google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਇੰਡੀਅਨ ਕੋਫੀ ਹਾਊਸ ਨੂੰ ਹਟਾ ਕੇ ਕਿਓਂ ਬਣਾਇਆ ਗਿਆ ਸੀ ਪਾਲਿਕਾ ਬਾਜ਼ਾਰ...?

Sunday, 20 August 2023

ਇੰਡੀਅਨ ਕੋਫੀ ਹਾਊਸ ਨੂੰ ਹਟਾ ਕੇ ਕਿਓਂ ਬਣਾਇਆ ਗਿਆ ਸੀ ਪਾਲਿਕਾ ਬਾਜ਼ਾਰ...?

Updated on 22nd August 2023 at 08:11 AM

ਲਗਾਤਾਰ ਸਰਗਰਮ ਨੇ ਖਰੜ ਦੇ ਸਾਹਿਤਿਕ ਹਲਕੇ 

ਮਿੰਨੀ ਕਹਾਣੀ ਅਤੇ ਕਵੀ ਦਰਬਾਰ ਦਾ ਆਯੋਜਨ ਵੀ ਕਮਾਲ ਦਾ ਰਿਹਾ 


ਖਰੜ: 20 ਅਗਸਤ 2023: (ਕਾਰਤਿਕਾ ਸਿੰਘ//ਸਾਹਿਤ ਸਕਰੀਨ ਡੈਸਕ)::

ਮੋਹਾਲੀ ਵਿਚ ਪੈਂਦੇ ਖਰੜੇ ਵਿਚਲੇ ਸਾਹਿਤਿਕ ਹਲਕੇ ਵੀ  ਸਾਹਿਤਿਕ ਤੌਰ 'ਤੇ ਲਗਾਤਾਰ ਸਰਗਰਮ ਹਨ। ਸਾਹਿਤਿਕ ਮੰਚ ਖਰੜ ਅਤੇ ਸਾਹਿਤਕ ਸੱਥ ਖਰੜ ਵੀ ਇਸ ਪਾਸੇ ਲਗਾਤਾਰ ਕੁਝ ਨ ਕੁਝ ਕਰਦੇ ਰਹਿੰਦੇ ਹਨ। ਇਹਨਾਂ ਸਰਗਰਮੀਆਂ ਨੂੰ ਦੇਖ ਕੇ ਯਾਦ ਆਉਂਦੀਆਂ ਹਨ ਦਿੱਲੀ ਦੇ ਕਨਾਟ ਪਲੇਸ ਦੀਆਂ ਗੱਲਾਂ ਵੀ ਅਤੇ ਜਲੰਧਰ ਦੇ ਕਨਾਟ ਸਰਕਸ ਅਤੇ ਮਿਲਾਪ ਚੌਂਕ ਦੀਆਂ ਗੱਲਾਂ ਵੀ। ਇਹਨਾਂ ਯਾਦਾਂ ਨੂੰ ਸੁਣ ਸੁਣਾ  ਕੇ ਕਈ ਵਾਰ ਇਹਨਾਂ ਥਾਂਵਾਂ ਨੂੰ ਦੇਖਣ ਲਈ ਵੀ ਜਾਣਾ। ਇਹਨਾਂ ਥਾਂਵਾਂ ਅਤੇ ਘਟਨਾਵਾਂ ਨਾਲ ਇੱਕ ਮਾਨਸਿਕ ਰਿਸ਼ਤਾ ਜਿਹਾ ਬਣ ਗਿਆ ਸੀ।  ਅਤੀਤ ਦੇ ਉਹ ਪਾਤਰ ਕਈ ਵਾਰ ਆਪਣੇ ਹੀ ਨੇੜੇ ਤੇੜੇ ਸਾਕਾਰ ਜਿਹੇ ਹੋਏ ਲੱਗਦੇ। ਜੋ ਆਪਣੀਂ ਅੱਖੀਂ ਨਹੀਂ ਸੀ ਦੇਖਿਆ ਉਹ ਵੀ ਅੱਖੀਂ ਡਿੱਠਾ ਲੱਗਦਾ। 

ਅਤੀਤ ਦੀਆਂ ਉਹ ਸਾਰੀਆਂ ਸੱਚੀਆਂ ਦਾਸਤਾਨਾਂ, ਕਹਾਣੀਆਂ ਆਪਣੀਆਂ ਹੀ ਸੱਚੀਆਂ ਕਹਾਣੀਆਂ ਲੱਗਦੀਆਂ।  ਇਹਨਾਂ ਪਾਤਰਾਂ ਅਤੇ ਸ਼ਖਸੀਅਤਾਂ ਵਿੱਚੋਂ ਜਿਹੜੇ ਇਸ  ਇਸ ਦੁਨੀਆ ਤੋਂ ਵਿਦਾ ਹੋ ਚੁੱਕੇ ਹਨ ਉਹ ਵੀ ਆਪਣੇ ਆਪਣੇ ਅਤੇ ਜਾਣੇ ਪਛਾਣੇ ਲੱਗਦੇ। ਇਹ ਸਾਰਾ ਅਜਦੁਇ ਅਸਰ ਮੌਜੂਦਾ ਦੌਰ ਦੀਆਂ ਸਾਹਿਤਿਕ ਸਰਗਰਮੀਆਂ ਨੂੰ ਦੇਖ ਕੇ ਮਹਿਸੂਸ ਹੁੰਦਾ ਹੈ। ਗਾਲਿਬ ਸਾਹਿਬ ਦੀਆਂ ਦਿੱਲੀ ਦੀਆਂ ਗਲੀਆਂ ਵੀ ਦੇਖੀਆਂ ਭਾਲਿਆਂ ਲੱਗਦੀਆਂ ਅਤੇ ਬਹਾਦਰ ਸ਼ਾਹ ਜ਼ਫ਼ਰ ਸਾਹਿਬ ਦਾ ਵੇਲਾ ਵੀ ਕਈ ਵਾਰ ਅੱਖਾਂ ਸਾਹਮਣਿਓਂ ਕਿਸੇ ਪੁਰਾਣੀ ਫਿਲਮ ਨੂੰ ਮੁੜ ਦੇਖਣ ਵਾਂਗ ਮਹਿਸੂਸ ਹੁੰਦਾ। 

ਖਰੜ ਦੀਆਂ ਸਾਹਿਤਿਕ ਸਰਗਰਮੀਆਂ ਬਾਰੇ ਪਤਾ ਲੱਗਣ ਤੇ ਵੀ ਅਜਿਹਾ ਹੀ ਲੱਗਦਾ। ਪਿਛਲੇ ਕੁਝ ਅਰਸੇ ਤੋਂ ਮੌਸਮਾਂ ਦੀ ਮਾਰ, ਕੁਦਰਤ ਦੀਆਂ ਕਰੋਪੀਆਂ ਅਤੇ ਲਗਾਤਾਰ ਹਰ ਰੋਜ਼ ਰੰਗ ਬਦਲਦੀਆਂ ਆ ਰਹੀਆਂ ਸਿਆਸੀ ਸਰਗਰਮੀਆਂ ਵਾਲੇ ਇਹਨਾਂ ਰੁਝਾਨਾਂ ਦੇ ਬਾਵਜੂਦ ਇਹ ਸਾਹਿਤਿਕ ਹਲਕੇ ਆਪੋ ਆਪਣੀ ਸਮਰਥਾ ਮੁਤਾਬਿਕ  ਸਾਹਿਤਿਕ ਸਰਗਰਮੀਆਂ  ਨੂੰ ਵਿਕਸਿਤ ਕਰਨ ਵਿਚ ਰੁਝੀਆਂ ਰਹਿੰਦੀਆਂ ਹਨ। 

ਕਦੇ ਇਹ ਸੰਗਠਨ ਇਲਾਕੇ ਦੇ ਪਾਰਕਾਂ ਵਿਚ,  ਕਦੇ ਸਾਥੀ ਮੈਂਬਰਾਂ ਦੇ ਘਰਾਂ ਵਿੱਚ ਅਤੇ ਕਦੇ ਸਾਂਝੇ ਜਨਤਕ ਸਥਾਨਾਂ ਵਿਚ ਇਹਨਾਂ ਗੰਭੀਰ ਸਾਹਿਤਿਕ ਹਲਕਿਆਂ ਨੇ ਆਪਣੀ ਮੌਜੂਦਗੀ ਲਗਾਤਾਰ  ਦਰਜ ਕਾਰਵਾਈ ਹੈ। ਇਹਨਾਂ ਦੇ ਸਮਾਗਮ ਵੀ ਯਾਦਗਾਰੀ ਰਹਿੰਦੇ ਹਨ। ਇਸ ਤਰ੍ਹਾਂ ਹਰ ਵਾਰ ਨਾਲ ਇੱਕ ਨਵਾਂ ਇਤਿਹਾਸ ਰਚਿਆ ਜਾਂਦਾ ਹੈ। 

ਇਥੇ ਯਾਦ ਕਰਾਉਣਾ ਜ਼ਰੂਰੀ ਲੱਗਦਾ ਹੈ ਕਿ ਸੱਤਰਵਿਆਂ ਅਤੇ ਅੱਸੀਵਿਆਂ ਦੌਰਾਨ ਕਵਿਤਾ ਦੇ ਨਾਲ ਨਾਲ ਮਿੰਨੀ ਕਹਾਣੀ ਦੀ ਵਿਧਾ ਨੇ ਤੇਜ਼ੀ ਫੜੀ ਸੀ। ਰੋਜ਼ਾਨਾ ਅਜੀਤ, ਜਗਬਾਣੀ, ਅਕਾਲੀ ਪਤ੍ਰਿਕਾ, ਨਵਾਂ ਜ਼ਮਾਨਾ, ਜਥੇਦਾਰ ਅਤੇ ਕੌਮੀ ਦਰਦ ਵਰਗੀਆਂ ਅਖਬਾਰਾਂ ਨੇ ਬਹੁਤ ਸਾਰੇ ਨਵੇਂ ਕਲਮਕਾਰਾਂ ਨੂੰ ਮੌਕਾ ਦਿੱਤਾ। ਹਿੰਦੀ ਦੇ ਉਸ ਵੇਲੇ ਦੇ ਪ੍ਰਸਿੱਧ ਅਖਬਾਰ ਹਿੰਦੀ ਮਿਲਾਪ ਨੇ ਤਾਂ ਮਿੰਨੀ ਕਹਾਣੀ ਬਾਰੇ ਵਿਸ਼ੇਸ਼ ਅੰਕ ਵੀ ਕੱਢੇ। ਮਿੰਨੀ ਕਹਾਣੀ ਉਸ ਵੇਲੇ ਇੱਕ ਮੁਹਿੰਮ ਵਾਂਗ ਸਾਹਮਣੇ ਆਈ। ਦੇਸ਼ ਭਰ ਵਿੱਚ ਮਿੰਨੀ ਕਹਾਣੀ ਦਾ ਅੰਦੋਲਨ ਜਿਹਾ ਚੱਲ ਪਿਆ ਸੀ। ਹਿੰਦੀਅਤੇ ਪੰਜਾਬੀ ਦੇ ਮਿੰਨੀ ਕਹਾਣੀ ਲੇਖਕ ਦੂਰ ਦੁਰਾਡੇ ਜਾ ਕੇ ਵੀ ਇੱਕ ਦੂਜੇ ਨਾਲ ਮਿਲਣ ਮਿਲਾਉਣ ਲੱਗ ਪਾਏ ਸਨ। ਉਸ ਵੇਲੇ ਨਫਰਤੀ ਮੁਹਿੰਮਾਂ ਨਹੀਂ ਸਨ ਚੱਲੀਆਂ। ਫਿਰਕਾਪ੍ਰਸਤੀ ਵਾਲਾ ਜਹਿਰ ਉਦੋਂ ਵੀ ਸੀ ਪਰ ਸਾਹਿਤ ਨਾਲ ਜੁੜੇ ਹੋਏ ਕਲਮਾਂ ਦੇ ਪੁਲ ਉਸ ਜ਼ਹਿਰ ਦੇ ਅਸਰ ਨੂੰ ਭਾਰੂ ਨਹੀਂ ਸਨ ਹੋਣ ਦੇਂਦੇ। 

ਆਪਣੇ ਜ਼ਮਾਨੇ ਦੇ ਪ੍ਰਸਿੱਧ ਪਤਰਕਾਰ ਅਤੇ ਕਹਾਣੀਕਾਰ ਜਨਾਬ ਸਿਮਰ ਸਦੋਸ਼ ਹੁਰਾਂ ਦੀ ਸੋਚ,ਪ੍ਰੇਰਨਾ ਅਤੇ ਹਿੰਮਤ ਉਪਰਾਲਿਆਂ ਨਾਲ ਹੀ ਹਿੰਦੀ ਮਿਲਾਪ ਅਖਬਾਰ ਦੇ ਇਹ ਵਿਸ਼ੇਸ਼ ਅੰਕ ਸਾਹਿਤ ਜਗਤ ਦਾ ਮੀਲ ਪੱਥਰ ਬਣੇ। ਪੰਜਾਬ ਦੇ ਪੰਜਾਬੀ ਕਹਾਣੀਕਾਰ, ਪੰਜਾਬ ਦੇ ਹਿੰਦੀ ਕਹਾਣੀਕਾਰ ਅਤੇ ਦੂਜਿਆਂ ਸੂਬਿਆਂ ਦੇ ਕਹਾਣੀਕਾਰਾਂ ਦਰਮਿਆਨ ਸਾਂਝ ਨੂੰ ਲਗਾਤਾਰ ਮਜ਼ਬੂਤ ਕਰਨ ਵਿਚ ਯੋਗਦਾਨ ਪਾਇਆ। 

ਜਨਾਬ ਜਸਵੰਤ ਸਿੰਘ ਵਿਰਦੀ, ਸਿੱਧੂ ਦਮਦਮੀ, ਵਰਿਆਮ ਸਿੱਧੂ, ਰਾਮ ਸਰੂਪ ਅਣਖੀ ਵਰਗੀਆਂ ਸ਼ਖਸੀਅਤਾਂ ਬਹੁਤ ਹੀ ਸਾਧਾਰਨ ਵਰਗ ਦੇ ਲੇਖਕਾਂ ਅਤੇ ਪਾਠਕਾਂ ਦੇ ਸੰਪਰਕ ਵਿੱਚ ਵੀ ਬੜੀ ਸਹਿਜਤਾ ਨਾਲ ਆ ਸਕੀਆਂ। ਇਹ ਮਾਹੌਲ ਉਸ ਵੇਲੇ ਦੇ ਸਾਹਿਤ ਦੀ ਰਚਨਾ ਨੇ ਹੀ ਸਿਰਜਿਆ ਸੀ। ਨਾ ਸਿਰਫ ਇਹਨਾਂ ਕਹਾਣੀਆਂ ਵਿਚਲੇ ਸੁਨੇਹੇ ਪ੍ਰਸਿੱਧ ਹੋਏ ਬਲਕਿ ਇਹਨਾਂ ਕਹਾਣੀਆਂ ਨੇ ਅਸਲੀ ਪਾਤਰਾਂ ਦੇ ਨਾਮ ਲਏ ਬਿਨਾ ਸਿਆਸਤ ਵਾਲੇ ਉਸ ਨਾਜ਼ੁਕ ਮਾਹੌਲ ਵਿਚ ਵੀ ਆਪਣੀ ਮੌਜੂਦਗੀ ਦਰਜ ਕਾਰਵਾਈ। ਬਾਅਦ ਵਿੱਚ ਉਹ ਗੱਲਾਂ ਨਹੀਂ ਰਹੀਆਂ। ਖਾੜਕੂਵਾਦ ਨੇ ਜਿਥੇ ਸਮਾਜ ਦੇ ਸਾਰੇ ਵਰਤਾਰਿਆਂ ਤੇ ਅਸਰ ਪਾਇਆ ਉੱਥੇ ਇਹ ਵਿਧਾ ਵੀ ਪ੍ਰਭਾਵਿਤ ਹੋਈ। ਅਖਬਾਰਾਂ ਹਰ ਰੋਜ਼ ਲਹੂ ਰੰਗੀਆਂ ਬਣ ਕੇ ਆਉਂਦੀਆਂ। 

ਹੁਣ ਉਸ ਦੌਰ ਨੂੰ ਯਾਦ ਕਰਾਉਣ ਵਿੱਚ ਸਾਹਿਤਿਕ ਸੱਥ ਖਰੜ ਵੀ ਸਰਗਰਮ ਹੈ। ਉਹ ਸੱਚਮੁੱਚ ਸਾਹਿਤ ਸਿਰਜਣਾ ਦਾ ਇੱਕ ਸੁਨਹਿਰੀ ਦੌਰ ਸੀ। ਉਸ ਨੂੰ ਯਾਦ ਕਰਾਉਣ ਦੇ ਹੀਲ ਵਸੀਲੇ ਹੁਣ ਦੇ ਸਾਹਿਤਿਕ ਮਾਹੌਲ 'ਤੇ ਵੀ ਵੀ ਚੰਗਾ ਅਸਰ ਹੀ ਪਾਉਣਗੇ। ਸਿਰਫ ਸ਼ੌਕ ਲਈ ਲਿਖਣ ਦੇ ਵਾਲੇ ਰੁਝਾਨ ਨੂੰ ਇੱਕ ਵਾਰ ਫਿਰ ਕੁਲ ਵਕਤੀ ਬਣਾਉਣਾ ਜ਼ਰੂਰੀ ਹੈ ਜਿਵੇਂ ਜਨਾਬ ਸੰਤੋਖ ਸਿੰਘ ਧੀਰ ਹੁਰਾਂ ਨੇ ਆਖ਼ਿਰੀ ਸਾਹਾਂ ਤੀਕ ਲਿਖਿਆ। ਸਮਾਜ ਕਲਮ ਦੀ ਇਸ ਕਿਰਤ ਅਤੇ ਮਜ਼ਦੂਰੀ ਨੂੰ ਕੰਮ ਜਾਂ ਕਾਰੋਬਾਰ ਨਹੀਂ ਮੰਨਦਾ ਪਰ ਫ਼ਿਲਮਾਂ ਨੂੰ ਫਾਇਦੇ ਵਾਲਾ ਬਿਜ਼ਨਸ ਜ਼ਰੂਰ ਮੰਨਦਾ ਹੈ। ਉਂਝ ਤਰਸੇਮ ਬਸ਼ਰ ਸਾਹਿਬ ਫ਼ਿਲਮੀ ਕਲਾਕਾਰਾਂ ਦੇ ਆਰਥਿਕ ਸੰਘਰਸ਼ਾਂ ਦਾ ਵੀ ਜ਼ਿਕਰ ਆਪਣੀਆਂ ਪੋਸਟਾਂ ਵਿਚ ਕਰਿਆ ਕਰਦੇ ਹਨ। ਅਜਿਹਾ ਜ਼ਿਕਰ ਸਾਹਿਤਿਕ ਸਫ਼ਰ ਨਾਲ ਜੁੜੀਆਂ ਸ਼ਖਸੀਅਤਾਂ ਬਾਰੇ ਵੀ ਹੋਵੇ ਤਾਂ ਹੋਰ ਵੀ ਚੰਗਾ। 

ਕਲਮ ਅਤੇ ਕਲਮਕਾਰਾਂ ਦੇ ਹੱਕਾਂ ਦੀ ਰਾਖੀ ਲਈ ਅਜਿਹੇ ਆਯੋਜਨ ਅਤੇ ਉਪਰਾਲੇ ਲਗਾਤਾਰ ਜ਼ਰੂਰੀ ਹੁੰਦੇ ਜਾ ਰਹੇ ਹਨ। ਚੰਗਾ ਹੋਵੇ ਜੇਕਰ ਇਹਨਾਂ ਆਯੋਜਨਾਂ ਵਿੱਚ ਕਲਮ ਅਤੇ ਕਲਮਕਾਰਾਂ ਦੇ  ਆਰਥਿਕ ਪਹਿਲੂਆਂ ਬਾਰੇ ਵੀ ਸੋਚਿਆ ਜਾਵੇ ਵਰਨਾ ਕੋਫੀ ਹਾਊਸ ਦੇ ਪਿਆਲਿਆਂ ਵਿਚ ਆਉਂਦੇ ਇਨਕਲਾਬ ਵਾਲੀ ਗੱਲ ਜਿਹੀ ਹੀ ਨਾ ਬਣ ਜਾਵੇ। ਅਫਸੋਸ ਕਿ ਇੰਡੀਅਨ ਕੋਫੀ ਹਾਊਸ ਦੇ ਪਿਆਲੈ ਸਾਹਿਤ ਅਤੇ ਸਮਾਜ ਵਿਚ ਸੱਚਮੁੱਚ ਸਿਆਸੀ ਕ੍ਰਾਂਤੀਆਂ ਦਾ ਵੀ ਅਧਾਰ ਤਿਆਰ ਕਰਦੇ ਸਨ। ਇਹੀ ਕਿੜ ਵਾਲੀ ਗੱਲ ਸੀ ਵਰਨਾ ਇਹ ਵਿਚਾਰ ਇੰਡੀਅਨ ਕੋਫੀ ਹਾਊਸ ਕਿਹੜਾ ਕੋਈ ਤੁਰਕਮਾਨ ਗੇਟ ਸੀ। ਇਹਨਾਂ ਗੁਝੇ ਕਾਰਨਾਂ ਕਰ ਕੇ ਹੀ ਇਸ ਕੋਫੀ ਹਾਊਸ ਨੂੰ ਖਤਮ ਕਰ ਕੇ ਉੱਥੇ ਬੜੀ ਤੇਜ਼ੀ ਨਾਲ ਪਾਲਿਕਾ ਬਾਜ਼ਾਰ ਬਣਾ ਦਿੱਤਾ ਗਿਆ। ਜਿਹੜਾ ਕੋਫੀ ਹਾਊਸ ਬਦਲਵੇਂ ਥਾਂ ਬਣਾਇਆ ਗਿਆ ਸੀ ਹੁਣ ਉਥੇ ਸਾਹਿਤ ਅਤੇ ਸਿਆਸਤ ਦੇ ਵਿਚਾਰ ਵਟਾਂਦਰਿਆਂ ਵਾਲੀਆਂ ਸਭਾਵਾਂ ਅਤੇ ਮਹਿਫ਼ਿਲਾਂ ਕਦੇ ਨਹੀਂ ਜੁੜਦੀਆਂ। ਉਂਝ ਵੀ ਹੁਣ ਵਾਲਾ ਇੰਡਿਅਨ ਕੋਫੀ ਹਾਊਸ ਪਹਿਲਾਂ ਵਰਗਾ ਤਾਂ ਉੱਕਾ ਹੀ ਨਹੀਂ ਰਿਹਾ। ਲਗਾਤਾਰ ਵਧਦੀ ਮਹਿੰਗਾਈ ਨੇ ਇਸਦਾ ਵੀ ਲੱਕ ਤੋੜ ਦਿੱਤਾ। ਮਲਟੀਨੈਸ਼ਨਲ ਕੰਪਨੀਆਂ ਨੇ ਇਸ ਨੂੰ ਵੱਡਾ ਕਾਰੋਬਾਰੀ ਘਾਟਾ ਵੀ ਪਾਇਆ। ਸਟਾਫ਼ ਘਟਦਾ ਘਟਦਾ ਬੇਹਦ ਘਟ ਗਿਆ। ਪੂੰਜੀਵਾਦ ਨੇ ਸਾਡੇ ਕੋਲੋਂ ਬੜਾ ਕੁਝ ਖੋਹ ਲਿਆ ਹੈ।  

ਇਹ ਸਭ ਕੁਝ ਇਥੇ ਇਸੇ ਲਈ ਦੱਸਿਆ ਗਿਆ ਕਿ ਹੁਣ ਵਾਲੇ ਕਲਮਕਾਰਾਂ ਅਤੇ ਵਿਚਾਰਵਾਨਾਂ ਨੂੰ ਇਹ ਯਾਦ ਕਰਾਇਆ ਜਾ ਸਕੇ ਕਿ ਸੱਤਾ ਦੀ ਹੋੜ ਅਤੇ ਸਿਆਸਤ ਇਹਨਾਂ ਵਿਚਾਰ ਵਟਾਂਦਰਿਆਂ ਵਾਲੇ ਪ੍ਰੋਗਰਾਮਾਂ ਤੇ ਨਜ਼ਰ ਪਹਿਲਾਂ ਵੀ ਰੱਖਦੀ ਸੀ ਹੁਣ ਵੀ ਰੱਖਦੀ ਹੈ। ਭਾਵੇਂ ਉਹ ਵਿਚਾਰ ਚਰਚਾ ਸਿਰਫ ਕੋਫੀ ਦੇ ਪਿਆਲੇ ਤੇ ਹੀ ਹੋਵੇ। ਜਿਹੜੇ ਆਖਦੇ ਹਨ ਜੀ ਸਾਡਾ ਤਾਂ ਕਿਸੇ ਸਿਆਸਤ ਨਾਲ ਕੋਈ ਸੰਬੰਧ ਨਹੀਂ ਜਾਂ ਤਾਂ ਉਹ ਅਣਜਾਣ ਹਨ ਜਾਂ ਫਿਰ ਝੂਠ ਬੋਲਦੇ ਹਨ। 

ਸਾਹਿਤਿਕ ਸੱਥ ਖਰੜ ਵਿਚ ਤਰਸੇਮ ਬਸ਼ਰ, ਹਰਨਾਮ ਸਿੰਘ ਡੱਲਾ ਅਤੇ ਬਹੁਤ ਸਾਰੇ ਹੋਰ ਸੁਹਿਰਦ ਸਾਥੀ ਇਸ ਪੱਖੋਂ ਸੁਚੇਤ ਹਨ। ਇਸੇ ਲਈ ਉਹ ਗਰਮ ਹਵਾ ਵਰਗੀਆਂ ਪੁਰਾਣੀਆਂ ਫ਼ਿਲਮਾਂ ਦੀ ਕਹਾਣੀ ਅਤੇ ਸਮੀਖਿ ਸਾਹਮਣੇ ਲਿਆ ਰਹੇ ਹਨ ਕਿਓਂ ਅੱਜ ਫਿਰ ਉਹਨਾਂ ਫ਼ਿਲਮ ਦੀ ਗੱਲ ਕਰਨੀ ਜ਼ਰੂਰੀ ਬਣ ਗਈ ਹੈ। 

ਇਸ ਵਾਰ ਸਾਹਿਤਿਕ ਸੱਥ ਖਰੜ ਦਾ ਪ੍ਰੋਗਰਾਮ ਸਥਾਨਕ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਵਿਖੇ ਹੋਇਆ। ਇਸ ਮੰਚ ਦੀ ਮਾਸਿਕ ਇਕੱਤਰਤਾ ਕਹਾਣੀਕਾਰ ਸਰੂਪ ਸਿੰਘ ਸਿਆਲਵੀ, ਗੁਰਮੀਤ ਸਿੰਗਲ ਅਤੇ ਸੁਰਜੀਤ ਸਿੰਘ ਜੀਤ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ’ਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਉਪਰੰਤ ਡਾ. ਹਰਨੇਕ ਸਿੰਘ ਕਲੇਰ, ਜਸਵਿੰਦਰ ਸਿੰਘ ਕਾਈਨੌਰ, ਗੁਰਮੀਤ ਸਿੰਗਲ, ਸੁਰਜੀਤ ਸੁਮਨ, ਸੁਰਜੀਤ ਸਿੰਘ ਜੀਤ, ਹਿੱਤ ਅਭਿਲਾਸ਼ੀ, ਨੀਲਮ ਨਾਰੰਗ ਅਤੇ ਮੋਹਨ ਸਿੰਘ ਪ੍ਰੀਤ ਨੇ ਆਪੋ ਆਪਣੀ ਮਿੰਨੀ ਕਹਾਣੀ ਪੇਸ਼ ਕੀਤੀ। ਇਸ ਮੌਕੇ ਤੇ    ਡਾ. ਹਰਨੇਕ ਸਿੰਘ ਕਲੇਰ ਅਤੇ ਮਰਹੂਮ ਡਾ. ਹੇਮ ਕਿਰਨ ਵੱਲੋਂ ਪਿਛਲੇ ਸਮੇਂ ਵਿੱਚ ਸੰਪਾਦਿਤ ਮਿੰਨੀ ਕਹਾਣੀ ਸੰਗ੍ਰਹਿ ‘ਤਿਲ-ਫੁੱਲ’ ਵੀ ਲੋਕ ਅਰਪਣ ਕੀਤਾ ਗਿਆ। ਇਸ ਤਰ੍ਹਾਂ ਅੱਜ ਦੇ ਦੌਰ ਵਿਚਲੀਆਂ ਸਾਹਿਤਿਕ ਸਰਗਰਮੀਆਂ ਵੀ ਸਾਹਮਣੇ ਆਈਆਂ। 

ਇਸ ਤੋਂ ਬਾਅਦ ਕਵਿਤਾ ਦਾ ਦੌਰ ਵੀ ਚੱਲਿਆ। ਹੁਣ ਦੀ ਕਵਿਤਾ ਵਿਸ਼ੇ ਵਸਤੂ ਦੇ ਪੱਖੋਂ ਵੀ ਮਜ਼ਬੂਤ ਬਣਦੀ ਜਾ ਰਹੀ ਹੈ ਸੰਗੀਤਮਈ ਵੀ ਹੋ ਰਹੀ ਹੈ। ਹਰਨਾਮ ਸਿੰਘ ਡੱਲਾ ਇਸ ਪੱਖੋਂ ਬਹੁਤ ਸੁਚੇਤ ਹਨ। ਇਸ ਮੀਟਿੰਗ ਮੌਕੇ ਚੱਲੇ ਕਾਵਿਕ ਦੌਰ ਵਿੱਚ ਸ਼ਾਇਰ ਹਾਕਮ ਸਿੰਘ ਨੱਤਿਆਂ, ਸਤਬੀਰ ਕੌਰ, ਇੰਦਰਜੀਤ ਕੌਰ ਵਡਾਲਾ, ਬਲਦੇਵ ਸਿੰਘ ਬਿੰਦਰਾ, ਤਰਸੇਮ ਸਿੰਘ ਕਾਲੇਵਾਲ, ਕੇਸਰ ਸਿੰਘ ਇੰਸਪੈਕਟਰ, ਬਲਦੇਵ ਸਿੰਘ ਬੁਰਜਾਂ, ਪਵਨਪ੍ਰੀਤ ਸਿੰਘ ਵਡਾਲਾ, ਜਸਵਿੰਦਰ ਸਚਦੇਵਾ, ਧਿਆਨ ਸਿੰਘ ਕਾਹਲੋ, ਬਲਵਿੰਦਰ ਢਿੱਲੋਂ, ਖੁਸ਼ੀ ਰਾਮ ਨਿਮਾਣਾ, ਅਮ੍ਰਿੰਤਜੀਤ ਕੌਰ, ਪਿਆਰਾ ਸਿੰਘ ਰਾਹੀ, ਹਰਜਿੰਦਰ ਸਿੰਘ ਸਾਈਂ ਸਕੇਤੜੀ, ਮਲਕੀਤ ਨਾਗਰਾ, ਰਾਜਵਿੰਦਰ ਸਿੰਘ ਗੱਡੂ, ਡਾ. ਸੁਦਾਗਰ ਸਿੰਘ ਪਾਲ, ਸੁਖਦੀਪ ਸਿੰਘ ਪੁਆਧੀ, ਕਰਮਜੀਤ ਬੱਗਾ ਅਤੇ ਜਗਤਾਰ ਸਿੰਘ ਜ਼ੋਗ ਆਦਿ ਨੇ ਆਪੋ ਆਪਣੀਆਂ ਗਜ਼ਲਾਂ, ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਇਸ ਮੌਕੇ ਸੁਖਦੀਪ ਸਿੰਘ ਨਿਆਂ ਸ਼ਹਿਰ, ਭਾਗ ਸਿੰਘ ਸ਼ਾਹਪੁਰ, ਆਸ਼ਾ ਬੱਤਰਾ, ਕਰਮ ਸਿੰਘ, ਗੁਰਮੀਤ ਸਿੰਘ ਖਰੜ ਅਤੇ ਟੀ. ਐਲ. ਵਰਮਾ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕਰਕੇ ਹਾਜ਼ਰੀ ਲਵਾਈ। ਕਹਾਣੀਕਾਰ ਚਰਨਜੀਤ ਸਿੰਘ ਕਤਰਾ ਵੱਲੋਂ ਵੀ ਭੇਜੇ ਇੱਕ ਲਿਖਤੀ ਸੰਦੇਸ਼ ਰਾਹੀਂ ਸਾਹਿਤਕ ਸੱਥ ਖਰੜ ਵੱਲੋਂ ਮਿੰਨੀ ਕਹਾਣੀ ਨੂੰ ਉਤਸ਼ਾਹਿਤ ਕਰਨ ਲਈ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਗਈ।

ਵਿਛੜ ਗਿਆਂ ਨੂੰ ਯਾਦ ਕਰਨਾ ਅਤੇ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਇਹ ਸਿਰਫ ਰਸਮੀ ਗੱਲ ਨਹੀਂ ਹੁੰਦੀ। ਉਹਨਾਂ ਦੀਆਂ ਯਾਦਾਂ ਅਤੇ ਸ਼ਬਦ ਸਾਨੂੰ ਪ੍ਰੇਰਨਾ ਅਤੇ ਸ਼ਕਤੀ ਵੀ ਦੇਂਦੇ ਹਨ ਸੋ ਇਸ ਮੀਟਿੰਗ ਦੌਰਾਨ ਵੀ ਪੰਜਾਬੀ ਦੇ ਨਾਮਵਾਰ ਲੇਖਕ ਅਤੇ ਰੰਗਕਰਮੀ ਮਾਸਟਰ ਤਰਲੋਚਨ ਸਿੰਘ ਸਮਰਾਲਾ ਦੀ ਅਚਾਨਕ ਹੋਈ ਬੇਵਕਤੀ ਮੌਤ ’ਤੇ ਡੂੰਘਾ ਦੁੱਖ ਅਤੇ ਸੋਗ ਪ੍ਰਗਟ ਕੀਤਾ ਗਿਆ। ਇਹ ਸੱਚਮੁੱਚ ਸਾਡੇ ਅਭਿਨਾਂ ਲਈ ਵੱਡਾ ਸਦਮਾ ਸੀ। ਸੜਕਾਂ ਤੇ ਦਨਦਨਾਉਂਦੀ ਮੌਤ ਨੇ ਸਾਡੇ ਬਹੁਤ ਸਾਰੇ ਹੀਰੇ ਸਾਥੋਂ ਖੋਹ ਲਏ ਹਨ। ਇਸ ਪੱਖੋਂ ਨਾ ਤਾਂ ਸਰਕਾਰਾਂ ਕੁਝ ਠੋਸ ਕਦਮ ਪੁੱਟ ਸਕੀਆਂ ਹਨ ਅਤੇ ਨਾ ਹੀ ਸਦਾ ਸਮਾਜ ਫੁਕਰਾਗੀਰੀ ਵਾਲੀ ਡਰਾਈਵਿੰਗ ਦੇ ਰੁਝਾਨ ਨੂੰ ਠੱਲ ਪਾ ਸਕਿਆ ਹੈ। ਮਾਸਟਰ ਤਰਲੋਚਨ ਦੀ ਜਾਨ ਇੱਕ ਨਾਬਾਲਿਗ ਡਰਾਈਵਿੰਗ ਨੇ ਲੈ ਲਈ ਸੀ। ਇਸ ਗੱਲ ਨੂੰ ਜਿੰਨਾ ਜ਼ਿਆਦਾ ਚਰਚਿਤ ਕੀਤਾ ਜਾ ਸਕੇ ਉਨ੍ਹਾਂ ਹੀ ਥੋਹੜਾ ਹੈ। 

ਅਖੀਰ ਵਿੱਚ ਪ੍ਰਧਾਨਗੀ ਮੰਡਲ ’ਚ ਸ਼ੁਸੋਭਿਤ ਕਹਾਣੀਕਾਰ ਸਰੂਪ ਸਿੰਘ ਸਿਆਲਵੀ ਨੇ ਪੇਸ਼ ਕੀਤੀਆਂ ਮਿੰਨੀ ਕਹਾਣੀਆਂ ’ਤੇ ਵਿਸਥਾਰ ਪੂਰਵਕ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਮਿੰਨੀ ਕਹਾਣੀ ਵੀ ਸਾਹਿਤ ਦਾ ਇੱਕ ਅਨਿੱਖੜਵਾਂ ਅੰਗ ਹੈ। ਉਨ੍ਹਾਂ ਨੇ ਮਿੰਨੀ ਕਹਾਣੀ ਦੇ ਪਿਛੋਕੜ ਬਾਰੇ ਗੱਲ ਕਰਦਿਆਂ ਨਾਮਵਰ ਪੁਰਾਣੇ ਸਾਹਿਤਕਾਰਾਂ ਵੱਲੋਂ ਲਿੱਖੀਆਂ ਗਈਆਂ ਕਈ ਮਿੰਨੀ ਕਹਾਣੀਆਂ ਦਾ ਜ਼ਿਕਰ ਕੀਤਾ। ਅਖੀਰ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। 

ਐਤਕੀਂ ਮੰਚ ਸੰਚਾਲਨ ਦੀ ਕਾਰਵਾਈ ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ। ਜੋ ਆਪਣੇ ਆਪ ਵਿੱਚ ਕਲਾਤਮਕ ਸੂਤਰਧਾਰੀ ਵਰਗਾ ਅਹਿਸਾਸ ਕਰਾਉਂਦੀ ਸੀ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment