google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਕੇਂਦਰੀ ਪੰਜਾਬੀ ਲੇਖਕ ਸਭਾ ਚੋਣਾਂ ਦੀ ਸਰਬਸੰਮਤੀ ਦੇ ਪਿਛੇ ਦੀ ਕਹਾਣੀ

Monday, 11 September 2023

ਕੇਂਦਰੀ ਪੰਜਾਬੀ ਲੇਖਕ ਸਭਾ ਚੋਣਾਂ ਦੀ ਸਰਬਸੰਮਤੀ ਦੇ ਪਿਛੇ ਦੀ ਕਹਾਣੀ

ਅਸਲੀਅਤ ਬਹੁਤ ਗੰਭੀਰ ਅਤੇ ਹੈਰਾਨਕੁੰਨ ਹੈ 

ਕੇਂਦਰੀ ਸਭਾ ਦੇ ਵੱਡੇ ਗਰੁੱਪ ਨੇ ਆਪਣੀਆਂ ਸਾਰੀਆਂ ਨਾਮਜ਼ਦਗੀਆਂ ਕਿਓਂ ਵਾਪਿਸ ਲਈਆਂ?  


ਲੁਧਿਆਣਾ
: 10 ਸਤੰਬਰ 2023: (ਸਾਹਿਤ ਸਕਰੀਨ ਡੈਸਕ)::

ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਦੀ ਤਾਰੀਖ 17 ਸਤੰਬਰ ਸੀ। ਇਸ ਲਈ ਸਭਨਾਂ ਨੂੰ ਇਸਦੀ ਉਡੀਕ ਵੀ ਸੀ। ਇਸੇ ਦੌਰਾਨ ਕੁਝ ਜੋਤਿਸ਼ੀ ਅਤੇ ਕੁਝ ਸਿਆਸਤਦਾਨ ਅਕਸਰ ਇਸ ਗੱਲ ਦੀ ਚਰਚਾ ਕਰ ਰਹੇ ਸਨ ਕਿ ਇਸ ਵਾਰ ਜਲਦੀ ਹੀ ਲੋਕ ਸਭਾ ਭੰਗ ਹੋ ਜਾਣੀ ਹੈ ਅਤੇ ਆਮ ਚੋਣਾਂ ਦਸੰਬਰ ਤੱਕ ਹੀ ਹੋ ਜਾਣੀਆਂ ਹਨ। ਇਸਦੇ ਪੱਖ ਵਿਚ ਦਲੀਲਾਂ ਵੀ ਦਿੱਤੀਆਂ ਜਾ ਰਹੀਆਂ ਸਨ। 

ਲੁਧਿਆਣਾ ਦੇਹਾਤ ਦੇ ਇੱਕ ਬਹੁ ਚਰਚਿਤ ਜੋਤਿਸ਼ ਵਿਗਿਆਨੀ ਨੇ ਤਾਂ ਇਥੋਂ ਤੀਕ ਭਵਿੱਖ ਬਾਣੀ ਕਰ ਦਿੱਤੀ ਸੀ ਕਿ ਇਸ ਵਾਰ 6 ਅਤੇ ਸੱਤ ਸਤੰਬਰ ਦੀ ਜਨਮ ਅਸ਼ਟਮੀ ਵਾਲੀ ਰਾਤ ਨੂੰ ਹੀ ਲੋਕ ਸਭ ਭੰਗ ਹੋ ਜਾਣੀ ਹੈ। ਜਦੋਂ ਅਜਿਹਾ ਨਹੀਂ ਹੋਇਆ ਤਾਂ ਇਸ ਜੋਤਿਸ਼ੀ ਨੇ ਇਸਦੇ ਕਾਰਨ ਵੀ ਸਮਝਾਏ ਕਿ ਇਹ ਗੱਲ ਕੁਝ ਦਿਨ  ਅੱਗੇ ਕਿਓਂ ਪੈ ਗਈ ਹੈ। ਇਸ ਤਰ੍ਹਾਂ ਲੱਗਦਾ ਸੀ ਕਿ ਇਸ ਸਾਰੇ ਘਟਨਾਕ੍ਰਮ ਦਾ ਅਸਰ ਬੁਧੀਜੀਵੀ ਅਤੇ ਸਾਹਿਤਿਕ ਹਲਕਿਆਂ ਤੇ ਵੀ ਪੈਣਾ ਹੈ।  ਇਹਨਾਂ ਸਾਰੀਆਂ ਗੱਲਾਂ ਦਾ ਅਸਰ ਸਮੁਚੇ ਸਾਹਿਤਿਕ ਮਾਹੌਲ 'ਤੇ ਵੀ ਪਿਆ ਅਤੇ ਜਨ-ਮਾਨਸਿਕਤਾ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ। ਸ਼ਾਇਦ ਇਸ ਅਸਰ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਵਾਲਿਆਂ ਨੇ ਵੀ ਕਬੂਲਿਆ ਹੋਵੇ ਅਤੇ 17 ਸੰਤਬਰ ਨੂੰ ਹੋਣ ਵਾਲੀਆਂ ਚੋਣਾਂ ਅੱਜ  10 ਸਤੰਬਰ ਨੂੰ ਹੀ ਨਿਬੇੜ ਦਿੱਤੀਆਂ। ਅੱਜ ਕਾਗਜ਼ ਵਾਪਿਸ ਲੈਣ ਦੀ ਆਖ਼ਿਰੀ ਤਾਰੀਖ ਸੀ। ਲੇਖਕਾਂ ਦਾ ਵੱਡਾ ਧੜਾ ਚਾਹੁੰਦਾ ਸੀ ਕਿ ਆਉਣ ਵਾਲੇ ਸਮੇਂ ਦੇ ਨਾਜ਼ੁਕ ਹਾਲਾਤਾਂ ਦੇ ਟਾਕਰੇ ਲਈ ਵਿਸ਼ੇਸ਼ ਤਿਆਰੀਆਂ ਜ਼ਰੂਰੀ ਹਨ। ਇਹਨਾਂ ਵਿਸ਼ੇਸ਼ ਤਿਆਰੀਆਂ ਲਈ ਕੁਝ ਖਾਸ ਕਿਸਮ ਦੀਆਂ ਜੁਝਾਰੂ ਸ਼ਖਸੀਅਤਾਂ ਦੀ ਅਗਵਾਈ ਵੀ ਜ਼ਰੂਰੀ ਹੈ। ਇਸ ਲਈ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿਸਟਰਡ) ਦੇ ਵਡੇਰੇ ਹਿੱਤਾਂ ਵਿਚ ਲੇਖਕਾਂ ਅਤੇ ਬੁੱਧੀਜੀਵੀਆਂ ਦੇ ਵੱਡੇ ਗਰੁੱਪ ਨੇ ਆਪਣੀਆਂ ਸਾਰੀਆਂ ਨਾਮਜ਼ਦਗੀਆਂ ਵਾਪਿਸ ਲਈਆਂ ਗਈਆਂ।  

ਅਸਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ ਬਾਰੇ ਅੱਜ ਨਾਮਜਦਗੀਆਂ ਵਾਪਿਸ ਲੈਣ ਦੀ ਆਖਰੀ ਤਰੀਕ ਸੀ। ਇਸ ਮੌਕੇ ਸ੍ਰੀ ਕੇਵਲ ਧਾਲੀਵਾਲ, ਡਾ. ਸਰਬਜੀਤ ਸਿੰਘ ਅਤੇ ਡਾ. ਅਰਵਿੰਦਰ ਕੌਰ ਕਾਕੜਾ ਦੀ ਅਗਵਾਈ ਵਾਲੀ ਟੀਮ ਦੇ ਸਾਰੇ ਮੈਂਬਰਾਂ ਨੇ ਸਾਰੇ ਅਹੁਦਿਆਂ ਉੱਤੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਇਹ ਕਦਮ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਗਾਂਵਧੂ ਵਿਚਾਰਾਂ ਵਾਲੇ ਲੇਖਕਾਂ ਦੀ ਆਪਸੀ ਫੁੱਟ ਅਤੇ ਧੜੇ ਬੰਦੀ ਨੂੰ ਰੋਕਣ ਲਈ ਚੁੱਕਿਆ ਗਿਆ। 

ਅਜੋਕੇ ਹਾਲਾਤ ਵਿਚ ਜਦੋਂ ਅਗਾਂਹਵਧੂ ਵਿਚਾਰਾਂ ਵਾਲੇ ਲੇਖਕਾਂ ਦੇ ਬੋਲਣ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਆਇਦ ਕੀਤੀਆਂ ਜਾ ਰਹੀਆਂ ਹਨ ਅਤੇ ਸਰਕਾਰਾਂ ਵੱਲੋਂ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਹਰ ਤਰ੍ਹਾ ਦੇ ਸੱਭਿਆਚਾਰਕ ਕਾਮਿਆਂ ਉੱਪਰ ਤਰ੍ਹਾਂ ਤਰ੍ਹਾਂ ਦਾ ਤਸ਼ੱਦਦ ਢਾਇਆ ਜਾ ਰਿਹਾ ਹੈ, ਉਸ ਸਮੇਂ ਲੇਖਕਾਂ ਦੀ ਇਕਜੁੱਟਤਾ ਇਤਿਹਾਸਿਕ ਲੋੜ ਹੈ, ਜਿਸ ਨੂੰ ਮੁੱਖ ਰਖਦਿਆਂ ਇਹ ਫੈਸਲਾ ਲਿਆ ਗਿਆ ਹੈ। ਜੇਕਰ ਇਸ ਸੰਬੰਧੀ ਸ਼ਾਂਤ ਮਨ ਨਾਲ ਨਿਰਪੱਖ ਹੋ ਕੇ ਇਸ ਟੀਮ ਨਾਲ ਗੱਲ ਕੀਤੀ ਜਾਂਦੀ ਤਾਂ ਇਸ ਟੀਮ ਨੇ ਉਹਨਾਂ ਸਾਰੇ ਖਤਰਿਆਂ ਬਾਰੇ ਸਾਹਿਬ ਨੂੰ ਇਸ਼ਾਰਿਆਂ ਵਿਚ ਜ਼ਰੂਰੁ ਅਗਾਂਹ ਕਰ ਦੇਣਾ ਸੀ ਕਿ ਨੇੜ  ਭਵਿੱਖ ਵਿੱਚ ਬਹੁਤ ਸਾਰੇ ਖਤਰੇ ਦਰਪੇਸ਼ ਹਨ। ਲੋਕ ਪੱਖੀ ਸੋਚ ਰੱਖਣ ਵਾਲੇ ਸਮੂਹ ਸੰਗਠਨਾਂ ਅਤੇ ਜੱਥੇਬੰਦੀਆਂ ਪ੍ਰਤੀ ਆਉਣ ਵਾਲਾ ਸਮਾਂ ਕੁਝ ਵਧੇਰੇ ਨਾਜ਼ੁਕ ਹੋ ਸਕਦਾ ਹੈ। ਇਸ ਲਈ ਕੇਂਦਰੀ ਪੰਜਾਬੀ ਲੇਖਕ ਸਭ ਦਾ ਇਹ ਵੱਡਾ ਧੜਾ ਚਾਹੁੰਦਾ ਸੀ ਕਿ ਅਹੁਦਿਆਂ ਦੀ ਲਾਲਸਾ ਤੋਂ ਮੁਕਤ ਲੋਕਾਂ ਨੂੰ ਇਸ ਵਾਰ ਵਧੇਰੇ ਜ਼ਿੰਮੇਵਾਰੀ ਦਿੱਤੀ ਜਾਵੇ। ਇਸ ਮਕਸਦ ਦੀ ਤਿਆਰੀ ਵੀ ਇਸੇ ਸੋਚ ਮੁਤਾਬਿਕ ਕੀਤੀ ਗਈ ਸੀ।  

ਕਰਮ ਸਿੰਘ ਵਕੀਲ ਹੁਰਾਂ ਨੇ ਇਸ ਸਬੰਧੀ ਇਸ਼ਾਰੇ ਕਰਦਾ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਕਿ ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਚੰਗੇਰੇ ਭਵਿੱਖ ਲਈ ਇਹ ਕਦਮ ਬਹੁਤ ਸੋਚ-ਵਿਚਾਰ ਤੋਂ ਬਾਅਦ ਚੁੱਕ ਰਹੇ ਹਾਂ। ਹੁਣ ਇਸ ਚੰਗੇਰੇ ਭਵਿੱਖ ਦੀ ਗੱਲ ਕਰਦਿਆਂ ਇਹ ਕੁਝ ਇਸ਼ਾਰਿਆਂ ਵਾਂਗ ਹੀ ਤਾਂ ਕਿਹਾ ਜਾ ਸਕਦਾ ਸੀ। ਸਾਰੇ ਖਤਰਿਆਂ ਬਾਰੇ ਖੁਲ੍ਹੀ ਗੱਲ ਕਰਨ ਦਾ ਅਜੇ ਵੇਲਾ ਹੀ ਨਹੀਂ ਆਇਆ। ਫਿਲਹਾਲ ਸਿਰਫ ਇਹੀ ਜ਼ਰੂਰੀ ਹੈ ਕਿ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਪਹਿਲਾਂ ਨਾਲੋਂ ਕਿਤੇ ਵੱਧ ਸੁਚੇਤ ਰਿਹਾ ਜਾਵੇ। ਇਥੇ ਪੱਤਰਕਾਰ ਅਤੇ ਲੇਖਕ ਐਮ ਐਸ ਭਾਟੀਆ ਦੀ ਇਹ ਗੱਲ ਵੀ ਜੋੜੀ  ਜਾ ਸਕਦੀ ਹੈ ਕਿ ਇੰਦੌਰ ਵਿੱਚ ਇਪਟਾ ਅਜਲਾਸ ਮੌਕੇ ਹੋਏ ਹਮਲੇ ਨੂੰ ਚੇਤੇ ਰੱਖਣ ਦੀ ਲੋੜ ਇਸ ਵੇਲੇ ਹੋਰ ਵੀ ਜ਼ਿਆਦਾ ਹੈ। 

ਚੇਤੇ ਰਹੇ ਕਿ ਇਸ ਹਮਲੇ ਮੌਕੇ ਪੰਜਾਬ ਸਕਰੀਨ ਮੀਡੀਆ ਅਤੇ ਰੋਜ਼ਾਨਾ ਨਵਾਂ ਜ਼ਮਾਨਾ ਨਾਲ ਜੁੜੇ ਹੋਏ ਪ੍ਰਦੀਪ ਸ਼ਰਮਾ ਵੀ ਮੌਜੂਦ ਸਨ ਜਿਹਨਾਂ ਨੇ ਸਭ ਕੁਝ ਆਪਣੀ ਅੱਖੀਂ ਦੇਖਿਆ ਸੀ। ਇਹ ਹਮਲਾ ਕਿੰਨਾ ਅਚਾਨਕ ਸੀ ਇਸ ਦਾ ਅਹਿਸਾਸ ਉਹਨਾਂ ਨੂੰ ਹੀ ਹੋ ਸਕਦਾ ਹੈ ਜਿਹੜੇ ਹਮਲੇ ਸਮੇਂ ਉਸ ਸੰਮੇਲਨ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਸਨ। ਸ਼੍ਰੀ ਸ਼ਰਮਾ ਦੱਸਦੇ ਹਨ ਕਿ ਸੰਨ 2016 ਵਿੱਚ ਦੋ ਤੋਂ 4 ਅਕਤੂਬਰ ਤੱਕ ਚੱਲੇ ਇਸ ਪ੍ਰੋਗਰਾਮ ਦੌਰਾਨ ਗੁੰਡਾਗਰਦੀ ਵਾਲਾ ਇਹ ਹਮਲਾ ਮਹਾਸ਼ਵੇਤਾ ਦੇਵੀ ਦੇ ਲਿਖੇ ਗਏ ਇੱਕ ਨਾਟਕ "ਦਰੋਪਦੀ" ਦੇ ਮੰਚਨ ਨੂੰ ਰੋਕਣ ਲਈ ਕੀਤਾ ਗਿਆ ਸੀ। ਮਹਾਸ਼ਵੇਤਾ ਦੇਵੀ ਹਰਿਆਣਾ ਦੀ ਪ੍ਰਸਿੱਧ ਪ੍ਰਗਤੀਸ਼ੀਲ ਲੇਖਿਕਾ ਹੈ। 

ਉਸਦਾ ਇਹ ਨਾਟਕ ਦਰੋਪਦੀ ਕਈ ਯੂਨੀਵਰਸਟੀਆਂ ਦੇ ਸਿਲੇਬਸਾਂ ਵਿੱਚ ਲੱਗਿਆ ਹੋਇਆ ਹੈ। ਇਸ ਨਾਟਕ ਦਾ ਸੁਨੇਹਾ ਵੀ ਬਹੁਤ ਸੰਵੇਦਨਸ਼ੀਲ ਹੈ। ਦਰੋਪਦੀ ਫੌਜ ਦੇ ਉਹਨਾਂ ਜਵਾਨਾਂ ਕੋਲੋਂ ਕੱਪੜੇ ਲੈਣ ਤੋਂ ਸਾਫ ਨਾਂਹ ਕਰ ਦੇਂਦੀ ਹੈ ਜਿਹਨਾਂ ਨੇ ਉਸਦਾ ਰੇਪ ਕੀਤਾ ਹੁੰਦਾ ਹੈ ਅਤੇ ਹੁਣ ਉਸਨੂੰ ਨਗਨਤਾ ਢਕਣ ਲਈ ਕੱਪੜੇ ਦੇ ਰਹੇ ਹੁੰਦੇ ਹਨ। ਇਸ ਨਾਟਕ ਵਿਚ ਦਰੋਪਦੀ ਦੀ ਨਗਨਤਾ ਉਸਦੇ ਆਤਮ ਸਨਮਾਨ ਦਾ ਪ੍ਰਤੀਕ ਬਣ ਕੇ ਉਭਰਦੀ ਹੈ। ਏ ਬੀ ਵੀ ਪੀ ਵਾਲਿਆਂ ਨੇ ਇਸ ਨੂੰ ਫ਼ੌਜ ਦਾ ਅਪਮਾਨ ਦੱਸਿਆ ਅਤੇ ਵਿਰੋਧ ਕੀਤਾ। ਇਸ ਮਹਾਸ਼ਵੇਤਾ ਦੇਵੀ ਦੇ ਪੁਤਲੇ ਫੂਕੇ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ। 

ਇਸੇ ਸਮਾਗਮ ਵਿੱਚ ਫਿਲਮ ਗਰਮ ਹਵਾ ਦੇ ਨਿਰਦੇਸ਼ਕ ਐਮ ਐਸ ਸਥਿਊ ਪਾਕਿਸਤਾਨ ਵਿਚ ਭਾਰਤੀ ਫੌਜ ਦੀ ਸਰਜੀਕਲ ਸਟ੍ਰਾਈਕ ਦੀ ਆਲੋਚਨਾ ਕਰ ਕੇ ਵੀ ਹਟੇ ਸਨ। ਮੀਡੀਆ ਨਾਲ ਪੱਤਰਕਾਰ ਸੰਮੇਲਨ ਵੀ ਚੱਲ ਰਿਹਾ ਸੀ। ਇਸ ਤਰ੍ਹਾਂ ਸਮਾਜ ਵਿੱਚ ਝੂਠ ਅਤੇ ਫਿਰਕਪ੍ਰਸਤੀ ਦੇ ਖਿਲਾਫ ਚੇਤਨਾ ਜਗਾਈ ਜਾ ਰਹੀ ਸੀ। 

ਹੁਣ ਫੇਰ ਇੰਦੌਰ ਵਰਗੇ ਹਮਲਿਆਂ ਦਾ ਖਦਸ਼ਾ ਬਣਿਆ ਹੋਇਆ ਹੈ। ਇਹਨਾਂ ਦੇ ਟਾਕਰੇ ਦੀ ਲੋੜ ਪ੍ਰਧਾਨਗੀਆਂ ਅਤੇ ਜਨਰਲ ਸਕੱਤਰੀਆਂ ਦੀ ਲੋੜ ਤੋਂ ਉੱਪਰ ਉੱਠ ਕੇ ਮਹਿਸੂਸ ਕੀਤੀ ਜਾਣੀ ਚਾਹੀਦੀ ਹੈ। ਅਜਿਹੇ ਮਾਹੌਲ ਦਾ ਸਾਹਮਣਾ ਕਰਨ ਦੀ ਤਿਆਰੀ ਇਸ ਵੇਲੇ ਸਭ ਤੋਂ ਵੱਡੀ ਲੋੜ ਹੈ। ਧੜੇਬੰਦੀਆਂ ਅਤੇ ਗੁੱਟਬੰਦੀਆਂ ਨਾਲ ਲੋਕ ਪੱਖੀ ਤਾਕਤਾਂ ਦਾ ਮੋਰਚਾ ਕਮਜ਼ੋਰ ਹੀ ਹੋਵੇਗਾ। ਇਸ ਲਈ ਅਹੁਦਿਆਂ ਦਾ ਤਿਆਗ ਸਭ ਤੋਂ ਵੱਡੀ ਲੋੜ ਬਣ ਗਿਆ ਸੀ। 

ਅਹੁਦਿਆਂ ਨੂੰ ਲੱਤ ਮਾਰਨ ਦਾ ਇਹ ਫੈਸਲਾ ਕੇਵਲ ਧਾਲੀਵਾਲ, ਡਾ ਸਰਬਜੀਤ ਸਿੰਘ, ਡਾ. ਅਰਵਿੰਦਰ ਕਾਕੜਾ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਗੁਲਜਾਰ ਪੰਧੇਰ, ਹਰਮੀਤ ਵਿਦਿਆਰਥੀ,  ਸੁਰਜੀਤ ਜੱਜ, ਸਤਪਾਲ ਭੀਖੀ, ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਡਾ. ਹਰਵਿੰਦਰ ਸਿੰਘ ਸਿਰਸਾ, ਕਰਮ ਸਿੰਘ ਵਕੀਲ, ਜਸਪਾਲ ਮਾਨਖੇੜਾ, ਜਸਵੀਰ ਝੱਜ, ਧਰਵਿੰਦਰ ਸਿੰਘ ਔਲਖ, ਬਲਕਾਰ ਸਿੱਧੂ, ਬਲਵਿੰਦਰ ਸਿੰਘ ਭੁੱਲਰ, ਮਨਦੀਪ ਕੌਰ ਭੰਵਰਾ, ਵਰਗਿਸ ਸਲਾਮਤ, ਸੁਖਵੰਤ ਚੇਤਨਪੁਰਾ, ਡਾ. ਗੁਰਮੇਲ ਸਿੰਘ, ਤਰਲੋਚਨ ਝਾਂਡੇ, ਡਾ. ਜੋਗਾ ਸਿੰਘ, ਡਾ. ਅਨੂਪ ਸਿੰਘ ਬਟਾਲਾ, ਰਣਬੀਰ ਰਾਣਾ, ਡਾ. ਕੁਲਦੀਪ ਸਿੰਘ ਦੀਪ, ਸੁਰਜੀਤ ਸਿਰੜੀ ਹਰਿਆਣਾ, ਡਾ. ਸੰਤੋਖ ਸਿੰਘ ਸੁੱਖੀ, ਗੁਰਪ੍ਰੀਤ ਸਿੰਘ ਸੰਗਰਾਣਾ, ਸੁਰਿੰਦਰ ਕੈਲੇ, ਅਮਰਜੀਤ ਪੇਂਟਰ, ਡਾ. ਬਲਵਿੰਦਰ ਚਾਹਲ, ਪ੍ਰੋ ਹਰਜੀਤ ਸਿੰਘ, ਬਲਕੌਰ ਸਿੰਘ ਗਿੱਲ, ਅਜੀਤ ਪਿਆਸਾ ਅਤੇ ਕਾਮਰੇਡ ਰਜਿੰਦਰ ਬੱਲਾਂ ਨੇ ਸਾਂਝੇ ਤੌਰ ਤੇ ਲਿਆ। ਇਹ ਤਿਆਗ ਇਸ ਗੱਲ ਨੂੰ ਚੇਤੇ ਕਰਵਾ ਰਿਹਾ ਹੈ ਕਿ ਹਾਲਾਤ ਨਾਜ਼ੁਕ ਦੌਰ ਵਿਚ ਦਾਖਲ ਹੋ ਚੁੱਕੇ ਹਨ। ਫਾਸ਼ੀਵਾਦੀ ਸੰਗਠਨ ਲੋਕ ਪੱਖੀ ਲਹਿਰਾਂ ਦੇ ਉਭਾਰ ਨੂੰ ਰੋਕਣ ਲਈ ਕੁਝ ਵੀ ਕਰ ਸਕਦੇ ਹਨ। ਅਹੁਦਿਆਂ ਦੇ ਤਿਆਗ ਤੋਂ ਮੁਕਤ ਹੋ ਕੇ ਇੱਕਜੁੱਟ ਹੋਣਾ ਹੀ ਸਮੇਂ ਦੀ ਲੋੜ ਹੈ ਅਤੇ ਆਪਣੇ ਨਾਮ ਵਾਪਿਸ ਲੈਣ ਵਾਲਿਆਂ ਨੇ ਇਸ ਪਾਸੇ ਪਹਿਲ ਕਦਮੀ ਕੀਤੀ ਹੈ।ਭਵਿੱਖ ਵਿਚ ਇਸਦੀ ਸ਼ਲਾਘਾ ਹੋਵੇਗੀ। ਜਿਹੜੇ ਇਹ ਆਖ ਰਹੇ ਹਨ ਕਿ ਇਹ ਗਰੁੱਪ ਡਰਦਾ ਮਾਰਾ ਚੋਣਾਂ ਲੜਨ ਤੋਂ ਪਿਛੇ ਹਟ ਗਿਆ ਉਹਨਾਂ ਨੂੰ ਵੀ ਭਗਵਾਨ ਕ੍ਰਿਸ਼ਨ ਦੀ ਰਣਛੋੜ ਵਾਲੀ ਭੂਮਿਕਾ ਵੀ ਚੇਤੇ ਰੱਖਣੀ ਚਾਹੀਦੀ ਹੈ। 

ਅਖੀਰ ਵਿਚ ਡਾਕਟਰ ਲਾਲ ਫਿਰੋਜ਼ਪੁਰੀ ਦਾ ਇੱਕ ਸ਼ੇਅਰ:

ਜੇ ਤੇਰੇ 'ਚ ਨਹੀਂ ਹੌਂਸਲਾ ਸਹਿਣ ਦਾ ਤਾਂ;

ਤੂੰ ਹਰ ਇੱਕ ਬੁਰੀ ਗੱਲ ਮੇਰੇ ਨਾਮ ਕਰਦੇ!

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment