22nd July 2023 at 15:28
ਨਪੁੰਸਕ ਸਿਆਸਤਦਾਨਾਂ ਦਾ ਹਾਲ ਦੇਖ ਕੇ ਮੈਦਾਨ ਵਿੱਚ ਨਿੱਤਰੇ ਲੇਖਕ
ਦੂਜੇ ਪਾਸੇ ਅਗਾਂਹਵਧੂ ਲੇਖਕਾਂ ਦੇ ਸਰਗਰਮ ਸੰਗਠਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਮਨੀਪੁਰ ਵਿੱਚ ਵਾਪਰ ਰਹੀਆਂ ਅਣਮਨੁੱਖੀ ਘਟਨਾਵਾਂ, ਉੱਥੇ ਦੋ ਭਾਈਚਾਰਿਆਂ ਵਿੱਚ ਵਧ ਰਹੇ ਤਣਾਉ ਅਤੇ ਕੇਂਦਰ ਸਰਕਾਰ ਦੀ ਮਨੀਪੁਰ ਦੇ ਮਸਲੇ ਬਾਰੇ ਉਦਾਸੀਨਤਾ ਪ੍ਰਤੀ ਆਪਣੀ ਚਿੰਤਾ ਪ੍ਰਗਟ ਕੀਤੀ ਹੈ। ਮਨੀਪੁਰ ਵਿੱਚ ਪਿਛਲੇ ਦੋ ਮਹੀਨੇ ਤੋਂ ਵੀ ਵਧ ਸਮੇਂ ਵਿੱਚ ਭਾਈਚਾਰਕ ਅਤੇ ਸੰਪ੍ਰਦਾਇਕ ਤਣਾਉ ਵਧਿਆ ਹੈ। ਵੱਡੀ ਗਿਣਤੀ ਵਿੱਚ ਦੰਗਾਈਆਂ ਵੱਲੋਂ ਲੁੱਟ-ਮਾਰ ਅਤੇ ਕਤਲੋ-ਗਾਰਤ ਦੀਆਂ ਘਟਨਾਵਾਂ ਵਾਪਰੀਆਂ ਹਨ। ਸਿਵਲ ਪ੍ਰਸ਼ਾਸਨ, ਫ਼ੌਜ ਅਤੇ ਪੁਲਿਸ ਵੱਲੋਂ ਲੋਕਾਂ ਉੱਪਰ ਹੋਈਆਂ ਜ਼ਿਆਦਤੀਆਂ ਦੀਆਂ ਖ਼ਬਰਾਂ ਵੀ ਦਿਲ ਹਿਲਾ ਦੇਣ ਵਾਲੀਆਂ ਹਨ। ਸਭ ਤੋਂ ਸ਼ਰਮਨਾਕ ਘਟਨਾ ਇਹ ਹੈ ਕਿ ਦੋ ਕਬਾਇਲੀ ਬੱਚੀਆਂ ਨੂੰ ਨੰਗਾ ਕਰਕੇ ਉਨ੍ਹਾਂ ਦੇ ਪਿੰਡ ਵਿੱਚ ਤੋਰਿਆ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਦਾ ਬਲਾਤਕਾਰ ਕਰ ਕੇ ਕਤਲ ਕੀਤਾ ਗਿਆ।
ਚਾਰ ਮਈ ਨੂੰ ਵਾਪਰੀ ਇਸ ਸ਼ਰਮਨਾਕ ਹਿੰਸਾ ਨੂੰ ਸਰਕਾਰੀ ਪ੍ਰਸ਼ਾਸਨ ਅਤੇ ਪ੍ਰੈੱਸ ਨੇ ਦਬਾਈ ਰੱਖਿਆ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਅਹੁਦੇਦਾਰ ਤੇ ਸਮੁੱਚੀ ਕਾਰਜਕਾਰਨੀ ਕੇਂਦਰੀ ਸਭਾ ਦੀਆਂ ਸਾਰੀਆਂ ਇਕਾਈਆਂ ਨੂੰ ਬੇਨਤੀ ਕਰਦੀ ਹੈ ਕਿ ਉਹ ਆਪਣੇ ਪੱਧਰ 'ਤੇ ਇਨ੍ਹਾਂ ਘਟਨਾਵਾਂ ਦੀ ਨਿੰਦਿਆ ਅਤੇ ਦੋਸ਼ੀਆਂ ਲਈ ਸਜ਼ਾ ਦੀ ਮੰਗ ਕਰਨ। ਕੇਂਦਰੀ ਸਭਾ ਸਾਰੀਆਂ ਸਾਹਿਤਕ ਜਥੇਬੰਦੀਆਂ, ਸਭਿਆਚਾਰਕ ਕਾਮਿਆਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਅਗਾਂਹਵਧੂ ਅਤੇ ਮਨੁੱਖਤਾਵਾਦੀ ਸੋਚ ਰੱਖਣ ਵਾਲੇ ਸਾਰੇ ਦੋਸਤਾਂ ਨੂੰ ਅਪੀਲ ਕਰਦੀ ਹੈ ਕਿ ਉਹ ਮਨੀਪੁਰ ਦੀਆਂ ਘਟਨਾਵਾਂ ਦੀ ਨਿੰਦਿਆ ਅਤੇ ਦੋਸ਼ੀਆਂ ਲਈ ਮਿਸਾਲੀ ਸਜ਼ਾ ਦੇਣ ਦੀ ਮੰਗ ਕਰਨ। ਕੇਂਦਰੀ ਸਭਾ ਨਾਲ ਸਬੰਧਤ ਸਾਰੀਆਂ ਸਭਾਵਾਂ ਰੋਸ ਮਾਰਚ, ਧਰਨੇ, ਮੁਜ਼ਾਹਰੇ ਕਰਨ, ਮੋਮਬੱਤੀਆਂ ਜਗਾ ਕੇ ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰਨ ਅਤੇ ਸਰਕਾਰੀ ਤੰਤਰ ਨੂੰ ਮੰਗ ਪੱਤਰ ਦੇ ਕੇ ਮਨੀਪੁਰ ਦੇ ਦੰਗਾ ਪੀੜਤ ਲੋਕਾਂ ਲਈ ਇਨਸਾਫ਼ ਦੀ ਮੰਗ ਕਰਨ। ਇਹ ਬਿਆਨ ਜਾਰੀ ਕਰਦਿਆਂ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਨਿਜੀ ਤੌਰ ਤੇ ਵੀ ਵੱਖ ਵੱਖ ਜ਼ਿਲਿਆਂ ਦੇ ਸਾਹਿਤਿਕ ਅਤੇ ਕਲਾ ਨਾਲ ਜੁੜੇ ਸੰਗਠਨਾਂ ਨੂੰ ਅੱਗੇ ਹੋ ਕੇ ਸਰਗਰਮ ਹੋਣ ਦੀ ਅਪੀਲ ਕੀਤੀ ਹੈ।
ਇਪਟਾ ਵੀ ਖੁੱਲ੍ਹ ਕੇ ਇਸ ਮਕਸਦ ਲਈ ਸਰਗਰਮ ਹੈ ਅਤੇ ਦੁਨੀਆ ਦੇ ਵੱਖ ਵੱਖ ਹਿਸਿਆਂ ਵਿੱਚ ਬੈਠੇ ਲੇਖਕ ਅਤੇ ਸ਼ਾਇਰ ਵੀ ਇਸ ਜ਼ਖਮੀ ਮਾਹੌਲ ਵਿੱਚ ਹਾਅ ਦਾ ਨਾਅਰਾ ਮਾਰ ਰਹੇ ਹਨ। ਗੌਹਰ ਰਜ਼ਾ ਨੇ ਇੱਕ ਨਜ਼ਮ ਪੋਸਟ ਕੀਤੀ ਹੈ ਜਿਹੜੀ ਅਸੀਂ ਇਥੇ ਵੀ ਦਿਖਾ ਰਹੇ ਹਾਂ।
No comments:
Post a Comment