ਸਾਰੇ ਕੰਮ ਵਾਲੰਟੀਅਰ ਵੱਜੋਂ ਹੋਣ ਤਾਂਕਿ ਸੱਚੀ ਏਕਤਾ ਵਾਲਾ ਮਾਹੌਲ ਬਣ ਸਕੇ!
ਲੁਧਿਆਣਾ: 12 ਸਤੰਬਰ 2023: (ਮੀਡੀਆ ਲਿੰਕ 32//ਸਾਹਿਤ ਸਕਰੀਨ ਡੈਸਕ)::
ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ 17 ਸਤੰਬਰ ਨੂੰ ਹੋਣੀਆਂ ਸਨ ਪਰ ਨਤੀਜੇ ਅੱਜ ਹੀ ਆ ਗਏ। ਪੂਰੀ ਤਰ੍ਹਾਂ ਅਚਾਨਕ ਆਈ ਈਮੇਲ ਰਾਹੀਂ। ਇਹ ਸਾਰੇ "ਸਰਬਸੰਮਤੀ" ਵਾਲੇ ਨਤੀਜੇ ਸਮਝੇ ਜਾ ਰਹੇ ਸਨ ਪਰ ਅਸਲ ਵਿਚ ਇਹ ਬਿਨਾ ਮੁਕਾਬਲਾ ਹੋਈ ਜਿੱਤ ਸੀ। ਜੇਕਰ ਸਰਬਸੰਮਤੀ ਬਣ ਜਾਂਦੀ ਤਾਂ ਜ਼ਿਆਦਾ ਚੰਗਾ ਹੋਣਾ ਸੀ। ਫਿਰ ਵੀ ਇਸ ਬਿਨਾ ਮੁਕਾਬਲਾ ਹੋਈ ਜਿੱਤ ਦੀ ਵੀ ਖੁਸ਼ੀ ਤਾਂ ਹੋਈ ਪਰ ਸਕੂਨ ਨਹੀਂ ਸੀ ਮਿਲ ਰਿਹਾ। ਮਨ ਸੋਚ ਰਿਹਾ ਸੀ ਤਿਆਗ ਦੀਆਂ ਰਾਹਾਂ ਦਿਖਾਉਣ ਵਾਲੇ ਫੱਕਰ ਕਿਸਮ ਦੇ ਇਹ ਲੇਖਕ ਕਿਹਨਾਂ ਅਹੁਦਿਆਂ ਦੇ ਮਾਇਆ ਜਾਲ ਵਿਚ ਫਸ ਗਏ ਹਨ!
ਫਿਰ ਜਾਪਿਆ ਕਿਧਰੇ ਕੁਝ ਗੜਬੜ ਨਾ ਹੋਵੇ। ਵੈਸੇ ਇਹੀ ਨਤੀਜੇ 17 ਸਤੰਬਰ ਨੂੰ ਵੀ ਐਲਾਨੇ ਜਾ ਸਕਦੇ ਸਨ। ਸ਼ਾਇਦ ਕੋਈ ਕਾਹਲ ਰਹੀ ਹੋਵੇ। ਕਾਹਲ ਕਿਓਂ ਰਹੀ ਇਹ ਵੀ ਕਾਹਲ ਕਰਨ ਵਾਲਿਆਂ ਨੂੰ ਹੀ ਪਤਾ ਹੋਣਾ ਹੈ। ਇੱਕ ਰਾਸ਼ਟਰ-ਇੱਕ ਚੋਣ ਵਾਲੇ ਸ਼ੋਰ ਸ਼ਰਾਬੇ ਵਿਚ ਚੋਣਾਂ ਦੇ ਖਰਚੇ ਅਤੇ ਸਮਾਂ ਬਚਾਉਣ ਵਾਲਾ ਪ੍ਰਭਾਵ ਇਹਨਾਂ ਚੋਣਾਂ 'ਤੇ ਵੀ ਪਿਆ ਹੋ ਸਕਦਾ ਹੈ। ਨਤੀਜਿਆਂ ਵਾਲੇ ਬਿਆਨ ਪੜ੍ਹ ਕੇ ਮਨ ਵਿਚ ਕਈ ਗੱਲਾਂ ਆ ਰਹੀਆਂ ਹਨ ਪਰ ਸਭ ਤੋਂ ਪਹਿਲਾਂ ਇੱਕ ਸ਼ੇਅਰ। ਬਿਨਾ ਕਿਸੇ ਅਹੁਦੇ ਜਾਂ ਬੈਨਰ ਤੋਂ ਸਿਰਫ ਕੰਮ ਨਾਲ ਪ੍ਰਤੀਬੱਧ ਰਹਿਣ ਵਾਲੇ ਪ੍ਰਸਿੱਧ ਸ਼ਾਇਰ ਜਨਾਬ ਗੁਰਦੀਪ ਭਾਟੀਆ ਜੀ ਦਾ ਸ਼ੇਅਰ। ਲਓ ਤੁਸੀਂ ਵੀ ਪੜ੍ਹੋ:
ਕਿਸ ਭੁਲੇਖੇ ਯਾਰ ਪੱਬਾਂ ਭਾਰ ਨੇ!
ਬਖ਼ਸ਼ਿਆ ਹੈ ਕਦ ਕਿਸੇ ਸਰਕਾਰ ਨੇ!
ਮਿੱਤਰ ਗੁਰਦੀਪ ਭਾਟੀਆ ਜੀ ਦਾ ਇਹ ਸ਼ੇਅਰ ਅੱਜ ਹੀ ਪੜ੍ਹਿਆ ਅਤੇ ਅੱਜ ਇਹ ਬਾਰ ਬਾਰ ਮੌਜੂਦਾ ਹਾਲਾਤ ਵੱਲ ਇਸ਼ਾਰੇ ਕਰਦਾ ਜਾਪਦਾ ਹੈ। ਖਾਸ ਕਰਕੇ ਸਾਹਿਤਿਕ ਮਾਹੌਲ ਨੂੰ ਦੇਖ ਕੇ। ਚੋਣਾਂ ਦੇ ਨਤੀਜਿਆਂ ਨੂੰ ਦੇਖ ਕੇ ਅਤੇ ਵੱਖ ਵੱਖ ਸੁਰਾਂ ਵਾਲੇ ਬਿਆਨਾਂ ਨੂੰ ਪੜ੍ਹ ਕੇ ਲੱਗਦਾ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਸੀ ਪੀ ਆਈ ਅਤੇ ਸੀ ਪੀ ਆਈ ਐਮ ਵਰਗੀਆਂ ਕੱਦਾਵਰ ਸਿਆਸੀ ਪਾਰਟੀਆਂ ਸ਼ਾਇਦ ਆਪਣਾ ਬਹੁਮਤ ਹੁਣ ਗੁਆ ਬੈਠੀਆਂ ਹਨ। ਅਸਲੀ ਕਹਾਣੀ ਤਾਂ ਬਾਅਦ ਵਿੱਚ ਹੀ ਸਮਝ ਆਉਣ ਲੱਗੀ।
ਇਸ ਬਿਨਾ ਮੁਕਾਬਲਾ ਹੋਈ ਜਿੱਤ ਦੇ ਸਿੱਟੇ ਵੱਜੋਂ ਹੁਣ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸੱਤਾ ਨਵੀ ਟੀਮ ਦੇ ਹੱਥ ਵਿੱਚ ਆ ਗਈ ਹੈ। ਇਹ ਨਵੀਂ ਟੀਮ ਕਮਿਊਨਿਸਟ ਅੰਦੋਲਨ ਦੇ ਪੁਰਾਣੇ ਆਗੂ ਮੰਗਤ ਰਾਮ ਪਾਸਲਾ ਹੁਰਾਂ ਨਾਲ ਪ੍ਰਤੀਬੱਧ ਦੱਸੀ ਜਾਂਦੀ ਹੈ। ਹੁਣ ਸ਼ਾਇਦ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਅਕਾਲੀ ਦਲ ਬਾਦਲ, ਅਕਾਲੀ ਦਲ ਮਾਨ ਅਤੇ ਹੋਰ ਸਿਆਸੀ ਪਾਰਟੀਆਂ ਵੀ ਲੇਖਕਾਂ ਦੇ ਸੰਗਠਨਾਂ ਨੂੰ ਆਪਣੇ ਹੱਥ ਵਿੱਚ ਕਰਨ ਲਈ ਹੱਥ ਅਜ਼ਮਾਉਣ।
ਬਹੁਤ ਸਾਲ ਪਹਿਲਾਂ ਜਦੋਂ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਇੱਕ ਸਗਰਮ ਧੜਾ ਆਪਣੇ ਆਪ ਨੂੰ ਅਣਰਜਿਸਟਰਡ ਲਿਖਦਿਆਂ ਵੱਖਰਾ ਹੋ ਗਿਆ ਸੀ ਉਦੋਂ ਵੀ ਸਥਿਤੀ ਗੰਭੀਰ ਹੀ ਸੀ। ਇਹ ਧੜਾ ਵੱਖਰੇ ਹੋ ਕੇ ਤੇਜਵੰਤ ਮਾਨ ਹੁਰਾਂ ਦੀ ਅਗਵਾਈ ਹੇਠ ਸਰਗਰਮ ਹੋ ਗਿਆ ਸੀ ਅਤੇ ਹੁਣ ਵੀ ਹੈ।
ਉਦੋਂ ਵੀ ਨਿਰਪੱਖ ਸਾਹਿਤਿਕ ਹਲਕਿਆਂ ਨੇ ਇਸ ਵੰਡ 'ਤੇ ਦੁੱਖ ਦਾ ਇਜ਼ਹਾਰ ਕੀਤਾ ਸੀ। ਹੁਣ ਇੱਕ ਵਾਰ ਫੇਰ ਵੰਡ ਹੋਈ ਲੱਗਦੀ ਹੈ। ਪਤਾ ਨਹੀਂ ਇਹ ਵੰਡ ਵਾਲੀ ਭਾਵਨਾ ਹੁਣ ਇਥੇ ਹੀ ਰੁਕੇਗੀ ਜਾਂ ਫਿਰ ਹੋਰ ਤਿੱਖੀ ਹੋਵੇਗੀ? ਸੱਤਾਧਾਰੀ ਧੜਾ ਨਵੇਂ ਝੰਡੇ ਨੂੰ ਲੈ ਕੇ ਸਾਹਮਣੇ ਆਇਆ ਹੈ। ਇਹ ਇੱਕ ਤਰ੍ਹਾਂ ਨਾਲ ਸਾਹਿਤਿਕ ਅਦਾਰਿਆਂ 'ਤੇ ਕਬਜ਼ੇ ਦੇ ਐਲਾਨਾਂ ਦੀ ਸ਼ੁਰੂਆਤ ਵਾਂਗ ਹੀ ਹੈ। ਹੋ ਸਕਦਾ ਹੈ ਕੱਲ੍ਹ ਨੂੰ ਕੋਈ ਸੱਜ ਪਿਛਾਖੜ ਸੰਗਠਨ ਜਾਂ ਪਾਰਟੀ ਵੀ ਆਪਣਾ ਨੀਲਾ, ਪੀਲਾ ਜਾਂ ਭਗਵਾ ਝੰਡਾ ਲੈ ਕੇ ਇਸ ਸਾਹਿਤਿਕ ਸੱਤਾ ਨੂੰ ਸੰਭਾਲ ਲਵੇ। ਉਂਝ ਇਹ ਕੁਝ ਉਹਨਾਂ ਲਈ ਮੁਸ਼ਕਿਲ ਬਿਲਕੁਲ ਵੀ ਨਹੀਂ।
ਗੋਦੀ ਮੀਡੀਆ ਦੇ ਸਫਲ ਤਜਰਬੇ ਅਤੇ ਇਸ ਦੇ ਮੁਕਾਬਲੇ ਵੱਜੋਂ ਕਿਸਾਨ ਮੋਰਚੇ ਦੌਰਾਨ ਸਾਹਮਣੇ ਆਏ ਵਰਤਾਰਿਆਂ ਨੇ ਸਾਬਿਤ ਕੀਤਾ ਹੈ ਕਿ ਜਿਹੜਾ ਮੀਡੀਆ "ਵਿਕ ਗਿਆ" ਉਹ ਤਾਂ ਗੋਦੀ ਬਹਿ ਗਿਆ। ਅਖੀਰ ਏਨੀ ਮਹਿੰਗਾਈ ਵਿਚ ਗੁਜ਼ਾਰਾ ਵੀ ਕਿਵੇਂ ਹੋਵੇ! ਸ਼ਾਇਦ ਵਿਕਣ ਬਿਨਾ ਕੋਈ ਚਾਰ ਹੀ ਨਾ ਬਚਿਆ ਹੋਵੇ। ਉਂਝ ਵੀ ਜਦੋਂ ਮੀਡੀਆ ਹਾਊਸ ਦੇ ਮਾਲਕ ਹੀ ਵਿਕ ਗਏ ਹੋਣ ਤਾਂ ਵਿਚਾਰੇ ਕੰਮ ਕਰਦੇ ਮੁਲਾਜ਼ਮਾਂ ਨੇ ਕੁਹਾੜੇ ਬਲਬੂਤੇ ਨਾਂਹ ਨੁੱਕਰ ਕਰਨੀ ਹੈ। ਇਸਦੇ ਨਾਲ ਹੀ ਇਹ ਪੱਖ ਵੀ ਸਾਬਿਤ ਹੋਇਆ ਕਿ ਜਿਹੜਾ ਗੋਦੀ ਨਹੀਂ ਬੈਠਿਆ ਜਾਂ ਨਹੀਂ ਬੈਠ ਸਕਿਆ ਉਸ ਨੂੰ ਦੂਜੀਆਂ ਤਾਕਤਾਂ ਨੇ ਥੋੜਾ ਬਹੁਤ ਘਟ ਮੁਲ ਦੇ ਕੇ ਆਪਣੇ ਨਾਲ ਹੀ ਆਪਣੇ ਕੰਧਾੜੇ ਬਿਠਾ ਲਿਆ। ਬੇਰੋਜ਼ਗਾਰੀ ਅਤੇ ਆਰਥਿਕ ਸੋਮਿਆਂ ਦੀ ਘਾਟ ਲੇਖਕਾਂ ਵਿਚ ਵੀ ਬਹੁਤ ਤਿੱਖੀ ਹੈ। ਹੁਣ ਸਭਨਾਂ ਨੂੰ ਇਹ ਸਾਫ ਹੋ ਗਿਆ ਹੈ ਕਿ ਸਿਰਫ "ਪੱਤਰਕਾਰ" ਹੀ ਨਹੀਂ ਇਹ "ਲੇਖਕ" ਵੀ ਬੜੇ ਕੰਮ ਦੀ ਚੀਜ਼ ਹੁੰਦੇ ਹਨ, ਇਹਨਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਹੋ ਸਕਦਾ ਹੈ ਕੱਲ੍ਹ ਨੂੰ ਬੁੱਕਲ ਵਿਚ ਲੁਕਿਆ ਜਾਂ ਕੰਧਾੜੀ ਚੜ੍ਹਿਆ ਇਹ ਸਾਹਿਤਿਕ ਮੀਡੀਆ ਵੀ ਗੋਦੀ ਮੀਡੀਆ ਵਾਂਗ ਚੰਗਾ ਨਾਮ ਕਮਾ ਲਵੇ ਅਤੇ ਹਾਲਾਤ ਦੀ ਹਵਾ ਨੂੰ ਬਦਲ ਦੇਵੇ! ਸ਼ਾਇਰੀ ਭਾਵੇਂ ਸਟੇਜੀ ਹੋਵੇ ਤੇ ਭਾਵੇਂ ਕਿਤਾਬੀ ਉਹ ਤਾਂ ਇਹੀ ਲੋਕ ਮਾਹਰ ਹੁੰਦੇ ਹਨ।
ਯਾਦ ਆ ਰਹੀਆਂ ਨੇ ਕੁਝ ਦਹਾਕੇ ਪੁਰਾਣੀਆਂ ਗੱਲਾਂ। ਉਦੋਂ ਤੇਜਵੰਤ ਮਾਨ ਹੁਰਾਂ ਦੀ ਅਗਵਾਈ ਹੇਠਾਂ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਵੰਡ ਤੋਂ ਬਾਅਦ ਵੀ ਕਈ ਵਾਰ ਇਹਨਾਂ ਵਰਤਾਰਿਆਂ ਵਿੱਚ ਤਿੱਖਾਪਣ ਆਉਂਦਾ ਰਿਹਾ ਹੈ। ਜਿਵੇਂ ਕੁਝ ਅਰਸਾ ਪਹਿਲਾਂ ਮੋਦੀ ਸਰਕਾਰ ਨੇ ਰਾਹੁਲ ਗਾਂਧੀ ਨੂੰ ਸੰਸਦ ਤੋਂ ਮੁਅੱਤਲ ਕਰ ਦਿੱਤਾ ਸੀ ਉਵੇਂ ਹੀ ਕੁਝ ਦਹਾਕੇ ਪਹਿਲਾਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਭਾਰੂ ਧੜੇ ਨੇ ਵੀ ਕਈ ਮੈਂਬਰਾਂ ਨੂੰ ਨਿਜੀ ਰੰਜਿਸ਼ਾਂ ਅਤੇ ਗੁੱਟਬੰਦੀਆਂ ਕਾਰਣ ਬਾਹਰ ਦਾ ਰਾਹ ਦਿਖਾ ਦਿੱਤਾ ਸੀ ਤਾਂਕਿ ਸਭਾ ਦੇ ਨੇੜ ਭਵਿੱਖ ਵਾਲੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਸਭਾ ਵਿੱਚੋਂ ਬਾਹਰ ਗਏ ਉਹਨਾਂ ਮੈਂਬਰਾਂ ਨੇ ਕਦੇ ਵੀ ਦੋਬਾਰਾ ਇਸ ਸਭਾ ਵੱਲ ਰੂਚੀ ਹੀ ਨਹੀਂ ਦਿਖਾਈ ਅਤੇ ਉਹ ਸਾਰੇ ਆਪਣੇ ਆਪ ਵਿਚ ਮਗਨ ਰਹਿ ਕੇ ਕੰਮ ਕਰਦੇ ਰਹੇ। ਇਸੇ ਦੌਰਾਨ ਕਿੰਝ ਕਲਮਕਾਰਾਂ ਨੂੰ ਲਿਹਾਜ਼ਦਾਰੀ ਵਿਚ ਵੀ ਮੈਂਬਰ ਬਣਾਇਆ ਗਿਆ। ਸਭਾ ਨਾਲੋਂ ਟੁੱਟੇ ਹੋਏ ਲੇਖਕ ਅਜੇ ਵੀ ਟੁੱਟੇ ਹੋਏ ਕਿਓਂ ਹਨ
ਦੂਜੇ ਪਾਸੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਵੀ ਇਹਨਾਂ ਉਦਾਸੀਨ ਹੋਏ ਮੈਂਬਰਾਂ ਨੂੰ ਮਨਾਉਣ ਦੇ ਕਦੇ ਉਪਰਾਲੇ ਨਹੀਂ ਕੀਤੇ। ਦੂਰੀਆਂ ਵਧਦੀਆਂ ਰਹੀਆਂ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਬਾਦਸ਼ਾਹਤ ਅਡੋਲ ਰਹੀ ਕਿਸੇ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕੋਈ ਉਸ ਨਾਲ ਚੱਲੇ ਜਾਂ ਨਾ ਚੱਲੇ। ਸਭਾ ਦੀ ਸੱਤਾ ਬਦਲਦੀ ਰਹੀ। ਕਿਸੇ ਨੇ ਉਹਨਾਂ ਉਦਾਸੀਨ ਮੈਂਬਰਾਂ ਨੂੰ ਪੰਜ ਪੈਸਿਆਂ ਵਾਲਾ ਪੋਸਟ ਕਾਰਡ ਵੀ ਨਹੀਂ ਪਾ ਕੇ ਦੇਖਿਆ ਕਿ ਤੁਸੀਂ ਸਭਾ ਨਾਲ ਕਿਓਂ ਨਾਰਾਜ਼ ਹੋ? ਵਤੀਰਾ ਇਵੇਂ ਸੀ ਜਿਵੇਂ ਸ਼ੁਕਰ ਮਨਾ ਰਹੇ ਹੋਣ ਕਿ ਚੰਗਾ ਹੋਇਆ ਪੁਰਾਣੇ ਜਾਣੂੰ ਆਪੇ ਹੀ ਦੂਰ ਹਟ ਗਏ।
ਇਸੇ ਦੌਰਾਨ ਅੰਮ੍ਰਿਤਸਰ ਵਿੱਚ ਯੁਵਕ ਲਿਖਾਰੀ ਸਭਾ ਆਪਣੇ ਤੌਰ 'ਤੇ ਆਪਣੇ ਕੰਮ ਕਰਦੀ ਹੋਈ ਬਹੁਤ ਹੀ ਸਰਗਰਮ ਹੋਣ ਲੱਗ ਪਈ। ਐਮ ਐਸ ਪਾਲ ਅਤੇ ਰਣਜੀਤ ਕੋਮਲ ਹੁਰਾਂ ਦੀ ਟੀਮ ਨੂੰ "ਕੰਵਲ" ਪਰਚੇ ਦੀ ਸੰਪਾਦਕਾ ਅਨਵੰਤ ਕੌਰ ਅਤੇ ਪ੍ਰਸਿੱਧ ਆਰਟਿਸਟ ਫੁੱਲਾਂ ਰਾਣੀ ਵਰਗੀਆਂ ਸ਼ਖਸੀਅਤਾਂ ਦਾ ਅਸ਼ੀਰਵਾਦ ਵੀ ਹਾਸਲ ਰਿਹਾ। ਉਹਨਾਂ ਪੁਰਾਣੇ ਸਮਿਆਂ ਦੇ ਗਵਾਹ ਹਰਭਜਨ ਸਿੰਘ ਖੇਮਕਰਨੀ ਵੀ ਰਹੇ ਹਨ।
ਉਦੋਂ ਪ੍ਰਿੰਟ ਮੀਡੀਆ ਵਾਲੇ ਦੌਰ ਸਮੇਂ ਹੀ ਅੰਮ੍ਰਿਤਸਰ ਵਿੱਚ ਲੁਧਿਆਣਾ ਨਾਲੋਂ ਵੀ ਚੰਗਾ ਸਾਹਿਤਿਕ ਮਾਹੌਲ ਹੋਇਆ ਕਰਦਾ ਸੀ। ਯੁਵਕ ਲਿਖਾਰੀ ਸਭਾ ਅਤੇ ਕੰਵਲ ਪਰਚੇ ਦਾ ਸਟਾਫ ਸਿਰਫ ਰਸਮੀ ਤੌਰ ਤੇ ਮਿਲਣੀਆਂ ਨਹੀਂ ਸਨ ਕਰਦੇ। ਇਹਨਾਂ ਨੂੰ ਇੱਕ ਦੂਜੇ ਦਾ ਦੁੱਖ ਸੁਖ ਵੀ ਪਤਾ ਹੁੰਦਾ ਸੀ। ਜੇਕਰ ਕੋਈ ਮੈਂਬਰ ਚਾਰ ਦਿਨ ਨਜ਼ਰ ਨਹੀਂ ਆਇਆ ਤਾਂ ਉਸਦੇ ਘਰ ਜਾ ਕੇ ਉਸਦਾ ਹਾਲ ਚਾਲ ਪੁੱਛਿਆ ਜਾਂਦਾ। ਇਹ ਯੁਵਕ ਲਿਖਾਰੀ ਸਭਾ ਵੀ ਇੱਕ ਲਹਿਰ ਵਾਂਗ ਸੀ ਜਿਸਨੇ ਬਹੁਤ ਸਾਰੇ ਨਵੇਂ ਚਿਹਰਿਆਂ ਨੂੰ ਉਤਸ਼ਾਹਿਤ ਕੀਤਾ ਸੀ।
ਇਸੇ ਤਰ੍ਹਾਂ ਫਿਰੋਜ਼ਪੁਰ ਦੀ ਪੰਜਾਬੀ ਲਿਖਾਰੀ ਸਭਾ ਵੀ ਬਹੁਤ ਸਰਗਰਮੀ ਨਾਲ ਕੰਮ ਕਰਦੀ ਰਹੀ। ਗਿਆਨੀ ਰਾਜਿੰਦਰ ਸਿੰਘ ਛਾਬੜਾ, ਦਲੀਪ ਸਿੰਘ ਭੁਪਾਲ, ਸ਼ਿਵ ਕੁਮਾਰ ਸ਼ਰਮਾ, ਲਛਮਣ ਸਿੰਘ, ਸੁਸ਼ੀਲ ਰਹੇਜਾ ਅਤੇ ਹਰੀਸ਼ ਗਰੋਵਰ ਸਮੇਤ ਬਹੁਤ ਸਾਰੇ ਲੇਖਕ ਸਰਗਰਮੀ ਨਾਲ ਕੰਮ ਕਰਦੇ ਰਹੇ। ਆਤਮ ਹਮਰਾਹੀ ਹੁਰਾਂ ਦਾ ਅਸ਼ੀਰਵਾਦ ਵੀ ਇਸ ਟੀਮ ਦਾ ਮਾਰਗਦਰਸ਼ਨ ਕਰਦਾ ਸੀ। ਫਿਰੋਜ਼ਪੁਰ, ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ ਅਤੇ ਦਿੱਲੀ ਤਕ ਇਹ ਸਭਾ ਸਰਗਰਮ ਹੁੰਦੀ ਰਹੀ। ਇਸ ਸਭ ਦਾ ਇੱਕ ਸਾਹਿਤਿਕ ਪਰਚਾ ਲਿਖਾਰੀ ਇੱਕ ਵਾਰ ਫੇਰ ਸਾਹਮਣੇ ਆਇਆ ਹੈ ਗੁਰਪ੍ਰੀਤ ਸਿੰਘ ਛਾਬੜਾ ਦੀ ਦੇਖਰੇਖ ਹੇਠ। ਇਸ ਸਭਾ ਨੇ ਹੁਣ ਕੁਝ ਹੋਰ ਨਵੇਂ ਪ੍ਰੋਗਰਾਮ ਵੀ ਉਲੀਕੇ ਹਨ।
ਫਿਰੋਜ਼ਪੁਰ, ਲੁਧਿਆਣਾ ਅਤੇ ਕੁਝ ਥਾਂਵਾਂ ਤੋਂ ਇੱਕੋ ਵੇਲੇ ਕੇਂਦਰੀ ਯੁਵਕ ਲਿਖਾਰੀ ਸਭਾ ਵੀ ਹੌਂਦ ਵਿੱਚ ਆਈ ਸੀ ਜਿਸ ਨੇ ਸੋਨ ਤਮਗੇ ਵਾਲਾ ਗ਼ਜ਼ਲ ਮੁਕਾਬਲਾ ਵੀ ਕਰਵਾਇਆ। ਇਸ ਮੁਕਾਬਲੇ ਦੇ ਜੱਜਾਂ ਅਤੇ ਸੰਚਾਲਕਾਂ ਵਿੱਚ ਡਾਕਟਰ ਲਾਲ ਫਿਰੋਜ਼ਪੁਰੀ ਦੇ ਨਾਲ ਜਨਾਬ ਦੀਪਕ ਜੈਤੋਈ ਸਾਹਿਬ, ਸਵਰਗੀ ਸਾਧੂ ਸਿੰਘ ਹਮਦਰਦ ਜੀ, ਪ੍ਰਿੰਸੀਪਲ ਤਖਤ ਸਿੰਘ ਵਰਗੀਆਂ ਸ਼ਖਸੀਅਤਾਂ ਵੀ ਸਰਗਰਮ ਹੋ ਕੇ ਸਹਿਯੋਗ ਦੇਂਦੀਆਂ ਰਹੀਆਂ।
ਪਹਿਲਾ ਸੋਨ ਤਮਗਾ ਜਨਾਬ ਥੰਮਣ ਸਿੰਘ ਸੈਣੀ ਹੁਰਾਂ ਦੇ ਨਾਮ ਰਿਹਾ ਸੀ। ਇਸ ਤਰ੍ਹਾਂ ਬਹੁਤ ਕੁਝ ਛੋਟਾ ਵੱਡਾ ਸਾਹਿਤਿਕ ਉਪਰਾਲਾ ਹੁੰਦਾ ਰਿਹਾ ਪਰ ਕੇਂਦਰੀ ਪੰਜਾਬੀ ਲੇਖਕ ਸਭਾ ਇੱਕੋ ਇੱਕ ਮਜ਼ਬੂਤ ਮੰਚ ਵੱਜੋਂ ਕਦੇ ਨਾ ਉਭਰ ਸਕੀ। ਪੰਜਾਬੀ ਦੇ ਕਿੰਨੇ ਲੇਖਕ ਹਨ ਅਤੇ ਕਿੰਨੇ ਹੋ ਚੁੱਕੇ ਹਨ ਇਹਨਾਂ ਦਾ ਜਾਇਜ਼ਾ ਅਖਬਾਰਾਂ ਰਸਾਲਿਆਂ ਵਿਚ ਛਪਦੇ ਨਾਂਵਾਂ ਨੂੰ ਦੇਖ ਕੇ ਵੀ ਲੱਗ ਸਕਦਾ ਹੈ। ਡਿਜੀਟਲ ਮੀਡੀਆ ਨੇ ਵੀ ਇਸ ਪਾਸੇ ਇਤਿਹਾਸਿਕ ਯੋਗਦਾਨ ਪਾਇਆ ਹੈ। ਏਨੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਕਿੰਨੀ ਹੈ? ਚੋਣਾਂ ਵੇਲੇ ਕਿੰਨੇ ਕੁ ਮੈਂਬਰ ਹਾਜ਼ਰ ਹੁੰਦੇ ਹਨ? ਜਿਹੜੇ ਵਿਦੇਸ਼ਾਂ ਵਿਚੋਂ ਨਹੀਂ ਪਹੁੰਚ ਸਕਦੇ ਉਹਨਾਂ ਦੀ ਵੋਟ ਲਈ ਕੀ ਪ੍ਰਬੰਧ ਹੁੰਦੇ ਹਨ? ਕੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕਦੇ ਉਹਨਾਂ ਲੇਖਕਾਂ ਨੂੰ ਵੀ ਨਾਲ ਲਿਆ ਹੈ ਜਿਹੜੇ ਪੰਜਾਬੀ ਵੀ ਹਨ, ਪੰਜਾਬ ਵਿਚ ਰਹਿੰਦੇ ਵੀ ਹਨ ਪਰ ਇਤਫ਼ਾਕ ਨਾਲ ਹਿੰਦੀ ਵਿਚ ਵੀ ਲਿਖਦੇ ਹਨ। ਜੇਕਰ ਅਜਿਹਾ ਸਾਕਾਰਤਮਕ ਫੈਸਲਾ ਲਿਆ ਗਿਆ ਹੁੰਦਾ ਤਾਂ ਪੰਜਾਬ ਵਿੱਚ ਹੀ ਪੰਜਾਬ ਦੇ ਰਹਿਣ ਵਾਲੇ ਲੇਖਕਾਂ ਨੂੰ ਸਿਰਫ ਹਿੰਦੀ ਪ੍ਰੇਮ ਕਾਰਨ ਵੱਖਰੇ ਸੰਗਠਨ ਨਾ ਬਣਾਉਣੇ ਪੈਂਦੇ।
ਇਸ ਵੇਲੇ ਇਕੱਲੇ ਲੁਧਿਆਣਾ ਵਿੱਚ ਹੀ ਪੰਜਾਬ ਅਤੇ ਪੰਜਾਬੀ ਨਾਲ ਜੁੜੇ ਹੋਏ ਹਿੰਦੀ ਲੇਖਕਾਂ ਦੇ ਕਈ ਸੰਗਠਨ ਸਰਗਰਮ ਹਨ। ਇਹਨਾਂ ਵਿੱਚ ਉਹਨਾਂ ਔਰਤਾਂ ਦੀ ਗਿਣਤੀ ਜ਼ਿਆਦਾ ਹੈ ਜਿਹੜੀਆਂ ਘਰ ਸੰਭਾਲਣ ਦੇ ਨਾਲ ਨਾਲ ਨੌਕਰੀ ਵੀ ਕਰਦੀਆਂ ਹਨ। ਸਾਹਿਤ ਵੀ ਰਚਦੀਆਂ ਹਨ। ਕਿਤਾਬਾਂ ਛਪਵਾਉਂਦੀਆਂ ਵੀ ਹਨ ਅਤੇ ਹਨ ਤਾਂ ਛਾਪਦੀਆਂ ਵੀ ਹਨ। ਔਰਤਾਂ ਦੀ ਦੇਖਰੇਖ ਹੇਠ ਬਹੁਤ ਸਾਰੇ ਪ੍ਰਕਾਸ਼ਨ ਅਦਾਰੇ ਸਾਹਮਣੇ ਆਏ ਹਨ ਜਿਹੜੇ ਬਹੁਤ ਸ਼ਾਨਦਾਰ ਦਿੱਖ ਵਾਲਿਆਂ ਪੁਸਤਕਾਂ ਛਪਦੀਆਂ ਹਨ। ਇਸ ਸਨਅਤ ਵਿੱਚ ਤੇਜ਼ੀ ਨਾਲ ਨਾਮ ਕਮਾ ਰਹੀਆਂ ਇਹ ਔਰਤਾਂ ਸਥਾਪਿਤ ਹੀ ਚੁੱਕੀਆਂ ਸਾਹਿਤਿਕ ਸ਼ਖ਼ਸੀਅਤਾਂ ਵਾਂਗ ਹੀ ਪੁਸਤਕਾਂ ਦੀ ਰਿਲੀਜ਼ ਅਤੇ ਮੀਡੀਆ ਕਵਰੇਜ ਵੀ ਬੜੀ ਜ਼ਿੰਮੇਵਾਰੀ ਨਾਲ ਨਿਭਾਉਂਦੀਆਂ ਹਨ। ਉਹ ਵੀ ਬਿਨਾ ਦਾਰੂ ਸ਼ਾਰੂ ਅਤੇ ਹੋਰ ਫਿਜ਼ੂਲ ਖਰਚਿਆਂ ਦੇ। ਕੰਮ ਵੀ ਬੜੇ ਅਨੁਸ਼ਾਸਨ ਨਾਲ ਸਿਰੇ ਚੜ੍ਹਦਾ ਹੈ। ਪੁਸਤਕ ਛਾਪਣ, ਉਸਨੂੰ ਰਿਲੀਜ਼ ਕਰਨ ਅਤੇ ਉਸਦੀ ਚਰਚਾ ਕਰਾਉਣ ਵਿੱਚ ਇਹਨਾਂ ਮਹਿਲਾ ਪ੍ਰਕਾਸ਼ਕਾਂ//ਸੰਪਾਦਕਾਂ ਦਾ ਕੋਈ ਜੁਆਬ ਨਹੀਂ।
ਇਸਦੇ ਨਾਲ ਹੀ ਹੁਣ ਹਿੰਦੀ ਭਵਨ ਦੀ ਮੰਗ ਵੀ ਉੱਠਣ ਲੱਗ ਪਈ ਹੈ। ਇਸ ਨੂੰ ਪੰਜਾਬੀ ਨਾਲ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਵੱਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਪਰ ਇਹ ਜ਼ਰੁਰ ਸੋਚਣ ਵਾਲੀ ਗੱਲ ਹੈ ਕਿ ਹਿੰਦੀ ਪ੍ਰੇਮੀ ਲੇਖਕਾਂ ਨੂੰ ਪੰਜਾਬੀ ਭਵਨ ਆਪਣਾ ਕਿਓਂ ਨਹੀਂ ਲੱਗਦਾ? ਉਹਨਾਂ ਨੂੰ ਏਥੇ ਕੀ ਵਿਤਕਰਾ ਮਹਿਸੂਸ ਹੁੰਦਾ ਰਿਹਾ ਹੈ? ਏਥੇ ਮਹਿਲਾਵਾਂ ਦੀ ਦੇਖ ਰੇਖ ਹੇਠ ਚੱਲਦੇ ਸਹਿਤਿਕ ਸੰਗਠਨਾਂ ਨੇ ਪੰਜਾਬੀ ਭਵਨ ਤੋਂ ਦੂਰੀ ਬਣਾਉਂਦਿਆਂ ਆਪੋ ਆਪਣੇ ਸਾਹਿਤਿਕ ਆਯੋਜਨ ਗੁਰੂ ਨਾਨਕ ਭਵਨ, ਸਤਲੁਜ ਕਲੱਬ ਅਤੇ ਕਈ ਵਾਰ ਤਾਂ ਕੁਝ ਨਿੱਜੀ ਹਸਪਤਾਲਾਂ ਦੇ ਹਾਲ ਕਮਰਿਆਂ ਵਿਚ ਕਰਵਾਏ। ਨਾਜ਼ ਸਾਹਿਬ ਦੀ ਦੇਖ ਰੇਖ ਅਤੇ ਪ੍ਰੇਰਨਾ ਨਾਲ ਬਣੇ ਮਹਿਲਾ ਕਾਵਿ ਮੰਚ ਦੀਆਂ ਤਾਂ ਕਈ ਮੁਢਲੀਆਂ ਮੀਟਿੰਗਾਂ ਰਾਣੀ ਝਾਂਸੀ ਰੋਡ ਤੇ ਸਥਿਤ ਪੀ ਡਬਲਿਊ ਰੈਸਟ ਹਾਊਸ ਵਿੱਚ ਹੀ ਹੁੰਦੀਆਂ ਰਹੀਆਂ। ਚਾਹ ਪਾਣੀ ਦਾ ਖਰਚਾ ਸੰਗਠਨ ਦਾ ਬਾਕੀ ਕੋਈ ਖਰਚਾ ਹੀ ਨਹੀਂ।
ਇਸ ਤਰ੍ਹਾਂ ਪੰਜਾਬੀ ਭਵਨ ਤੋਂ ਦੂਰੀ ਲਗਾਤਾਰ ਵਧ ਰਹੀ ਹੈ। ਕਿਉਂ ਹੋ ਰਿਹਾ ਹੈ ਅਜਿਹਾ। ਇਹ ਮਹਿਲਾ ਸੰਗਠਨ ਬਾਕਾਇਦਾ ਪੁਰਸ਼ ਵਰਗ ਦੀਆਂ ਨਵੀਆਂ ਕਲਮਾਂ ਨੂੰ ਵੀ ਉਤਸ਼ਾਹਿਤ ਕਰਦੇ ਹਨ। ਇਹ ਸੰਗਠਨ ਦੂਜਿਆਂ ਸ਼ਹਿਰਾਂ ਤੋਂ ਵੀ ਸਰਗਰਮ ਲੇਖਿਕਾਵਾਂ ਨੂੰ ਬੁਲਾ ਉਹਨਾਂ ਨਾਲ ਰੂਬਰੂ ਕਰਵਾਉਂਦੇ ਹਨ। ਪੰਜਾਬੀ, ਹਿੰਦੀ ਅਤੇ ਉਰਦੂ ਨਾਲ ਸਬੰਧਤ ਸ਼ਾਇਰਾਂ ਦੇ ਨਾਲ ਨਾਲ ਸਾਹਿਤਕ ਪੱਤਰਕਾਰੀ ਕਰਨ ਵਾਲਿਆਂ ਨੂੰ ਵੀ ਮੰਚ 'ਤੇ ਬੁਲਾ ਕੇ ਸਨਮਾਨਿਤ ਕਰਦੇ ਹਨ। ਇਸ ਤਰ੍ਹਾਂ ਇਹ ਲੋਕ ਬਿਨਾ ਕਿਸੇ ਸ਼ਹਿਰ ਸ਼ਰਾਬੇ ਅਤੇ ਵਿਵਾਦਾਂ ਦੇ ਸਾਹਿਤ ਸਾਧਨਾ ਨੂੰ ਸ਼ੁੱਧ ਸਾਹਿਤਿਕ ਭਾਵਨਾ ਨਾਲ ਅੱਗੇ ਲਿਜਾ ਰਹੇ ਹਨ। ਅਖੀਰ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਭਵਨ ਵਿਚ ਕੁਝ ਲੋਕਾਂ ਨੂੰ ਹਰ ਵਾਰ ਵਿਤਕਰੇ ਦਾ ਅਹਿਸਾਸ ਕਿਓਂ ਹੁੰਦਾ ਹੈ? ਹਰ ਵਾਰ ਮੰਚ 'ਤੇ ਆਉਣ ਵਾਲੇ ਅਤੇ ਸਨਮਾਨਿਤ ਕੀਤੇ ਜਾਣ ਵਾਲਿਆਂ ਦੇ ਨਾਂਵਾਂ ਦਾ ਅੰਦਾਜ਼ਾ ਪਹਿਲਾਂ ਤੋਂ ਹੀ ਕਿਓਂ ਲੱਗ ਜਾਂਦਾ ਹੈ? ਹਰ ਵਾਰ ਉਹੀ ਨਾਮ, ਉਹੀ ਗਰੁੱਪ, ਉਹੀ ਧੜੇ, ਉਹੀ ਗੱਲਾਂ, ਉਹੀ ਲਿਹਾਜ਼ਦਾਰੀਆਂ ਅਤੇ ਉਸੇ ਅੰਦਾਜ਼ ਨੂੰ ਦਰਸਾਉਂਦੀਆਂ ਤਸਵੀਰਾਂ ਕਿਓਂ? ਨਵੇਂ ਨਾਂਵਾਂ ਨੂੰ ਸਾਹਮਣੇ ਆਉਣ ਵਿਚ ਰੋਕਣ ਪਿਛੇ ਕੌਣ ਲੋਕ ਹਨ?
ਕੀ ਹੁਣ ਸਾਹਿਤਿਕ ਸਮਾਗਮਾਂ ਵਿੱਚ ਚੌਧਰਪੁਣੇ ਤੋਂ ਰਿਟਾਇਰ ਹੋਣ ਲਈ ਉਮਰ ਦੀ ਕੋਈ ਹੱਦ ਨਿਸਚਿਤ ਕਰਨ ਦੀ ਲੋੜ ਹੈ? ਕਦੋਂ ਆਏਗੀ ਤਿਆਗ ਦੀ ਭਾਵਨਾ? ਕਦੋਂ ਵਧੇਗਾ ਸੱਚੇ ਦਿਲੋਂ ਆਪਸੀ ਸਦਭਾਵ? ਕਦੋਂ ਰੁਕਣਗੇ ਮੰਚ 'ਤੇ ਬੈਠਿਆਂ ਵੱਲੋਂ ਅੱਖਾਂ ਅੱਖਾਂ ਵਿੱਚ ਹੁੰਦੇ ਇਸ਼ਾਰੇ? ਕਦੋਂ ਆਏਗੀ ਉਮਰ ਦੇ ਨਾਲ ਨਾਲ ਸੱਚੀ ਸਿਆਣਪ ਅਤੇ ਪਰਿਪੱਕਤਾ? ਕਦੋਂ ਜਾਏਗੀ ਚਿਹਰਿਆਂ ਅਤੇ ਅੱਖਾਂ ਵਿੱਚੋਂ ਸਾਜ਼ਿਸ਼ੀ ਜਿਹੀ ਸ਼ਰਾਰਤ? ਕਦੋਂ ਮੁੜੇਗੀ ਇਹਨਾਂ ਕਲਮਕਾਰਾਂ ਦੇ ਚਿਹਰਿਆਂ 'ਤੇ, ਉਹ ਮਾਸੂਮੀਅਤ ਜਿਹੜੀ ਸੁਰਜੀਤ ਪਾਤਰ ਹੁਰਾਂ ਦੇ ਚਿਹਰੇ 'ਤੇ ਉਹਨਾਂ ਦੀ ਜਵਾਨੀ ਦੇ ਦਿਨਾਂ ਵਿੱਚ ਵੀ ਨਜ਼ਰ ਆਉਂਦੀ ਹੁੰਦੀ ਸੀ ਅਤੇ ਹੁਣ ਵੀ ਹੈ? ਪਰ ਇਹਨਾਂ ਚੌਧਰੀਆਂ ਦੇ ਚਿਹਰਿਆਂ ਤੋਂਕਦੋਂ ਦੀ ਗੁਆਚ ਚੁੱਕੀ ਹੈਕਿਓਂ ਕਿ ਇਹ ਮਾਸੂਮ ਰਹੇ ਵੀ ਨਹੀਂ। ਕਦੋਂ ਆਏਗੀ ਕਲਮਕਾਰਾਂ ਦੇ ਚਿਹਰਿਆਂ ਅਤੇ ਸ਼ਬਦਾਂ ਵਿੱਚ ਉਹ ਸੱਚੀ ਸਿਆਣਪ ਜਿਹੜੀ ਜਸਵੰਤ ਜ਼ਫ਼ਰ ਸਾਹਿਬ ਦੇ ਸ਼ਬਦਾਂ ਵਿਚ ਅੱਜ ਵੀ ਹੈ! ਕਦੋਂ ਆਏਗੀ ਉਹੀ ਸਾਫ਼ਗੋਈ ਅਤੇ ਖਰ੍ਹੇ ਅੰਦਾਜ਼ ਵਾਲੀ ਸੁਰ ਜਿਹੜੀ ਜਗਜੀਤ ਸਿੰਘ ਅਨੰਦ, ਬਾਬਾ ਗੁਰਬਖਸ਼ ਸਿੰਘ ਬੰਨੋਆਣਾ ਅਤੇ ਸਾਧੂ ਸਿੰਘ ਹਮਦਰਦ ਹੁਰਾਂ ਦੀ ਸ਼ਖ਼ਸੀਅਤ ਵਿੱਚ ਝਲਕਦੀ ਹੁੰਦੀ ਸੀ!
ਅਜਿਹੇ ਕਈ ਸੁਆਲ ਅਤੇ ਮਸਲੇ ਖੜੇ ਹੋਣ ਲੱਗ ਪਏ ਹਨ ਜਿਹਨਾਂ ਨੂੰ ਬਹੁਤ ਸਾਰੇ ਸਰਗਰਮ ਲੇਖਕ ਚੰਗੀ ਤਰ੍ਹਾਂ ਜਾਣਦੇ ਹਨ। ਚੰਗਾ ਹੋਵੇ ਜੇਕਰ ਕੇਂਦਰੀ ਪੰਜਾਬੀ ਲੇਖਕ ਸਭਾ ਵੀ ਸਿਆਸੀ ਪਾਰਟੀ ਦਾ ਸਾਹਿਤਿਕ ਵਿੰਗ ਬਣਨ ਦੀ ਥਾਂ ਕੇਵਲ ਅਤੇ ਕੇਵਲ ਸਾਹਿਤ ਨੂੰ ਪ੍ਰਤਿਬੱਧ ਹੋ ਕੇ ਚੱਲੇ। ਵਿਚਾਰਧਾਰਾ ਨਾਲ ਪ੍ਰਤਿਬਧਤਾ ਬਿਲਕੁਲ ਵੱਖਰੀ ਗੱਲ ਹੈ ਜਿਹੜੀ ਕਾਫੀ ਹੱਦ ਤੱਕ ਜ਼ਰੁਰੀ ਵੀ ਹੈ ਪਰ ਸਾਹਿਤਿਕ ਸੰਗਠਨਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਦੀ ਕਾਰਬਨ ਕਾਪੀ ਨਹੀਂ ਬਣਨਾ ਚਾਹੀਦਾ। ਉਸਦੇ ਹਥ ਸਾਹਿਤ ਦਾ ਝੰਡਾ ਹੀ ਸੋਭਦਾ ਹੈ ਨਾ ਕਿ ਸਿਆਸਤ ਵਾਲਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸੀ ਪੀ ਆਈ, ਸੀ ਪੀ ਆਈ ਐਮ ਅਤੇ ਪਾਸਲਾ ਵਾਲੀਆਂ ਪਾਰਟੀਆਂ ਤੋਂ ਬਾਅਦ ਲਿਬਰੇਸ਼ਨ ਵਾਲੇ, ਨਿਊ ਡੈਮੋਕ੍ਰੇਸੀ ਵਾਲੇ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਾਲੇ ਵੀ ਆਪੋ ਆਪਣਾ ਝੰਡਾ ਬੁਲੰਦ ਕਰ ਸਕਦੇ ਹਨ। ਫਿਰ ਇਹਨਾਂ ਪਾਰਟੀਆਂ ਵੱਲੋਂ ਇਹਨਾਂ ਮੈਂਬਰ ਲੇਖਕਾਂ ਤੇ ਆਪੋ ਆਪਣੀ ਲੋੜ ਮੁਤਾਬਿਕ ਬੰਦਸ਼ਾਂ ਅਤੇ ਪਾਬੰਦੀਆਂ ਵੀ ਲਾਈਆਂ ਜਾ ਸਕਦੀਆਂ ਹਨ। ਫਲਾਂ ਗੀਤ ਲਿਖਣਾ ਹੈ, ਫਲਾਂ ਗੀਤ ਵਾਪਿਸ ਲੈਣਾ ਹੈ, ਫਲਾਂ ਕਹਾਣੀ ਦਾ ਅੰਤ ਵਾਲਾ ਦ੍ਰਿਸ਼ ਬਦਲਣਾ ਹੈ ਅਤੇ ਫਲਾਂ ਨਾਟਕ ਨੂੰ ਫਿਲਹਾਲ ਵਾਪਿਸ ਲੈਣਾ ਹੈ। ਇਸਦੇ ਨਾਲ ਹੀ ਫਲਾਣੀ ਪਾਰਟੀ ਦਾ ਗੁਣਗਾਣ ਕਰਨਾ ਹੈ ਅਤੇ ਫਲਾਣੀ ਪਾਰਟੀ ਦਾ ਤਵਾ ਲਾਉਣਾ ਹੈ।
ਜੇਕਰ ਇਹ ਡਰਾਉਣਾ ਜਿਹਾ ਸੁਫ਼ਨਾ ਸਾਕਾਰ ਹੋ ਗਿਆ ਅਤੇ ਲੇਖਕ ਵਿਚਾਰੇ ਨੀਂਵੀਂ ਪਾਈ ਆਪੋ ਆਪਣੀਆਂ ਪਾਰਟੀਆਂ ਦੇ ਦਫਤਰਾਂ ਵਿੱਚ ਬੈਠੇ ਜਾਂ ਦਰਵਾਜ਼ਿਆਂ ਵਿੱਚ ਦਹਿਲੀਜ਼ਾਂ ਤੇ ਖੜੋਤੇ ਹੋਏ ਇਹਨਾਂ ਹੁਕਮਾਂ ਮੁਤਾਬਿਕ ਕੰਮ ਕਰਦੇ ਹੋਏ ਤਾਂ ਆਪਾਂ ਵੀ ਕੀ ਕਰ ਸਕਾਂਗੇ ਸਿਵਾਏ ਪ੍ਰੋਫੈਸਰ ਮੋਹਨ ਸਿੰਘ ਦੀਆਂ ਸਤਰਾਂ ਨੂੰ ਯਾਦ ਕਰਨ ਦੇ ਜਿਹਨਾਂ ਵਿਚ ਉਹ ਆਖਿਆ ਕਰਦੇ ਸਨ:
ਕੋਲ ਮਾਲਕ ਓਸਦਾ
ਆਖੇ ਜਾਇਦਾਦ ਦੇ ਮੋਢੇ ਨੂੰ ਫੜ:
ਮੇਰੀ ਹੈ ਇਹ ਜਾਏਦਾਦ
ਮੈਂ ਹਾਂ ਮਾਲਕ ਏਸਦਾ
ਮਨੂੰ ਦਾ ਕਾਨੂੰਨ ਵੀ ਮੇਰੀ ਤਰਫ਼
ਵੇਲੇ ਦੀ ਸਰਕਾਰ ਵੀ
ਪੈਸੇ ਦੀ ਛਣਕਾਰ ਵੀ
ਧਰਮ ਲੋਕਾਚਾਰ ਵੀ
ਦਿਲ ਨਹੀਂ ਤੇ ਨਾ ਸਹੀ
ਦੇਖਾਂਗਾ ਪਰ ਕਿਸ ਤਰ੍ਹਾਂ ਸੋਹਣਾ ਇਹ ਮਹਿਲ
ਮੈਨੂੰ ਉਹਲਾ ਦੇਣ ਤੋਂ ਕਰਦਾ ਹੈ ਨਾਂਹ
ਵਿਚ ਸਿਆਲੇ ਕਿਸ ਤਰ੍ਹਾਂ ਦੇਂਦਾ ਨ ਨਿੱਘ
ਵਿਚ ਹੁਨਾਲੇ ਕਿਸ ਤਰ੍ਹਾਂ ਕਰਦਾ ਨਾ ਛਾਂ ।
ਕਿੱਦਾਂ ਸੋਨਾ ਪਾਇਆਂ ਸਜਦਾ ਨਹੀਂ,
ਕਿੱਦਾਂ ਰੇਸ਼ਮ ਕੱਜਿਆਂ ਫਬਦਾ ਨਹੀਂ ।
ਸਾਹਵੇਂ ਆਸ਼ਕ ਓਸਦਾ--------
ਜੇਕਰ ਅਹੁਦਿਆਂ ਨਾਲ ਲਗਾਓ ਅਤੇ ਲਾਲਚ ਨਾ ਰੁਕਿਆ ਤਾਂ ਫੇਰ ਇਹੀ ਕੁਝ ਹੋਣ ਵਾਲਾ ਜਾਪਦਾ ਹੈ। ਬਸ ਖਾਲੀ ਜਜ਼ਬਾਤੀ ਜਿਹਾ ਰਸਤਾ ਬਚ ਸਕੇਗਾ ਸ਼ਾਇਦ--
ਸਾਹਵੇਂ ਆਸ਼ਕ ਓਸਦਾ
ਨਾਲ ਦਿੜ੍ਹਤਾ ਸੋਚਦਾ,
ਹੋਇਆ ਕੀ ਜੇ ਬਣ ਗਈ ਇਹ ਜਾਇਦਾਦ
ਹੋਇਆ ਕੀ ਜੇ ਸੈਲ ਪੱਥਰ ਹੋ ਗਈ
ਹੋਇਆ ਕੀ ਜੇ ਜਵਾਲਾ ਮੇਰੇ ਇਸ਼ਕ ਦੀ
ਇਸਨੂੰ ਅਜ ਪਿਘਲਾ ਸਕਣ ਜੋਗੀ ਨਹੀਂ
ਹੋਰ ਇਸ ਅਗਨੀ ਨੂੰ ਭੜਕਾਵਾਂਗਾ ਮੈਂ
ਜੁਗ ਪਲਟ ਕੇ ਫਿਰ ਕਦੀ ਆਵਾਂਗਾ ਮੈਂ
ਰਾਮ ਵਾਂਗੂੰ ਇੱਕੋ ਛੋਹ-ਲੂੰਬੇ ਦੇ ਨਾਲ
ਇਸ ਅਹਿਲਿਆ ਨੂੰ ਲਵਾਂਗਾ ਫਿਰ ਜਿਵਾਲ।
ਜੁਗਾਂ ਜੁੱਗਾਂ ਤੀਕ ਲਟਕ ਜਾਏਗੀ ਇਸ ਮੁਕਤੀ ਦੀ ਗੱਲ...ਅਸੀਂ ਫਿਰ ਮਾਤ ਖਾ ਜਾਵਾਂਗੇ---ਸਾਡੇ ਕੋਲ ਬੁਲੰਦ ਅਤੇ ਸੁਤੰਤਰ ਬਾਗੀ ਸੁਰ ਵਾਲੇ ਪਾਸ਼ ਵਰਗੇ ਸ਼ਾਇਰ ਪਹਿਲਾਂ ਹੀ ਬਹੁਤ ਘੱਟ ਹਨ। ਵਰਿਆਮ ਮਸਤ ਹੁਰਾਂ ਦੀ ਟਿੱਪਣੀ ਹਲੂਣਾ ਦੇਂਦੀ ਹੈ:
Waryam Mast: ਇਹ ਚੋਣਾਂ ਵਗੈਰਾ ਸੱਭ ਬਕਵਾਸ ਹੈ। ਬਹੁਤੇ ਲੇਖਕ ਤਾਂ ਸਾਰਾ ਦਿਨ ਭਾਸ਼ਾ ਵਿਭਾਗ ਪੰਜਾਬ ਸਰਕਾਰ ਤੇ ਸਰਕਾਰੀ ਅਫਸਰਾਂ ਦੀਆਂ ਜੁੱਤੀਆਂ ਚੱਟਦੇ ਰਹਿੰਦੇ ਨੇ । ਕਿਤਾਬਾਂ ਦੇ ਝੋਲੇ ਭਰਕੇ ਅਫ਼ਸਰਾਂ ਨੂੰ ਭੇਟ ਕਰਦੇ ਨੇ ਕਿ ਕੋਈ ਇਨਾਮ ਮਿਲ ਜਾਏ
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment