Received on 5th July 2025 at 4:43 PM Regarding Book Club Culture
ਪੁਸਤਕਾਂ ਨਾਲ ਹੀ ਠੱਲ੍ਹ ਪਏਗੀ ਹਥਿਆਰਾਂ ਵਾਲੇ ਹਿੰਸਕ ਵਰਤਾਰੇ ਨੂੰ
ਲੁਧਿਆਣਾ ਦੇ ਬ੍ਰਿਜਭੂਸ਼ਨ ਗੋਇਲ ਹੁਰਾਂ ਵੱਲੋਂ ਆਈ ਹੈ ਸ਼ੁਭਸ਼ਗਨ ਵਾਲੀ ਖਬਰ
ਲੁਧਿਆਣਾ: 5 ਜੁਲਾਈ 2025: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::
ਦੇਸ਼, ਦੁਨੀਆ ਅਤੇ ਬ੍ਰਹਿਮੰਡ ਜਿੰਨੇ ਮਰਜ਼ੀ ਵਿਸ਼ਾਲ ਹੋਣ ਪਰ ਅਸਾਡੇ ਦਿਲਾਂ ਵਿੱਚ ਸਮਾਉਣ ਜੋਗੇ ਵੀ ਹਮੇਸ਼ਾਂ ਹੀ ਰਹਿੰਦੇ ਹਨ। ਉਹਨਾਂ ਨੂੰ ਆਪਣੇ ਕਲਾਵੇ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਅਸੀਂ ਆਪਸ ਵਿੱਚ ਜਿੰਨੇ ਮਰਜ਼ੀ ਦੂਰ ਵੀ ਹੋਈਏ ਪਰ ਏਨੇ ਦੂਰ ਤਾਂ ਕਦੇ ਵੀ ਨਹੀਂ ਕਿ ਸਾਡੇ ਅਹਿਸਾਸ ਇੱਕ ਦੂਜੇ ਤੱਕ ਨਾ ਪਹੁੰਚਣ ਅਤੇ ਇੱਕ ਦੂਜੇ 'ਤੇ ਆਪਣਾ ਅਸਰ ਨਾ ਪਾਉਣ।
ਗਾਜ਼ਾ ਪੱਟੀ 'ਤੇ ਹੋਈਆਂ ਬੰਬਾਰੀਆਂ ਨਾਲ ਜਦੋਂ ਉਥੋਂ ਦੇ ਮਾਸੂਮ ਬੱਚੇ ਬੱਚੀਆਂ ਵੀ ਲੂਹੇ ਗਏ ਤਾਂ ਦੁਨੀਆ ਭਰ ਵਿੱਚ ਇਸ ਅਣਮਨੁੱਖੀ ਜ਼ੁਲਮ ਦੇ ਖਿਲਾਫ ਕਵਿਤਾਵਾਂ ਵੀ ਲਿਖੀਆਂ ਗਈਆਂ। ਤਸਵੀਰਾਂ ਵੀ ਕਲਿੱਕ ਕੀਤੀਆਂ ਗਈਆਂ ਅਤੇ ਸਾਹਿਤ ਵੀ ਰਚਿਆ ਗਿਆ। ਕਵੀ ਸ਼ਾਇਦ ਬੰਦੂਕ ਜਾਂ ਤੋਪ ਦਾ ਮੁਕਾਬਲਾ ਨਾ ਕਰ ਸਕੇ ਪਰ ਉਸਦੀ ਕਵਿਤਾ ਗੋਲੀਆਂ, ਬੰਦੂਕਾਂ ਅਤੇ ਮਿਜ਼ਾਈਲਾਂ ਚਲਾਉਣ ਵਾਲਿਆਂ ਦੇ ਦਿਲਾਂ ਨੂੰ ਬੇਦਿਲ ਜ਼ਰੂਰ ਕਰ ਦੇਂਦੀ ਹੈ। ਉਹਨਾਂ ਨੂੰ ਸੋਚਣ ਜ਼ਰੂਰ ਲਾ ਦੇਂਦੀ ਹੈ। ਸੋਚ ਦਾ ਰੁੱਖ ਜ਼ਰੂਰ ਬਦਲਣ ਲੱਗ ਪੈਂਦੀ ਹੈ ਜਿਸ ਨਾਲ ਗਲਤ ਐਕਸ਼ਨ ਛੁੱਟਣ ਲੱਗ ਪੈਂਦੇ ਹਨ।
ਸਾਡੇ ਪੰਜਾਬ ਵਿੱਚ ਵੀ ਕੁਝ ਦਹਾਕੇ ਪਹਿਲਾਂ ਗੀਤ ਲਿਖੇ ਗਏ ਸਨ। ਆਮ ਲੋਕਾਂ ਨੂੰ ਮਿਲਦੀ ਬੇਇਨਸਾਫ਼ੀ ਦੇ ਚੱਲਦਿਆਂ ਇੱਕ ਗੀਤ ਬੜਾ ਚੱਲਿਆ ਸੀ---ਚੱਕ ਲੋ ਰਿਵਾਲਵਰ ਰਫਲਾਂ ਕਿ ਬਦਲਾ ਲੈਣਾ ਹੈ...! ਇੱਕ ਹੋਰ ਗੀਤ ਵੀ ਪ੍ਰਸਿੱਧ ਹੋਇਆ ਸੀ-ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ.....!
ਕਿਸੇ ਵੇਲੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਵੀ ਲਿਖਿਆ ਸੀ:
ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ,
ਪੈਰ ਧਰਨ ਦੇ ਮੈਨੂੰ ਰਕਾਬ ਉੱਤੇ।
ਸਾਡੇ ਦੇਸ਼ 'ਤੇ ਬਣੀ ਹੈ ਭੀੜ ਭਾਰੀ,
ਟੁੱਟ ਪਏ ਨੇ ਵੈਰੀ ਪੰਜਾਬ ਉੱਤੇ।
ਹਾਲਾਂਕਿ ਹੁਣ ਵੀ ਗੋਲੀਆਂ ਦੀਆਂ ਅਵਾਜ਼ਾਂ ਭਾਰੂ ਹਨ। ਗੈਂਗਸਟਰ ਦਨਦਨਾਉਂਦੇ ਫਿਰਦੇ ਹਨ। ਰੋਜ਼ਾਨਾ ਫਾਇਰਿੰਗ ਅਤੇ ਕਤਲੋਗਾਰਤ ਦੀਆਂ ਖਬਰਾਂ ਆਉਂਦੀਆਂ ਹਨ। ਗਲੀਆਂ, ਬਾਜ਼ਾਰ ਸੁਰੱਖਿਅਤ ਨਹੀਂ ਰਹੇ। ਫਿਰ ਵੀ ਪੁਸਤਕ ਕਲਚਰ ਵੱਧ ਰਿਹਾ ਹੈ।
ਲੁਧਿਆਣਾ ਦੇ ਪੁਸਤਕ ਕਲਚਰ ਨੂੰ ਲਗਾਤਾਰ ਹੋਰ ਉਤਸ਼ਾਹ ਮਿਲ ਰਿਹਾ ਹੈ। ਇਹ ਬਹੁਤ ਸ਼ੁਭ ਵਰਤਾਰੇ ਦੀ ਖਬਰ ਹੈ। ਹਾਲ ਹੀ ਵਿੱਚ ਸੀਨੀਅਰ ਸਿਟੀਜ਼ਨ ਹੋਮ ਦੇ ਪ੍ਰਵੇਸ਼ ਦੁਆਰ ਤੇ ਇੱਕ ਹੋਰ ਮਿੰਨੀ ਬੁੱਕ ਬੈਂਕ ਸਥਾਪਿਤ ਕੀਤਾ ਗਿਆ ਹੈ। ਲੋਕਾਂ ਵਿੱਚ ਵੱਧ ਰਹੇ ਇਸ ਪੁਸਤਕ ਪ੍ਰੇਮ ਨੂੰ ਹੋਰ ਹੁਲਾਰਾ ਦੇਣ ਲਈ ਇਸ ਨੂੰ ਜੀ ਆਈਆਂ ਆਖਿਆ ਜਾਣਾ ਚਾਹੀਦਾ ਹੈ।
ਲੁਧਿਆਣਾ ਬੁੱਕ ਕਲੱਬ, ਸ਼ਹਿਰ ਦੇ ਅਧਿਆਪਕਾਂ, ਵਿਗਿਆਨੀਆਂ, ਬੈਂਕਰਾਂ ਅਤੇ ਸੇਵਾਮੁਕਤ ਸੀਨੀਅਰ ਨਾਗਰਿਕਾਂ ਦਾ ਇੱਕ ਸਮੂਹ ਚਲਾ ਰਿਹਾ ਹੈ ਜਿਹੜਾ ਕਿਤਾਬ ਪੜ੍ਹਨ ਦੇ ਸੱਭਿਆਚਾਰ ਨੂੰ ਪ੍ਰਸਿੱਧ ਬਣਾਉਣ ਲਈ ਇੱਕ ਮਿਸ਼ਨ ਮੋਡ 'ਤੇ ਹੈ। ਮੈਂਬਰਾਂ ਨੇ ਹੁਣ ਰਾਜਗੁਰੂ ਨਗਰ ਸੀਨੀਅਰ ਸਿਟੀਜ਼ਨ ਹੋਮ ਦੇ ਪ੍ਰਵੇਸ਼ ਦੁਆਰ 'ਤੇ ਇੱਕ ਹੋਰ ਮਿੰਨੀ ਬੁੱਕ ਬੈਂਕ ਸਥਾਪਤ ਕੀਤਾ ਹੈ।
ਬਹੁਤ ਸਾਰੀਆਂ ਕਿਤਾਬਾਂ ਵਾਲਾ ਇਹ ਮਿੰਨੀ ਬੁੱਕ ਬੈਂਕ ਸੇਵਾਮੁਕਤ ਪ੍ਰਿੰਸੀਪਲ ਪਰਮਜੀਤ ਸਿੰਘ ਗਰੇਵਾਲ ਦੁਆਰਾ ਦਾਨ ਕੀਤਾ ਗਿਆ ਹੈ, ਜੋ ਪਹਿਲਾਂ ਹੀ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ 5 ਹੋਰ ਅਜਿਹੇ ਕਿਤਾਬ ਬੈਂਕ ਸਥਾਪਤ ਕਰ ਚੁੱਕੇ ਹਨ।
ਹੋਰ ਮੈਂਬਰ ਨਿਯਮਿਤ ਤੌਰ 'ਤੇ ਅਜਿਹੇ ਮਿੰਨੀ ਬੁੱਕ ਬੈਂਕਾਂ ਵਿੱਚ ਹੋਰ ਕਿਤਾਬਾਂ ਵੀ ਜੋੜਦੇ ਹਨ ਜੋ "ਕਿਤਾਬ ਪ੍ਰਾਪਤ ਕਰੋ-ਪੜ੍ਹੋ-ਵਾਪਸ ਕਰੋ" ਥੀਮ 'ਤੇ ਅਧਾਰਤ ਸਾਰਿਆਂ ਲਈ 24x7 ਖੁੱਲ੍ਹੇ ਹਨ।
ਇਸ ਕਲੱਬ ਦੇ ਮੈਂਬਰਾਂ ਨੇ ਦੁਹਰਾਇਆ ਕਿ ਕਿਤਾਬ ਪੜ੍ਹਨਾ ਸਮਾਜ ਦੀਆਂ ਬੁਰਾਈਆਂ ਅਤੇ ਵਿਅਕਤੀਗਤ ਜੀਵਨ ਦੀਆਂ ਚੁਣੌਤੀਆਂ ਦੇ ਹੱਲ ਲੱਭਣ ਲਈ ਰਾਮਬਾਣ ਇਲਾਜ ਹੈ। ਮੈਂਬਰਾਂ ਨੇ ਦੁਬਾਰਾ ਅਪੀਲ ਕੀਤੀ ਹੈ ਕਿ ਲੁਧਿਆਣਾ ਵਿੱਚ ਪੰਜਾਬ ਯੂਨੀਵਰਸਿਟੀ ਐਕਸਟੈਂਸ਼ਨ ਲਾਇਬ੍ਰੇਰੀ ਨੂੰ 7 ਦਿਨਾਂ ਲਈ ਖੋਲ੍ਹਿਆ ਜਾਵੇ ਜਿਵੇਂ ਕਿ ਇਹ ਪਹਿਲਾਂ ਕਈ ਦਹਾਕਿਆਂ ਤੋਂ ਸੀ ਪਰ ਹੁਣ ਇਸਨੂੰ ਤਰਕਹੀਣ ਤੌਰ 'ਤੇ ਸਿਰਫ 5 ਦਿਨਾਂ ਲਈ ਖੋਲ੍ਹਿਆ ਜਾਂਦਾ ਹੈ।
ਇਹਨਾਂ ਮੈਂਬਰਾਂ ਨੇ ਇਹ ਵੀ ਮੰਗ ਕੀਤੀ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਇੱਕ ਰੀਡਿੰਗ ਰੂਮ ਅਤੇ ਪਬਲਿਕ ਲਾਇਬ੍ਰੇਰੀ ਲਈ ਜਗ੍ਹਾ ਹੋਣੀ ਚਾਹੀਦੀ ਹੈ। ਮੈਂਬਰ ਨਿਯਮਿਤ ਤੌਰ 'ਤੇ ਜੀਵਨ ਜਿਊਣ ਦੀ ਕਲਾ ਦੇ ਵਿਸ਼ੇ 'ਤੇ ਕਿਤਾਬਾਂ ਦੀਆਂ ਸਮੀਖਿਆਵਾਂ ਅਤੇ ਭਾਸ਼ਣਾਂ ਦਾ ਆਯੋਜਨ ਵੀ ਕਰਦੇ ਹਨ। ਸੀਨੀਅਰ ਨਾਗਰਿਕਾਂ ਲਈ ਧਿਆਨ 'ਤੇ ਦਿਨ ਦੇ ਇੰਟਰਐਕਟਿਵ ਸੈਸ਼ਨ ਵਿੱਚ ਪ੍ਰੋ. ਰਜਿੰਦਰ ਸਿੰਘ ਮੁੱਖ ਬੁਲਾਰੇ ਸਨ।
ਇਹਨਾਂ ਮੈਂਬਰਾਂ ਨੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਈ ਕਿ ਸੰਸਥਾਗਤ ਧਰਮਾਂ ਦੇ ਰਸਮਾਂ ਮਹੱਤਵਪੂਰਨ ਨਹੀਂ ਹਨ ਪਰ ਜੀਵਨ ਦੀ ਸੱਚਾਈ ਨੂੰ ਜਾਣਨ ਲਈ ਇੱਕ ਤਰਕਸ਼ੀਲ ਪਹੁੰਚ ਮਹੱਤਵਪੂਰਨ ਹੈ। ਸੈਸ਼ਨ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪ੍ਰੋਫੈਸਰ ਡਾ. ਐਮ.ਐਸ. ਤੂਰ, ਬ੍ਰਿਜ ਭੂਸ਼ਣ ਗੋਇਲ, ਪ੍ਰੋਫੈਸਰ ਪੀ.ਐਸ. ਗਰੇਵਾਲ, ਪ੍ਰੋਫੈਸਰ ਬਹਾਦਰ ਸਿੰਘ, ਡਾ. ਗੁਰਚਰਨ ਸਿੰਘ, ਪਰਮਿੰਦਰ ਕੌਰ, ਪ੍ਰੋਫੈਸਰ ਡਾ. ਜੀ.ਐਸ. ਆਹਲੂਵਾਲੀਆ, ਡਾ. ਐਸ.ਐਸ. ਔਲਖ, ਹਰਚਰਨਜੀਤ ਸਿੰਘ (ਆਈ.ਏ.ਐਸ.) ਸੇਵਾਮੁਕਤ, ਪੀ.ਓ.ਐਫ. ਜਗਮੋਹਨ ਸਿੰਘ ਸਿੱਧੂ, ਪ੍ਰੋਫੈਸਰ ਬਲਜਿੰਦਰ ਸਿੰਘ, ਪ੍ਰੋਫੈਸਰ ਰਾਜਵਰ ਸਿੰਘ ਅਤੇ ਹਰਸਿਮਰ ਕੌਰ ਸ਼ਾਮਲ ਹਨ।
ਬ੍ਰਿਜ ਭੂਸ਼ਣ ਗੋਇਲ, ਜਿਹੜੇ ਕਿ ਮੈਂਬਰ ਲੁਧਿਆਣਾ ਬੁੱਕ ਕਲੱਬ ਦੇ ਮੈਂਬਰ ਵੀ ਹਨ ਵੀ ਇਸ ਮਕਸਦ ਲਈ ਉਚੇਚ ਨਾਲ ਸਰਗਰਮ ਵੀ ਹਨ। ਕਿੰਨਾ ਚੰਗਾ ਹੋਵੇ ਜੇਕਰ ਤੁਸੀਂ ਵੀ ਇਸ ਕਾਫ਼ਿਲੇ ਨਾਲ ਛੇਤੀ ਆ ਰਲੋ। ਸ਼ਰਾਬਾਂ, ਸ਼ਬਾਬਾਂ ਅਤੇ ਹੋਰ ਦਿਖਾਵਿਆਂ ਲਈ ਬਹੁਤ ਕੁਝ ਹੋ ਚੁੱਕਿਆ ਆਓ ਹੁਣ ਕੁਝ ਸਮਾਂ ਕਿਤਾਬਾਂ ਲਈ ਵੀ ਦੇਈਏ। ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਉਹਨਾਂ ਦੇ ਮੋਬਾਈਲ ਫੋਨ ਦਾ ਨੰਬਰ- 94176-00666
ਇੱਸੇ ਵਿਸ਼ੇ 'ਤੇ ਹਿੰਦੀ ਵਿੱਚ ਇਰਦ ਗਿਰਦ ਵੀ ਪੜ੍ਹੋ
No comments:
Post a Comment