Sunday 13th August 2023 at 18:12 AM
ਚੋਣਾਂ ਦੇ ਐਲਾਨ ਨਾਲ ਹੀ ਫਿਰ ਸਾਹਿਤਿਕ ਸਿਆਸਤ ਹੋਈ ਹੋਰ ਤੇਜ਼
ਚੰਡੀਗੜ੍ਹ//ਲੁਧਿਆਣਾ: 13 ਅਗਸਤ 2023: (ਸਾਹਿਤ ਸਕਰੀਨ ਡੈਸਕ)::ਸਾਹਿਤਿਕ ਸੰਸਥਾਵਾਂ ਦੀਆਂ ਚੋਣਾਂ ਅਤੇ ਅਹੁਦੇਦਾਰੀਆਂ ਵੀ ਲੰਮੇ ਸਮੇਂ ਤੋਂ ਕਿਸੇ ਵੱਡੀ ਸੱਤਾ ਅਤੇ ਬਹੁਤ ਹੀ ਵੱਡੇ ਫਾਇਦਿਆਂ ਵਾਲੀਆਂ ਕੁਰਸੀਆਂ ਵਾਂਗ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਇਸ ਲਈ ਇਸ ਕੇਂਦਰੀ ਸਭਾ ਨਾਲ ਜੁੜੇ ਹੋਏ ਵਿਅਕਤੀਗਤ ਲੇਖਕ ਅਤੇ ਸੰਸਥਾਵਾਂ ਹਰ ਵਾਰ ਚੋਣਾਂ ਮੌਕੇ ਬੜੀ ਉਚੇਚ ਨਾਲ ਸਰਗਰਮ ਹੋ ਜਾਂਦੀਆਂ ਹਨ। ਇਸ ਵਾਰ ਵੀ ਇਹ ਸਰਗਰਮੀਆਂ ਅੱਜਕਲ੍ਹ ਵਿੱਚ ਸਾਹਮਣੇ ਆਉਣ ਵਾਲੀਆਂ ਹੀ ਹਨ। ਉਂਝ ਸ਼ੁਰੁਆਤ ਤਾਂ ਸਮਝੋ ਇਹਨਾਂ ਚੋਣਾਂ ਦੇ ਐਲਾਨ ਨਾਲ ਹੀ ਹੋ ਗਈ ਹੈ। ਤਿਆਗ, ਬੇਗਰਜ਼ੀ ਅਤੇ ਨਿਸ਼ਕਾਮ ਕਰਮਾਂ ਦੀਆਂ ਗੱਲਾਂ ਕਰਨ ਅਤੇ ਪ੍ਰਚਾਰਨ ਵਾਲੇ ਲੇਖਕ ਸੱਜਣ ਵੀ ਇਹ ਅਹੁਦਿਆਂ ਵਿਚ ਆਪਣੇ ਲਈ ਜਾਂ ਆਪਣੇ ਗਰੁੱਪ ਦੇ ਮਿੱਤਰਾਂ ਲਈ ਪੂਰੀ ਦਿਲਚਸਪੀ ਦਿਖਾਉਣਗੇ।
ਇਸ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ 17 ਸਤੰਬਰ 2023 ਨੂੰ ਹੋ ਰਹੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਂਝੇ ਬਿਆਨ ਰਾਹੀਂ ਦਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ 17 ਸਤੰਬਰ, 2023 ਨੂੰ ਸਵੇਰੇ 9 ਵਜੇ ਤੋਂ 4 ਵਜੇ ਤਕ ਪੰਜਾਬੀ ਭਵਨ, ਲੁਧਿਆਣਾ ਵਿਖ਼ੇ ਹੋਵੇਗੀ। ਇਹ ਚੰਗੀ ਗੱਲ ਹੈ ਕਿ ਪੰਜਾਬੀ ਭਵਨ ਲੁਧਿਆਣਾ ਨਾਲ ਇਹਨਾਂ ਸਭਾਵਾਂ ਅਤੇ ਚੋਣਾਂ ਦਾ ਰਿਸ਼ਤਾ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ।
ਇਹਨਾਂ ਚੋਣਾਂ ਦੌਰਾਨ ਚੋਣ ਅਧਿਕਾਰੀ ਦੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਸਹਿਮਤੀ ਦੇ ਦਿੱਤੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ ਵਿਚ ਹਿੱਸਾ ਲੈਣ ਵਾਲੇ ਉਮੀਦਵਾਰ ਆਪਣੇ ਨਾਮਜ਼ਦਗੀ ਫਾਰਮ ਪੰਜਾਬੀ ਭਵਨ, ਲੁਧਿਆਣਾ ਵਿਖੇ ਪਹਿਲੀ ਸਤੰਬਰ 2023 ਤੋਂ ਅਠ ਸਤੰਬਰ 2023 ਤੱਕ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤਕ ਕਦੇ ਵੀ ਚੋਣ ਅਧਿਕਾਰੀ ਕੋਲ ਜਮ੍ਹਾਂ ਕਰਵਾ ਸਕਦੇ ਹਨ।
ਇਹਨਾਂ ਚੋਣਾਂ ਸੰਬੰਧੀ ਨਾਮਜ਼ਦਗੀ ਫਾਰਮਾਂ ਦੀ ਪੜਤਾਲ 09 ਸਤੰਬਰ 2023 ਨੂੰ 2 ਵਜੇ ਤੋਂ 4 ਵਜੇ ਤਕ ਹੋਵੇਗੀ, ਜਿਸ ਉਪਰੰਤ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਨਾਮਜ਼ਦਗੀ ਦਾਖ਼ਲ ਕਰਨ ਵਾਲੇ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ 10 ਸਤੰਬਰ 2023 ਨੂੰ 11 ਵਜੇ ਤੋਂ 4 ਵਜੇ ਤਕ ਵਾਪਸ ਲੈ ਸਕਣਗੇ, ਜਿਸ ਉਪਰੰਤ ਚੋਣ ਵਿਚ ਹਿਸਾ ਲੈਣ ਵਾਲੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।
ਇਸ ਤਰ੍ਹਾਂ ਕਰ ਕੇ ਸਾਰੀ ਨਿਸਚਿਤ ਪ੍ਰਕ੍ਰਿਆ ਪੂਰੀ ਹੋਣ ਮਗਰੋਂ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ 17 ਸਤੰਬਰ 2023 ਨੂੰ 9 ਵਜੇ ਤੋਂ 4 ਵਜੇ ਤਕ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ, ਜਿਸ ਵਿਚ ਇਕ ਪ੍ਰਧਾਨ, ਇਕ ਸੀਨੀਅਰ ਮੀਤ ਪ੍ਰਧਾਨ, ਇਕ ਜਨਰਲ ਸਕੱਤਰ, ਪੰਜ ਮੀਤ ਪ੍ਰਧਾਨ (ਮੀਤ ਪ੍ਰਧਾਨ ਦਾ ਇਕ ਅਹੁਦਾ ਔਰਤ ਉਮੀਦਵਾਰ ਲਈ ਰਾਖਵਾਂ) ਅਤੇ ਚਾਰ ਸਕੱਤਰ (ਸਕੱਤਰ ਦਾ ਇਕ ਅਹੁਦਾ ਔਰਤ ਉਮੀਦਵਾਰ ਲਈ ਰਾਖਵਾਂ) ਦੀ ਚੋਣ ਹੋਵੇਗੀ।
ਕਾਰਜਕਾਰਨੀ ਵੱਲੋਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਇਕ ਤਿੰਨ ਮੈਂਬਰੀ ਕਮੇਟੀ ਸਰਬਸੰਮਤੀ ਨਾਲ ਬਣਾਈ ਗਈ ਹੈ, ਜਿਸ ਨੂੰ ਚੋਣ ਅਧਿਕਾਰੀ ਨਾਲ ਸੰਪਰਕ ਰੱਖਦੇ ਹੋਏ, ਚੋਣ ਸੁਚਾਰੂ ਰੂਪ ਨਾਲ ਕਰਾਉਣ ਦੇ ਅਧਿਕਾਰ ਦਿੱਤੇ ਗਏ।
ਕੇਂਦਰੀ ਸਭਾ ਅਤੇ ਇਸ ਦੀਆਂ ਇਹਨਾਂ ਚੋਣਾਂ ਬਾਰੇ ਕੁਝ ਹੋਰ ਗੱਲਾਂ ਵੱਖਰੀ ਪੋਸਟ ਵਿੱਚ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਨੁਕਤਿਆਂ ਬਾਰੇ ਤੁਸੀਂ ਵੀ ਨਜ਼ਰ ਮਾਰ ਸਕਦੇ ਹੋ ਸਿਰਫ ਇਥੇ ਕਲਿੱਕ ਕਰ ਕੇ। ਇਸ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹੇਗੀ।
No comments:
Post a Comment