Posted on Saturday 27th September 2025 at 1:05 PM
ਚੰਡੀਗੜ੍ਹ ਵਿੱਚ ਪਾਰਟੀ ਕਾਨਫਰੰਸ ਮੌਕੇ ਰਿਲੀਜ਼ ਹੋਈ ਪੁਸਤਕ ਸੱਚਮੁੱਚ ਅਨਮੋਲ ਹੈ
ਬਹੁਤ ਪਹਿਲਾਂ ਤਰਕਸ਼ੀਲ ਬਣ ਚੁੱਕਿਆ ਸੀ ਐਮ ਐਸ ਭਾਟੀਆ
ਕਲਮਾਂ ਦੀ ਦੁਨੀਆ:27 ਸਤੰਬਰ 2025: (ਮੀਡੀਆ ਲਿੰਕ 32//ਸਾਹਿਤ ਸਕਰੀਨ ਡੈਸਕ)::
ਭਾਰਤ ਦੇਸ਼ ਦੀਆਂ ਬਹੁਤ ਸਾਰੀਆਂ ਖੂਬੀਆਂ ਹਨ। ਬਹੁਤ ਸਾਰੇ ਪੱਖਾਂ ਤੋਂ ਇਹ ਇੱਕ ਵਿਲੱਖਣ ਦੇਸ਼ ਹੈ। ਇਸਦੇ ਸੂਬੇ ਪੰਜਾਬ ਨੇ ਵੀ ਸਦੀਆਂ ਤੋਂ ਸੰਘਰਸ਼ ਹੀ ਦੇਖੇ ਹਨ। ਇਸੇ ਸੂਬੇ ਦੇ ਜੰਮਪਲ ਮਨਿੰਦਰ ਸਿੰਘ ਭਾਟੀਆ ਵੀ ਬਚਪਨ ਤੋਂ ਹੀ ਸੰਘਰਸ਼ਾਂ ਦੇ ਐਨ ਨੇੜੇ ਤੇੜੇ ਰਹੇ। ਇਹਨਾਂ ਦੁੱਖ ਤਕਲੀਫ਼ਾਂ ਨੂੰ ਦੇਖ ਕੇ ਵੀ ਸਾਡੇ ਇਸ ਫਖਰਯੋਗ ਮਿੱਤਰ ਦਾ ਮਨ ਕਦੇ ਨਹੀਂ ਡੋਲਿਆ। ਕਦੇ ਕਿਸੇ ਅਣਦਿੱਸਦੇ ਰੱਬ ਜਾਂ ਕਿਸੇ ਹੋਰ ਖੌਫ ਤੋਂ ਵੀ ਕਦੇ ਡਰ ਨਹੀਂ ਲੱਗਿਆ। ਇਸ ਡਰੋਂ ਕਦੇ ਕਿਸੇ ਧਾਰਮਿਕ ਸਥਾਨ 'ਤੇ ਜਾ ਕੇ ਸਿਰ ਵੀ ਨਹੀਂ ਝੁਕਾਇਆ। ਜਾਦੂ ਟੂਣਿਆਂ ਨੂੰ ਵੀ ਹਮਸ਼ਾਂ ਟਿੱਚ ਸਮਝਿਆ। ਸਿਰਫ ਟਿੱਚ ਹੀ ਨਹੀਂ ਸਮਝਿਆ ਬਲਕਿ ਇਹਨਾਂ ਖਿਲ਼ਾਫ ਟੱਕਰ ਵੀ ਲਈ। ਉਸ ਵੇਲੇ ਸ਼ਾਇਦ ਤਰਕਸ਼ੀਲ ਵੀ ਪੰਜਾਬ ਵਿੱਚ ਆਮ ਨਹੀਂ ਸਨ ਹੁੰਦੇ। ਸਕੂਲ ਜਾਂਦਿਆਂ ਕਿਸੇ ਚੌਂਕ ਚੁਰਾਹੇ ਜਾਂ ਪਿੱਪਲ ਦੇ ਥੜੇ ਤੇ ਪਏ ਜਾਦੂ ਟੂਣਿਆਂ ਵਾਲੇ ਲੱਡੂ ਲੋਕਾਂ ਨੂੰ ਭੈਅ ਭੀਤ ਕਰਿਆ ਕਰਦੇ ਸਨ। ਇਹ ਦੇਖ ਕੇ ਸ਼ਾਇਦ ਮਨਿੰਦਰ ਸਿੰਘ ਭਾਟੀਆ ਦੇ ਅੰਦਰ ਜਮੰਦਰੂੰ ਹੀ ਮੌਜੂਦ ਤਰਕਸ਼ੀਲਤਾ ਜਾਗ ਪੈਂਦੀ। ਉਹ ਬੜੀ ਬੇਬਾਕੀ ਨਾਲ ਇਹਨਾਂ ਜਾਦੂ ਟੂਣਿਆਂ ਦੇ ਮਜ਼ਾਕ ਉਡਾਉਂਦਿਆਂ ਬੜੀ ਬੇਬਾਕੀ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਜਾਂਦੇ।
ਚਾਰ ਚੁਫੇਰੇ ਸਹਿਮ ਜਿਹਾ ਛਾ ਜਾਂਦਾ। ਸਹਿਮੇ ਹੋਏ ਦੋਸਤ ਮਿੱਤਰ ਅਤੇ ਹੋਰ ਲੋਕ ਘਰ ਪਰਿਵਾਰ ਨੂੰ ਜਾ ਦੱਸਦੇ ਕਿ ਤੁਹਾਡੇ ਮੁੰਡੇ ਨੇ ਜਾਦੂ ਟੂਣੇ ਵਾਲਾ ਲੱਡੂ ਖਾ ਲਿਆ ਹੈ ਪਤਾ ਨਹੀਂ ਉਸਦਾ ਕੀਹ ਬਣਿਆ ਹੋਵੇਗਾ? ਉਸਨੂੰ ਜਲਦੀ ਹੀ ਕਿਸੇ ਬਾਬੇ ਜਾਂ ਸਿਆਣੇ ਕੋਲ ਲੈ ਕੇ ਜੋ ਸ਼ਾਇਦ ਉਹ ਕਿਸੇ ਜਾਦੂ ਮੰਤਰ ਵਾਲੇ ਕਹਿਰ ਤੋਂ ਬਚ ਜਾਵੇ। ਉਹ ਤਾਂ ਭੂਤਾਂ ਪ੍ਰੇਤਾਂ ਨਾਲ ਮੱਥਾ ਲਾਈ ਫਿਰਦਾ ਹੈ। ਰੱਬ ਹੀ ਬਚਾਏ ਹੁਣ ਤਾਂ। ਪਰਿਵਾਰ ਵਾਲੇ ਡਰੇ ਹੋਏ ਉਥੇ ਪੁੱਜਦੇ ਤਾਂ ਮਨਿੰਦਰ ਭਾਟੀਆ ਹੱਸ ਹੱਸ ਸਭਨਾਂ ਨਾਲ ਗੱਲਾਂ ਕਰ ਰਿਹਾ ਹੁੰਦਾ ਨਾਲ ਹੀ ਆਖਦਾ ਪਤਾ ਨਹੀਂ ਕਿੱਧਰ ਗਿਆ ਉਹ ਲੱਡੂ? ਪਰ ਸੁਆਦ ਬੜਾ ਸੀ? ਹੋਰ ਹੈਗਾ ਤਾਂ ਉਹ ਵੀ ਲਿਆਓ।
![]() |
| ਪੀ ਏ ਯੂ ਵਿੱਚ ਲੱਗੇ ਇੱਕ ਫਲਾਫਰ ਸ਼ੋਅ ਦੌਰਾਨ |
ਇਸ ਤਰ੍ਹਾਂ ਮਨਿੰਦਰ ਸਿੰਘ ਭਾਟੀਆ ਦੇ ਸੰਘਰਸ਼ਾਂ ਦਾ ਇਹ ਸ਼ਾਇਦ ਸਭ ਤੋਂ ਮੁਢਲਾ ਰੂਪ ਸੀ ਜਿਹੜਾ ਲੋਕਾਂ ਸਾਹਮਣੇ ਆਇਆ। ਇਹੀ ਸਿਲਸਿਲਾ ਸਾਡੇ ਭਾਟੀਆ ਜੀ ਨੂੰ ਪਹਿਲਾਂ ਨਾਸਤਿਕਤਾ ਵੱਲ ਲੈ ਕੇ ਆਇਆ। ਫਿਰ ਹੋਲੀ ਹੋਲੀ ਲਾਲ ਝੰਡੇ ਵੱਲ ਅਤੇ ਫਿਰ ਪੂਰੀ ਤਰ੍ਹਾਂ ਉਹਨਾਂ ਸੰਗਠਨਾਂ ਵੱਲ ਜਿਹੜੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਸੰਘਰਸ਼ ਕਰਦੇ ਸਨ। ਇਹ ਕਦਮ ਕਿੱਧਰ ਜਾ ਰਹੇ ਸਨ ਇਸਦਾ ਅੰਦਾਜ਼ਾ ਪਰਿਵਾਰ ਨੂੰ ਵੀ ਨਹੀਂ ਸੀ, ਇਲਾਕੇ ਵਾਲਿਆਂ ਨੂੰ ਵੀ ਨਹੀਂ ਸੀ, ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਸੀ ਸ਼ਾਇਦ ਕਿਸੇ ਹੋਰ ਨੂੰ ਵੀ ਨਹੀਂ ਸੀ। ਜ਼ਿੰਦਗੀ ਦਾ ਸਫ਼ਰ ਬੜੀ ਖਾਮੋਸ਼ ਮਿਹਨਤ ਨਾਲ ਚੱਲ ਰਿਹਾ ਸੀ। ਆਪਣੇ ਆਪ ਵਿੱਚ ਮਗਨ ਅਤੇ ਆਪਣੀ ਮਸਤੀ ਨਾਲ ਹੀ।
ਜਦੋਂ ਡਾਕਖਾਨੇ ਦੀ ਨੌਕਰੀ ਲੱਗੀ ਉਦੋਂ ਵੀ ਕਿਸੇ ਨੂੰ ਭਿਣਕ ਨਾ ਹੋਈ ਅਤੇ ਜਦੋਂ ਬੈਂਕ ਦੀ ਨੌਕਰੀ ਵਾਲੇ ਪਾਸੇ ਆਏ ਤਾਂ ਉਦੋਂ ਵੀ ਕਿਸੇ ਨੂੰ ਇਸਦਾ ਥਹੁ ਪਤਾ ਨਾ ਲੱਗਿਆ। ਲੋਕਾਂ ਨੂੰ ਬਸ ਏਨਾ ਹੀ ਪਤਾ ਸੀ ਕਿ ਜੇਕਰ ਸਰਦਾਰ ਭਾਟੀਆ ਸੀਟ ਤੇ ਬੈਠਾ ਹੋਇਆ ਤਾਂ ਸਾਨੂੰ ਬੈਂਕ ਵਿੱਚ ਕੋਈ ਖੱਜਲ ਖੁਆਰੀ ਨਹੀਂ ਹੋਣ ਲੱਗੀ।
ਕਾਮਰੇਡੀ ਨਾਲ ਨੇੜਤਾ ਦਾ ਪਤਾ ਲੋਕਾਂ ਨੂੰ ਉਦੋਂ ਲੱਗਣ ਲੱਗਿਆ ਜਦੋਂ ਅੱਤਵਾਦ ਵੇਲੇ ਹਥਿਆਰਬੰਦ ਟੋਲੇ ਉਹਨਾਂ ਦੇ ਘਰ ਦੁਆਲੇ ਸੂਹਾਂ ਲੈਂਦੇ ਨਜ਼ਰ ਆਏ। ਉਹਨਾਂ ਦਿਨਾਂ ਵਿੱਚ ਭਾਟੀਆ ਸਾਹਿਬ ਨੇ ਕਈ ਕਈ ਦਿਨ ਘਰ ਨਾ ਪਰਤਣਾ ਅਤੇ ਰਾਤ ਨੂੰ ਵੀ ਬਾਹਰ ਕਿਸੇ ਦੋਸਤ ਮਿੱਤਰ ਦੇ ਘਰ ਸੌ ਜਾਣਾ। ਸਵੇਰੇ ਨੌਕਰੀ ਤੇ ਵੀ ਸਮੇਂ ਸਿਰ ਪਹੁੰਚ ਜਾਣਾ। ਸਰਦਾਰ ਭਾਟੀਆ ਨੇ ਪੰਜਾਬ ਵਿੱਚ ਉੱਠੀਆਂ ਗੜਬੜਾਂ ਵਾਲੇ ਉਸ ਫਿਰਕੂ ਮਾਹੌਲ ਨੂੰ ਬਹੁਤ ਬਹੁਤ ਨੇੜਿਓਂ ਦੇਖਿਆ ਹੋਇਆ ਹੈ। ਇਸੇ ਲਈ ਹੁਣ ਵੀ ਉਹ ਫਿਰਕਾਪ੍ਰਸਤੀ ਅਤੇ ਫਾਸ਼ੀਵਾਦ ਦੇ ਖਿਲਾਫ ਬੁਲੰਦ ਅਵਾਜ਼ਾਂ ਵਾਲੇ ਨਾਅਰੇ ਮਾਰਦੇ ਹਨ।
![]() |
| ਸ਼ਹੀਦਾਂ ਨੂੰ ਸ਼ਰਧਾਂਜਲੀ ਦੇਂਦਿਆਂ ਭਾਟੀਆ ਜੀ |
ਰਿਟਾਇਰ ਹੋਣ ਤੇ ਜਿਸ ਦਿਨ ਵਿਦਾਇਗੀ ਪਾਰਟੀ ਦਿੱਤੀ ਗਈ ਤਾਂ ਉੱਸ ਮੌਕੇ ਸਾਡੇ ਸਭਨਾਂ ਦੇ ਪਰਮ ਸਤਿਕਾਰਯੋਗ ਡਾਕਟਰ ਅਰੁਣ ਮਿੱਤਰਾ ਨੇ ਐਲਾਨ ਕੀਤਾ ਕਿ ਭਾਟੀਆ ਦੇ ਰਸਤੇ ਅਤੇ ਮੰਜ਼ਲਾਂ ਹੁਣ ਵੱਡਾ ਰੂਪ ਅਖਤਿਆਰ ਕਰਨ ਲੱਗੀਆਂ ਹਨ। ਡਾਕਟਰ ਮਿੱਤਰਾ ਨੇ ਸਪਸ਼ਟ ਕੀਤਾ ਕਿ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਨੇ ਰਿਟਾਇਰ ਹੋ ਕੇ ਕੀ ਕਰਨਾ ਹੈ। ਬਹੁਤੇ ਲੋਕੀ ਘਰ ਬੈਠ ਜਾਂਦੇ ਹਨ ਜਾਂ ਕੋਈ ਸ਼ੋਰੂਮ ਖੋਹਲ ਲੈਂਦੇ ਹਨ। ਪਰ ਭਾਟੀਆ ਨੇ ਪਹਿਲਾਂ ਹੀ ਮਨ ਬਣਾ ਲਿਆ ਸੀ ਕਿ ਉਸਨੇ ਲਾਲ ਝੰਡੇ ਵਾਲੇ ਕਾਫ਼ਿਲੇ ਨਾਲ ਅੱਗੇ ਵਧਣਾ ਹੈ। ਇੱਕ ਨਵਾਂ ਸਮਾਜ ਸਿਰਜਣਾ ਹੈ।
ਇਸੇ ਦੌਰਾਨ ਉਹਨਾਂ ਦੀ ਧਰਮ ਪਤਨੀ ਨੇ ਸਕੂਲ ਵੀ ਚਲਾਇਆ ਤਾਂ ਸਕੂਲ ਦਾ ਨਾਮ ਵੀ ਸ਼ਹੀਦ ਭਗਤ ਸਿੰਘ ਦੇ ਨਾਮ ਹੇਠ ਹੀ ਰੱਖਿਆ। ਇਹ ਸਕੂਲ ਅੱਜਕਲ੍ਹ ਕਿਸੇ ਲੈਂਡਮਾਰਕ ਤੋਂ ਘੱਟ ਨਹੀਂ ਹੈ। ਕੁਝ ਦਹਾਕਿਆਂ ਤੋਂ ਇਸ ਸਕੂਲ ਦਾ ਬੜਾ ਨਾਮ ਵੀ ਹੋ ਗਿਆ ਹੈ। ਆਰਥਿਕ ਤੌਰ ਤੇ ਕਮਜ਼ੋਰ ਬੱਚਿਆਂ ਨੂੰ ਫੀਸ ਦੀ ਵੀ ਮੁਆਫੀ, ਕਿਤਾਬਾਂ ਵੀ ਮੁਫ਼ਤ, ਵਰਦੀਆਂ ਵੀ ਮੁਫ਼ਤ ਅਤੇ ਜ਼ਿੰਦਗੀ ਦੀਆਂ ਹੋਰ ਲੋੜਾਂ ਵਿੱਚ ਪੂਰਾ ਸਹਿਯੋਗ। ਇਸ ਤਰ੍ਹਾਂ ਇਹ ਸਕੂਲ ਬੜਾ ਵਿਲੱਖਣ ਸਕੂਲ ਬਣ ਚੁੱਕਿਆ ਹੈ। ਇਹ ਹੋਰਨਾਂ ਵਾਂਗ ਕੋਈ ਵਪਾਰਕ ਕੇਂਦਰ ਨਹੀਂ ਬਣਿਆ।
ਇਸੇ ਦੌਰਾਨ ਨੌਕਰੀ ਤੋਂ ਰਿਟਾਇਰ ਹੋਣ ਮਗਰੋਂ ਮਨਿੰਦਰ ਸਿੰਘ ਭਾਟੀਆ ਨੇ ਮਿੰਨੀ ਕਹਾਣੀਆਂ ਲਿਖਣੀਆਂ ਵੀ ਸ਼ੁਰੂ ਕੀਤੀਆਂ, ਕਵਿਤਾਵਾਂ ਵੀ ਅਤੇ ਲੰਮੇ ਲੰਮੇ ਲੇਖ ਵੀ। ਇਸਦੇ ਨਾਲ ਹੀ ਅਨੁਵਾਦ ਵਾਲੇ ਪਾਸੇ ਵੀ ਪੂਰਾ ਧਿਆਨ ਕੇਂਦਰਿਤ ਕੀਤਾ। ਅਨੁਵਾਦ ਦੇ ਖੇਤਰ ਵਿੱਚ ਉਘੀਆਂ ਕਮਿਊਨਿਸਟ ਸ਼ਖਸੀਅਤਾਂ ਨਾਲ ਸਬੰਧਤ ਉਹਨਾਂ ਲੇਖਾਂ ਨੂੰ ਪੰਜਾਬੀ ਵਿਚ ਤਰਜਮਾ ਕੀਤਾ ਜਿਹਨਾਂ ਨੂੰ ਡਾਕਟਰ ਅਨਿਲ ਰਾਜਿਮਵਾਲੇ ਨੇ ਬੜੀ ਖੋਜ ਅਤੇ ਮਿਹਨਤ ਮਗਰੋਂ ਅੰਗਰੇਜ਼ੀ ਵਿੱਚ ਲਿਖਿਆ ਸੀ। ਇਹਨਾਂ ਲੇਖਾਂ ਦਾ ਪਹਿਲਾ ਭਾਗ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਇਆ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਕੌਮੀ ਕੌਮੀ ਕਾਂਗਰਸ ਵਾਲੇ ਮਹਾਨ ਸੰਮੇਲਨ ਦੌਰਾਨ ਸੀਪੀਆਈ ਦੇ ਸਕੱਤਰ ਕਾਮਰੇਡ ਡੀ ਰਾਜਾ ਅਤੇ ਕੁਝ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਨੇ ਰਿਲੀਜ਼ ਕੀਤਾ। ਇਸ ਮੌਕੇ ਪੁਸਤਕ ਦੇ ਮੂਲ ਲੇਖਕ ਵੀ ਆਪਣੀ ਧਰਮ ਪਤਨੀ ਸਮੇਤ ਪੁੱਜੇ ਹੋਏ ਸਨ।
ਇਸ ਪੁਸਤਕ ਨੂੰ ਪ੍ਰਕਾਸ਼ਿਤ ਕੀਤਾ ਹੈ ਸਪਤਰਿਸ਼ੀ ਪ੍ਰਕਾਸ਼ਨ ਮੋਹਾਲੀ ਨੇ। ਕਵਰ ਸਮੇਤ 194 ਸਫ਼ਿਆਂ ਵਾਲੀ ਇਸ ਪੁਸਤਕ ਦੀ ਕੀਮਤ ਹੈ ਸਿਰਫ 280/-ਰੁਪਏ।
ਇਸ ਪੁਸਤਕ ਵਿੱਚ ਉਹਨਾਂ 23 ਸੰਗਰਾਮੀ ਕਮਿਊਨਿਸਟਾਂ ਦਾ ਜ਼ਿਕਰ ਹੈ ਜਿਹਨਾਂ ਕੋਲ ਪਲ ਭਰ ਖੜੋਣ ਲਈ ਲੋਕ ਬੜੀਆਂ ਕੋਸ਼ਿਸ਼ਾਂ ਕਰੀਏ ਕਰਦੇ ਸਨ। ਇਹਨਾਂ ਸੰਗਰਾਮੀ ਕਮਿਊਨਿਸਟ ਆਗੂਆਂ ਨੇ ਜਿਹੜੇ ਪੂਰਨੇ ਪਾਏ ਉਹ ਅਜੇ ਸੰਘਰਸ਼ੀਲ ਕਾਫਲਿਆਂ ਦਾ ਰਾਹ ਦਿਖਾਉਂਦੇ ਹਨ। ਉਹਨਾਂ ਦੀ ਜ਼ਿੰਦਗੀ ਅੱਜ ਵੀ ਪ੍ਰੇਰਨਾ ਦੇਂਦੀ ਹੈ।
![]() |
| ਚੰਡੀਗੜ੍ਹ ਵਿੱਚ ਪਾਰਟੀ ਦੇ ਕੌਮੀ ਮਹਾਂਸੰਮੇਲਨ ਮੌਕੇ ਪੁਸਤਕ ਦੀ ਲੋਕ ਅਰਪਣ ਰਸਮ ਦੌਰਾਨ |
ਇਤਿਹਾਸ ਰਚਣ ਵਾਲੇ ਇਹਨਾਂ ਕਨਿਊਨਿਸਟ ਆਗੂਆਂ ਵਿੱਚੋਂ ਕੁਝ ਕੁ ਦੇ ਨਾਮ ਹਨ-ਐਸ ਵੀ ਘਾਟੇ, ਪੀਸੀ ਜੋਸ਼ੀ, ਅਜੋਇ ਘੋਸ਼, ਸੀ ਰਾਜੇਸ਼ਵਰ ਰਾਓ, ਈ ਐਮ ਐਸ ਨੰਬੂਦਰੀਪਾਦ, ਸੋਹਣ ਸਿੰਘ ਜੋਸ਼, ਕਲਪਨਾ ਦੱਤਾ, ਮੌਲਾਨਾ ਹਸਰਤ ਮੋਹਾਨੀ,ਸਰਜੂ ਪਾਂਡੇ, ਗੀਤ ਮੁਖਰਜੀ, ਅਰੁਣਾ ਆਸਫ਼ ਅਲੀ, ਐਸੇ ਏ ਡਾਂਗੇ, ਮੋਹਨ ਕੁਮਾਰ ਮੰਗਲਮ ਅਤੇ ਕਈ ਹੋਰ।
ਇਸ ਪੁਸਤਕ ਨੂੰ ਰਿਲੀਜ਼ ਕਰਨ ਮੌਕੇ ਇਕੱਤਰਤਾ ਦਾ ਦਿਨ ਬੜਾ ਰੁਝੇਵਿਆਂ ਭਰਿਆ ਸੀ। ਇਸਦੇ ਬਾਵਜੂਦ ਇਸ ਪੁਸਤਕ ਨੂੰ ਪੜ੍ਹਨ ਦੇ ਚਾਹਵਾਨਾਂ ਨੇ ਬੜੀ ਸ਼ਿੱਦਤ ਨਾਲ ਪੁਸਤਕ ਦੇ ਲੋਕ ਅਰਪਣ ਦੀ ਉਡੀਕ ਕੀਤੀ। ਇਸ ਕਿਤਾਬ ਨੂੰ ਪ੍ਰਾਪਤ, ਮੰਗਣ ਅਤੇ ਖਰੀਦਣ ਵਾਲਿਆਂ ਦੀ ਇੱਕ ਪੂਰੀ ਭੀੜ ਉਸ ਮੇਜ਼ ਦੇ ਦੁਆਲੇ ਸੀ ਜਿਥੇ ਇਸ ਪੁਸਤਕ ਦੀਆਂ ਕਾਪੀਆਂ ਰੱਖੀਆਂ ਗਈਆਂ ਸਨ। ਦੇਖਦੇ ਹੀ ਦੇਖਦੇ ਉਥੇ ਲਿਆਂਦੇ ਗਏ ਕੁਝ ਬੰਡਲ ਝੱਟ ਹੀ ਮੁਕਦੇ ਚਲੇ ਗਏ।
![]() |
| ਪੁਸਤਕ ਦੇ ਲੋਕ ਅਰਪਣ ਦੀ ਰਸਮ ਤੋਂ ਬਾਅਦ ,ਈਦੀਆਂ ਨਾਲ ਗੱਲਬਾਤ ਕਰਦਿਆਂ |
ਇਸ ਤਰ੍ਹਾਂ ਇਸ ਪੁਸਤਕ ਦਾ ਲੋਕ ਅਰਪਣ ਵੀ ਇਤਿਹਾਸਿਕ ਰਿਹਾ। ਸੀਪੀਆਈ ਦੇ ਸਕੱਤਰ, ਕਾਮਰੇਡ ਡੀ ਰਾਜਾ, ਉਹਨਾਂ ਦੀ ਧਰਮ ਪਤਨੀ ਅਤੇ ਸੀਨੀਅਰ ਆਗੂ ਐਨੀ ਰਾਜਾ, ਸੀਪੀਆਈ ਦੀ ਕੌਮੀ ਸਕੱਤਰ-ਕਾਮਰੇਡ ਅਮਰਜੀਤ ਕੌਰ, ਡਾ. ਬੀ. ਕੇ. ਕਾਂਗੋ ਪੁਸਤਕ ਦੇ ਅੰਗਰੇਜ਼ੀ ਵਾਲੇ ਲੇਖਕ ਡਾਕਟਰ ਅਨਿਲ ਰਾਜਿਮਵਾਲੇ ਉਹਨਾਂ ਦੀ ਧਰਮ ਪਤਨੀ ਅਤੇ ਉਘੀ ਲੇਖਿਕਾ ਕ੍ਰਿਸ਼ਨਾ ਝਾਅ ਅਤੇ ਕਈ ਹੋਰ ਸ਼ਖਸੀਅਤਾਂ ਵੀ ਮੌਜੂਦ ਰਹੀਆਂ। ਹੁਣ ਇਸ ਪੁਸਤਕ ਦੇ ਦੂਜੇ ਭਾਗ ਦੀ ਤਿਆਰੀ ਵੀ ਸ਼ੁਰੂ ਹੈ। ਇਸ ਦੂਜੇ ਭਾਗ ਵਿੱਚ ਹੋਣਗੀਆਂ ਕੁਝ ਨਵਾਂ ਸ਼ਖਸੀਅਤਾਂ ਅਤੇ ਕਲਮ ਦੇ ਕੁਝ ਨਵੇਂ ਅੰਦਾਜ਼।





ਮਨਿੰਦਰ ਸਿੰਘ ਭਾਟੀਆ ਜੀ ਬਾਰੇ ਜਾਣਕਾਰੀਆਂ ਭਰਪੂਰ ਲੇਖ ਪੜ੍ਹ ਕੇ ਬੜੀ ਤਸੱਲੀ ਮਿਲੀ ਹੈ। ਜੀ, ਸ਼ੁਕਰੀਆ।
ReplyDeleteਕਥੂਰੀਆ ਜੀ ਦੀਆਂ ਜਰਨਲਿਸਟਿਕ ਲਿਖਤਾਂ ਨੂੰ ਮੇਰਾ ਪਿਆਰ ਅਤੇ ਸਤਿਕਾਰ।
ਬਹੁਤ ਬਹੁਤ ਧੰਨਵਾਦ ਮਾਣਯੋਗ ਮਲਕੀਅਤ ਔਲਖ ਸਾਹਿਬ.................
ReplyDelete