google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: July 2025

Wednesday, 30 July 2025

ਉੱਘੀ ਕਵਿੱਤਰੀ ਭੁਪਿੰਦਰ ਕੌਰ ਵਾਲੀਆ ਦਾ ਦੇਹਾਂਤ

ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ 

ਪਟਿਆਲਾ: 29 ਜੁਲਾਈ 2025: (ਹਰਪ੍ਰੀਤ ਕੌਰ ਸੰਧੂ//ਸਾਹਿਤ ਸਕਰੀਨ ਡੈਸਕ)::

ਇਹ ਖਬਰ ਸਾਂਝੀ ਕਰਦਿਆਂ ਅਫਸੋਸ ਹੋ ਰਿਹਾ ਹੈ ਕਿ ਪੰਜਾਬੀ ਦੀ ਉੱਘੀ ਕਵਿਤਰੀ ਭੁਪਿੰਦਰ ਕੌਰ ਵਾਲੀਆ (73) ਜੀ ਦਾ ਸਵਰਗਵਾਸ ਹੋ ਗਿਆ ਹੈ। ਉਹ ਪਟਿਆਲਾ ਵਿਖੇ ਰਹਿੰਦੇ ਸਨ। 

ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਸੀਨੀਅਰ ਮੈਂਬਰ ਸਨ। ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਦਰਸ਼ਨ ਆਸ਼ਟ ਜੀ ਨੇ ਉਨਾਂ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟਾਇਆ ਹੈ। ਉਹਨਾਂ ਨੇ ਦੱਸਿਆ ਕਿ ਭੁਪਿੰਦਰ ਜੀ ਲੰਬਾ ਸਮਾਂ ਪੰਜਾਬੀ ਸਾਹਿਤ ਸਭਾ ਦੇ ਸਰਗਰਮ ਮੈਂਬਰ ਰਹੇ ਹਨ। ਭੁਪਿੰਦਰ ਜੀ ਕੁਝ ਲੰਬੇ ਸਮੇਂ ਤੋਂ ਬਿਮਾਰ ਸਨ। ਉਹਨਾਂ ਦੀ ਪੁਸਤਕ ਜਿੰਦਗੀ ਬਨਾਮ ਸੰਘਰਸ਼ ਨੂੰ ਭਾਸ਼ਾ ਵਿਭਾਗ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ ਮਿਲਿਆ ਸੀ।। ਉਨਾਂ ਦੀ ਲਗਨ ਅਤੇ ਪ੍ਰਤਿਭਾ ਬਾਕਮਾਲ ਸੀ। ਉਹਨਾਂ ਦੇ ਇਸ ਤਰ੍ਹਾਂ ਵਿਦਾ ਹੋਣ ਨਾਲ ਪੰਜਾਬੀ ਸਾਹਿਤ ਜਗਤ ਨੂੰ ਇੱਕ ਪ੍ਰਤਿਭਾਸ਼ਾਲੀ ਕਵਿਤਰੀ ਦੀ ਕਮੀ ਮਹਿਸੂਸ ਹੋਈ ਹੈ ਉਥੇ ਹੀ ਸਮਾਜ ਨੂੰ ਇੱਕ ਸੰਵੇਦਨਸ਼ੀਲ ਸੰਵੇਦਨਸ਼ੀਲ ਸ਼ਖਸੀਅਤ ਦੀ ਕਮੀ ਹੋਈ ਹੈ।

ਉਹਨਾਂ ਦੇ ਤੁਰ ਜਾਣ ਨਾਲ ਇੱਕ ਉਦਾਸੀ ਦੀ ਲਹਿਰ ਹੈ ਜਿਹੜੀ ਬਹੁਤ ਹੀ ਮੌਨ ਵੀ ਹੈ। ਉਹਨਾਂ  ਦੀ ਕਮੀ ਤਾਂ ਪੂਰੀ ਨਹੀਂ ਹੋਣੀ ਪਰ ਇਕ ਵਿਗੋਚਾ ਬਣਿਆ ਰਹੇਗਾ। ਫਿਲਹਾਲ ਅਦਾਰਾ ਸਾਹਿਤ ਸਕਰੀਨ ਸਮੇਤ ਅਸੀਂ ਸਾਰੇ ਇਸ ਦੁੱਖ ਵਿੱਚ ਸ਼ਾਮਲ ਹਾਂ। ਸ਼ਾਇਰ ਲੋਕ ਜਦੋਂ ਇਸ ਤਰ੍ਹਾਂ ਬੜੀ ਖਾਮੋਸ਼ੀ ਜਿਹੀ ਨਾਲ,ਅਚਾਨਕ ਤੁਰ ਜਾਂਦੇ ਹਨ ਤਾਂ ਉਦੋਂ ਅਹਿਸਾਸ ਹੁੰਦਾ ਹੈ ਕਿ ਸਾਡੇ ਨਾਲ ਵਾਰਤਾ ਕਰਨ ਲਈ ਉਹ ਬਹੁਤ ਪਹਿਲਾਂ ਹੀ ਆਪਣੀ ਸ਼ਾਇਰੀ ਸਾਡੇ ਲਈ ਛੱਡ ਗਏ ਹਨ। 

ਜਿਹਨਾਂ ਨੇ ਉਹਨਾਂ ਦੇ ਹੁੰਦਿਆਂ ਹੁੰਦਿਆਂ ਉਹਨਾਂ ਨਾਲ ਇਸ ਸ਼ਾਇਰੀ ਬਾਰੇ ਗੱਲਾਂ ਕਰ ਲਈਆਂ-ਉਹ ਸੁਭਾਗੇ ਕਹੇ ਜਾ ਸਕਦੇ ਹਨ।  ਸ਼ਾਇਰੀ ਅਤੇ ਜ਼ਿੰਦਗੀ ਨਾਲ ਸਬੰਧਤ ਇਹਨਾਂ  ਸੁਭਾਗੇ ਪਲਾਂ ਤੋਂ ਵਾਂਝਿਆਂ ਰਹਿ ਜਾਣ ਵਾਲਿਆਂ ਲਈ ਵੀ ਵਿਛੋੜੇ ਦਾ ਇਹ ਸਮਾਂ ਇੱਕ ਅਦ੍ਰਿਸ਼ ਰਹੀ ਕੇ ਮੁੜ ਮਿਲਣ ਦਾ ਹੀ ਹੁੰਦਾ ਹੈ। ਉਹਨਾਂ ਦੀ ਸ਼ਾਇਰੀ ਬਾਰੇ ਚਰਚਾ ਹੁੰਦੀ ਰਹੇ ਇਸ ਬਾਰੇ ਸਾਡੀ ਸੁਚੇਤ ਕੋਸ਼ਿਸ਼ ਵੀ ਰਹੇਗੀ ਅਤੇ ਅਚੇਤ ਵੀ। 

ਜੇ ਤੁਹਾਡੇ ਕੋਲ ਉਹਨਾਂ ਨਾਲ ਜੁੜੀਆਂ ਯਾਦਾਂ ਦਾ ਖਜ਼ਾਨਾ ਮੌਜੂਦ ਹੈ ਤਾਂ ਤੁਸੀਂ ਸਾਨੂੰ ਆਪਣੀਆਂ ਉਹ ਯਾਦਾਂ ਆਪਣੀਆਂ ਲਿਖਤਾਂ ਦੇ ਰੂਪ ਵਿੱਚ ਸਾਹਿਤ ਸਕਰੀਨ ਲਈ ਵੀ ਜ਼ਰੂਰੁ ਭੇਜੋ।  


Saturday, 19 July 2025

ਹਰਨਾਮ ਸਿੰਘ ਡੱਲਾ ਆਪਣੀ ਟੀਮ ਸਮੇਤ ਮਜ਼ਬੂਤੀ ਨਾਲ ਸੰਘਰਸ਼ੀਲ ਹਨ

19th July 2025 at 18:15 Via WhatsApp From H S Dalla Regarding Behrampur Bet

ਇਸ ਟੀਮ ਦਾ ਸੰਦੇਸ਼ ਹੈ: ਤੂੰ ਬਦਲੇ ਹੂਏ ਵਕਤ ਕੀ ਪਹਿਚਾਣ ਬਣੇਗਾ..!

ਤੂੰ ਹਿੰਦੂ ਬਣੇਗਾ ਨ ਮੁਸਲਮਾਨ ਬਣੇਗਾ 


ਖਰੜ/ /ਬਹਿਰਾਮਪੁਰ ਬੇਟ: 19 ਜੁਲਾਈ 2025: (ਮੀਡੀਆ ਲਿੰਕ ਰਵਿੰਦਰ/ /ਹਿੰਦੀ ਸਕਰੀਨ ਡੈਸਕ)::

ਉਮਰ ਵਧਣ ਦੇ ਨਾਲ ਨਾਲ ਦਿਮਾਗਾਂ ਵਿੱਚ ਜਮਾ ਹੋਇਆ ਗਿਆਨ/ਵਿਗਿਆਨ ਏਨਾ ਪੱਕਾ ਹੋ ਜਾਂਦਾ ਹੈ ਕਿ ਛੇਤੀ ਕੀਤੇ ਉਸ ਵਿੱਚ ਕੋਈ ਤਬਦੀਲੀ ਸੰਭਵ ਹੀ ਨਹੀਂ ਲੱਗਦੀ। ਇਸ ਲਈ ਵੱਡਾ ਹੋ ਕੇ ਇਨਸਾਨ ਆਪਣੇ ਪਰਿਵਾਰਿਕ ਧਰਮ ਦੇ ਅਧਾਰ 'ਤੇ ਹੀ ਸੋਚਦਾ ਹੈ। ਨਵਾਂ ਉਸਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਉਹ ਸਿੱਖ ਬਣ ਕੇ ਸੋਚਦਾ ਹੈ, ਹਿੰਦੂ ਬਣ ਕੇ ਸੋਚਦਾ ਹੈ, ਮੁਸਲਿਮ ਜਾਂ ਕ੍ਰਿਸਚੀਅਨ ਬਣ ਕੇ ਸੋਚਦਾ ਹੈ। ਆਪਣੇ ਆਪ ਵਿੱਚ ਇਹ ਕੋਈ ਮਾੜੀ ਗੱਲ ਵੀ ਨਹੀਂ ਪਰ ਦੁੱਖ ਉਦੋਂ ਹੁੰਦਾ ਹੈ ਜਦੋਂ ਉਹ ਇਨਸਾਨ ਬਣਨਾ ਜਾਂ ਇਨਸਾਨ ਬਣ ਕੇ ਸੋਚਣਾ ਭੁੱਲ ਜਾਂਦਾ ਹੈ। ਸ਼ਾਇਦ ਅਜਿਹੀ ਹੀ ਹਾਲਤ ਸੀ ਜਦੋਂ ਪ੍ਰਸਿੱਧ ਫਿਲਮ ਧੂਲ ਕਾ ਫੂਲ ਦਾ ਗੀਤ ਲਿਖਿਆ ਗਿਆ ਸੀ: ਤੂੰ ਹਿੰਦੂ ਬਣੇਗਾ ਨ ਮੁਸਲਮਾਨ ਬਣੇਗਾ .!

1 ਜਨਵਰੀ 1959 ਨੂੰ ਪ੍ਰਸਿੱਧ ਫਿਲਮ "ਧੂਲ ਕਾ ਫੂਲ" ਰਿਲੀਜ਼ ਹੋਈ ਸੀ। ਇਸ ਫਿਲਮ ਦੀ ਕਹਾਣੀ ਉਸੇ ਸਮਾਜਿਕ ਸਮੱਸਿਆ 'ਤੇ ਅਧਾਰਤ ਸੀ ਜਿਸਨੂੰ ਅੱਜਕੱਲ੍ਹ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਕੁਝ ਦਹਾਕੇ ਪਹਿਲਾਂ ਨਾਜਾਇਜ਼ ਬੱਚਾ ਇੱਕ ਵੱਡੀ ਸਮੱਸਿਆ ਹੋਇਆ ਕਰਦਾ ਸੀ। ਨਿਰਮਾਤਾ ਬੀ.ਆਰ. ਚੋਪੜਾ ਨੇ ਇਸ ਵਿਸ਼ੇ 'ਤੇ ਇੱਕ ਸ਼ਾਨਦਾਰ ਫਿਲਮ ਬਣਾਈ ਸੀ ਜਿਸਦਾ ਨਿਰਦੇਸ਼ਨ ਉਨ੍ਹਾਂ ਦੇ ਭਰਾ ਯਸ਼ ਚੋਪੜਾ ਨੇ ਕੀਤਾ ਸੀ। ਇਸਦਾ ਇੱਕ ਡੁਏਟ ਗੀਤ ਬਹੁਤ ਹਿੱਟ ਹੋਇਆ ਸੀ। .ਤੇਰੇ ਪਿਆਰ ਕਾ ਆਸਰਾ ਚਾਹਤਾ ਹੂੰ...ਵਫਾ ਕਰ ਰਿਹਾ ਹੂੰ ਵਫਾ ਚਾਹਤਾ ਹੂੰ...! ਮਸ਼ਹੂਰ ਕਲਾਕਾਰ ਰਾਜੇਂਦਰ ਕੁਮਾਰ ਅਤੇ ਮਾਲਾ ਸਿਨਹਾ 'ਤੇ ਫਿਲਮਾਏ ਗਏ ਇਸ ਗੀਤ ਦੀ ਲੋਕੇਸ਼ਨ ਇੱਕ ਕਾਲਜ ਦੇ ਸਾਲਾਨਾ ਸਮਾਗਮ ਵਜੋਂ ਦਿਖਾਈ ਗਈ ਹੈ। ਇਸ ਦੋਗਾਣੇ ਦੇ ਸਵਾਲ-ਜਵਾਬ//ਵਾਲੇ ਅੰਤਰਿ ਬਹੁਤ ਅਰਥਪੂਰਨ ਸਨ ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਬਾਕੀ ਗੀਤ ਵੀ ਬਹੁਤ ਪਸੰਦ ਕੀਤੇ ਗਏ ਪਰ ਇਹ ਗੀਤ ਬੇਮਿਸਾਲ ਸੀ। 

ਇਨ੍ਹਾਂ ਗੀਤਾਂ ਨੂੰ ਸੰਗੀਤ ਦੀ ਮਲਿਕਾ ਲਤਾ ਮੰਗੇਸ਼ਕਰ ਅਤੇ ਸੰਗੀਤ ਦੇ ਜਾਦੂਗਰ ਮੁਹੰਮਦ ਰਫ਼ੀ ਸਾਹਿਬ ਨੇ ਆਵਾਜ਼ ਦਿੱਤੀ ਸੀ। ਬੋਲ ਸਾਹਿਰ ਲੁਧਿਆਣਵੀ ਸਾਹਿਬ ਨੇ ਲਿਖੇ ਸਨ। ਉਨ੍ਹਾਂ ਦੁਆਰਾ ਲਿਖੇ ਗੀਤ ਸਮਾਜ ਲਈ ਇੱਕ ਖਾਸ ਸੁਨੇਹਾ ਵੀ ਛੱਡਦੇ ਹਨ। ਉਨ੍ਹਾਂ ਨੇ ਇਸ ਫਿਲਮ ਦੇ ਗੀਤਾਂ ਵਿੱਚ ਵੀ ਆਪਣਾ ਇਰਾਦਾ ਪੂਰਾ ਕੀਤਾ। ਇਸ ਫਿਲਮ ਦੇ ਗੀਤਾਂ ਵਿੱਚ ਇੱਕ ਗੀਤ ਸੀ- 

ਤੂੰ  ਹਿੰਦੂ ਬਣੇਂਗਾ, ਨਾ ਮੁਸਲਮਾਨ ਬਣੇਂਗਾ

ਤੂੰ ਨਾ ਹਿੰਦੂ ਬਣੇਂਗਾ, ਨਾ ਮੁਸਲਮਾਨ ਬਣੇਂਗਾ

......ਇਨਸਾਨ ਕੀ ਔਲਾਦ ਹੈ ਇਨਸਾਨ ਬਣੇਗਾ।

ਇਸ ਗੀਤ ਨੂੰ ਸੁਣ ਕੇ, ਇਸ ਗੀਤ ਨੂੰ ਪੜ੍ਹ ਕੇ, ਧਾਰਮਿਕ ਕੱਟੜਤਾ ਅਤੇ ਨਫਰਤੀ ਸਿਆਸਤ ਨਾਲ ਨਫ਼ਰਤ ਹੋਣ ਲੱਗ ਪੈਂਦੀ ਹੈ। ਮਨ ਵਿੱਚ ਕਈ ਸਵਾਲ ਉੱਠਦੇ ਹਨ। ਕੁਝ ਲੋਕਾਂ ਨੂੰ ਇਹ ਵੀ ਲੱਗਦਾ ਸੀ ਕਿ ਇਹ ਗੀਤ ਸਾਮਵਾਦ ਦਾ ਸੰਦੇਸ਼ ਫੈਲਾਉਂਦਾ ਹੈ ਕਿਉਂਕਿ ਸਾਹਿਰ ਲੁਧਿਆਣਵੀ ਆਪਣੇ ਵਿਚਾਰਾਂ ਵਿੱਚ ਖੱਬੇਪੱਖੀ ਵਜੋਂ ਜਾਣੇ ਜਾਂਦੇ ਸਨ। ਚਾਹੇ ਉਨ੍ਹਾਂ ਦੀਆਂ ਕਵਿਤਾਵਾਂ/ਗੀਤ ਤਾਜ ਮਹਿਲ ਬਾਰੇ ਹੋਣ ਜਾਂ ਵੋ ਸੁਬਹ ਕਭੀ ਤੋ ਆਏਗੀ-ਉਨ੍ਹਾਂ ਦਾ ਸੰਦੇਸ਼ ਹਮੇਸ਼ਾ ਇਸ ਵਿਚਾਰਧਾਰਾ ਦਾ ਸੰਦੇਸ਼ ਫੈਲਾਉਂਦਾ ਜਾਪਦਾ ਸੀ।

ਖੈਰ, ਦਹਾਕੇ ਬੀਤ ਗਏ ਹਨ ਪਰ ਅੱਜ ਵੀ ਇਨ੍ਹਾਂ ਗੀਤਾਂ ਦਾ ਜਾਦੂ ਘੱਟ ਨਹੀਂ ਹੋਇਆ ਹੈ। ਨਤੀਜਾ ਇਹ ਹੈ ਕਿ ਅੱਜ ਵੀ ਕਈ ਵਾਰ ਸਿੱਖਿਆ ਨੀਤੀ ਬਾਰੇ ਅਤੇ ਕਦੇ ਧਰਮ ਬਾਰੇ ਵਿਵਾਦ ਹੁੰਦਾ ਹੈ। ਇਨ੍ਹਾਂ ਵਿਵਾਦਾਂ ਦੇ ਬਾਵਜੂਦ, ਉਹ ਸੰਦੇਸ਼ ਫੈਲਦੇ ਰਹਿੰਦੇ ਹਨ ਜਿਨ੍ਹਾਂ ਨੂੰ ਫੈਲਾਉਣ ਵਿੱਚ ਸਾਹਿਰ ਲੁਧਿਆਣਵੀ ਸਾਹਿਬ ਨੇ ਵੀ ਅਗਵਾਈ ਕੀਤੀ ਸੀ।

ਅੱਜ ਦੇ ਲੇਖਕ ਅਤੇ ਕਵੀ ਵੀ ਹੁਣ ਵੱਡਿਆਂ ਨੂੰ ਸਮਝਾਉਣ ਦੀ ਬਜਾਏ ਛੋਟੇ ਬੱਚਿਆਂ ਨੂੰ ਸਮਝਾਉਣ ਦੀ ਮੁਹਿੰਮ ਚਲਾਉਣ ਵਿੱਚ ਲੱਗੇ ਹੋਏ ਹਨ। ਪੰਜਾਬੀ ਲੇਖਕ ਅਤੇ ਪੱਤਰਕਾਰ ਹਰਨਾਮ ਸਿੰਘ ਡੱਲਾ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਸਕੂਲਾਂ ਵਿੱਚ ਜਾ ਕੇ ਵੱਡੇ ਦਿਲ ਵਾਲੇ ਅਤੇ ਇਮਾਨਦਾਰ ਇਨਸਾਨ ਬਣਾਉਣ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਦੀ ਟੀਮ ਵੀ ਉਨ੍ਹਾਂ ਦੇ ਨਾਲ ਹੈ ਅਤੇ ਬੱਚਿਆਂ ਨੂੰ ਨਵੀਆਂ ਕਿਤਾਬਾਂ ਸੌਂਪਦੇ ਸਮੇਂ, ਉਹ ਉਨ੍ਹਾਂ ਨੂੰ ਇਹ ਵੀ ਯਾਦ ਦਿਵਾਉਂਦੇ ਹਨ ਕਿ ਉਨ੍ਹਾਂ ਨੂੰ ਇਹ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ਅਤੇ ਉਹ ਵੀ ਪੂਰੇ ਧਿਆਨ ਨਾਲ। ਕੁਝ ਹਫ਼ਤਿਆਂ ਬਾਅਦ, ਬੱਚਿਆਂ ਦੀ ਜਾਂਚ ਦੇ ਉਦੇਸ਼ ਨਾਲ ਕੁਝ ਸਵਾਲ ਵੀ ਪੁੱਛੇ ਜਾਂਦੇ ਹਨ।

ਹੁਣ ਜਦੋਂ ਕੁਝ ਸੰਸਥਾਵਾਂ ਅਤੇ ਸਿਆਸਤਦਾਨ ਬੱਚਿਆਂ ਦੀ ਸੋਚ ਨੂੰ ਸੰਕੁਚਿਤ ਕਰਨ ਵਿੱਚ ਰੁੱਝੇ ਹੋਏ ਹਨ, ਤਾਂ ਹਰਨਾਮ ਸਿੰਘ ਡੱਲਾ ਅਤੇ ਉਨ੍ਹਾਂ ਦੀ ਟੀਮ ਬੱਚਿਆਂ ਦੀ ਮਾਨਸਿਕਤਾ ਨੂੰ ਖੁੱਲ੍ਹੇ ਦਿਲ ਵਾਲਾ ਬਣਾਉਣ ਵਿੱਚ ਰੁੱਝੇ ਹੋਏ ਹਨ। ਜੇਕਰ ਤੁਹਾਨੂੰ ਉਨ੍ਹਾਂ ਦੇ ਯਤਨ ਪਸੰਦ ਹਨ, ਤਾਂ ਤੁਸੀਂ ਵੀ ਉਨ੍ਹਾਂ ਨਾਲ ਜੁੜ ਸਕਦੇ ਹੋ। ਉਨ੍ਹਾਂ ਦੀ ਟੀਮ ਵਿੱਚ ਸਾਹਿਤ ਸਭਾ ਰਜਿਸਟਰਡ ਬਹਿਰਾਮਪੁਰ ਬੇਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਕੁਝ ਹੋਰ ਲੋਕ ਵੀ ਸ਼ਾਮਲ ਹਨ।

ਇਸ ਟੀਮ ਦੇ ਸਰਗਰਮ ਮੈਂਬਰ ਹਰਨਾਮ ਸਿੰਘ ਡੱਲਾ ਦਾ ਮੋਬਾਈਲ ਫੋਨ ਨੰਬਰ ਹੈ: +91 94177 73283

Saturday, 5 July 2025

ਲੁਧਿਆਣਾ ਵਿੱਚ ਫਿਰ ਜ਼ੋਰ ਫੜ੍ਹ ਰਿਹਾ ਹੈ ਮੁਫ਼ਤ ਵਾਲਾ ਪੁਸਤਕ ਕਲਚਰ

Received on 5th July 2025 at 4:43 PM Regarding Book Club Culture 

ਪੁਸਤਕਾਂ ਨਾਲ ਹੀ ਠੱਲ੍ਹ ਪਏਗੀ ਹਥਿਆਰਾਂ ਵਾਲੇ ਹਿੰਸਕ ਵਰਤਾਰੇ ਨੂੰ 

ਲੁਧਿਆਣਾ ਦੇ ਬ੍ਰਿਜਭੂਸ਼ਨ ਗੋਇਲ ਹੁਰਾਂ ਵੱਲੋਂ ਆਈ ਹੈ  ਸ਼ੁਭਸ਼ਗਨ ਵਾਲੀ ਖਬਰ 


ਲੁਧਿਆਣਾ: 5 ਜੁਲਾਈ 2025: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਦੇਸ਼, ਦੁਨੀਆ ਅਤੇ ਬ੍ਰਹਿਮੰਡ ਜਿੰਨੇ ਮਰਜ਼ੀ ਵਿਸ਼ਾਲ ਹੋਣ ਪਰ ਅਸਾਡੇ ਦਿਲਾਂ ਵਿੱਚ ਸਮਾਉਣ ਜੋਗੇ ਵੀ ਹਮੇਸ਼ਾਂ ਹੀ ਰਹਿੰਦੇ ਹਨ। ਉਹਨਾਂ ਨੂੰ ਆਪਣੇ ਕਲਾਵੇ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ।  ਅਸੀਂ ਆਪਸ ਵਿੱਚ ਜਿੰਨੇ ਮਰਜ਼ੀ ਦੂਰ ਵੀ ਹੋਈਏ ਪਰ ਏਨੇ ਦੂਰ ਤਾਂ ਕਦੇ ਵੀ ਨਹੀਂ ਕਿ ਸਾਡੇ ਅਹਿਸਾਸ ਇੱਕ ਦੂਜੇ ਤੱਕ ਨਾ ਪਹੁੰਚਣ ਅਤੇ ਇੱਕ ਦੂਜੇ 'ਤੇ ਆਪਣਾ ਅਸਰ ਨਾ ਪਾਉਣ। 

ਗਾਜ਼ਾ ਪੱਟੀ 'ਤੇ ਹੋਈਆਂ ਬੰਬਾਰੀਆਂ ਨਾਲ ਜਦੋਂ ਉਥੋਂ ਦੇ ਮਾਸੂਮ ਬੱਚੇ ਬੱਚੀਆਂ ਵੀ ਲੂਹੇ ਗਏ ਤਾਂ ਦੁਨੀਆ ਭਰ ਵਿੱਚ ਇਸ ਅਣਮਨੁੱਖੀ ਜ਼ੁਲਮ ਦੇ ਖਿਲਾਫ ਕਵਿਤਾਵਾਂ ਵੀ ਲਿਖੀਆਂ ਗਈਆਂ। ਤਸਵੀਰਾਂ ਵੀ ਕਲਿੱਕ ਕੀਤੀਆਂ ਗਈਆਂ ਅਤੇ ਸਾਹਿਤ ਵੀ ਰਚਿਆ ਗਿਆ। ਕਵੀ ਸ਼ਾਇਦ ਬੰਦੂਕ ਜਾਂ ਤੋਪ ਦਾ ਮੁਕਾਬਲਾ ਨਾ ਕਰ ਸਕੇ ਪਰ ਉਸਦੀ ਕਵਿਤਾ ਗੋਲੀਆਂ, ਬੰਦੂਕਾਂ ਅਤੇ ਮਿਜ਼ਾਈਲਾਂ ਚਲਾਉਣ ਵਾਲਿਆਂ ਦੇ ਦਿਲਾਂ ਨੂੰ ਬੇਦਿਲ ਜ਼ਰੂਰ ਕਰ ਦੇਂਦੀ ਹੈ। ਉਹਨਾਂ ਨੂੰ ਸੋਚਣ ਜ਼ਰੂਰ ਲਾ ਦੇਂਦੀ ਹੈ।  ਸੋਚ ਦਾ ਰੁੱਖ ਜ਼ਰੂਰ ਬਦਲਣ ਲੱਗ ਪੈਂਦੀ ਹੈ ਜਿਸ ਨਾਲ ਗਲਤ  ਐਕਸ਼ਨ ਛੁੱਟਣ ਲੱਗ ਪੈਂਦੇ ਹਨ। 

ਸਾਡੇ ਪੰਜਾਬ ਵਿੱਚ ਵੀ ਕੁਝ ਦਹਾਕੇ ਪਹਿਲਾਂ ਗੀਤ ਲਿਖੇ ਗਏ ਸਨ। ਆਮ ਲੋਕਾਂ ਨੂੰ ਮਿਲਦੀ ਬੇਇਨਸਾਫ਼ੀ ਦੇ ਚੱਲਦਿਆਂ ਇੱਕ ਗੀਤ ਬੜਾ ਚੱਲਿਆ ਸੀ---ਚੱਕ ਲੋ ਰਿਵਾਲਵਰ ਰਫਲਾਂ ਕਿ ਬਦਲਾ ਲੈਣਾ ਹੈ...! ਇੱਕ ਹੋਰ ਗੀਤ ਵੀ ਪ੍ਰਸਿੱਧ ਹੋਇਆ ਸੀ-ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ.....!  

ਕਿਸੇ ਵੇਲੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਵੀ ਲਿਖਿਆ ਸੀ:

ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ,
ਪੈਰ ਧਰਨ ਦੇ ਮੈਨੂੰ ਰਕਾਬ ਉੱਤੇ।
ਸਾਡੇ ਦੇਸ਼ 'ਤੇ ਬਣੀ ਹੈ ਭੀੜ ਭਾਰੀ,
ਟੁੱਟ ਪਏ ਨੇ ਵੈਰੀ ਪੰਜਾਬ ਉੱਤੇ।

ਹਾਲਾਂਕਿ ਹੁਣ ਵੀ ਗੋਲੀਆਂ ਦੀਆਂ ਅਵਾਜ਼ਾਂ ਭਾਰੂ ਹਨ। ਗੈਂਗਸਟਰ ਦਨਦਨਾਉਂਦੇ ਫਿਰਦੇ ਹਨ। ਰੋਜ਼ਾਨਾ ਫਾਇਰਿੰਗ ਅਤੇ ਕਤਲੋਗਾਰਤ ਦੀਆਂ ਖਬਰਾਂ ਆਉਂਦੀਆਂ ਹਨ। ਗਲੀਆਂ, ਬਾਜ਼ਾਰ ਸੁਰੱਖਿਅਤ ਨਹੀਂ ਰਹੇ। ਫਿਰ ਵੀ ਪੁਸਤਕ ਕਲਚਰ ਵੱਧ ਰਿਹਾ ਹੈ।

ਲੁਧਿਆਣਾ ਦੇ ਪੁਸਤਕ ਕਲਚਰ ਨੂੰ ਲਗਾਤਾਰ ਹੋਰ ਉਤਸ਼ਾਹ ਮਿਲ ਰਿਹਾ ਹੈ। ਇਹ ਬਹੁਤ ਸ਼ੁਭ ਵਰਤਾਰੇ ਦੀ ਖਬਰ ਹੈ। ਹਾਲ ਹੀ ਵਿੱਚ ਸੀਨੀਅਰ ਸਿਟੀਜ਼ਨ ਹੋਮ ਦੇ ਪ੍ਰਵੇਸ਼ ਦੁਆਰ ਤੇ ਇੱਕ ਹੋਰ ਮਿੰਨੀ ਬੁੱਕ ਬੈਂਕ ਸਥਾਪਿਤ ਕੀਤਾ ਗਿਆ ਹੈ। ਲੋਕਾਂ ਵਿੱਚ ਵੱਧ ਰਹੇ ਇਸ ਪੁਸਤਕ ਪ੍ਰੇਮ ਨੂੰ ਹੋਰ ਹੁਲਾਰਾ ਦੇਣ ਲਈ ਇਸ ਨੂੰ ਜੀ ਆਈਆਂ ਆਖਿਆ ਜਾਣਾ ਚਾਹੀਦਾ ਹੈ। 

ਲੁਧਿਆਣਾ ਬੁੱਕ ਕਲੱਬ, ਸ਼ਹਿਰ ਦੇ ਅਧਿਆਪਕਾਂ, ਵਿਗਿਆਨੀਆਂ, ਬੈਂਕਰਾਂ ਅਤੇ ਸੇਵਾਮੁਕਤ ਸੀਨੀਅਰ ਨਾਗਰਿਕਾਂ ਦਾ ਇੱਕ ਸਮੂਹ ਚਲਾ ਰਿਹਾ ਹੈ ਜਿਹੜਾ ਕਿਤਾਬ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਸਿੱਧ ਬਣਾਉਣ ਲਈ ਇੱਕ ਮਿਸ਼ਨ ਮੋਡ 'ਤੇ ਹੈ। ਮੈਂਬਰਾਂ ਨੇ ਹੁਣ ਰਾਜਗੁਰੂ ਨਗਰ ਸੀਨੀਅਰ ਸਿਟੀਜ਼ਨ ਹੋਮ ਦੇ ਪ੍ਰਵੇਸ਼ ਦੁਆਰ 'ਤੇ ਇੱਕ ਹੋਰ ਮਿੰਨੀ ਬੁੱਕ ਬੈਂਕ ਸਥਾਪਤ ਕੀਤਾ ਹੈ। 

ਬਹੁਤ ਸਾਰੀਆਂ ਕਿਤਾਬਾਂ ਵਾਲਾ ਇਹ ਮਿੰਨੀ ਬੁੱਕ ਬੈਂਕ ਸੇਵਾਮੁਕਤ ਪ੍ਰਿੰਸੀਪਲ ਪਰਮਜੀਤ ਸਿੰਘ ਗਰੇਵਾਲ ਦੁਆਰਾ ਦਾਨ ਕੀਤਾ ਗਿਆ ਹੈ, ਜੋ ਪਹਿਲਾਂ ਹੀ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ 5 ਹੋਰ ਅਜਿਹੇ ਕਿਤਾਬ ਬੈਂਕ ਸਥਾਪਤ ਕਰ ਚੁੱਕੇ ਹਨ। 

ਹੋਰ ਮੈਂਬਰ ਨਿਯਮਿਤ ਤੌਰ 'ਤੇ ਅਜਿਹੇ ਮਿੰਨੀ ਬੁੱਕ ਬੈਂਕਾਂ ਵਿੱਚ ਹੋਰ ਕਿਤਾਬਾਂ ਵੀ ਜੋੜਦੇ ਹਨ ਜੋ "ਕਿਤਾਬ ਪ੍ਰਾਪਤ ਕਰੋ-ਪੜ੍ਹੋ-ਵਾਪਸ ਕਰੋ" ਥੀਮ 'ਤੇ ਅਧਾਰਤ ਸਾਰਿਆਂ ਲਈ 24x7 ਖੁੱਲ੍ਹੇ ਹਨ। 

ਇਸ ਕਲੱਬ ਦੇ ਮੈਂਬਰਾਂ ਨੇ ਦੁਹਰਾਇਆ ਕਿ ਕਿਤਾਬ ਪੜ੍ਹਨਾ ਸਮਾਜ ਦੀਆਂ ਬੁਰਾਈਆਂ ਅਤੇ ਵਿਅਕਤੀਗਤ ਜੀਵਨ ਦੀਆਂ ਚੁਣੌਤੀਆਂ ਦੇ ਹੱਲ ਲੱਭਣ ਲਈ ਰਾਮਬਾਣ ਇਲਾਜ ਹੈ। ਮੈਂਬਰਾਂ ਨੇ ਦੁਬਾਰਾ ਅਪੀਲ ਕੀਤੀ ਹੈ ਕਿ ਲੁਧਿਆਣਾ ਵਿੱਚ ਪੰਜਾਬ ਯੂਨੀਵਰਸਿਟੀ ਐਕਸਟੈਂਸ਼ਨ ਲਾਇਬ੍ਰੇਰੀ ਨੂੰ 7 ਦਿਨਾਂ ਲਈ ਖੋਲ੍ਹਿਆ ਜਾਵੇ ਜਿਵੇਂ ਕਿ ਇਹ ਪਹਿਲਾਂ ਕਈ ਦਹਾਕਿਆਂ ਤੋਂ ਸੀ ਪਰ ਹੁਣ ਇਸਨੂੰ ਤਰਕਹੀਣ ਤੌਰ 'ਤੇ ਸਿਰਫ 5 ਦਿਨਾਂ ਲਈ ਖੋਲ੍ਹਿਆ ਜਾਂਦਾ ਹੈ। 

ਇਹਨਾਂ ਮੈਂਬਰਾਂ ਨੇ ਇਹ ਵੀ ਮੰਗ ਕੀਤੀ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਇੱਕ ਰੀਡਿੰਗ ਰੂਮ ਅਤੇ ਪਬਲਿਕ ਲਾਇਬ੍ਰੇਰੀ ਲਈ ਜਗ੍ਹਾ ਹੋਣੀ ਚਾਹੀਦੀ ਹੈ। ਮੈਂਬਰ ਨਿਯਮਿਤ ਤੌਰ 'ਤੇ ਜੀਵਨ ਜਿਊਣ ਦੀ ਕਲਾ ਦੇ ਵਿਸ਼ੇ 'ਤੇ ਕਿਤਾਬਾਂ ਦੀਆਂ ਸਮੀਖਿਆਵਾਂ ਅਤੇ ਭਾਸ਼ਣਾਂ ਦਾ ਆਯੋਜਨ ਵੀ ਕਰਦੇ ਹਨ। ਸੀਨੀਅਰ ਨਾਗਰਿਕਾਂ ਲਈ ਧਿਆਨ 'ਤੇ ਦਿਨ ਦੇ ਇੰਟਰਐਕਟਿਵ ਸੈਸ਼ਨ ਵਿੱਚ ਪ੍ਰੋ. ਰਜਿੰਦਰ ਸਿੰਘ ਮੁੱਖ ਬੁਲਾਰੇ ਸਨ। 

ਇਹਨਾਂ ਮੈਂਬਰਾਂ ਨੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਈ ਕਿ ਸੰਸਥਾਗਤ ਧਰਮਾਂ ਦੇ ਰਸਮਾਂ ਮਹੱਤਵਪੂਰਨ ਨਹੀਂ ਹਨ ਪਰ ਜੀਵਨ ਦੀ ਸੱਚਾਈ ਨੂੰ ਜਾਣਨ ਲਈ ਇੱਕ ਤਰਕਸ਼ੀਲ ਪਹੁੰਚ ਮਹੱਤਵਪੂਰਨ ਹੈ। ਸੈਸ਼ਨ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪ੍ਰੋਫੈਸਰ ਡਾ. ਐਮ.ਐਸ. ਤੂਰ, ਬ੍ਰਿਜ ਭੂਸ਼ਣ ਗੋਇਲ, ਪ੍ਰੋਫੈਸਰ ਪੀ.ਐਸ. ਗਰੇਵਾਲ, ਪ੍ਰੋਫੈਸਰ ਬਹਾਦਰ ਸਿੰਘ, ਡਾ. ਗੁਰਚਰਨ ਸਿੰਘ, ਪਰਮਿੰਦਰ ਕੌਰ, ਪ੍ਰੋਫੈਸਰ ਡਾ. ਜੀ.ਐਸ. ਆਹਲੂਵਾਲੀਆ, ਡਾ. ਐਸ.ਐਸ. ਔਲਖ, ਹਰਚਰਨਜੀਤ ਸਿੰਘ (ਆਈ.ਏ.ਐਸ.) ਸੇਵਾਮੁਕਤ, ਪੀ.ਓ.ਐਫ. ਜਗਮੋਹਨ ਸਿੰਘ ਸਿੱਧੂ, ਪ੍ਰੋਫੈਸਰ ਬਲਜਿੰਦਰ ਸਿੰਘ, ਪ੍ਰੋਫੈਸਰ ਰਾਜਵਰ ਸਿੰਘ ਅਤੇ ਹਰਸਿਮਰ ਕੌਰ ਸ਼ਾਮਲ ਹਨ। 

ਬ੍ਰਿਜ ਭੂਸ਼ਣ ਗੋਇਲ, ਜਿਹੜੇ ਕਿ ਮੈਂਬਰ ਲੁਧਿਆਣਾ ਬੁੱਕ ਕਲੱਬ ਦੇ ਮੈਂਬਰ ਵੀ ਹਨ ਵੀ ਇਸ ਮਕਸਦ ਲਈ ਉਚੇਚ ਨਾਲ ਸਰਗਰਮ ਵੀ ਹਨ। ਕਿੰਨਾ ਚੰਗਾ ਹੋਵੇ ਜੇਕਰ ਤੁਸੀਂ ਵੀ ਇਸ ਕਾਫ਼ਿਲੇ ਨਾਲ ਛੇਤੀ ਆ ਰਲੋ। ਸ਼ਰਾਬਾਂ, ਸ਼ਬਾਬਾਂ ਅਤੇ ਹੋਰ ਦਿਖਾਵਿਆਂ ਲਈ ਬਹੁਤ ਕੁਝ ਹੋ ਚੁੱਕਿਆ ਆਓ ਹੁਣ ਕੁਝ ਸਮਾਂ ਕਿਤਾਬਾਂ ਲਈ ਵੀ ਦੇਈਏ। ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਉਹਨਾਂ ਦੇ ਮੋਬਾਈਲ ਫੋਨ ਦਾ ਨੰਬਰ- 94176-00666

ਇੱਸੇ ਵਿਸ਼ੇ 'ਤੇ ਹਿੰਦੀ ਵਿੱਚ ਇਰਦ ਗਿਰਦ ਵੀ ਪੜ੍ਹੋ 

Thursday, 3 July 2025

ਪੀਪਲਜ਼ ਪਬਲਿਸ਼ਿੰਗ ਹਾਊਸ ਨਵੀਂ ਦਿੱਲੀ ਵੱਲੋਂ ਪ੍ਰਕਾਸ਼ਿਤ ਪੁਸਤਕ ਦਾ ਲੋਕ ਅਰਪਣ

Got From CPI SS FB on Thursday 3rd July 2025 at 04:51PM Regarding Book Release

ਵਿਜੇਂਦਰ ਸਿੰਘ ਨਿਰਮਲ ਅਤੇ ਅਨਿਲ ਰਾਜੀਮਵਾਲੇ ਨੇ ਲਿਖੀ ਹੈ ਪੁਸਤਕ 


ਨਵੀਂ ਦਿੱਲੀ
: 3 ਜੁਲਾਈ 2025: (ਮੀਡੀਆ ਲਿੰਕ ਰਵਿੰਦਰ/ /ਕਾਮਰੇਡ ਸਕਰੀਨ ਡੈਸਕ)::

ਸੀਪੀਆਈ ਨਾਲ ਸਬੰਧਤ ਸੋਸ਼ਲ ਮੀਡੀਆ ਨੇ ਵੀਰਵਾਰ 3 ਜੁਲਾਈ 2025 ਸ਼ਾਮ 04:51 ਵਜੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ। ਇਹ ਕਿਤਾਬ ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਸਿਧਾਂਤਕਾਰ ਕਾਮਰੇਡ ਅਨਿਲ ਰਾਜੀਮਵਾਲੇ ਹੁਰਾਂ ਨੇ ਲਿਖੀ ਹੋਈ ਹੈ ਅਤੇ ਇਸ ਵਿੱਚ ਅਤੀਤ ਦੇ ਹਵਾਲਿਆਂ ਨਾਲ ਮੌਜੂਦਾ ਦੌਰ ਨਾਲ ਜੁੜਿਆ ਹੋਇਆ ਵੀ ਬਹੁਤ ਕੁਝ ਹੈ। ਇਸ ਪੁਸਤਕ ਨੂੰ ਹਾਲ ਹੀ ਵਿੱਚ ਦਿੱਲੀ ਵਿੱਚ ਰਿਲੀਜ਼ ਕੀਤਾ ਗਿਆ ਸੀ। ਵਿਜੇਂਦਰ ਸਿੰਘ ਨਿਰਮਲ ਅਤੇ ਅਨਿਲ ਰਾਜੀਮਵਾਲੇ ਹੁਰਾਂ ਵੱਲੋਂ ਲਿਖੀ ਗਈ ਇਸ ਪੁਸਤਕ ਵਿੱਚ ਬਹੁਤ ਕੁਝ ਅਜਿਹਾ ਹੈ ਜਿਹੜਾ ਮੌਜੂਦਾ ਸੰਘਰਸ਼ਾਂ ਦੌਰਾਨ ਖੱਬੇ ਪੱਖੀਆਂ ਨੂੰ ਸੇਧ ਦੇ ਸਕਦਾ ਹੈ। ਇਸ ਪੁਸਤਕ ਵਿਚਲੀ ਸਮਗਰੀ ਜਿੱਥੇ ਸਿਧਾਂਤਕ ਤੌਰ ਤੇ ਸੇਧ ਦੇਣ ਵਾਲੀ ਹੈ ਉੱਥੇ ਸੰਘਰਸ਼ਾਂ ਦੇ ਅਮਲੀ ਪਿੜ ਵਿੱਚ ਵੀ ਕਦਮ ਕਦਮ 'ਤੇ ਰੌਸ਼ਨੀ ਦਿਖਾਉਂਦੀ ਹੈ। 

ਪਾਰਟੀ ਦੇ ਸਿਧਾਂਤਾਂ ਬਾਰੇ ਡੂੰਘੀ ਜਾਣਕਾਰੀ ਰੱਖਣ ਵਾਲੇ ਵਿਜੇਂਦਰ ਸਿੰਘ ਨਿਰਮਲ ਅਤੇ ਅਨਿਲ ਰਾਜੀਮਵਾਲੇ ਦੁਆਰਾ ਲਿਖੀ ਗਈ ਇੱਕ ਸ਼ਾਨਦਾਰ ਨਵੀਂ ਕਿਤਾਬ 'ਭਾਰਤ ਵਿੱਚ ਖੇਤੀਬਾੜੀ ਮਜ਼ਦੂਰ ਅੰਦੋਲਨ ਦੀਆਂ ਇਤਿਹਾਸਕ ਵਿਸ਼ੇਸ਼ਤਾਵਾਂ' ਸੀਪੀਆਈ ਦੇ ਜਨਰਲ ਸਕੱਤਰ ਡੀ. ਰਾਜਾ ਦੁਆਰਾ ਅਜੋਏ ਭਵਨ, ਨਵੀਂ ਦਿੱਲੀ ਵਿਖੇ ਸੀਪੀਆਈ ਦੀ ਰਾਸ਼ਟਰੀ ਪ੍ਰੀਸ਼ਦ ਦੀ ਮੀਟਿੰਗ ਦੌਰਾਨ ਜਾਰੀ ਕੀਤੀ ਗਈ। ਇਹ ਕਿਤਾਬ ਪੀਪਲਜ਼ ਪਬਲਿਸ਼ਿੰਗ ਹਾਊਸ (ਪੀਪੀਐਚ), ਨਵੀਂ ਦਿੱਲੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਨੂੰ ਰਿਲੀਜ਼ ਕਰਨ ਦਾ ਸ , ਸਮਾਗਮ ਵੀ ਬੜਾ ਯਾਦਗਾਰੀ ਰਿਹਾ। 

ਜ਼ਿਕਰਯੋਗ ਹੈ ਕਿ ਇਹ ਰਿਲੀਜ਼ ਸੀਪੀਆਈ ਦੇ ਕੌਮੀ ਸਕੱਤਰੇਤ ਮੈਂਬਰ ਰਾਮ ਕ੍ਰਿਸ਼ਨ ਪਾਂਡਾ, ਪੀਪੀਐਚ ਦੇ ਪ੍ਰਬੰਧ ਨਿਰਦੇਸ਼ਕ ਡਾ. ਭਾਲਚੰਦਰ ਕਾਂਗੋ ਅਤੇ ਬੀਕੇਐਮਯੂ ਦੇ ਜਨਰਲ ਸਕੱਤਰ ਗੁਲਜ਼ਾਰ ਗੋਰੀਆ ਦੀ ਮੌਜੂਦਗੀ ਵਿੱਚ ਹੋਈ। ਇਹਨਾਂ ਦੀ ਮੌਜੂਦਗੀ ਨਾਲ ਇਸ ਪੁਸਤਕ ਦਾ ਇਹ ਰਿਲੀਜ਼ ਸਮਾਗਮ ਹੋਰ ਵੀ ਯਾਦਗਾਰੀ ਅਤੇ ਮਹਤਵਪੁਰਨ ਬਣ ਗਿਆ। 

Tuesday, 1 July 2025

ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਵਿਚਾਰ ਚਰਚਾ ਨਾਲ ਅਨੁਵਾਦ ਕਾਰਜਾਂ ਨੂੰ ਨਵਾਂ ਹੁਲਾਰਾ

Received on Sunday 1st July 2025 at 5:05 PM by Email 

ਹਿੰਦੀ ਕਾਵਿ ਸੰਗ੍ਰਹਿ ਦੇ ਪੰਜਾਬੀ ਅਨੁਵਾਦ ਦਾ ਸਫਲ ਲੋਕ ਅਰਪਣ 


ਸਾਹਿਬਜ਼ਾਦਾ ਅਜੀਤ ਸਿੰਘ ਨਗਰ:01 ਜੁਲਾਈ 2025: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

ਪਿਛਲੇ ਕੁਝ ਅਰਸੇ ਦੌਰਾਨ ਜਦੋਂ ਕੁਝ ਵਰਗਾਂ ਨੇ ਇੱਕ ਵਾਰ ਫੇਰ ਭਾਸ਼ਾ ਨੂੰ ਹਥਿਆਰ ਬਣਾ ਕੇ ਨਫਰਤਾਂ ਦੀ ਸਿਆਸਤ ਸ਼ੁਰੂ ਕੀਤੀ ਸੀ ਤਾਂ ਮਾਹੌਲ ਖਰਾਬ ਹੋਣ ਲੱਗ ਪਿਆ ਸੀ. ਹਿੰਦੀ ਲਿਖੇ ਬੋਰਡਾਂ ਤੇ ਕਾਲਿਖ ਪੋਤ ਕੇ ਦਿੱਤਾ ਗਿਆ ਨਫਰਤੀ ਸੁਨੇਹਾ ਕਿਸੇ ਵੀ ਤਰ੍ਹਾਂ ਸਿਹਤਮੰਦ ਨਹੀਂ ਸੀ। 

ਇਸ ਹਨੇਰੀ ਦਾ ਸਾਹਮਣਾ ਕਰਨ ਵਾਲੇ ਦਲੇਰ ਭਾਸ਼ਾ ਪ੍ਰੇਮੀ ਵੀ ਮੈਦਾਨ ਵਿੱਚ ਨਿਕਲੇ ਸਨ ਪਰ ਉਹਨਾਂ ਦੀ ਗਿਣਤੀ ਬੜੀ ਘੱਟ ਸੀ। ਸਦੀਆਂ ਪੁਰਾਣੀ ਹਕੀਕਤ ਇਹੀ ਹੈ ਕਿ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਸੰਸਕ੍ਰਿਤ ਅਤੇ ਫਾਰਸੀ ਇਹਨਾਂ ਸਭਨਾਂ ਦੀਆਂ ਬਹੁਤ ਸਾਰੀਆਂ ਖੂਬੀਆਂ ਹਨ। ਇਹਨਾਂ ਸਭਨਾਂ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਮਿਠਾਸ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਾਲੇ ਆਪਣੇ ਜ਼ਿਲ੍ਹਾ ਦਫਤਰ ਵਿੱਚ ਕੀਤਾ ਹੈ ਸਾਹਿਤਿਕ ਆਯੋਜਨ ਜਿੱਥੇ ਇਸ ਮਿਠਾਸ ਅਤੇ ਖੂਬੀਆਂ ਨੂੰ ਵਧਾਉਣ ਵਾਲਾ ਸੀ ਉਥੇ ਅਨੁਵਾਦ ਕਾਰਜਾਂ ਨੂੰ ਵੀ ਹੁਲਾਰਾ ਦੇਣ ਵਾਲਾ ਸੀ।  

ਇਸ ਮੌਕੇ ਅੰਮ੍ਰਿਤ ਰੰਜਨ ਦੀ ਹਿੰਦੀ ਕਾਵਿ ਪੁਸਤਕ ‘ਜਹਾਂ ਨਹੀਂ ਗਯਾ’ ਦੇ ਪੰਜਾਬੀ ਅਨੁਵਾਦ ਵਾਲੀ ਪੁਸਤਕ ਨੂੰ ਰਿਲੀਜ਼ ਕੀਤਾ ਗਿਆ ਸੀ। ਇਸਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ ਗੁਰਿੰਦਰ ਸਿੰਘ ਕਲਸੀ ਵੱਲੋਂ  ਜਿਸਦਾ ਟਾਈਟਲ ਹੈ-'ਜਿੱਥੇ ਨਹੀਂ ਗਿਆ' .ਇਸ ਮਕਸਦ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਇਸ ਅਨੁਵਾਦਿਤ ਕਾਵਿ-ਸੰਗ੍ਰਹਿ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਲੋਕ ਅਰਪਣ ਵੀ ਕੀਤਾ ਗਿਆ ਅਤੇ ਇਸ ਸੰਬੰਧੀ ਵਿਚਾਰ ਚਰਚਾ ਵੀ ਆਯੋਜਿਤ ਕੀਤੀ ਗਈ। 

ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਦੇ ਵਿਹੜੇ ਸਾਹਿਤਕ ਸੱਥ ਵੱਲੋਂ ਕਲ੍ਹ ਹਿੰਦੀ ਕਵੀ ਸ਼੍ਰੀ ਅੰਮ੍ਰਿਤ ਰੰਜਨ ਦੀ ਕਾਵਿ ਪੁਸਤਕ ‘ਜਹਾਂ ਨਹੀਂ ਗਯਾ’ ਦਾ ਗੁਰਿੰਦਰ ਸਿੰਘ ਕਲਸੀ ਵੱਲੋਂ ਕੀਤਾ ਗਿਆ ਪੰਜਾਬੀ ਅਨੁਵਾਦ 'ਜਿੱਥੇ ਨਹੀਂ ਗਿਆ'  ਨੂੰ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਕਰਵਾਈ ਗਈ।

ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ੍ਰੋਤਿਆਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕਰਵਾਈ ਜਾ ਰਹੀ ਵਿਚਾਰ ਚਰਚਾ ਦੇ ਮਨੋਰਥ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਕਾਵਿ-ਸੰਗ੍ਰਹਿ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਪੁਸਤਕ ਦਾ ਪੰਜਾਬੀ ਵਿਚ ਅਨੁਵਾਦ ਨਿਸ਼ਚਿਤ ਹੀ ਪੰਜਾਬੀ ਪਾਠਕਾਂ ਨੂੰ ਆਪਣੀਆਂ ਜੜ੍ਹਾਂ ਬਾਰੇ ਸੋਚਣ ਅਤੇ ਵਿਰਾਸਤ ਦੀ ਮਹੱਤਤਾ ਬਾਰੇ ਸਮਝਣ ਲਈ ਪ੍ਰੇਰਿਤ ਕਰੇਗਾ। ਇਸ ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਅਨੁਵਾਦਿਤ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ।

ਇਸ ਵਿਚਾਰ ਚਰਚਾ ਦੀ ਪ੍ਰਧਾਨਗੀ ਕਰਦੇ ਹੋਏ ਸਾਹਿਤ ਅਕਾਦਮੀ ਪੁਰਸਕ੍ਰਿਤ ਲੇਖਕ ਤਰਸੇਮ ਬਰਨਾਲਾ ਨੇ ਕਿਹਾ ਕਿ ਕਵਿਤਾ ਦੀ ਸਿਰਜਣਾ ਇਕ ਔਖਾ ਕਾਰਜ ਹੈ ਅਤੇ ਕਵਿਤਾ ਦਾ ਅਨੁਵਾਦ ਕਰਨਾ ਤਾਂ ਹੋਰ ਵੀ ਕਠਿਨ ਹੁੰਦਾ ਹੈ ਤੇ ਗੁਰਿੰਦਰ ਕਲਸੀ ਨੇ ਇਹ ਕਾਰਜ ਬਾਖ਼ੂਬੀ ਸਿਰੇ ਚਾੜ੍ਹਿਆ ਹੈ।

ਮੁੱਖ ਮਹਿਮਾਨ ਉੱਘੇ ਲੇਖਕ ਅਤੇ ਸੰਪਾਦਕ ਡਾ. ਪ੍ਰਭਾਤ ਰੰਜਨ ਨੇ ਕਿਹਾ ਕਿ ਨੌਜਵਾਨ ਕਵੀ ਅੰਮ੍ਰਿਤ ਰੰਜਨ ਦੀ ਕਵਿਤਾ ਦਾ ਪੰਜਾਬੀ ਵਿਚ ਅਨੁਵਾਦ ਹੋਣਾ ਅਦਬੀ ਖੇਤਰ ਲਈ ਸ਼ੁੱਭ ਸੰਕੇਤ ਹੈ।ਉਨ੍ਹਾਂ ਨੇ ਇਸ ਪੁਸਤਕ ਵਿਚਲੀ ਨਵੀਨਤਾ ਅਤੇ ਦਾਰਸ਼ਨਿਕਤਾ ਦੀ ਵੀ ਪ੍ਰਸੰਸਾ ਕੀਤੀ।

ਇਸ ਸਮਾਗਮ ਵਿਚ ਉਚੇਚ ਨਾਲ ਪੁੱਜੇ ਵਿਸ਼ੇਸ਼ ਮਹਿਮਾਨ ਅਨੁਵਾਦਿਤ ਪੁਸਤਕ ਦੇ ਮੂਲ ਹਿੰਦੀ ਕਵੀ ਅੰਮ੍ਰਿਤ ਰੰਜਨ ਹੀ  ਸਨ। ਉਹਨਾਂ ਨੇ ਬੜੇ ਕਾਵਿਕ ਅੰਦਾਜ਼ ਵਿਚ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਕਵਿਤਾ ਅਤੇ ਕਲਾ ਨਾਲ ਜੁੜੇ ਰਹਿਣਾ ਉਸਨੂੰ ਚੰਗਾ ਲੱਗਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਰੀਆਂ ਕਵਿਤਾਵਾਂ ਦਾ ਪੰਜਾਬੀ ਵਿਚ ਅਨੁਵਾਦ ਹੋਣਾ ਮੇਰੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।

ਸ਼੍ਰੀ ਮਨਮੋਹਨ ਸਿੰਘ ਦਾਊਂ ਨੇ ਪੁਸਤਕ ਸਬੰਧੀ ਜਾਣਕਾਰੀ ਭਰਪੂਰ ਪਰਚਾ ਪੜ੍ਹਦਿਆਂ ਕਿਹਾ ਕਿ ਸ਼ਾਇਰ ਹੋਣ ਕਾਰਨ ਗੁਰਿੰਦਰ ਕਲਸੀ ਨੇ ਇਨ੍ਹਾਂ ਕਵਿਤਾਵਾਂ ਦਾ ਬੜਾ ਸੋਹਣਾ ਅਨੁਵਾਦ ਕੀਤਾ ਹੈ, ਕਿਉਂਕਿ ਕਵਿਤਾ ਦੇ ਅਨੁਵਾਦ ਲਈ ਜਿਸ ਚਿੰਤਨ, ਕਲਪਨਾ, ਸੰਵੇਦਨਾ, ਅਹਿਸਾਸਾਂ  ਅਤੇ ਭਾਸ਼ਾ ਦੀ ਜ਼ਰੂਰਤ ਹੁੰਦੀ ਹੈ, ਉਹ ਕੇਵਲ ਸ਼ਾਇਰ ਕੋਲ ਹੀ ਮੌਜੂਦ ਹੁੰਦੇ ਹਨ।

ਜਸਵਿੰਦਰ ਸਿੰਘ ਕਾਈਨੌਰ ਨੇ ਵੀ ਪਰਚਾ ਪੜ੍ਹਦਿਆਂ ਕਿਹਾ ਕਿ ਇਸ ਕਵਿਤਾ ਵਿਚਲੇ ਬਿੰਬਾਂ, ਪ੍ਰਤੀਕਾਂ ਅਤੇ ਦ੍ਰਿਸ਼ ਚਿਤਰਣ ਦਾ ਬਹੁਤ ਸਹੀ ਅਨੁਵਾਦ ਹੋਇਆ ਹੈ। ਮੂਲ ਵਾਲੀਆਂ ਕਵਿਤਾ ਦੀਆਂ ਖੂਬੀਆਂ ਅਨੁਵਾਦ ਵਿੱਚ ਵੀ ਮੌਜੂਦ ਹਨ। 

ਅਸਲ ਵਿੱਚ ਇਸ ਅਨੁਵਾਦ ਨੂੰ ਪੜ੍ਹਦਿਆਂ ਇਹੀ ਲੱਗਦਾ ਹੈ ਕਿ ਅਸੀਂ ਮੂਲ ਰੂਪ ਵਾਲੀ ਭਾਸ਼ਾ ਵਿੱਚ ਹੀ ਸ਼ਾਇਰੀ ਪੜ੍ਹ ਰਹੇ ਹਾਂ ਨਾ ਕਿ ਅਨੁਵਾਦ ਕੀਤੀ ਹੋਈ। ਇਸ ਅਨੁਵਾਦਿਤ ਸ਼ਾਇਰੀ ਨੂੰ ਪੜ੍ਹਦਿਆਂ ਕਵਿਤਾ ਸਾਹਮਣੇ ਸਾਕਾਰ ਹੋਈ ਮਹਿਸੂਸ ਹੁੰਦੀ ਹੈ। ਉਸ ਨਾਲ ਮ ਜੁਲਾਕਾਤ ਦਾ ਅਹਿਸਾਸ ਹੁੰਦਾ ਹੈ। 

ਕਵੀ ਲਿਪੀ ਦ ਮਹਾਂਦੇਵ ਨੇ ਕਿਹਾ ਕਿ ਇਸ ਕਵਿਤਾ ਵਿਚ ਦਾਰਸ਼ਨਿਕਤਾ ਦੇ ਨਾਲ-ਨਾਲ ਵਿਗਿਆਨਕ ਸੰਕਲਪ ਵੀ ਹਨ ਜਿਨ੍ਹਾਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਹੋਣਾ ਬੜਾ ਸਾਰਥਕ ਉੱਦਮ ਹੈ। 

ਡਾ਼ ਮੇਹਰ ਮਾਣਕ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸੱਤਾ ਅਤੇ ਸਥਾਪਤੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੀ ਕਵਿਤਾ ਦਾ  ਅਨੁਵਾਦ ਹੋਣਾ ਬਹੁਤ ਜ਼ਰੂਰੀ ਹੈ। 

ਸਮਾਗਮ ਵਿੱਚ ਮੌਜੂਦ ਇੱਕ ਹੋਰ ਅਨੁਵਾਦਕ ਕਲਮਕਾਰ ਗੁਰਮਾਨ ਸੈਣੀ ਨੇ ਪੁਸਤਕ ਦੇ ਹਵਾਲੇ ਨਾਲ ਅਨੁਵਾਦ ਦੇ ਅਹਿਮ ਨੁਕਤਿਆਂ ਬਾਰੇ ਗੱਲ ਕੀਤੀ।  

ਅਨੁਵਾਦਕ ਗੁਰਿੰਦਰ ਸਿੰਘ ਕਲਸੀ ਨੇ ਇਸ ਕਵਿਤਾ ਦੀ ਚੋਣ ਅਤੇ ਅਨੁਵਾਦ ਬਾਰੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਇਸੇ ਬਹਾਨੇ ਅਨੁਵਾਦ ਦੀਆਂ ਮੁਸ਼ਕਲਾਂ ਅਤੇ ਗੁਰਾਂ ਬਾਰੇ ਵੀ ਅਹਿਮ ਗੱਲਾਂ ਹੋਈਆਂ। 

ਇਸ ਮੌਕੇ ਅੰਮ੍ਰਿਤ ਰੰਜਨ ਦੇ ਪਿਤਾ ਰਾਜੇਸ਼ ਰੰਜਨ ਵੀ ਮੌਜੂਦ ਰਹੇ। ਆਪਣੀ ਸੰਤਾਨ ਦੀਆਂ ਕਲਾਕ੍ਰਿਤੀਆਂ ਬਾਰੇ ਚਰਚਾ ਨੂੰ ਦੇਖਣਾਂ ਸੁਣਨਾ ਅਤੇ ਇਸ ਵਿੱਚ ਭਾਗ ਲੈਣਾ ਇੱਕ ਵੱਡੀ ਖੁਸ਼ਕਿਸਮਤੀ ਹੀ ਹੋਇਆ ਕਰਦੀ ਹੈ। 

ਡਾ. ਗੁਰਵਿੰਦਰ ਅਮਨ ਅਤੇ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਵੀ ਪੁਸਤਕ ਬਾਬਤ ਆਪਣੇ ਵਿਚਾਰ ਪੇਸ਼ ਕੀਤੇ।

ਇਸ ਸਮਾਗਮ ਵਿੱਚ ਰਣਜੀਤ ਕੌਰ ਸਵੀ , ਦਵਿੰਦਰ ਢਿੱਲੋਂ, ਗੁਰਦਰਸ਼ਨ ਸਿੰਘ ਮਾਵੀ, ਕੁਲਵਿੰਦਰ ਖ਼ੈਰਾਬਾਦ, ਨਰਿੰਦਰ ਲੌਂਗੀਆ, ਪਿਆਰਾ ਸਿੰਘ ਰਾਹੀ, ਹਰਜੀਤ ਸਿੰਘ, ਧਿਆਨ ਸਿੰਘ ਕਾਹਲੋਂ ਨੇ ਕਵਿਤਾਵਾਂ ਨਾਲ ਆਪਣੀ ਹਾਜ਼ਰੀ ਲਵਾਈ। ਸਮਾਗਮ ਦੇ ਅੰਤ ਵਿਚ ਸਾਹਿਤਕ ਸੱਥ ਵੱਲੋਂ ਆਏ ਹੋਏ ਮਹਿਮਾਨਾਂ ਦਾ ਮਾਨ-ਸਨਮਾਨ ਕੀਤਾ ਗਿਆ। 

ਡਾ. ਦਵਿੰਦਰ ਸਿੰਘ ਬੋਹਾ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅੰਮ੍ਰਿਤ ਰੰਜਨ ਦੀ ਦਾਰਸ਼ਨਿਕ ਅਤੇ ਗੰਭੀਰ ਕਵਿਤਾ ਦੇ ਗੁਰਿੰਦਰ ਸਿੰਘ ਕਲਸੀ ਵੱਲੋਂ ਕੀਤੇ ਢੁੱਕਵੇਂ ਅਨੁਵਾਦ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਸਮੁੱਚੇ ਸਮਾਗਮ ਦਾ ਸੁਚੱਜਾ ਮੰਚ ਸੰਚਾਲਨ ਡਾ. ਯਤਿੰਦਰ ਕੌਰ ਮਾਹਲ ਨੇ ਕੀਤਾ।

ਇਸ ਮੌਕੇ ਜਗਤਾਰ ਸਿੰਘ, ਸੰਗੀਤਾ ਰੰਜਨ, ਰੋਹਿਨੀ, ਡਾ. ਰਾਜਿੰਦਰ ਸਿੰਘ ਕੁਰਾਲੀ, ਸਮਿੱਤਰ ਸਿੰਘ ਦੋਸਤ, ਤਰਸੇਮ ਸਿੰਘ ਕਾਲੇਵਾਲ, ਗੁਰਮੀਤ ਕੌਰ, ਹਰਸ਼ਵਰਧਨ ਸਿੰਘ, ਸਿਧੇਸ਼ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ।