Posted on 12th September 2023 at 09:30 PM Updated on 14th September 2023 at 02:23 AM
ਕਿ ਫਸਾਨਾ ਬਣ ਗਈ ਹੈ; ਯੇਹ ਬਾਤ ਟਲਤੇ ਟਲਤੇ!
ਲੁਧਿਆਣਾ: 11 ਸਤੰਬਰ 2023: (ਸਾਹਿਤ ਸਕਰੀਨ ਡੈਸਕ)::
ਇੱਕ ਵੇਰਾਂ ਕਿਸੇ ਆਮ ਮਧ ਵਰਗੀ ਨੇ ਮਕਾਨ ਬਣਾਉਣ ਲਈ ਬੈਂਕ ਨੂੰ ਕਰਜ਼ੇ ਲਈ ਅਰਜ਼ੀ ਦਿੱਤੀ। ਉਸਨੇ ਬਥੇਰੇ ਚੱਕਰ ਵੀ ਮਾਰੇ ਪਰ ਫਾਈਲ ਅੱਗੇ ਨਾ ਤੁਰੀ। ਇਸੇ ਦੌਰਾਨ ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਗੁਰਬਾਣੀ ਪੜ੍ਹਦਾ ਅਤੇ ਉਸ ਬਾਣੀ ਦੀ ਰੌਸ਼ਨੀ ਵਿੱਚ ਖੁਦ ਨੂੰ ਹੌਂਸਲਾ ਦੇਂਦਾ। ਇਹੀ ਹੌਂਸਲਾ ਸ਼ਕਤੀ ਬਣ ਕੇ ਉਭਰਦਾ ਰਿਹਾ। ਉਸਦੇ ਕੰਮ ਸੰਵਰਨ ਲੱਗੇ।
ਇੱਕ ਦਿਨ ਉਸੇ ਗੁਰਦੁਆਰੇ ਪ੍ਰਬੰਧਕਾਂ ਦੀ ਨਵੀਂ ਟੀਮ ਲਈ ਕੋਈ ਹੰਗਾਮੀ ਮੀਟਿੰਗ ਬੁਲਾਈ ਗਈ ਸੀ। ਮੀਟਿੰਗ ਵਿਚ ਪ੍ਰਧਾਨਗੀ ਦੇ ਮੁਦੇ ਤੇ ਆ ਕੇ ਗੱਲ ਰੁਕ ਗਈ। ਅਚਾਨਕ ਪ੍ਰਬੰਧਕਾਂ ਨੂੰ ਖਿਆਲ ਆਇਆ ਕਿ ਜਿਹੜਾ ਬੰਦਾ ਹਰ ਰੋਜ਼ ਨੇਮ ਨਾਲ ਗੁਰਦੁਆਰਾ ਸਾਹਿਬ ਆਉਂਦਾ ਹੈ ਬੜੇ ਆਦਰ ਸਤਿਕਾਰ ਨਾਲ ਮੱਥਾ ਟੇਕਦਾ ਹੈ, ਗੁਰਬਾਣੀ ਸੁਣਦਾ ਹੈ, ਕਿਸ ਹੋਰ ਗੱਲ ਵੱਲ ਧਿਆਨ ਨਹੀਂ ਦੇਂਦਾ ਉਸੇ ਨੂੰ ਹੀ ਪ੍ਰਧਾਨ ਬਣਾਉਣਾ ਉਚਿਤ ਰਹੇਗਾ। ਜਦੋਂ ਵਿਵਾਦਿਤ ਬੰਦਿਆਂ ਵਿੱਚੋਂ ਕਿਸੇ ਬਾਰੇ ਸਰਬਸੰਮਤੀ ਬਣ ਗਈ ਉਦੋਂ ਬਦਲ ਦਿਆਂਗੇ। ਅਖੀਰ ਉਸ ਨੂੰ ਪ੍ਰਧਾਨ ਬਣਾ ਦਿੱਤਾ ਗਿਆ।
ਉਸਨੇ ਬੜੇ ਉਤਸ਼ਾਹ ਨਾਲ ਗੁਰਦੁਆਰਾ ਸਾਹਿਬ ਦੀ ਬੇਹਤਰੀ ਦੇ ਕੰਮਾਂ ਵੱਲ ਉਚੇਚ ਨਾਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਉਸ ਨੂੰ ਪ੍ਰਧਾਨਗੀ ਦੇ ਨਾਲ ਨਾਲ ਇਹਨਾਂ ਚੰਗੇ ਉਪਰਾਲਿਆਂ ਦੀਆਂ ਵੀ ਵਧਾਈਆਂ ਮਿਲਣ ਲੱਗੀਆਂ। ਤੀਜੇ ਕੁ ਦਿਨ ਉਸੇ ਬੈਂਕ ਦਾ ਮੈਨੇਜਰ ਵੀ ਆਪਣੀ ਟੀਮ ਦੇ ਨਾਲ ਮਠਿਆਈ ਦਾ ਡੱਬਾ ਲੈ ਕੇ ਵਧਾਈ ਦੇਣ ਆਇਆ।
ਚਾਹ ਪਾਣੀ ਦੌਰਾਨ ਉਸਨੇ ਇੱਕ ਫਾਈਲ ਵੀ ਪ੍ਰਧਾਨ ਸਾਹਿਬ ਵੱਲ ਵਧਾਈ ਕਿ ਤੁਸੀਂ ਕਰਜ਼ੇ ਲਈ ਅਪਲਾਈ ਕੀਤਾ ਸੀ। ਉਹ ਮਨਜ਼ੂਰ ਹੋ ਗਿਆ ਹੈ ਇਹ ਹਨ ਕਾਗਜ਼ ਪੱਤਰ। ਇਹ ਸੁਣ ਕੇ ਪ੍ਰਧਾਨ ਜੀ ਵੀ ਹੈਰਾਨ ਹੋ ਕਿਓਂਕਿ ਕਈ ਮਹੀਨੇ ਪਹਿਲਾਂ ਵਾਲੀ ਇਸ ਅਰਜ਼ੀ ਨੂੰ ਉਹ ਭੁੱਲ ਭੁਲਾ ਵੀ ਗਏ ਸਨ ਅਤੇ ਆਸ ਵੀ ਲਾਹ ਚੁੱਕੇ ਸਨ।
ਫਿਰ ਵੀ ਪ੍ਰਧਾਨ ਜੀ ਨੇ ਸ਼ੁਕਰੀਆ ਅਦਾ ਕਰਦਿਆਂ ਫਾਈਲ ਨੂੰ ਇੱਕ ਨਜ਼ਰ ਦੇਖਿਆ ਅਤੇ ਫਾਈਲ ਇਹ ਕਹਿੰਦਿਆਂ ਵਾਪਿਸ ਕਰ ਦਿੱਤੀ ਕਿ ਹੁਣ ਤਾਂ ਉਹਨਾਂ ਦਾ ਮਕਾਨ ਬਣ ਵੀ ਚੁੱਕਿਆ ਹੈ ਅਤੇ ਉਹ ਉਸੇ ਵਿੱਚ ਰਹਿ ਵੀ ਰਹੇ ਹਨ ਇਸ ਲਈ ਹੁਣ ਤਾਂ ਕਰਜ਼ੇ ਦੀ ਲੋੜ ਹੀ ਕੋਈ ਨਹੀਂ। ਇਸ 'ਤੇ ਬੈਂਕ ਵਾਲਿਆਂ ਨੇ ਕੋਸ਼ਿਸ਼ ਕੀਤੀ ਕਿ ਫਿਰ ਵੀ ਲੈ ਲਿਆ ਜਾਵੇ ਪਰ ਗੱਲ ਨਹੀਂ ਬਣੀ
ਗੱਲ ਹੱਥੋਂ ਨਿਕਲਦੀ ਦੇਖ ਕੇ ਮੈਨੇਜਰ ਸਾਹਿਬ ਨੇ ਤੁਰੰਤ ਕਿਹਾ ਫਿਰ ਤੁਸੀਂ ਸਾਡੀ ਇੱਕ ਫੇਵਰ ਹੀ ਕਰੋ। ਤੁਹਾਡੇ ਗੁਰਦੁਆਰਾ ਸਾਹਿਬ ਦੀ ਗੋਲਕ ਵਿੱਚ ਅੰਦਾਜ਼ਨ ਏਨੀ ਕੁ ਰਕਮ ਹਰ ਰੋਜ਼, ਏਨੀ ਕੁ ਹਰ ਹਫਤੇ ਅਤੇ ਏਨੀ ਕੁ ਹਰ ਮਹੀਨੇ ਆਉਂਦੀ ਹੈ। ਸ਼ਾਇਦ ਬੈਂਕ ਵਾਲਿਆਂ ਨੇ ਪੂਰੀ ਤਰ੍ਹਾਂ ਕੋਈ ਨਿਗਰਾਨ ਲੈ ਕੇ ਮੁਆਇਨਾ ਪਹਿਲਾਂ ਹੀ ਕਰ ਲਿਆ ਹੋਇਆ ਸੀ। ਮੈਨੇਜਰ ਸਾਹਿਬ ਨੇ ਬੇਨਤੀ ਕੀਤੀ ਕਿ ਚੰਗਾ ਹੋਵੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਦਾ ਖਾਤਾ ਸਾਡੇ ਬੈਂਕ ਵਿੱਚ ਖੁਲਵਾ ਦਿਓ। ਅਸੀਂ ਇਸਦੇ ਬਦਲੇ ਬਹੁਤ ਸਾਰੀਆਂ ਸਹੂਲਤਾਂ ਵੀ ਦਿਆਂਗੇ। ਪ੍ਰਧਾਨ ਜੀ ਹੈਰਾਨ ਸਨ ਕਿ ਗੁਰੂ ਘਰ ਦੀ ਬਖਸ਼ਿਸ਼ ਨਾਲ ਖੂਹ ਖਾਤੇ ਪਏ ਕੰਮ ਵੀ ਕਿਵੇਂ ਬਣਨ ਲੱਗ ਪੈਂਦੇ ਹਨ। ਇਹ ਸੱਚੀ ਗੱਲ ਮੈਨੂੰ ਕਿਸੇ ਮਿੱਤਰ ਨੇ ਸੱਤ ਕੁ ਸਾਲ ਪਹਿਲਾਂ ਸੁਣਾਈ ਸੀ। ਥਾਂ ਅਤੇ ਨਾਮ ਮੈਂ ਯਾਦ ਵੀ ਨਹੀਂ ਰੱਖੇ ਪਰ ਬੈਂਕ ਵਾਲਿਆਂ ਦੀ ਕਰਗੁਜ਼ਾਰੀ ਦਾ ਮੈਂ ਵੀ ਦੀਵਾਨਾ ਬਣ ਗਿਆ। ਕਿੰਨੀ ਡੂੰਘੀ ਜਾਂਚ ਪੜਤਾਲ ਕਰਦੇ ਹਨ ਅੱਜਕਲ! ਇਹ ਗੱਲ ਵੱਖਰੀ ਹੈ ਕਿ ਸਿਆਸੀ ਸਿਫਾਰਸ਼ਾਂ ਵਾਲੇ ਬਾਹੂਬਲੀ ਫਿਰ ਵੀ ਵੱਡੇ ਕਰਜ਼ੇ ਲੈ ਕੇ ਦੌੜ ਜਾਂਦੇ ਹਨ।
ਫਿਰ ਪਤਾ ਲੱਗਿਆ ਕਿ ਹੋਰਨਾਂ ਸੰਸਥਾਵਾਂ ਵਾਲੀਆਂ ਪ੍ਰਧਾਨਗੀਆਂ ਨੂੰ ਵੀ ਇਹ ਫਾਇਦੇ ਅਕਸਰ ਹੀ ਮਿਲ ਜਾਂਦੇ ਹਨ ਬਸ਼ਰਤੇ ਇਹਨਾਂ ਸੰਸਥਾਵਾਂ ਕੋਲ ਮਾਇਆ ਦਾ ਆਉਣਾ ਜਾਣਾ ਲੱਗਿਆ ਰਹੇ। ਇਹਨਾਂ ਪ੍ਰਧਾਨਗੀਆਂ ਵਿੱਚ ਸਿਰਫ ਗੁਰਦੁਆਰੇ ਹੀ ਨਹੀਂ ਮੰਦਰ ਵਗੈਰਾ ਵੀ ਸ਼ਾਮਲ ਹੁੰਦੇ ਹਨ। ਜ਼ਿਆਦਾ ਚੜ੍ਹਾਵੇ ਵਾਲੇ ਡੇਰੇ, ਦਰਗਾਹਾਂ, ਪੀਰਖਾਨੇ ਅਤੇ ਸਮਾਧਾਂ ਵੀ। ਇਥੇ ਲੱਗਣ ਵਾਲੇ ਮੇਲਿਆਂ ਦੌਰਾਨ ਵੀ ਬੇਸ਼ੁਮਾਰ ਮਾਇਆ ਆਉਂਦੀ ਅਤੇ ਖਰਚ ਹੁੰਦੀ ਹੈ। ਕੁਝ ਅਜਿਹੀ ਹੀ ਬਖਸ਼ਿਸ਼ ਵੱਡੇ ਮੀਡੀਆ ਅਦਾਰਿਆਂ ਅਤੇ ਪ੍ਰਕਾਸ਼ਨ ਘਰਾਂ ਨੂੰ ਵੀ ਮਿਲ ਜਾਇਆ ਕਰਦੀ ਹੈ। ਸਾਹਿਤਕ ਸੰਸਥਾਵਾਂ ਅਤੇ ਸਭਾਵਾਂ ਨੂੰ ਵੀ ਇਸਦੇ ਕਈ ਫਾਇਦੇ ਹੁੰਦੇ ਹਨ। ਸੋ ਜਿਊਂ ਹੀ ਕੋਈ ਵਿਸ਼ੇਸ਼ ਅਹੁਦਾ ਹੱਥ ਆਉਂਦਾ ਹੈ ਤਾਂ ਫਾਇਦਿਆਂ ਦੀ ਕਤਾਰ ਵੀ ਮਗਰੇ ਮਗਰ ਤੁਰੀ ਆਉਂਦੀ ਹੈ। ਹੁਣ ਉਹ ਕਿਹੜੇ ਕਿਹੜੇ ਫਾਇਦੇ ਹੁੰਦੇ ਹਨ ਇਹਨਾਂ ਦੀ ਚਰਚਾ ਵੀ ਜਲਦੀ ਕਿਸੇ ਵੱਖਰੀ ਪੋਸਟ ਵਿਚ ਹੋਵੇਗੀ ਫਿਲਹਾਲ ਸਾਹਿਤਿਕ ਸੰਗਠਨਾਂ ਦੇ ਮੌਜੂਦਾ ਦੌਰ ਬਾਰੇ ਚਰਚਾ ਕਰਦੇ ਹਾਂ। ਇਹ ਸਾਹਿਤਿਕ ਸੱਭਿਆਚਾਰਕ ਚੋਣਾਂ ਵੀ ਮਾਇਆ ਦੇ ਯੁਗ ਵਿਚ ਨਫ਼ੇ ਨੁਕਸਾਨ ਵਾਲੀ ਸੋਚ ਤੋਂ ਪ੍ਰਭਾਵਿਤ ਹੁੰਦੀਆਂ ਹੀ ਹਨ। ਇਹ ਅੱਜ ਦੇ ਮੌਜੂਦਾ ਦੌਰ ਵਿਚ ਆਮ ਗੱਲ ਹੈ। ਇਕੱਲੀ ਸੇਵਾ ਤਾਂ ਕੌਣ ਕਰਦਾ ਹੈ ਅੱਜਕਲ੍ਹ! ਹੁਣ ਸੋਚਣਾ ਚਾਹੀਦਾ ਹੈ ਕਿ ਕੀ ਅਜਿਹੇ ਫਾਇਦਿਆਂ ਨੂੰ ਪਾਰਦਰਸ਼ੀ ਬਣਾਇਆ ਜਾ ਸਕਦਾ ਹੈ? ਜੇ ਗੱਲ ਜਚਦੀ ਨਾ ਲੱਗੇ ਤਾਂ ਕੀ ਅਹੁਦੇਦਾਰਾਂ 'ਤੇ ਅਜਿਹੇ ਫਾਇਦੇ ਲਾਉਣ 'ਤੇ ਰੋਕ ਲਾਈ ਜਾ ਸਕਦੀ ਹੈ? ਕੀ ਅਹੁੱਦਾਰ ਦਾ ਕੰਮ ਸਿਰਫ ਨਿਜੀ ਫਾਇਦੇ ਲੈਣਾ ਹੋਣਾ ਚਾਹੀਦਾ ਹੈ ਜਾਂ ਫਿਰ ਅਜਿਹੇ ਫਾਇਦੇ ਸਾਰੇ ਮੈਂਬਰਾਂ ਦੁਆਏ ਜਾਣੇ ਚਾਹੀਦੇ ਹਨ?
ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਬਾਰੇ ਚਰਚਾ ਚੱਲੀ ਪ੍ਰਸਿੱਧ ਲੋਕ ਪੱਖੀ ਸ਼ਾਇਰਾ ਪਾਲ ਕੌਰ ਨੇ ਵੀ ਆਪਣੀ ਟਿੱਪਣੀ ਦਰਜ ਕਰਾਈ ਹੈ। ਉਹਨਾਂ ਕਿਹਾ ਹੈ:
ਇਸ ਲਈ ਗੱਲ ਸਿਰਫ ਅਹੁਦਿਆਂ ਦੀ ਤਾਂ ਨਹੀਂ ਹੁਣ।
ਚੋਣਾਂ ਦੀ ਸਿਆਸਤ ਦਾ ਡੰਗਿਆ ਦੇਸ਼ ਖ਼ਤਰੇ ਵਿਚ ਹੈ, ਪਰ ਅਸੀਂ ਲੇਖਕ ਵੀ ?
ਕੀ ਇਸ ਤਰ੍ਹਾਂ ਕੋਈ ਲਿਖ ਸਕਦਾ ਹੈ ? ਜੇ ਲਿਖੇਗਾ ਤਾਂ ਉਹ ਲਿਖਤ ਕੀ ਸੇਧ ਦੇਵੇਗੀ ?
ਜੇ ਅਸੀਂ ਲੇਖਕ ਬੈਠ ਕੇ ਫੈਸਲਾ ਨਹੀਂ ਕਰ ਸਕਦੇ ਤਾਂ ਨੇਤਾਵਾਂ ਤੋਂ ਕੀ ਉਮੀਦ ਕਰਨੀ ?
ਅੱਜ ਕਲ ਸੰਸਦ ਵਿਚ ਰੌਲੇ ਰੱਪੇ ਵਿਚ ਹੱਥ ਖੜ੍ਹੇ ਕਰ ਕੇ ਵੱਡੇ ਵੱਡੇ ਕਾਨੂੰਨ ਪਾਸ ਹੋ ਜਾਂਦੇ ਹਨ,
ਕੀ ਅਸੀਂ ਵੀ ਸੰਵਾਦ ਤੋਂ ਦੂਰ ਹੋ ਗਏ ਹਾਂ ? ਬਿਨਾ ਮੁਕਾਬਲਾ ਜੇਤੂ ਕਹਿਣਾ ਮੁਕਾਬਲੇ ਦਾ ਮਜ਼ਾਕ
ਹੈ ਤੇ ਮੁਕਾਬਲੇ ਤੋਂ ਬਾਹਰ ਹੋ ਜਾਣਾ ਵੀ ਕੋਈ ਹੱਲ ਨਹੀਂ।--
ਇਸੇ ਵਿਸ਼ੇ ਤੇ ਇੰਦਰਜੀਤ ਸਿੰਘ ਪੁਰੇਵਾਲ ਨੇ ਸਪਸ਼ਟ ਸ਼ਬਦਾਂ ਵਿੱਚ ਬੜੀ ਗੰਭੀਰ ਟਿੱਪਣੀ ਕਰਦਿਆਂ ਕਿਹਾ ਕਿ
ਜਿਸ ਦੀ ਜੇਬ ‘ਚ ਸੈਂਕੜਿਆਂ ਦੀ ਵੱਡੀ ਗਿਣਤੀ ਵਿੱਚ ਜਾਅਲੀ ਵੋਟਾਂ ਹੋਣ , ਉਹ ਸਰਬ-ਸੰਮਤੀ ਲਈ ਨਹੀਂ ਮੰਨੇਗਾ, ਵਿਰੋਧੀ ਧਿਰ ਦਾ ਫੈਸਲਾ ਵਧੀਆ ਹੈ , ਬੜੀ ਬੁਰੀ ਤਰਾਂ ਹਾਰ ਕੇ ਲਾ- ਲਾ-ਲਾ ਕਰਵਾਉਣ ਨਾਲੋਂ ਇਹ ਚੰਗਾ ਕੀਤਾ ਸਿਆਣੇ ਬੰਦਿਆਂ ਨੇ ਪਾਸੇ ਹਟ ਜਾਣਾ ਠੀਕ ਸਮਝਿਆ…
ਜੇਕਰ ਅਜਿਹਾ ਹੈ ਤਾਂ ਹਾਲ ਹੀ ਵਿਚ ਹੋਈਆਂ ਚੋਣਾਂ ਦੇ ਨਤੀਜੇ ਰੱਦ ਕਰ ਕੇ ਮੈਂਬਰਸ਼ਿਪ ਦੀ ਸਕਰੀਨਿੰਗ ਹੋਣੀ ਚਾਹੀਦੀ ਹੈ ਅਤੇ ਚੋਣਾਂ ਛੇ ਕੁ ਮਹੀਨੇ ਬਾਅਦ ਨਵੇਂ ਸਿਰਿਓਂ ਕਾਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਚਲੰਤ ਘਟਨਾਵਾਂ ਬਾਰੇ ਬੇਬਾਕ ਟਿੱਪਣੀਆਂ ਕਰਨ ਵਾਲੇ ਮੋਹਾਲੀ ਵਿੱਚ ਰਹਿੰਦੇ ਸਰਗਰਮ ਬੁੱਧੀਜੀਵੀ ਪਾਲੀ ਭੁਪਿੰਦਰ ਸਿੰਘ ਹੁਰਾਂ ਨੇ ਵੀ ਕਿਹਾ:
ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ… ਮੈਨੂੰ ਪੰਜਾਬੀ ਸਾਹਿਤ ਬਾਰੇ ਆਪਣੀ ਜਾਣਕਾਰੀ ‘ਤੇ ਸ਼ਰਮ ਆ ਰਹੀ ਹੈ। ਕਿੰਨੇ ਉਮੀਦਵਾਰ ਅਜਿਹੇ ਸਨ, ਜਿਨ੍ਹਾਂ ਦਾ ਮੈਂ ਬਤੌਰ ਲੇਖਕ ਨਾਂ ਤੱਕ ਨਹੀਂ ਸਾਂ ਜਾਣਦਾ।
ਤੇ ਮੈਨੂੰ ਪੂਰੀ ਉਮੀਦ ਹੈ, ਉਹ ਵੀ ਮੇਰਾ ਨਾਂ ਤੱਕ ਨਹੀਂ ਜਾਣਦੇ ਹੋਣੇ।
"ਗੱਗ ਬਾਣੀ" ਵੱਜੋਂ ਮਸ਼ਹੂਰ ਹੋਣ ਵਾਲੇ ਸੁਰਜੀਤ ਗਗ ਕਾਵਿ ਰੂਪ ਵਿੱਚ ਕਹਿੰਦੇ ਹਨ:
ਲੇਖਕ ਸਭਾ ਦੀਆਂ ਚੋਣਾਂ ਹੋਈਆਂ
ਜਾਂ ਮੰਜੀ ਦੀਆਂ ਦੋਣਾਂ ਹੋਈਆਂ?
ਕੱਸੇ ਕੋਈ ਤੇ ਪੈ ਜਏ ਕੋਈ
ਖੜ੍ਹਾ ਸਮੱਤਦਾ ਰਹਿ ਜੇ ਕੋਈ।
ਇੱਕ ਆਂਹਦੇ ਨੇ ਲੜਦੇ ਕਿਉਂ ਨਹੀਂ
ਲੱਤਾਂ ਏ ਤੇ ਖੜ੍ਹਦੇ ਕਿਉਂ ਨਹੀੰ?
ਦੂਜੇ ਆਂਹਦੇ ਕੀ ਲੜਾਈ
ਤੂੰ ਮੇਰਾ ਮੈਂ ਤੇਰਾ ਬਾਈ।
ਜੇਕਰ ਕਲਮਾਂ ‘ਕੱਠੀਆਂ ਹੋਈਆਂ
ਫਿਰ ਕਿਉਂ ਮੁੱਕੀਆਂ ਵੱਟੀਆਂ ਹੋਈਆਂ?
ਲਿੱਪੇ ਮੂੰਹਾਂ ਪੌਡਰ ਦੀ ਗੱਲ
ਕੀ ਇਹ ਵੀ ਐ ਚੌਧਰ ਦੀ ਗੱਲ?
ਮੰਟੋ, ਗੱਗ ਤਰੀਕਾਂ ਭੁਗਤਣ
ਇਹ ਸਭਾਵਾਂ ਲੀਕਾਂ ਭੁਗਤਣ।
ਗੱਲ ਕੋਈ ਹੋ ਜਏ, ਬਿਆਨ ਦੇ ਦਿਓ
ਜਾਂ ਇੱਕ-ਦੋ ਕੁ, ਕਲਾਮ ਦੇ ਦਿਓ।
ਨਾਲ ਖੜ੍ਹੇ ਪਰ ਨਾਲ ਨਹੀਂ ਦੀਂਹਦੇ
ਲਾਲਾਂ ‘ਚੋਂ ਵੀ ਲਾਲ ਨਹੀਂ ਦੀਂਹਦੇ।
ਕਿੰਝ ਕੋਈ ਖੁੱਲ੍ਹ ਕੇ ਲਿਖ ਜਾਵੇਗਾ
ਕਿਉਂ ਨਹੀਂ ਲ੍ਹਿਫ਼ਾਇਆਂ ਲ੍ਹਿਫ਼ ਜਾਵੇਗਾ?
ਜ਼ਿਲਾ ਕੋਈ ਤਹਿਸੀਲ ਵੀ ਹੈ ਨਹੀਂ
ਕੀ ਦੋ-ਚਾਰ ਵਕੀਲ ਵੀ ਹੈ ਨਹੀੰ?
ਜੇਕਰ ਧਰਮ ਤੋਂ ਧੜਾ ਪਿਆਰਾ
ਕਰਨਾ ਪੈਣੈ ਇੱਕ ਕਿਨਾਰਾ।
ਜਾਂ ਤੇ ਕਲਮਾਂ ਧਾਰ ਤਿਆਗਣ
ਜਾਂ ਫੇ ਘਰ ਪਰਿਵਾਰ ਤਿਆਗਣ।
--ਗੱਗਬਾਣੀ
ਕੁਝ ਟਿੱਪਣੀਆਂ ਹੋਰ ਜਿਹੜੀਆਂ ਡਾਕਟਰ ਪਾਲ ਕੌਰ ਹੁਰਾਂ ਦੀ ਪੋਸਟ ਤੇ ਹਨ--
Balwinder Singh Bhatti
ਹੁਰਾਂ ਨੇ ਕੇਂਦਰੀ ਲੇਖਕ ਸਭਾ ਦੀਆਂ ਇਹਨਾਂ ਚੋਣਾਂ ਅਤੇ ਇਹਨਾਂ ਦੇ ਨਤੀਜਿਆਂ ਬਾਰੇ ਕਿਹਾ ਕਿ
ਲੋਕਤੰਤਰ ਨੂੰ ਮੂਰਖਾਂ ਦਾ ਰਾਜ ਵੀ ਕਿਹਾ ਜਾਂਦਾ ਹੈ ਜੀ ਮੈਡਮ
ਇਸੇ ਤਰ੍ਹਾਂ Sukhwinder Pappi ਜੀ ਨੇ ਜੇਤੂਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ-
ਬਿਨਾ ਜਿੱਤ ਦੇ ਸਿਕੰਦਰ
ਗਹਿਰ ਗੰਭੀਰ ਅਤੇ ਅਧਿਆਤਮਕ ਰੰਗਣ ਦਾ ਅਹਿਸਾਸ ਕਰਾਉਂਦੀਆਂ ਲਿਖਜਤਾ ਲਿਖਣ ਵਾਲੇ ਪ੍ਰਸਿੱਧ ਲੇਖਕ Jagmohan Singh ਆਪਣੀ ਟਿੱਪਣੀ ਵਿੱਚ ਅੱਜ ਦੀ ਸਖਤ ਅਤੇ ਕੌੜੀ ਹਕੀਕਤ ਦਾ ਅਹਿਸਾਸ ਕਰਾਉਂਦਿਆਂ ਕਿਹਾ ਕਿ ਲੇਖਕਾਂ ਦੀ ਜਥੇਬੰਦੀ ਵਿਚ ਜੋ ਹੋਇਆ ਹੈ ਉਸ ਬਾਰੇ ਤੁਹਾਡਾ ਨੋਟਿਸ ਲੈਣਾ ਬਹੁਤ ਵਾਜਬ ਹੈ। ਸਾਡੇ ਬੰਦੇ ਵੀ ਰਾਜਨੀਤਕਾਂ ਤੋਂ ਵੱਖਰੇ ਨਹੀਂ ਹਨ, ਉਸੇ ਤਰ੍ਹਾਂ ਦੇ ਗਠਜੋੜ ਅਤੇ ਹਥਕੰਡੇ ਇਸਤੇਮਾਲ ਕਰਦੇ ਹਨ ਜੋ ਦੇਸ਼ ਅਤੇ ਸੂਬੇ ਦੇ ਸਿਆਸਤਦਾਨਾਂ ਵੱਲੋਂ ਵਰਤੇ ਜਾਂਦੇ ਹਨ
ਖੱਬੇਪੱਖੀ ਪਤੱਰਕਾਰੀ ਦੀ ਲੰਮੀ ਸਾਧਨਾ ਕਰਨ ਵਾਲੇ Hardial Sagar ਨੇ ਇਹਨਾਂ ਚੋਣ ਨਤੀਜਿਆਂ ਦੀਆਂ ਖਬਰਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ
ਏਕਤਾ ਅਤੇ ਕੁਰਬਾਨੀ ਦੀ ਖਾਤਿਰ
ਦੀ ਥਾਂ
ਬੁਜਦਿਲੀ ਅਤੇ ਨਮੋਸ਼ੀ ਕਹਿਣਾ ਉਚਿਤ ਹੈ
ਸਾਡੇ ‘ ਵੱਡੇ ਸਾਹਿਤਕਾਰ’ ਅਸਲ ਵਿੱਚ ਦੀਵਾਲੀਆ ਹੋ ਚੁੱਕੇ ਹਨ
ਅਹੁਦਿਆਂ ਦੀ ਭੁੱਖ ਨੇ ਇਨ੍ਹਾਂ ਨੂੰ ਬੌਣੇ ਬਣਾ ਦਿੱਤਾ ਹੈ
ਜ਼ਲਾਲਤ ਦੇ ਆਦੀ ਹੋ ਚੁੱਕੇ ਹਨ ਇਹ ਸਾਹਿਤ ਦੇ ਮੁਜਰਿਮ
ਮਰੀ ਜ਼ਮੀਰ ਦੀ ਸ਼ਰਮਿੰਦਗੀ ਦੇ ਭਾਰ ਨੂੰ ਕਿੰਨੇ ਚਾਅ ਨਾਲ ਚੁੱਕੀ ਫਿਰਦੇ ਹਨ ਇਹ ਸਾਹਿਤ ਦੇ ਅਖੌਤੀ ਚੌਧਰੀ!
ਇਸ ਮੌਕੇ Hardial Sagar ਨੇ ਆਪਣੀ ਇੱਕ ਹੋਰ ਵੱਖਰੀ ਟਿੱਪਣੀ ਵਿੱਚ
ਜਾਲਸਾਜ਼ੀ ਉੱਪਰ ਪਰਦਾ ਪਾਣ ਦੀ ਬੇਤੁਕੀ ਅਤੇ ਲਗ-ਪਗ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਹੈ ਇਹ ਪੋਸਟ
ਨਿਰਾ ਕੁਫ਼ਰ
ਸੇਵਾ ਕਰਨ ਨਹੀਂ ਮੇਵਾ ਖਾਣ ਲਈ ਲੋਟਣੀਆਂ ਲੈਂਦੇ ਹਨ
ਜਗ ਜਾਹਿਰ ਹੈ ਇਹ ਸੱਚਾਈ
ਇਸ ਸਬੰਧੀ ਹੀ Chahal Jagpal Ralli ਨੇ ਉਘੀ ਲੇਖਿਕਾ, ਅਨੁਵਾਦਿਕਾ ਅਤੇ ਰੀਵਿਊਕਾਰ ਦੇ ਕਿਸੇ ਕੁਮੈਂਟ 'ਤੇ ਟਿੱਪਣੀ ਕਰਦਿਆਂ ਕਿਹਾ-Arvinder Kaur Kakra ਰਾਜਨੀਤਕ ਸਾਹਿਤਕਾਰ ਸਮਾਜ ਲਈ ਕੀ ਚਾਨਣ-ਮੁਨਾਰਾ ਨੇ ਚਿੰਤਾ ਇਸ ਗੱਲ ਦੀ ਹੈ... ਅਸੀਂ ਪਿੰਡ ਦੀ ਸੱਥ ਵਿੱਚ ਜਾ ਕੇ ਕੀ ਕਹਾਂਗੇ ?
Hardial Sagar ਹੁਰਾਂ ਨੇ ਇੱਕ ਹੋਰ ਵੱਖਰੀ ਟਿੱਪਣੀ ਵੀ ਕੀਤੀ ਹੈ ਸ਼ਾਇਦ ਇਹਨਾਂ ਚੋਣ ਨਤੀਜਿਆਂ ਸਬੰਧੀ ਆਈ ਕਿਸੇ ਰਿਪੋਰਟ ਬਾਰੇ
“ਹਮਲੇ” ਦਾ ਖ਼ਦਸ਼ਾ
ਇਸ ਤਰ੍ਹਾਂ ਲੱਗਦਾ ਹੈ ਸਾਹਿਤਕਾਰਾਂ ਦਾ ਨਹੀ ਬਲਕਿ ਹਥਿਆਰ -ਬੰਦ ਲੁਟੇਰਿਆਂ ਦਾ ਇਕੱਠ ਹੋ ਰਿਹਾ ਸੀ
ਇਹ ਹੈ ਸਾਡੇ ਸਾਹਿਤਕਾਰਾਂ ਦਾ ਕਿਰਦਾਰ
Chahal Jagpal Ralli
ਇਹ ਜੇਤੂ ਧਿਰ ਦੀ ਬੇਸਮਝੀ ਹੈ ਜੀ,,, ਵਿਰੋਧੀ ਧਿਰ ਦਾ ਪਿੱਛੇ ਹਟ ਜਾਣਾ ਉਸਦੀ ਕਮਜ਼ੋਰੀ ਨਹੀਂ ਸਮਝਣੀ ਚਾਹੀਦੀ... ਉਸਦੇ ਵਿਚਾਰ, ਮਨਸਾ ਅਤੇ ਤਤਕਾਲੀ ਸਥਿਤੀਆਂ ਨੂੰ ਧਿਆਨ ਵਿਚ ਰੱਖ ਕੇ ਬਿਆਨ ਦੇਣ ਦੀ ਲੋੜ ਹੈ... ਹਕੂਮਤਾਂ ਪੰਡਤਾਂ ਨੂੰ ਵਰਤਦੀਆਂ ਆਈਆਂ ਨੇ, ਅੱਜ ਦੇ ਪੰਡਤ ਸਾਹਿਤਕਾਰ ਨੇ
ਇਸ ਸਾਰੇ ਘਟਨਾਕ੍ਰਮ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। ਕੀ ਅਜਿਹਾ ਕੁਝ ਹੋ ਸਕਦਾ ਹੈ ਵਿਚਾਰਧਾਰਾ ਭਾਵੇਂ ਰਹੇ ਪਰ ਸਿਆਸੀ ਪਾਰਟੀਆਂ ਦੀ ਪਕੜ ਲੇਖਕਾਂ ਅਤੇ ਲੇਖਕ ਸਭਾਵਾਂ ਤੋਂ ਖਤਮ ਹੋ ਜਾਏ?
ਅਖੀਰ ਵਿੱਚ ਜਸਪਾਲ ਘਈ ਹੁਰਾਂ ਦੀ ਇੱਕ ਰਚਨਾ ਜਿਹੜੀ ਮੌਜੂਦਾ ਦੌਰ ਦੀ ਹੀ ਗੱਲ ਕਰਦੀ ਲੱਗਦੀ ਹੈ:
ਸਿਰਫ਼ ਅਪਣੇ ਹੀ ਸਿਰ ਤੇ ਛਾਂ ਮੰਗੇ ।
ਬਾਗ਼ਬਾਂ ਬਾਗ਼ ਵਿਚ ਖ਼ਿਜ਼ਾਂ ਮੰਗੇ ।
ਵਕਤ ਚੰਦਰਾ ਵਿਛਾ ਰਿਹੈ ਕਿਰਚਾਂ
ਰੀਝ ਸਾਡੀ ਤਾਂ ਝਾਂਜਰਾਂ ਮੰਗੇ ।
ਰੁੱਖ ਰਹਿ ਗਏ ਨੇ ਕੁਰਸੀਆਂ ਜੋਗੇ
ਕੌਣ ਇਹਨਾ ਤੋਂ ਵੰਝਲੀਆਂ ਮੰਗੇ ?
ਓਹੀ ਮਕਤਲ, ਉਹੀ ਨਿਆਂ-ਸ਼ਾਲਾ
ਕੌਣ, ਕਿਸ ਤੋਂ, ਕਿਵੇਂ ਨਿਆਂ ਮੰਗੇ ?
ਅੱਗ ਦੇ ਬੂਟੇ ਨੇ, ਆਤਸ਼ੀ ਫੁੱਲ ਨੇ
ਮਨ ਹੈ ਝੱਲਾ, ਕਿ ਤਿਤਲੀਆਂ ਮੰਗੇ ।
ਸ਼ਹਿਰ,ਪਿੰਡ ਹਰ ਜਗ੍ਹਾ ਉਹ ਗ਼ਾਇਬ ਨੇ
ਬੁੱਢਾ ਪਿੱਪਲ ਜੋ ਰੌਣਕਾਂ ਮੰਗੇ ।
___ਜਸਪਾਲ ਘਈ
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।