A Blog by Punjab Screen Media Group Contact: Email:punjabscreen@gmail.com:Mobile:9888272045
Tuesday, 28 December 2021
ਨਾਸਮਝਾਂ ਨੂੰ ਸਮਝਦਾਰ ਬਣਾਉਂਦੀ ਹੈ ਸਰਦਾਰ ਰਣਜੀਤ ਸਿੰਘ ਦੀ ਸ਼ਖ਼ਸੀਅਤ
Monday, 27 December 2021
ਧਰਮ ਅਤੇ ਨਾਸਤਿਕਤਾ ਦਰਮਿਆਨ ਰਾਬਤੇ ਵਾਂਗ ਹਨ ਰਣਜੀਤ ਸਿੰਘ
ਜਲਦੀ ਹੀ ਆਉਣ ਵਾਲੀ ਹੈ ਉਹਨਾਂ ਦੀ ਨਵੀਂ ਪੁਸਤਕ
ਲੁਧਿਆਣਾ: 27 ਦਸੰਬਰ 2021: (ਰੈਕਟਰ ਕਥੂਰੀਆ//ਕਾਰਤਿਕ ਸਿੰਘ//ਸਾਹਿਤ ਸਕਰੀਨ)::
ਡੇੜ ਕੁ ਦਹਾਕਾ ਪਹਿਲਾਂ ਲੁਧਿਆਣਾ ਦੇ ਕਲਗੀਧਰ ਗੁਰਦੁਆਰਾ ਸਾਹਿਬ ਵਾਲੀ ਸੜਕ ਤੇ ਸਥਿਤ ਸਰਗੋਧਾ ਸਕੂਲ ਵਿੱਚ ਇੱਕ ਸਮਾਗਮ ਸੀ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ। ਵਿਸ਼ਾ ਸੀ ਵਿਗਿਆਨਕ ਸੋਚ ਨੂੰ ਜ਼ਿੰਦਗੀ ਵਿੱਚ ਉਤਾਰਨ ਬਾਰੇ। ਅੱਜਕਲ ਆਮ ਜ਼ਿੰਦਗੀ ਵਿੱਚ ਨਜ਼ਰ ਮਾਰੀਏ ਤਾਂ ਨਿੱਛ ਆਉਣ ਤੇ ਰੁਕਣ ਵਾਲਿਆਂ ਵਿੱਚ ਪੜ੍ਹੇ ਲਿਖੇ ਡਾਕਟਰੀ ਗਿਆਨ ਵਾਲੇ ਵਿਅਕਤੀ ਵੀ ਕਾਫੀ ਹੁੰਦੇ ਹਨ ਜਿਹਨਾਂ ਨੂੰ ਪਤਾ ਹੁੰਦਾ ਹੈ ਕਿ ਨਿੱਛ ਕਿਓਂ ਆਉਂਦੀ ਹੈ। ਇਸੇ ਤਰ੍ਹਾਂ ਬਿੱਲੀ ਰਸਤਾ ਕੱਟ ਜਾਏ ਤਾਂ ਇੱਕ ਵਾਰ ਰੁਕਣ ਲਈ ਕਹਿਣ ਵਾਲਿਆਂ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਵਾਲੇ ਵੀ ਹੋਣਗੇ ਜਿਹਨਾਂ ਨੂੰ ਪਤਾ ਹੈ ਕਿ ਬਿੱਲੀ ਦੇ ਰਸਤਾ ਕੱਟਣ ਨਾਲ ਕੋਈ ਮੁਸੀਬਤ ਨਹੀਂ ਡਿੱਗਣ ਵਾਲੀ। ਫਿਰ ਵੀ ਅਜਿਹਾ ਬੜਾ ਕੁਝ ਆਏ ਦਿਨ ਵਾਪਰਦਾ ਨਜ਼ਰ ਆਉਂਦਾ ਹੈ। ਉਸ ਨੂੰ ਦੇਖਦਿਆਂ ਮਹਿਸੂਸ ਹੁੰਦਾ ਹੈ ਕਿ ਸਾਡੇ ਲੋਕਾਂ ਵਿੱਚ ਅਜੇ ਤੱਕ ਵਿਗਿਆਨਕ ਸੋਚ ਪੂਰੀ ਤਰ੍ਹਾਂ ਪੈਦਾ ਨਹੀਂ ਹੋ ਸਕੀ। ਖੱਬੀ ਸੋਚ ਵਾਲੇ ਅਗਾਂਹਵਧੂ ਡਾਕਟਰ ਅਰੁਣ ਮਿੱਤਰਾ ਹੁਰਾਂ ਦੀ ਟੀਮ ਵੱਲੋਂ ਸੰਚਾਲਿਤ ਭਾਰਤ ਜਨ ਗਿਆਨ ਵਿਗਿਆਨ ਜੱਥਾ ਇਸ ਸੋਚ ਨੂੰ ਵਿਕਸਿਤ ਕਰਨ ਲਈ ਕੁਝ ਨ ਕੁਝ ਕਰਦਾ ਹੀ ਰਹਿੰਦਾ ਹੈ। ਸਰਗੋਧਾ ਸਕੂਲ ਵਾਲਾ ਸਮਾਗਮ ਵੀ ਇਸੇ ਮੁਹਿੰਮ ਦੀ ਹੀ ਇੱਕ ਲੜੀ ਸੀ। ਰਣਜੀਤ ਸਿੰਘ ਹੁਰਾਂ ਵੱਲੋਂ ਹਿਸਾਬ ਦੇ ਵਿਸ਼ੇ ਦੀ ਦਿਲਚਸਪ ਵਿਆਖਿਆ ਇਸੇ ਸੋਚ ਨੂੰ ਪ੍ਰਫੁੱਲਿਤ ਕਰਨ ਦੀ ਹੀ ਕੋਸ਼ਿਸ਼ ਸੀ। ਹਿਸਾਬ ਵਰਗੇ ਵਿਸ਼ੇ ਨੂੰ ਦਿਲਚਸਪ ਬਣਾ ਕੇ ਪੇਸ਼ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਵੀ ਨਹੀਂ।
ਪੰਜਾਬ ਸਕਰੀਨ ਦੀ ਟੀਮ ਮੀਡੀਆ ਕਵਰੇਜ ਲਈ ਉੱਥੇ ਗਈ ਸੀ। ਸਕੂਲ ਲੱਭਣ ਵਿਚ ਕੁਝ ਦੇਰ ਵੀ ਹੋ ਗਈ ਸੀ। ਜਦੋਂ ਹਾਲ ਵਿੱਚ ਪੁੱਜੇ ਤਾਂ ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਸਰਗਰਮ ਮੈਂਬਰ ਰਣਜੀਤ ਸਿੰਘ ਆਪਣਾ ਭਾਸ਼ਣ ਸ਼ੁਰੂ ਕਰ ਚੁੱਕੇ ਸਨ। ਉਹਨਾਂ ਨੇ ਵਿਸ਼ਾ ਛੋਹਿਆ ਸੀ ਹਿਸਾਬ ਦੇ ਵਿਸ਼ੇ ਨਾਲ ਸਬੰਧਤ ਨੁਕਤਿਆਂ ਬਾਰੇ। ਇਸ ਬਾਰੇ ਬੋਲਦਿਆਂ ਉਹਨਾਂ ਕਈ ਗੱਲਾਂ ਦੱਸੀਆਂ ਜਿਹਨਾਂ ਲ ਲੱਗਦਾ ਸੀ ਕਿ ਹਿਸਾਬ ਵਰਗਾ ਦਿਲਚਸਪ ਅਤੇ ਸੌਖਾ ਵਿਸ਼ਾ ਕੋਈ ਹੋਰ ਹੋ ਹੀ ਨਹੀਂ ਸਕਦਾ। ਬੱਚੇ ਸਾਹ ਰੋਕ ਕੇ ਇਸ ਤਰ੍ਹਾਂ ਸੁਣ ਰਹੇ ਸਨ ਜਿਵੇਂ ਬੜੀ ਹੀ ਦਿਲਚਸਪ ਕਹਾਣੀ ਸੁਣਾਈ ਜਾ ਰਹੀ ਹੋਵੇ। ਕੁਲ ਮਿਲਾ ਕੇ ਇਹ ਭਾਸ਼ਣ ਹਿਸਾਬ ਦੇ ਵਿਸ਼ੇ ਨੂੰ ਬੜਾ ਰੌਚਿਕ ਬਣਾ ਕੇ ਪੇਸ਼ ਕਰ ਰਿਹਾ ਸੀ। ਹਿਸਾਬ ਦਾ ਨਾਮ ਲੈਂਦਿਆਂ ਹੀ ਬੁਖਾਰ ਜਿਹਾ ਮਹਿਸੂਸ ਕਰਨ ਵਾਲੇ ਮੇਰੇ ਵਰਗੇ ਬੰਦੇ ਦਾ ਵੀ ਦਿਲ ਕਰਨ ਲੱਗ ਪਿਆ ਕਿ ਹਿਸਾਬ ਇਸ ਉਮਰ ਵਿੱਚ ਵੀ ਸਿੱਖ ਲਿਆ ਜਾਵੇ ਤਾਂ ਹਰਜ ਕੋਈ ਨਹੀਂ।
ਮੈਨੂੰ ਲੱਗਿਆ ਕਿ ਇਹ ਹਿਸਾਬ ਦੇ ਮਾਹਰ ਹੋਣਗੇ। ਇਹ ਨੈਸ਼ਨਲ ਐਵਾਰਡੀ ਅਧਿਆਪਕ ਰਣਜੀਤ ਸਿੰਘ ਸਨ ਜਿਹੜੇ ਮਾਇਆ ਨਗਰ ਵਾਲੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਵੀ ਬੜੀ ਸਫਲਤਾ ਨਾਲ ਚਲਾ ਰਹੇ ਹਨ ਅਤੇ ਮੁੱਖ ਅਧਿਆਪਕ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਰਹੇ ਹਨ। ਇਸਦੇ ਨਾਲ ਹੀ ਜਦੋਂ ਕਿਸੇ ਹੋਰ ਵਿਸ਼ੇ ਤੇ ਵੀ ਬੋਲਦੇ ਹਨ ਤਾਂ ਪੂਰੀ ਦਲੀਲ ਨਾਲ ਗੱਲ ਕਰਦੇ ਹਨ। ਅੱਜਕਲ੍ਹ ਉਹ ਕਿਤਾਬਾਂ ਵੀ ਲਿਖ ਰਹੇ ਹਨ। ਹਾਲ ਹੀ ਵਿਛਕ ਉਹਨਾਂ ਦੀ ਲਿਖੀ ਕਿਤਾਬ ਰਿਲੀਜ਼ ਵੀ ਹੋਈ।
ਇਸ ਕਿਤਾਬ ਦੀ ਕਾਪੀ ਉਹਨਾਂ ਮੈਨੂੰ ਵੀ ਭੇਂਟ ਕੀਤੀ। ਇਸ ਪੁਸਤਕ ਵਿੱਚ ਜਿੱਥੇ ਸਿੱਖੀ ਵਿਚਾਰਾਂ ਦੀ ਗੱਲ ਹੈ ਉੱਥੇ ਅਧਿਆਤਮ ਦਾ ਰੰਗ ਵੀ ਹੈ। ਇਤਿਹਾਸ ਦੀ ਜਾਣਕਾਰੀ ਵੀ ਹੈ ਅਤੇ ਗੁਰਬਾਣੀ ਤੁਕਾਂ ਦੀ ਸਰਲ ਵਿਆਖਿਆ ਵੀ ਹੈ। ਸਿੱਖ ਮਿਸ਼ਨਰੀ ਕਾਲਜ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੋਣਾ ਵੀ ਉਹਨਾਂ ਨੂੰ ਏਨਾ ਗਿਆਨਵਾਨ ਬਣਾਉਂਦਾ ਹੈ। ਸਿੱਖ ਧਰਮ ਦੇ ਵਿਦਿਆਰਥੀਆਂ ਨੂੰ ਇਹ ਪੁਸਤਕ ਵੱਧ ਤੋਂ ਵੱਧ ਪੜ੍ਹਨੀ ਅਤੇ ਪੜ੍ਹਾਉਣੀ ਚਾਹੀਦੀ ਹੈ। ਅਸਲ ਵਿੱਚ ਜਦੋਂ ਧਾਰਮਿਕ ਅਤੇ ਨਾਸਤਿਕ ਲੋਕਾਂ ਨੂੰ ਇੱਕ ਦੂਜੇ ਦੇ ਖਿਲਾਫ ਖੜੋਤੇ ਦੇਖੀਏ ਤਾਂ ਉੱਠ ਜ਼ਰਾ ਧਿਆਨ ਦੇਣਾ ਇਹਨਾਂ ਦੋਹਾਂ ਨੂੰ ਜੋੜਨ ਵਾਲੇ ਪੁਲ ਵਾਂਗ ਰਣਜੀਤ ਸਿੰਘ ਜੀ ਵੀ ਉੱਥੇ ਹੀ ਵਿਚਰਦੇ ਨਜ਼ਰ ਆ ਜਾਣਗੇ। ਸਮਾਜ ਦੇ ਭਲੇ ਲਈ ਇਹਨਾਂ ਦਾ ਇੱਕ ਹੋਣਾ ਜ਼ਰੂਰੀ ਵੀ ਹੈ। ਧਰਮ ਅਤੇ ਨਾਸਤਿਕਤਾ ਦਰਮਿਆਨ ਰਾਬਤੇ ਵਾਂਗ ਹੀ ਹਨ ਰਣਜੀਤ ਸਿੰਘ। ਹੁਣ ਜਲਦੀ ਹੀ ਉਹਨਾਂ ਦੀ ਕੋਈ ਨਵੀਂ ਪੁਸਤਕ ਵੀ ਆ ਸਕਦੀ ਹੈ। ਚੌਗਿਰਦੇ ਦੀ ਸੰਭਾਲ ਬਾਰੇ ਵੀ ਉਹ ਜਾਗਰੂਕਤਾ ਲਿਆ ਰਹੇ ਹਨ। --ਰੈਕਟਰ ਕਥੂਰੀਆ
ਰਣਜੀਤ ਸਿੰਘ ਹੁਰਾਂ ਨਾਲ ਸਬੰਧਤ ਇੱਕ ਹੋਰ ਲਿਖਤ ਪੜ੍ਹੋ ਇਥੇ ਕਲਿੱਕ ਕਰ ਕੇ
ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ
ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ
ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ
Tuesday, 14 December 2021
ਮੁਢਲੇ ਦੌਰ ਦੀ ਪੱਤਰਕਾਰੀ ਯਾਦ ਕਰਾਈ GCG ਦੇ ਪੋਸਟਰ ਮੇਕਿੰਗ ਮੁਕਾਬਲੇ ਨੇ
ਮੁਕਾਬਲਾ ਕਰਾਇਆ ਗਿਆ ਕਾਲਜ ਦੇ ਲੋਕ ਪ੍ਰਸ਼ਾਸ਼ਨ ਵਿਭਾਗ ਵੱਲੋਂ
ਲੁਧਿਆਣਾ: 14 ਦਸੰਬਰ 2021: (ਅੰਮ੍ਰਿਤਪਾਲ ਸਿੰਘ//ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਲੁਧਿਆਣਾ ਦੇ ਪੁਰਾਣੇ ਕਾਲਜਾਂ ਵਿੱਚੋਂ ਇੱਕ ਹੈ ਲੜਕੀਆਂ ਦਾ ਸਰਕਾਰੀ ਕਾਲਜ। ਇਹ ਕਾਲਜ 1943 ਵਿੱਚ ਸਥਾਪਤ ਹੋਇਆ ਅਤੇ 1953 ਵਿੱਚ ਇਹ ਕਾਲਜ ਮੌਜੂਦਾ ਇਮਾਰਤ ਵਿੱਚ ਆ ਗਿਆ। ਹੁਣ ਜੀ ਸੀ ਜੀ ਅਰਥਾਤ ਗੌਰਮਿੰਟ ਗਰਲਜ਼ ਕਾਲਜ ਦਾ ਬਹੁਤ ਨਾਮ ਹੈ। ਭ੍ਰਿਸ਼ਟਾਚਾਰ ਵਿਰੋਧੀ ਦਿਵਸ ਦੇ ਮੌਕੇ 'ਤੇ ਇਸੇ ਕਾਲਜ ਦੇ ਲੋਕ ਪ੍ਰਸ਼ਾਸਨ ਵਿਭਾਗ ਵੱਲੋਂ ਪੋਸਟਰ ਮੇਕਿੰਗ ਦਾ ਮੁਕਾਬਲਾ ਕਰਵਾਇਆ ਗਿਆ। ਇਸ ਸਮਾਗਮ ਦਾ ਆਯੋਜਨ ਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ, ਲੋਕ ਪ੍ਰਸ਼ਾਸਨ ਵਿਭਾਗ ਦੇ ਮੁਖੀ ਸ਼੍ਰੀਮਤੀ ਬਲਜੀਤ ਕੌਰ ਅਤੇ ਸ੍ਰੀ ਦਿਨੇਸ਼ ਸ਼ਾਰਦਾ ਦੀ ਅਗਵਾਈ ਹੇਠ ਕੀਤਾ ਗਿਆ। ਵਿਦਿਆਰਥੀਆਂ ਨੇ ਭ੍ਰਿਸ਼ਟਾਚਾਰ ਵਿਰੋਧੀ ਥੀਮ ਨੂੰ ਰਚਨਾਤਮਕ ਢੰਗ ਨਾਲ ਪੇਸ਼ ਕੀਤਾ। ਇਹਨਾਂ ਪੋਸਟਰਾਂ ਰਹਿਣ ਸਾਬਿਤ ਕੀਤਾ ਗਿਆ ਕਿ ਇਹ ਪੋਸਟਰ ਵੀ ਕਿਸੇ ਵੱਡੇ ਮੀਡੀਆ ਵਾਂਗ ਕਿਸ ਵੀ ਘੁਟਾਲੇ ਦਾ ਪਰਦਾਫਾਸ਼ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹਨ।
ਅਖਬਾਰਾਂ ਦੇ ਜਨਮ ਵੇਲਿਆਂ ਦੇ ਸਾਥੀ ਰਹੇ ਇਹਨਾਂ ਪੋਸਟਰਾਂ ਨੂੰ ਬਣਾਉਣ ਦੀ ਕਲਾ ਦਾ ਇਹ ਤਜਰਬਾ ਬਿਲਕੁਲ ਖਾਸ ਸੀ? ਇੱਕ ਤਰ੍ਹਾਂ ਨਾਲ ਅਤੀਤ ਦੀ ਯਾਤਰਾ ਸੀ ਇਹ। ਭਵਿੱਖ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਵਰਗਾ ਸੀ ਇਹ ਸਭ ਕੁਝ। ਵਰਤਮਾਨ ਦੀਆਂ ਚੁਣੌਤੀਆਂ ਕਬੂਲ ਕਰਦੀ ਕਲਾ ਸੀ ਇਹ। ਅਸਲ ਵਿੱਚ ਮੁਢਲੇ ਦੌਰ ਦੀ ਅਖਬਾਰ ਨਵੀਸੀ ਯਾਦ ਕਰਾਈ GCG ਦੇ ਇਸ ਪੋਸਟਰ ਮੇਕਿੰਗ ਮੁਕਾਬਲੇ ਨੇ। ਇਸ ਤਰ੍ਹਾਂ ਇਹ ਇੱਕ ਯਾਦਗਾਰੀ ਆਯੋਜਨ ਹੋ ਨਿੱਬੜਿਆ।
ਫਾਈਨ ਆਰਟਸ ਵਿਭਾਗ ਤੋਂ ਸ੍ਰੀਮਤੀ ਮਨਦੀਪ ਕੌਰ ਅਤੇ ਸ੍ਰੀਮਤੀ ਅਮਿਤਾ ਸਹਿਗਲ ਨੇ ਜੱਜਾਂ ਦੀ ਭੂਮਿਕਾ ਨਿਭਾਈ। ਜਸਪ੍ਰੀਤ ਕੌਰ ਨੇ ਪਹਿਲਾ, ਸ਼ਰਨਦੀਪ ਕੌਰ ਨੇ ਦੂਜਾ , ਟਵਿੰਕਲ ਨੇ ਤੀਜਾ ਇਨਾਮ ਅਤੇ ਦੀਪਿਕਾ ਨੇ ਕੰਸੋਲੇਸ਼ਨ ਇਨਾਮ ਜਿੱਤਿਆ। ਲੋਕ ਪ੍ਰਸ਼ਾਸ਼ਨ ਵਿਸ਼ੇ ਦੀਆਂ ਵਿਦਿਆਰਥਣਾਂ- ਇਸ਼ਪ੍ਰੀਤ ਕੋਰ, ਸਰਗੁਨ, ਅਸ਼ਮੀਤ ਕੋਰ, ਮਨਵੀਰ ਕੋਰ, ਗੁਰਪ੍ਰਿਆ, ਕਰੁਨਾ ਅਤੇ ਈਵਾ ਅਰੋੜਾ ਨੇ ਇਸ ਈਵੈਂਟ ਨੂੰ ਸਫਲ ਬਨਾਉਣ ਵਿਚ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ ਅਤੇ ਲੋਕ ਪ੍ਰਸ਼ਾਸ਼ਨ ਵਿਭਾਗ ਦੇ ਮੁਖੀ ਸ਼੍ਰੀਮਤੀ ਬਲਜੀਤ ਕੌਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਅਲਵਿਦਾ ! ਡਾ. ਸੁਰਿੰਦਰ ਸਿੰਘ ਦੁਸਾਂਝ -ਅਮਰਜੀਤ ਟਾਂਡਾ
14th December 2021 at 08:52 AM
ਕਹਿੰਦੇ ਸਨ-ਅੱਜ ਵੀ ਮੇਰੇ ਨਾਲ ਕੋਈ ਦਸਤਪੰਜਾ ਲੜਾ ਕੇ ਦੇਖ ਸਕਦਾ ਹੈ
ਡਾਕਟਰ ਐਸ ਐਸ ਦੋਸਾਂਝ ਹੁਰਾਂ ਦੇ ਅਕਾਲ ਚਲਾਣੇ ਮੌਕੇ ਦਿਲ ਉਦਾਸ ਹੈ। ਹਰ ਪਾਸੇ ਸੋਗ ਦੀ ਲਹਿਰ ਹੈ। ਉਹਨਾਂ ਕੋਲੋਂ ਪੜ੍ਹੇ ਹੋਏ ਵਿਦਿਆਰਥੀ ਵੀ ਉਦਾਸ ਹਨ। ਉਹਨਾਂ ਕੋਲੋਂ ਗੂੜ੍ਹੇ ਹੋਏ ਮਿੱਤਰ ਵੀ ਸੋਗ ਵਿੱਚ ਹਨ। ਸਿਆਸੀ ਪ੍ਰਤੀਬੱਧਤਾ ਅਤੇ ਪੱਤਰਕਾਰੀ ਕਿਵੇਂ ਨਾਲੋਂ ਨਾਲ ਚੱਲਦਿਆਂ ਵੀ ਇਮਾਨਦਾਰ ਹੋ ਸਕਦੀਆਂ ਹਨ ਇਹ ਉਹਨਾਂ ਆਪਣੀਆਂ ਕੀਰਤਨ ਰਹਿਣ ਵੀ ਸਮਝਾਇਆ ਤੇ ਜੀਵਨ ਸ਼ੈਲੀ ਰਾਹੀਂ ਵੀ। ਉਹਨਾਂ ਦੇ ਵਿਛੋੜੇ ਮੌਕੇ ਡਾ. ਅਮਰਜੀਤ ਟਾਂਡਾ ਹੁਰਾਂ ਨੇ ਇੱਕ ਕਾਵਿ ਰਚਨਾ ਲਿਖੀ ਹੈ ਜਜ਼ਬਾਤਾਂ ਨਾਲ ਭਿੱਜੀ ਹੋਈ ਰਚਨਾ ਜੋ ਉਹਨਾਂ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ। ਉਸ ਦੌਰ ਦਾ ਬਹੁਤ ਕੁਝ ਯਾਦ ਕਰਾਉਂਦੀ ਹੈ। ਲਓ ਤੁਸੀਂ ਵੀ ਪੜ੍ਹੋ ਅਤੇ ਆਪਣੇ ਵਿਚਾਰ ਵੀ ਭੇਜੋ-ਰੈਕਟਰ ਕਥੂਰੀਆ
ਡਾ.ਅਮਰਜੀਤ ਟਾਂਡਾ ਹੁਰਾਂ ਦੀ ਰਚਨਾ ਡਾ. ਦੋਸਾਂਝ ਦੀ ਯਾਦ ਵਿੱਚ
14th December 2021 at 06:09 AM
ਕੁਝ ਕੁ ਹਫ਼ਤੇ ਪਹਿਲਾਂ ਹੀ ਤਾਂ ਗੱਲਾਂ ਕੀਤੀਆਂ ਸਨ
ਕਿਸਾਨਾਂ ਦੇ ਸੰਘਰਸ਼ ਬਾਰੇ ਤੇ
ਤੁਹਾਡੀ ਸਿਹਤ ਬਾਰੇ
ਤੁਸੀਂ ਕਿਹਾ ਸੀ
ਕਿਸਾਨ ਘੋਲ ਬਾਰੇ ਹੌਸਲੇ ਵਾਲਾ ਲਿਖੋ
ਤੇ ਸਿਹਤ ਬਾਰੇ ਦੱਸਦਿਆਂ ਕਿਹਾ ਸੀ
"ਅੱਜ ਵੀ ਮੇਰੇ ਨਾਲ ਕੋਈ ਦਸਤਪੰਜਾ ਲੜਾ ਕੇ ਦੇਖ ਸਕਦਾ ਹੈ"
ਹੈਰਾਨ ਹੋ ਗਿਆ ਹਾਂ
ਯਕੀਨ ਜਿਹਾ ਹੀ ਨਹੀਂ ਆ ਰਿਹਾ
ਕਿ ਏਡੇ ਹੌਸਲੇ ਵਾਲਾ ਇਨਸਾਨ ਵੀ ਰਾਤ ਬਰਾਤੇ ਆਪਣੇ
ਸਾਰੇ ਪਰਿਵਾਰ ਨੂੰ ਛੱਡ
ਕਿਤੇ ਜਾ ਛੁਪ ਸਕਦਾ ਹੈ
ਪੰਜਾਬ ਖੇਤੀ ਯੂਨੀਵਰਸਿਟੀ ਚ
ਮੈਂ ਤੁਹਾਨੂੰ 1970-71 ਤੋਂ
ਤੱਕਦਾ ਆ ਰਿਹਾ ਸਾਂ
ਤੇਜ ਆਉਂਦੇ ਜਾਂਦੇ
ਇਕ ਹੱਥ ਪਿੰਟ ਦੀ ਜੇਬ ਚ
ਪਾ ਕੇ ਲੰਘ ਜਾਣਾ ਮੇਰੀ ਸਤਿ ਸਰੀ ਅਕਾਲ ਦਾ ਜੁਆਬ ਦੇ ਕੇ
ਤੁਸੀਂ ਸਾਰੀ ਉਮਰ ਪੰਜਾਬੀ ਭਾਸ਼ਾ ਸਾਹਿੱਤ ਤੇ ਸਭਿਆਚਾਰ ਨੂੰ ਸ਼ੰਗਾਰਿਆ
ਸੰਪਾਦਕੀ ਕੀਤੀ
ਪੱਤਰਕਾਰੀ ਪੜ੍ਹਾਈ
ਪੰਜਾਬੀ ਸਾਹਿੱਤ ਅਕਾਡਮੀ ਨਾਲ ੨ ਟੋਰੀ
ਤੇ ਪਾਉਟਾ ਦੀ ਪ੍ਰਧਾਨਗੀ ਕਰ ਅਧਿਆਪਕ ਮੰਗਾਂ ਲਈ ਜੂਝਦੇ ਰਹੇ
ਕਦੇ ਥਕਾਵਟ ਨਹੀਂ ਸੀ ਦੇਖੀ
ਮੈਂ ਤੁਹਾਡੀ ਟੋਰ ਚ
ਲੋਕ ਲਹਿਰਾਂ ਉਸਾਰੀਆਂ
ਜੂਝਦੇ ਰਹੇ
ਸਿਆਸੀ ਸਲਾਹਕਾਰ ਰਹੇ
ਸਲਾਹਾਂ ਦਿਤੀਆਂ ਤੇ
ਅਹੁਦਿਆਂ ਨੂੰ ਨਕਾਰਿਆ
ਗੁਰੂ ਨਾਨਕ ਤੇ
ਗੁਰੂ ਤੇਗ ਬਹਾਦਰ ਬਾਰੇ ਸੱਚ ਦੀ ਖੋਜ ਮੈਂ 1972-73 ਚ ਹੀ ਪੜ੍ਹ ਲਈ ਸੀ
ਹੇਮ ਜਯੋਤੀ ਚ ਲਿਖਿਆ
ਤੇ ਪੰਥ ਦੇ ਦਾਵੇਦਾਰ ਛਾਪਿਆ
ਪੰਜਾਬ ਖੇਤੀ ਯੂਨੀਵਰਸਿਟੀ ਦੇ ਕਿਸਾਨ ਮੇਲਿਆਂ ਚ ਸਾਹਿੱਤ ਵੰਡਿਆ
ਤੇ ਮੇਰੇ ਕੋਲ ਲੋਕਾਂ ਦੇ ਰਵੱਈਏ ਬਾਰੇ ਰੋਸ ਵੀ ਕਰਦੇ ਰਹੇ
ਲਹੂ ਭਿੱਜੇ ਬੋਲਾਂ ਚ ਵੀ ਭਿੱਜੇ ਰਹੇ ਤੇ ਆਪਾਂ ਪਾਸ਼, ਦਰਦ
ਤੇ ਮਹਿੰਦਰ ਸਿੰਘ ਸੰਧੂ ਭਾਜੀ ਨਾਲ ਮਿਲ ਕੇ ਨਿੱਕੀਆਂ 2 ਸਾਹਿਤਕ ਗੋਸ਼ਟੀਆਂ ਵੀ ਨਕੋਦਰ ਕੀਤੀਆਂ
ਤੁਸੀਂ ਸਾਡੇ ਵਿਦਿਆਰਥੀ ਯੁੱਧਾਂ ਵਿਚ ਵੀ ਆ ਕੇ ਹਿੱਸਾ ਬਣਦੇਭਾਸ਼ਣ ਤੇ ਹੌਸਲਾ ਦਿੰਦੇ
ਜਾਣ ਲੱਗਿਆਂ ਤੁਸੀਂ ਆਪਣੀ
ਜੀਵਨ ਸਾਥਣ ਅੰਮ੍ਰਿਤ ਦੁਸਾਂਝ ਨੂੰ ਵੀ ਨਾ ਦੱਸਿਆ
ਇਹ ਕਿਹੋ ਜਿਹੀ ਸਾਂਝ ਵਿਖਾਈ
ਦੋ ਸਾਂਝਾਂ ਵਿੱਚ!
ਤੁਸੀਂ ਤਾਂ ਬੇਟੇ ਜਸਮੀਤ ਨੂੰ ਵੀ
ਨਾ ਦੱਸ ਕੇ ਗਏ
ਕਿ ਮੈਂ ਕਿੱਥੇ ਚੱਲਿਆ ਹਾਂ?
ਉਹ ਕਿਹੜਾ ਏਡਾ ਜ਼ਰੂਰੀ ਕੰਮ ਸੀ
ਕਿ ਤੁਸੀਂ ਕਰਨਗੇ ਤਾਂ ਵਾਪਸ ਵੀ ਨਾ ਪਰਤੇ
ਓਦਣ ਦੇ ਦਾਦੇ ਨੂੰ ਪੋਤਾ ਤੇ ਪੋਤੀ
ਖੇਡਣ ਲਈ ਉਡੀਕ ਰਹੇ ਹਨ
ਏਦਾਂ ਦਾ ਕਿਹੜਾ ਦੋਸਤ ਹੁੰਦਾ ਹੈ
ਕਿ ਉਹ ਆਪਣੇ ਨਾਂ ਦੀ ਨੇਮ ਪਲੇਟ ਵੀ
ਨਾਲ ਹੀ ਪੁੱਟ ਕੇ ਲੈ ਜਾਵੇ
ਤੇ ਉਸ ਦਾ ਨਿਸ਼ਾਨ ਵੀ ਪੂੰਝ ਜਾਵੇ
ਤੁਸੀਂ ਚੰਗਾ ਨਹੀਂ ਕੀਤਾ ਡਾ ਸਾਹਿਬ
ਯਾਰਾਂ ਨੂੰ ਹੰਝੂਆਂ ਚ
ਭਿੱਜੇ ਛੱਡ ਕੇ ਆਪ ਟੁਰ ਜਾਣਾ
ਚੰਗਾ ਨਹੀਂ ਹੁੰਦਾ
ਅਲਵਿਦਾ ! ਡਾ ਸਾਹਿਬ
-ਡਾ. ਅਮਰਜੀਤ ਟਾਂਡਾ
ਡਾਕਟਰ ਐਸ ਐਸ ਦੋਸਾਂਝ ਹੁਰਾਂ ਦੀ ਯਾਦਗਾਰੀ ਪਰਿਵਾਰਿਕ ਤਸਵੀਰ ਅਦਾਰਾ ਸਾਹਿਤ ਸਕਰੀਨ ਦੀ ਸਮੁੱਚੀ ਟੀਮ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੀ ਹੈ |
Monday, 13 December 2021
ਕਵੀਸ਼ਰੀ ਦਾ ਯੁੱਗ-ਪੁਰਸ਼ ਸੀ--ਕਵੀਸ਼ਰ ਬਲਵੰਤ ਸਿੰਘ ਪਮਾਲ
13 ਦਸੰਬਰ ਨੂੰ ਬਰਸੀ ਤੇ ਵਿਸ਼ੇਸ਼//ਸਵਰਨ ਸਿੰਘ ਸਿਵੀਆ
ਸ੍ਰ: ਬਲਵੰਤ ਸਿੰਘ ਪਮਾਲ ਅਪਣੀ ਸਿਰਫ਼ 15 ਸਾਲ ਦੀ ਉਮਰ ਵਿੱਚ ਅਪਣੇ ਉਸਤਾਦ ਸ੍ਰ: ਅਜਾਇਬ ਸਿੰਘ ਜੀ ਨੂੰ ਅਪਣੇ ਦੁਆਰਾ ਰਚਿਤ ਰਮਾਇਣ ਕਵੀਸ਼ਰੀ ਦੇ ਰੂਪ ਵਿੱਚ ਸੁਣਾਈ ਜਿਸ ਨੂੰ ਸੁਣਕੇ ਉਹ ਦੰਗ ਰਹਿ ਗਏ। ਉਸ ਤੋਂ ਬਾਅਦ ਪਮਾਲ ਸਾਹਿਬ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅਪਣੇ ਮਨ ਦੇ ਵਲਵਲਿਆਂ ਰਾਹੀਂ ਉਮਡ ਰਹੀ ਅਥਾਹ ਕਵਿਤਾ ਨੂੰ ਕੋਰੜੇ, ਦਵੱਈਏ, ਦੋਹਰੇ, ਬੈਂਤ, ਕਲੀ, ਡਿਉਢੇ, ਢਾਈਏ, ਕਾਫੀ, ਦੋਤਾਰਾ, ਜੰਗਲ਼ਾ, ਝੋਕ, ਟਰਲ, ਰੁਬਾਈ ਅਤੇ ਦੁੱਖ-ਹਰਨ ਛੰਦਾਂ ਵਿੱਚ ਦਬੋਚਣਾ ਸ਼ੁਰੂ ਕਰ ਦਿੱਤਾ। ਜਦੋਂ ਆਪ ਜੀ ਪਾਸ ਅਪਣੀਆਂ ਲਿਖੀਆਂ ਅਨੇਕਾਂ ਲੜੀਵਾਰ ਕਵੀਸ਼ਰੀਆਂ ਹੋ ਗਈਆਂ ਤਾਂ ਆਪ ਜੀ ਨੇ ਅਪਣੇ ਹੀ ਪਿੰਡ ਦੇ ਦੋ ਸੁਰੀਲੇ ਬੋਲਾਂ ਵਾਲ਼ੇ ਪਾਸ਼ੂ ਮੁੰਡਿਆਂ ਸ੍ਰ: ਗੁਰਦੇਵ ਸਿੰਘ ਅਤੇ ਸ੍ਰ: ਸਾਧੂ ਸਿੰਘ ਜੀ ਹੋਰਾਂ ਨੂੰ ਲੈ ਕੇ ਅਪਣਾ ਪਮਾਲ਼ ਵਾਲ਼ਾ ਕਵੀਸ਼ਰੀ ਜੱਥਾ ਬਣਾ ਲਿਆ। ਇਹ ਕਵੀਸ਼ਰੀ ਕਲਾ ਦਾ ਇੱਕ ਸੁਨਹਿਰੀ ਦੌਰ ਸੀ ਜਦੋਂ ਸਰੋਤੇ ਕਵੀਸ਼ਰਾਂ ਨੂੰ ਬਿਨਾਂ ਕਿਸੇ ਲਾਊਡ ਸਪੀਕਰ ਦੇ ਅਖਾੜੇ ਦੇ ਰੂਪ ਵਿੱਚ ਜ਼ਮੀਨ 'ਤੇ ਬਹਿ ਕੇ ਇੱਕ-ਮਨ ਇੱਕ-ਚਿੱਤ ਹੋ ਕੇ ਬੜੀ ਸ਼ਰਧਾ ਪੂਰਵਕ ਸੁਣਦੇ ਸਨ। ਕਵੀਸ਼ਰ ਬਲਵੰਤ ਸਿੰਘ ਜੀ ਨੇ ਜਦੋਂ ਅਪਣਾ ਕਵੀਸ਼ਰੀ ਜੱਥਾ ਸ਼ੁਰੂ ਕੀਤਾ ਸੀ ਉਨ੍ਹਾਂ ਵੇਲ਼ਿਆਂ ਵਿੱਚ ਪੰਜਾਬ ਦੇ ਨਾਮਵਰ ਕਵੀਸ਼ਰ ਕਰਨੈਲ ਸਿੰਘ ਪਾਰਸ (ਰਾਮੂੰਵਾਲੀਆ) ਅਤੇ ਰਣਜੀਤ ਸਿੰਘ ਸਿੱਧਵਾਂ ਦੇ ਢਾਡੀ ਜੱਥੇ ਨੇ ਕਵੀਸ਼ਰੀ ਦੇ ਖੇਤਰ ਵਿੱਚ ਨੇਹਰੀ ਲਿਆਂਦੀ ਪਈ ਸੀ ਅਤੇ ਦੋਆਬੇ ਦੇ ਖੇਤਰ ਵਿੱਚ ਜੋਗਾ ਸਿੰਘ ਜੋਗੀ ਜੀ ਦਾ ਕਵੀਸ਼ਰੀ ਜੱਥਾ ਯਤਨਸ਼ੀਲ ਸੀ। ਅਪਣੀ ਦਮਦਾਰ ਕਵੀਸ਼ਰੀ ਦੇ ਬੋਲਾਂ ਅਤੇ ਸੁਰੀਲੇ ਜੱਥੇ ਦੇ ਸਦਕਾ ਕਵੀਸ਼ਰ ਬਲਵੰਤ ਸਿੰਘ ਪਮਾਲ ਸਾਹਿਬ ਨੇ ਕਵੀਸ਼ਰੀ ਦੇ ਰੰਗ ਵਿੱਚ ਅਪਣਾ ਵਿਲੱਖਣ ਮੁਕਾਮ ਬਣਾ ਲਿਆ। ਉਨ੍ਹਾਂ ਦਿਨਾਂ ਵਿੱਚ ਐੱਚ.ਐੱਮ.ਵੀ. (ਹਿਜ਼ ਮਾਸਟਰਜ਼ ਵਾਇਸ/ਕੁੱਤਾ ਮਾਰਕਾ) ਤੋਂ ਪ੍ਰਮਾਣਿਤ ਕਲਾਕਾਰ ਹੋਣਾ ਅਪਣੇ-ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਸੀ। ਕਵੀਸ਼ਰ ਬਲਵੰਤ ਸਿੰਘ ਪਮਾਲ ਨੇ ਐੱਚ.ਐੱਮ.ਵੀ. ਕੰਪਨੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਪੂਰਨ ਭਗਤ, ਸੱਸੀ-ਪੁੰਨੂੰ, ਸੋਹਣੀ-ਮਹੀਂਵਾਲ, ਮਿਰਜ਼ਾ-ਸਹਿਬਾਂ ਅਤੇ ਹੀਰ ਰਾਂਝੇ ਦੇ ਪ੍ਰਸੰਗ ਰਿਕਾਰਡ ਕਰਵਾ ਕੇ ਕਵੀਸ਼ਰੀ ਦੇ ਖੇਤਰ ਵਿੱਚ ਅਪਣੇ ਕਵੀਸ਼ਰੀ ਜੱਥੇ ਦੇ ਨਾਮ ਦਾ ਇੱਕ ਤਹਿਲਕਾ ਮਚਾ ਦਿੱਤਾ ਸੀ।
Sunday, 12 December 2021
ਸ਼ੰਭੂ ਬਾਰਡਰ 'ਤੇ 2022 ਦਾ ਕਿਸਾਨ ਕੈਲੰਡਰ ਲੋਕ-ਅਰਪਣ
12th December 2021 at 04:57 PM
ਲੇਖਕਾਂ ਤੇ ਰੰਗਕਰਮੀਆਂ ਵੱਲੋਂ ਕਿਸਾਨ ਜਥੇਬੰਦੀਆਂ ਦਾ ਭਰਵਾਂ ਸਵਾਗਤ
ਚੰਡੀਗੜ੍ਹ: 12 ਦਸੰਬਰ 2021: (ਕਰਮ ਵਕੀਲ//ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਭਵਿੱਖ ਦਾ ਇਤਿਹਾਸ ਸਿਰਜਣ ਦੇ ਨਾਲ ਨਾਲ ਸਭਨਾਂ ਦਾ ਭਵਿੱਖ ਸੰਵਾਰਨ ਵਾਲੇ ਕਿਸਾਨਾਂ ਦਾ ਕਾਫ਼ਿਲਾ ਜਦੋਂ ਦਿੱਲੀ ਜਿੱਤ ਕੇ ਪੰਜਾਬ ਵੱਲ ਮੁੜਿਆ ਤਾਂ ਰਸਤੇ ਵਿੱਚ ਅਣਗਿਣਤ ਥਾਂਵਾਂ ਤੇ ਇਸ ਕਾਫ਼ਿਲੇ ਦਾ ਸੁਆਗਤ ਕੀਤਾ ਗਿਆ। ਸ਼ੰਭੂ ਬਾਰਡਰ ਤੇ ਵੀ ਜਾਹੋ ਜਲਾਲ ਦੇਖਣ ਵਾਲਾ ਸੀ। ਇਹ ਉਹੀ ਥਾਂ ਸੀ ਜਿੱਥੇ ਵੱਖਵਾਦੀਆਂ ਨੇ ਆਕਾਸ਼ਵਾਣੀ ਜਲੰਧਰ ਦੇ ਡਾਇਰੈਕਟਰ ਮੋਹਨਲਾਲ ਮਨਚੰਦਾ ਨੂੰ ਕਤਲ ਕਰਨ ਮਗਰੋਂ ਉਸਦੇ ਜਿਸਮ ਦੇ ਹਿੱਸੇ ਪੰਜਾਬ ਅਤੇ ਹਰਿਆਣਾ ਵਿੱਚ ਦੋਹੀਂ ਪਾਸੀਂ ਸੁੱਟੇ ਸਨ। ਅੱਜ ਉਸੇ ਥਾਂ ਇਕਜੁੱਟਤਾ ਅਤੇ ਸਾਂਝੀਵਾਲਤਾ ਦੀ ਭਾਵਨਾ ਵਾਲੇ ਕਿਰਤੀਆਂ ਵੱਲੋਂ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ। ਇਹਨਾਂ ਦੇ ਸੁਆਗਤ ਲਈ ਪੰਜਾਬੀ ਲੇਖਕ, ਕਲਾਕਾਰ ਅਤੇ ਰੰਗਕਰਮੀ ਵੀ ਪੁੱਜੇ ਹੋਏ ਸਨ। ਫਿਰਕੂ ਅਤੇ ਫਾਸ਼ੀ ਅਨਸਰਾਂ ਨੂੰ ਸਖਤ ਟੱਕਰ ਦੇ ਕੇ ਦਿੱਲੀ ਦੀ ਹਿੱਕ ਤੇ ਇਹ ਲੋਕ ਜ਼ਿੰਦਾਬਾਦ ਲਿਖ ਕੇ ਆਏ ਸਨ। ਇਹ ਸਾਰੇ ਦਿੱਲੀ ਜਿੱਤ ਕੇ ਪੰਜਾਬ ਆਏ ਸਨ।
ਕਿਸਾਨ ਸੰਘਰਸ਼ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਘਰ ਵਾਪਸੀ ਲਈ ਮੁੜ ਰਹੀਆਂ ਕਿਸਾਨ ਜਥੇਬੰਦੀਆਂ ਦਾ ਪੰਜਾਬੀ ਲੇਖਕਾਂ, ਰੰਗਕਰਮੀਆਂ ਅਤੇ ਕਲਾਕਾਰਾਂ ਵੱਲੋਂ ਰਾਜਪੁਰਾ ਵਿਖੇ ਨਿੱਘਾ ਸੁਆਗਤ ਕੀਤਾ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪ੍ਰਗਤੀਸ਼ੀਲ ਲੇਖਕ ਸੰਘ ਅਤੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੇ ਲੇਖਕਾਂ ਅਤੇ ਰੰਗਕਰਮੀਆਂ ਨੇ ਸੰਘਰਸ਼ਸ਼ੀਲ ਕਿਸਾਨਾਂ ਦਾ ਅਕਾਸ਼ ਗੂੰਜਾਊ ਨਾਹਰਿਆਂ ਤੇ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਸੀਨੀ. ਮੀਤ ਪ੍ਰਧਾਨ ਡਾ. ਜੋਗਾ ਸਿੰਘ, ਖੇਤੀ ਮਾਹਿਰ ਡਾ. ਸੁਖਪਾਲ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਸਕੱਤਰ ਡਾ. ਗੁਰਮੇਲ ਸਿੰਘ ਅਤੇ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ ਲਗਭਗ 50 ਲੇਖਕ, ਰੰਗਕਰਮੀ ਅਤੇ ਕਲਾਕਾਰ ਸ਼ਾਮਲ ਸਨ। ਸੁਆਗਤ ਕਰਨ ਵਾਲੇ ਲੇਖਕਾਂ ਵਿੱਚ ਕਰਮ ਸਿੰਘ ਵਕੀਲ, ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਕੰਵਲਨੈਣ ਸਿੰਘ ਸੇਖੋਂ, ਕੁਲਦੀਪ ਸਿੰਘ ਦੀਪ, ਬਲਵਿੰਦਰ ਸੰਧੂ, ਜੈਨੇਂਦਰ ਚੌਹਾਨ, ਜਗਜੀਤ ਸਿੰਘ, ਕਿਰਪਾਲ ਸਿੰਘ ਹੀਰਾ, ਬਲਵਿੰਦਰ ਚਹਿਲ, ਪ੍ਰੋ. ਮਨਪ੍ਰੀਤ ਜੱਸ, ਡਾ. ਵੀਰਪਾਲ ਕੌਰ, ਡਾ. ਮਲਕੀਤ ਕੌਰ, ਬਲਦੇਵ ਸਪਤਰਿਸ਼ੀ, ਵਿੱਕੀ ਮਹੇਸ਼ਵਰੀ ਅਤੇ ਪ੍ਰੋ. ਸੰਦੀਪ ਕੌਰ ਸ਼ਾਮਲ ਸਨ।
ਕਿਸਾਨਾਂ ਦਾ ਕਾਫ਼ਲਾ ਸ਼ਾਮੀਂ ਚਾਰ ਵਜੇ ਦੇ ਆਸ-ਪਾਸ ਜਦੋਂ ਸੰਭੂ ਬੈਰੀਅਰ 'ਤੇ ਪਹੁੰਚਿਆ ਤਾਂ ਲੋਕਾਂ ਦੇ ਵੱਡੇ ਇਕੱਠ ਨੇ ਕਿਸਾਨ ਨੇਤਾਵਾਂ ਅਤੇ ਸੰਘਰਸ਼ੀ ਕਿਸਾਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ। ਕਿਸਾਨ ਮਜ਼ਦੂਰ ਏਕਤਾ ਦੇ ਨਾਹਰੇ ਅਤੇ ਹਵਾ ਵਿੱਚ ਤਣੇ ਹੋਏ ਮੁੱਕੇ ਇੱਕ ਅਜਬ ਨਜ਼ਾਰਾ ਪੇਸ਼ ਕਰ ਰਹੇ ਸਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪ੍ਰਗਤੀਸ਼ੀਲ ਲੇਖਕ ਸੰਘ ਅਤੇ ਇਪਟਾ ਦੇ ਆਗੂਆਂ ਨੇ ਇੰਗਲੈਂਡ ਦੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਛਪਵਾਇਆ ਗਿਆ ਕਿਸਾਨ ਅੰਦੋਲਨ ਨੂੰ ਸਮਰਪਿਤ 2022 ਦਾ ਕੈਲੰਡਰ ਲੋਕ-ਅਰਪਣ ਕੀਤਾ। ਬਹੁਤ ਹੀ ਖ਼ੂਬਸੂਰਤੀ ਨਾਲ ਡਿਜ਼ਾਈਨ ਕੀਤਾ ਗਿਆ ਇਹ ਕੈਲੰਡਰ ਸੰਘਰਸ਼ੀ ਕਿਸਾਨਾਂ ਨੂੰ ਭੇਂਟ ਕੀਤਾ ਗਿਆ। ਥਾਂ ਥਾਂ ਉੱਪਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਚਾਹ ਅਤੇ ਸਮੋਸਿਆਂ ਦੇ ਲੰਗਰ ਲਗਾਏ ਗਏ ਸਨ। ਮੁਸਲਿਮ ਭਾਈਚਾਰੇ ਨੇ ਲੰਗਰ ਲਗਾ ਕੇ ਭਾਈਚਾਰਕ ਏਕਤਾ ਦਾ ਸਬੂਤ ਦਿੱਤਾ।
ਕਿਸਾਨ ਅੰਦੋਲਨ ਨੂੰ ਕਿਰਤੀਆਂ ਅਤੇ ਮਜ਼ਦੂਰਾਂ ਦੀ ਇਤਿਹਾਸਕ ਜਿੱਤ ਕਰਾਰ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਜੇ ਸੰਘਰਸ਼ ਖ਼ਤਮ ਨਹੀਂ ਹੋਇਆ। ਇਹ ਕਾਰਪੋਰੇਟਸ ਖ਼ਿਲਾਫ਼ ਭਾਰਤੀ ਕਿਸਾਨ-ਮਜ਼ਦੂਰ ਸੰਘਰਸ਼ ਦਾ ਪਹਿਲਾ ਪੜਾਅ ਹੈ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਭਾਰਤੀ ਆਵਾਮ ਦੀ ਸਰਗਰਮ ਭਾਗੀਦਾਰੀ ਨਾਲ ਫਤਹਿ ਕੀਤਾ ਹੈ। ਡਾ. ਸਿਰਸਾ ਨੇ ਕਿਹਾ ਕਿ ਇਹ ਅੰਦੋਲਨ ਦੁਨੀਆਂ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਵੱਡੇ ਅਤੇ ਦੂਰਗਾਮੀ ਸਬਕ ਲੈ ਕੇ ਸਫਲਤਾ ਦੀ ਪੌੜੀ ਚੜ੍ਹਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਕੇਂਦਰੀ ਸਭਾ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿਸਾ ਪਾਉਂਦੀ ਰਹੇਗੀ।
Wednesday, 1 December 2021
ਜਸਪ੍ਰੀਤ ਕੌਰ ਫ਼ਲਕ ਦਾ ਪੰਜਾਬੀ ਕਾਵਿ ਸੰਗ੍ਰਹਿ ‘ਅੱਠਵੇ ਰੰਗ ਦੀ ਤਲਾਸ਼’ ਰਿਲੀਜ਼
ਭਾਸ਼ਾ ਵਿਭਾਗ ਵੱਲੋਂ ਕੀਤਾ ਗਿਆ ਵਿਸ਼ੇਸ਼ ਸਮਾਗਮ
ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਪੰਜਾਬੀ ਮਾਹ’ ਦੇ ਖ਼ੂਬਸੂਰਤ ਵਿਦਾਇਗੀ ਸਮਾਰੋਹ ਵਿੱਚ ਪ੍ਰਸਿੱਧ ਹਿੰਦੀ ਕਵਿੱਤਰੀ ਜਸਪ੍ਰੀਤ ਕੌਰ ਫ਼ਲਕ ਦੇ ਨਿਵੇਕਲੇ ਪੰਜਾਬੀ ਕਾਵਿ ਸੰਗ੍ਰਹਿ ‘ਅੱਠਵੇਂ ਰੰਗ ਦੀ ਤਲਾਸ਼’ ਦਾ ਲੋਕ ਅਰਪਣ ਮੁੱਖ ਮਹਿਮਾਨ ਸ਼੍ਰੋਮਣੀ ਪੰਜਾਬੀ ਆਲੋਚਕ ਡਾ: ਜਸਵਿੰਦਰ ਸਿੰਘ, ਸਮਾਗਮ ਦੇ ਪ੍ਰਧਾਨ ਡਾ.ਸੁਰਜੀਤ ਲੀਅ, ਵਿਸ਼ੇਸ਼ ਮਹਿਮਾਨ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਨਿੰਦਰ ਘੁਨਿਆਣਵੀ ਅਤੇ ਪੰਜਾਬੀ, ਹਿੰਦੀ ਅਤੇ ਉਰਦੂ ਸਾਹਿਤ ਦੀਆਂ ਕਈ ਨਾਮਵਰ ਹਸਤੀਆਂ ਦੇ ਕਰ-ਕਮਲਾਂ ਨਾਲ ਸੰਪੰਨ ਹੋਇਆ।
ਭਾਸ਼ਾ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਕਰਮਜੀਤ ਕੌਰ ਨੇ ਜਸਪ੍ਰੀਤ ਕੌਰ ਫ਼ਲਕ ਦੀ ਇਸ ਸਿਰਜਣਾਤਮਕ ਪ੍ਰਾਪਤੀ ਲਈ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਰਚਨਾਤਮਕ ਬਣੇ ਰਹਿਣ ਲਈ ਪ੍ਰੇਰਿਤ ਕੀਤਾ। ਜਸਪ੍ਰੀਤ ਕੌਰ ਫ਼ਲਕ ਨੇ ਇਸ ਪਲ ਨੂੰ ਆਪਣੀ ਜ਼ਿੰਦਗੀ ਦਾ ਕਦੇ ਨਾ ਭੁੱਲਣ ਜੋਗ ਪਲ ਦੱਸਿਆ। ਸਮਾਗਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਅਮਰ ਨੂਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰ ਓਮਪ੍ਰਕਾਸ਼ ਗਾਸੋ, ਦੀਪਕ ਜਲੰਧਰੀ, ਸਰਦਾਰ ਪੰਛੀ, ਸਤਨਾਮ ਸਿੰਘ, ਵੀਰਪਾਲ ਕੌਰ ਆਦਿ ਸਮੇਤ ਕਈ ਉੱਘੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।