google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: "ਪਾਠਕ ਕਹੇ ਵਿਚਾਰ ਕੇ" ਪ੍ਰੋਗਰਾਮ ਤਹਿਤ ਬੱਚਿਆਂ ਨੂੰ ਸਨਮਾਨਿਤ ਕੀਤਾ

Saturday, 7 September 2024

"ਪਾਠਕ ਕਹੇ ਵਿਚਾਰ ਕੇ" ਪ੍ਰੋਗਰਾਮ ਤਹਿਤ ਬੱਚਿਆਂ ਨੂੰ ਸਨਮਾਨਿਤ ਕੀਤਾ

Saturday 6th September 2024 at 12:36 PM WhatsApp

108 ਵਿਦਿਆਰਥੀਆਂ ਨੇ ਦਿਖਾਈ ਸਾਹਿਤਕ ਪੁਸਤਕਾਂ ਪੜ੍ਹਨ ਵਿੱਚ ਦਿਲਚਸਪੀ


ਬਹਿਰਾਮਪੁਰ ਬੇਟ
: 06 ਸਤੰਬਰ 2024: (ਸਾਹਿਤ ਸਕਰੀਨ ਡੈਸਕ)::

ਹੁਣ ਜਦੋਂ ਕਿ ਮੋਬਾਈਲ ਫੋਨਾਂ ਦੀ ਹਨੇਰੀ ਚੜ੍ਹੀ ਹੋਈ ਹੈ ਛੋਟੇ ਵੱਡੇ ਸਾਰੇ ਹੀ ਮੋਬਾਈਲ ਤੇ ਸਿਰ ਸੁੱਟ ਕੇ ਲੱਗੇ ਰਹਿੰਦੇ ਹਨ।  ਇਸਦੇ ਨਾਲ ਹੀ ਕਿਤਾਬਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਤਾਂ ਸੰਕਟ ਸੱਚਮੁੱਚ ਗੰਭੀਰ ਹੈ। ਸੈਮੀਨਾਰਾਂ ਅਤੇ ਸਾਹਿਤਿਕ ਇਕੱਤਰਤਾਵਾਂ ਤੱਕ ਹੀ ਰਹਿ ਗਈ ਹੈ ਕਿਤਾਬਾਂ ਦੀ ਚਰਚਾ। ਇਹਨਾਂ ਸਮਾਗਮਾਂ ਤੋਂ ਬਿਨਾ ਕਿਤਾਬਾਂ ਨੂੰ ਗੰਭੀਰਤਾ ਨਾਲ ਪੜ੍ਹਨ ਵਾਲੇ ਲੋਕ ਬਹੁਤ ਘਟਦੇ ਜਾ ਰਹੇ ਹਨ। ਇਸ ਤ੍ਰਾਸਦੀ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਿਆਂ ਖਰੜ ਵਿੱਚ ਰਹਿੰਦੇ ਹਰਨਾਮ ਸਿੰਘ ਡੱਲਾ ਲਗਾਤਾਰ ਇਸ ਪਾਸੇ ਸਰਗਰਮੀ ਦਿਖਾ ਰਹੇ ਹਨ। ਉਹਨਾਂ ਦੀ ਟੀਮ ਬਹਿਰਾਮਪੁਰ ਸਾਹਿਤ ਸਭਾ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਚਲਾ ਰਹੀ ਹੈ। ਇਸਦਾ ਜ਼ਿਕਰ ਕਿਸੇ ਵੱਖਰੀ ਪੋਸਟ ਵਿਚ ਵੀ ਕੀਤਾ ਗਿਆ ਹੈ। 

ਸਾਹਿਤ ਸਭਾ ਬਹਿਰਾਮਪੁਰ ਬੇਟ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਪਰੋਗਰਾਮ 'ਪਾਠਕ ਕਹੇ ਵਿਚਾਰ ਕੇ' ਤਹਿਤ ਬੱਚਿਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ। ਚੇਤੇ ਰਹੇ ਕਿ ਪਿਛਲੇ ਦਿਨੀ‌ਂਂ ਸਾਹਿਤ ਸਭਾ ਬਹਿਰਾਮਪੁਰ ਬੇਟ ਨੇ  ਵਿਦਿਆਰਥੀਆਂ ਨੂੰ ਸਾਹਿਤਕ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨ ਦੀ ਇੱਕ ਸਰਗਰਮ ਮੁਹਿੰਮ ਚਲਾਈ ਹੈ। ਇਸ ਮੁਹਿੰਮ ਅਧੀਨ ਬੱਚਿਆਂ ਨੂੰ ਬਾਲ ਸਾਹਿਤ ਅਤੇ ਸਾਹਿਤ ਦੀਆਂ ਪੁਸਤਕਾਂ ਪੜ੍ਹਨ ਲਈ ਮੁਹੱਈਆ ਕਰਵਾਈਆਂ ਸਨ। ਜਿਹੜੇ ਬੱਚੇ ਇਹਨਾਂ ਪੁਸਤਕਾਂ ਨੂੰ ਧਿਆਨ ਨਾਲ  ਪੜ੍ਹਦੇ ਹਨ। ਉਹਨਾਂ ਨੂੰ ਕਿਸੇ ਅਗਲੀ ਜਾਂ ਅਗਲੇਰੀ ਮੀਟਿੰਗ ਵਿੱਚ ਸੁਆਲ ਵੀ ਪੁਛੇ ਜਾਂਦੇ ਹਨ ਜਿਹੜੇ ਪੜ੍ਹੀ ਗਈ ਪੁਸਤਕ ਨਾਲ ਸਬੰਧਤ ਹੁੰਦੇ ਹਨ। ਠੀਕ ਜੁਆਬ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਸ ਤਰ੍ਹਾਂ ਜਨਾਬ ਡੱਲਾ ਦੀ ਟੀਮ ਚੰਗੇ ਪਾਠਕ ਅਤੇ ਚੰਗੇ ਸਰੋਤੇ ਪੈਦਾ ਕਰਨ ਵਿੱਚ ਲੱਗੀ ਹੋਇਆ ਹੈ। 

ਇਹ ਸਮਾਗਮ ਵੀ ਬਾਲ ਸਾਹਿਤਕਾਰ ਸੁਰਿੰਦਰ ਸਿੰਘ ਰਸੂਲਪੁਰ ਅਤੇ ਸਾਹਿਤ ਸਭਾ ਬਹਿਰਾਮ ਪੁਰ ਬੇਟ ਦੇ ਜਨਰਲ ਸਕੱਤਰ ਹਰਨਾਮ ਸਿੰਘ ਡੱਲਾ ਦੀ ਅਗਵਾਈ ਵਿੱਚ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਨੇ ਪੁਸਤਕ ਪ੍ਰਦਰਸ਼ਨੀ ਵਿੱਚੋਂ ਪੁਸਤਕਾਂ ਲੈ ਕੇ ਪੜ੍ਹਨ ਉਪਰੰਤ ਉਨ੍ਹਾਂ ਕਿਤਾਬਾਂ ਦਾ  ਵਧੀਆ ਵਿਸ਼ਲੇਸ਼ਣ ਕਰਕੇ ਟਿਪਣੀਆਂ ਕੀਤੀਆਂ ਹਨ। ਇਹਨਾਂ ਟਿਪਣੀਆਂ‌ ਦੇ ਅਧਾਰ ਉੱਤੇ ਬੱਚਿਆਂ ਨੂੰ‌ ਪਹਿਲਾ, ਦੂਜਾ ਅਤੇ ਤੀਜਾ ਸਥਾਨ ਦੇ ਕੇ ਸਨਮਾਨਤ ਕੀਤਾ ਗਿਆ।  ਇਸ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਵੱਜੋਂ ਮੈਡਲ ਅਤੇ ਸਰਟੀਫਿਕੇਟ ਸਭਾ ਦੇ ਸਰਪ੍ਰਸਤ ਮਨਮੋਹਣ ਸਿੰਘ ਰਾਣਾ ਅਤੇ ਡਾਕਟਰ ਦੌਲਤ ਰਾਮ ਵੱਲੋਂ ਤਕਸੀਮ ਕੀਤੇ ਗਏ। 

ਸਕੂਲ ਦੀ ਪ੍ਰਿੰਸੀਪਲ ਕੁਲਦੀਪ ਕੌਰ ਨੇ ਸਾਹਿਤ ਸਭਾ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿਹਾ ਕਿ ਸਾਹਿਤ ਸਭਾ ਰਜਿ: ਬਹਿਰਾਮਪੁਰ ਬੇਟ ਦਾ ਪੰਜਾਬੀ ਮਾਂ ਬੋਲੀ‌ ਅਤੇ ਭਾਸ਼ਾ ਲਈ ਇਹ ਸ਼ਲਾਘਾਯੋਗ ਉਪਰਾਲਾ ਹੈ। ਜਿਸ ਤੋਂ ਪ੍ਰਭਾਵਿਤ ਹੋ ਕੇ 108 ਵਿਦਿਆਰਥੀਆਂ ਨੇ ਸਾਹਿਤਕ ਪੁਸਤਕਾਂ ਪੜ੍ਹਨ ਵਿੱਚ ਦਿਲਚਸਪੀ ਵਿਖਾਈ ਹੈ। ਇਨ੍ਹਾਂ ਪੁਸਤਕਾਂ ਨੂੰ ਪੜ੍ਹ ਕੇ 68 ਵਿਦਿਆਰਥੀਆਂ ਨੇ ਲਿਖਤੀ ਰੂਪ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਨਿਸਚੇ ਹੀ ਇਹਨਾਂ ਬੱਚਿਆਂ ਵਿੱਚੋਂ ਭਵਿੱਖ ਵਿਚ ਚੰਗੇ ਲੇਖਕ ਵੀ ਬਣਨਗੇ। ਸਾਹਿਤ ਸਭਾ ਬਹਿਰਾਮ ਪੁਰ ਬੇਟ ਵੱਲੋਂ ਵਧੀਆ ਵਿਚਾਰ ਰੱਖਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਇਹ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਬੱਚਿਆਂ ਨੂੰ ਕਲਮ ਦੇ ਪਾਸੇ ਤੋਰ ਕੇ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। 

ਇਸ ਸਮੇਂ ਇਨ੍ਹਾਂ ਸਕੂਲੀ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ, ਬਾਰਵੀਂ ਜਮਾਤ ਦੀ ਵਿਦਿਆਰਥਣ ਸੁਨੀਤਾ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਜਦੋਂ ਕਿ ਗਿਆਰਵੀਂ ਜਮਾਤ ਦੀ ਪਿੰਕੀ ਨੇ ਦੂਜਾ, ਮਹਿਕਪ੍ਰੀਤ ਕੌਰ ਨੇ ਤੀਜਾ ਅਤੇ ਬਾਹਰਵੀਂ ਜਮਾਤ ਦੀ ਹੀ ਸਰਬਜੀਤ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। 

ਇਨ੍ਹਾਂ ਵਿਦਿਆਰਥਣਾਂ ਤੋਂ ਇਲਾਵਾ ਸਿਮਰਨ, ਗੁਰਜੀਤ ਕੌਰ, ਹਰਵਿੰਦਰ ਕੌਰ, ਅੰਜਲੀ ਅਤੇ ਕੋਮਲਪ੍ਰੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।       

ਮਾਸਟਰ ਪਰਵਿੰਦਰ ਸਿੰਘ ਨੇ ਸਭਾ ਦੇ ਪ੍ਰਬੰਧਕਾਂ ਦੀ ਇਸ ਉਦਮ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ। ਇਸ ਸਮਾਗਮ ਦੌਰਾਨ ਲਾਇਬ੍ਰੇਰੀਅਨ ਸਤਨਾਮ ਕੌਰ, ਮੈਡਮ ਕਰਮਜੀਤ ਕੌਰ ਅਤੇ ਮੈਡਮ ਸੋਨੀਕਾ ਕੌਸ਼ਲ ਨੇ ਵੀ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ ।

ਬਹਿਰਾਮਪੁਰ ਬੇਟ ਵਾਲੀ ਸਾਹਿਤ ਸਭਾ ਦਾ ਜ਼ਿਕਰ ਇਸ ਪੋਸਟ ਵਿੱਚ ਵੀ ਹੈ ਤੀਜੇ ਪਹਿਰੇ ਵਿੱਚ 

1 comment:

  1. ਬਹੁਤ ਵਧੀਆ ਉਪਰਾਲਾ ਹੈ ਜੀ

    ReplyDelete