google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਯਾਦਾਂ ਦੇ ਉਜਾਲੇ ਹੁਣ ਵੀ ਸਾਥ ਦੇਣਗੇ ਸਾਥੀ ਸੁਰਿੰਦਰ ਰਾਮਪੁਰੀ ਨੂੰ

Saturday, 5 August 2023

ਯਾਦਾਂ ਦੇ ਉਜਾਲੇ ਹੁਣ ਵੀ ਸਾਥ ਦੇਣਗੇ ਸਾਥੀ ਸੁਰਿੰਦਰ ਰਾਮਪੁਰੀ ਨੂੰ

ਵਿਛੋੜੇ ਮਗਰੋਂ ਸੁਰਿੰਦਰ ਰਾਮਪੁਰੀ ਨੇ ਦੱਸਿਆ ਰੱਬ ਵਰਗਾ ਸਾਥ ਸੀ ਉਸਦਾ


ਦੋਰਾਹੇ ਦੀ ਨਹਿਰ ਨੇੜਿਓਂ: 5 ਅਗਸਤ 2023: (ਸਾਹਿਤ ਸਕਰੀਨ ਡੈਸਕ)::

ਹੁਣ ਜਦੋਂ ਕਿ ਆਸਤਿਕ ਲੋਕਾਂ ਨੇ, ਨਵਰਾਤਰਿਆਂ ਦੇ ਵਰਤ ਰੱਖਣ ਵਾਲਿਆਂ ਨਾਲ ਸਬੰਧਤ ਲੋਕਾਂ ਨੇ ਅਤੇ ਭਾਰਤ ਮਾਤਾ ਦੇ ਨਾਂਅ  'ਤੇ  ਰਾਸ਼ਟਰਵਾਦ ਦਾ ਪਾਖੰਡ ਕਰਨ ਵਾਲੇ ਲੋਕਾਂ ਨੇ ਖੁਦ ਆਪਣੀ ਦੇਖਰੇਖ ਹੇਠ ਮਣੀਪੁਰ ਵਿੱਚ ਵੀ ਭਾਰਤ ਮਾਤਾ ਨੂੰ ਸਰੇ ਬਾਜ਼ਾਰ ਨੰਗਿਆਂ ਕੀਤੇ ਜਾਣ ਤੇ ਵੀ ਚੁੱਪ ਵੱਟੀ ਹੋਈ ਹੈ ਉਦੋਂ ਇਸ ਦੋਗਲੇਪਨ 'ਤੇ ਥੱਪੜ ਮਾਰਦੀਆਂ ਹੋਈਆਂ ਲਿਖਤਾਂ ਵੀ ਲਿਖੀਆਂ ਜਾ ਰਹੀਆਂ ਹਨ। 

ਇਹਨਾਂ ਹਾਦਸਿਆਂ ਅਤੇ ਲਿਖਤਾਂ ਦੌਰਾਨ ਹੀ ਪਤਨੀ ਦੇ ਵਿਛੋੜੇ ਮੌਕੇ ਵੀ ਉਘੇ ਲੋਕਪੱਖੀ ਲੇਖਕ ਸੁਰਿੰਦਰ ਰਾਮਪੁਰੀ ਨੇ ਆਪਣੀ ਪਤਨੀ ਨੂੰ ਯਾਦ ਕਰਦਿਆਂ ਜੋ ਦੱਸਿਆ ਉਸਦਾ ਸਿੱਧਾ ਸੰਬੰਧ ਔਰਤ ਦੇ ਉਸ ਸਨਮਾਨ ਨਾਲ ਜੁੜਿਆ ਹੈ ਜਿਹੜਾ ਸਾਥੀ ਰਾਮਪੁਰੀ ਦੇ ਮਨ ਵਿਚ ਪਤਨੀ ਦੇ ਜਿਊਂਦੇ ਜੀਅ ਵੀ ਸੀ ਅਤੇ ਵਿਛੋੜੇ ਮਗਰੋਂ ਹੋਰ ਸ਼ਿੱਦਤ ਨਾਲ ਉਭਰ ਕੇ ਸਾਹਮਣੇ ਆਇਆ ਹੈ। ਇਸ ਸੋਚ ਵਾਲੇ ਸਾਰੇ ਸਾਥੀਆਂ ਦੇ ਮਨਾਂ ਵਿਚ ਇਹ ਸਨਮਾਨ ਅਕਸਰ ਹਮੇਸ਼ਾਂ ਕਾਇਮ ਰਹਿੰਦਾ ਹੈ। 

ਕਾਸ਼ ਮਨੀਪੁਰ ਦੇ ਗੁਨਾਹਗਾਰਾਂ ਨੇ ਝੂਠੇ ਅਡੰਬਰਾਂ ਵਾਲੇ ਨਾਅਰੇ ਲਾਉਣ ਦੀ ਬਜਾਏ ਆਪਣੀਆਂ ਜ਼ਿੰਦਗੀਆਂ ਵਿਚ ਅਜਿਹਾ ਇੱਕ ਅੱਧ ਸੰਬੰਧ ਵੀ ਨਿਭਾਇਆ ਹੁੰਦਾ ਤਾਂ ਉਹ ਇੱਕੋ ਵੇਲੇ ਕਈ ਕਈ  ਦ੍ਰੋਪਦੀਆਂ ਦੇ ਚੀਰਹਰਨ ਦਾ ਬੱਜਰ  ਗੁਨਾਹ ਨਾ ਕਰਦੇ। ਭਾਰਤ ਮਾਤਾ ਨੂੰ ਕਲੰਕਿਤ ਕਰਨ ਵਾਲੇ ਇਹਨਾਂ ਅੱਤਿਆਚਾਰਾਂ 'ਤੇ ਚੁੱਪੀ ਨਾ ਵੱਟਦੇ। 

ਸਦੀਆਂ ਪਹਿਲਾਂ ਇੱਕ ਦਰੋਪਦੀ ਦੇ ਵਸਤਰਾਂ ਨੂੰ ਹੱਥ ਪਾਇਆ ਗਿਆ ਸੀ ਤਾਂ ਨਤੀਜੇ ਵੱਜੋਂ ਮਹਾਂਭਾਰਤ ਹੋਈ ਸੀ। ਜਿਸਨੂੰ ਉਹਨਾਂ ਵੇਲਿਆਂ ਦੀ ਸਭ ਤੋਂ ਵੱਡੀ ਜੰਗ ਦਸਿਆ ਜਾਂਦਾ ਹੈ। ਹੁਣ ਇੱਕੋ ਵੇਲੇ ਕਈ ਕਈ ਦ੍ਰੋਪਦੀਆਂ ਨੂੰ  ਨਾ ਸਿਰਫ ਨਗਨ ਕੀਤਾ ਗਿਆ ਬਲਕਿ ਕਤਲ ਵੀ ਕੀਤਾ ਗਿਆ। ਹੁਣ ਇਸਦੇ ਸਿੱਟੇ ਵੱਜੋਂ ਕੀ ਕੀ ਵਾਪਰਨਾ ਹੈ ਇਸ ਦਾ ਪਤਾ ਕਿਸੇ ਜੋਤਿਸ਼ੀ ਤੋਂ ਪੁੱਛਣ ਦੀ ਲੋੜ ਹੀ ਨਹੀਂ ਰਹੀ। 

ਹੁਣ ਇਹਨਾਂ ਦੇ ਕਰਮਾਂ ਨੇ ਬਣਾਉਣਾ ਹੈ ਸਮੁਚੇ ਦੇਸ਼ ਨੂੰ ਕੁਰਕਸ਼ੇਤਰ ਦਾ ਮੈਦਾਨ। ਇਨਾਮਾਂ ਸਨਮਾਨਾਂ ਦੀ ਝਾਕ ਤੋਂ ਦੂਰ ਰਹਿਣ ਵਾਲੇ ਲੇਖਕ ਅਤੇ ਬੁਧੀਜੀਵੀ ਮੌਜੂਦਾ ਦੌਰ ਨੂੰ ਵੀ ਨੀਝ ਲਾ ਕੇ ਦੇਖ ਰਹੇ ਹਨ। ਇਹ ਉਹ ਲੋਕ ਹਨ ਜਿਹਨਾਂ ਨੇ ਆਪਣੀ ਅਸਲੀ ਜ਼ਿੰਦਗੀ ਵਿਹੁੱਚ ਵੀ ਰਿਸ਼ਤੇ ਨਿਭਾਏ ਹਨ ਅਤੇ ਔਰਤ ਦਾ ਸਨਮਾਨ ਕੀਤਾ ਹੈ। 

ਇਸ ਨਾਜ਼ੁਕ ਸਥਿਤੀ ਵਿਚ ਸੁਰਿੰਦਰ ਰਾਮਪੁਰੀ ਯਾਦ ਕਰਾਉਂਦੇ ਹਨ ਕਿ ਕਿਵੇਂ ਉਹਨਾਂ ਦੀ ਅਰਧਾਂਗਨੀ ਨੇ ਸਾਹਿਤ ਦੀ ਸਾਧਨਾ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਅਤੇ ਵਿਚਾਰਧਾਰਾ ਨਾਲ ਪ੍ਰਤੀਬੱਧਤਾ ਵੇਲੇ ਕਦਮ ਕਦਮ 'ਤੇ ਸਾਥ ਦਿੱਤਾ ਸੀ। ਸੁਰਿੰਦਰ ਰਾਮਪੁਰੀ ਜੀ ਨੂੰ ਯਕੀਨ ਹੈ ਕਿ ਪਤਨੀ ਦੀਆਂ ਯਾਦਾਂ ਲਗਾਤਾਰ ਦਸਤਕ ਦੇ ਰਹੇ ਨਾਜ਼ੁਕ ਸੰਘਰਸ਼ਾਂ ਸਮੇਂ ਵੀ ਉਹਨਾਂ ਦਾ ਸਾਥ ਦੇਣਗੀਆਂ। ਐਤਵਾਰ 6 ਅਗਸਤ ਨੂੰ ਆਯੋਜਿਤ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਅਤੇ ਇਸ ਸਬੰਧੀ ਪੈਣ ਵਾਲੇ ਭੋਗ ਦੀ ਰਸਮ ਮੌਕੇ ਪੜ੍ਹੋ ਸੁਰਿੰਦਰ ਰਾਮਪੁਰੀ ਹੁਰਾਂ ਦੇ ਵਿਚਾਰਾਂ 'ਤੇ ਆਧਾਰਿਤ ਇਹ ਲਿਖਤ ਜਿਸ ਨੂੰ ਪੜ੍ਹ ਕੇ ਤੁਹਾਨੂੰ ਆਪਣੇ ਨਾਲ ਹੋਈਆਂ ਬੀਤੀਆਂ ਵੀ ਯਾਦ ਆਉਣਗੀਆਂ।   

ਸੁਰਿੰਦਰ ਰਾਮਪੁਰੀ ਦੱਸਦੇ ਹਨ ਕਿ ਪਰਿਵਾਰ ਨੂੰ ਡੋਰ ਵਿਚ ਬੰਨ੍ਹ ਕੇ ਰੱਖਣ ਵਾਲੀ ਸੂਤਰਧਾਰ ਸੀ ਮਾਤਾ ਸੁਦੇਸ਼ ਰਾਣੀ। ਜ਼ਿੰਦਗੀ ਦੇ ਸੰਘਰਸ਼ਾਂ ਅਤੇ ਸਾਹਿਤਕ ਸਾਧਨਾ ਵਿੱਚ ਆਉਂਦੀਆਂ ਔਕੜਾਂ ਦਾ ਸਾਹਮਣਾ ਕਰਨ ਦੇ ਦੌਰ ਵਿੱਚ ਸ਼ਕਤੀ ਅਤੇ ਪ੍ਰੇਰਨਾ ਦਾ ਸਰੋਤ ਉਹੀ ਹੁੰਦੀ ਸੀ। 

ਅਜੋਕੇ ਪੂੰਜੀਵਾਦੀ ਦੌਰ ਨੇ ਪਰਿਵਾਰਿਕ ਸੰਬੰਧਾਂ ਦਾ ਜੋ ਹਾਲ ਕੀਤਾ ਹੈ ਉਸ ਬਾਰੇ ਵੀ ਸੁਰਿੰਦਰ ਰਾਮਪੁਰੀ ਪੂਰੀ ਤਰ੍ਹਾਂ ਸੁਚੇਤ ਹਨ। ਪਤਨੀ ਦੀਆਂ ਯਾਦਾਂ ਬਾਰੇ ਗੱਲ ਕਰਦਿਆਂ ਉਹ ਦੱਸਦੇ ਹਨ ਕਿ ਅਜੋਕੇ ਦੌਰ ਵਿਚ ਪਰਿਵਾਰਾਂ ਦਾ ਟੁੱਟਣਾ ਤੇ ਮਨਾਂ ਵਿਚ ਵਿੱਥ ਪੈ ਜਾਣੀ ਲਗਭਗ ਹਰ ਟੱਬਰ ਦੀ ਹੋਣੀ ਬਣ ਚੁੱਕਿਆ ਹੈ। ਇਸ ਨੇਮ ਨੂੰ ਪੁੱਠਾ ਗੇੜਾ ਦੇਣ ਲਈ ਘਰ ਦੀ ਸੁਆਣੀ ਨੂੰ ਮੁੱਖ ਭੂਮਿਕਾ ਨਿਭਾਉਣੀ ਪੈਂਦੀ ਹੈ। ਪੰਜਾਬ ਦੇ ਪਿੰਡਾਂ ਵਿਚ ਔਰਤਾਂ ਦੇ ਅਜਿਹੇ ਸੰਸਕਾਰੀ ਸੁਭਾਅ ਨੇ ਜਿਥੇ ਪਰਿਵਾਰਾਂ ਵਿਚ ਨੇੜਤਾ ਬਚਾਈ ਰੱਖੀ ਹੈ, ਉਥੇ ਸਮਾਜਿਕ ਸਦਭਾਵਨਾ ਨੂੰ ਜਿਊਂਦਿਆਂ ਰੱਖਣ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ।  

ਸੰਨ-1962 ਵਿਚ ਚੀਨ ਨਾਲ ਜੰਗ, ਫਿਰ ਸੰਨ 1965 ਵਿਚ ਪਾਕਿਸਤਾਨ ਨਾਲ ਜੰਗ ਅਤੇ ਸੰਨ 1971 ਵਿਚ ਫਿਰ ਪਾਕਿਸਤਾਨ ਦਾ ਹਮਲਾ ਅਤੇ ਇਸ ਜੰਗ ਦੌਰਾਨ ਬੰਗਲਾਦੇਸ਼ ਦੀ ਕਾਇਮੀ ਇਸ ਸੰਨ ਨੂੰ ਬੜਾ ਯਾਦਗਾਰੀ ਅਤੇ ਅਹਿਮੀਅਤ ਵਾਲਾ ਬਣਾਉਂਦੀਆਂ ਹਨ। ਜੰਗੀ ਮਾਹੌਲ ਦੇ ਬਾਵਜੂਦ ਪੰਜਾਬ ਦੇ ਬਹਾਦਰਾਂ ਨੇ ਆਪਣੀ ਬਹਾਦਰੀ ਨਹੀਂ ਸੀ ਛੱਡੀ ਅਤੇ ਨਾ ਹੀ ਜ਼ਿੰਦਗੀ ਨੂੰ ਅੱਗੇ ਤੋਰਨ ਵਾਲੇ ਰੀਤੀ ਰੀਵਾਜ ਛੱਡੇ ਸਨ। ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀਆਂ ਸਤਰਾਂ ਯਾਦ ਆ ਰਹੀਆਂ ਹਨ-

 ਅਸੀਂ ਪੰਜਾਂ ਦਰਿਆਵਾਂ ਦੇ ਸ਼ੇਰ ਦੂਲੇ,ਦੋਹਾਂ ਦੇਵੀਆਂ ਨੂੰ ਨਿਮਸ਼ਕਾਰ ਸਾਡੀ।

ਵਿਚ ਰੰਗ ਦੇ ਦੇਵੀ ਹੈ ਨਾਰ ਸਾਡੀ,ਵਿਚ ਜੰਗ ਦੇ ਦੇਵੀ ਕਟਾਰ ਸਾਡੀ।

ਇਸੇ ਯਾਦਗਾਰੀ ਸਾਲ ਅਰਥਾਤ ਸੰਨ 1971 ਵਿਚ ਘਲੋਟੀ (ਜ਼ਿਲ੍ਹਾ ਲੁਧਿਆਣਾ) ਤੋਂ ਚੱਲ ਕੇ ਸ਼੍ਰੀ ਸੁਰਿੰਦਰ ਰਾਮਪੁਰੀ ਨਾਲ ਵਿਆਹ ਕੇ ਰਾਮਪੁਰ ਆਈ।  ਉਹੀ ਰਾਮਪੁਰ ਜਿਸਨੇ ਲਾਲ ਝੰਡੇ ਵਾਲੇ ਸੰਘਰਸ਼ਾਂ ਵਾਲੇ ਸਾਹਿਤ ਰਚਨਾ ਵਿਚ ਇਤਿਹਾਸਿਕ ਯੋਗਦਾਨ ਪਾਇਆ ਸੀ। ਉਸੇ ਦੋਰਾਹਾ ਨੇੜੇ ਵੱਸਿਆ ਰਾਮਪੁਰ ਜੀ ਦੋਰਾਹਾ ਤਰਸੇਮ ਬਾਵਾ ਇਸ ਦੇਸ਼ ਦੀ ਹੋਣੀ ਬਾਦਲਾਂ ਲਈ ਉੱਠੀ ਨਕਲਸਲਬਾਦੀ ਲਹਿਰ ਦੌਰਾਨ ਆਪਣੀ ਕੁਰਬਾਨੀ ਦੇ ਗਿਆ। ਉਸ ਸਮੇਂ ਦੀ ਬਾਦਲ ਸਰਕਾਰ ਨੇ 25 ਮਈ 1971 ਨੂੰ ਦਿਨ ਦਿਹਾੜੇ ਚੁੱਕ ਕੇ, ਅੰਤਾਂ ਦਾ ਕਹਿਰ ਢਾਹ ਕੇ ਸ਼ਹੀਦ ਕਰ ਦਿੱਤਾ ਸੀ। ਇਸ ਸ਼ਹਾਦਤ ਤੋਂ ਸਿਰਫ 40 ਦਿਨ ਪਹਿਲਾਂ ਤਰਸੇਮ ਬਾਵਾ  ਦੇ ਭਣੋਈਏ ਪ੍ਰੀਤਮ ਦਾਸ ਪਿੰਡ ਕਕਰਾਲਾ ਜ਼ਿਲ੍ਹਾ ਲੁਧਿਆਣਾ 'ਚੋਂ ਘਰੋਂ ਚੁੱਕ ਕੇ ਕਿਧਰੇ ਖਪਾ ਦਿੱਤਾ ਸੀ। ਹੁਣ ਪਿੰਡ ਕਕਰਾਲਾ ਜ਼ਿਲ੍ਹਾ  ਫਤਿਹਗੜ  ਸਾਹਿਬ ਵਿੱਚ ਆਉਂਦਾ ਹੈ। ਸ਼ਹੀਦ ਤਰਸੇਮ 'ਬਾਵੇ' ਦੀ ਭੈਣ ਸੰਯੋਗਤਾ, ਪੇਕੇ ਤੇ ਸਹੁਰੇ ਪਰਿਵਾਰ 'ਤੇ ਹਕੂਮਤੀ ਵਹਿਸ਼ੀ ਜਬਰ ਨਾ ਸਹਾਰਦੀ ਹੋਈ ਸਦਮੇ ਨਾਲ ਹੀ ਗੋਦੜੀ ਦੇ ਨਿੱਕੇ ਲਾਲ ਨੂੰ ਛੱਡ ਕੇ ਅੱਖਾਂ ਮੀਟ ਗਈ ਸੀ। ਮਾਂ ਨੇ ਆਪਣੇ ਜੁਆਨ ਪੁੱਤ ਤੇ ਪੁੱਤਰ ਵਰਗੇ ਜਵਾਈ ਅਤੇ ਧੀ ਨੂੰ ਵਿਦਾ ਕਰਕੇ ਵੀ ਹੌਂਸਲਾ ਨਹੀਂ ਸੀ ਹਾਰਿਆ, ਸਗੋਂ ਹਕੂਮਤੀ ਜਬਰ ਅਤੇ ਪੁਲਸੀ ਧਾੜਾਂ ਅੱਗੇ ਡਟ ਕੇ ਖੜੋਂਦੀ ਰਹੀ ਅਤੇ ਅਗਲੇ ਵਰ੍ਹਿਆਂ  ਦੌਰਾਨ ਲਗਾਤਾਰ ਇਲਾਕੇ ਦੀ ਜਮਹੂਰੀ ਇਨਕਲਾਬੀ ਲਹਿਰ ਨਾਲ ਜੁੜ ਕੇ ਰਹੀ। ਦੇਹਾਂਤ ਵੇਲੇ ਉਮਰ ਦੇ 100 ਵਰ੍ਹਿਆਂ ਨੂੰ ਢੁੱਕੀ ਮਾਂ ਆਗਿਆਵੰਤੀ ਨੇ ਸਰਕਾਰੀ ਜਬਰ ਦੇ ਸਾਹਮਣੇ ਇੱਕ ਨਵਾਂ ਇਤਿਹਾਸ ਰਚਿਆ ਸੀ। ਉਸ ਇਲਾਕੇ ਵਿੱਚ ਸੁਰਿੰਦਰ ਰਾਮਪੁਰੀ ਦੀ ਪਤਨੀ ਦਾ ਆਉਣਾ ਜਿਵੇਂ ਸੰਘਰਸ਼ਾਂ ਵਾਲੇ ਪਿੜ੍ਹ ਨੂੰ ਹੋਰ ਮਜ਼ਬੂਤ ਕਰਨ ਦਾ ਹੀ ਇੱਕ ਨਵਾਂ ਮੁੱਢ ਸੀ। ਲੋਕ ਸੰਘਰਸ਼ਾਂ ਦੇ ਮੋਰਚੇ ਨੂੰ ਮਜ਼ਬੂਤ ਕਰਨ ਵਿਚ ਆਪਣਾ ਹਿੱਸਾ ਪਾਉਂਦਿਆਂ ਸੁਦੇਸ਼ ਰਾਣੀ ਨੇ ਫਿਰਕੂ ਦਹਿਸ਼ਤ ਦਾ ਮੁਕਾਬਲਾ ਕਰਨ ਵਾਲੇ ਰਾਮਪੁਰ ਦੇ ਲੇਖਕਾਂ ਦੀ ਮੁਹਿੰਮ ਸਮੇਂ ਸੁਰਿੰਦਰ ਰਾਮਪੁਰੀ ਨਾਲ ਮੋਢੇ ਨਾਲ ਮੋਢਾ ਜੋੜਿਆ ਸੀ। ਹਰ ਕਦਮ 'ਤੇ ਸਾਥ ਦਿੱਤਾ ਸੀ। 

ਮਾਤਾ ਸੁਦੇਸ਼ ਰਾਣੀ ਅਜਿਹੇ ਖਾਲਸ ਤੇ ਉਸਾਰੂ ਸੁਭਾਅ ਦੀ ਮਾਲਕਣ ਸੀ ਕਿ ਬਹੁਤ ਕੁਝ ਯਾਦ ਆਉਂਦਾ ਹੈ। ਉਮਰ ਦੇ 72 ਬਸੰਤ ਹੰਢਾਅ ਕੇ 28 ਜੁਲਾਈ ਨੂੰ ਇਸ ਜਹਾਨ-ਏ-ਫ਼ਾਨੀ ਨੂੰ ਅਲਵਿਦਾ ਆਖ ਗਈ ਮਾਤਾ ਸੁਦੇਸ਼ ਰਾਣੀ ਨੇ ਸੱਸ (ਮਾਤਾ ਸਵਿੱਤਰੀ ਦੇਵੀ) ਨੂੰ ਮਾਂ ਬਣਾ ਕੇ ਸੇਵਾ ਕੀਤੀ, ਪਤੀ ਨੂੰ ਸਾਹਿਤਕ-ਸਮਾਜਿਕ ਜਿੰਮੇਵਾਰੀਆਂ ਲਈ ਵਿਹਲੇ ਕਰੀ ਰੱਖਿਆ, ਪੁੱਤਾਂ (ਗਗਨ ਦੀਪ ਸ਼ਰਮਾ ਅਤੇ ਭੁਵਨੇਸ਼ ਸ਼ਰਮਾ) ਨੂੰ ਉਡਾਰੀ ਮਾਰਨ ਲਈ ਜ਼ਮੀਨ ਮੋਕਲੀ ਕੀਤੀ, ਦਿਉਰ (ਰਮੇਸ਼ ਕੁਮਾਰ ਸ਼ਰਮਾ) ਨੂੰ ਨਿੱਕੇ ਵੀਰ ਤੇ ਭਰਜਾਈ (ਸ਼ਸ਼ੀ ਸ਼ਰਮਾ) ਨੂੰ ਛੋਟੀ ਭੈਣ ਵਾਂਗ ਤਿਓ੍ਹ ਕੀਤਾ, ਨੂੰਹਾਂ (ਮਨਦੀਪ ਅਤੇ ਭਾਰਤੀ) ਲਈ ਆਲੇ-ਦੁਆਲੇ ਦੀ ਤੱਤੀ ’ਵਾਅ ਤੋਂ ਓਟ ਬਣੀ ਰਹੀ, ਅਤੇ ਪੋਤਰੇ (ਜੀਵਾਂਸ਼) ਲਈ ਮੋਹ ਦਾ ਸਰੋਤ ਬਣ ਕੇ ਵਗੀ।   

ਆਪਣੀ ਰੇਖਾ-ਚਿੱਤਰਾਂ ਦੀ ਪੁਸਤਕ ‘ਚੰਦਨ ਦੇ ਰੁੱਖ’ ਦਾ ਸਮਰਪਣ ਪਤਨੀ ਦੇ ਨਾਂਅ ਕਰਦਿਆਂ ਸੁਰਿੰਦਰ ਰਾਮਪੁਰੀ ਦਾ ਲਿਖਿਆ, “ਪਤਨੀ ਸੁਦੇਸ਼ ਨੂੰ, ਜਿਸਦੇ ਸੁਭਾਅ ਵਿਚ ਚੰਦਨ ਦੀ ਤਾਸੀਰ ਹੈ”, ਸੱਚਮੁੱਚ ਉਹਨਾਂ ਦੇ ਸੁਭਾਅ ਦੀ ਸੱਚ-ਬਿਆਨੀ ਕਰਦਾ ਹੈ। ਪਤਨੀ ਦੀ ਨਿੱਘੀ ਯਾਦ ਨੂੰ ਸੀਨੇ ਨਾਲ ਲਾ ਕੇ ਰਾਮਪੁਰੀ ਆਖਦੈ, “ਉਸਦੇ ਹੁੰਦਿਆਂ ਮੈਨੂੰ ਕਦੇ ਲੱਗਿਆ ਹੀ ਨਹੀਂ ਕਿ ਘਰ ਦੀ ਕੋਈ ਜ਼ਿੰਮੇਵਾਰੀ ਵੀ ਹੁੰਦੀ ਹੈ। ਉਸ ਦਾ ਮੰਜੇ ’ਤੇ ਪਈ ਹੋਣ ਦਾ ਵੀ ਇਕ ਚਮਤਕਾਰੀ ਆਭਾ ਸੀ ਜਿਸ ਨੇ ਟੱਬਰ ਦੁਆਲੇ ਸਦਭਾਵਨਾ ਦਾ ਇਕ ਚੱਕਰ ਵਲ਼ੀ ਰੱਖਿਆ”।

ਇਸੇ ਆਭਾ ਦਾ ਪ੍ਰਤਾਪ ਸੀ ਕਿ ਉਹਨਾਂ ਦੇ ਤੁਰ ਜਾਣ ਮੌਕੇ ਆਲੇ-ਦੁਆਲੇ ਦੀਆਂ ਉਹ ਅੱਖਾਂ ਵੀ ਨਮ ਸਨ ਜਿਹਨਾਂ ਨਾਲ ਉਹਨਾਂ ਦਾ ਕੋਈ ਖ਼ੂਨ ਦਾ ਨਹੀਂ ਸੀ ਸਗੋਂ ਮਹਿਜ਼ ਸੰਸਾਰਿਕ ਰਿਸ਼ਤੇ ਹੀ ਸਨ। ਉਹਨਾਂ ਨੂੰ ਰਿਸ਼ਤੇ ਬਣਾਉਣੇ ਵੀ ਆਉਂਦੇ ਸਨ ਤੇ ਬਚਾਉਣੇ ਵੀ। ਮਾਂ ਦੀ ਪ੍ਰਗਤੀਵਾਦੀ ਸੋਚ ਦਾ ਲੜ ਫੜ ਕੇ ਉਡਾਰ ਹੋਇਆ ਪੁੱਤ ਗਗਨ ਦੀਪ ਸ਼ਰਮਾ ਆਖਦਾ ਹੈ, “ਮਾਪੇ ਬੱਚੇ ਨੂੰ ਨਿਰਾ ਜਨਮ ਹੀ ਨਹੀਂ ਦਿੰਦੇ ਸਗੋਂ ਉਹਨਾਂ ਦਾ ਚਰਿੱਤਰ ਵੀ ਘੜਦੇ ਹਨ। ਜੇ ਪਾਪਾ ਦੀਆਂ ਲਿਖਤਾਂ ਨੂੰ ਪੜ੍ਹ-ਪੜ੍ਹ ਕੇ ਮੈਂ ਕਵਿਤਾ ਲਿਖਣੀ ਸਿੱਖੀ ਤਾਂ ਮੰਮੀ ਦੇ ਜਿਊਣ ਨੂੰ ਵਾਚਦਿਆਂ ਮੈਂ ਤੇ ਛੋਟੇ ਭਰਾ ਨੇ ਜ਼ਿੰਦਗ਼ੀ ਨੂੰ ਕਵਿਤਾ ਵਾਂਗ ਜਿਊਣਾ ਸਿੱਖਿਆ”।

ਸ਼ੁੱਕਰਵਾਰ (28 ਜੁਲਾਈ) ਨੂੰ ਵੱਡੇ ਤੜਕੇ ਦੇਹ ਦਾ ਓਹਲਾ ਕਰ ਗਈ ਮਾਤਾ ਸੁਦੇਸ਼ ਰਾਣੀ ਨਮਿਤ ਰੱਖੇ ਸ਼੍ਰੀ ਗਰੁਣ ਪੁਰਾਣ ਦੇ ਭੋਗ ਤੇ ਪਗੜੀ ਦੀ ਰਸਮ 6 ਅਗਸਤ ਦਿਨ ਐਤਵਾਰ ਨੂੰ ਪਿੰਡ ਰਾਮਪੁਰ ਵਿਚਲੇ ਗੁਰਦੁਆਰਾ ਸ੍ਰੀ ਬੁੰਗਾ ਸਾਹਿਬ ਦੇ ਦੀਵਾਨ ਹਾਲ ਵਿਚ ਦੁਪਹਿਰ ਇਕ ਤੋਂ ਦੋ ਵਜੇ ਤੱਕ ਹੋਵੇਗੀ।

ਸ਼੍ਰੀ ਗਰੁਣ ਪੁਰਾਣ ਦੇ ਭੋਗ ਤੇ ਪਗੜੀ ਦੀ ਰਸਮ 6 ਅਗਸਤ ਦਿਨ ਐਤਵਾਰ ਨੂੰ ਹੋ ਜਾਣੀ ਹੈ। ਉਸੇ ਦਿਨ ਹੀ ਤਕਰੀਬਨ ਸਾਰੇ ਮਿੱਤਰਾਂ ਅਤੇ ਸੰਬੰਧੀਆਂ ਨੇ ਤੁਰ ਜਾਣਾ ਹੁੰਦਾ ਹੈ। ਅੰਤਿਮ ਅਰਦਾਸ ਵੇਲੇ ਤੀਕ ਹਉ  ਬਹੁਤ ਸਾਰੇ ਮਿੱਤਰ ਅਤੇ ਸੰਬੰਧੀ ਆਲੇ ਦੁਆਲੇ ਰਹਿੰਦੇ ਹਨ। ਉਨਾਂ ਦੇ ਤੁਰ ਜਾਨ ਮਗਰੋਂ ਯਾਦਾਂ ਸ਼ਿੱਦਤ ਨਾਲ ਆਉਣ ਲੱਗਦੀਆਂ ਹਨ ਅਤੇ ਜਾਣ ਵਾਲੀ ਸ਼ਖ਼ਸੀਅਤ ਦੀ ਗੈਰ ਹਾਜ਼ਿਰੀ ਵਿੱਚ ਮੌਜੂਦਗੀ ਦਾ ਅਹਿਸਾਸ ਹੋਰ ਤਿੱਖਾ ਹੋ ਜਾਂਦਾ ਹੈ। ਇਸਲਈ ਸੁਰਿੰਦਰ ਰਾਮਪੁਰੀ ਸਾਹਮਣੇ ਬਿਰਹਾ ਦੀ ਅਸਲੀ ਪ੍ਰੀਖਿਆ ਹੁਣ ਸ਼ੁਰੂ ਹੋਣੀ ਹੈ। ਇਸਲਈ ਸੱਜਣਾਂ ਮਿੱਤਰਾਂ ਨੇ ਸੁਰਿੰਦਰ ਰਾਮਪੁਰੀ ਜੀ ਕੋਲ ਗੇੜਾ ਮਾਰਦੇ ਰਹਿਣਾ ਹੈ।  --ਰੈਕਟਰ ਕਥੂਰੀਆ//ਸਾਹਿਤ ਸਕਰੀਨ ਡੈਸਕ

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment