A Blog by Punjab Screen Media Group Contact: Email:punjabscreen@gmail.com:Mobile:9888272045
Tuesday, 29 August 2023
ਮਨਜੀਤ ਇੰਦਰਾ ਨਾਲ ਪੰਜਾਬ ਕਲਾ ਪ੍ਰੀਸ਼ਦ ਨੇ ਕਰਾਇਆ ਰੂਬਰੂ
Sunday, 20 August 2023
ਇੰਡੀਅਨ ਕੋਫੀ ਹਾਊਸ ਨੂੰ ਹਟਾ ਕੇ ਕਿਓਂ ਬਣਾਇਆ ਗਿਆ ਸੀ ਪਾਲਿਕਾ ਬਾਜ਼ਾਰ...?
Updated on 22nd August 2023 at 08:11 AM
ਲਗਾਤਾਰ ਸਰਗਰਮ ਨੇ ਖਰੜ ਦੇ ਸਾਹਿਤਿਕ ਹਲਕੇ
ਮਿੰਨੀ ਕਹਾਣੀ ਅਤੇ ਕਵੀ ਦਰਬਾਰ ਦਾ ਆਯੋਜਨ ਵੀ ਕਮਾਲ ਦਾ ਰਿਹਾ
ਮੋਹਾਲੀ ਵਿਚ ਪੈਂਦੇ ਖਰੜੇ ਵਿਚਲੇ ਸਾਹਿਤਿਕ ਹਲਕੇ ਵੀ ਸਾਹਿਤਿਕ ਤੌਰ 'ਤੇ ਲਗਾਤਾਰ ਸਰਗਰਮ ਹਨ। ਸਾਹਿਤਿਕ ਮੰਚ ਖਰੜ ਅਤੇ ਸਾਹਿਤਕ ਸੱਥ ਖਰੜ ਵੀ ਇਸ ਪਾਸੇ ਲਗਾਤਾਰ ਕੁਝ ਨ ਕੁਝ ਕਰਦੇ ਰਹਿੰਦੇ ਹਨ। ਇਹਨਾਂ ਸਰਗਰਮੀਆਂ ਨੂੰ ਦੇਖ ਕੇ ਯਾਦ ਆਉਂਦੀਆਂ ਹਨ ਦਿੱਲੀ ਦੇ ਕਨਾਟ ਪਲੇਸ ਦੀਆਂ ਗੱਲਾਂ ਵੀ ਅਤੇ ਜਲੰਧਰ ਦੇ ਕਨਾਟ ਸਰਕਸ ਅਤੇ ਮਿਲਾਪ ਚੌਂਕ ਦੀਆਂ ਗੱਲਾਂ ਵੀ। ਇਹਨਾਂ ਯਾਦਾਂ ਨੂੰ ਸੁਣ ਸੁਣਾ ਕੇ ਕਈ ਵਾਰ ਇਹਨਾਂ ਥਾਂਵਾਂ ਨੂੰ ਦੇਖਣ ਲਈ ਵੀ ਜਾਣਾ। ਇਹਨਾਂ ਥਾਂਵਾਂ ਅਤੇ ਘਟਨਾਵਾਂ ਨਾਲ ਇੱਕ ਮਾਨਸਿਕ ਰਿਸ਼ਤਾ ਜਿਹਾ ਬਣ ਗਿਆ ਸੀ। ਅਤੀਤ ਦੇ ਉਹ ਪਾਤਰ ਕਈ ਵਾਰ ਆਪਣੇ ਹੀ ਨੇੜੇ ਤੇੜੇ ਸਾਕਾਰ ਜਿਹੇ ਹੋਏ ਲੱਗਦੇ। ਜੋ ਆਪਣੀਂ ਅੱਖੀਂ ਨਹੀਂ ਸੀ ਦੇਖਿਆ ਉਹ ਵੀ ਅੱਖੀਂ ਡਿੱਠਾ ਲੱਗਦਾ।
ਅਤੀਤ ਦੀਆਂ ਉਹ ਸਾਰੀਆਂ ਸੱਚੀਆਂ ਦਾਸਤਾਨਾਂ, ਕਹਾਣੀਆਂ ਆਪਣੀਆਂ ਹੀ ਸੱਚੀਆਂ ਕਹਾਣੀਆਂ ਲੱਗਦੀਆਂ। ਇਹਨਾਂ ਪਾਤਰਾਂ ਅਤੇ ਸ਼ਖਸੀਅਤਾਂ ਵਿੱਚੋਂ ਜਿਹੜੇ ਇਸ ਇਸ ਦੁਨੀਆ ਤੋਂ ਵਿਦਾ ਹੋ ਚੁੱਕੇ ਹਨ ਉਹ ਵੀ ਆਪਣੇ ਆਪਣੇ ਅਤੇ ਜਾਣੇ ਪਛਾਣੇ ਲੱਗਦੇ। ਇਹ ਸਾਰਾ ਅਜਦੁਇ ਅਸਰ ਮੌਜੂਦਾ ਦੌਰ ਦੀਆਂ ਸਾਹਿਤਿਕ ਸਰਗਰਮੀਆਂ ਨੂੰ ਦੇਖ ਕੇ ਮਹਿਸੂਸ ਹੁੰਦਾ ਹੈ। ਗਾਲਿਬ ਸਾਹਿਬ ਦੀਆਂ ਦਿੱਲੀ ਦੀਆਂ ਗਲੀਆਂ ਵੀ ਦੇਖੀਆਂ ਭਾਲਿਆਂ ਲੱਗਦੀਆਂ ਅਤੇ ਬਹਾਦਰ ਸ਼ਾਹ ਜ਼ਫ਼ਰ ਸਾਹਿਬ ਦਾ ਵੇਲਾ ਵੀ ਕਈ ਵਾਰ ਅੱਖਾਂ ਸਾਹਮਣਿਓਂ ਕਿਸੇ ਪੁਰਾਣੀ ਫਿਲਮ ਨੂੰ ਮੁੜ ਦੇਖਣ ਵਾਂਗ ਮਹਿਸੂਸ ਹੁੰਦਾ।
ਖਰੜ ਦੀਆਂ ਸਾਹਿਤਿਕ ਸਰਗਰਮੀਆਂ ਬਾਰੇ ਪਤਾ ਲੱਗਣ ਤੇ ਵੀ ਅਜਿਹਾ ਹੀ ਲੱਗਦਾ। ਪਿਛਲੇ ਕੁਝ ਅਰਸੇ ਤੋਂ ਮੌਸਮਾਂ ਦੀ ਮਾਰ, ਕੁਦਰਤ ਦੀਆਂ ਕਰੋਪੀਆਂ ਅਤੇ ਲਗਾਤਾਰ ਹਰ ਰੋਜ਼ ਰੰਗ ਬਦਲਦੀਆਂ ਆ ਰਹੀਆਂ ਸਿਆਸੀ ਸਰਗਰਮੀਆਂ ਵਾਲੇ ਇਹਨਾਂ ਰੁਝਾਨਾਂ ਦੇ ਬਾਵਜੂਦ ਇਹ ਸਾਹਿਤਿਕ ਹਲਕੇ ਆਪੋ ਆਪਣੀ ਸਮਰਥਾ ਮੁਤਾਬਿਕ ਸਾਹਿਤਿਕ ਸਰਗਰਮੀਆਂ ਨੂੰ ਵਿਕਸਿਤ ਕਰਨ ਵਿਚ ਰੁਝੀਆਂ ਰਹਿੰਦੀਆਂ ਹਨ।
ਕਦੇ ਇਹ ਸੰਗਠਨ ਇਲਾਕੇ ਦੇ ਪਾਰਕਾਂ ਵਿਚ, ਕਦੇ ਸਾਥੀ ਮੈਂਬਰਾਂ ਦੇ ਘਰਾਂ ਵਿੱਚ ਅਤੇ ਕਦੇ ਸਾਂਝੇ ਜਨਤਕ ਸਥਾਨਾਂ ਵਿਚ ਇਹਨਾਂ ਗੰਭੀਰ ਸਾਹਿਤਿਕ ਹਲਕਿਆਂ ਨੇ ਆਪਣੀ ਮੌਜੂਦਗੀ ਲਗਾਤਾਰ ਦਰਜ ਕਾਰਵਾਈ ਹੈ। ਇਹਨਾਂ ਦੇ ਸਮਾਗਮ ਵੀ ਯਾਦਗਾਰੀ ਰਹਿੰਦੇ ਹਨ। ਇਸ ਤਰ੍ਹਾਂ ਹਰ ਵਾਰ ਨਾਲ ਇੱਕ ਨਵਾਂ ਇਤਿਹਾਸ ਰਚਿਆ ਜਾਂਦਾ ਹੈ।
ਇਥੇ ਯਾਦ ਕਰਾਉਣਾ ਜ਼ਰੂਰੀ ਲੱਗਦਾ ਹੈ ਕਿ ਸੱਤਰਵਿਆਂ ਅਤੇ ਅੱਸੀਵਿਆਂ ਦੌਰਾਨ ਕਵਿਤਾ ਦੇ ਨਾਲ ਨਾਲ ਮਿੰਨੀ ਕਹਾਣੀ ਦੀ ਵਿਧਾ ਨੇ ਤੇਜ਼ੀ ਫੜੀ ਸੀ। ਰੋਜ਼ਾਨਾ ਅਜੀਤ, ਜਗਬਾਣੀ, ਅਕਾਲੀ ਪਤ੍ਰਿਕਾ, ਨਵਾਂ ਜ਼ਮਾਨਾ, ਜਥੇਦਾਰ ਅਤੇ ਕੌਮੀ ਦਰਦ ਵਰਗੀਆਂ ਅਖਬਾਰਾਂ ਨੇ ਬਹੁਤ ਸਾਰੇ ਨਵੇਂ ਕਲਮਕਾਰਾਂ ਨੂੰ ਮੌਕਾ ਦਿੱਤਾ। ਹਿੰਦੀ ਦੇ ਉਸ ਵੇਲੇ ਦੇ ਪ੍ਰਸਿੱਧ ਅਖਬਾਰ ਹਿੰਦੀ ਮਿਲਾਪ ਨੇ ਤਾਂ ਮਿੰਨੀ ਕਹਾਣੀ ਬਾਰੇ ਵਿਸ਼ੇਸ਼ ਅੰਕ ਵੀ ਕੱਢੇ। ਮਿੰਨੀ ਕਹਾਣੀ ਉਸ ਵੇਲੇ ਇੱਕ ਮੁਹਿੰਮ ਵਾਂਗ ਸਾਹਮਣੇ ਆਈ। ਦੇਸ਼ ਭਰ ਵਿੱਚ ਮਿੰਨੀ ਕਹਾਣੀ ਦਾ ਅੰਦੋਲਨ ਜਿਹਾ ਚੱਲ ਪਿਆ ਸੀ। ਹਿੰਦੀਅਤੇ ਪੰਜਾਬੀ ਦੇ ਮਿੰਨੀ ਕਹਾਣੀ ਲੇਖਕ ਦੂਰ ਦੁਰਾਡੇ ਜਾ ਕੇ ਵੀ ਇੱਕ ਦੂਜੇ ਨਾਲ ਮਿਲਣ ਮਿਲਾਉਣ ਲੱਗ ਪਾਏ ਸਨ। ਉਸ ਵੇਲੇ ਨਫਰਤੀ ਮੁਹਿੰਮਾਂ ਨਹੀਂ ਸਨ ਚੱਲੀਆਂ। ਫਿਰਕਾਪ੍ਰਸਤੀ ਵਾਲਾ ਜਹਿਰ ਉਦੋਂ ਵੀ ਸੀ ਪਰ ਸਾਹਿਤ ਨਾਲ ਜੁੜੇ ਹੋਏ ਕਲਮਾਂ ਦੇ ਪੁਲ ਉਸ ਜ਼ਹਿਰ ਦੇ ਅਸਰ ਨੂੰ ਭਾਰੂ ਨਹੀਂ ਸਨ ਹੋਣ ਦੇਂਦੇ।
ਆਪਣੇ ਜ਼ਮਾਨੇ ਦੇ ਪ੍ਰਸਿੱਧ ਪਤਰਕਾਰ ਅਤੇ ਕਹਾਣੀਕਾਰ ਜਨਾਬ ਸਿਮਰ ਸਦੋਸ਼ ਹੁਰਾਂ ਦੀ ਸੋਚ,ਪ੍ਰੇਰਨਾ ਅਤੇ ਹਿੰਮਤ ਉਪਰਾਲਿਆਂ ਨਾਲ ਹੀ ਹਿੰਦੀ ਮਿਲਾਪ ਅਖਬਾਰ ਦੇ ਇਹ ਵਿਸ਼ੇਸ਼ ਅੰਕ ਸਾਹਿਤ ਜਗਤ ਦਾ ਮੀਲ ਪੱਥਰ ਬਣੇ। ਪੰਜਾਬ ਦੇ ਪੰਜਾਬੀ ਕਹਾਣੀਕਾਰ, ਪੰਜਾਬ ਦੇ ਹਿੰਦੀ ਕਹਾਣੀਕਾਰ ਅਤੇ ਦੂਜਿਆਂ ਸੂਬਿਆਂ ਦੇ ਕਹਾਣੀਕਾਰਾਂ ਦਰਮਿਆਨ ਸਾਂਝ ਨੂੰ ਲਗਾਤਾਰ ਮਜ਼ਬੂਤ ਕਰਨ ਵਿਚ ਯੋਗਦਾਨ ਪਾਇਆ।
ਜਨਾਬ ਜਸਵੰਤ ਸਿੰਘ ਵਿਰਦੀ, ਸਿੱਧੂ ਦਮਦਮੀ, ਵਰਿਆਮ ਸਿੱਧੂ, ਰਾਮ ਸਰੂਪ ਅਣਖੀ ਵਰਗੀਆਂ ਸ਼ਖਸੀਅਤਾਂ ਬਹੁਤ ਹੀ ਸਾਧਾਰਨ ਵਰਗ ਦੇ ਲੇਖਕਾਂ ਅਤੇ ਪਾਠਕਾਂ ਦੇ ਸੰਪਰਕ ਵਿੱਚ ਵੀ ਬੜੀ ਸਹਿਜਤਾ ਨਾਲ ਆ ਸਕੀਆਂ। ਇਹ ਮਾਹੌਲ ਉਸ ਵੇਲੇ ਦੇ ਸਾਹਿਤ ਦੀ ਰਚਨਾ ਨੇ ਹੀ ਸਿਰਜਿਆ ਸੀ। ਨਾ ਸਿਰਫ ਇਹਨਾਂ ਕਹਾਣੀਆਂ ਵਿਚਲੇ ਸੁਨੇਹੇ ਪ੍ਰਸਿੱਧ ਹੋਏ ਬਲਕਿ ਇਹਨਾਂ ਕਹਾਣੀਆਂ ਨੇ ਅਸਲੀ ਪਾਤਰਾਂ ਦੇ ਨਾਮ ਲਏ ਬਿਨਾ ਸਿਆਸਤ ਵਾਲੇ ਉਸ ਨਾਜ਼ੁਕ ਮਾਹੌਲ ਵਿਚ ਵੀ ਆਪਣੀ ਮੌਜੂਦਗੀ ਦਰਜ ਕਾਰਵਾਈ। ਬਾਅਦ ਵਿੱਚ ਉਹ ਗੱਲਾਂ ਨਹੀਂ ਰਹੀਆਂ। ਖਾੜਕੂਵਾਦ ਨੇ ਜਿਥੇ ਸਮਾਜ ਦੇ ਸਾਰੇ ਵਰਤਾਰਿਆਂ ਤੇ ਅਸਰ ਪਾਇਆ ਉੱਥੇ ਇਹ ਵਿਧਾ ਵੀ ਪ੍ਰਭਾਵਿਤ ਹੋਈ। ਅਖਬਾਰਾਂ ਹਰ ਰੋਜ਼ ਲਹੂ ਰੰਗੀਆਂ ਬਣ ਕੇ ਆਉਂਦੀਆਂ।
ਕਲਮ ਅਤੇ ਕਲਮਕਾਰਾਂ ਦੇ ਹੱਕਾਂ ਦੀ ਰਾਖੀ ਲਈ ਅਜਿਹੇ ਆਯੋਜਨ ਅਤੇ ਉਪਰਾਲੇ ਲਗਾਤਾਰ ਜ਼ਰੂਰੀ ਹੁੰਦੇ ਜਾ ਰਹੇ ਹਨ। ਚੰਗਾ ਹੋਵੇ ਜੇਕਰ ਇਹਨਾਂ ਆਯੋਜਨਾਂ ਵਿੱਚ ਕਲਮ ਅਤੇ ਕਲਮਕਾਰਾਂ ਦੇ ਆਰਥਿਕ ਪਹਿਲੂਆਂ ਬਾਰੇ ਵੀ ਸੋਚਿਆ ਜਾਵੇ ਵਰਨਾ ਕੋਫੀ ਹਾਊਸ ਦੇ ਪਿਆਲਿਆਂ ਵਿਚ ਆਉਂਦੇ ਇਨਕਲਾਬ ਵਾਲੀ ਗੱਲ ਜਿਹੀ ਹੀ ਨਾ ਬਣ ਜਾਵੇ। ਅਫਸੋਸ ਕਿ ਇੰਡੀਅਨ ਕੋਫੀ ਹਾਊਸ ਦੇ ਪਿਆਲੈ ਸਾਹਿਤ ਅਤੇ ਸਮਾਜ ਵਿਚ ਸੱਚਮੁੱਚ ਸਿਆਸੀ ਕ੍ਰਾਂਤੀਆਂ ਦਾ ਵੀ ਅਧਾਰ ਤਿਆਰ ਕਰਦੇ ਸਨ। ਇਹੀ ਕਿੜ ਵਾਲੀ ਗੱਲ ਸੀ ਵਰਨਾ ਇਹ ਵਿਚਾਰ ਇੰਡੀਅਨ ਕੋਫੀ ਹਾਊਸ ਕਿਹੜਾ ਕੋਈ ਤੁਰਕਮਾਨ ਗੇਟ ਸੀ। ਇਹਨਾਂ ਗੁਝੇ ਕਾਰਨਾਂ ਕਰ ਕੇ ਹੀ ਇਸ ਕੋਫੀ ਹਾਊਸ ਨੂੰ ਖਤਮ ਕਰ ਕੇ ਉੱਥੇ ਬੜੀ ਤੇਜ਼ੀ ਨਾਲ ਪਾਲਿਕਾ ਬਾਜ਼ਾਰ ਬਣਾ ਦਿੱਤਾ ਗਿਆ। ਜਿਹੜਾ ਕੋਫੀ ਹਾਊਸ ਬਦਲਵੇਂ ਥਾਂ ਬਣਾਇਆ ਗਿਆ ਸੀ ਹੁਣ ਉਥੇ ਸਾਹਿਤ ਅਤੇ ਸਿਆਸਤ ਦੇ ਵਿਚਾਰ ਵਟਾਂਦਰਿਆਂ ਵਾਲੀਆਂ ਸਭਾਵਾਂ ਅਤੇ ਮਹਿਫ਼ਿਲਾਂ ਕਦੇ ਨਹੀਂ ਜੁੜਦੀਆਂ। ਉਂਝ ਵੀ ਹੁਣ ਵਾਲਾ ਇੰਡਿਅਨ ਕੋਫੀ ਹਾਊਸ ਪਹਿਲਾਂ ਵਰਗਾ ਤਾਂ ਉੱਕਾ ਹੀ ਨਹੀਂ ਰਿਹਾ। ਲਗਾਤਾਰ ਵਧਦੀ ਮਹਿੰਗਾਈ ਨੇ ਇਸਦਾ ਵੀ ਲੱਕ ਤੋੜ ਦਿੱਤਾ। ਮਲਟੀਨੈਸ਼ਨਲ ਕੰਪਨੀਆਂ ਨੇ ਇਸ ਨੂੰ ਵੱਡਾ ਕਾਰੋਬਾਰੀ ਘਾਟਾ ਵੀ ਪਾਇਆ। ਸਟਾਫ਼ ਘਟਦਾ ਘਟਦਾ ਬੇਹਦ ਘਟ ਗਿਆ। ਪੂੰਜੀਵਾਦ ਨੇ ਸਾਡੇ ਕੋਲੋਂ ਬੜਾ ਕੁਝ ਖੋਹ ਲਿਆ ਹੈ।
ਇਹ ਸਭ ਕੁਝ ਇਥੇ ਇਸੇ ਲਈ ਦੱਸਿਆ ਗਿਆ ਕਿ ਹੁਣ ਵਾਲੇ ਕਲਮਕਾਰਾਂ ਅਤੇ ਵਿਚਾਰਵਾਨਾਂ ਨੂੰ ਇਹ ਯਾਦ ਕਰਾਇਆ ਜਾ ਸਕੇ ਕਿ ਸੱਤਾ ਦੀ ਹੋੜ ਅਤੇ ਸਿਆਸਤ ਇਹਨਾਂ ਵਿਚਾਰ ਵਟਾਂਦਰਿਆਂ ਵਾਲੇ ਪ੍ਰੋਗਰਾਮਾਂ ਤੇ ਨਜ਼ਰ ਪਹਿਲਾਂ ਵੀ ਰੱਖਦੀ ਸੀ ਹੁਣ ਵੀ ਰੱਖਦੀ ਹੈ। ਭਾਵੇਂ ਉਹ ਵਿਚਾਰ ਚਰਚਾ ਸਿਰਫ ਕੋਫੀ ਦੇ ਪਿਆਲੇ ਤੇ ਹੀ ਹੋਵੇ। ਜਿਹੜੇ ਆਖਦੇ ਹਨ ਜੀ ਸਾਡਾ ਤਾਂ ਕਿਸੇ ਸਿਆਸਤ ਨਾਲ ਕੋਈ ਸੰਬੰਧ ਨਹੀਂ ਜਾਂ ਤਾਂ ਉਹ ਅਣਜਾਣ ਹਨ ਜਾਂ ਫਿਰ ਝੂਠ ਬੋਲਦੇ ਹਨ।
ਸਾਹਿਤਿਕ ਸੱਥ ਖਰੜ ਵਿਚ ਤਰਸੇਮ ਬਸ਼ਰ, ਹਰਨਾਮ ਸਿੰਘ ਡੱਲਾ ਅਤੇ ਬਹੁਤ ਸਾਰੇ ਹੋਰ ਸੁਹਿਰਦ ਸਾਥੀ ਇਸ ਪੱਖੋਂ ਸੁਚੇਤ ਹਨ। ਇਸੇ ਲਈ ਉਹ ਗਰਮ ਹਵਾ ਵਰਗੀਆਂ ਪੁਰਾਣੀਆਂ ਫ਼ਿਲਮਾਂ ਦੀ ਕਹਾਣੀ ਅਤੇ ਸਮੀਖਿ ਸਾਹਮਣੇ ਲਿਆ ਰਹੇ ਹਨ ਕਿਓਂ ਅੱਜ ਫਿਰ ਉਹਨਾਂ ਫ਼ਿਲਮ ਦੀ ਗੱਲ ਕਰਨੀ ਜ਼ਰੂਰੀ ਬਣ ਗਈ ਹੈ।
ਇਸ ਵਾਰ ਸਾਹਿਤਿਕ ਸੱਥ ਖਰੜ ਦਾ ਪ੍ਰੋਗਰਾਮ ਸਥਾਨਕ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਵਿਖੇ ਹੋਇਆ। ਇਸ ਮੰਚ ਦੀ ਮਾਸਿਕ ਇਕੱਤਰਤਾ ਕਹਾਣੀਕਾਰ ਸਰੂਪ ਸਿੰਘ ਸਿਆਲਵੀ, ਗੁਰਮੀਤ ਸਿੰਗਲ ਅਤੇ ਸੁਰਜੀਤ ਸਿੰਘ ਜੀਤ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ’ਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਉਪਰੰਤ ਡਾ. ਹਰਨੇਕ ਸਿੰਘ ਕਲੇਰ, ਜਸਵਿੰਦਰ ਸਿੰਘ ਕਾਈਨੌਰ, ਗੁਰਮੀਤ ਸਿੰਗਲ, ਸੁਰਜੀਤ ਸੁਮਨ, ਸੁਰਜੀਤ ਸਿੰਘ ਜੀਤ, ਹਿੱਤ ਅਭਿਲਾਸ਼ੀ, ਨੀਲਮ ਨਾਰੰਗ ਅਤੇ ਮੋਹਨ ਸਿੰਘ ਪ੍ਰੀਤ ਨੇ ਆਪੋ ਆਪਣੀ ਮਿੰਨੀ ਕਹਾਣੀ ਪੇਸ਼ ਕੀਤੀ। ਇਸ ਮੌਕੇ ਤੇ ਡਾ. ਹਰਨੇਕ ਸਿੰਘ ਕਲੇਰ ਅਤੇ ਮਰਹੂਮ ਡਾ. ਹੇਮ ਕਿਰਨ ਵੱਲੋਂ ਪਿਛਲੇ ਸਮੇਂ ਵਿੱਚ ਸੰਪਾਦਿਤ ਮਿੰਨੀ ਕਹਾਣੀ ਸੰਗ੍ਰਹਿ ‘ਤਿਲ-ਫੁੱਲ’ ਵੀ ਲੋਕ ਅਰਪਣ ਕੀਤਾ ਗਿਆ। ਇਸ ਤਰ੍ਹਾਂ ਅੱਜ ਦੇ ਦੌਰ ਵਿਚਲੀਆਂ ਸਾਹਿਤਿਕ ਸਰਗਰਮੀਆਂ ਵੀ ਸਾਹਮਣੇ ਆਈਆਂ।
ਇਸ ਤੋਂ ਬਾਅਦ ਕਵਿਤਾ ਦਾ ਦੌਰ ਵੀ ਚੱਲਿਆ। ਹੁਣ ਦੀ ਕਵਿਤਾ ਵਿਸ਼ੇ ਵਸਤੂ ਦੇ ਪੱਖੋਂ ਵੀ ਮਜ਼ਬੂਤ ਬਣਦੀ ਜਾ ਰਹੀ ਹੈ ਸੰਗੀਤਮਈ ਵੀ ਹੋ ਰਹੀ ਹੈ। ਹਰਨਾਮ ਸਿੰਘ ਡੱਲਾ ਇਸ ਪੱਖੋਂ ਬਹੁਤ ਸੁਚੇਤ ਹਨ। ਇਸ ਮੀਟਿੰਗ ਮੌਕੇ ਚੱਲੇ ਕਾਵਿਕ ਦੌਰ ਵਿੱਚ ਸ਼ਾਇਰ ਹਾਕਮ ਸਿੰਘ ਨੱਤਿਆਂ, ਸਤਬੀਰ ਕੌਰ, ਇੰਦਰਜੀਤ ਕੌਰ ਵਡਾਲਾ, ਬਲਦੇਵ ਸਿੰਘ ਬਿੰਦਰਾ, ਤਰਸੇਮ ਸਿੰਘ ਕਾਲੇਵਾਲ, ਕੇਸਰ ਸਿੰਘ ਇੰਸਪੈਕਟਰ, ਬਲਦੇਵ ਸਿੰਘ ਬੁਰਜਾਂ, ਪਵਨਪ੍ਰੀਤ ਸਿੰਘ ਵਡਾਲਾ, ਜਸਵਿੰਦਰ ਸਚਦੇਵਾ, ਧਿਆਨ ਸਿੰਘ ਕਾਹਲੋ, ਬਲਵਿੰਦਰ ਢਿੱਲੋਂ, ਖੁਸ਼ੀ ਰਾਮ ਨਿਮਾਣਾ, ਅਮ੍ਰਿੰਤਜੀਤ ਕੌਰ, ਪਿਆਰਾ ਸਿੰਘ ਰਾਹੀ, ਹਰਜਿੰਦਰ ਸਿੰਘ ਸਾਈਂ ਸਕੇਤੜੀ, ਮਲਕੀਤ ਨਾਗਰਾ, ਰਾਜਵਿੰਦਰ ਸਿੰਘ ਗੱਡੂ, ਡਾ. ਸੁਦਾਗਰ ਸਿੰਘ ਪਾਲ, ਸੁਖਦੀਪ ਸਿੰਘ ਪੁਆਧੀ, ਕਰਮਜੀਤ ਬੱਗਾ ਅਤੇ ਜਗਤਾਰ ਸਿੰਘ ਜ਼ੋਗ ਆਦਿ ਨੇ ਆਪੋ ਆਪਣੀਆਂ ਗਜ਼ਲਾਂ, ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਇਸ ਮੌਕੇ ਸੁਖਦੀਪ ਸਿੰਘ ਨਿਆਂ ਸ਼ਹਿਰ, ਭਾਗ ਸਿੰਘ ਸ਼ਾਹਪੁਰ, ਆਸ਼ਾ ਬੱਤਰਾ, ਕਰਮ ਸਿੰਘ, ਗੁਰਮੀਤ ਸਿੰਘ ਖਰੜ ਅਤੇ ਟੀ. ਐਲ. ਵਰਮਾ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕਰਕੇ ਹਾਜ਼ਰੀ ਲਵਾਈ। ਕਹਾਣੀਕਾਰ ਚਰਨਜੀਤ ਸਿੰਘ ਕਤਰਾ ਵੱਲੋਂ ਵੀ ਭੇਜੇ ਇੱਕ ਲਿਖਤੀ ਸੰਦੇਸ਼ ਰਾਹੀਂ ਸਾਹਿਤਕ ਸੱਥ ਖਰੜ ਵੱਲੋਂ ਮਿੰਨੀ ਕਹਾਣੀ ਨੂੰ ਉਤਸ਼ਾਹਿਤ ਕਰਨ ਲਈ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਗਈ।
ਵਿਛੜ ਗਿਆਂ ਨੂੰ ਯਾਦ ਕਰਨਾ ਅਤੇ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਇਹ ਸਿਰਫ ਰਸਮੀ ਗੱਲ ਨਹੀਂ ਹੁੰਦੀ। ਉਹਨਾਂ ਦੀਆਂ ਯਾਦਾਂ ਅਤੇ ਸ਼ਬਦ ਸਾਨੂੰ ਪ੍ਰੇਰਨਾ ਅਤੇ ਸ਼ਕਤੀ ਵੀ ਦੇਂਦੇ ਹਨ ਸੋ ਇਸ ਮੀਟਿੰਗ ਦੌਰਾਨ ਵੀ ਪੰਜਾਬੀ ਦੇ ਨਾਮਵਾਰ ਲੇਖਕ ਅਤੇ ਰੰਗਕਰਮੀ ਮਾਸਟਰ ਤਰਲੋਚਨ ਸਿੰਘ ਸਮਰਾਲਾ ਦੀ ਅਚਾਨਕ ਹੋਈ ਬੇਵਕਤੀ ਮੌਤ ’ਤੇ ਡੂੰਘਾ ਦੁੱਖ ਅਤੇ ਸੋਗ ਪ੍ਰਗਟ ਕੀਤਾ ਗਿਆ। ਇਹ ਸੱਚਮੁੱਚ ਸਾਡੇ ਅਭਿਨਾਂ ਲਈ ਵੱਡਾ ਸਦਮਾ ਸੀ। ਸੜਕਾਂ ਤੇ ਦਨਦਨਾਉਂਦੀ ਮੌਤ ਨੇ ਸਾਡੇ ਬਹੁਤ ਸਾਰੇ ਹੀਰੇ ਸਾਥੋਂ ਖੋਹ ਲਏ ਹਨ। ਇਸ ਪੱਖੋਂ ਨਾ ਤਾਂ ਸਰਕਾਰਾਂ ਕੁਝ ਠੋਸ ਕਦਮ ਪੁੱਟ ਸਕੀਆਂ ਹਨ ਅਤੇ ਨਾ ਹੀ ਸਦਾ ਸਮਾਜ ਫੁਕਰਾਗੀਰੀ ਵਾਲੀ ਡਰਾਈਵਿੰਗ ਦੇ ਰੁਝਾਨ ਨੂੰ ਠੱਲ ਪਾ ਸਕਿਆ ਹੈ। ਮਾਸਟਰ ਤਰਲੋਚਨ ਦੀ ਜਾਨ ਇੱਕ ਨਾਬਾਲਿਗ ਡਰਾਈਵਿੰਗ ਨੇ ਲੈ ਲਈ ਸੀ। ਇਸ ਗੱਲ ਨੂੰ ਜਿੰਨਾ ਜ਼ਿਆਦਾ ਚਰਚਿਤ ਕੀਤਾ ਜਾ ਸਕੇ ਉਨ੍ਹਾਂ ਹੀ ਥੋਹੜਾ ਹੈ।
ਅਖੀਰ ਵਿੱਚ ਪ੍ਰਧਾਨਗੀ ਮੰਡਲ ’ਚ ਸ਼ੁਸੋਭਿਤ ਕਹਾਣੀਕਾਰ ਸਰੂਪ ਸਿੰਘ ਸਿਆਲਵੀ ਨੇ ਪੇਸ਼ ਕੀਤੀਆਂ ਮਿੰਨੀ ਕਹਾਣੀਆਂ ’ਤੇ ਵਿਸਥਾਰ ਪੂਰਵਕ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਮਿੰਨੀ ਕਹਾਣੀ ਵੀ ਸਾਹਿਤ ਦਾ ਇੱਕ ਅਨਿੱਖੜਵਾਂ ਅੰਗ ਹੈ। ਉਨ੍ਹਾਂ ਨੇ ਮਿੰਨੀ ਕਹਾਣੀ ਦੇ ਪਿਛੋਕੜ ਬਾਰੇ ਗੱਲ ਕਰਦਿਆਂ ਨਾਮਵਰ ਪੁਰਾਣੇ ਸਾਹਿਤਕਾਰਾਂ ਵੱਲੋਂ ਲਿੱਖੀਆਂ ਗਈਆਂ ਕਈ ਮਿੰਨੀ ਕਹਾਣੀਆਂ ਦਾ ਜ਼ਿਕਰ ਕੀਤਾ। ਅਖੀਰ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਐਤਕੀਂ ਮੰਚ ਸੰਚਾਲਨ ਦੀ ਕਾਰਵਾਈ ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ। ਜੋ ਆਪਣੇ ਆਪ ਵਿੱਚ ਕਲਾਤਮਕ ਸੂਤਰਧਾਰੀ ਵਰਗਾ ਅਹਿਸਾਸ ਕਰਾਉਂਦੀ ਸੀ।
Monday, 14 August 2023
ਅਣੂ ਮੰਚ ਲਗਾਤਾਰ ਸਰਗਰਮ ਹੈ ਕਿਤਾਬਾਂ ਦਾ ਚਾਨਣ ਫੈਲਾਉਣ ਲਈ
Sunday, 13 August 2023
ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਐਤਕੀਂ 17 ਸਤੰਬਰ 2023 ਨੂੰ
Sunday 13th August 2023 at 18:12 AM
ਚੋਣਾਂ ਦੇ ਐਲਾਨ ਨਾਲ ਹੀ ਫਿਰ ਸਾਹਿਤਿਕ ਸਿਆਸਤ ਹੋਈ ਹੋਰ ਤੇਜ਼
ਚੰਡੀਗੜ੍ਹ//ਲੁਧਿਆਣਾ: 13 ਅਗਸਤ 2023: (ਸਾਹਿਤ ਸਕਰੀਨ ਡੈਸਕ)::ਸਾਹਿਤਿਕ ਸੰਸਥਾਵਾਂ ਦੀਆਂ ਚੋਣਾਂ ਅਤੇ ਅਹੁਦੇਦਾਰੀਆਂ ਵੀ ਲੰਮੇ ਸਮੇਂ ਤੋਂ ਕਿਸੇ ਵੱਡੀ ਸੱਤਾ ਅਤੇ ਬਹੁਤ ਹੀ ਵੱਡੇ ਫਾਇਦਿਆਂ ਵਾਲੀਆਂ ਕੁਰਸੀਆਂ ਵਾਂਗ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਇਸ ਲਈ ਇਸ ਕੇਂਦਰੀ ਸਭਾ ਨਾਲ ਜੁੜੇ ਹੋਏ ਵਿਅਕਤੀਗਤ ਲੇਖਕ ਅਤੇ ਸੰਸਥਾਵਾਂ ਹਰ ਵਾਰ ਚੋਣਾਂ ਮੌਕੇ ਬੜੀ ਉਚੇਚ ਨਾਲ ਸਰਗਰਮ ਹੋ ਜਾਂਦੀਆਂ ਹਨ। ਇਸ ਵਾਰ ਵੀ ਇਹ ਸਰਗਰਮੀਆਂ ਅੱਜਕਲ੍ਹ ਵਿੱਚ ਸਾਹਮਣੇ ਆਉਣ ਵਾਲੀਆਂ ਹੀ ਹਨ। ਉਂਝ ਸ਼ੁਰੁਆਤ ਤਾਂ ਸਮਝੋ ਇਹਨਾਂ ਚੋਣਾਂ ਦੇ ਐਲਾਨ ਨਾਲ ਹੀ ਹੋ ਗਈ ਹੈ। ਤਿਆਗ, ਬੇਗਰਜ਼ੀ ਅਤੇ ਨਿਸ਼ਕਾਮ ਕਰਮਾਂ ਦੀਆਂ ਗੱਲਾਂ ਕਰਨ ਅਤੇ ਪ੍ਰਚਾਰਨ ਵਾਲੇ ਲੇਖਕ ਸੱਜਣ ਵੀ ਇਹ ਅਹੁਦਿਆਂ ਵਿਚ ਆਪਣੇ ਲਈ ਜਾਂ ਆਪਣੇ ਗਰੁੱਪ ਦੇ ਮਿੱਤਰਾਂ ਲਈ ਪੂਰੀ ਦਿਲਚਸਪੀ ਦਿਖਾਉਣਗੇ।
ਇਸ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ 17 ਸਤੰਬਰ 2023 ਨੂੰ ਹੋ ਰਹੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਂਝੇ ਬਿਆਨ ਰਾਹੀਂ ਦਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ 17 ਸਤੰਬਰ, 2023 ਨੂੰ ਸਵੇਰੇ 9 ਵਜੇ ਤੋਂ 4 ਵਜੇ ਤਕ ਪੰਜਾਬੀ ਭਵਨ, ਲੁਧਿਆਣਾ ਵਿਖ਼ੇ ਹੋਵੇਗੀ। ਇਹ ਚੰਗੀ ਗੱਲ ਹੈ ਕਿ ਪੰਜਾਬੀ ਭਵਨ ਲੁਧਿਆਣਾ ਨਾਲ ਇਹਨਾਂ ਸਭਾਵਾਂ ਅਤੇ ਚੋਣਾਂ ਦਾ ਰਿਸ਼ਤਾ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ।
ਇਹਨਾਂ ਚੋਣਾਂ ਦੌਰਾਨ ਚੋਣ ਅਧਿਕਾਰੀ ਦੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਸਹਿਮਤੀ ਦੇ ਦਿੱਤੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ ਵਿਚ ਹਿੱਸਾ ਲੈਣ ਵਾਲੇ ਉਮੀਦਵਾਰ ਆਪਣੇ ਨਾਮਜ਼ਦਗੀ ਫਾਰਮ ਪੰਜਾਬੀ ਭਵਨ, ਲੁਧਿਆਣਾ ਵਿਖੇ ਪਹਿਲੀ ਸਤੰਬਰ 2023 ਤੋਂ ਅਠ ਸਤੰਬਰ 2023 ਤੱਕ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤਕ ਕਦੇ ਵੀ ਚੋਣ ਅਧਿਕਾਰੀ ਕੋਲ ਜਮ੍ਹਾਂ ਕਰਵਾ ਸਕਦੇ ਹਨ।
ਇਹਨਾਂ ਚੋਣਾਂ ਸੰਬੰਧੀ ਨਾਮਜ਼ਦਗੀ ਫਾਰਮਾਂ ਦੀ ਪੜਤਾਲ 09 ਸਤੰਬਰ 2023 ਨੂੰ 2 ਵਜੇ ਤੋਂ 4 ਵਜੇ ਤਕ ਹੋਵੇਗੀ, ਜਿਸ ਉਪਰੰਤ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਨਾਮਜ਼ਦਗੀ ਦਾਖ਼ਲ ਕਰਨ ਵਾਲੇ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ 10 ਸਤੰਬਰ 2023 ਨੂੰ 11 ਵਜੇ ਤੋਂ 4 ਵਜੇ ਤਕ ਵਾਪਸ ਲੈ ਸਕਣਗੇ, ਜਿਸ ਉਪਰੰਤ ਚੋਣ ਵਿਚ ਹਿਸਾ ਲੈਣ ਵਾਲੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।
ਇਸ ਤਰ੍ਹਾਂ ਕਰ ਕੇ ਸਾਰੀ ਨਿਸਚਿਤ ਪ੍ਰਕ੍ਰਿਆ ਪੂਰੀ ਹੋਣ ਮਗਰੋਂ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ 17 ਸਤੰਬਰ 2023 ਨੂੰ 9 ਵਜੇ ਤੋਂ 4 ਵਜੇ ਤਕ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ, ਜਿਸ ਵਿਚ ਇਕ ਪ੍ਰਧਾਨ, ਇਕ ਸੀਨੀਅਰ ਮੀਤ ਪ੍ਰਧਾਨ, ਇਕ ਜਨਰਲ ਸਕੱਤਰ, ਪੰਜ ਮੀਤ ਪ੍ਰਧਾਨ (ਮੀਤ ਪ੍ਰਧਾਨ ਦਾ ਇਕ ਅਹੁਦਾ ਔਰਤ ਉਮੀਦਵਾਰ ਲਈ ਰਾਖਵਾਂ) ਅਤੇ ਚਾਰ ਸਕੱਤਰ (ਸਕੱਤਰ ਦਾ ਇਕ ਅਹੁਦਾ ਔਰਤ ਉਮੀਦਵਾਰ ਲਈ ਰਾਖਵਾਂ) ਦੀ ਚੋਣ ਹੋਵੇਗੀ।
ਕਾਰਜਕਾਰਨੀ ਵੱਲੋਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਇਕ ਤਿੰਨ ਮੈਂਬਰੀ ਕਮੇਟੀ ਸਰਬਸੰਮਤੀ ਨਾਲ ਬਣਾਈ ਗਈ ਹੈ, ਜਿਸ ਨੂੰ ਚੋਣ ਅਧਿਕਾਰੀ ਨਾਲ ਸੰਪਰਕ ਰੱਖਦੇ ਹੋਏ, ਚੋਣ ਸੁਚਾਰੂ ਰੂਪ ਨਾਲ ਕਰਾਉਣ ਦੇ ਅਧਿਕਾਰ ਦਿੱਤੇ ਗਏ।
ਕੇਂਦਰੀ ਸਭਾ ਅਤੇ ਇਸ ਦੀਆਂ ਇਹਨਾਂ ਚੋਣਾਂ ਬਾਰੇ ਕੁਝ ਹੋਰ ਗੱਲਾਂ ਵੱਖਰੀ ਪੋਸਟ ਵਿੱਚ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਨੁਕਤਿਆਂ ਬਾਰੇ ਤੁਸੀਂ ਵੀ ਨਜ਼ਰ ਮਾਰ ਸਕਦੇ ਹੋ ਸਿਰਫ ਇਥੇ ਕਲਿੱਕ ਕਰ ਕੇ। ਇਸ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹੇਗੀ।
Saturday, 12 August 2023
ਉੱਘੇ ਰੰਗਕਰਮੀਂ ਤਰਲੋਚਨ ਦੇ ਵਿਛੋੜੇ 'ਤੇ// ਇਹ ਤਾਂ ਸੱਜਣਾਂ 'ਧੋਖਾ'//ਜਸਪਾਲ ਜੱਸੀ
Saturday 12th August 2023 at 05:38 AM Via WhatsApp
ਮੌਤ ਕੂਕਦੀ ਸੜਕਾਂ 'ਤੇ ਕੋਈ ਚਾਰਾ ਕਰੀਏ
ਰੰਗਮੰਚ ਦੇ ਨਾਲ ਨਾਲ ਛੋਟੀਆਂ ਟੈਲੀ ਫ਼ਿਲਮਾਂ ਰਹਿਣ ਸਿਹਤਮੰਦ ਸਮਾਜ ਦੀ ਸਿਰਜਣਾਂ ਵਿੱਚ ਸਰਗਰਮ ਮਾਸਟਰ ਤਰਲੋਚਨ ਸਿੰਘ ਦੇ ਬੇਵਕਤ ਵਿਛੋੜੇ ਮੌਕੇ ਹਰ ਪਾਸੇ ਸੋਗ ਦੀ ਲਹਿਰ ਹੈ। ਦੁਨੀਆ ਵਿੱਚ ਜਿੱਥੇ ਜਿੱਥੇ ਵੀ ਲੋਕ ਪੱਖੀ ਕਲਾਕਾਰਾਂ ਵੱਸਦੇ ਹਨ ਉੱਥੋਂ ਸੋਗ ਭਰੇ ਸੁਨੇਹੇ ਆ ਰਹੇ ਹਨ। ਇਹ ਸਾਰੇ ਸੁਨੇਹੇ ਕੋਈ ਰਸਮੀ ਸੁਨੇਹੇ ਨਹੀਂ ਬਲਕਿ ਦਿਲੋਂ ਨਿਕਲੀਆਂ ਹੂਕਾਂ ਹਨ। ਸੜਕਾਂ 'ਤੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਅਨਸਰਾਂ ਨੇ ਇੱਕ ਹੋਰ ਅਨਮੋਲ ਹੀਰਾ ਖੋਹ ਲਿਆ ਹੈ। ਉੱਘੇ ਨਕਸਲੀ ਆਗੂ ਸੁਖਦਰਸ਼ਨ ਨੱਤ ਦੱਸਦੇ ਹਨ ਕਿ ਜਿਸ ਥਾਰ ਨੇ ਮਾਸਟਰ ਤਰਲੋਚਨ ਦੀ ਜਾਣਾ ਲਈ ਉਸਨੂੰ ਵੀ ਇੱਕ ਨਾਬਾਲਗ ਚਲਾ ਰਿਹਾ ਸੀ। ਕਿੰਨੀ ਗੰਭੀਰ ਹਾਲਤ ਹੈ ਸਾਡੇ ਸੜਕੀ ਜੀਵਨ ਦੀ ਜਿੱਥੇ ਕਿਸੇ ਨੂੰ ਵੀ ਕਿਸੇ ਵੀ ਥਾਂ ਮੌਤ ਨਿਗਲ ਸਕਦੀ ਹੈ ਕਿਓਂਕਿ ਵਿਗੜੇ ਹੋਏ ਅਮੀਰਜ਼ਾਦਿਆਂ ਦੇ ਵਿਗੜੇ ਹੋਏ ਬੱਚਿਆਂ ਸਾਹਮਣੇ ਸ਼ਾਇਦ ਕਾਨੂੰਨ ਵੀ ਬੇਬਸ ਜਿਹਾ ਹੋ ਜਾਂਦਾ ਹੈ। ਇਸ ਮੌਕੇ ਸਾਡੇ ਸਮਿਆਂ ਦੇ ਸੰਵੇਦਨਸ਼ੀਲ ਸਾਹਿਤਿਕ ਪੱਤਰਕਾਰ ਅਤੇ ਸ਼ਾਇਰ ਜਸਪਾਲ ਜੱਸੀ ਨੇ ਇੱਕ ਨਜ਼ਮ ਭੇਜੀ ਹੈ। ਜੱਸੀ ਦੀਆਂ ਬਾਕੀ ਕਾਵਿ ਰਚਨਾਵਾਂ ਵਾਂਗ ਇਹ ਰਚਨਾ ਵੀ ਬੰਧਸ ਮੁਕਤ ਹੀ ਹੈ ਪਰ ਇਸ ਵਿਚਲਾ ਰਿਦਮ ਅਤੇ ਅਤੇ ਦਰਦ ਦਿਲ ਨੂੰ ਧੂਹ ਪਾਉਂਦੇ ਹਨ। ਇੱਕ ਵਾਰ ਫੇਰ ਯਾਦ ਆਉਂਦੀ ਹੈ ਜੱਸੀ ਦੀ ਹੀ ਲਿਖੀ ਪਾਸ਼ ਬਾਰੇ ਇੱਕ ਖਾਸ ਕਵਿਤਾ-ਤੇਰੇ ਬਾਝੋਂ ਸੀਨੇ ਵਿਚ 'ਚ ਖੋਹ ਪੈ ਰਹੀ ਹੈ। ਅੱਜ ਮਾਸਟਰ ਤਰਲੋਚਨ ਦੇ ਤੁਰ ਜਾਣ ਮੌਕੇ ਵੀ ਖੋਹ ਪੈ ਰਹੀ ਹੈ। --ਰੈਕਟਰ ਕਥੂਰੀਆ
"ਮੰਗੋ"ਗੁੰਮ ਸੁੰਮ
ਸਦਮੇਂ ਅੰਦਰ
ਕਿਉਂ ਅਣਹੋਣੀ ਹੋਈ
ਇੰਝ ਪਰਦੇ ਤੋਂ
ਪਰਦੇ ਪਿੱਛੇ
ਕਿੰਝ ਛੁਪ ਜਾਵੇ ਕੋਈ
ਜਾਪੇ "ਸੋਮਾਂ" ਦੂਜੀ ਵਾਰੀ ਮੋਈ*
ਸਾਡੇ ਨਾਲ ਤਾਂ ਪਰਦੇ ਤੇ ਵੀ
ਗਊਆਂ ਵਰਗੀ ਹੋਈ!
ਇਸ ਦਰਦ ਦੀ
ਸਾਰ ਨਾ ਜਾਣੇਂ ਕੋਈ
ਗੁਰਸ਼ਰਨ ਸਿੰਘ ਦੇ ਰੰਗ ਮੰਚ ਦੇ
ਤੇਰੇ ਹਿੱਸੇ ਦੇ ਕੋਨੇ ਦੀ
ਸੁੰਨ ਨੈਣਾਂ ਵਿੱਚ ਝਰਦੀ
ਨਿੱਕੇ ਨਿੱਕੇ ਕਤਰੇ ਗੱਲਾਂ ਕਰਦੇ
ਪਲਸ ਮੰਚ ਦੇ ਵੇਹੜੇ ਅੰਦਰ
ਧੜਕ ਰਹੇ ਦਿਲ
ਚੁੱਪ -ਹੁੰਘਾਰਾ ਭਰਦੇ
ਪੌਣਾਂ ਸ਼ਿਕਵਾ ਹੋਈਆਂ ਯਾਰਾ
ਇੰਝ ਨਹੀਂ ਕਰਦੇ
ਇੰਝ ਡਿੱਗੇ ਨਾਟਕ ਦਾ ਪਰਦਾ
ਇਹ ਨਾ ਦਰਸ਼ਕ ਜਰਦੇ
ਕਲਾ ਕਲਪਨਾ ਦੇ ਖੰਭਾਂ ਦੀ
ਅਗਲੀ ਝਲਕ ਵਿਖਾ ਤਾਂ ਜਾਂਦਾ
ਸਾਥੀ ਨਾਟਕ ਦੇ "ਸਾਥੀ "ਦੀ
ਅਗਲੀ ਕਥਾ ਸੁਣਾ ਤਾਂ ਜਾਂਦਾ
ਅਜੇ ਤਾਂ ਵਾਟਾਂ ਲੰਮੀਆਂ
ਅਜੇ ਸਫ਼ਰ ਹੈ ਚੋਖਾ
ਸੂਤਰਧਾਰ ਨੂੰ ਕਹਿੰਦੇ ਪਾਤਰ
ਇਹ ਤਾਂ ਸੱਜਣਾਂ 'ਧੋਖਾ' !
ਧੜਕਦੀਆਂ ਯਾਦਾਂ ਦੇ ਅੰਗ ਸੰਗ
ਰੰਗ ਮੰਚ ਦੀ ਪਟੜੀ ਤੇ
ਇਕਰਾਰ ਤੁਰਨਗੇ
ਬਾਹਾਂ ਵਿੱਚ ਤੇਰੀ ਬਾਂਹ ਲੈ ਕੇ
ਯਾਰ ਤੁਰਨਗੇ
-----ਜਸਪਾਲ ਜੱਸੀ
*ਮੰਗੋ ਅਤੇ ਸੋਮਾਂ-ਸੰਤੋਖ ਸਿੰਘ ਧੀਰ ਦੀ ਕਹਾਣੀ ਅਤੇ ਤਰਲੋਚਨ ਦੀ ਟੈਲੀ ਫਿਲਮ ਦੀਆਂ ਪਾਤਰ
Saturday, 5 August 2023
ਯਾਦਾਂ ਦੇ ਉਜਾਲੇ ਹੁਣ ਵੀ ਸਾਥ ਦੇਣਗੇ ਸਾਥੀ ਸੁਰਿੰਦਰ ਰਾਮਪੁਰੀ ਨੂੰ
ਵਿਛੋੜੇ ਮਗਰੋਂ ਸੁਰਿੰਦਰ ਰਾਮਪੁਰੀ ਨੇ ਦੱਸਿਆ ਰੱਬ ਵਰਗਾ ਸਾਥ ਸੀ ਉਸਦਾ
ਇਹਨਾਂ ਹਾਦਸਿਆਂ ਅਤੇ ਲਿਖਤਾਂ ਦੌਰਾਨ ਹੀ ਪਤਨੀ ਦੇ ਵਿਛੋੜੇ ਮੌਕੇ ਵੀ ਉਘੇ ਲੋਕਪੱਖੀ ਲੇਖਕ ਸੁਰਿੰਦਰ ਰਾਮਪੁਰੀ ਨੇ ਆਪਣੀ ਪਤਨੀ ਨੂੰ ਯਾਦ ਕਰਦਿਆਂ ਜੋ ਦੱਸਿਆ ਉਸਦਾ ਸਿੱਧਾ ਸੰਬੰਧ ਔਰਤ ਦੇ ਉਸ ਸਨਮਾਨ ਨਾਲ ਜੁੜਿਆ ਹੈ ਜਿਹੜਾ ਸਾਥੀ ਰਾਮਪੁਰੀ ਦੇ ਮਨ ਵਿਚ ਪਤਨੀ ਦੇ ਜਿਊਂਦੇ ਜੀਅ ਵੀ ਸੀ ਅਤੇ ਵਿਛੋੜੇ ਮਗਰੋਂ ਹੋਰ ਸ਼ਿੱਦਤ ਨਾਲ ਉਭਰ ਕੇ ਸਾਹਮਣੇ ਆਇਆ ਹੈ। ਇਸ ਸੋਚ ਵਾਲੇ ਸਾਰੇ ਸਾਥੀਆਂ ਦੇ ਮਨਾਂ ਵਿਚ ਇਹ ਸਨਮਾਨ ਅਕਸਰ ਹਮੇਸ਼ਾਂ ਕਾਇਮ ਰਹਿੰਦਾ ਹੈ।
ਕਾਸ਼ ਮਨੀਪੁਰ ਦੇ ਗੁਨਾਹਗਾਰਾਂ ਨੇ ਝੂਠੇ ਅਡੰਬਰਾਂ ਵਾਲੇ ਨਾਅਰੇ ਲਾਉਣ ਦੀ ਬਜਾਏ ਆਪਣੀਆਂ ਜ਼ਿੰਦਗੀਆਂ ਵਿਚ ਅਜਿਹਾ ਇੱਕ ਅੱਧ ਸੰਬੰਧ ਵੀ ਨਿਭਾਇਆ ਹੁੰਦਾ ਤਾਂ ਉਹ ਇੱਕੋ ਵੇਲੇ ਕਈ ਕਈ ਦ੍ਰੋਪਦੀਆਂ ਦੇ ਚੀਰਹਰਨ ਦਾ ਬੱਜਰ ਗੁਨਾਹ ਨਾ ਕਰਦੇ। ਭਾਰਤ ਮਾਤਾ ਨੂੰ ਕਲੰਕਿਤ ਕਰਨ ਵਾਲੇ ਇਹਨਾਂ ਅੱਤਿਆਚਾਰਾਂ 'ਤੇ ਚੁੱਪੀ ਨਾ ਵੱਟਦੇ।
ਸਦੀਆਂ ਪਹਿਲਾਂ ਇੱਕ ਦਰੋਪਦੀ ਦੇ ਵਸਤਰਾਂ ਨੂੰ ਹੱਥ ਪਾਇਆ ਗਿਆ ਸੀ ਤਾਂ ਨਤੀਜੇ ਵੱਜੋਂ ਮਹਾਂਭਾਰਤ ਹੋਈ ਸੀ। ਜਿਸਨੂੰ ਉਹਨਾਂ ਵੇਲਿਆਂ ਦੀ ਸਭ ਤੋਂ ਵੱਡੀ ਜੰਗ ਦਸਿਆ ਜਾਂਦਾ ਹੈ। ਹੁਣ ਇੱਕੋ ਵੇਲੇ ਕਈ ਕਈ ਦ੍ਰੋਪਦੀਆਂ ਨੂੰ ਨਾ ਸਿਰਫ ਨਗਨ ਕੀਤਾ ਗਿਆ ਬਲਕਿ ਕਤਲ ਵੀ ਕੀਤਾ ਗਿਆ। ਹੁਣ ਇਸਦੇ ਸਿੱਟੇ ਵੱਜੋਂ ਕੀ ਕੀ ਵਾਪਰਨਾ ਹੈ ਇਸ ਦਾ ਪਤਾ ਕਿਸੇ ਜੋਤਿਸ਼ੀ ਤੋਂ ਪੁੱਛਣ ਦੀ ਲੋੜ ਹੀ ਨਹੀਂ ਰਹੀ।
ਹੁਣ ਇਹਨਾਂ ਦੇ ਕਰਮਾਂ ਨੇ ਬਣਾਉਣਾ ਹੈ ਸਮੁਚੇ ਦੇਸ਼ ਨੂੰ ਕੁਰਕਸ਼ੇਤਰ ਦਾ ਮੈਦਾਨ। ਇਨਾਮਾਂ ਸਨਮਾਨਾਂ ਦੀ ਝਾਕ ਤੋਂ ਦੂਰ ਰਹਿਣ ਵਾਲੇ ਲੇਖਕ ਅਤੇ ਬੁਧੀਜੀਵੀ ਮੌਜੂਦਾ ਦੌਰ ਨੂੰ ਵੀ ਨੀਝ ਲਾ ਕੇ ਦੇਖ ਰਹੇ ਹਨ। ਇਹ ਉਹ ਲੋਕ ਹਨ ਜਿਹਨਾਂ ਨੇ ਆਪਣੀ ਅਸਲੀ ਜ਼ਿੰਦਗੀ ਵਿਹੁੱਚ ਵੀ ਰਿਸ਼ਤੇ ਨਿਭਾਏ ਹਨ ਅਤੇ ਔਰਤ ਦਾ ਸਨਮਾਨ ਕੀਤਾ ਹੈ।
ਇਸ ਨਾਜ਼ੁਕ ਸਥਿਤੀ ਵਿਚ ਸੁਰਿੰਦਰ ਰਾਮਪੁਰੀ ਯਾਦ ਕਰਾਉਂਦੇ ਹਨ ਕਿ ਕਿਵੇਂ ਉਹਨਾਂ ਦੀ ਅਰਧਾਂਗਨੀ ਨੇ ਸਾਹਿਤ ਦੀ ਸਾਧਨਾ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਅਤੇ ਵਿਚਾਰਧਾਰਾ ਨਾਲ ਪ੍ਰਤੀਬੱਧਤਾ ਵੇਲੇ ਕਦਮ ਕਦਮ 'ਤੇ ਸਾਥ ਦਿੱਤਾ ਸੀ। ਸੁਰਿੰਦਰ ਰਾਮਪੁਰੀ ਜੀ ਨੂੰ ਯਕੀਨ ਹੈ ਕਿ ਪਤਨੀ ਦੀਆਂ ਯਾਦਾਂ ਲਗਾਤਾਰ ਦਸਤਕ ਦੇ ਰਹੇ ਨਾਜ਼ੁਕ ਸੰਘਰਸ਼ਾਂ ਸਮੇਂ ਵੀ ਉਹਨਾਂ ਦਾ ਸਾਥ ਦੇਣਗੀਆਂ। ਐਤਵਾਰ 6 ਅਗਸਤ ਨੂੰ ਆਯੋਜਿਤ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਅਤੇ ਇਸ ਸਬੰਧੀ ਪੈਣ ਵਾਲੇ ਭੋਗ ਦੀ ਰਸਮ ਮੌਕੇ ਪੜ੍ਹੋ ਸੁਰਿੰਦਰ ਰਾਮਪੁਰੀ ਹੁਰਾਂ ਦੇ ਵਿਚਾਰਾਂ 'ਤੇ ਆਧਾਰਿਤ ਇਹ ਲਿਖਤ ਜਿਸ ਨੂੰ ਪੜ੍ਹ ਕੇ ਤੁਹਾਨੂੰ ਆਪਣੇ ਨਾਲ ਹੋਈਆਂ ਬੀਤੀਆਂ ਵੀ ਯਾਦ ਆਉਣਗੀਆਂ।
ਸੁਰਿੰਦਰ ਰਾਮਪੁਰੀ ਦੱਸਦੇ ਹਨ ਕਿ ਪਰਿਵਾਰ ਨੂੰ ਡੋਰ ਵਿਚ ਬੰਨ੍ਹ ਕੇ ਰੱਖਣ ਵਾਲੀ ਸੂਤਰਧਾਰ ਸੀ ਮਾਤਾ ਸੁਦੇਸ਼ ਰਾਣੀ। ਜ਼ਿੰਦਗੀ ਦੇ ਸੰਘਰਸ਼ਾਂ ਅਤੇ ਸਾਹਿਤਕ ਸਾਧਨਾ ਵਿੱਚ ਆਉਂਦੀਆਂ ਔਕੜਾਂ ਦਾ ਸਾਹਮਣਾ ਕਰਨ ਦੇ ਦੌਰ ਵਿੱਚ ਸ਼ਕਤੀ ਅਤੇ ਪ੍ਰੇਰਨਾ ਦਾ ਸਰੋਤ ਉਹੀ ਹੁੰਦੀ ਸੀ।
ਅਜੋਕੇ ਪੂੰਜੀਵਾਦੀ ਦੌਰ ਨੇ ਪਰਿਵਾਰਿਕ ਸੰਬੰਧਾਂ ਦਾ ਜੋ ਹਾਲ ਕੀਤਾ ਹੈ ਉਸ ਬਾਰੇ ਵੀ ਸੁਰਿੰਦਰ ਰਾਮਪੁਰੀ ਪੂਰੀ ਤਰ੍ਹਾਂ ਸੁਚੇਤ ਹਨ। ਪਤਨੀ ਦੀਆਂ ਯਾਦਾਂ ਬਾਰੇ ਗੱਲ ਕਰਦਿਆਂ ਉਹ ਦੱਸਦੇ ਹਨ ਕਿ ਅਜੋਕੇ ਦੌਰ ਵਿਚ ਪਰਿਵਾਰਾਂ ਦਾ ਟੁੱਟਣਾ ਤੇ ਮਨਾਂ ਵਿਚ ਵਿੱਥ ਪੈ ਜਾਣੀ ਲਗਭਗ ਹਰ ਟੱਬਰ ਦੀ ਹੋਣੀ ਬਣ ਚੁੱਕਿਆ ਹੈ। ਇਸ ਨੇਮ ਨੂੰ ਪੁੱਠਾ ਗੇੜਾ ਦੇਣ ਲਈ ਘਰ ਦੀ ਸੁਆਣੀ ਨੂੰ ਮੁੱਖ ਭੂਮਿਕਾ ਨਿਭਾਉਣੀ ਪੈਂਦੀ ਹੈ। ਪੰਜਾਬ ਦੇ ਪਿੰਡਾਂ ਵਿਚ ਔਰਤਾਂ ਦੇ ਅਜਿਹੇ ਸੰਸਕਾਰੀ ਸੁਭਾਅ ਨੇ ਜਿਥੇ ਪਰਿਵਾਰਾਂ ਵਿਚ ਨੇੜਤਾ ਬਚਾਈ ਰੱਖੀ ਹੈ, ਉਥੇ ਸਮਾਜਿਕ ਸਦਭਾਵਨਾ ਨੂੰ ਜਿਊਂਦਿਆਂ ਰੱਖਣ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਸੰਨ-1962 ਵਿਚ ਚੀਨ ਨਾਲ ਜੰਗ, ਫਿਰ ਸੰਨ 1965 ਵਿਚ ਪਾਕਿਸਤਾਨ ਨਾਲ ਜੰਗ ਅਤੇ ਸੰਨ 1971 ਵਿਚ ਫਿਰ ਪਾਕਿਸਤਾਨ ਦਾ ਹਮਲਾ ਅਤੇ ਇਸ ਜੰਗ ਦੌਰਾਨ ਬੰਗਲਾਦੇਸ਼ ਦੀ ਕਾਇਮੀ ਇਸ ਸੰਨ ਨੂੰ ਬੜਾ ਯਾਦਗਾਰੀ ਅਤੇ ਅਹਿਮੀਅਤ ਵਾਲਾ ਬਣਾਉਂਦੀਆਂ ਹਨ। ਜੰਗੀ ਮਾਹੌਲ ਦੇ ਬਾਵਜੂਦ ਪੰਜਾਬ ਦੇ ਬਹਾਦਰਾਂ ਨੇ ਆਪਣੀ ਬਹਾਦਰੀ ਨਹੀਂ ਸੀ ਛੱਡੀ ਅਤੇ ਨਾ ਹੀ ਜ਼ਿੰਦਗੀ ਨੂੰ ਅੱਗੇ ਤੋਰਨ ਵਾਲੇ ਰੀਤੀ ਰੀਵਾਜ ਛੱਡੇ ਸਨ। ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀਆਂ ਸਤਰਾਂ ਯਾਦ ਆ ਰਹੀਆਂ ਹਨ-
ਅਸੀਂ ਪੰਜਾਂ ਦਰਿਆਵਾਂ ਦੇ ਸ਼ੇਰ ਦੂਲੇ,ਦੋਹਾਂ ਦੇਵੀਆਂ ਨੂੰ ਨਿਮਸ਼ਕਾਰ ਸਾਡੀ।
ਵਿਚ ਰੰਗ ਦੇ ਦੇਵੀ ਹੈ ਨਾਰ ਸਾਡੀ,ਵਿਚ ਜੰਗ ਦੇ ਦੇਵੀ ਕਟਾਰ ਸਾਡੀ।
ਇਸੇ ਯਾਦਗਾਰੀ ਸਾਲ ਅਰਥਾਤ ਸੰਨ 1971 ਵਿਚ ਘਲੋਟੀ (ਜ਼ਿਲ੍ਹਾ ਲੁਧਿਆਣਾ) ਤੋਂ ਚੱਲ ਕੇ ਸ਼੍ਰੀ ਸੁਰਿੰਦਰ ਰਾਮਪੁਰੀ ਨਾਲ ਵਿਆਹ ਕੇ ਰਾਮਪੁਰ ਆਈ। ਉਹੀ ਰਾਮਪੁਰ ਜਿਸਨੇ ਲਾਲ ਝੰਡੇ ਵਾਲੇ ਸੰਘਰਸ਼ਾਂ ਵਾਲੇ ਸਾਹਿਤ ਰਚਨਾ ਵਿਚ ਇਤਿਹਾਸਿਕ ਯੋਗਦਾਨ ਪਾਇਆ ਸੀ। ਉਸੇ ਦੋਰਾਹਾ ਨੇੜੇ ਵੱਸਿਆ ਰਾਮਪੁਰ ਜੀ ਦੋਰਾਹਾ ਤਰਸੇਮ ਬਾਵਾ ਇਸ ਦੇਸ਼ ਦੀ ਹੋਣੀ ਬਾਦਲਾਂ ਲਈ ਉੱਠੀ ਨਕਲਸਲਬਾਦੀ ਲਹਿਰ ਦੌਰਾਨ ਆਪਣੀ ਕੁਰਬਾਨੀ ਦੇ ਗਿਆ। ਉਸ ਸਮੇਂ ਦੀ ਬਾਦਲ ਸਰਕਾਰ ਨੇ 25 ਮਈ 1971 ਨੂੰ ਦਿਨ ਦਿਹਾੜੇ ਚੁੱਕ ਕੇ, ਅੰਤਾਂ ਦਾ ਕਹਿਰ ਢਾਹ ਕੇ ਸ਼ਹੀਦ ਕਰ ਦਿੱਤਾ ਸੀ। ਇਸ ਸ਼ਹਾਦਤ ਤੋਂ ਸਿਰਫ 40 ਦਿਨ ਪਹਿਲਾਂ ਤਰਸੇਮ ਬਾਵਾ ਦੇ ਭਣੋਈਏ ਪ੍ਰੀਤਮ ਦਾਸ ਪਿੰਡ ਕਕਰਾਲਾ ਜ਼ਿਲ੍ਹਾ ਲੁਧਿਆਣਾ 'ਚੋਂ ਘਰੋਂ ਚੁੱਕ ਕੇ ਕਿਧਰੇ ਖਪਾ ਦਿੱਤਾ ਸੀ। ਹੁਣ ਪਿੰਡ ਕਕਰਾਲਾ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਆਉਂਦਾ ਹੈ। ਸ਼ਹੀਦ ਤਰਸੇਮ 'ਬਾਵੇ' ਦੀ ਭੈਣ ਸੰਯੋਗਤਾ, ਪੇਕੇ ਤੇ ਸਹੁਰੇ ਪਰਿਵਾਰ 'ਤੇ ਹਕੂਮਤੀ ਵਹਿਸ਼ੀ ਜਬਰ ਨਾ ਸਹਾਰਦੀ ਹੋਈ ਸਦਮੇ ਨਾਲ ਹੀ ਗੋਦੜੀ ਦੇ ਨਿੱਕੇ ਲਾਲ ਨੂੰ ਛੱਡ ਕੇ ਅੱਖਾਂ ਮੀਟ ਗਈ ਸੀ। ਮਾਂ ਨੇ ਆਪਣੇ ਜੁਆਨ ਪੁੱਤ ਤੇ ਪੁੱਤਰ ਵਰਗੇ ਜਵਾਈ ਅਤੇ ਧੀ ਨੂੰ ਵਿਦਾ ਕਰਕੇ ਵੀ ਹੌਂਸਲਾ ਨਹੀਂ ਸੀ ਹਾਰਿਆ, ਸਗੋਂ ਹਕੂਮਤੀ ਜਬਰ ਅਤੇ ਪੁਲਸੀ ਧਾੜਾਂ ਅੱਗੇ ਡਟ ਕੇ ਖੜੋਂਦੀ ਰਹੀ ਅਤੇ ਅਗਲੇ ਵਰ੍ਹਿਆਂ ਦੌਰਾਨ ਲਗਾਤਾਰ ਇਲਾਕੇ ਦੀ ਜਮਹੂਰੀ ਇਨਕਲਾਬੀ ਲਹਿਰ ਨਾਲ ਜੁੜ ਕੇ ਰਹੀ। ਦੇਹਾਂਤ ਵੇਲੇ ਉਮਰ ਦੇ 100 ਵਰ੍ਹਿਆਂ ਨੂੰ ਢੁੱਕੀ ਮਾਂ ਆਗਿਆਵੰਤੀ ਨੇ ਸਰਕਾਰੀ ਜਬਰ ਦੇ ਸਾਹਮਣੇ ਇੱਕ ਨਵਾਂ ਇਤਿਹਾਸ ਰਚਿਆ ਸੀ। ਉਸ ਇਲਾਕੇ ਵਿੱਚ ਸੁਰਿੰਦਰ ਰਾਮਪੁਰੀ ਦੀ ਪਤਨੀ ਦਾ ਆਉਣਾ ਜਿਵੇਂ ਸੰਘਰਸ਼ਾਂ ਵਾਲੇ ਪਿੜ੍ਹ ਨੂੰ ਹੋਰ ਮਜ਼ਬੂਤ ਕਰਨ ਦਾ ਹੀ ਇੱਕ ਨਵਾਂ ਮੁੱਢ ਸੀ। ਲੋਕ ਸੰਘਰਸ਼ਾਂ ਦੇ ਮੋਰਚੇ ਨੂੰ ਮਜ਼ਬੂਤ ਕਰਨ ਵਿਚ ਆਪਣਾ ਹਿੱਸਾ ਪਾਉਂਦਿਆਂ ਸੁਦੇਸ਼ ਰਾਣੀ ਨੇ ਫਿਰਕੂ ਦਹਿਸ਼ਤ ਦਾ ਮੁਕਾਬਲਾ ਕਰਨ ਵਾਲੇ ਰਾਮਪੁਰ ਦੇ ਲੇਖਕਾਂ ਦੀ ਮੁਹਿੰਮ ਸਮੇਂ ਸੁਰਿੰਦਰ ਰਾਮਪੁਰੀ ਨਾਲ ਮੋਢੇ ਨਾਲ ਮੋਢਾ ਜੋੜਿਆ ਸੀ। ਹਰ ਕਦਮ 'ਤੇ ਸਾਥ ਦਿੱਤਾ ਸੀ।
ਮਾਤਾ ਸੁਦੇਸ਼ ਰਾਣੀ ਅਜਿਹੇ ਖਾਲਸ ਤੇ ਉਸਾਰੂ ਸੁਭਾਅ ਦੀ ਮਾਲਕਣ ਸੀ ਕਿ ਬਹੁਤ ਕੁਝ ਯਾਦ ਆਉਂਦਾ ਹੈ। ਉਮਰ ਦੇ 72 ਬਸੰਤ ਹੰਢਾਅ ਕੇ 28 ਜੁਲਾਈ ਨੂੰ ਇਸ ਜਹਾਨ-ਏ-ਫ਼ਾਨੀ ਨੂੰ ਅਲਵਿਦਾ ਆਖ ਗਈ ਮਾਤਾ ਸੁਦੇਸ਼ ਰਾਣੀ ਨੇ ਸੱਸ (ਮਾਤਾ ਸਵਿੱਤਰੀ ਦੇਵੀ) ਨੂੰ ਮਾਂ ਬਣਾ ਕੇ ਸੇਵਾ ਕੀਤੀ, ਪਤੀ ਨੂੰ ਸਾਹਿਤਕ-ਸਮਾਜਿਕ ਜਿੰਮੇਵਾਰੀਆਂ ਲਈ ਵਿਹਲੇ ਕਰੀ ਰੱਖਿਆ, ਪੁੱਤਾਂ (ਗਗਨ ਦੀਪ ਸ਼ਰਮਾ ਅਤੇ ਭੁਵਨੇਸ਼ ਸ਼ਰਮਾ) ਨੂੰ ਉਡਾਰੀ ਮਾਰਨ ਲਈ ਜ਼ਮੀਨ ਮੋਕਲੀ ਕੀਤੀ, ਦਿਉਰ (ਰਮੇਸ਼ ਕੁਮਾਰ ਸ਼ਰਮਾ) ਨੂੰ ਨਿੱਕੇ ਵੀਰ ਤੇ ਭਰਜਾਈ (ਸ਼ਸ਼ੀ ਸ਼ਰਮਾ) ਨੂੰ ਛੋਟੀ ਭੈਣ ਵਾਂਗ ਤਿਓ੍ਹ ਕੀਤਾ, ਨੂੰਹਾਂ (ਮਨਦੀਪ ਅਤੇ ਭਾਰਤੀ) ਲਈ ਆਲੇ-ਦੁਆਲੇ ਦੀ ਤੱਤੀ ’ਵਾਅ ਤੋਂ ਓਟ ਬਣੀ ਰਹੀ, ਅਤੇ ਪੋਤਰੇ (ਜੀਵਾਂਸ਼) ਲਈ ਮੋਹ ਦਾ ਸਰੋਤ ਬਣ ਕੇ ਵਗੀ।
ਆਪਣੀ ਰੇਖਾ-ਚਿੱਤਰਾਂ ਦੀ ਪੁਸਤਕ ‘ਚੰਦਨ ਦੇ ਰੁੱਖ’ ਦਾ ਸਮਰਪਣ ਪਤਨੀ ਦੇ ਨਾਂਅ ਕਰਦਿਆਂ ਸੁਰਿੰਦਰ ਰਾਮਪੁਰੀ ਦਾ ਲਿਖਿਆ, “ਪਤਨੀ ਸੁਦੇਸ਼ ਨੂੰ, ਜਿਸਦੇ ਸੁਭਾਅ ਵਿਚ ਚੰਦਨ ਦੀ ਤਾਸੀਰ ਹੈ”, ਸੱਚਮੁੱਚ ਉਹਨਾਂ ਦੇ ਸੁਭਾਅ ਦੀ ਸੱਚ-ਬਿਆਨੀ ਕਰਦਾ ਹੈ। ਪਤਨੀ ਦੀ ਨਿੱਘੀ ਯਾਦ ਨੂੰ ਸੀਨੇ ਨਾਲ ਲਾ ਕੇ ਰਾਮਪੁਰੀ ਆਖਦੈ, “ਉਸਦੇ ਹੁੰਦਿਆਂ ਮੈਨੂੰ ਕਦੇ ਲੱਗਿਆ ਹੀ ਨਹੀਂ ਕਿ ਘਰ ਦੀ ਕੋਈ ਜ਼ਿੰਮੇਵਾਰੀ ਵੀ ਹੁੰਦੀ ਹੈ। ਉਸ ਦਾ ਮੰਜੇ ’ਤੇ ਪਈ ਹੋਣ ਦਾ ਵੀ ਇਕ ਚਮਤਕਾਰੀ ਆਭਾ ਸੀ ਜਿਸ ਨੇ ਟੱਬਰ ਦੁਆਲੇ ਸਦਭਾਵਨਾ ਦਾ ਇਕ ਚੱਕਰ ਵਲ਼ੀ ਰੱਖਿਆ”।
ਇਸੇ ਆਭਾ ਦਾ ਪ੍ਰਤਾਪ ਸੀ ਕਿ ਉਹਨਾਂ ਦੇ ਤੁਰ ਜਾਣ ਮੌਕੇ ਆਲੇ-ਦੁਆਲੇ ਦੀਆਂ ਉਹ ਅੱਖਾਂ ਵੀ ਨਮ ਸਨ ਜਿਹਨਾਂ ਨਾਲ ਉਹਨਾਂ ਦਾ ਕੋਈ ਖ਼ੂਨ ਦਾ ਨਹੀਂ ਸੀ ਸਗੋਂ ਮਹਿਜ਼ ਸੰਸਾਰਿਕ ਰਿਸ਼ਤੇ ਹੀ ਸਨ। ਉਹਨਾਂ ਨੂੰ ਰਿਸ਼ਤੇ ਬਣਾਉਣੇ ਵੀ ਆਉਂਦੇ ਸਨ ਤੇ ਬਚਾਉਣੇ ਵੀ। ਮਾਂ ਦੀ ਪ੍ਰਗਤੀਵਾਦੀ ਸੋਚ ਦਾ ਲੜ ਫੜ ਕੇ ਉਡਾਰ ਹੋਇਆ ਪੁੱਤ ਗਗਨ ਦੀਪ ਸ਼ਰਮਾ ਆਖਦਾ ਹੈ, “ਮਾਪੇ ਬੱਚੇ ਨੂੰ ਨਿਰਾ ਜਨਮ ਹੀ ਨਹੀਂ ਦਿੰਦੇ ਸਗੋਂ ਉਹਨਾਂ ਦਾ ਚਰਿੱਤਰ ਵੀ ਘੜਦੇ ਹਨ। ਜੇ ਪਾਪਾ ਦੀਆਂ ਲਿਖਤਾਂ ਨੂੰ ਪੜ੍ਹ-ਪੜ੍ਹ ਕੇ ਮੈਂ ਕਵਿਤਾ ਲਿਖਣੀ ਸਿੱਖੀ ਤਾਂ ਮੰਮੀ ਦੇ ਜਿਊਣ ਨੂੰ ਵਾਚਦਿਆਂ ਮੈਂ ਤੇ ਛੋਟੇ ਭਰਾ ਨੇ ਜ਼ਿੰਦਗ਼ੀ ਨੂੰ ਕਵਿਤਾ ਵਾਂਗ ਜਿਊਣਾ ਸਿੱਖਿਆ”।
ਸ਼ੁੱਕਰਵਾਰ (28 ਜੁਲਾਈ) ਨੂੰ ਵੱਡੇ ਤੜਕੇ ਦੇਹ ਦਾ ਓਹਲਾ ਕਰ ਗਈ ਮਾਤਾ ਸੁਦੇਸ਼ ਰਾਣੀ ਨਮਿਤ ਰੱਖੇ ਸ਼੍ਰੀ ਗਰੁਣ ਪੁਰਾਣ ਦੇ ਭੋਗ ਤੇ ਪਗੜੀ ਦੀ ਰਸਮ 6 ਅਗਸਤ ਦਿਨ ਐਤਵਾਰ ਨੂੰ ਪਿੰਡ ਰਾਮਪੁਰ ਵਿਚਲੇ ਗੁਰਦੁਆਰਾ ਸ੍ਰੀ ਬੁੰਗਾ ਸਾਹਿਬ ਦੇ ਦੀਵਾਨ ਹਾਲ ਵਿਚ ਦੁਪਹਿਰ ਇਕ ਤੋਂ ਦੋ ਵਜੇ ਤੱਕ ਹੋਵੇਗੀ।
ਸ਼੍ਰੀ ਗਰੁਣ ਪੁਰਾਣ ਦੇ ਭੋਗ ਤੇ ਪਗੜੀ ਦੀ ਰਸਮ 6 ਅਗਸਤ ਦਿਨ ਐਤਵਾਰ ਨੂੰ ਹੋ ਜਾਣੀ ਹੈ। ਉਸੇ ਦਿਨ ਹੀ ਤਕਰੀਬਨ ਸਾਰੇ ਮਿੱਤਰਾਂ ਅਤੇ ਸੰਬੰਧੀਆਂ ਨੇ ਤੁਰ ਜਾਣਾ ਹੁੰਦਾ ਹੈ। ਅੰਤਿਮ ਅਰਦਾਸ ਵੇਲੇ ਤੀਕ ਹਉ ਬਹੁਤ ਸਾਰੇ ਮਿੱਤਰ ਅਤੇ ਸੰਬੰਧੀ ਆਲੇ ਦੁਆਲੇ ਰਹਿੰਦੇ ਹਨ। ਉਨਾਂ ਦੇ ਤੁਰ ਜਾਨ ਮਗਰੋਂ ਯਾਦਾਂ ਸ਼ਿੱਦਤ ਨਾਲ ਆਉਣ ਲੱਗਦੀਆਂ ਹਨ ਅਤੇ ਜਾਣ ਵਾਲੀ ਸ਼ਖ਼ਸੀਅਤ ਦੀ ਗੈਰ ਹਾਜ਼ਿਰੀ ਵਿੱਚ ਮੌਜੂਦਗੀ ਦਾ ਅਹਿਸਾਸ ਹੋਰ ਤਿੱਖਾ ਹੋ ਜਾਂਦਾ ਹੈ। ਇਸਲਈ ਸੁਰਿੰਦਰ ਰਾਮਪੁਰੀ ਸਾਹਮਣੇ ਬਿਰਹਾ ਦੀ ਅਸਲੀ ਪ੍ਰੀਖਿਆ ਹੁਣ ਸ਼ੁਰੂ ਹੋਣੀ ਹੈ। ਇਸਲਈ ਸੱਜਣਾਂ ਮਿੱਤਰਾਂ ਨੇ ਸੁਰਿੰਦਰ ਰਾਮਪੁਰੀ ਜੀ ਕੋਲ ਗੇੜਾ ਮਾਰਦੇ ਰਹਿਣਾ ਹੈ। --ਰੈਕਟਰ ਕਥੂਰੀਆ//ਸਾਹਿਤ ਸਕਰੀਨ ਡੈਸਕ