google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਲੰਮੀ ਸਾਧਨਾ ਤੋਂ ਬਾਅਦ ਜਸਪਾਲ ਖੇੜਾ ਦੀ ਨਵੀਂ ਪੁਸਤਕ ਪਾਠਕਾਂ ਸਾਹਮਣੇ

Sunday, 30 July 2023

ਲੰਮੀ ਸਾਧਨਾ ਤੋਂ ਬਾਅਦ ਜਸਪਾਲ ਖੇੜਾ ਦੀ ਨਵੀਂ ਪੁਸਤਕ ਪਾਠਕਾਂ ਸਾਹਮਣੇ

Sunday 30th July 2023 at 10:43 AM Via WhatsApp
ਇਸ ਨਾਵਲ ਦੀ ਮੁੱਖ ਧੁਨੀ ਹੈ......ਜਿੱਤ ਲੜਨ ਵਾਲੇ ਲੋਕਾਂ ਦੀ

ਸਾਹਿਤ ਸੰਸਾਰ: 30 ਜੁਲਾਈ 2023: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::

"ਹਰ ਮਿੱਟੀ ਦੀ ਆਪਣੀ ਖ਼ਸਲਤ,ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ
ਹਰ ਫੱਟੜ ਮੱਥਾ ਨਹੀਂ ਝੁਕਦਾ, ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ......।"

ਪੰਜਾਬ ਦੀ ਮਿੱਟੀ ਦਾ ਇਹ ਸੁਭਾਅ ਹੈ ਕਿ ਇਸਨੂੰ ਜਿਨਾਂ ਕੁੱਟੋਂਗੇ ਇਹ ਮੋੜਵੇਂ ਰੂਪ ਵਿੱਚ ਉਨੀ ਹੀ ਤਕੜੀ ਹੋ ਕੇ ਨਿਕਲੇਗੀ। ਪੰਜਾਬ ਦੇ ਇਤਿਹਾਸ ਵਿੱਚ ਚੱਲੀਆਂ ਲੋਕ ਲਹਿਰਾਂ ਵੇਖ‌ ਲਵੋ, ਉਨਾਂ ਉਪਰ ਜਿਨਾਂ ਜਬਰ ਹੋਇਆ ਉਹ ਦਬੀਆਂ ਨਹੀਂ। ਲੋਕਾਂ ਵਿੱਚ ਉਨ੍ਹਾਂ ਦੀਆਂ ਜੜ੍ਹਾਂ ਹੋਰ ਪੱਕੀਆਂ ਹੋਈਆਂ।

 ਕਿਰਤੀ ਲੋਕਾਂ ਦੀ ਹੁੰਦੀ ਲੁੱਟ ਅਤੇ ਜ਼ਬਰ ਨਾਲ ਅਵਾਮ ਤੇ ਜ਼ੁਲਮ ਦਾ ਇੱਕ ਹੋਰ ਹਥਿਆਰ ਹੈ, ਲੜਕੀਆਂ, ਔਰਤਾਂ ਦੀ ਪਤ ਲੁੱਟਣਾ, ਇੱਜ਼ਤ ਖੇਹ ਖ਼ਰਾਬ ਕਰਨਾ। ਅਣਭੋਲ ਲੜਕੀਆਂ ਨੂੰ ਪ੍ਰੇਮ-ਜਾਲ ਚ ਫਸਾ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡਣਾ।ਉਸ ਤੋਂ ਵੀ ਅੱਗੇ ਧੱਕੇ ਨਾਲ ਅਗਵਾ,ਰੇਪ,ਕਤਲ ਕਰਨਾ।ਇਸ ਤਰ੍ਹਾਂ ਦੇ ਜ਼ੁਲਮੀ ਕਾਰੇ ਦੇਸ਼ ਭਰ ਵਿੱਚ ਹੀ ਹੋਏ ਹਨ,ਹੋ ਰਹੇ ਹਨ। ਮਨੀਪੁਰ ਦੀਆਂ ਤਾਜ਼ਾ ਘਟਨਾਵਾਂ ਇਸ ਦੀ ਨੇੜੇ ਦੀ ਮਿਸਾਲ ਹਨ। ਪੰਜਾਬ ਵਿੱਚ ਵੀ ਅਗਵਾ,ਰੇਪ,ਕਤਲ ਦੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਹਨ। ਬਹੁਤੇ ਕੇਸਾਂ ਵਿੱਚ ਗਰੀਬ ਅਤੇ ਸਾਧਨ ਹੀਣ ਮਾਪੇ ਸਬਰ ਕਰ,"ਰੱਬ ਦਾ ਭਾਣਾ ਮੰਨ" ਚੁੱਪ ਕਰ ਜਾਂਦੇ ਹਨ।ਕਈ ਕੇਸਾਂ ਵਿੱਚ ਮਾਪੇ ਜੇਰਾ ਕਰਦੇ ਨੇ,ਲੋਕ ਉਨ੍ਹਾਂ ਨਾਲ ਜੁੜਦੇ ਨੇ,ਲੋਕ ਜਥੇਬੰਦੀਆਂ ਅਗਵਾਈ ਦਿੰਦੀਆਂ ਨੇ।ਲੋਕ ਘੋਲ ਚੱਲਦੇ ਹਨ।ਲੜਨ ਵਾਲੇ ਲੋਕਾਂ ਦੀ ਜਿੱਤ ਹੁੰਦੀ ਹੈ।

 ਦੇਸ ਭਰ ਅਤੇ ਪੰਜਾਬ ਚੋਂ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਚੋਂ ਤੱਥ, ਸਮੱਗਰੀ ਲੈ ਕੇ ਸਿਰਜਿਆ ਹੈ ਇਹ ਨਾਵਲ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ। ਯਥਾਰਥਵਾਦੀ ਲੇਖਕ ਆਪਣੀ ਰਚਨਾ ਦੇ ਬੀਅ ਆਪਣੇ ਆਲ਼ੇ ਦੁਆਲ਼ੇ ਤੋਂ ਹੀ ਲੈਂਦਾ ਹੈ।

ਇਸ ਨਾਵਲ ਦੀ ਮੁੱਖ ਧੁਨੀ ਹੈ......."ਜੇ ਲੋਕ ਇਕੱਠੇ ਹੋ ਕੇ ਲੜਦੇ ਹਨ ਤਾਂ ਜਿੱਤ ਜਾਂਦੇ ਹਨ। ਜਿੱਤ ਲੜਨ ਵਾਲੇ ਲੋਕਾਂ ਦੀ ਹੁੰਦੀ ਹੈ।"

ਹਰ ਚੰਗੀ ਪੁਸਤਕ ਪਿੱਛੇ ਇੱਕ ਚੰਗੀ ਪ੍ਰੇਰਨਾ ਦੇਣ ਵਾਲੀ ਕੋਈ ਨ ਕੋਈ ਕਹਾਣੀ ਵੀ ਹੁੰਦੀ ਹੈ ਜਿਸਨੇ ਉਸ ਸੰਵੇਦਨਾ ਨੂੰ ਜਗਾਇਆ ਹੁੰਦਾ ਹੈ ਜਿਸਦੇ ਜਾਗਣ ਮਗਰੋਂ ਹੀ ਕਿਤਾਬ ਲਿਖੀ ਜਾਂਦੀ ਹੈ। ਦਿਲ ਦੇ ਅਹਿਸਾਸਾਂ ਨਾਲ ਰੂਬਰੂ ਹੋਣ ਮਗਰੋਂ ਹੀ ਅਜਿਹਸ ਅਹਦ ਔੜ੍ਹਦੇ ਹਨ ਜਿਹੜੇ ਜ਼ਮੀਰਾਂ ਜਗਾਉਣ ਵਾਲੀ ਲਿਖ ਦੀ ਪ੍ਰੇਰਨਾ ਬਣਦੇ ਹਨ। ਪੰਜਾਬ ਵਿੱਚ ਵੀ ਅਜਿਹਾ ਬਹੁਤ ਕੁਝ ਵਾਪਰਦਾ ਰਿਹਾ ਹੈ ਜਿਸ ਨੂੰ ਦੇਖਦਿਆਂ ਜ਼ਾਦ ਆਉਂਦਾ ਸੀ ਕਿ ਹਰ ਮਿੱਟੀ ਕੁੱਤਿਆਂ ਨਹੀਂ ਭੁਰਦੀ.....! ਫਿਰ ਵੀ ਜਦੋਂ ਅਜਿਹਾ ਕੁਝ ਵਾਪਰ ਰਿਹਾ ਸੀ ਉਦੋਂ ਬਹੁਤ ਸਾਰੇ ਨਾਮੀ ਗਿਰਾਮੀ ਲੇਖਕ ਪ੍ਰੇਮ ਪਿਆਰ ਅਤੇ ਇਸ਼ਕ ਦੀਆਂ ਕਹਾਣੀਆਂ/ਕਵਿਤਾਵਾਂ ਲਿਖਦਿਆਂ ਸਾਵਣ ਕਾਵਿ ਦਰਬਾਰ ਦੇ ਸੱਦੇ ਦੇਂਦੇ ਰਹੇ ਜਾਂ ਫਿਰ ਆਪੋ ਆਪਣੀਆਂ ਪੁਸਤਕਾਂ ਛਪਣ 'ਤੇ ਵਧਾਈਆਂ ਲੈਣ ਦੇਣ ਵਾਲੇ ਸਮਾਗਮ ਕਰਨ ਕਰਾਉਣ ਵਿੱਚ ਰੁਝੇ ਰਹੇ।   ਜਸਵੰਤ ਸਿੰਘ ਕੰਵਲ, ਪਾਸ਼ ਅਤੇ ਲਾਲ ਸਿੰਘ ਦਿਲ ਦੀਆਂ ਰਚਨਾਵਾਂ ਮਗਰੋਂ ਆਈ ਖੜ੍ਹੋਤ ਨੂੰ ਤੋੜਨ ਵਿੱਚ ਜਸਪਾਲ ਮਾਨਖੇੜਾ ਨੇ ਸਰਗਰਮ ਹਿੱਸਾ ਪਾਇਆ ਹੈ। ਪਾਣੀ ਇਸ ਰਚਨਾ ਬਾਰੇ ਉਹ ਇੱਕ ਥਾਂ ਦੱਸਦੇ ਹਨ-ਮੇਰਾ ਪਹਿਲਾ ਨਾਵਲ 2019 ਚ ਛਪਿਆ ਸੀ।ਇਹ ਨਾਵਲ "ਹੁਣ ਮੈਂ ਉਹ ਨਹੀਂ" ਕਿਸਾਨੀ ਬਾਰੇ ਸੀ। ਇਸ ਨਾਵਲ ਬਾਅਦ ਜਦੋਂ ਮੈਂ ਅਗਲਾ ਨਾਵਲ ਲਿਖਣ ਦੀ ਸੋਚ ਰਿਹਾ ਸੀ ਤਾਂ ਮੈਨੂੰ ਕੁਝ ਯਾਦ ਆ ਗਿਆ।

      ਸਾਲ 2016 ਵਿੱਚ ਅਸੀਂ, ਗੁਰਦੇਵ ਖੋਖਰ, ਰਣਬੀਰ ਰਾਣਾ,ਦਮਜੀਤ ਦਰਸ਼ਨ ਅਤੇ ਮੈਂ, ਜੈਪੁਰ ਲਿਟਰੇਚਰ ਫੈਸਟੀਵਲ ਵਿਚ ਗਏ ਸਾਂ। ਜਿਥੇ ਪਹਿਲੇ ਦਿਨ ਹੀ ਅਸੀਂ ਇੱਕ ਬੁੱਕ ਸ਼ਾਪ ਵਿੱਚ ਦਸ ਵਾਈ ਦਸ ਫੁੱਟ ਉਚਾ-ਚੌੜਾ ਇੱਕ ਕਿਤਾਬ ਦਾ ਇੱਟਾਂ ਦੇ ਚੱਠੇ ਵਾਂਗ ਚੱਠਾ ਲੱਗਿਆ ਵੇਖਿਆ।ਉਹ ਕਿਸੇ ਇੱਕ ਘਟਨਾ ਉਪਰ ਲਿਖੀ ਕਿਤਾਬ ਦਾ ਸਟਾਕ ਸੀ। 'ਜਾਣ ਵੇਲੇ ਲਵਾਂਗੇ ਇਹ ਕਿਤਾਬ,' ਮੈ ਸੋਚਿਆ।

ਪਰ ਅਖੀਰਲੇ ਦਿਨ ਤੋਂ ਇਕ ਦਿਨ ਪਹਿਲਾਂ ਉਹ ਸਟਾਕ ਖ਼ਤਮ ਸੀ। ਸਾਰੀ ਕਿਤਾਬ ਵਿਕ ਗਈ ਸੀ। ਜਦੋਂ ਫਿਰ ਸਟਾਕ ਆ ਗਿਆ ਮੈਂ ਕਿਤਾਬ ਖਰੀਦ ਲਈ।ਪੜ੍ਹ ਕੇ ਮੇਰੇ ਦਿਮਾਗ ਵਿੱਚ, ਇਹ ਨਾਵਲ ਲਿਖਣ ਦਾ ਵਿਚਾਰ ਆਇਆ ਸੀ।

5 ਜੁਲਾਈ 2018 ਨੂੰ ਮੈਂ ਇਹ ਨਾਵਲ "ਹਰ‌ ਮਿੱਟੀ ਦੀ ਆਪਣੀ ਖ਼ਸਲਤ" ਲਿਖਣਾ ਸ਼ੁਰੂ ਕੀਤਾ। ਪੰਜ ਸਾਲਾਂ ਦੀ ਸੋਧ ਸੁਧਾਈ,ਮਾਂਜ ਮਜਾਈ ਬਾਅਦ ਇਹ ਨਾਵਲ ਛਪ ਕੇ ਲੋਕਾਂ ਸਾਹਮਣੇ ਆਇਆ ਹੈ। ਕੁਲ 216 ਪੰਨਿਆਂ ਦੇ ਇਸ ਨਾਵਲ ਦੇ ਪ੍ਰਕਾਸ਼ਿਕ "ਪੀਪਲਜ਼ ਫੋਰਮ ਬਰਗਾੜੀ" ਹਨ। ਇਸ ਪੁਸਤਕ ਨੂੰ ਵੀ ਪਿਆਰੇ ਪਾਠਕ ਬਹੁਤ ਸਨੇਹ ਦੇ ਰਹੇ ਹਨ। 

ਕਈ ਸਾਲਾਂ ਦੀ ਮਿਹਨਤ, ਕਈ ਪੜਤਾਂ ਚ ਲਿਖ ਲੈਣ ਬਾਅਦ ਅਤੇ ਅਨੇਕਾਂ ਵਾਰ ਪੜ੍ਹ ਸੋਧ ਲੈਣ ਬਾਅਦ ਤੁਹਾਡੇ ਹੱਥਾਂ ਵਿੱਚ ਹੈ ਇਹ ਨਾਵਲ...."ਹਰ ਮਿੱਟੀ ਦੀ ਆਪਣੀ ਖ਼ਸਲਤ"। ਇਸਨੂੰ ਪੀਪਲਜ਼ ਫੋਰਮ ਬਰਗਾੜੀ ਨੇ ਬੜੀ ਨੀਝ ਨਾਲ ਛਾਪਿਆ ਹੈ।

ਜਸਪਾਲ ਮਾਨਖੇੜਾ 

30 ਜੁਲਾਈ 2023

ਮਾਨਖੇੜਾ ਸਾਡਾ ਬਹੁਤ ਮਾਣਮੱਤਾ ਗਲਪਕਾਰ ਹੈ--ਬਲਬੀਰ ਪਰਵਾਨਾ ਇੱਕ ਟਿੱਪਣੀ ਦੇ ਜੁਆਬ ਵਿੱਚ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment