ਤਿਆਰ ਕਰ ਰਹੀ ਹੈ ਨਵੇਂ ਸਮਾਜ ਦੀ ਇੱਕ ਸੁਨਾਮੀ ਨੂੰ
ਮੌਨ ਵਰਗੇ ਸੂਖਮ ਅਤੇ ਕੋਮਲ ਜਿਹੇ ਸ਼ਬਦਾਂ ਦੀ ਇਹ ਗੂੰਜ ਇੱਕ ਸੁਨਾਮੀ ਪੈਦਾ ਕਰ ਰਹੀ ਹੈ ਜਿਹੜੀ ਬਹੁਤ ਜਲਦ ਆਪਣਾ ਰੰਗ ਵੀ ਦਿਖਾਏਗੀ ਅਤੇ ਦਿਲਾਂ ਵਿੱਚ ਉਤਰਦਾ ਜਾ ਰਿਹਾ ਪ੍ਰਭਾਵ ਵੀ ਨਜ਼ਰ ਆਉਣ ਲੱਗੇਗਾ। ਨਾ ਕੋਈ ਨਾਅਰਾ//ਨਾ ਕੋਈ ਧਰਨਾ-ਨਾ ਕੋਈ ਮੁਜ਼ਾਹਰਾ ਨਾ ਕੋਈ ਜਲਸਾ ਜਲੂਸ--ਪਰ ਕਿਸੇ ਅਣ ਦਿੱਸਦੀ ਸ਼ਕਤੀ ਵਾਂਗ ਇਹ ਮੁਹਿੰਮ ਨਵੇਂ ਸਮਾਜ ਦੀ ਸਿਰਜਣਾ ਦੇ ਮਿਸ਼ਨ ਨੂੰ ਤੇਜ਼ੀ ਨਾਲ ਸਫਲ ਬਣਾ ਰਹੀ ਹੈ।
ਇਸ ਮੌਕੇ ਜਿੱਥੇ ਬਲਕਾਰ ਸਿੱਧੂ ਹੁਰਾਂ ਨੇ ਫਿਰਕਾਪ੍ਰਸਤੀ ਵਾਲੀ ਸੋਚ ਦੇ ਖਿਲਾਫ਼ ਆਪਣਾ ਇੱਕ ਹਿੰਦੀ ਗੀਤ ਪੜ੍ਹਿਆ-
ਹਮ ਹਿੰਦੂ ਸਿੱਖ ਨ ਮੁਸਲਮਾਨ--ਹਮ ਮੇਹਨਤ ਕਰਨੇ ਵਾਲੇ ਹੈਂ--ਅੰਮ੍ਰਿਤ ਕੇ ਛਲਕਤੇ ਪਿਆਲੇ ਹੈਂ!
ਇੱਸੇ ਮਹਿਫਿਲ ਵਿੱਚ ਜਨਾਬ ਗੁਰਨਾਮ ਕੰਵਰ ਨੇ ਇੱਕ ਕਾਵਿ ਰਚਨਾ ਸੁਣਾਈ ਜਿਹੜੀ ਰੱਬ ਦੀ ਹੌਂਦ ਤੇ ਬੜੇ ਦਿਲਚਸਪ ਅੰਦਾਜ਼ ਨਾਲ ਸੁਆਲ ਖੜੇ ਕਰਦੀ ਸੀ। ਇਸ ਯਾਦਗਾਰੀ ਮਹਿਫਿਲ ਦੇ ਸੰਚਾਲਕ ਸੁਸ਼ੀਲ ਦੁਸਾਂਝ ਨੇ ਆਪਣੀ ਕਾਵਿ ਰਚਨਾ ਨਾਲ ਕੋਰੋਨਾ ਦਾ ਉਹ ਸਮਾਂ ਯਾਦ ਕਰਾਇਆ ਜਦੋਂ ਦੇਸ਼ ਦੀ ਸਾਰੀ ਜਨਤਾ ਨੂੰ ਬੰਧਕ ਬਣਾ ਦਿੱਤਾ ਗਿਆ ਸੀ। ਉਹਨਾਂ ਇੱਕ ਹੋਰ ਨਜ਼ਮ ਵੀ ਸੁਣਾਈ ਜਿਹੜੀ ਅੱਜ ਦੇ ਬਿੱਲਾ-ਰੰਗਾਂ ਵਾਲੇ ਚੇਹਰੇ ਬੇਨਕਾਬ ਕਰਦੀ ਸੀ।
ਸ਼ਾਇਰ ਭੱਟੀ ਨੇ ਬੜੇ ਹੀ ਤਰੰਨੁਮ ਨਾਲ ਆਪਣੀ ਕਾਵਿ ਰਚਨਾ ਵਿੱਚ ਗੁਜ਼ਰੇ ਹੋਏ ਜ਼ਮਾਨੇ ਦਾ ਉਹ ਦ੍ਰਿਸ਼ ਆਪਣੇ ਸ਼ਬਦਾਂ ਨਾਲ ਦਿਖਾਇਆ ਜਦੋਂ ਆਪਸੀ ਭਾਈਚਾਰਾ ਕਾਇਮ, ਰਿਸ਼ਤਿਆਂ ਦਾ ਅਦਬ ਸਤਿਕਾਰ ਕਾਇਮ ਸੀ ਹੁਣ ਜਦੋਂ ਕਿ ਪੂੰਜੀਵਾਦ ਦੀਆਂ ਸਾਜ਼ਿਸ਼ਾਂ ਨੇ ਸਭ ਕੁਝ ਵਿਕਾਊ ਬਣਾ ਦਿੱਤਾ ਹੈ ਤਾਂ ਸਿਰਫ ਇੱਕ ਦਰਦ ਬਾਕੀ ਹੈ ਜਿਸਨੂੰ ਸ਼ਾਇਰ ਬਾਖੂਬੀ ਬਿਆਨ ਕਰ ਰਹੇ ਹਨ। ਇਸਦਾ ਬੜਾ ਸੰਵੇਦਨਸ਼ੀਲ ਪ੍ਰਗਟਾਵਾ ਸੀ ਇਸ ਮੀਟਿੰਗ ਵਿੱਚ।
ਪੂੰਜੀਵਾਦ ਨੇ ਕਿਵੇਂ ਜਿਊਂਦੇ ਜਾਗਦੇ ਇਨਸਾਨਾਂ ਨੂੰ ਮਕੈਨੀਕਲ ਗੈਜੇਟ ਵਾਂਗ ਬਣਾ ਕੇ ਇੱਕ ਦੂਜੇ ਨੂੰ ਵਰਤਣਾਂ ਸਿਖਾ ਦਿੱਤਾ ਦਿੱਤਾ ਹੈ ਇਸਦਾ ਬਹੁਤ ਖੂਬਸੂਰਤ ਬਿਆਨ ਸੀ ਦੀਪਕ ਸ਼ਰਮਾ ਚਨਾਰਥਲ ਦੀ ਸ਼ਾਇਰੀ ਵਿੱਚ। ਕਿਵੇਂ ਅੱਜਕਲ੍ਹ ਚੰਗੇ ਭਲੇ ਇਨਸਾਨਾਂ ਨੂੰ ਕਦੇ ਕੈਲਕੁਲੇਟਰ ਸਮਝ ਕੇ ਵਰਤ ਲਿਆ ਜਾਂਦਾ ਹੈ, ਕਦੇ ਲਾਈਟਰ, ਕਦੇ ਰੈਗੁਲੇਟਰ, ਕਦੇ ਏ ਟੀ ਐਮ ਕਾਰਡ। ਇੰਝ ਲੱਗਦੀ ਜਿਵੇਂ ਵਰਤਣਾਂ ਹੀ ਅੱਜ ਕਲ ਦਾ ਧਰਮ ਅਤੇ ਵਿਧੀ ਵਿਧਾਨ ਬਣ ਗਿਆ ਹੋਵੇ।
ਇਸ ਸਾਰੀ ਮਹਿਫਿਲ ਦਾ ਕੇਂਦਰੀ ਬਿੰਦੂ ਅਤੇ ਇਸ ਮਹਿਫਿਲ ਦੀ ਮੇਜ਼ਬਾਨ ਮੈਡਮ ਸੁਰਜੀਤ ਕੌਰ ਬੈਂਸ ਇੱਕ ਇੱਕ ਨੂੰ ਬੜੇ ਧਿਆਨ ਨਾਲ ਸੁਣ ਰਹੀ ਸੀ, ਦਾਦ ਵੀ ਦੇ ਰਹੀ ਅਤੇ ਹੌਂਸਲਾ ਅਫਜ਼ਾਈ ਵੀ ਕਰ ਰਹੀ ਸੀ। ਕਾਸ਼ ਸਾਹਿਤ, ਕਲਾ ਅਤੇ ਸਭਿਆਚਾਰ ਨਾਲ ਜੁੜੀਆਂ ਸ਼ਖਸੀਅਤਾਂ ਕਿੱਟੀ ਪਾਰਟੀਆਂ ਤੋਂ ਦੂਰੀ ਬਣਾਉਂਦਿਆਂ ਅਜਿਹੇ ਆਯੋਜਨਾਂ ਦੀ ਪਿਰਤ ਹਰ ਸ਼ਹਿਰ ਅਤੇ ਹਰ ਮੁਹੱਲੇ ਵਿੱਚ ਬਣਾ ਲੈਣ।
ਅਖੀਰ ਵਿੱਚ ਪਟਿਆਲਾ ਤੋਂ ਆਈ ਧੜੱਲੇਦਾਰ ਕਲਮਕਾਰ ਹਰਪ੍ਰੀਤ ਕੌਰ ਸੰਧੂ ਨੇ ਜਿਥੇ ਸੋਸ਼ਲ ਮੀਡੀਆ ਬਾਰੇ ਆਪਣੇ ਅਨੁਭਵ ਸੁਨਾਏ ਉਥੇ ਆਪਣੀਆਂ ਕਾਵਿ ਰਚਨਾਵਾਂ ਵੀ ਸੁਣਾਈਆਂ। ਇਹਨਾਂ ਰਚਨਾਵਾਂ ਵਿੱਚੋਂ ਮਹਾਂਭਾਰਤ ਕਾਲ ਦੀ ਇੱਕ ਦੁਖਦਾਈ ਅਤੇ ਸ਼ਰਮਨਾਕ ਘਟਨਾ ਚੀਰ-ਹਰਣ ਦਾ ਜ਼ਿਕਰ ਕਰਦਿਆਂ ਮੈਡਮ ਸੰਧੂ ਨੇ ਉਹਨਾਂ ਆਧੁਨਿਕ ਸੰਦਰਭਾਂ ਦੀ ਗੱਲ ਕਰਦਿਆਂ ਕਿਹਾ ਕੀ ਕਿਵੇਂ ਅੱਜ ਵੀ ਥਾਂ ਥਾਂ ਬਾਰ ਬਾਰ ਚੀਰ-ਹਰਣ ਹੁੰਦਾ ਹੈ। ਅਫਸੋਸ ਕਿ ਮਹਾਂਭਾਰਤ ਵਾਲੇ ਯੁਗ ਵਿੱਚ ਤਾਂ ਪੰਜੇ ਪਾਂਡਵ ਪਤੀ ਬੇਬਸ ਜਿਹੇ ਹੋ ਕੇ ਬੈਠੇ ਸਨ ਅਤੇ ਚੀਰ ਹਾਰਨ ਸਾਹਮਣੇ ਖਾਮੋਸ਼ ਸਨ ਪਰ ਹੁਣ ਪਤੀ ਅਤੇ ਦੋਸਤ ਖੁਦ ਹੀ ਅਜਿਹਾ ਚੀਰ ਹਰਣ ਆਪਣੇ ਦੂਜੇ ਦੋਸਤਾਂ ਮਿੱਤਰਾਂ ਦੀਆਂ ਮਹਿਫਿਲਾਂ ਵਿੱਚ ਕਰਦੇ ਹਨ।
ਇਸ ਸ਼ਾਨਦਾਰ ਸਾਹਿਤਿਕ ਆਯੋਜਨ ਦੀ ਰਿਪੋਰਟ ਇਸ ਜ਼ਿਕਰ ਬਿਨਾ ਅਧੂਰੀ ਹੋਵੇਗੀ ਕਿ ਕੁਝ ਬਹੁਤ ਹੀ ਸੁਰੀਲੀਆਂ ਆਵਾਜ਼ਾਂ ਵਾਲੀਆਂ ਸ਼ਖਸੀਅਤਾਂ ਵੀ ਮੌਜੂਦ ਰਹੀਆਂ ਜਿਹਨਾਂ ਨੇ ਹਿੰਦੀ ਪੰਜਾਬੀ ਦੇ ਭੁੱਲੇ ਵਿਸਰੇ ਗੀਤਾਂ ਨਾਲ ਵੀ ਇਸ ਮਹਿਫਿਲ ਨੂੰ ਹੋਰ ਯਾਦਗਾਰੀ ਬਣਾਇਆ। ਇਹਨਾਂ ਵਿੱਚੋਂ ਇੱਕ ਸ਼ਖਸੀਅਤ ਸੀ ਗੁਰਜੋਧ ਕੌਰ।
ਤੀਹਵਿਆਂ ਦੇ ਨਾਲ ਸ਼ਾਇਦ ਉਹ ਦੋ ਚਾਰ ਸਾਲ ਹੋਰ ਵੱਡੀ ਉਰ ਹੋਵੇ ਪਰ ਲੱਗਦੀ ਬਹੁਤ ਛੋਟੀ ਹੈ। ਗੁਰਜੋਧ ਕੌਰ ਦੀਆਂ ਬਹੁਤ ਸਾਰੀਆਂ ਖੂਬੀਆਂ ਵਿੱਚੋਂ ਇੱਕ ਖਾਸੀਅਤ ਹੈ ਉਸਦਾ ਸੁਰੀਲਾਪਨ। ਉਸਨੇ ਪੰਜਾਬੀ ਗੀਤਾਂ ਦਾ ਉਹ ਸਾਰਾ ਖਜ਼ਾਨਾ ਸੰਭਾਲ ਕੇ ਰੱਖਿਅ ਹੋਇਆ ਹੈ ਜਿਹੜਾ ਸ਼ਾਇਦ ਅੱਜ ਵਾਲੀ ਪੀੜ੍ਹੀ ਦੀ ਕਿਸਮਤ ਵਿਚ ਹੀ ਨਹੀਂ ਰਿਹਾ। ਉਸਨੂੰ ਭੁੱਲੇ ਵਿੱਸਰੇ ਸਾਰੇ ਪੰਜਾਬੀ ਗੀਤ ਯਾਦ ਵੀ ਹਨ ਪਰ ਫਿਰ ਵੀ ਉਸਨੇ ਇੱਕ ਡਾਇਰੀ ਆਪਣੇ ਕੋਲ ਰੱਖੀ ਹੁੰਦੀ ਹੈ। ਕਿਓਂਕਿ ਪੰਜਾਬੀ ਦੇ ਪੁਰਾਣੇ ਗੀਤਾਂ ਦੀ ਫ਼ਰਮਾਇਸ਼ ਪੂਰੀ ਕਰਨ ਵਾਲਿਆਂ ਵਿੱਚ ਉਹ ਸਾਡੇ ਲਈ ਕਿਸੇ ਰੇਡੀਓ ਸਟੇਸ਼ਨ ਤੋਂ ਘੱਟ ਵੀ ਨਹੀਂ। ਅੱਜ ਦੇ ਸਮਾਗਮ ਵਿੱਚ ਗਏ ਗਏ ਗੀਤਾਂ ਵਿੱਚੋਂ ਇੱਕ ਯਾਦਗਾਰੀ ਗੀਤ ਸੀ ਇਹਨਾਂ ਅੱਖੀਆਂ 'ਚ ਪਾਂਵਾਂ ਕਿਵੇਂ ਸੂਰਮਾ! ਕਿ ਅੱਖੀਆਂ 'ਚ ਤੂੰ ਵੱਸਦਾ!
ਇੱਕ ਹੋਰ ਬੁਲੰਦ ਆਵਾਜ਼ ਇਸ ਮਹਿਫਿਲ ਵਿੱਚ ਸੀ ਤਰਸੇਮ ਲਾਲ ਹੁਰਾਂ ਦੀ। ਉਮਰ ਸ਼ਾਇਦ 60 ਸਾਲ ਤੋਂ ਵਧ ਹੈ ਪਰ ਆਵਾਜ਼ ਵਿੱਚ ਦਮ ਸੀ ਉਹੀ ਅਠਾਰਾਂ ਵੀਹਾਂ ਸਾਲਾਂ ਵਾਲਾ। ਉਹਨਾਂ ਬੜੀ ਦਮਦਾਰ ਆਵਾਜ਼ ਵੀ ਕਈ ਗੀਤ ਸੁਣਾਏ। ਇੱਕ ਗੀਤ ਇਹ ਵੀ ਸੀ-ਦਿਲ ਤੋੜਨੇ ਵਾਲੇ ਤੁਝੇ ਦਿਲ ਢੂਂਢ ਰਹਾ ਹੈ~! ਕਿਸੇ ਨੇ ਪੁਛ ਲਿਆ ਦਿਲ ਤੋਂ ਵਾਲੇ ਨੂੰ ਹੀ ਦਿਲ ਕਿਓਂ ਲਭਦਾ ਰਹਿੰਦਾ ਹੈ ਸਾਰੀ ਸਾਰੀ ਉਮਰ?
ਵੈਸੇ ਇਸ ਸੁਆਲ ਦਾ ਜੁਆਨ ਹੁਣ ਅਗਲੀ ਵਾਰ ਦੀ ਮਹਿਫ਼ਿਲ ਵਿੱਚ ਸੁਣਾਂਗੇ ਤਰਸੇਮ ਲਾਲ ਹੁਰਾਂ ਕੋਲੋਂ ਹੀ। ਜਿਹਨਾਂ ਦਾ ਜ਼ਿਕਰ ਇਸ ਰਿਪੋਰਟ ਵਿੱਚ ਨਹੀਂ ਹੋ ਸਕਿਆ ਉਹਨਾਂ ਦਾ ਜ਼ਿਕਰ ਬਹੁਤ ਜਲਦੀ ਕਿਸੇ ਵੱਖਰੀ ਰਿਪੋਰਟ ਵਿੱਚ ਪੱਕਾ ਕੀਤਾ ਜਾਏਗਾ। ਰਿਪੋਰਟ ਜ਼ਿਆਦਾ ਲੰਮੀ ਹੋ ਰਹੀ ਸੀ ਇਸ ਲਈ ਕੁਝ ਮਜਬੂਰੀ ਜਿਹੀ ਵੀ ਰਹੀ। ਪਰ ਹਰ ਕਿਸੇ ਦੀ ਮੌਜੂਦਗੀ ਅਤੇ ਭੂਮਿਕਾ ਸਾਡੀ ਟੀਮ ਨੂੰ ਯਾਦ ਹੈ। ਸਾਡੇ ਸਭਨਾਂ ਦੇ ਦਿਲਾਂ ਵਿੱਚ ਤੁਹਾਡੀ ਉਚੇਚੀ ਥਾਂ ਹੈ।
ਇਹਨਾਂ ਵਿੱਚੋਂ ਹੀ ਸਾਡੀ ਬਹੁਤ ਹੀ ਮਾਣਯੋਗ ਸ਼ਖ਼ਸੀਅਤ ਦੀਪਕ ਮਨਮੋਹਨ ਸਿੰਘ ਵੀ ਹਨ। ਉਹਨਾਂ ਇੱਕ ਸੁਨੇਹਾ ਇਸ ਸਾਰੀ ਲੁਕਾਈ ਲਈ ਦਿੱਤਾ ਹੈ। ਗਮ ਆਉਣ, ਸਦਮੇ ਜਾਂ ਤਕਲੀਫ਼ਾਂ ਬਸ ਰੋਇਆ ਧੋਇਆ ਨਾ ਕਰੋ। ਉਹਨਾਂ ਆਪਣੀਆਂ ਮਿਸਾਲਾਂ ਵੀ ਦਿੱਤੀਆਂ ਕਿ ਕਿਵੇਂ ਉਹਨਾਂ ਨੇ ਮੁਸੀਬਤਾਂ ਦੇ ਤੂਫ਼ਾਨਾਂ ਨੂੰ ਆਪਣੀ ਮੁਸਕਰਾਹਟ ਨਾਲ ਹੀ ਠੱਲ ਲਿਆ ਅਤੇ ਉਹਨਾਂ ਦੇ ਮੂੰਹ ਮੋੜ ਦਿੱਤੇ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਬਹੁਤ ਪੁਰਾਣਾ ਗੀਤ ਯਾਦ ਆਉਣ ਲੱਗ ਪਿਆ:
ਬਰਬਾਦੀਓਂ ਕਾ ਸੋਗ ਮਨਾਣਾ ਫਿਜ਼ੂਲ ਥਾ!
ਬਰਬਾਦੀਓਂ ਕੇ ਜਸ਼ਨ ਮਨਾਤਾ ਚਲਾ ਗਿਆ!
ਉਹਨਾਂ ਬਾਰੇ ਵੀ ਇੱਕ ਵਖਰੀ ਪੋਸਟ ਬਹੁਤ ਜਲਦੀ ਹੀ।
ਬਹੁਤ ਸਾਰੀਆਂ ਹੋਰ ਗੱਲਾਂ ਵੀ ਬਹੁਤ ਛੇਤੀ ਹੀ ਸਾਂਝੀਆਂ ਕੀਤੀਆਂ ਜਾਣਗੀਆਂ......!
---ਕਾਰਤਿਕਾ ਕਲਿਆਣੀ ਸਿੰਘ//ਰੈਕਟਰ ਕਥੂਰੀਆ
No comments:
Post a Comment