Posted on 13th December 2023 at 02:30 AM Updated on 13th December 2023 at 11:52 AM
"ਰਾਹਾਂ ਵਿੱਚ ਅੰਗਿਆਰ ਬੜੇ ਸੀ"--ਪਰ ਹੁਣ ਵੀ ਕਿਹੜਾ ਘੱਟ ਨੇ!
ਸੁਖਵਿੰਦਰ ਅੰਮ੍ਰਿਤ ਸੰਬੰਧੀ ਰਾਜਵਿੰਦਰ ਦਾ ਨਾਟਕ ਕਰਦਾ ਹੈ ਡੂੰਘੀਆਂ ਗੱਲਾਂ!
ਚੰਡੀਗੜ੍ਹ ਦੇ ਸੈਕਟਰ 26 ਵਿੱਚ ਸਥਿੱਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਸਕੂਲ ਦੇ ਓਪਨ ਏਅਰ ਥਿਏਟਰ ਵਿਚ ਇਹ ਮੰਚਣ ਕੁਦਰਤ ਦੀ ਗੋਦ ਵਿਚ ਹੁੰਦਾ ਮਹਿਸੂਸ ਹੋ ਰਿਹਾ ਸੀ। ਇਸ ਨਾਟਕ ਦਾ ਨਾਮ ਹੈ "ਰਾਹਾਂ ਵਿੱਚ ਅੰਗਿਆਰ ਬੜੇ ਸੀ" ਅਤੇ ਇਸ ਦੇ ਸ਼ੋਅ ਦਾ ਸਿਲਸਿਲਾ ਲਗਾਤਾਰ ਵੱਖ ਵੱਖ ਥਾਂਵਾਂ ਤੇ ਜਾਰੀ ਹੈ। ਹੁਣ 23 ਨੂੰ ਇਹ ਸ਼ੋਅ ਸਮਰਾਲੇ ਵੀ ਹੋਣਾ ਹੈ ਅਤੇ 26 ਨੂੰ ਬਠਿੰਡੇ ਵੀ। ਲਗਾਤਾਰ ਹਰਮਨ ਪਿਆਰੇ ਹੋ ਰਹੇ ਇਸ ਨਾਟਕ ਦੀ ਸਕਰਿਪਟ ਲਿਖੀ ਹੈ ਸਮਰਾਲੇ ਵਾਲੀ ਪ੍ਰਸਿੱਧ ਨਾਟ ਮੰਡਲੀ ਦੇ ਸੰਚਾਲਕ ਰਾਜਵਿੰਦਰ ਸਿੰਘ ਨੇ ਅਤੇ ਇਸ ਮੰਚਨ ਦੌਰਾਨ ਨਾਇਕਾ ਸੀ-ਕਮਲਜੀਤ ਨੀਰੂ। ਅਸਲ ਵਿੱਚ ਰਵਾਇਤੀ ਕਿਤਾਬੀ ਅੰਦਾਜ਼ ਤੋਂ ਵੱਖ ਹੋ ਕੇ ਇਹ ਇੱਕ ਤਰ੍ਹਾਂ ਨਾਲ ਥਿਏਟਰ ਬੁਕ ਵਾਂਗ ਹੀ ਹੈ। ਸਾਹਿਤ ਦਾ ਇਹ ਅੰਦਾਜ਼ ਬਹੁਤ ਜਲਦੀ ਬੁਲੰਦੀਆਂ ਛੂਹਣ ਵਾਲਾ ਹੈ। ਇਸ ਸ਼ੋਅ ਵਿੱਚ ਨਾਟਕ ਦੇ ਸਕ੍ਰਿਪਟ ਰਾਈਟਰ ਪ੍ਰਸਿਧ ਲੇਖਿਕਾ ਸੁਖਵਿੰਦਰ ਅੰਮ੍ਰਿਤ ਦੀਆਂ 9 ਕਿਤਾਬਾਂ ਵਿਚਲੀ ਸ਼ਾਇਰੀ ਦਾ ਸਾਰ ਵੀ ਬੜੀ ਸਫਲਤਾ ਨਾਲ ਦਿਖਾਇਆ ਹੈ। ਇਸ ਲਈ ਸ਼ਾਇਦ ਇਸ ਸ਼ੋਅ ਨਾਲ ਥਿਏਟਰ ਬੁਕ ਵਾਲਾ ਸੰਕਲਪ ਜਾਂ ਅੰਦਾਜ਼ ਵੀ ਜ਼ੋਰ ਫੜੇਗਾ। ਪੁਸਤਕਾਂ ਦੇ ਰਵਾਇਤੀ ਪ੍ਰਕਾਸ਼ਨ ਦਾ ਸਿਲਸਿਲਾ ਕਾਫੀ ਮੰਦਾ ਹੋਣ ਦੀ ਸੰਭਾਵਨਾ ਹੈ ਪਰ ਪਰਿਵਰਤਨ ਤਾਂ ਸੰਸਾਰ ਦਾ ਨਿਯਮ ਵੀ ਤਾਂ ਹੈ। ਇਸਦੇ ਨਾਲ ਹੀ ਆਡੀਓ ਅਤੇ ਵੀਡੀਓ ਪੁਸਤਕਾਂ ਦਾ ਬਾਜ਼ਾਰ ਵੀ ਤਿਆਰ ਹੋ ਰਿਹਾ ਹੈ।
ਇਹ ਨਾਟਕ ਵੀ ਇੱਕ ਪਾਤਰੀ ਹੀ ਹੈ। ਇੱਕ ਪਾਤਰੀ ਮੰਚਣ ਮਤਲਬ ਸਾਰੇ ਪਾਤਰਾਂ ਦੀ ਭੂਮਿਕਾ ਖੁਦ ਹੀ ਨਿਭਾਉਣੀ। ਉਹ ਵੀ ਬਿਨਾ ਸੀਨ ਬਦਲਿਆ ਅਤੇ ਬਿਨੇ ਪਰਦਾ ਸੁੱਟਿਆਂ। ਇਸ ਇਕ ਪਾਤਰੀ ਮੰਚਣ ਦੀਆਂ ਸਾਰੀਆਂ ਚੁਣੌਤੀਆਂ ਨੂੰ ਇਸ ਨਾਟਕ ਦੀ ਨਾਇਕਾ ਕਮਲਜੀਤ ਨੀਰੂ ਨੇ ਬਹੁਤ ਹੀ ਖੂਬਸੂਰਤੀ ਨਾਲ ਸਵੀਕਾਰ ਕੀਤਾ ਅਤੇ ਨਿਭਾਇਆ ਵੀ ਹੈ। ਉਸਦੀ ਅਦਾਕਾਰੀ ਨੇ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਅਜਿਹੀ ਅਦਾਕਾਰੀ ਅਤੇ ਪੇਸ਼ਕਾਰੀ ਡੂੰਘੀ ਸਾਧਨਾ ਮੰਗਦੀ ਹੈ। ਤਕਰੀਬਨ ਦੋ ਘੰਟੇ ਤੀਕ ਸ੍ਟੇਜ 'ਤੇ ਭੱਜਦੌੜ ਕਰਨ ਦਾ ਮਤਲਬ ਜਿਸਮਾਨੀ ਅਤੇ ਮਾਨਸਿਕ ਸਿਹਤ-ਦੋਹਾਂ ਦੀ ਨਿਰੰਤਰ ਸਾਂਭ ਸੰਭਾਲ ਨਾਲ ਹੀ ਇਹ ਸੰਭਵ ਹੈ। ਅੱਜਕਲ੍ਹ ਦੀਆਂ ਬਹੁਤੀਆਂ ਕੁੜੀਆਂ ਤਾਂ ਇੱਕ ਅੱਧ ਗੀਤ ਵਾਲੇ ਡਾਂਸ ਨਾਲ ਹੀ ਸਾਹੋ ਸਾਹੀ ਹੋ ਜਾਂਦੀਆਂ ਹਨ।
ਇੱਕ ਘੰਟਾ 55 ਮਿੰਟਾਂ ਦਾ ਇਹ ਸਾਰਾ ਨਾਟਕ ਇਸ ਨਾਇਕਾ ਨੂੰ ਜ਼ੁਬਾਨੀ ਯਾਦ ਹੈ। ਸੋਮਵਾਰ 11 ਦਸੰਬਰ ਦੀ ਸ਼ਾਮ ਨੂੰ ਜਦੋਂ ਚੰਡੀਗੜ੍ਹ ਵਿੱਚ ਇਸ ਨਾਟਕ ਦਾ 25ਵਾਂ ਸ਼ੋਅ ਹੋਇਆ ਤਾਂ ਪਹਿਲੇ ਦੋ ਤਿੰਨ ਮਿੰਟ ਅਤੇ ਆਖ਼ਿਰੀ ਦੋ ਤਿੰਨ ਮਿੰਟ ਅਰਥਾਤ ਕੁਲ ਛੇ ਕੁ ਮਿੰਟਾਂ ਦੀ ਰਿਕਾਰਡਿੰਗ ਨੂੰ ਛੱਡ ਕੇ ਬਾਕੀ ਸਾਰਾ ਕਾਵਿ ਨਾਟਕ ਇਸ ਨਾਇਕਾ ਨੇ ਲਾਈਵ ਬੋਲਿਆ। ਹਰ ਸਤਰ, ਹਰ ਡਾਇਲਾਗ ਹਰ ਕਵਿਤਾ, ਹਰ ਇੱਕ ਸ਼ਿਅਰ ਅਰਥਾਤ ਸਭ ਕੁਝ ਵਿੱਚ ਨੀਰੂ ਦੀ ਆਵਾਜ਼ ਅਤੇ ਅਦਾਕਾਰੀ ਨੇ ਜਾਨਦਾਰ ਬਣਾ ਦਿੱਤਾ। ਸਕਿੰਟਾਂ ਦੇ ਹਿਸਾਬ ਨਾਲ ਚਿਹਰੇ ਦੇ ਹਾਵ-ਭਾਵ ਬਦਲਣੇ ਅਦਾਕਾਰੀ ਦੀਆਂ ਸਿਖਰਾਂ ਛੂਹਣ ਵਾਲੀ ਗੱਲ ਹੈ। ਪੰਜਾਬੀ ਥਿਏਟਰ ਵਿੱਚ ਅਜਿਹਾ ਰੁਝਾਨ ਬੜੇ ਚਿਰ ਮਗਰੋਂ ਨਜ਼ਰ ਆ ਰਿਹਾ ਹੈ।
ਨਾਟਕ ਦੀ ਜਾਨ ਬਣੀ ਰਹੀ ਇਹ ਨਾਇਕਾ ਕਮਲਜੀਤ ਨੀਰੂ। ਹਰ ਡਾਇਲਾਗ ਅਤੇ ਹਰ ਸਤਰ ਨਾਲ ਦਰਸ਼ਕਾਂ ਨੂੰ ਹਲੂਣਦੀ ਹੈ। ਕੁਝ ਚੇਤਾ ਕਰਾਉਂਦੀ ਹੈ। ਕੁਝ ਵਚਨ ਲੈਦੀ ਹੈ। ਜੇਕਰ ਸੰਹੁ ਵਰਗਾ ਕੁਝ ਹੁੰਦਾ ਹੈ ਤਾਂ ਉਹ ਵੀ ਚਕਵਾਉਂਦੀਹੈ। ਉਸਦੀਆ ਅਦਾਕਾਰੀ ਅਤੇ ਡਾਇਲਾਗ ਡਲਿਵਰੀ ਕਦੇ ਕਦੇ ਵਾਸਤੇ ਜਿਹੇ ਦੇਂਦੀ ਵੀ ਮਹਿਸੂਸ ਹੁੰਦੀ ਹੈ ਕਿ ਹੁਣ ਤਾਂ ਜਾਗ ਜਾਓ! ਕਦੋਂ ਤੀਕ ਸੁੱਤੇ ਰਹੋਂਗੇ? ਉਹ ਜਦੋਂ ਬੋਲਦੀ ਹੈ:
ਨੀ ਫੁੱਲਾਂ ਵਰਗੀਓ ਕੁੜੀਓ
ਨੀ ਚੋਭਾਂ ਜਰਦੀਓ ਕੁੜੀਓ
ਕਰੋ ਕੋਈ ਜਿਉਣ ਦਾ ਹੀਲਾ
ਨੀ ਤਿਲ ਤਿਲ ਮਰਦੀਓ ਕੁੜੀਓ
ਸ਼ੋਅ ਦੌਰਾਨ ਕਈ ਵਾਰ ਅੱਖਾਂ ਨਮ ਹੁੰਦੀਆਂ ਹਨ-ਗਲਾ ਭਰ ਆਉਂਦਾ ਹੈ--ਕਈ ਵਾਰ ਜੋਸ਼ ਆਉਂਦਾ ਹੈ--ਇਹਨਾਂ ਸਾਰੇ ਉਤਰਾਵਾਂ ਚੜ੍ਹਾਵਾਂ ਦੌਰਾਨ ਹੀ ਅਤੀਤ ਦੇ ਨਾਲ ਨਾਲ ਮੌਜੂਦਾ ਦੌਰ ਦੀਆਂ ਕੌੜੀਆਂ ਹਕੀਕਤਾਂ ਵੀ ਸਾਡੇ ਸਾਹਮਣੇ ਸਾਕਾਰ ਹੋ ਜਾਂਦੀਆਂ ਹਨ। ਅਸਲ ਵਿੱਚ ਇਹ ਨਾਟਕ ਸਿਰਫ ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੀ ਕਹਾਣੀ ਹੀ ਨਹੀਂ ਹੈ। ਇਹ ਨਾਟਕ ਨਾਰੀ ਵਰਗ ਨਾਲ ਲਗਾਤਾਰ ਹੁੰਦੀਆਂ ਆ ਰਹੀਆਂ ਬੇਇਨਸਾਫੀਆਂ ਦੀ ਦਾਸਤਾਨ ਸਾਹਮਣੇ ਲਿਆਉਂਦਾ ਹੈ। ਇਹ ਨਾਟਕ ਯਾਦ ਕਰਾਉਂਦਾ ਹੈ ਇਸਤਰੀਆਂ ਬਾਰੇ ਇਸ ਦੇਸ਼ ਵਿੱਚ ਇਹ ਵੀ ਕਿਹਾ ਜਾਂਦਾ ਰਿਹਾ
ਇਸ ਨਾਟਕ ਵਿੱਚ ਪੰਜਾਬੀ ਸੱਭਿਆਚਾਰ ਵਿਚਲੇ ਰੁਮਾਂਸ ਦੇ ਉਹਨਾਂ ਵੇਲਿਆਂ ਦੀਆਂ ਗੱਲਾਂ ਦਾ ਵੀ ਜ਼ਿਕਰ ਹੈ ਜਦੋਂ ਬਸ ਛੋਟੀਆਂ ਛੋਟੀਆਂ ਇੱਛਾਵਾਂ ਨਾਲ ਰੁਮਾਂਸ ਵਿਚ ਰੰਗ ਬੱਝ ਜਾਂਦਾ ਸੀ। ਜਦੋਂ ਬਾਂਟੇ ਜਾਂ ਗੋਲੀ ਵਾਲੀ ਕੋਲਡ ਡਰਿੰਕ ਦੀ ਬੋਤਲ ਜਿਹਨੂੰ ਉਹਨਾਂ ਸਮਿਆਂ ਵਿੱਚ ਬੱਤਾ ਕਿਹਾ ਜਾਂਦਾ ਸੀ ਉਹ ਵੀ ਬੜੀ ਵੱਡੀ ਸੌਗਾਤ ਵਰਗੀ ਹੁੰਦੀ ਸੀ। ਇਸ ਨਾਲ ਹੀ ਘਰ ਆਏ ਗਏ ਦੀ ਆਓ ਭਗਤ ਹੁੰਦੀ ਸੀ ਅਤੇ ਇਸ ਨਾਲ ਬਾਜ਼ਾਰ ਜਾਣ ਵੇਲੇ ਜਾਂ ਘਰੋਂ ਬਾਹਰ ਜਾਣ ਵੇਲੇ ਸਭ ਤੋਂ ਵੱਡੀ ਪਸੰਦ ਵਾਲੀ ਸੁਆਦੀ ਆਈਟਮ। ਇਸ ਨਾਲ ਸਾਰਾ ਮੂਡ ਅਤੇ ਮਾਹੌਲ ਬਦਲਿਆ ਕਰਦਾ ਸੀ ਅਤੇ ਅੱਜ ਵਾਲੀਆਂ ਕੋਲਡ ਡਰਿੰਕਸ ਵਾਲਾ ਨੁਕਸਾਨ ਵੀ ਇਸ ਨਾਲ ਕਦੇ ਨਾ ਹੁੰਦਾ। ਪੇਟ ਦੀ ਗੈਸ ਅਤੇ ਸਰੀਰ ਵਿੱਚ ਮੌਸਮ ਦੀ ਗਰਮ ਤੋਂ ਝਟਪਟ ਰਾਹਤ ਮਿਲ ਜਾਂਦੀ।
ਰਾਹਾਂ ਵਿਚ ਅੰਗਿਆਰ ਬੜੇ ਸੀ ਦਾ ਮੰਚਣ ਅਤੀਤ ਦੀਆਂ ਕਾਫੀ ਗੱਲਾਂ ਸਾਹਮਣੇ ਲਿਆਉਂਦਾ ਹੈ। ਇੱਕ ਪੁਰਾਣੇ ਰੇਡੀਓ ਸੈਟ ਨੂੰ ਵੀ ਇਸ ਨਾਟਕ ਵਿਚ ਉਹਨਾਂ ਵੇਲਿਆਂ ਦੇ ਗੀਤ ਸੰਗੀਤ ਦੀਆਂ ਯਾਦਾਂ ਤਾਜ਼ਾ ਕਰਨ ਵਾਲੇ ਪ੍ਰਤੀਕ ਵੱਜੋਂ ਦਿਖਾਇਆ ਗਿਆ ਹੈ। ਇਸ ਤਰ੍ਹਾਂ ਇਹ ਨਾਟਕ ਹਕੀਕਤ ਦੇ ਬੇਹੱਦ ਨੇੜੇ ਵੀ ਹੋ ਜਾਂਦਾ ਹੈ। ਰੇਡੀਓ ਬਹੁਤ ਸਾਰੇ ਘਰਾਂ ਵਿੱਚ ਹੋਇਆ ਕਰਦਾ ਸੀ।ਉਸਦੀ ਉੱਚੀ ਆਵਾਜ਼ ਦਾ ਲਾਹਾ ਲੈਂਦਿਆਂ ਕੁੜੀਆਂ ਰੇਡੀਓਂ ਤੋਂ ਵੱਜਦੇ ਗੀਤਾਂ ਨੂੰ ਕੰਧਾਂ ਨਾਲ ਕੰਨ ਲਾ ਕੇ ਸੁਣਦੀਆਂ।
ਰੇਡੀਓ ਤੋਂ ਸੁਣੇ ਇਹ ਗੀਤ ਹੀ ਕੁੜੀਆਂ ਨੂੰ ਗੀਤ ਲਿਖਣ ਲਈ ਵੀ ਪ੍ਰੇਰਦੇ ਪਰ ਕੁੜੀਆਂ ਲਈ ਗੀਤ ਲਿਖਣਾ ਵੀ ਤਾਂ ਬੰਦਸ਼ਾਂ ਦੇ ਦਾਇਰਿਆਂ ਵਿਚ ਹੀ ਸੀ। ਗੀਤਾਂ ਵਾਲੀਆਂ ਕਾਪੀਆਂ ਨੂੰ ਕਿਵੇਂ ਵਰਕਾ ਵਰਕਾ ਕਰਕੇ ਚੁੱਲ੍ਹਿਆਂ ਵਿੱਚ ਸੁੱਟ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਬਹੁਤੇ ਮਾਮਲਿਆਂ ਵਿੱਚ ਕੁੜੀਆਂ ਅੰਦਰਲੇ ਲੇਖਕਾਂ ਨੂੰ ਜਨਮ ਲੈਂਦਿਆਂ ਹੀ ਮਾਰ ਦਿੱਤਾ ਜਾਂਦਾ ਸੀ। ਗੀਤ ਲਿਖਣ ਗਾਉਣ ਵਰਗੀ ਕਲਾ ਦੀ ਸਾਧਨਾ ਨੂੰ ਕੰਜਰਾਂ ਵਾਲਾ ਕੰਮ ਆਖਿਆ ਜਾਂਦਾ ਸੀ। ਅਜਿਹੇ ਰਿਵਾਜਾਂ ਵਾਲੀਆਂ ਸਖਤੀਆਂ ਦੇ ਬਾਵਜੂਦ ਕੋਈ ਨ ਕੋਈ ਕੁੜੀ ਸੁਖਵਿੰਦਰ ਅੰਮ੍ਰਿਤ ਬਣ ਹੀ ਜਾਂਦੀ ਹੈ। ਯਾਦ ਆਉਂਦੀਆਂ ਨੇ ਬਾਵਾ ਬਲਵੰਤ ਹੁਰਾਂ ਦੀਆਂ ਸਤਰਾਂ:
ਸ਼ੌਂਕ ਤੋੜ ਲੰਘਿਆ ਕੋਟ ਆਫ਼ਤਾਂ ਦੇ--ਸਮਾਂ ਸੂਝ ਦੀਆਂ ਛੁਰੀਆਂ ਉਲਾਰਦਾ ਰਿਹਾ!
ਏਨੀਆਂ ਪਾਬੰਦੀਆਂ ਵਾਲੇ ਮਾਹੌਲ ਅਤੇ ਏਨੇ ਪ੍ਰਦੂਸ਼ਿਤ ਮਾਹੌਲ ਵਿਚ ਵੀ ਕੁਝ ਕੁੜੀਆਂ ਜੇਕਰ ਕੁਝ ਬਣ ਜਾਂਦੀਆਂ ਹਨ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ। ਪੂੰਜੀਵਾਦ ਨੇ ਤਾਂ ਥਾਂ ਥਾਂ ਗਲੀ ਮੁਹੱਲਿਆਂ ਵਿਚ ਜੀਬੀ ਰੋਡ ਵਰਗੇ ਮਾਹੌਲ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਹ ਸਰਮਾਏਦਾਰੀ ਸਿਸਟਮ ਨਹੀਂ ਚਾਹੁੰਦਾ ਕਿ ਅੱਜ ਦੇ ਮੁੰਡੇ ਕੁੜੀਆਂ ਕੋਈ ਚੇਤਨਾ ਜਗਾਉਣ ਵਾਲਾ ਕੰਮ ਕਰਨ।
ਕੁੜੀਆਂ ਨੂੰ ਸਿਰਫ ਭੋਗ ਦੀ ਵਸਤੂ ਬਣਾ ਕੇ ਪ੍ਰਚਾਰਨ ਦੀਆਂ ਸਾਜ਼ਿਸ਼ਾਂ ਵਿੱਚ ਸੱਤਾ, ਸਰਕਾਰ ਅਤੇ ਸਿਆਸੀ ਪਾਰਟੀਆਂ ਸ਼ਾਮਿਲ ਲੱਗਦੀਆਂ ਹਨ ਕਿਓਂਕਿ ਇਹਨਾਂ ਨੇ ਕਦੇ ਇਹਨਾਂ ਦੀ ਰੋਕਥਾਮ ਲਈ ਬਣੇ ਹੋਏ ਕਾਨੂੰਨ ਅਤੇ ਪੁਲਿਸ ਦੀ ਵਰਤੋਂ ਵੀ ਅਸਰਦਾਇਕ ਢੰਗ ਨਾਲ ਨਹੀਂ ਕੀਤੀ। ਅਸ਼ਲੀਲਤਾ ਅਤੇ ਨਸ਼ਿਆਂ ਮਾਰੇ ਮੁੰਡੇ ਕੁੜੀਆਂ ਕਦੇ ਕ੍ਰਾਂਤੀ ਜਾਂ ਬਦਲਾਹਟ ਬਾਰੇ ਸੋਚ ਹੀ ਨਹੀਂ ਸਕਦੇ। ਇਹਨਾਂ ਤੋਂ ਕਿਸੇ ਸੱਤਾ ਜਾਂ ਪਾਰਟੀ ਨੂੰ ਕੋਈ ਖਤਰਾ ਨਹੀਂ ਹੁੰਦਾ।
ਬਸ ਕਦੇ ਕਦਾਈ ਜਦੋਂ ਕਿਸੇ ਸੁਖਵਿੰਦਰ ਅੰਮ੍ਰਿਤ ਦੀ ਸ਼ਖਸੀਅਤ ਸਾਹਮਣੇ ਆਉਂਦੀ ਹੈ ਤਾਂ ਕੁਝ ਕੁੜੀਆਂ ਮੁੰਡੇ ਇਸ ਤਰ੍ਹਾਂ ਦਾ ਬਣਨ ਲਈ ਪ੍ਰੇਰਿਤ ਹੁੰਦੇ ਹਨ। ਇਹੀ ਹੈ ਇਸ ਨਾਟਕ ਦੀ ਗਭੀਰ ਪ੍ਰਾਪਤੀ। ਸਾਹਿਤ ਦੀਆਂ 9 ਕਿਤਾਬਾਂ ਨੂੰ ਇੱਕੋ ਥਾਂ ਸਮੇਟਣ ਵਾਲਾ ਇਹ ਨਾਟਕ ਬਹੁਤ ਸੂਖਮ ਅਸਰ ਪਾਉਂਦਾ ਹੈ ਜਿਹਨਾ ਦੇ ਚੰਗੇ ਨਤੀਜੇ ਵੀ ਛੇਤੀ ਨਿਕਲਣਗੇ। ਇਹ ਸ਼ੋਅ ਅਸਲ ਵਿੱਚ 9 ਕਿਤਾਬਾਂ ਦਾ ਲਾਈਵ ਸੰਗ੍ਰਹਿ ਜਿਹਾ ਹੀ ਸੀ।
ਹਰ ਮਾਮਲੇ ਵਿਚ ਨਫ਼ਾ ਨੁਕਸਾਨ ਦੇਖਣ ਵਾਲੇ ਪੂੰਜੀਵਾਦ ਨੂੰ ਪ੍ਰਣਾਏ ਸਿਸਟਮ ਨੇ ਖੁਦ ਹੀ ਨਾਰੀ ਜਾਤੀ ਨੂੰ ਗਲਤ ਰਾਹਾਂ ਤੇ ਤੋਰਿਆ। ਆਪਣੀ ਅਯਾਸ਼ੀ ਲਈ ਇਹਨਾਂ ਨੂੰ ਮਜਬੂਰ ਕੀਤਾ ਅਤੇ ਫਿਰ ਖੁਦ ਹੀ ਇਹਨਾਂ ਨੂੰ ਬਦਕਾਰ ਆਖ ਕੇ ਬਦਨਾਮ ਕੀਤਾ। ਬਦਨਾਮ ਆਖ ਕੇ ਇਹਨਾਂ ਨੂੰ ਸਮਾਜ ਦੀ ਮੁਖ ਧਾਰਾ ਵਿੱਚੋਂ ਬਾਹਰ ਕਢਣ ਦਾ ਜੁਰਮ ਵੀ ਕੀਤਾ। ਸਾਹਿਰ ਲੁਧਿਆਣਵੀ ਸਾਹਿਬ ਦੀ ਲੰਮੀ ਕਵਿਤਾ ਹਿਲਾ ਕੇ ਰੱਖ ਦੇਂਦੀ ਹੈ ਇਸ ਸਮਾਜ ਦੀਆਂ ਕਰਤੂਤਾਂ ਬਾਰੇ ਸੁਣ ਕੇ:
ਔਰਤ ਨੇ ਜਨਮ ਦੀਆ ਮਰਦੋਂ ਕੋ
ਮਰਦੋਂ ਨੇ ਉਸੇ ਬਾਜ਼ਾਰ ਦੀਆ
ਜਬ ਜੀ ਚਾਹਾ ਮਸਲਾ ਕੁਚਲਾ
ਜਬ ਜੀ ਚਾਹਾ ਦੁਤਕਾਰ ਦੀਆ
ਤੁਲਤੀ ਹੈ ਕਹੀਂ ਦਿਨਾਰੋਂ ਮੇਂ
ਬਿਕਤੀ ਹੈ ਕਹੀਂ ਬਜ਼ਾਰੋਂ ਮੇਂ!
ਨੰਗੀ ਨਚਵਾਈ ਜਾਤੀ ਹੈ,
ਅਯਾਸ਼ੋਂ ਕੇ ਦਰਬਾਰੋਂ ਮੇਂ!
ਯੇਹ ਵੋਹ ਬੇਇਜ਼ਤ ਚੀਜ਼ ਹੈ ਜੋ,
ਬੰਟ ਜਾਤੀ ਹੈ ਇਜ਼ਤਦਾਰੋਂ ਮੇਂ
ਅਜਿਹੇ ਸਾਰੇ ਹਾਲਾਤ ਹੀ ਇਸਤਰੀਆਂ ਲਈ ਬਗਾਵਤਾਂ ਵਾਲੇ ਹੀ ਬਣੇ ਹੋਏ ਸਨ। ਇੱਕ ਦੁੱਕਾ ਬਹੁਤ ਕੁਝ ਹੁੰਦਾ ਵੀ ਰਿਹਾ ਹੋਣਾ ਹੈ। ਖੁਦਕੁਸ਼ੀਆਂ ਅਤੇ ਕਤਲ ਉਦੋਂ ਵੀ ਹੁੰਦੇ ਰਹੇ ਹੋਣੇ ਹਨ। ਪਰ ਸਮਾਜ ਦੀਆਂ ਇਹਨਾਂ ਕੁਰੀਤੀਆਂ ਅਤੇ ਬੇਇਨਸਾਫੀਆਂ ਦਾ ਸਭ ਤੋਂ ਵੱਧ ਖਮਿਆਜ਼ਾ ਇਸਤਰੀ ਵਰਗ ਨੇ ਹੀ ਭੁਗਤਿਆ। ਹਾਲਾਤ ਅਜੇ ਵੀ ਕੋਈ ਬਹੁਤਾ ਨਹੀਂ ਸੁਧਰੇ।
ਜੇਕਰ ਕਦੇ ਉਹਨਾਂ ਬੀਤੇ ਵੇਲਿਆਂ ਦੀ ਪੜਤਾਲ ਹੋਈ ਤਾਂ ਸਭ ਤੋਂ ਵੱਧ ਸ਼ਰਮਸਾਰ ਪੁਰਸ਼ ਵਰਗ ਹੀ ਹੋਵੇਗਾ ਅਤੇ ਇਸ ਵਰਗ ਲਈ ਖੁਦ ਨੂੰ ਮੁਆਫ ਕਰਨਾ ਵੀ ਔਖਾ ਹੋ ਜਾਵੇਗਾ ਜਦਕਿ ਸਭ ਤੋਂ ਵੱਧ ਕਸੂਰ ਉਹਨਾਂ ਵੇਲਿਆਂ ਦੇ ਆਰਥਿਕ ਢਾਂਚੇ ਦਾ ਹੀ ਸੀ। ਜਾਤ ਪਾਤ ਵਾਲੇ ਸਿਸਟਮ ਦਾ ਵੀ ਸੀ। ਸਮਾਜ ਵਿਚ ਬਾਹੂਬਲੀਆਂ ਦੀਆਂ ਗੰਦੀਆਂ ਨਜ਼ਰਾਂ ਦਾ ਵੀ ਸੀ। ਬਸ ਸਭ ਨੂੰ ਇਹੋ ਠੀਕ ਅਤੇ ਸੌਖਾ ਲੱਗਦਾ ਰਿਹਾ ਕਿ ਕੁੜੀਆਂ ਨੂੰ ਅੰਦਰ ਦੀਵਾਰਾਂ ਵਿਚ ਡੱਕੀ ਰੱਖੋ। ਹੁਣ ਵੀ ਸਮਾਜ ਇਹਨਾਂ, ਕੁੜੀਆਂ ਨੂੰ ਪੂਰੀ ਸੁਰੱਖਿਆ ਨਹੀਂ ਦੇ ਸਕਿਆ। ਅਜੇ ਵੀ ਆਏ ਦਿਨ ਨਿਰਭਿਆ ਵਰਗੇ ਕਾਂਡ ਵਾਪਰਦੇ ਹਨ। ਅਜੇ ਵੀ ਉੱਚੇ ਉੱਚੇ ਧਾਰਮਿਕ ਅਤੇ ਸਮਾਜਿਕ ਅਹੁਦਿਆਂ 'ਤੇ ਬੈਠੇ ਲੋਗ ਕੁੜੀਆਂ ਨੂੰ ਰਸੋਈ ਅਤੇ ਬੈਡਰੂਮ ਤੱਕ ਸੀਮਿਤ ਰੱਖਣ ਦੀਆਂ ਸਲਾਹਾਂ ਦੇਂਦੇ ਹਨ। ਇਸ ਲਈ ਅਜੋਕੇ ਮਾਹੌਲ ਵਿਚ ਇਸ ਨਾਟਕ ਦਾ ਮੰਚਣ ਬਹੁਤ ਅਰਥ ਰੱਖਦਾ ਹੈ। ਮਨੂ ਸਮ੍ਰਿਤੀ ਅੱਜ ਵੀ ਪ੍ਰਚਾਰੀ ਜਾ ਰਹੀ ਹੈ। ਹਾਲਾਤ ਹੁਣ ਵੀ ਬੇਹੱਦ ਨਾਜ਼ੁਕ ਹਨ। ਸ਼ਾਇਦ ਨਵੇਂ ਸਾਲ ਦੇ ਚੜ੍ਹਨ ਮਗਰੋਂ ਹੋਰ ਵੀ ਬਹੁਤ ਕੁਝ ਅਜਿਹਾ ਹੋਵੇ ਜਿਸ ਬਾਰੇ ਸੋਚ ਕੇ ਵੀ ਡਰ ਲੱਗਦਾ ਹੈ।
ਬਸ ਇਹੀ ਆਖ ਸਕਦੇ ਹਾਂ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ! ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਕਿ ਸਾਡੇ ਕੋਲ ਸੁਖਵਿੰਦਰ ਅੰਮ੍ਰਿਤਾ ਵਰਗੇ ਕੁਝ ਲੋਕ ਮੌਜੂਦਾ ਹਨ ਜਿਹੜੇ ਅਜੇ ਵੀ ਚੇਤਨਾ ਹਨ। ਸਿਰਫ ਆਪਣੀ ਕਲਮ ਦੇ ਸਿਰ 'ਤੇ ਜਾਗ੍ਰਤੀ ਲਿਆਉਣ ਲਈ ਜਤਨਸ਼ੀਲ ਹਨ।
ਸੁਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਦੇ ਬਹਾਨੇ ਸਮੁੱਚੇ ਨਾਰੀ ਜਗਤ ਸੰਬੰਧੀ ਰਾਜਵਿੰਦਰ ਦੇ ਲਿਖੇ ਅਤੇ ਨਿਰਦੇਸ਼ਿਤ ਇਸ ਨਾਟਕ ਨੂੰ ਦੇਖਦਿਆਂ ਬਾਰ ਬਾਰ ਇਹ ਖਿਆਲ ਵੀ ਆਇਆ ਕਿ ਇਸਦਾ ਨਾਮ "ਕਵਿਤਾ ਕਿਓਂ ਤਲਵਾਰ ਬਣੀ" ਵਾਂਗ ਕੁਝ ਹੁੰਦਾ ਜਾਂ ਇਹ ਹੁੰਦਾ "ਕਵਿਤਾ ਕਿੰਝ ਤਲਵਾਰ ਬਣੇ।"
ਹਾਲਾਂਕਿ ਨਾਟਕ ਵਿੱਚ ਨਾਇਕਾ ਸਪਸ਼ਟ ਵੀ ਕਰ ਦੇਂਦੀ ਹੈ ਕਿ ਉਸ ਨੇ ਸਮਾਜ ਅਤੇ ਪਰਿਵਾਰ ਦੇ ਜਬਰ ਜ਼ੁਲਮ ਦੇ ਖਿਲਾਫ ਕਹੀ ਨਹੀਂ ਚੁੱਕੀ ਬਲਕਿ ਕਲਮ ਚੁੱਕੀ ਅਤੇ ਕਵਿਤਾ ਨੂੰ ਹੀ ਹਥਿਆਰ ਬਣਾਇਆ। ਫਿਰ ਵੀ ਇਹ ਸੁਆਲ ਅਜੇ ਕਾਇਮ ਹੈ ਕਿ ਨਾਰੀ ਨੂੰ ਆਪਣੇ ਜ਼ੁਲਮੋ ਸਿਤਮ ਦਾ ਸ਼ਿਕਾਰ ਬਣਾਉਣ ਵਾਲੇ ਜਿਹੜੇ ਅਣਮਨੁੱਖੀ ਸੋਚਾਂ ਅਤੇ ਵਰਤਾਰਿਆਂ ਵਾਲੇ ਅਨਸਰ ਪੁਲਿਸ, ਕਾਨੂੰਨ ਅਤੇ ਸੱਤਾ ਦੇ ਸਾਹਮਣੇ ਵੀ ਦਨਦਨਾਉਂਦੇ ਫਿਰਦੇ ਹਨ ਉਹਨਾਂ ਦਾ ਸਾਹਮਣਾ ਕਿਸ ਤਰ੍ਹਾਂ ਹੋਵੇਗਾ? ਉਹ ਕਵਿਤਾ ਨੂੰ ਕੀ ਸਮਝਦੇ ਹਨ?
ਕੀ ਕਵਿਤਾ ਨਾਲ ਇਹ ਸੰਭਵ ਹੋ ਸਕੇਗਾ? ਇਹ ਸਭ ਉਦੋਂ ਵੀ ਹੋ ਰਿਹਾ ਹੈ ਜਦੋਂ ਕੁੜੀਆਂ ਪੜ੍ਹ ਲਿਖ ਕੇ ਘਰਾਂ ਦੀ ਚਾਰ ਦੀਵਾਰੀ ਵਿੱਚੋਂ ਬਾਹਰ ਆ ਕੇ ਵੀ ਬੜੀ ਦਲੇਰੀ ਨਾਲ ਵਿਚਰ ਰਹੀਆਂ ਹਨ। ਗਲੀ ਮੁਹੱਲਿਆਂ ਦੇ ਕੋਨੇ ਅਤੇ ਹਾਈਵੇ ਵਰਗੀਆਂ ਸੜਕਾਂ ਦੇ ਚੋਰਾਹੇ ਵੀ ਸੁਰਖਿਅਤ ਨਹੀਂ ਰਹੇ। ਕੈਮਰਿਆਂ ਨਾਲ ਸੁਸਜਿਤ ਬਸਾਂ ਅਤੇ ਟਰੇਨਾਂ ਵਿੱਚ ਵੀ ਇਹ ਸੁਰਖਿਆ ਯਕੀਨੀ ਨਹੀਂ ਬਣਾਈ ਜਾ ਸਕੀ। ਦਫਤਰਾਂ ਅਤੇ ਕਾਰੋਬਾਰੀ ਅਦਾਰਿਆਂ ਵਿਚ ਵੀ ਇਹ ਸੁਰਖਿਅਤ ਮਾਹੌਲ ਸੁਨਿਸਚਿਤ ਨਹੀਂ ਕੀਤਾ ਜਾ ਸਕਿਆ।
ਪਿੱਤਰ-ਸੱਤਾ ਜਾਂ ਪੁਰਸ਼ ਵਰਗ ਦੀਆਂ ਚਿੰਤਾਵਾਂ ਦੇ ਕਈ ਠੋਸ ਕਾਰਨ ਅਜੇ ਵੀ ਮੌਜੂਦ ਹਨ। ਪੁਰਸ਼ ਵਰਗ ਦਾ ਨਾ ਹੀ ਕੋਈ ਹੈ ਅਤੇ ਨਾ ਹੀ ਪੁਰਸ਼ ਵਰਗ ਨਾਰੀ ਦਾ ਕੋਈ ਦੁਸ਼ਮਣ ਹੈ। ਦੁਸ਼ਮਣ ਤਾਂ ਹੈ ਜਿਹੜਾ ਕੁੜੀਆਂ ਨੂੰ ਲੈ ਇਸਤਰੀ ਅਤੇ ਪੁਰਸ਼ ਦੋਹਾਂ ਵਰਗਾਂ ਲਈ ਚਿੰਤਾਵਾਂ ਹੀ ਪੈਦਾ ਕਰਦਾ ਹੈ। ਇਹ ਚਿੰਤਾਵਾਂ ਨਫ਼ਾ ਨੁਕਸਾਨ ਦੇਖਣ ਵਾਲੇ ਆਰਥਿਕ ਢਾਂਚੇ ਅਤੇ ਫਿਰਕਾਪ੍ਰਸਤੀ ਨੂੰ ਹਥਿਆਰ ਬਣਾ ਕੇ ਵਿਚਰਦੇ ਵਰਗਾਂ ਵੱਲੋਂ ਹੀ ਪੈਦਾ ਕੀਤੀਆਂ ਜਾਂਦੀਆਂ ਹਨ।
ਦਿਲਚਸਪ ਗੱਲ ਹੈ ਕਿ ਉਹਨਾਂ ਕਾਰਨਾਂ ਅਤੇ ਲਈ ਜ਼ਿੰਮੇਵਾਰਾਂ ਤੱਕ ਪਹੁੰਚਣ ਤੋਂ ਬਿਨਾ ਗੱਲ ਨਹੀਂ ਬਣਨੀ। ਇਹਨਾਂ ਅਨਸਰਾਂ ਨੂੰ ਜੜ੍ਹੋਂ ਪੁੱਟਣ ਦਾ ਸੁਨੇਹਾ ਦੇਂਦੇ ਇਸ ਨਾਟਕ ਵਿੱਚ ਪੁਰਸ਼ ਵਰਗ ਨੂੰ ਕਿਸੇ ਦੁਸ਼ਮਣ ਵਾਂਗ ਨਹੀਂ ਚਿਤਰਿਆ ਗਿਆ। ਸਦੀਆਂ ਤੋਂ ਚਲੀ ਆ ਰਹੀ ਇਸ ਸਾਜ਼ਿਸ਼ ਨੂੰ ਬੇਨਕਾਬ ਵੀ ਕਰਦਾ ਹੈ ਇਹ ਨਾਟਕ।
ਇਸ ਨਾਟਕ ਵਿੱਚ ਸੱਦਾ ਦਿੱਤਾ ਗਿਆ ਹੈ ਕਿ ਉਹ ਵੀ ਇਸਤਰੀ ਵਰਗ ਦੇ ਇਸ ਸੰਘਰਸ਼ ਵਿਚ ਔਰਤ ਦੇ ਨਾਲ ਤੁਰੇ। ਗੋਲੀ ਬਾਂਟੇ ਵਾਲਾ ਬੱਤਾ ਲਿਆ ਕੇ ਆਪਣੀ ਸਾਥਣ ਨੂੰ ਪਿਆਉਣਾ ਇਹੀ ਸੁਨੇਹਾ ਹੈ ਕਿ ਹੁਣ ਪੁਰਸ਼ ਅਤੇ ਨਾਰੀ ਦੋਵੇਂ ਇੱਕ ਹਨ। ਜਿਹੜੇ ਸਿਸਟਮ ਨੇ ਇਹ ਸਭ ਕੁਝ ਤਬਾਹ ਕੀਤਾ ਬਸ ਹੁਣ ਉਸਦੀ ਖੈਰ ਨਹੀਂ। ਅਜਿਹੇ ਮਨੁੱਖਤਾ ਵਿਰੋਧੀ ਸਿਸਟਮ ਨੂੰ ਜਦੋਂ ਵੀ ਸੁਰਖਿਅਤ ਨਹੀਂ ਬਚਣਾ।
ਅੱਜ ਉਹੀ ਪੁਰਾਣਾ ਗੀਤ ਫਿਰ ਰਲ ਕੇ ਗਾਉਣਾ ਪਏਗਾ:
ਸਾਥੀ ਹਾਥ ਬੜ੍ਹਾਣਾ !
ਦੇਖ ਅਕੇਲਾ ਥਕ ਜਾਏਗਾ!
ਮਿਲ ਕਰ ਬੋਝ ਉਠਾਣਾ!
ਇਸ ਨਾਟਕ ਦਾ ਏਨਾ ਖੂਬਸੂਰਤ ਮੰਚਣ ਗੀਤ ਸੰਗੀਤ ਅਤੇ ਲੁੜੀਂਦੀ ਰੌਸ਼ਨੀ ਬਿਨਾ ਏਨਾ ਸਫਲ ਨਹੀਂ ਸੀ ਹੋਣਾ। ਇਸ ਕੰਮ ਵਿੱਚ ਅਬਦੁਲ ਖਾਨ ਤੇ ਉਦੈਵੀਰ ਸੰਗੀਤ ਵਾਲਾ ਮੋਰਚਾ ਸੰਭਾਲ ਰਹੇ ਸਨ। ਵੰਸ਼, ਕੁਨਾਲ ਅਭਿਜੀਤ ਲਾਈਟਸ ਨੂੰ ਦੇਖ ਰਹੇ ਸਨ ਅਤੇ ਪਰਮਿੰਦਰ ਡਿਜ਼ਾਈਨ ਵਾਲੇ ਪਾਸੇ ਸੀ। ਕੁਲ ਮਿਲਾ ਕੇ ਸ਼ਬਦ ਅਤੇ ਸੰਗੀਤ ਦੀ ਸ਼ਕਤੀ ਨੇ ਇੱਕ ਹੋਰ ਕ੍ਰਾਂਤੀ ਦੀ ਅਲਖ ਜਗਾਈ ਹੈ। ਇਸਦਾ ਮੰਚਣ ਥਾਂ ਥਾਂ ਹੋਣਾ ਚਾਹੀਦਾ ਹੈ।