google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਵੀਰ ਨਾਰੀਆਂ ਨੂੰ ਸਮਰਪਿਤ ਦੀਪਕ ਸ਼ਰਮਾ ਚਨਾਰਥਲ ਦੀ ਅਨੁਵਾਦਿਤ ਕਿਤਾਬ ਹੋਈ ਲੋਕ-ਅਰਪਣ

Sunday, 8 September 2024

ਵੀਰ ਨਾਰੀਆਂ ਨੂੰ ਸਮਰਪਿਤ ਦੀਪਕ ਸ਼ਰਮਾ ਚਨਾਰਥਲ ਦੀ ਅਨੁਵਾਦਿਤ ਕਿਤਾਬ ਹੋਈ ਲੋਕ-ਅਰਪਣ

ਲੁੱਕੇ ਹੋਏ ਖਾਮੋਸ਼ ਦਰਦ ਨੂੰ ਬਿਆਨ ਕਰਦੀ ਹੈ ਇਹ ਪੁਸਤਕ


ਚੰਡੀਗੜ੍ਹ
: 8 ਸਤੰਬਰ 2024: (ਮੀਡੀਆ ਲਿੰਕ//ਕੇ ਕੇ ਸਿੰਘ//ਸਾਹਿਤ ਸਕਰੀਨ ਡੈਸਕ):: 

ਸਰਹੱਦਾਂ ਤੇ ਜੰਗ ਛਿੜਦੀ ਹੈ ਤਾਂ ਕੁਝ ਸਿਆਸਤਦਾਨਾਂ ਲਈ ਜੰਗੀ ਜਨੂੰਨ ਭੜਕਾਉਣ ਦਾ ਇਹ ਇੱਕ ਸੁਨਹਿਰੀ ਜਾਪਦਾ ਮੌਕਾ ਹੋ ਸਕਦਾ ਹੈ। ਗੋਲੀ ਚੱਲਦੀ ਹੈ ਤਾਂ ਕਦੇ ਸਰਹੱਦ ਦੇ ਇਸ ਪਾਸੇ ਕਿਸੇ ਦੀ ਜਾਂ ਲੈ ਜਾਂਦੀ ਹੈ ਅਤੇ ਕਦੇ ਉਸ ਪਾਸੇ। ਕਦੇ ਸਰਹੱਦ ਦੇ ਇਸ ਪਾਸੇਕੋਈ ਔਰਤ ਵਿਧਵਾ ਹੋ ਜਾਂਦੀ ਹੈ ਅਤੇ ਕਦੇ ਉਸ ਪਾਸੇ। ਕਦੇ ਏਧਰਲੇ ਬੱਚੇ ਅਨਾਥ ਹੋ ਜਾਂਦੇ ਨੇ ਅਤੇ ਕਦੇ ਓਧਰਲੇ ਬੱਚੇ। ਤੇ ਇਹ ਸਰਹੱਦ ਸਿਰਫ ਮੁਲਕਾਂ ਵਿਚਾਲੇ ਤਾਂ ਨਹੀਂ ਹੁੰਦੀ। ਸਮੇਂ ਸਮੇਂ ਚੱਲੇ ਅੰਦੋਲਨਾਂ ਨੇ ਵੀ ਬਿਨਾ ਕਿਸੇ ਬਾਰਡਰ ਦੇ ਇਹਨਾਂ ਸਰਹੱਦੀ ਤਾਰਾਂ ਦੀ ਚੁਭਣ ਨੂੰ ਮਹਿਸੂਸ ਕੀਤਾ ਹੈ। ਭਾਵੇਂ ਗਦਰ ਦੀ ਲਹਿਰ ਸੀ, ਭਾਵੇਂ ਆਜ਼ਾਦੀ ਸੰਗਰਾਮ ਦੀ ਲਹਿਰ ਸੀ ਅਤੇ ਭਾਵੇਂ ਆਜ਼ਾਦੀ ਤੋਂ ਬਾਅਦ ਚੱਲੇ ਅੰਦੋਲਨਾਂ ਦੀਆਂ ਲਹਿਰਾਂ ਸਨ। ਘਰ ਦੇ ਪੁੱਤ, ਭਰਾ ਜਾਂ ਪਤੀ ਜਦੋਂ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਤਾਂ ਉਹ ਦਰਦ ਵੀ ਸਭ ਤੋਂ ਵੱਧ ਪਰਿਵਾਰ ਦੀਆਂ ਇਸਤਰੀਆਂ ਦੇ ਹਿੱਸੇ ਹੀ ਆਉਂਦਾ ਰਿਹਾ ਹੈ। ਇਸ ਦੇ ਬਾਵਜੂਦ ਇਹਨਾਂ ਬਹਾਦਰ ਔਰਤਾਂ ਨੇ ਇਹਨਾਂ ਅੰਦੋਲਨਾਂ ਵਿੱਚ ਖੁਦ ਵੀ ਸਰਗਰਮੀ ਨਾਲ ਹਿੱਸਾ ਪਾਇਆ। ਇਸ ਦਰਦ ਨੂੰ ਨੇੜੇ ਹੋ ਕੇ ਮਹਿਸੂਸ ਕਰਨ ਵਾਲਿਆਂ ਦੇ ਦਿਲਾਂ ਵਿੱਚੋਂ ਹੀ ਇਹ ਸੁਆਲ ਉੱਠਦਾ ਰਿਹਾ ਕਿ ਕਿਸ ਮਿੱਟੀ ਦੀਆਂ ਬਣੀਆਂ ਸਨ ਇਹ ਬਹਾਦਰ ਔਰਤਾਂ?

ਅੱਜ ਪੰਜਾਬ ਕਲਾ ਭਵਨ ਵਿਖੇ ਪ੍ਰਸਿੱਧ  ਕਵੀ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਦੀ ਹਿੰਦੀ ਵਿੱਚ ਪਹਿਲੀ ਅਨੁਵਾਦ ਪੁਸਤਕ “ਕਿਸ ਮਿੱਟੀ ਕੀ ਬਨੀ ਥੀਂ ਯੇ ਵੀਰਾਂਗਨਾਏਂ” ਦਾ ਰੀਲੀਜ਼ ਸਮਾਰੋਹ ਬਹੁਤ ਹੀ ਭਰਵੇਂ ਇਕੱਠ ਵਿਚ ਹੋਇਆ। ਮੂਲ ਰੂਪ ਵਿੱਚ ਇਹ ਕਿਤਾਬ ਸੁਖਦੇਵ ਰਾਮ ਸੁੱਖੀ ਤੰਦਾ ਬੱਧਾ ਨੇ ਪੰਜਾਬੀ ਵਿੱਚ ਲਿਖੀ ਹੈ। ਫਰਜ਼ ਤਾਂ ਬਣਦਾ ਸੀ ਉਹਨਾਂ ਸਰਕਾਰਾਂ ਦਾ ਜਿਹਨਾਂ ਨੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਆਈ ਆਜ਼ਾਦੀ ਮਗਰੋਂ ਸੱਤਾ ਦਾ ਸੁੱਖ ਮਾਣਿਆ ਪਰ ਉਸ ਫਰਜ਼ ਨੂੰ ਨਿਭਾ ਰਹੇ ਹਨ ਖੋਜੀ ਲੇਖਕ ਸੁਖਦੇਵ ਰਾਮ ਸੁੱਖੀ ਤੰਦਾ ਬੱਧਾ ਅਤੇ ਅਨੁਵਾਦਕ ਦੀਪਕ ਸ਼ਰਮਾ ਚਨਾਰਥਲ। ਇਤਿਹਾਸ ਦੇ ਵਿਸ਼ੇਸ਼ ਪਹਿਲੂਆਂ ਨੂੰ ਉਜਾਗਰ ਕਰਨ ਵਾਲੀ ਇਸ ਪੁਸਤਕ ਨੂੰ ਅੱਜ ਚੰਡੀਗੜ੍ਹ ਦੇ ਕਲਾ ਭਵਨ ਵਿੱਚ ਰਿਲੀਜ਼ ਕੀਤਾ ਗਿਆ। 

ਇਸ ਰਿਲੀਜ਼ ਸਮਾਰੋਹ ਵਿਚ ਦੀਪਕ ਸ਼ਰਮਾ ਚਨਾਰਥਲ, ਸੁਖਦੇਵ ਰਾਮ ਸੁੱਖੀ, ਡਾ: ਵਨੀਤਾ, ਗੁਰਨਾਮ ਕੰਵਰ, ਸੁਸ਼ੀਲ ਦੁਸਾਂਝ, ਪ੍ਰੇਮ ਵਿਜ, ਕੇ. ਕੇ. ਸ਼ਾਰਦਾ, ਸੀਮਾ ਗੁਪਤਾ, ਬਲਕਾਰ ਸਿੱਧੂ, ਭੁਪਿੰਦਰ ਸਿੰਘ ਮਲਿਕ, ਅਨੂ ਸ਼ਰਮਾ ਅਤੇ ਰਾਜ ਰਾਣੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਮਹਾਨ ਵੀਰਾਂਗਣਾਵਾਂ ਪ੍ਰਤੀ ਅਜਿਹਾ ਕਰਨਾ ਇਹਨਾਂ ਸ਼ਖਸੀਅਤਾਂ ਵੱਲੋਂ ਸਨਮਾਨ ਅਤੇ ਆਦਰ ਦਾ ਭਾਵ ਵੀ ਸੀ। ਅਕੀਦਤ ਦੇ ਫੁਲ ਵੀ ਸਨ। 

ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਇਤਿਹਾਸ ਦੇ ਇਸ ਪੱਖ ਨੂੰ ਅੱਖੋਂ ਪਰੋਖੇ ਨਹੀ ਕੀਤਾ ਜਾ ਸਕਦਾ ਸੀ। ਇਸ ਲਈ ਇਹ ਕਿਤਾਬ ਇਤਿਹਾਸ ਦੇ ਇਸ ਬੇਹੱਦ ਜ਼ਰੂਰੀ ਪੱਖ ਨੂੰ ਲੋਕਾਂ ਸਾਹਮਣੇ ਲੈ ਕੇ ਆਈ ਹੈ। 

ਇਸ ਪ੍ਰੋਗਰਾਮ ਮੌਕੇ ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਇਹ ਇਕ ਵਿਲੱਖਣ ਕੰਮ ਹੈ। ਇਸ ਪੁਸਤਕ ਨੂੰ ਪੜ੍ਹ ਕੇ ਇਸ ਦੀ ਵਿਲੱਖਣਤਾ ਦਾ ਅਹਿਸਾਸ ਵੀ ਹੋਣ ਲੱਗ ਪੈਂਦਾ ਹੈ। 

ਇਸ ਪੁਸਤਕ ਨੂੰ ਰਿਲੀਜ਼ ਕਰਨ ਵਾਲੇ ਇਸ ਸਮਾਗਮ ਵਿੱਚ ਮੁੱਖ ਪਰਚਾ ਪੜ੍ਹਦਿਆਂ ਪ੍ਰਸਿੱਧ ਹਿੰਦੀ ਕਵਿੱਤਰੀ ਸੀਮਾ ਗੁਪਤਾ ਨੇ ਕਿਹਾ ਕਿ ਇਹ ਕਿਤਾਬ ਵੀਰ ਨਾਰੀਆਂ ਦੇ ਸੰਕਲਪ ਦੀ ਗੱਲ ਕਰਦੀ ਹੈ । 

ਸਮਾਗਮ ਵਿੱਚ ਇਸ ਕਿਤਾਬ ਦੇ ਅਨੁਵਾਦ ਵਾਲੇ ਤਕਨੀਕੀ ਪੱਖ ਦੀ ਵੀ ਗੱਲ ਹੋਈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਕਿਹਾ ਕਿ ਚੰਗਾ ਅਨੁਵਾਦ ਕਿਸੇ ਰਚਨਾ ਦੀ ਪੁਨਰ ਸਿਰਜਣਾ ਹੀ ਹੁੰਦਾ ਹੈ।

ਇਸ ਪੁਸਤਕ ਦੀ ਅਹਿਮੀਅਤ ਬਾਰੇ ਗੱਲ ਕਰਦਿਆਂ ਉੱਘੇ ਕਵੀ, ਅਨੁਵਾਦਕ ਅਤੇ ਚਿੰਤਕ ਗੁਰਨਾਮ ਕੰਵਰ ਨੇ ਕਿਹਾ ਕਿ ਤੱਥਾਂ ਅਧਾਰਿਤ ਇਹ ਇਕ ਇਤਿਹਾਸਿਕ ਦਸਤਾਵੇਜ਼ ਹੈ।

ਪੁਸਤਕ ਦੇ ਸਫਲ ਪ੍ਰਕਾਸ਼ਨ ਅਤੇ ਸਫਲ ਲੋਕ-ਅਰਪਣ ਸੰਬੰਧੀ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਪਾਠਕਾਂ, ਸ਼ੁਭਚਿੰਤਕਾਂ ਦਾ ਪਿਆਰ ਉਹਨਾਂ ਦਾ ਸਭ ਤੋਂ ਵੱਡਾ ਹਾਸਿਲ ਹੈ।

ਮੂਲ ਲੇਖਕ ਸੁਖਦੇਵ ਰਾਮ ਸੁੱਖੀ ਤੰਦਾ ਬੱਧਾ ਨੇ ਕਿਤਾਬ ਦੀ ਕੇਂਦਰੀ ਭਾਵਨਾ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਇਸ ਗੱਲ ਦਾ ਜ਼ਿਕਰ ਬਹੁਤ ਘੱਟ ਹੋਇਆ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੇ ਕਿੰਨੇ ਦੁੱਖ ਝੱਲੇ ਹੋਣਗੇ।

ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਪ੍ਰਸਿੱਧ ਹਿੰਦੀ ਸਾਹਿਤਕਾਰ ਪ੍ਰੇਮ ਵਿਜ ਨੇ ਕਿਹਾ ਕਿ ਅਨੁਵਾਦ ਕਰਨਾ ਕੋਈ ਸੌਖਾ ਕੰਮ ਨਹੀ। ਉਹਨਾਂ ਅਨੁਵਾਦ ਦੀਆਂ ਮੁਸ਼ਕਲਾਂ ਵੱਲ ਇਸ਼ਾਰਾ ਦੁਆਂਉਂਦਿਆਂ ਕਿਹਾ ਕਿ ਮੁਸ਼ਕਲਾਂ ਦੇ ਬਾਵਜੂਦ ਇਹ ਕੰਮ ਸਫਲਤਾ ਨਾਲ ਨੇਪਰੇ ਚੜ੍ਹਿਆ ਹੈ। 

ਸਮਾਗਮ ਵਿੱਚ ਮੌਜੂਦ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਦੇ ਨਾਲ ਨਾਲ ਉੱਘੇ ਸਮਾਜ ਸੇਵੀ ਕੇ. ਕੇ. ਸ਼ਾਰਦਾ ਨੇ ਵੀ ਇਸ ਨੂੰ ਬਹੁਤ ਹੀ ਸ਼ਲਾਘਾਯੋਗ ਉੱਦਮ ਦੱਸਿਆ।

ਲੋਕ ਨਾਥ ਸ਼ਰਮਾ ਅਤੇ ਡਾ. ਰਾਜਿੰਦਰ ਸਿੰਘ ਦੋਸਤ ਨੇ ਲੇਖਕ ਦੇ ਅਧਿਐਨ ਨੂੰ ਉੱਚਕੋਟੀ ਦਾ ਬਿਆਨਿਆ। ਸਿਮਰਜੀਤ ਗਰੇਵਾਲ ਨੇ ਦੀਪਕ ਚਨਾਰਥਲ ਦੀ ਸ਼ਖ਼ਸੀਅਤ ਬਾਰੇ ਵੀ ਇਕ ਖ਼ੂਬਸੂਰਤ ਗੀਤ ਸੁਣਾਇਆ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰਸਿੱਧ ਸ਼ਾਇਰਾ, ਚਿੰਤਕ, ਅਨੁਵਾਦਕ ਅਤੇ ਭਾਰਤੀ ਸਾਹਿਤ ਅਕਾਦਮੀ ਦੇ ਸਾਬਕਾ ਕਨਵੀਨਰ ਡਾ. ਵਨੀਤਾ ਨੇ ਕਿਹਾ ਕਿ ਇਕ ਕਿਤਾਬ ਦੂਜੀ ਕਿਤਾਬ ਨੂੰ ਜਨਮ ਦਿੰਦੀ ਹੈ। ਨਾਰੀ-ਵਾਦ ਇਕ ਦ੍ਰਿੜ੍ਹ ਸੰਕਲਪ ਹੈ।

ਧੰਨਵਾਦੀ ਸ਼ਬਦਾਂ ਵਿਚ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਸਮਾਗਮ ਨੂੰ ਯਾਦਗਾਰੀ ਦੱਸਿਆ।

ਸਮਾਰੋਹ ਵਿਚ ਹਾਜ਼ਰ ਹੋਈਆਂ ਪ੍ਰਮੁੱਖ ਸ਼ਖਸੀਅਤਾਂ  ਵਿੱਚ ਰੇਖਾ ਮਿੱਤਲ, ਮਨਜੀਤ ਕੌਰ ਮੀਤ, ਵਰਿੰਦਰ ਸਿੰਘ ਚੱਠਾ, ਸੁਨੀਲ ਕਟਾਰੀਆ, ਮੀਟ ਰੰਗਰੇਜ਼, ਲਾਭ ਸਿੰਘ ਲਹਿਲੀ, ਹਰਬੰਸ ਸੋਢੀ, ਹਰਮਿੰਦਰ ਕਾਲੜਾ, ਭਗਤ ਰਾਮ ਰੰਗਾੜਾ, ਨਿੰਮੀ ਵਸ਼ਿਸ਼ਟ, ਆਰ. ਪੀ. ਵਸ਼ਿਸ਼ਟ, ਲਾਭ ਸਿੰਘ, ਸ਼ੁਭਮ ਕੌਸ਼ਲ, ਨਿਤਿਨ ਸ਼ਰਮਾ, ਵਿਜੇ ਕਪੂਰ, ਸੁਭਾਸ਼ ਭਾਸਕਰ, ਬਬੀਤਾ ਕਪੂਰ, ਸੁਖਵਿੰਦਰ ਸਿੰਘ ਸਿੱਧੂ, ਪਾਲ ਅਜਨਬੀ, ਸੁਰਜੀਤ ਸਿੰਘ ਧੀਰ, ਸੁਰਿੰਦਰ ਕੁਮਾਰ, ਪਰਮਜੀਤ ਪਰਮ, ਦਵਿੰਦਰ ਬਾਠ, ਸਰਬਜੀਤ ਧਾਲੀਵਾਲ, ਸੁਰਮੀਤ ਕੌਰ, ਸੁਧਾ ਮਹਿਤਾ, ਰਾਜਿੰਦਰ ਕੌਰ, ਜਤਿਨ ਸਲਵਾਨ, ਰੇਣੂਕਾ ਸਲਵਾਨ, ਊਸ਼ਾ ਕੰਵਰ, ਸੁਨੀਤਾ ਰਾਣੀ, ਗੁਰਜੀਤ ਕੌਰ, ਰਾਜਿੰਦਰ ਸਿੰਘ ਧੀਮਾਨ, ਮਨਮੋਹਨ ਸਿੰਘ ਕਲਸੀ, ਕਮਲਜੀਤ ਸਿੰਘ ਬਨਵੈਤ, ਡਾ. ਸੁਰਿੰਦਰ ਗਿੱਲ, ਸ਼ਾਇਰ ਭੱਟੀ, ਭਜਨ ਸਿੰਘ, ਜੋਗਿੰਦਰ ਸਿੰਘ ਹੱਲੋਮਾਜਰਾ, ਸੁਖਜੀਤ ਸਿੰਘ ਸੁੱਖਾ, ਸੁਰਜੀਤ ਸੁਮਨ, ਨਰਿੰਦਰ ਪਾਲ ਸਿੰਘ ਕੋਮਲ, ਸੋਮੇਸ਼ ਗੁਪਤਾ, ਗੁਰਵਿੰਦਰ ਕੌਰ, ਸੁਮਿਤ ਸਿੰਘ, ਡਾ. ਮੇਹਰ ਮਾਣਕ, ਦਰਸ਼ਨ ਤਿਉਣਾ,  ਸਿਰੀ ਰਾਮ ਅਰਸ਼, ਡਾ. ਮਨਜੀਤ ਸਿੰਘ ਬੱਲ, ਬਹਾਦਰ ਸਿੰਘ ਗੋਸਲ, ਗੁਰਦੇਵ ਸਿੰਘ ਗਿੱਲ, ਹਰਬੰਸ ਕੌਰ ਗਿੱਲ, ਡਾ. ਨੀਨਾ ਸੈਣੀ, ਬਲਬੀਰ ਤਨਹਾ, ਅਸ਼ੋਕ ਨਾਦਿਰ, ਬਿਮਲਾ ਗੁਗਲਾਨੀ, ਡਾ. ਗੁਰਮੇਲ ਸਿੰਘ, ਗੋਵਰਧਨ ਗੱਬੀ, ਮਿੱਕੀ ਪਾਸੀ, ਜਗਦੀਸ਼, ਸੁਖਚੈਨ ਸਿੰਘ ਭੰਡਾਰੀ, ਕਰਨਵੀਰ ਸਿੰਘ, ਰਾਕੇਸ਼ ਸ਼ਰਮਾ, ਸੰਜੇ ਗੁਪਤਾ, ਪਵਨ ਸ਼ਰਮਾ, ਨੀਲੂ ਰਾਜ, ਜਸਬੀਰ ਪਾਲ ਸਿੰਘ, ਆਤਿਸ਼ ਗੁਪਤਾ, ਸੌਰਭ ਦੁੱਗਲ, ਪਲਵਿੰਦਰ ਸਿੰਘ, ਪਰਮਿੰਦਰ ਸਿੰਘ ਗਿੱਲ, ਨਰਿੰਦਰ ਕੌਰ ਨਸਰੀਨ, ਕੰਵਲਦੀਪ ਕੌਰ, ਸ਼ਿੰਦਰਪਾਲ ਸਿੰਘ, ਜੰਗ ਬਹਾਦਰ ਗੋਇਲ, ਡਾ. ਨੀਲਮ ਗੋਇਲ, ਨੇਹਾ ਸ਼ਰਮਾ, ਸ਼ਮਸ਼ੀਲ ਸਿੰਘ ਸੋਢੀ, ਪ੍ਰਭਜੋਤ ਕੌਰ ਢਿੱਲੋਂ, ਅਮਰਜੀਤ ਢਿੱਲੋਂ, ਗੁਰਜੋਧ ਕੌਰ,  ਅਮਿਤ ਚੋਪੜਾ, ਰਾਜੇਸ਼ ਬੈਨੀਵਾਲ, ਤੇਜਾ ਸਿੰਘ ਥੂਹਾ, ਕੁਲਤਾਰ ਸਿੰਘ ਮੀਆਂਪੁਰੀ, ਜੈ ਸਿੰਘ ਛਿੱਬਰ, ਅਮਰਪਾਲ ਸਿੰਘ ਬੈਂਸ, ਨਵਦੀਪ ਸਿੰਘ, ਪ੍ਰਵੇਸ਼ ਚੌਹਾਨ, ਕੇਵਲਜੀਤ ਸਿੰਘ ਕੰਵਲ, ਮਮਤਾ ਕਾਲੜਾ, ਨੀਰ ਕਾਂਤ ਸ਼ਰਮਾ, ਸ਼ਾਇਨਾ, ਪੂਨਮ ਸ਼ਰਮਾ, ਅਜੀਤ ਕੰਵਲ ਸਿੰਘ ਹਮਦਰਦ ਅਤੇ ਅਨਿਲ ਭਾਰਦਵਾਜ ਦੇ ਨਾਮ ਕਾਬਿਲੇ ਗ਼ੌਰ ਹਨ।

ਕੁੱਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ ਜਿਸਨੇ ਗੰਭੀਰ ਪੁਸਤਕਾਂ ਵਾਲੇ ਪਾਸੇ ਧਿਆਨ ਦੁਆਇਆ ਕਿ ਅਜਿਹੀਆਂ ਹੋਰ ਪੁਸਤਕਾਂ ਲਿਖੀਆਂ ਅਤੇ ਪੜ੍ਹੀਆਂ ਜਾਣੀਆਂ ਚਾਹੀਦੀਆਂ ਹਨ। 

No comments:

Post a Comment