Saturday 12th August 2023 at 4:36 PM
ਬੁਟਾਹਰੀ ਦੇ ਸਰਕਾਰੀ ਸਕੂਲ ਦੀ ਲਾਇਬ੍ਰੇਰੀ ਨੂੰ ਹੋਰ ਕਿਤਾਬਾਂ ਭੇਂਟ ਕੀਤੀਆਂ
ਜਦੋਂ ਅਣੂ ਨਾਂਅ ਦੀ ਮਿੰਨੀ ਪਤ੍ਰਿਕਾ ਸਾਹਿਤ ਜਗਤ ਵਿੱਚ ਲੋਕਾਂ ਸਾਹਮਣੇ ਆਈ ਤਾਂ ਸਾਹਿਤਿਕ ਹਲਕਿਆਂ ਵਿੱਚ ਬੜੀ ਹੈਰਾਨੀ ਜਿਹੀ ਵੀ ਨਜ਼ਰ ਆਈ ਸੀ। ਇਹ ਪਤ੍ਰਿਕਾ ਆਕਾਰ ਵਿੱਚ ਬਿਲਕੁਲ ਹੀ ਛੂਟੀ ਸੀ। ਲੋਕਾਂ ਨੇ ਏਨੇ ਕੁ ਆਕਾਰ ਵਿੱਚ ਗੁਟਕੇ ਅਤੇ ਹੋਰ ਧਾਰਮਿਕ ਸੰਗ੍ਰਹਿ ਤਾਂ ਦੇਖੇ ਸਨ ਪਰ ਸਾਹਿਤ ਨੂੰ ਸਮਰਪਿਤ ਪੂਰੀ ਪਤ੍ਰਿਕਾ ਕਦੇ ਨਹੀਂ ਸੀ ਦੇਖੀ। ਇਸ ਮਿੰਨੀ ਪਤ੍ਰਿਕਾ ਦਿਨ ਰਚਨਾਵਾਂ ਦੇ ਅਰਥ ਅਤੇ ਪ੍ਰਭਾਵ ਬਹੁਤ ਵਡੇ ਹੁੰਦੇ ਸਨ। ਇਸ ਵਿਚਲੀਆਂ ਰਚਨਾਵਾਂ ਸੋਚਣ ਲਈ ਮਜਬੂਰ ਕਰਦੀਆਂ ਸਨ। ਇਸੇ ਦੌਰਾਨ ਜਦੋਂ ਐਮਰਜੰਸੀ ਲੱਗੀ ਤਾਂ ਉਦੋਂ ਵੀ ਇਸ ਮਿੰਨੀ ਪਤ੍ਰਿਕਾ ਅਣੂ ਨੇ ਕਮਾਲ ਦੀ ਭੂਮਿਕਾ ਨਿਭਾਈ। ਇਸ ਪਤ੍ਰਿਕਾ ਦੀ ਹਰਮਨ-ਪਿਆਰਤਾ ਲਗਾਤਾਰ ਵਧਦੀ ਚਲੀ ਗਈ ਅਤੇ ਅਣੂ ਪਤ੍ਰਿਕਾ ਇੱਕ ਵੱਡਾ ਕਾਫ਼ਿਲਾ ਵੀ ਬਣ ਗਈ। ਹੁਣ ਇਸ ਪਤ੍ਰਿਕਾ ਦੀ ਸੰਚਾਲਨ ਟੀਮ ਨੂੰ ਅਣੂ ਮੰਚ ਵੱਜੋਂ ਵੀ ਜਾਣਿਆ ਜਾਂਦਾ ਹੈ। ਅਣੂ ਮੰਚ ਉੱਥੇ ਵੀ ਪਹੁੰਚਦਾ ਹੈ ਜਿੱਥੇ ਵੱਡੇ ਵੱਡੇ ਪਰਚੇ ਵੀ ਨਹੀਂ ਪਹੁੰਚਦੇ। ਇਸ ਦੌਰਾਨ ਅਣੂ ਮੰਚ ਕਿਤਾਬ ਦੇ ਤੋਹਫ਼ਿਆਂ ਦਾ ਰਿਵਾਜ ਵੀ ਲਗਾਤਾਰ ਉਤਸ਼ਾਹਿਤ ਕਰ ਰਿਹਾ ਹੈ। ਦੂਰ ਦੁਰਾਡੇ ਪਿੰਡਾਂ ਦੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਕਿਤਾਬਾਂ ਦੀਆਂ ਸੌਗਾਤਾਂ ਦੇਣ ਦੇ ਰੁਝਾਨ ਵਿਚ ਅਣੂ ਮੰਚ ਨੇ ਜ਼ਬਰਦਸਤ ਤੇਜ਼ੀ ਲਿਆਂਦੀ ਹੈ। ਇਹ ਸਭ ਕੁਝ ਚੱਲ ਰਿਹਾ ਹੈ ਖਾਮੋਸ਼ ਰਹਿ ਕੇ ਸਾਹਿਤ ਸਾਧਨਾ ਕਰਨ ਵਾਲੇ ਲੇਖਕ ਸੁਰਿੰਦਰ ਕੈਲੇ ਹੁਰਾਂ ਦੀ ਅਗਵਾਈ ਹੇਠ
ਸਾਹਿਤਿਕ ਅਹੁਦਿਆਂ ਦੀ ਦੌੜ ਅਤੇ ਅਤੇ ਹੋਰ ਇਨਾਮਾਂ ਸਨਮਾਨਾਂ ਦੀ ਦੌੜ ਤੋਂ ਅਕਸਰ ਦੂਰ ਰਹਿਣ ਵਾਲੇ ਸੁਰਿੰਦਰ ਕੈਲੇ ਲਗਾਤਾਰ ਸਾਹਿਤ ਸਾਧਨਾ ਵਿੱਚ ਮਗਨ ਰਹਿੰਦੇ ਹਨ। ਕਿਤਾਬਾਂ ਪੜ੍ਹਨੀਆਂ, ਕਿਤਾਬਾਂ ਲਿਖਣੀਆਂ ਅਤੇ ਮਿੰਨੀ ਪੱਤ੍ਰਿਕਾ ਅਣੂ ਦੀ ਨਿਰੰਤਰਤਾ ਨੂੰ ਜਾਰੀ ਰੱਖਣਾ ਉਹਨਾਂ ਦੇ ਪਹਿਲ ਵਾਲੇ ਜ਼ਰੂਰੀ ਕੰਮਾਂ ਵਿਚ ਸ਼ਾਮਲ ਰਹਿੰਦਾ ਹੈ।
ਅਦਾਰਾ ਅਣੂ ਮੰਚ, ਲੁਧਿਆਣਾ ਤੇ ‘ਅਣੂ’ (ਮਿੰਨੀ ਪੱਤਿ੍ਰਕਾ) ਵੱਲੋਂ ਸੁਰਿੰਦਰ ਕੈਲੇ ਰਾਹੀਂ ਇਕ ਸੌ ਤੋਂ ਵੱਧ ਕਿਤਾਬਾਂ ਦਾ ਸੈੱਟ ਸਰਕਾਰੀ ਹਾਇਰ ਸੈਕੰਡਰੀ ਸਕੂਲ ਬੁਟਾਹਰੀ ਦੀ ਲਾਇਬੇ੍ਰਰੀ ਨੂੰ ਭੇਂਟ ਕੀਤਾ ਗਿਆ। ਸੁਰਿੰਦਰ ਕੈਲੇ ਦਾ ਸਾਥ ਸਰਵਸ੍ਰੀ ਜਗਜੀਤ ਸਿੰਘ ਸਾਹਿਤਕਾਰ, ਮਨਜੀਤ ਸਿੰਘ ਕਵੀਸ਼ਰ ਤੇ ਪਿੰਡ ਦੀ ਜਨਰਲ ਲਾਇਬ੍ਰੇਰੀ ਦੇ ਇੰਚਾਰਜ ਸੁਖਮੇਲ ਸਿੰਘ ਨੇ ਦਿੱਤਾ। ਲਾਇਬ੍ਰੇਰੀ ਵਲੋਂ ਪਿ੍ਰੰਸੀਪਲ ਕਰਮਜੀਤ ਕੌਰ, ਸਟਾਫ਼ ਮੈਂਬਰ ਸ੍ਰੀਮਤੀ ਬਾਬੀਤਾ ਅਤੇ ਸ. ਕੁਲਵਿੰਦਰ ਸਿੰਘ ਨੇ ਕਿਤਾਬਾਂ ਪ੍ਰਾਪਤ ਕੀਤੀਆਂ। ਜ਼ਿਕਰਯੋਗ ਹੈ ਕਿ ਬੁਟਾਹਰੀ ਲੁਧਿਆਣਾ ਜ਼ਿਲ੍ਹੇ ਦੇ ਹੀ ਪ੍ਰਸਿੱਧ ਬਲਾਕ ਡੇਹਲੋਂ ਦਾ ਇੱਕ ਪਿੰਡ ਹੈ।
ਸੁਰਿੰਦਰ ਕੈਲੇ ਨੇ ਕਿਹਾ ਕਿ ਮਾਪੇ ਤੇ ਅਧਿਆਪਕਾਂ ਤੋਂ ਬਾਅਦ ਕਿਤਾਬਾਂ ਹੀ ਹਨ ਜੋ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਦਿਆਂ, ਉਨ੍ਹਾਂ ਦੀ ਸ਼ਖ਼ਸੀਅਤ ਦੀ ਬੁਨਿਆਦ ਨੂੰ ਬਣਾਉਂਦੀਆਂ ਅਤੇ ਹੋਰ ਮਜ਼ਬੂਤ ਕਰਦੀਆਂ ਹਨ। ਵਧੀਆ ਸਮਾਜੀ ਜੀਵ ਬਣਨ ਲਈ ਵਿਦਿਆਰਥੀਆਂ ਨੂੰ ਕਿਤਾਬਾਂ ਮੁਹਈਆ ਕਰਵਾਉਣਾ ਮੇਰੀ ਪ੍ਰਤੀਬੱਧਤਾ ਹੈ। ਮੇਰਾ ਮਿਸ਼ਨ ਵੀ ਹੈ।
ਅਣੂ ਮੰਚ ਦਾ ਧੰਨਵਾਦ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਕਰਮਜੀਤ ਕੌਰ ਨੇ ਕਿਹਾ ਕਿ ਸਾਡੇ ਇਸ ਸਕੂਲ ਵਿਚ ਲਾਇਬ੍ਰੇਰੀ ਦੀ ਸਥਾਪਨਾ ਤੇ ਵੱਡੀ ਗਿਣਤੀ ਵਿਚ ਤਿਕਾਬਾਂ ਜਮ੍ਹਾਂ ਕਰਨ ਲਈ ਸੁਰਿੰਦਰ ਕੈਲੇ ਹੋਰਾਂ ਦਾ ਵਿਸ਼ੇਸ਼ ਸਹਿਯੋਗ ਹੈ। ਹੁਣ ਵੀ ਹਰ ਸਾਲ ਇਹ ਇਸ ਲਾਇਬ੍ਰੇਰੀ ਨੂੰ ਕਿਤਾਬਾਂ ਦਿੰਦੇ ਹਨ। ਅੱਜ ਇਕ ਸੌ ਤੋਂ ਵੱਧ ਕਿਤਾਬਾਂ ਭੇਂਟ ਕਰਨ ਨਾਲ ਕਿਤਾਬਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਇਆ ਹੈ ਜਿਸ ਤੋਂ ਵਿਦਿਆਰਥੀ ਲਾਭ ਉਠਾ ਸਕਦੇ ਹਨ। ਕਿੰਨਾ ਚੰਗਾ ਹੋਵੇ ਜੇਕਰ ਕਿਤਾਬਾਂ ਦੀਆਂ ਸੌਗਾਤਾਂ ਦੇਣ ਦਾ ਇਹ ਸਿਲਸਿਲਾ ਅਤੇ ਰਿਵਾਜ ਤੇਜ਼ੀ ਨਾਲ ਸਮਾਜ ਦੇ ਹੋਰਨਾਂ ਵਰਗਾਂ ਤੱਕ ਵੀ ਪਹੁੰਚ ਸਕੇ।
No comments:
Post a Comment