google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਉੱਘੇ ਰੰਗਕਰਮੀਂ ਤਰਲੋਚਨ ਦੇ ਵਿਛੋੜੇ 'ਤੇ// ਇਹ ਤਾਂ ਸੱਜਣਾਂ 'ਧੋਖਾ'//ਜਸਪਾਲ ਜੱਸੀ

Saturday, 12 August 2023

ਉੱਘੇ ਰੰਗਕਰਮੀਂ ਤਰਲੋਚਨ ਦੇ ਵਿਛੋੜੇ 'ਤੇ// ਇਹ ਤਾਂ ਸੱਜਣਾਂ 'ਧੋਖਾ'//ਜਸਪਾਲ ਜੱਸੀ

Saturday 12th August 2023 at 05:38 AM Via WhatsApp

ਮੌਤ ਕੂਕਦੀ ਸੜਕਾਂ 'ਤੇ ਕੋਈ ਚਾਰਾ ਕਰੀਏ 

ਰੰਗਮੰਚ ਦੇ ਨਾਲ ਨਾਲ ਛੋਟੀਆਂ ਟੈਲੀ ਫ਼ਿਲਮਾਂ ਰਹਿਣ ਸਿਹਤਮੰਦ ਸਮਾਜ ਦੀ ਸਿਰਜਣਾਂ ਵਿੱਚ ਸਰਗਰਮ ਮਾਸਟਰ ਤਰਲੋਚਨ ਸਿੰਘ ਦੇ ਬੇਵਕਤ ਵਿਛੋੜੇ ਮੌਕੇ ਹਰ ਪਾਸੇ ਸੋਗ ਦੀ ਲਹਿਰ ਹੈ। ਦੁਨੀਆ ਵਿੱਚ ਜਿੱਥੇ ਜਿੱਥੇ ਵੀ ਲੋਕ ਪੱਖੀ ਕਲਾਕਾਰਾਂ ਵੱਸਦੇ ਹਨ ਉੱਥੋਂ ਸੋਗ ਭਰੇ ਸੁਨੇਹੇ ਆ ਰਹੇ ਹਨ। ਇਹ ਸਾਰੇ ਸੁਨੇਹੇ ਕੋਈ ਰਸਮੀ ਸੁਨੇਹੇ ਨਹੀਂ ਬਲਕਿ ਦਿਲੋਂ ਨਿਕਲੀਆਂ ਹੂਕਾਂ ਹਨ। ਸੜਕਾਂ 'ਤੇ  ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਅਨਸਰਾਂ ਨੇ ਇੱਕ ਹੋਰ ਅਨਮੋਲ ਹੀਰਾ ਖੋਹ ਲਿਆ ਹੈ। ਉੱਘੇ ਨਕਸਲੀ ਆਗੂ ਸੁਖਦਰਸ਼ਨ ਨੱਤ ਦੱਸਦੇ ਹਨ ਕਿ ਜਿਸ ਥਾਰ ਨੇ ਮਾਸਟਰ ਤਰਲੋਚਨ ਦੀ ਜਾਣਾ ਲਈ ਉਸਨੂੰ ਵੀ ਇੱਕ ਨਾਬਾਲਗ ਚਲਾ ਰਿਹਾ ਸੀ। ਕਿੰਨੀ ਗੰਭੀਰ ਹਾਲਤ ਹੈ ਸਾਡੇ ਸੜਕੀ ਜੀਵਨ ਦੀ ਜਿੱਥੇ ਕਿਸੇ ਨੂੰ ਵੀ ਕਿਸੇ ਵੀ ਥਾਂ ਮੌਤ ਨਿਗਲ ਸਕਦੀ ਹੈ ਕਿਓਂਕਿ ਵਿਗੜੇ ਹੋਏ ਅਮੀਰਜ਼ਾਦਿਆਂ ਦੇ ਵਿਗੜੇ ਹੋਏ ਬੱਚਿਆਂ ਸਾਹਮਣੇ ਸ਼ਾਇਦ ਕਾਨੂੰਨ ਵੀ ਬੇਬਸ ਜਿਹਾ ਹੋ ਜਾਂਦਾ ਹੈ। ਇਸ ਮੌਕੇ ਸਾਡੇ ਸਮਿਆਂ ਦੇ ਸੰਵੇਦਨਸ਼ੀਲ ਸਾਹਿਤਿਕ ਪੱਤਰਕਾਰ ਅਤੇ ਸ਼ਾਇਰ ਜਸਪਾਲ ਜੱਸੀ ਨੇ ਇੱਕ ਨਜ਼ਮ ਭੇਜੀ ਹੈ। ਜੱਸੀ ਦੀਆਂ ਬਾਕੀ ਕਾਵਿ ਰਚਨਾਵਾਂ ਵਾਂਗ ਇਹ ਰਚਨਾ ਵੀ ਬੰਧਸ ਮੁਕਤ ਹੀ ਹੈ ਪਰ ਇਸ ਵਿਚਲਾ ਰਿਦਮ ਅਤੇ ਅਤੇ ਦਰਦ ਦਿਲ ਨੂੰ ਧੂਹ ਪਾਉਂਦੇ ਹਨ। ਇੱਕ ਵਾਰ ਫੇਰ ਯਾਦ ਆਉਂਦੀ ਹੈ ਜੱਸੀ ਦੀ ਹੀ ਲਿਖੀ ਪਾਸ਼ ਬਾਰੇ ਇੱਕ ਖਾਸ ਕਵਿਤਾ-ਤੇਰੇ ਬਾਝੋਂ ਸੀਨੇ ਵਿਚ 'ਚ ਖੋਹ ਪੈ ਰਹੀ ਹੈ। ਅੱਜ ਮਾਸਟਰ ਤਰਲੋਚਨ ਦੇ ਤੁਰ ਜਾਣ ਮੌਕੇ ਵੀ ਖੋਹ ਪੈ ਰਹੀ ਹੈ। --ਰੈਕਟਰ ਕਥੂਰੀਆ 


ਅੱਜ ਪਰਦੇ ਤੇ

"ਮੰਗੋ"ਗੁੰਮ ਸੁੰਮ

ਸਦਮੇਂ ਅੰਦਰ 


ਕਿਉਂ ਅਣਹੋਣੀ ਹੋਈ

ਇੰਝ ਪਰਦੇ ਤੋਂ

ਪਰਦੇ ਪਿੱਛੇ

ਕਿੰਝ ਛੁਪ ਜਾਵੇ ਕੋਈ

ਜਾਪੇ "ਸੋਮਾਂ" ਦੂਜੀ ਵਾਰੀ ਮੋਈ*

ਸਾਡੇ ਨਾਲ ਤਾਂ ਪਰਦੇ ਤੇ ਵੀ

ਗਊਆਂ ਵਰਗੀ ਹੋਈ!

ਇਸ ਦਰਦ ਦੀ

ਸਾਰ ਨਾ ਜਾਣੇਂ ਕੋਈ


ਗੁਰਸ਼ਰਨ ਸਿੰਘ ਦੇ ਰੰਗ ਮੰਚ ਦੇ 

ਤੇਰੇ ਹਿੱਸੇ ਦੇ ਕੋਨੇ ਦੀ

ਸੁੰਨ ਨੈਣਾਂ ਵਿੱਚ ਝਰਦੀ

ਨਿੱਕੇ ਨਿੱਕੇ ਕਤਰੇ ਗੱਲਾਂ ਕਰਦੇ

ਪਲਸ ਮੰਚ ਦੇ ਵੇਹੜੇ ਅੰਦਰ

ਧੜਕ ਰਹੇ ਦਿਲ

ਚੁੱਪ -ਹੁੰਘਾਰਾ ਭਰਦੇ


ਪੌਣਾਂ ਸ਼ਿਕਵਾ ਹੋਈਆਂ ਯਾਰਾ 

ਇੰਝ ਨਹੀਂ ਕਰਦੇ

ਇੰਝ ਡਿੱਗੇ ਨਾਟਕ ਦਾ ਪਰਦਾ

ਇਹ ਨਾ ਦਰਸ਼ਕ ਜਰਦੇ


ਕਲਾ ਕਲਪਨਾ ਦੇ ਖੰਭਾਂ ਦੀ

ਅਗਲੀ ਝਲਕ ਵਿਖਾ ਤਾਂ ਜਾਂਦਾ

ਸਾਥੀ ਨਾਟਕ ਦੇ "ਸਾਥੀ "ਦੀ

ਅਗਲੀ ਕਥਾ ਸੁਣਾ ਤਾਂ ਜਾਂਦਾ


ਅਜੇ ਤਾਂ ਵਾਟਾਂ ਲੰਮੀਆਂ

ਅਜੇ ਸਫ਼ਰ ਹੈ ਚੋਖਾ

ਸੂਤਰਧਾਰ ਨੂੰ ਕਹਿੰਦੇ ਪਾਤਰ

ਇਹ ਤਾਂ ਸੱਜਣਾਂ 'ਧੋਖਾ' ! 


ਧੜਕਦੀਆਂ ਯਾਦਾਂ ਦੇ ਅੰਗ ਸੰਗ

ਰੰਗ ਮੰਚ ਦੀ ਪਟੜੀ ਤੇ 

ਇਕਰਾਰ ਤੁਰਨਗੇ

ਬਾਹਾਂ ਵਿੱਚ ਤੇਰੀ ਬਾਂਹ ਲੈ ਕੇ

ਯਾਰ ਤੁਰਨਗੇ 

                                 -----ਜਸਪਾਲ ਜੱਸੀ

*ਮੰਗੋ ਅਤੇ ਸੋਮਾਂ-ਸੰਤੋਖ ਸਿੰਘ ਧੀਰ ਦੀ ਕਹਾਣੀ ਅਤੇ ਤਰਲੋਚਨ ਦੀ ਟੈਲੀ ਫਿਲਮ ਦੀਆਂ ਪਾਤਰ

No comments:

Post a Comment