Wednesday 4th October 2023 at 14:35
ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਿਆਂ ਦਾ ਖਾਸ ਆਯੋਜਨ
ਚੰਡੀਗੜ੍ਹ: 04 ਅਕਤੂਬਰ 2023: (ਸ਼ੈਲੀ ਸਿੰਘ//ਸਾਹਿਤ ਸਕਰੀਨ ਡੈਸਕ)::
ਚੜ੍ਹਦੀ ਉਮਰੇ ਜਿਹੜੇ ਸੰਸਕਾਰ ਅਤੇ ਆਦਤਾਂ ਸਾਡੇ ਸੁਭਾਵਾਂ ਵਿਚ ਘਰ ਕਰ ਜਾਂਦੀਆਂ ਹਨ ਉਹਨਾਂ ਦਾ ਅਸਰ ਆਖ਼ਿਰੀ ਸਾਹਾਂ ਤੀਕ ਬਣਿਆ ਰਹਿੰਦਾ ਹੈ। ਕੁਦਰਤ ਦੀ ਕ੍ਰਿਪਾ ਵਾਲੀ ਇਸ ਹਕੀਕਤ ਨੂੰ ਵਰਤੋਂ ਵਿਚ ਲਿਆਉਂਦਿਆਂ ਭਾਸ਼ਾ ਵਿਭਾਗ ਨਵੀਂ ਉਮਰ ਦੇ ਮੁੰਡੇ ਕੁੜੀਆਂ ਨੂੰ ਸਾਹਿਤ ਸਿਰਜਣਾ ਵਾਲੇ ਪਾਸੇ ਉਤਸ਼ਾਹਿਤ ਕਰਨ ਲਈ ਕਾਫੀ ਅਰਸੇ ਤੋਂ ਲਗਾਤਾਰ ਜਤਨਸ਼ੀਲ ਹੈ। ਹੁਣ ਇੱਕ ਹੋਰ ਆਯੋਜਨ ਵੀ ਇਸੇ ਮਕਸਦ ਨਾਲ ਕੀਤਾ ਗਿਆ।
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਦਫ਼ਤਰ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵੱਲੋਂ ਮਿਤੀ 04 ਅਕਤੂਬਰ 2023 ਨੂੰ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਦਸਵੀਂ ਜਮਾਤ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਦੇ 'ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ' ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਸ਼ਾਮਲ ਸਨ। ਚੰਡੀਗੜ੍ਹ ਨਾਲ ਸਬੰਧਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਜਿਸ ਵਿੱਚ ਕਵਿਤਾ ਗਾਇਨ ਮੁਕਾਬਲੇ ਲਈ 22 ਵਿਦਿਆਰਥੀ, ਲੇਖ ਰਚਨਾ ਲਈ 17 ਵਿਦਿਆਰਥੀ, ਕਹਾਣੀ ਰਚਨਾ ਲਈ 16 ਵਿਦਿਆਰਥੀ ਅਤੇ ਕਵਿਤਾ ਰਚਨਾ ਲਈ 16 ਵਿਦਿਆਰਥੀ ਸ਼ਾਮਲ ਸਨ । ਮੁਕਾਬਲੇ ਸ਼ੁਰੂ ਕਰਨ ਤੋਂ ਪਹਿਲਾਂ ਸਹਾਇਕ ਡਾਇਰੈਕਟਰ (ਪੰਜਾਬੀ ਸੈੱਲ) ਚੰਡੀਗੜ੍ਹ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਮਹਿਮਾਨਾਂ, ਵਿਦਿਆਰਥੀਆਂ , ਅਧਿਆਪਕਾਂ, ਮਾਪਿਆਂ ਅਤੇ ਪਤਵੰਤਿਆਂ ਨੂੰ 'ਜੀ ਆਇਆਂ ਨੂੰ' ਕਿਹਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੁਆਰਾ ਤਿਆਰੀ ਕਰਵਾ ਕੇ ਭੇਜਣਾ ਸਲਾਹੁਣਯੋਗ ਕਦਮ ਹੈ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਸਰਗਰਮੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਇਹਨਾਂ ਮੁਕਾਬਲਿਆਂ ਦੇ ਨਿਯਮਾਂ ਅਨੁਸਾਰ ਕਵਿਤਾ ਗਾਇਨ ਲਈ ਨੰਦ ਲਾਲ ਨੂਰਪੁਰੀ, ਧਨੀ ਰਾਮ ਚਾਤ੍ਰਿਕ, ਭਾਈ ਵੀਰ ਸਿੰਘ, ਸ਼ਿਵ ਕੁਮਾਰ ਬਟਾਲਵੀ, ਕਰਤਾਰ ਸਿੰਘ ਬਲੱਗਣ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਗੁਰਭਜਨ ਸਿੰਘ, ਸੁਲੱਖਣ ਸਰਹੱਦੀ, ਗੁਰਤੇਜ ਕੋਹਾਰਵਾਲਾ, ਮਨਜੀਤ ਇੰਦਰਾ ਦੀਆਂ ਕਵਿਤਾਵਾਂ ਨੂੰ ਵਿਦਿਆਰਥੀਆਂ ਦੁਆਰਾ ਮੰਚ ਤੋਂ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਕਵਿਤਾ ਰਚਨਾ ਮੁਕਾਬਲੇ (300 ਸ਼ਬਦ) ਲਈ ਮੌਕੇ 'ਤੇ ‘ਜ਼ਿੰਦਗੀ’, ‘ਮਾਂ-ਬੋਲੀ’ ਅਤੇ ‘ਪੰਜਾਬ’, ਲੇਖ ਰਚਨਾ ਮੁਕਾਬਲੇ (600 ਸ਼ਬਦ) ਲਈ ‘ਵਿਦੇਸ਼ ਜਾਣ ਦਾ ਰੁਝਾਨ’, ‘ਕੁਦਰਤ ਤੇ ਮਨੁੱਖ’ ਅਤੇ ‘ਚੰਦਰਯਾਨ-3’ ਅਤੇ ਕਹਾਣੀ ਰਚਨਾ ਮੁਕਾਬਲੇ (600 ਸ਼ਬਦ) ਲਈ 'ਕੁਦਰਤੀ ਕਰੋਪੀ’, ‘ਹਿੰਮਤ’ ਅਤੇ ‘ਮਮਤਾ’ ਵਿਸ਼ੇ ਦਿੱਤੇ ਗਏ। ਸਾਰੀਆਂ ਹੀ ਵਿਧਾਵਾਂ ਵਿੱਚ ਜ਼ਬਰਦਸਤ ਮੁਕਾਬਲਾ ਅਤੇ ਰੌਚਿਕਤਾ ਵੇਖਣ ਵਾਲੀ ਸੀ।
ਵਿਸ਼ੇਸ਼ ਆਯੋਜਨ ਅਧੀਨ ਕੀਤੇ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਭਗਤ ਸਿੰਘ (ਸ.ਮਾ.ਸ.ਸ.ਸ.ਮਨੀਮਾਜਰਾ), ਦੂਜਾ ਸਥਾਨ ਸੁਖਮਨੀ ਸਾਰੰਗ (ਸ.ਕ.ਸ.ਸ.ਸ-18 ਸੀ, ਚੰਡੀਗੜ੍ਹ) ਅਤੇ ਤੀਜਾ ਸਥਾਨ ਕੁਲਤਰਨ ਕੌਰ (ਸੈਕਰਡ ਹਾਰਟ ਸ.ਸ.ਸਕੂਲ, ਸੈ.26, ਚੰਡੀਗੜ੍ਹ) ਨੇ ਪ੍ਰਾਪਤ ਕੀਤਾ।
ਕਹਾਣੀ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਨੂਰ ਕੌਰ (ਸ.ਮ.ਸ.ਸ.ਸ-37 ਬੀ, ਚੰਡੀਗੜ੍ਹ), ਦੂਜਾ ਸਥਾਨ ਸ਼ਬਨੂਰ ਕੌਰ (ਸ.ਹ.ਸ.ਮਲੋਆ) ਅਤੇ ਤੀਜਾ ਸਥਾਨ ਮਨਰੂਪ ਕੌਰ (ਸੇਂਟ ਜੋਸਫ਼ ਸ.ਸ.ਸਕੂਲ, ਚੰਡੀਗੜ੍ਹ) ਨੇ ਪ੍ਰਾਪਤ ਕੀਤਾ। ਕਵਿਤਾ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਰਾਫ਼ੀਆ (ਸ.ਹ.ਸ.ਮਲੋਆ), ਦੂਜਾ ਸਥਾਨ ਸਵਦੀਪ ਕੌਰ (ਸ਼ਿਵਾਲਿਕ ਪਬਲਿਕ ਸਕੂਲ-41 ਬੀ, ਚੰਡੀਗੜ੍ਹ) ਅਤੇ ਤੀਜਾ ਸਥਾਨ ਰਵਨੀਤ ਕੌਰ (ਸ.ਮਾ.ਸ.ਸ.ਸ.-18 ਸੀ, ਚੰਡੀਗੜ੍ਹ) ਨੇ ਪ੍ਰਾਪਤ ਕੀਤਾ।
ਲੇਖ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਨੂਰ ਕੌਰ (ਸ਼ਿਵਾਲਿਕ ਪਬਲਿਕ ਸਕੂਲ-41 ਬੀ, ਚੰਡੀਗੜ੍ਹ), ਦੂਜਾ ਸਥਾਨ ਯੁਵਿਕਾ ਸ਼ਰਮਾ (ਸੇਂਟ ਜੋਸਫ਼ ਸ.ਸ.ਸਕੂਲ, ਚੰਡੀਗੜ੍ਹ) ਅਤੇ ਤੀਜਾ ਸਥਾਨ ਅਨੰਨਿਆ ਮਿਸ਼ਰਾ (ਕੇ.ਬੀ.ਡੀ.ਏ.ਵੀ.ਸਕੂਲ, ਸੈਕ. 7 ਬੀ, ਚੰਡੀਗੜ੍ਹ) ਨੇ ਪ੍ਰਾਪਤ ਕੀਤਾ।
ਮੁਕਾਬਲਿਆਂ ਉਪਰੰਤ ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਸਹਾਇਕ ਡਾਇਰੈਕਟਰ (ਪੰਜਾਬੀ ਸੈੱਲ) ਚੰਡੀਗੜ੍ਹ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਭਾਗੀਦਾਰੀ ਦਾ ਪ੍ਰਮਾਣ ਪੱਤਰ ਵੀ ਦਿੱਤਾ ਗਿਆ। ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ ਵਿਦਿਆਰਥੀ ਹੁਣ ਪਟਿਆਲੇ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਮੁਕਾਬਲਿਆਂ ਦੌਰਾਨ ਜੱਜਮੈਂਟ ਲਈ ਪ੍ਰੋ. ਗੁਰਜੋਧ ਕੌਰ, ਸ਼੍ਰੀ ਰਾਬਿੰਦਰ ਸਿੰਘ ਰੱਬੀ, ਮੈਡਮ ਦਿਲਪ੍ਰੀਤ ਕੌਰ, ਸ਼੍ਰੀਮਤੀ ਸੁਧਾ ਜੈਨ ‘ਸੁਦੀਪ’, ਸ਼੍ਰੀ ਗੁਰਤੇਜ ਸਿੰਘ ਅਤੇ ਸ਼੍ਰੀ ਗੁਰਿੰਦਰ ਸਿੰਘ ਕਲਸੀ ਵੱਲੋਂ ਸਾਰਥਕ ਭੂਮਿਕਾ ਨਿਭਾਈ ਗਈ।
ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਦੇ ਮਾਪੇ ਅਤੇ ਜ਼ਿਲ੍ਹੇ ਦੀਆਂ ਹੋਰ ਅਦਬੀ ਸ਼ਖਸ਼ੀਅਤਾਂ ਵੀ ਹਾਜ਼ਰ ਸਨ। ਇਸ ਮੌਕੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਵਿਦਿਆਰਥੀਆਂ ਅੰਦਰ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨਰੋਏ ਜੀਵਨ ਮੁੱਲਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
No comments:
Post a Comment