Released on Tuesday 9th December 2025 at 2:30 AM Regarding Sahit Chintan Chandigarh
ਡਾ. ਸੁਖਦੇਵ ਸਿੰਘ ਸਿਰਸਾ ਦੀ ਪੁਸਤਕ "ਕਵਿਤਾ ਦਾ ਦੇਸ" ਬਾਰੇ ਚਰਚਾ
ਚੰਡੀਗੜ੍ਹ: 7 ਦਸੰਬਰ 2025: (ਮੀਡੀਆ ਲਿੰਕ ਟੀਮ//ਸਾਹਿਤ ਸਕਰੀਨ ਡੈਸਕ)::
ਕਲਮਾਂ ਵਾਲਿਆਂ ਦੇ ਸੰਘਰਸ਼ਾਂ ਦੀ ਗੱਲ ਹੋਵੇ ਤਾਂ ਡਾ. ਸੁਖਦੇਵ ਸਿੰਘ ਸਿਰਸਾ ਨੂੰ ਅਕਸਰ ਦੇਖਿਆ ਜਾ ਸਕਦਾ ਹੈ। ਉਹ ਪੂਰੇ ਤੱਥਾਂ ਅਤੇ ਅੰਕੜਿਆਂ ਨਾਲ ਗੱਲ ਕਰਦੇ ਹਨ। ਪੂਰੇ ਜੋਸ਼ੋ ਖਰੋਸ਼ ਨਾਲ ਸਾਹਿਤ ਦੀਆਂ ਗੱਲਾਂ ਵਾਲਾ ਪ੍ਰੋਗਰਾਮ ਵੀ ਚੱਲਦਾ ਹੈ ਪਰ ਇਸ ਵਾਰ ਗੱਲ ਸਾਹਿਤ ਰਚਨਾ ਦੀ ਸੀ। ਚਰਚਾ ਅਧੀਨ ਪੁਸਤਕ ਵੀ ਡਾ. ਸੁਖਦੇਵ ਸਿੰਘ ਸਿਰਸਾ ਦੀ ਹੀ ਰਚੀ ਹੋਈ ਹੈ-"ਕਵਿਤਾ ਦਾ ਦੇਸ"। ਇਸ ਬਾਰੇ ਚਰਚਾ ਕਰਵਾਈ ਗਈ ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ। ਚਰਚਾ ਵਾਲੀ ਥਾਂ ਵੀ ਬੜੀ ਦਿਲਚਸਪ ਸੀ-"ਪ੍ਰਾਚੀਨ ਕਲਾ ਕੇਂਦਰ"।
ਇਸ ਵਿਚਾਰ ਚਰਚਾ ਵਿੱਚ ਸਾਹਿਤ ਜਗਤ ਨਾਲ ਸਬੰਧਤ ਉਘੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ। ਉਂਝ ਤਾਂ ਪ੍ਰਾਚੀਨ ਕਲਾ ਕੇਂਦਰ ਗੀਤ ਸੰਗੀਤ ਦੀ ਜਾਣਕਾਰੀ ਅਤੇ ਸਿੱਖਿਆ ਨਾਲ ਸਬੰਧਤ ਹੈ ਪਰ ਇਥੇ ਸਾਹਿਤ ਦੀ ਚਰਚਾ ਨੇ ਇਸ ਥਾਂ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੱਤਾ ਹੈ। ਇਸ ਬਾਰੇ ਇੱਕ ਰਿਪੋਰਟ ਤੁਸੀਂ ਫੇਸ ਬੁੱਕ ਪੜ੍ਹ ਸਕਦੇ ਹੋ ਸਾਹਿਤ ਸਕਰੀਨ ਵਿੱਚ। ਇਸ ਮੌਕੇ ਚਰਚਾ ਕਾਰ ਸਨ-ਡਾ. ਕੁਲਦੀਪ ਸਿੰਘ ਦੀਪ। ਸਰੋਤਿਆਂ ਦੇ ਸਨਮੁਖ ਡਾਕਟਰ ਸੁਖਦੇਵ ਸਿੰਘ ਸਿਰਸਾ ਖੁਦ ਵੀ ਹਾਜ਼ਰ ਰਹੇ।
ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਡਾ. ਸਵਰਾਜਬੀਰ ਵੀ ਉਚੇਚੇ ਤੌਰ ਤੇ ਸਰੋਤਿਆਂ ਅਤੇ ਦਰਸ਼ਕਾਂ ਦੇ ਰੂਬਰੂ ਰਹੇ। ਰੋਜ਼ਾਨਾ ਦੇਸ਼ ਸੇਵਕ ਦੇ ਸਾਬਕਾ ਸੰਪਾਦਕ ਡਾ. ਜਸਪਾਲ ਸਿੰਘ ਨੇ ਵੀ ਚਰਚਾ ਵਿਚ ਭਾਗ ਲਿਆ। ਪ੍ਰਸਿੱਧ ਨਾਟਕ ਨਿਰਦੇਸ਼ਕ-ਸਾਹਿਬ ਸਿੰਘ ਵੀ ਆਪਣੀ ਵਿਲੱਖਣ ਸ਼ਖ਼ਸੀਅਤ ਦਾ ਅਹਿਸਾਸ ਕਰਾਉਂਦੇ ਰਹੇ। ਰੇਡੀਓ ਸਾਹਿਤ, ਪ੍ਰਿੰਟ ਮੀਡੀਏ ਵਾਲਾ ਸਾਹਿਤ ਅਤੇ ਪੁਸਤਕਾਂ ਰਹਿਣ ਸਾਹਮਣੇ ਆਉਂਦੇ ਸਾਹਿਤ ਦੇ ਮਹਾਂਰਥੀਆਂ ਨੂੰ ਆਪਸ ਵਿੱਚ ਜੋਡੀ ਰੱਖਣ ਵਾਲੀ ਭੂਮਿਕਾ ਸਰਗਰਮੀ ਨਾਲ ਨਿਭਾਉਣ ਵਾਲੇ ਭੁਪਿੰਦਰ ਮਲਿਕ ਹੁਰਾਂ ਦੀ ਮੌਜੂਦਗੀ ਇੱਕ ਵਿਸ਼ੇਸ਼ ਖੁਸ਼ਬੂ ਵੰਡ ਰਹੀ ਸੀ ਜਿਹੜੀ ਚੰਗੀਆਂ ਸਾਹਿਤਿਕ ਕਿਤਾਬਾਂ ਦੇ ਨੇੜੇ ਬੈਠ ਕੇ ਆਉਂਦੀ ਹੈ।
ਸਾਹਿਤ ਦੀ ਦੁਨੀਆ ਨਾਲ ਜੁੜੇ ਹੋਏ ਬਲਕਾਰ ਸਿੱਧੂ, ਦੇਵੀ ਦਿਆਲ ਸ਼ਰਮਾ, ਡਾ. ਕਾਂਤਾ, ਜੈਪਾਲ ਅਤੇ ਹਰਮੇਲ ਸਿੰਘ ਵੀ ਮੌਜੂਦ ਸਨ। ਸਾਹਿਤ ਨੂੰ ਬੜੀ ਬਾਰੀਕੀ ਨਾਲ ਦੇਖਣ ਪਰਖਣ ਵਾਲੇ ਖੱਬੇ ਪੱਖੀ ਚਿੰਤਕ ਗੁਰਨਾਮ ਕੰਵਰ, ਊਸ਼ਾ ਕੰਵਰ ਅਤੇ ਕਈ ਹੋਰ ਸਾਹਿਤਿਕ ਸ਼ਖਸੀਅਤਾਂ ਅਤੇ ਸਾਹਿਤ ਰਸੀਏ ਵੀ ਪੁੱਜੇ ਹੋਏ ਸਨ।
ਚਰਚਾ ਦਾ ਕੇਂਦਰ ਰਹੀ ਪੁਸਤਕ ਪੁਸਤਕ ਦੇ ਲੇਖਕ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰੋਗਰਾਮ ਦੇ ਆਖ਼ਿਰੀ ਪਲਾਂ ਦੌਰਾਨ ਗੱਲ ਮੁਕਾਈ ਕਿ ਚੰਗੀ ਕਵਿਤਾ ਨੂੰ ਵਿਆਖਿਆ ਦੀ ਲੋੜ ਹੀ ਨਹੀਂ ਹੁੰਦੀ। ਸਮਾਗਮ ਵਿੱਚ ਕੇਂਦਰੀ ਆਕਰਸ਼ਣ ਦੀ ਇੱਕ ਹੋਰ ਪ੍ਰਮੁੱਖ ਸ਼ਖ਼ਸੀਅਤ ਡਾਕਟਰ ਅਰੀਤ ਵੀ ਸੀ। ਡਾਕਟਰ ਅਰੀਤ ਨੇ ਕਿਹਾ ਕਿ ਇਹ ਪੁਸਤਕ ਅਕੈਡਮਿਕ ਸਿਲੇਬਸ ਵਿੱਚ ਲੱਗਣ ਵਾਲੀ ਹੈ। ਇਸਨੂੰ ਵੱਧ ਤੋਂ ਵੱਧ ਪੜ੍ਹਿਆ ਜਾਣਾ ਚਾਹੀਦਾ ਹੈ।
ਇਸ ਪੁਸਤਕ ਦਾ ਮੁੱਖਬੰਦ ਲਿਖਣ ਵਾਲੇ ਡਾ. ਸਵਰਾਜਬੀਰ ਹੁਰਾਂ ਨੇ ਸਮਾਗਮ ਵਿੱਚ ਮੌਜੂਦ ਰਹੇ ਸ਼ਾਇਰ ਲੇਖਕ ਡਾ. ਸਿਰਸਾ ਦੇ ਮੂੰਹੋਂ ਜਦੋਂ ਇਹ ਕਵਿਤਾਵਾਂ ਸੁਣੀਆਂ ਤਾਂ ਉਹਨਾਂ ਕਵਿਤਾਵਾਂ ਦਾ ਰੰਗ ਹੀ ਵੱਖਰਾ ਹੋ ਗਿਆ। ਉਹਨਾਂ ਦਾ ਖੁਦ ਦਾ ਪ੍ਰਤੀਕਰਮ ਵੀ ਇਸ ਕਵਿਤਾ ਪਾਠ ਮੌਕੇ ਬੜਾ ਕਾਵਿਕ ਅਤੇ ਭਾਵੁਕ ਅਹਿਸਾਸ ਕਰਵਾਉਣ ਵਾਲਾ ਸੀ।
ਸਰੋਤਿਆਂ ਵਿੱਚ ਬੈਠੇ ਲੋਕਾਂ ਨੇ ਬਹੁਤ ਹੀ ਧਿਆਨ ਨਾਲ ਇਸ ਕਵਿਤਾ ਪਾਠ ਨੂੰ ਵੀ ਸੁਣਿਆ ਅਤੇ ਇਸਨੂੰ ਮਾਣਿਆ ਵੀ। ਉਹਨਾਂ ਦੇ ਵਜਦ ਵਿਚ ਹਿੱਲਦੇ ਹੋਏ ਸਿਰ, ਚਿਹਰੇ ਅਤੇ ਹੱਥ ਮੌਨ ਰਹਿ ਕੇ ਵੀ ਦੱਸ ਰਹੇ ਸਨ ਕਿ ਉਹਨਾਂ ਨੂੰ ਇਸ ਕਵਿਤਾ ਨੇ ਕਿਸੇ ਹੋਰ ਲੋਕ, ਕਿਸੇ ਹੋਰ ਦੇਸ ਵਿੱਚ ਪਹੁੰਚ ਦਿੱਤਾ ਹੈ। ਉਹ ਦੇਸ ਜਿਹੜਾ ਕਵਿਤਾ ਦਾ ਦੇਸ ਹੈ।

No comments:
Post a Comment