਹੀ।
*
ਸਰਵੇਸ਼ਵਰ ਦਿਆਲ ਸਕਸੇਨਾ ਦੀ
ਕਵਿਤਾ ਦਾ ਇੱਕ ਟੋਟਾ
ਪੇਸ਼ਕਸ਼: ਅਮੋਲਕ ਸਿੰਘ
No comments:
Post a Comment