google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: "ਕਿਸ ਮਿੱਟੀ ਦੀਆਂ ਬਣੀਆਂ ਸਨ ਇਹ ਵੀਰਾਂਗਣਾਵਾਂ"?-ਪੁਸਤਕ ਰਿਲੀਜ਼ 8 ਨੂੰ

Saturday, 7 September 2024

"ਕਿਸ ਮਿੱਟੀ ਦੀਆਂ ਬਣੀਆਂ ਸਨ ਇਹ ਵੀਰਾਂਗਣਾਵਾਂ"?-ਪੁਸਤਕ ਰਿਲੀਜ਼ 8 ਨੂੰ

ਮੂਲ ਲੇਕ ਸੁਖਦੇਵ ਰਾਮ ਸੁੱਖੀ ਤੰਦਾਂਬੱਧਾ ਅਤੇ ਅਨੁਵਾਦਕ ਦੀਪਕ ਸ਼ਰਮਾ ਚਨਾਰਥਲ ਵੀ ਮਿਲਣਗੇ   

ਚੰਡੀਗੜ੍ਹ: 6 ਸਤੰਬਰ 2024: (ਸਾਹਿਤ ਸਕਰੀਨ ਡੈਸਕ)::

ਅੰਮ੍ਰਿਤਸਰ, ਫਿਰੋਜ਼ਪੁਰ, ਜਲੰਧਰ, ਲੁਧਿਆਣਾ, ਜਲਾਲਾਬਾਦ, ਸੰਗਰੂਰ ਅਤੇ ਬਹੁਤ ਸਾਰੀਆਂ ਹੋਰ ਥਾਂਵਾਂ ਤੇ ਵੀ ਚਾਰ ਪੰਜ ਦਹਾਕੇ ਪਹਿਲਾਂ ਸਾਹਿਤ ਸਭਾਵਾਂ ਦੇ ਅਜਿਹੇ ਆਯੋਜਨ ਦੇਖੇ ਜਾਂਦੇ ਸਨ ਜਿਹੜੇ ਦੇਖਣ ਨੂੰ ਤਾਂ ਬਹੁਤ ਛੋਟੇ ਛੋਟੇ ਲੱਗਦੇ ਸਨ ਪਰ ਅਹਿਸਾਸ ਦੇ ਪਖੋਂ ਬੜੇ ਵਿਸ਼ਾਲ ਹੋਇਆ ਕਰਦੇ ਸਨ। ਉਹਨਾਂ ਸਾਹਿਤ ਸਭਾਵਾਂ ਦੀਆਂ ਮਿਲਣੀਆਂ ਸਾਹਿਤਿਕ ਰਿਸ਼ਤਿਆਂ ਵਾਲਾ ਇੱਕ ਬੌਧਿਕ ਸਮਾਜ ਸਿਰਜ ਰਹੀਆਂ ਸਨ। ਇਸ ਸਮਾਜ ਨੇ ਹੀ ਪੰਜਾਬ ਵਿੱਚ ਸਮੇਂ ਸਮੇਂ ਉਠਦੀਆਂ ਰਹੀਆਂ ਲਹਿਰਾਂ ਵਿਚ ਉਸਾਰੂ ਭੂਮਿਕਾ ਵੀ ਨਿਭਾਈ ਸੀ। ਲੋਕ ਹੱਕਾਂ ਲਈ ਉੱਠੇ ਅੰਦੋਲਨਾਂ ਵਾਸਤੇ ਹਰਾਵਲ ਦਸਤੇ ਵਾਂਗ ਖਾਮੋਸ਼ ਰਹਿ ਕੇ ਕੰਮ ਵੀ ਕੀਤਾ ਸੀ। ਸਰਦਲ, ਰੋਹਲੇ ਬਾਣ, ਹੇਮ ਜਿਓਤੀ, ਸਿਆੜ, ਜ਼ਫ਼ਰਨਾਮਾ, ਜੈਕਾਰਾ,ਮਾਂ  ਅਤੇ ਅਜਿਹੇ ਹੀ ਬਹੁਤ ਸਾਰੇ ਹੋਰਨਾਂ ਪਰਚਿਆਂ ਦੀ ਅਧਾਰਭੂਮੀ ਵਿੱਚ ਅਜਿਹੀਆਂ ਸਾਹਿਤਿਕ ਮੀਟਿੰਗਾਂ ਵੀ ਕਰਦੀਆਂ ਸਨ। 

ਕਈ ਸਭਾਵਾਂ ਦੀਆਂ ਮੀਟਿੰਗਾਂ ਛੋਟੇ ਛੋਟੇ ਪਾਰਕਾਂ ਜਾਂ ਸਕੂਲਾਂ ਦੇ ਵਿਹੜਿਆਂ ਵਿਚ ਹੁੰਦੀਆਂ ਅਤੇ ਕਦੇ ਕਦੇ ਮੌਸਮ ਖਰਾਬ ਹੋਣ 'ਤੇ ਸਕੂਲ ਦੇ ਕਮਰਿਆਂ ਵਿੱਚ ਵੀ। ਸਟੇਜਾਂ, ਕੈਮਰਿਆਂ ਅਤੇ ਮਾਨ ਸਨਮਾਨ ਦਾ ਕੋਈ ਰਿਵਾਜ ਜਿਹਾ ਹੀ ਨਹੀਂ ਸੀ।ਚਾਹ ਪਾਣੀ ਦਾ ਪ੍ਰਬੰਧ ਮੀਟਿੰਗ ਸੱਦਣ ਵਾਲੇ ਖੁਦ ਹੀ ਕਰਦੇ ਸਨ। ਮੀਟਿੰਗਾਂ ਵਿੱਚ ਕਦੇ ਕਦੇ ਕਿਤਾਬਾਂ ਅਤੇ ਖਰੜਿਆਂ ਦੀ ਗੱਲ ਵੀ ਹੁੰਦੀ ਅਤੇ ਕਦੇ ਕਦੇ ਸਾਹਿਤਿਕ ਮਾਹੌਲ ਵਿਚ ਆਉਂਦੀਆਂ ਜਾ ਰਹੀਆਂ ਤਬਦੀਲੀਆਂ ਦਾ ਜ਼ਿਕਰ ਵੀ ਕੀਤਾ ਜਾਂਦਾ। 

ਮੀਟਿੰਗ ਵਿਚ ਸ਼ਾਮਲ  ਹਰ ਮੈਂਬਰ ਨੂੰ ਆਪਣੀ ਰਚਨਾ ਸੁਣਾਉਣ ਲਈ ਆਖਿਆ ਜਾਂਦਾ। ਸ਼ਰਮਾਕਲ ਮੈਂਬਰਾਂ ਨੰ ਉਤਸ਼ਾਹਿਤ ਵੀ ਕੀਤਾ ਜਾਂਦਾ। ਉਹਨਾਂ ਰਚਨਾਵਾਂ ਤੇ ਬਹੁਤ ਕੁਝ ਸਿਖਾਉਣਵਾਲੀ ਉਸਾਰੂ ਚਰਚਾ ਵੀ ਹੁੰਦੀ। ਉਹਨਾਂ ਵੇਲਿਆਂ ਦਾ ਮਾਹੌਲ ਹੁਣ ਬਹਿਰਾਮਪੁਰ ਬੇਟ ਵਾਲੀ ਸਾਹਿਤ ਸਭਾ  ਦੀਆਂ ਮੀਟਿੰਗਾਂ ਵਿੱਚ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ।  

ਪੁਰਾਣੇ ਸਮਿਆਂ ਦੀਆਂ ਇਹਨਾਂ ਸਾਹਿਤਿਕ ਇਕੱਤਰਤਾਵਾਂ ਵਿੱਚ ਵੱਖ ਵੱਖ ਅਖਬਾਰਾਂ ਦੇ ਸੰਡੇ ਐਡੀਸ਼ਨਾਂ ਦੀ ਵੀ ਚਰਚਾ ਹੁੰਦੀ ਅਤੇ ਉਹਨਾਂ ਐਡੀਸ਼ਨਾਂ ਵਿੱਚ ਛਪੀਆਂ ਰਚਨਾਵਾਂ ਦੀ ਵੀ। ਉਦੋਂ ਸਾਹਿਤਿਕ ਸਿਆਸਤਾਂ ਦਾ ਅਹਿਸਾਸ ਸਿਰਫ ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਦੌਰਾਨ ਹੀ ਹੋਇਆ ਕਰਦਾ ਸੀ। ਸਥਾਨਕ ਪਧਰ ਤੇ ਇਸਦਾ ਕੋਈ ਬਹੁਤਾ ਅਸਰ ਨਹੀਂ ਸੀ ਦਿੱਸਦਾ। ਹੁਣ ਤਾਂ ਸ਼ਹਿਰੀ ਸ਼ਾਤਰਪੁਣੇ ਤੋਂ ਦੂਰ ਅਜਿਹਾ ਸਾਦਗੀ ਭਰਿਆ ਮਾਹੌਲ ਬਸ ਵਿਰਲੀਆਂ ਟਾਂਵੀਆਂ ਥਾਂਵਾਂ ਤੇ ਹੀ ਰਹਿ ਗਿਆ ਹੈ। ਦਿਲਚਸਪ ਅਤੇ ਸੁਖਾਵੀਂ ਗੱਲ ਇਹ ਵੀ ਹੈ ਕੀ ਚੰਡੀਗੜ੍ਹ ਅਜੇ ਵੀ ਅਜਿਹੀਆਂ ਥਾਂਵਾਂ ਵਿਚੋਂ ਇੱਕ ਹੈ। 

ਐਤਵਾਰ ਅਠ ਸਤੰਬਰ 2024 ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ਇੱਕ ਖਾਸ ਸਮਾਗਮ ਲਈ ਜਿਹੜਾ ਅਦਬੀ ਸੱਦਾ ਮਿਲਿਆ ਹੈ ਉਹ ਕਈ ਪੱਖਾਂ ਤੋਂ ਵਿਸ਼ੇਸ਼ ਹੈ। ਇੱਕ ਤਾਂ ਇਹ ਕਿ ਇਹ ਸਮਾਗਮ ਉਹਨਾਂ ਸ਼ਖਸੀਅਤਾਂ ਨੂੰ ਸਮਰਪਿਤ ਹੋਣਾ ਹੈ ਜਿਹਨਾਂ ਦੇ ਅਸੀਂ ਹਮੇਸ਼ਾਂ ਲਈ ਕਰਜ਼ਦਾਰ ਰਹਿਣਾ ਹੈ। ਇਹ ਉਹ ਸ਼ਖਸੀਅਤਾਂ ਸਨ ਜਿਹਨਾਂ ਨੇ ਅਥਾਹ ਕੁਰਬਾਨੀਆਂ ਨਾਲ ਇੱਕ ਨਵਾਂ ਇਤਿਹਾਸ ਰਚਿਆ ਅਤੇ ਉਹਨਾਂ ਦੇ ਜਿਸਮਾਨੀ ਵਿਛੋੜੇ ਤੋਂ ਬਾਅਦ ਵੀ ਉਹਨਾਂ ਦੀਆਂ ਮਾਨਸਿਕ ਤਰੰਗਾਂ ਸਾਨੂੰ ਪ੍ਰੇਰਨਾ ਦੇਂਦੀਆਂ ਹਨ। ਸਾਡੇ ਅੰਦਰ ਸੁਆਲ ਖੜੇ ਕਰਦੀਆਂ ਹਨ ਆਖਿਰ ਅਸੀਂ ਦੇਸ਼ ਅਤੇ ਲੋਕਾਂ ਲਈ ਕੀ ਕੀਤਾ ਹੈ ਹੁਣ ਤੱਕ?

ਸਾਡੀ ਟੀਮ ਦੀ ਮੁਰਾਦ ਉਹਨਾਂ ਸੰਘਰਸ਼ਸ਼ੀਲ ਔਰਤਾਂ ਤੋਂ ਹੈ ਜਿਹਨਾਂ ਨੇ ਗਦਰ ਦੀ ਲਹਿਰ ਅਤੇ ਆਜ਼ਾਦੀ ਦੇ ਸੰਗਰਾਮ ਦੌਰਾਨ ਅਣਗਿਣਤ ਕਸ਼ਟ ਸਹੇ ਪਰ ਦੇਸ਼ ਪ੍ਰੇਮ ਤੋਂ ਮੂੰਹ ਨਹੀਂ ਸੀ ਮੋੜਿਆ। ਅਫਸੋਸ ਕਿ ਇਹਨਾਂ ਸ਼ਖਸੀਅਤਾਂ ਦੀਆਂ ਇੱਦਾਂ ਨੂੰ ਹਰ ਦਿਲ ਤੱਕ ਪਹੁੰਚਾਉਣ ਲਈ ਸਰਕਾਰਾਂ ਨੇ ਉਹ ਕੁਝ ਨਹੀਂ ਕੀਤਾ ਜਿਹੜੀਆਂ ਸਰਕਾਰਾਂ ਆਜ਼ਾਦੀ ਆਉਣ ਤੋਂ ਬਾਅਦ ਹੀ ਸੰਭਵ ਹੋ ਸਕੀਆਂ ਸਿਰਫ ਇਹਨਾਂ ਕੁਰਬਾਨੀਆਂ ਕਾਰਣ। 

ਕੁਰਬਾਨੀਆਂ ਦਾ ਇੱਕ ਨਿਵੇਕਲਾ ਇਤਿਹਾਸ ਰਚਣ ਵਾਲੀਆਂ ਇਹਨਾਂ ਔਰਤਾਂ ਨੂੰ ਯਾਦ ਕਰਨ ਅਤੇ ਕਰਾਉਣ ਦੇ ਅਹਿਸਾਸ ਨੂੰ ਬੜੀ ਹੀ ਸ਼ਿੱਦਤ ਨਾਲ ਪਾਲਿਆ ਅਤੇ ਸੰਭਾਲਿਆ ਕੁਝ ਖਾਸ ਬੁਧੀਜੀਵੀਆਂ ਨੇ। ਇਸ ਸਬੰਧੀ ਕੁਝ ਔਰਤਾਂ ਦੇ ਜੀਵਨ ਅਤੇ ਘਾਲਣਾਵਾਂ ਸੰਬੰਧੀ ਕੁਝ ਵਿਸ਼ੇਸ਼ ਲਿਖਤਾਂ ਵੀ ਲਿਖੀਆਂ ਗਈਆਂ ਜਿਹੜੀਆਂ ਹਿੰਦੀ ਅਤੇ ਪੰਜਾਬੀ ਵਿੱਚ ਅਲਗ ਅਲਗ ਕਿਤਾਬਾਂ  ਵਿਚ ਸੰਕਲਿਤ ਹਨ। ਇਹਨਾਂ ਨੂੰ ਅਨੁਵਾਦ ਕਰਨ ਦੀ ਜ਼ਿੰਮੇਵਾਰ ਬੜੀ ਹੀ ਗੰਭੀਰਤਾ ਨਾਲ ਨਿਭਾਈ ਹੈ ਸਾਡੇ ਵੇਲਿਆਂ ਦੇ ਸਰਗਰਮ ਪੱਤਰਕਾਰ ਅਤੇ ਲੇਖਕ ਦੀਪਕ ਸ਼ਰਮਾ ਚਨਾਰਥਲ ਨੇ। 

ਦੀਪਕ ਸ਼ਰਮਾ ਨੇ ਬੜੀ ਨਿਮਰਤਾ ਨਾਲ ਆਖਿਆ ਹੈ-ਮੈਂ ਤੁਹਾਡਾ ਆਪਣਾ ਤੁਹਾਨੂੰ ਨਿਮਰਤਾ ਸਹਿਤ ਅਰਜੋਈ ਕਰਦਾ ਹਾਂ ਕਿ 8 ਸਤੰਬਰ ਦਿਨ ਐਤਵਾਰ ਨੂੰ ਮੇਰੀ ਅਨੁਵਾਦਿਤ ਕਿਤਾਬ ਦੇ ਲੋਕ ਅਰਪਣ ਸਮਾਗਮ ਵਿਚ ਤੁਸੀਂ ਜ਼ਰੂਰ ਮੌਜੂਦ ਰਹਿਣਾ। ਇਸ ਸਮਾਗਮ ਵਿਚ ਤੁਹਾਡੀ ਸ਼ਿਰਕਤ, ਤੁਹਾਡੀ ਆਮਦ, ਤੁਹਾਡੀ ਮੌਜੂਦਗੀ ਮੈਨੂੰ ਤਾਕਤ, ਹੌਸਲਾ ਤੇ ਅਪਣੱਤ ਦਾ ਅਹਿਸਾਸ ਕਰਵਾਏਗੀ। ਇਸ ਲਈ ਮੇਰੇ ਅਦਬੀ ਸੱਦੇ ਨੂੰ ਪ੍ਰਵਾਨ ਕਰਦਿਆਂ ‘ਆਪ’ ਜੀ ਇਸ ਐਤਵਾਰ 8 ਸਤੰਬਰ 2024 ਨੂੰ ਸਵੇਰੇ ਸਹੀ 10:30 ਵਜੇ ਚੰਡੀਗੜ੍ਹ ਦੇ ਸੈਕਟਰ 16 ਵਿਖੇ ਸਥਿਤ ਪੰਜਾਬ ਕਲਾ ਭਵਨ ਵਿਚ ਦਰਸ਼ਨ ਦੇਣੇ ਜੀ। ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਆਯੋਜਿਤ ਇਸ ਸਮਾਗਮ ਵਿਚ ਮੈਂ ਤੁਹਾਡਾ ਇੰਤਜ਼ਾਰ ਕਰਾਂਗਾ। ਆਉਣਾ ਜ਼ਰੂਰ। ਧੰਨਵਾਦ।

ਸਮਾਗਮ ਦੀ ਪ੍ਰਧਾਨਗੀ ਕਰਨਗੇ ਭਾਰਤੀ ਸਾਹਿਤ ਅਕੈਡਮੀ ਦੀ ਸਾਬਕਾ ਪ੍ਰਧਾਨ ਡਾਕਟਰ ਵਨੀਤਾ। ਮੁਖ ਬੁਲਾਰੇ ਹੋਣਗੇ ਉਘੇ ਅਨੁਵਾਦਕ, ਸ਼ਾਇਰ ਅਤੇ ਪੱਤਰਕਾਰ ਗੁਰਨਾਮ ਕੰਵਰ। ਉਹਨਾਂ ਦੇ ਨਾਲ ਹੀ ਹੋਣਗੇ ਕੇਂਦਰੀ ਪੰਜਾਬੀ ਲੇਖਕ ਸਭ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ। ਇਸ ਪੁਸਤਕ ਦੇ ਮੂਲ ਲੇਖਕ ਸੁਖਦੇਵ ਰਾਮ ਸੁੱਖੀ ਤੰਦਾਂਬੱਧਾ ਉਚੇਚੇ ਤੌਰ ਤੇ ਇਸ ਮੌਕੇ ਰੂਬਰੂ ਹੋਣਗੇ। ਇਸ ਪੁਸਤਕ ਦੀਆਂ ਲਿਖਤਾਂ ਵਿੱਚ ਦਰਜ ਹੈ ਉਹ ਸ਼ਕਤੀ ਅਤੇ ਉਸ ਸ਼ਕਤੀ ਦਾ ਸੋਮਾ ਜਿਸ ਕਾਰਨ ਪੁੱਛਿਆ ਜਾਂਦਾ ਹੈ-"ਕਿਸ ਮਿੱਟੀ ਦੀਆਂ ਬਣੀਆਂ ਸਨ ਇਹ ਵੀਰਾਂਗਣਾਵਾਂ"? 

ਵਿਸ਼ੇਸ਼ ਮਹਿਮਾਨ ਹੋਣਗੇ ਪ੍ਰਸਿੱਧ ਹਿੰਦੀ ਸਾਹਿਤਕਾਰ ਪ੍ਰੇਮ ਵਿਜ ਅਤੇ ਉਘੇ ਸਮਾਜ ਸੇਵੀ ਕੇ ਕੇ ਸ਼ਾਰਦਾ। ਜਿਹਨਾਂ ਦੀ ਮੌਜੂਦਗੀ ਇਸ ਸਮਾਗਮ ਨੰ ਹੋਰ ਵੀ ਖਾਸ ਬਣਾਏਗੀ। 

ਸਮੀਖਿਆ ਦੀ ਗਹਿਰ ਗੰਭੀਰ ਜ਼ਿੰਮੇਵਾਰੀ ਨਿਭਾਉਣ ਦਾ ਵਾਅਦਾ ਕੀਤਾ ਹੈ ਹਿੰਦੀ ਦੀ ਪ੍ਰਸਿੱਧ ਸ਼ਾਇਰਾ ਸੀਮਾ ਗੁਪਤਾ ਹੁਰਾਂ ਨੇ। ਇਸ ਤਰ੍ਹਾਂ ਕੁਰਬਾਨੀਆਂ ਭਰੇ ਇਤਿਹਾਸ ਕਵਿਤਾ ਦਾ ਰਸ ਸਾਨੂੰ ਇੱਕ ਵਾਰ ਫਿਰ ਅਹਿਸਾਸ ਕਰਾਏਗਾ ਕਿ ਅਸੀਂ ਏਨੇ ਮਾਣਮੱਤੇ ਇਤਿਹਾਸ ਨੂੰ ਭੁੱਲ ਕੇ ਕਿਹੜੇ  ਪਾਸੇ ਤੁਰ ਪਏ ਹਾਂ?  

ਸਮਾਗਮ ਚੰਡੀਗੜ੍ਹ ਦੇ ਸੈਕਟਰ 16 ਵਾਲੇ ਕਲਾ ਭਵਨ ਵਿੱਚ ਠੀਕ ਸਾਢੇ ਦਸ ਵਜੇ ਸ਼ੁਰੂ ਹੋ ਜਾਏਗਾ। ਜਨਾਬ ਬਲਕਾਰ ਸਿੱਧੂ, ਭੁਪਿੰਦਰ ਮਲਿਕ ਅਤੇ ਹੋਰ ਸਰਗਰਮ ਸਹਿਯੋਗੀ ਸੱਜਣ ਵੀ ਚਾਹਦੀ ਉਡੀਕ ਵਿਚ ਰਹਿਣਗੇ। 

No comments:

Post a Comment