ਜ਼ਿਲ੍ਹਾ ਭਾਸ਼ਾ ਦਫ਼ਤਰ ਵਿੱਖੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਸਬੰਧੀ ਮਿਲਣੀ
ਪੰਜਾਬੀ ਦੀ ਰਾਖੀ, ਪੰਜਾਬੀ ਦੀ ਸ਼ਾਨੋਸ਼ੌਕਤ ਅਤੇ ਪੰਜਾਬੀ ਨਾਲ ਪ੍ਰੇਮ ਲਈ ਭਾਵੇਂ ਪੰਜਾਬ ਵਿੱਚ ਅਜੇ ਤੱਕ ਦੱਖਣੀ ਭਾਰਤ ਦੇ ਸੂਬਿਆਂ ਵਰਗਾ ਜਜ਼ਬਾਤੀ ਮਾਹੌਲ ਨਹੀਂ ਬਣ ਸਕਿਆ ਪਰ ਫਿਰ ਵੀ ਇਸ ਸੁਰ ਵਾਲੀ ਆਵਾਜ਼ ਬੁਲੰਦ ਹੋਣ ਲੱਗ ਪਈ ਹੈ। ਦਿਲਚਸਪ ਗੱਲ ਹੈ ਕਿ ਇਹ ਆਵਾਜ਼ ਪੰਜਾਬੀ ਦੇ ਹੱਕ ਵਿੱਚ ਦਿੱਤੇ ਜਾਂਦੇ ਧਰਨਿਆਂ ਤੇ ਮੁਜ਼ਾਹਰਿਆਂ ਆਦਿ ਤੋਂ ਬਿਲਕੁਲ ਹੀ ਵੱਖਰੀ ਹੈ। ਭਾਸ਼ਾ ਨੂੰ ਸਿਆਸਤ ਤੋਂ ਦੂਰ ਰੱਖ ਕੇ ਇਸ ਅੰਦਾਜ਼ ਨਾਲ ਸੰਘਰਸ਼ ਚਲਾਇਆ ਜਾ ਰਿਹਾ ਹੈ ਕਿ ਭਾਸ਼ਾ ਦੇ ਨਾਮ 'ਤੇ ਹੁੰਦੀ ਸਿਆਸਤ ਰਹਿਣ ਪੰਜਾਬੀ ਦਾ ਵਿਰੋਧ ਕਰਨ ਵਾਲੇ ਵੀ ਛੇਤੀ ਇਸ ਪੰਜਾਬੀ ਹਮਾਇਤੀ ਮੁਹਿੰਮ ਸਾਹਮਣੇ ਸ਼ਰਮਸਾਰ ਹੋਣਗੇ। ਇਸ ਸਾਰੀ ਮੁਹਿੰਮ ਦਾ ਇੱਕ ਬਹੁਤ ਹੀ ਸੁਖਦ ਪਹਿਲੂ ਇਹ ਵੀ ਕਿ ਇਸ ਸਾਰੀ ਮੁਹਿੰਮ ਅਧੀਨ ਹਿੰਦੀ, ਸੰਸਕ੍ਰਿਤ ਜਾਂ ਅੰਗਰੇਜ਼ੀ ਦਾ ਵਿਰੋਧ ਵੀ ਕੋਈ ਨਹੀਂ। ਜਦੋਂ ਪੰਜਾਬੀ ਘਰਾਂ ਅਤੇ ਖਾਸ ਕਰ ਕੇ ਸਿੱਖ ਘਰਾਂ ਵਿੱਚ ਬੱਚਿਆਂ ਨੂੰ ਹਿੰਦੀ ਸਿਖਾਉਣ ਵਾਲੇ ਪਾਸੇ ਜ਼ੋਰ ਲੱਗਿਆ ਹੋਇਆ ਹੋਵੇ ,ਸਕੂਲਾਂ ਵਿਚ ਪੰਜਾਬੀ ਬੋਲਣ 'ਤੇ ਜੁਰਮਾਨੇ ਹੁੰਦੇ ਹੋ ਉਦੋਂ ਅਜਿਹੀ ਪ੍ਰੇਮ ਭਰੀ ਮੁਹਿੰਮ ਸਫਲਤਾ ਨਾਲ ਚਲਾਉਣੀ ਕੋਈ ਸੌਖੀ ਵੀ ਨਹੀਂ। ਤੇਜ਼ੀ ਨਾਲ ਉਭਰ ਰਹੀ ਇਸ ਸਾਰਥਕ ਮੁਹਿੰਮ ਦੀ ਅਗਵਾਈ ਕਰਨ ਵਾਲਿਆਂ ਵਿੱਚ ਖੁਦ ਜ਼ਿਲਾ ਭਾਸ਼ਾ ਅਫਸਰ ਦਵਿੰਦਰ ਸਿੰਘ ਬੋਹਾ ਵੀ ਸਰਗਰਮ ਹਨ। ਕੋਲੋਂ ਪੈਸੇ ਲਾ ਕੇ ਪੰਜਾਬੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਵਿਚ ਜਨਾਬ ਬੋਹਾ ਦਾ ਵੀ ਕੋਈ ਮੁਕਾਬਲਾ ਨਹੀਂ। ਉਹਨਾਂ ਨੇ ਇਸ ਮਕਸਦ ਲਈ ਆਪਣੇ ਮਿੱਤਰਾਂ ਦੀ ਮੰਡਲੀ ਵੀ ਬਣਾਈ ਹੋਈ ਹੈ ਜਿਹੜੇ ਇਸ ਨੇਕ ਕੰਮ ਲਈ ਹਰ ਪਲ ਤਿਆਰ ਰਹਿੰਦੇ ਹਨ। ਅਜਿਹੇ ਮਿੱਤਰਾਂ ਵਿੱਚੋਂ ਕੁਝ ਲੋਕ ਆਏ ਵੀ ਹੋਏ ਸਨ।
ਜ਼ਿਲ੍ਹਾ ਭਾਸ਼ਾ ਦਫਤਰ ਵਿੱਚ ਹੋਈ ਇਸ ਯਾਦਗਾਰੀ ਮਿਲਣੀ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਸੰਖੇਪ ਜਿਹੇ ਵੇਰਵੇ ਨਾਲ ਜਾਣੂੰ ਕਰਵਾਇਆ। ਗਿਆ। ਉਨ੍ਹਾਂ ਨੇ ਇਸ ਦਿਸ਼ਾ ਵੌਇਚ ਦਿਖਾਈ ਸਰਗਰਮੀ ਅਧੀਨ ਪੰਜਾਬ ਸਰਕਾਰ ਵੱਲੋਂ ਸਮੂਹ ਅਦਾਰਿਆਂ ਅਤੇ ਸੰਸਥਾਵਾਂ ਦੇ ਨਾਂ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਸਬੰਧੀ ਜਾਰੀ ਕੀਤੇ ਗਏ ਆਦੇਸ਼ਾਂ ਤੋਂ ਵੀ ਸ੍ਰੋਤਿਆਂ ਨੂੰ ਜਾਣੂ ਕਰਵਾਇਆ। ਹੁਣ ਤੁਸੀਂ ਜੇਲ੍ਹ ਪ੍ਰਬੰਧਕੀ ਕੰਪਲੈਕਸ ਵਿਚ ਜਾਓ ਤਾਂ ਤੁਹਾਨੂੰ ਹਰ ਵਿਭਾਗ ਦੇ ਦਫਤਰ ਵਾਲੇ ਦਰਵਾਜ਼ੇ ਦੇ ਬਾਹਰ ਸਬੰਧਤ ਅਧਿਕਾਰੀ ਦਾ ਨਾਮ ਅਤੇ ਅਹੁਦਾ ਪੰਜਾਬੀ ਵਿਚ ਲਿਖਿਆ ਮਿਲੇਗਾ ਉਹ ਵੀ ਗੁਰਮੁਖੀ ਵਿੱਚ।
ਇਸ ਵਿਸ਼ੇਸ਼ ਮਿਲਣੀ ਲਈ ਪਹੁੰਚਣ ਵਾਲਿਆਂ ਵਿੱਚ ਬਹੁਤ ਹੀ ਸੂਝਵਾਨ ਸਰੋਤੇ ਵੀ। ਡਾ. ਬੋਹਾ ਵੱਲੋਂ ਸਮੂਹ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ/ ਵਿਭਾਗਾਂ/ ਅਦਾਰਿਆਂ/ ਸੰਸਥਾਵਾਂ/ ਵਿੱਦਿਅਕ ਅਦਾਰਿਆਂ/ ਬੋਰਡਾਂ/ ਨਿਗਮਾਂ ਅਤੇ ਗ਼ੈਰ ਸਰਕਾਰੀ ਸੰਸਥਾਵਾਂ/ ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ/ ਮੀਲ ਪੱਥਰ/ ਨਾਮ ਪੱਟੀਆਂ/ ਸਾਈਨ ਬੋਰਡ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਲਿਖੇ ਜਾਣ ਸਬੰਧੀ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ 21 ਨਵੰਬਰ 2023 ਤੋਂ ਪਹਿਲਾਂ-ਪਹਿਲਾਂ ਜ਼ਿਲ੍ਹੇ ਦੇ ਸਮੂਹ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਾਏ ਜਾਣ ਦੀ ਅਪੀਲ ਕੀਤੀ ਗਈ ਅਤੇ ਇਸ ਸ਼ੁੱਭ ਕਾਰਜ ਨੂੰ ਇੱਕ ਲੋਕ ਲਹਿਰ ਬਣਾਉਣ ਦੀ ਗੁਜ਼ਾਰਿਸ਼ ਕੀਤੀ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ, ਸਾਹਿਤਕਾਰਾਂ, ਸਾਹਿਤ ਸਭਾਵਾਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਲਹਿਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਬਹੁਤ ਹੀ ਸੰਵੇਦਨਸ਼ੀਲ ਸ਼ਾਇਰਾ, ਬਹੁਤ ਸਾਰੀਆਂ ਪੁਸਤਕਾਂ ਦੀ ਲੇਖਿਕਾ ਅਤੇ ਅਨੁਵਾਦਿਕਾ ਡਾ. ਸਰਬਜੀਤ ਕੌਰ ਸੋਹਲ ਵੀ ਉਚੇਚ ਨਾਲ ਸਮਾਂ ਕੱਢ ਕੇ ਪੁਜੇ ਹੋਏ ਸਨ। ਉਹਨਾਂ ਵੱਲੋਂ ਆਖਿਆ ਗਿਆ ਕਿ ਪੰਜਾਬੀ ਨੂੰ ਵਿਸ਼ਵ ਪੱਧਰ ਦੀ ਭਾਸ਼ਾ ਬਣਾਉਣ ਲਈ ਤਕਨੀਕ ਨਾਲ ਜੋੜਨਾ ਸਮੇਂ ਦੀ ਲੋੜ ਹੈ। ਤਕਨੀਕ ਦੀ ਗੱਲ ਕਰਦਿਆਂ ਉਹਨਾਂ ਇਸ ਸੰਬੰਧੀ ਹੋ ਰਹੇ ਕੰਮਾਂ ਬਾਰੇ ਵੀ ਦੱਸਿਆ ਅਤੇ ਨਾਲ ਹੀ ਇਹ ਵੀ ਕਿ ਇਹਨਾਂ ਮੰਤਵਾਂ ਲਈ ਸਾਨੂੰ ਕਿਸੇ ਪਾਸਿਓਂ ਵੀ ਲੁੜੀਂਦੇ ਫ਼ੰਡ ਨਹੀਂ ਮਿਲ ਰਹੇ। ਫੰਡਾਂ ਦੀ ਕਮੀ ਕਾਰਨ ਅਜਿਹੇ ਸਾਰੇ üਰੋਜੈਕਟ ਜਾਂ ਤਾਂ ਸ਼ੁਰੂ ਹੀ ਨਹੀਂ ਹੂ ਨਦੇ ਤੇ ਜਾਂ ਫਿਰ ਅੱਧ ਵਿਚਾਲੇ ਹੀ ਦਮ ਤੋੜ ਜਾਂਦੇ ਹਨ।
ਉਘੇ ਲੇਖਕ ਅਤੇ ਲੋਕ ਸੰਪਰਕ ਵਿਭਾਗ ਵਿਚ ਅਹਿਮ ਡਿਊਟੀ ਨਿਭਾ ਰਹੇ ਨਵਦੀਪ ਸਿੰਘ ਗਿੱਲ ਵੱਲੋਂ ਪੰਜਾਬੀ ਬੋਲੀ ਦੇ ਵਿਕਾਸ ਨੂੰ ਆਰਥਿਕਤਾ ਨਾਲ ਜੋੜਨ ਦੀ ਬਹੁਮੁੱਲੀ ਗੱਲ ਵੀ ਕੀਤੀ ਗਈ। ਉਹਨਾਂ ਦੇ ਇਸ ਨੁਕਤੇ ਨੂੰ ਸਭਨਾਂ ਨੇ ਬਹੁਤ ਹੀ ਧਿਆਨ ਨਾਲ ਸੁਣਿਆ। ਸ਼੍ਰੀ ਗਿੱਲ ਵੱਲੋਂ ਆਖਿਆ ਗਿਆ ਕਿ ਸਾਨੂੰ ਆਪਣੇ ਪੱਧਰ ਤੇ ਪੰਜਾਬੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਹੀ ਪੰਜਾਬੀ ਬਜ਼ਾਰ ਅਤੇ ਰੁਜ਼ਗਾਰ ਦੀ ਭਾਸ਼ਾ ਬਣੇਗੀ। ਇਹ ਗੱਲ ਹੈ ਵੀ ਅਸਲੀ ਹਕੀਕਤ ਵਾਲੀ। ਲੋਕ ਪਰਿਵਾਰ ਦਾਲ ਰੋਟੀ ਚਲਾਉਣ ਵਾਲੇ ਪਾਸੇ ਸਾਰੇ ਕੰਮ ਛੱਡ ਕੇ ਵੀ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਇਹ ਗੱਲ ਲੋਕਾਂ ਦੀ ਮਜਬੂਰੀ ਵੀ ਹੈ ਕਿ ਅਤੇ ਉਹ ਇਸਨੂੰ ਨਜ਼ਰ ਅੰਦਾਜ਼ ਕਰ ਵੀ ਨਹੀਂ ਸਕਦੇ।
ਇਸੇ ਮਿਲਣੀ ਦੌਰਾਨ ਤਕਨੀਕੀ ਵਿਕਾਸ ਦੀ ਗੱਲ ਤੁਰੀ ਤਾਂ ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਵੱਲੋਂ ਕਿਹਾ ਗਿਆ ਕਿ ਪੰਜਾਬੀ ਦੇ ਪ੍ਰਸਾਰ ਲਈ ਪੰਜਾਬੀਆਂ ਨੂੰ ਜੱਥੇਬੰਦਕ ਤੌਰ 'ਤੇ ਕੰਮ ਕਰਨ ਦੀ ਲੋੜ ਹੈ। ਸਤਵਿੰਦਰ ਸਿੰਘ ਧੜਾਕ ਵੱਲੋਂ ਆਖਿਆ ਗਿਆ ਕਿ ਪੰਜਾਬੀ ਨੂੰ ਬਚਾਉਣ ਲਈ ਭਾਸ਼ਾਈ ਵਰਕਸ਼ਾਪਾਂ ਉਲੀਕਣ ਦੇ ਨਾਲ-ਨਾਲ ਪੰਜਾਬੀ ਨੂੰ ਵਿਗਿਆਨ ਅਤੇ ਤਕਨੀਕ ਦੀ ਭਾਸ਼ਾ ਬਣਾਉਣ ਦੀ ਲੋੜ ਹੈ। ਦਿਲਚਸਪ ਗੱਲ ਹੈ ਕਿ ਇਸ ਬੋਲੀ ਅਤੇ ਭਾਸ਼ਾ ਵਿੱਚ ਅਜਿਹੇ ਅਮੀਰ ਸ਼ਬਦ ਮੌਜੂਦ ਵੀ ਹਨ; ਹਾਂ ਇਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਭਾਲ ਲਈ ਮਿਹਨਤ ਮੁਸ਼ੱਕਤ ਕਰਨੀ ਪੈ ਸਕਦੀ ਹੈ।
ਕਿਸੇ ਵੇਲੇ ਪ੍ਰਿੰਟ ਮੀਡੀਆ ਵਿੱਚ ਸਾਹਿਤਿਕ ਸਮਾਗਮਾਂ ਦੀਆਂ ਰਿਪੋਰਟ ਬੜੇ ਹੀ ਵੱਖੋ ਵੱਖਰੇ ਢੰਗ ਤਰੀਕੇ ਨਾਲ ਛਪਿਆ ਕਰਦੀਆਂ ਸਨ। ਮੌਜੂਦਾ ਅਖਬਾਰਾਂ ਦੀ ਆਧੁਨਿਕ ਛਪਾਈ ਨੇ ਭਾਵੇਂ ਜ਼ੋਰ ਨਹੀਂ ਸੀ ਫੜ੍ਹਿਆ ਪਰ ਨਵਾਂ ਜ਼ਮਾਨਾ, ਲੋਕ ਲਹਿਰ, ਕੌਮੀ ਦਰਦ, ਜੱਥੇਦਾਰ, ਅਕਾਲੀ ਪਤ੍ਰਿਕਾ, ਅਕਾਲੀ ਟਾਈਮਜ਼, ਹਿੰਦੀ ਮਿਲਾਪ, ਵੀਰ ਪ੍ਰਤਾਪ ਦੇ ਸਮਿਆਂ ਦੌਰਾਨ ਵੀ ਇਸ ਪਾਸੇ ਉਚੇਚਾ ਧਿਆਨ ਦਿੱਤਾ ਜਾਂਦਾ ਸੀ। ਪੰਜਾਬ ਕੇਸਰੀ ਦਾ ਮੈਗਜ਼ੀਨ ਐਡੀਸ਼ਨ ਵਾਲਾ ਪਹਿਲਾ ਸਫ਼ਾ ਨੀਲੇ ਰੰਗ ਦਾ ਬਹੁਤ ਜਚਿਆ ਕਰਦਾ ਸੀ। ਪੰਜਾਬ ਕੇਸਰੀ ਨੇ ਕਹਾਣੀਆਂ ਦੇ ਨਾਲ ਨਾਲ ਪਾਕਿਸਤਾਨ ਮਹਿਲਾ ਲੇਖਕਾਂ ਦੇ ਨਾਵਲ ਵੀ ਛਾਪੇ ਸਨ। ਬਾਅਦ ਵਿਚ ਅਜੀਤ ਅਤੇ ਜਗਬਾਣੀ ਨੇ ਵੀ ਕਮਾਲ ਦੀ ਜਾਦੂਗਰੀ ਦਿਖਾਈ।
ਇਹ ਗੱਲਾਂ ਦਹਾਕਿਆਂ ਪੁਰਾਣੀਆਂ ਹੋ ਗਈਆਂ ਹਨ। ਉਹਨਾਂ ਸਮਿਆਂ ਵਿੱਚ ਜਿੰਨੇ ਰਿਪੋਰਟਰ ਕਵਰੇਜ ਲਈ ਆਉਂਦੇ ਸਨ ਉਹ ਸਾਰੇ ਆਪੋ ਆਪਣੇ ਢੰਗ ਨਾਲ ਉਸ ਕਵਰੇਜ ਦੀ ਖਬਰ ਬਣਾਉਂਦੇ ਸਨ। ਇਸ ਨਾਲ ਅਖਬਾਰਾਂ ਰਸਾਲਿਆਂ ਦੀ ਰੀਡਰਸ਼ਿਪ ਵੀ ਵਧਦੀ ਸੀ। ਉਹਨਾਂ ਪਰਚਿਆਂ ਨੂੰ ਸੰਭਾਲ ਕੇ ਵੀ ਰੱਖਿਆ ਜਾਂਦਾ ਸੀ। ਮੈਗਜ਼ੀਨ ਐਡੀਟਰ ਦੀ ਪੋਸਟ ਤਾਂ ਹੁਣ ਵੀ ਤਕਰੀਬਨ ਸਾਰੀਆਂ ਚੰਗੀਆਂ ਅਖਬਾਰਾਂ ਵਿਚ ਮੌਜੂਦ ਹੈ ਪਰ ਹਿੰਦੀ ਅਤੇ ਅੰਗਰੇਜ਼ੀ ਵਾਂਗ ਉਹ ਮੌਲਿਕਤਾ ਅਤੇ ਵਿਲੱਖਣਤਾ ਹੋਲੀ ਹੋਲੀ ਅਲੋਪ ਹੀ ਹੁੰਦੀ ਚਲੀ ਗਈ ਕਿਓਂਕਿ ਅਖਬਾਰਾਂ ਰਸਾਲਿਆਂ ਨੂੰ ਇਸ ਕਵਰੇਜ ਵਾਲੇ ਪਾਸਿਓਂ ਕੋਈ ਆਰਥਿਕ ਮੁਨਾਫ਼ਾ ਨਹੀਂ ਸੀ ਹੁੰਦਾ। ਨਵੀਆਂ ਛਪੀਆਂ ਕਿਤਾਬਾਂ ਦੇ ਇਸ਼ਤਿਹਾਰ ਹਿੰਦੀ ਵਿਚ ਤਾਂ ਹੁਣ ਵੀ ਆਮ ਮਿਲ ਜਾਣਗੇ ਪਰ ਪੰਜਾਬੀ ਵਿੱਚ ਕਵਰੇਜ ਕਰਨ ਗਏ ਪੱਤਰਕਾਰ ਨੂੰ ਰਿਲੀਜ਼ ਕੀਤੀ ਗਈ ਪੁਸਤਕ ਦੇਣ ਲੱਗਿਆਂ ਵੀ ਪ੍ਰਬੰਧਕ ਜਕੋਤਕੀ ਵਿਚ ਪੈ ਜਾਂਦੇ ਹਨ।
ਬਾਪ ਬੜਾ ਨਾ ਭਈਆ-ਸਬਸੇ ਬੜਾ ਰੁਪਈਆ ਦੀ ਕਹਾਵਤ ਨੂੰ ਮੁੜ ਮੁੜ ਯਾਦ ਕਰਵਾਉਂਦੇ ਨਫ਼ਾ ਨੁਕਸਾਨ ਦੇਖਣ ਵਾਲੇ ਅਜਿਹੇ ਵਾਪਰਕ ਕਿਸਮ ਦੇ ਦੌਰ ਵਿੱਚ ਵੀ ਉਸ ਵਿਲੱਖਣ ਕਿਸਮ ਦੀ ਸਾਹਿਤਿਕ ਪੱਤਰਕਾਰੀ ਨੂੰ ਸੁਰਜੀਤ ਕਰਨ ਲਈ ਜਿਹੜੇ ਕੁਝ ਕੁ ਲੋਕ ਸਰਗਰਮ ਹਨ ਉਹਨਾਂ ਵਿੱਚ ਸੁਰ ਸਾਂਝ ਨਾਮ ਦਾ ਔਨਲਾਈਨ ਪਰਚਾ ਚਲਾਉਂਦੇ ਸੁਰਜੀਤ ਸੁਮਨ ਵੀ ਸ਼ਾਮਲ ਹਨ। ਹਰ ਖਬਰ ਨੂੰ ਅਗਲੇ ਦਿਨ ਕਿਸੇ ਵੀ ਕਾਰੋਬਾਰ ਵਿਚ ਆਉਣ ਤੋਂ ਪਹਿਲਾਂ ਪਹਿਲਾਂ ਪ੍ਰਕਾਸ਼ਿਤ ਕਰਨ ਲਈ ਸਰਗਰਮ ਰਹਿੰਦੇ ਸੁਰਜੀਤ ਸੁਮਨ ਨੇ ਵੀ ਇਸ ਮਿਲਣੀ ਦੌਰਾਨ ਕਈ ਖਾਸ ਗੱਲਾਂ ਆਖੀਆਂ। ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬੀ ਨੂੰ ਬਚਾਉਣ ਲਈ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਉਹ ਪੰਜਾਬੀ ਤੋਂ ਫਾਸਲਾ ਨਾ ਰੱਖਣ।
ਪੰਜਾਬੀ ਭਾਸ਼ਾ ਅਤੇ ਬੋਲੀ ਦੇ ਸੱਚੇ ਸਪੂਤਾਂ ਨੂੰ ਇੱਕ ਥਾਂ ਇੱਕਜੁੱਟ ਕਰਨ ਵਾਲੇ ਇਸ ਉਪਰਾਲੇ ਵਾਲੀ ਇਸ ਮਿਲਣੀ ਦੌਰਾਨ ਪੁੱਜੇ ਹੋਏ ਡਾ. ਸੰਜੇ ਰਾਮਨ ਦੇ ਰੂਬਰੂ ਹੋਣਾ ਇਸ ਮਿਲਣੀ ਵਿਚ ਪੁੱਜੇ ਸਾਰੇ ਸਾਹਿਤ ਰਸੀਆਂ ਲਈ ਵੀ ਇੱਕ ਵਿਸ਼ੇਸ਼ ਪ੍ਰਾਪਤੀ ਸੀ। ਚੇੱਨਈ ਤੋਂ ਉਚੇਚ ਨਾਲ ਪੰਜਾਬ ਆ ਕੇ ਰਹਿ ਰਹੇ ਡਾਕਟਰ ਸੰਜੇ ਰਾਮਨ ਏਨੀ ਸ਼ੁੱਧ ਪੰਜਾਬੀ ਬੋਲਦੇ ਹਨ ਕਿ ਸੁਣਨ ਵਾਲਾ ਹੈਰਾਨ ਰਹੀ ਜਾਂਦਾ ਹੈ। ਦੱਖਣੀ ਭਾਰਤ ਦੇ ਇੱਕ ਵਸਨੀਕ ਦਾ ਪੰਜਾਬੀ ਨਾਲ ਏਨਾ ਪਿਆਰ ਉਹਨਾਂ ਅਨਸਰਾਂ ਸਾਹਮਣੇ ਇੱਕ ਚੁਣੌਤੀ ਬਣ ਕੇ ਆਇਆ ਹੈ ਜਿਹੜੇ ਭਾਸ਼ਾ ਅਤੇ ਬੋਲੀ ਨੂੰ ਸਿਆਸੀ ਹਥਿਆਰ ਬਣਾ ਕੇ ਆਪਣਾ ਉੱਲੂ ਸਿਧ ਕਰਨ ਵਿਚ ਰੁਝੇ ਰਹਿੰਦੇ ਹਨ। ਉਹਨਾਂ ਵੱਲੋਂ ਵੀ ਆਖਿਆ ਗਿਆ ਕਿ ਪੰਜਾਬੀ ਨੂੰ ਬਚਾਉਣ ਲਈ ਮਾਪਿਆਂ ਨੂੰ ਹੀ ਯਤਨਸ਼ੀਲ ਹੋਣ ਦੀ ਲੋੜ ਹੈ।
ਇਸ ਮੌਕੇ ਸਤਵੀਰ ਸਿੰਘ ਧਨੋਆ ਵੱਲੋਂ ਵੀ ਕਿਹਾ ਗਿਆ ਕਿ ਪੰਜਾਬੀ ਨੂੰ ਘਰ-ਘਰ ਦੀ ਬੋਲੀ ਬਣਾਉਣ ਲਈ ਲੋਕ ਲਹਿਰ ਚਲਾਉਣੀ ਚਾਹੀਦੀ ਹੈ। ਉਹਨਾਂ ਦੇ ਇਸ ਸੁਝਾਅ ਦੀ ਸ਼ਲਾਘਾ ਵੀ ਹੋਈ ਅਤੇ ਪੁਸ਼ਟੀ ਵੀ। ਸਰੋਤਿਆਂ ਨੇ ਇਸ ਪ੍ਰਤੀ ਹਾਂ ਪੱਖੀ ਹੁੰਗਾਰਾ ਭਰੀਦਾ ਹਰ ਸੰਭਵ ਸਹਿਯੋਗ ਦਾ ਵਾਅਦਾ ਕੀਤਾ।
ਇਸ ਮਿਲਣੀ ਵਿਚ ਸ਼ਾਮਲ ਪੰਜਾਬੀ ਹਿਤੈਸ਼ੀਆਂ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਉਹ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਪੂਰੀ ਊਰਜਾ ਨਾਲ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਯਤਨ ਕਰਨਗੇ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਪੀਲ ਕਰਨਗੇ।
ਅੱਜ ਦੀ ਇਸ ਮਿਲਣੀ ਦੌਰਾਨ ਰਾਜਿੰਦਰ ਕੌਰ ਅਤੇ ਬਲਦੀਪ ਕੌਰ ਸੰਧੂ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੇ ਅਧਾਰਿਤ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਦਿਆਂ ਆਪਣੇ ਸੂਝ ਦਿੱਤੇ ਅਤੇ ਕਿਹਾ ਕਿ ਉਹ ਇਸ ਮਕਸਦ ਲਈ ਉਲੀਕੇ ਜਾਂ ਵਾਲੇ ਪ੍ਰੋਗਰਾਮਾਂ ਵਿਚ ਹਮੇਸ਼ਾਂ ਸਰਗਰਮੀ ਨਾਲ ਸਾਥ ਦੇਣਗੇ।
ਮਨਜੀਤ ਪਾਲ ਸਿੰਘ ਅਤੇ ਗੁਰਚਰਨ ਸਿੰਘ ਦੇ ਸੁਝਾਅ ਵੀ ਬਹੁਤ ਪਸੰਦ ਕੀਤੇ ਗਏ। ਇਹਨਾਂ ਦੀਆਂ ਗੱਲਾਂ ਨੰ ਵੀ ਬੜੇ ਹੀ ਧਿਆਨ ਨਾਲ ਸੁਣਿਆ ਅਤੇ ਵਿਚਾਰਿਆ ਗਿਆ। ਇਹਨਾਂ ਸਭਨਾਂ ਦੇ ਕੋਲ ਪੰਜਾਬੀ ਭਾਸ਼ਾ ਅਤੇ ਬੋਲੀ ਦੀ ਸ਼ਾਨ ਵਧਾਉਣ ਲਈ ਸਾਰਥਕ ਗੱਲਾਂ ਸਨ।
ਉਘੇ ਲੇਖਕ ਭੁਪਿੰਦਰ ਸਿੰਘ ਮਟੌਰ ਵਾਲਾ ਨੇ ਆਪਣੀਆਂ ਪੰਜਾਬੀ ਪੁਸਤਕਾਂ ਦੌਰਾਨ ਹੋਏ ਤਜਰਬਿਆਂ ਦੇ ਅਧਾਰ ਤੇ ਵੀ ਪੰਜਾਬੀ ਲਈ ਬਹੁਤ ਚੰਗੀਆਂ ਗੱਲਾਂ ਕੀਤੀਆਂ। ਪੁਆਧੀ ਵਿਚ ਬਹੁਤ ਦਿਲਚਸਪੀ ਅਤੇ ਲਿਆਕਤ ਰੱਖਣ ਵਾਲੇ ਭੁਪਿੰਦਰ ਹੁਰਾਂ ਨੇ ਮੁੱਢ ਤੋਂ ਲੈ ਕੇ ਅਖੀਰ ਤੱਕ ਸਭਨਾਂ ਬੁਲਾਰਿਆਂ ਨੂੰ ਸੁਣਿਆ।
ਹਿੰਦੀ ਨਾਲ ਸਬੰਧਤ ਕਵਿਤਾ ਦੇ ਸੰਗਠਨਾਂ ਨਾਲ ਸਰਗਰਮੀ ਨਾਲ ਜੁੜੀ ਹੋਈ ਦਿਲਪ੍ਰੀਤ ਚਹਿਲ ਏਨੀ ਚੰਗੀ ਪੰਜਾਬੀ ਬੋਲਦੀ ਹੈ ਕਿ ਸੁਣਨ ਵਾਲਾ ਹੈਰਾਨ ਰਹਿ ਜਾਵੇ। ਮਹਿਲਾ ਕਵੀਆਂ ਮੰਚ ਨਾਲ ਜੁੜੀ ਹੋਈ ਇਸ ਸ਼ਾਇਰ ਨੇ ਪੰਜਾਬੀ ਦੇ ਸਪੂਤਾਂ ਦੀ ਇਸ ਵਿਸ਼ੇਸ਼ ਬੈਠਕ ਵਿਚ ਪੰਜਾਬੀ ਨਾਲ ਵੀ, ਜਗਤਾਰ ਸਿੰਘ ਜੋਗ, ਹਰਮਨ ਸਿੰਘ ਅਤੇ ਗੁਰਵਿੰਦਰ ਸਿੰਘ ਵੱਲੋਂ ਸ਼ਿਰਕਤ ਕਰਦਿਆਂ ਵਿਭਾਗ ਨੂੰ ਇਸ ਗੱਲ ਦਾ ਯਕੀਨ ਦਵਾਇਆ ਕਿ ਉਹ 21 ਨਵੰਬਰ ਤੋਂ ਪਹਿਲਾਂ-ਪਹਿਲਾਂ ਜ਼ਿਲ੍ਹੇ ਦੇ ਸਮੂਹ ਬੋਰਡ ਪੰਜਾਬੀ ਵਿੱਚ ਲਿਖਾਉਣ ਲਈ ਲੋਕਾਂ ਤੱਕ ਪਹੁੰਚ ਕਰਨਗੇ।
ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਅੱਜ ਦੀ ਮਿਲਣੀ ਵਿੱਚ ਭਾਗ ਲੈਣ ਵਾਲੇ ਸਾਰੇ ਨੁਮਾਇੰਦਿਆਂ ਦਾ ਮਿਲਣੀ ਸਮਾਗਮ ਵਿਚ ਪਹੁੰਚਣ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ। ਹੁਣ ਦੇਖਣਾ ਹੈ ਕਿ ਪੰਜਾਬੀ ਦੀ ਸ਼ਾਨ ਬਹਾਲ ਕਰਨ ਲਈ ਇਹ ਮੁਹਿੰਮ ਕਿੰਨੀ ਜਲਦੀ ਸਫਲ ਹੁੰਦੀ ਹੈ।
No comments:
Post a Comment