WhatsApp on Thursday 11th December 2025 at 17:59 Regarding Book Release at Jalandhar
ਜਲੰਧਰ ਵਿਖੇ ਉਲੰਪੀਅਨ ਪਰਗਟ ਸਿੰਘ ਤੇ ਗੁਰਭਜਨ ਸਿੰਘ ਗਿੱਲ ਵੱਲੋਂ ਲੋਕ ਅਰਪਣ
![]() |
| ਇਹ ਤਸਵੀਰ AI ਦੀ ਸਹਾਇਤਾ ਨਾਲ |
ਪਿਛਲੇ ਦਿਨੀਂ ਇਸ ਪੁਸਤਕ ਦਾ ਲੋਕ ਅਰਪਨ ਕਰਦਿਆਂ ਹਾਕੀ ਉਲੰਪੀਅਨ ਤੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਸ. ਪਰਗਟ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਅਣਖ਼ੀਲੇ ਲੋਕ ਵਿਰਸੇ ਨੂੰ ਅੰਗਰੇਜ਼ ਹਕੂਮਤ ਨੇ ਬਾਗ਼ੀ ਲੋਕਾਂ ਨੂੰ ਡਾਕੂ ਕਹਿ ਕੇ ਬਦਨਾਮ ਕੀਤਾ ਸੀ ਪਰ ਇਤਿਹਾਸ ਕਦੇ ਵੀ ਲੁਕਿਆ ਨਹੀਂ ਰਹਿੰਦਾ। ਸ. ਧਰਮ ਸਿੰਘ ਗੋਰਾਇਆ ਨੇ ਬੜੇ ਠੋਸ ਸਬੂਤ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਜੱਗਾ ਡਾਕੂ ਨਹੀਂ, ਬਲਕਿ ਬਾਗੀ ਸੂਰਮਾ ਸੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪੰਜਾਬ ਛੱਡ ਕੇ ਪਰਦੇਸੀ ਧਰਤੀਆਂ ਤੇ ਜਾ ਵੱਸਦੇ ਹਨ ਉਨ੍ਹਾਂ ਵਿੱਚ ਵਿਰਸੇ ਦੀ ਪੁਣ ਛਾਣ ਕਰਨ ਵਾਲੀ ਨਜ਼ਰ ਪੈਦਾ ਹੋ ਜਾਂਦੀ ਹੈ।
ਇਸੇ ਦਾ ਸਬੂਤ ਸ. ਧਰਮ ਸਿੰਘ ਗੋਰਾਇਆ ਦੀ ਸੱਜਰੀ ਖੋਜ ਪੁਸਤਕ “ਲੋਕ ਨਾਇਕ ਜੱਗਾ ਸੂਰਮਾ”ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਜੱਗਾ ਸੂਰਮਾ ਪੰਜਾਬ ਦੀ ਅਣਖੀਲੀ ਮਿੱਟੀ ਦਾ ਜਾਇਆ ਹੈ ਜੋ ਨਿੱਕੇ ਨਿੱਕੇ ਸ਼ਾਹੂਕਾਰਾਂ ਦੇ ਜ਼ੁਲਮ ਤੋਂ ਮੁਕਤੀ ਲਈ ਕਾਫ਼ਲਾ ਬਣਾ ਕੇ ਤੁਰਦਾ ਹੈ। ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਵਿੱਚ ਸ਼ਾਮਲ ਮਹੰਤਾਂ ਨੂੰ ਸੋਧਦਾ ਹੈ। ਬੱਬਰ ਅਕਾਲੀਆਂ ਦਾ ਸੰਗੀ ਬਣਦਾ ਹੈ।
ਅੰਗਰੇਜ਼ ਹਕੂਮਤ ਨੇ ਉਸ ਨੂੰ ਡਾਕੂ ਕਹਿ ਕੇ ਬਦਨਾਮ ਕੀਤਾ ਤੇ ਉਸ ਨੂੰ ਆਪਣੇ ਲਾਲਚੀ ਕਾਰਿੰਦਿਆਂ ਤੋਂ ਖ਼ਤਮ ਕਰਵਾ ਸੁੱਟਿਆ। ਉਸ ਨੂੰ ਲੋਕ-ਮਨ ਵਿੱਚ ਡਾਕੂ ਧੁੰਮਾਇਆ ਗਿਆ। ਉਨ੍ਹਾਂ ਕਿਹਾ ਕਿ ਬੋਲੀਆਂ ਵਿੱਚ ਉਸ ਦਾ ਲੋਕ ਪੱਖੀ ਸੰਘਰਸ਼ ਗ਼ੈਰ ਹਾਜ਼ਰ ਹੈ। ਸ. ਧਰਮ ਸਿੰਘ ਗੋਰਾਇਆ (ਮੈਰੀਲੈਂਡ) ਅਮਰੀਕਾ ਵੱਸਦਿਆਂ ਜੱਗਾ ਸੂਰਮਾ ਨਾਲ ਸਬੰਧਿਤ ਮੂਲ ਇਤਿਹਾਸਕ ਤੇ ਮੌਖਿਕ ਸੋਮਿਆਂ ਤੀਕ ਪਹੁੰਚ ਕਰਕੇ “ਜੱਗਾ ਡਾਕੂ”ਦੀ ਥਾਂ “ਜੱਗਾ ਸੂਰਮਾ” ਪੁਸਤਕ ਲਿਖ ਕੇ ਜੱਗੇ ਦੀ ਧੀ ਰੇਸ਼ਮ ਕੌਰ ਦਾ ਉਲਾਂਭਾ ਹੀ ਨਹੀਂ ਲਾਹਿਆ ਸਗੋਂ ਇਤਿਹਾਸ ਵਿੱਚ ਪਏ ਭੁਲੇਖੇ ਵੀ ਦੂਰ ਕੀਤੇ ਹਨ। ਲੋਕ ਨਾਇਕ ਕਹਾਉਣ ਦੇ ਸਮਰੱਥ “ਜੱਗਾ ਸੂਰਮਾ”ਨੂੰ ਪਾਠਕ ਹੁਣ ਵੱਖਰੀ ਨਜ਼ਰ ਨਾਲ ਵੇਖ ਸਕਣਗੇ।
ਕੁਝ ਦਿਨ ਪਹਿਲਾਂ ਲੁਧਿਆਣਾ ਵਾਲੇ ਸਮਾਗਮ ਵਿੱਚ ‘ਦਿ ਫੋਕ ਟਰਬਨੇਟਰਜ਼’ ਗਰੁੱਪ ਦੇ ਮੈਂਬਰ ਅਰਸ਼ ਰਿਆਜ਼ ਨੇ ਆਪਣੀ ਸੰਗੀਤਕ ਪੇਸ਼ਕਾਰੀ ਕਰ ਕੇ ਸਾਬਤ ਕੀਤਾ ਕਿ ਧਰਤੀ ਕੋਈ ਵੀ ਹੋਵੇ, ਵਿਰਾਸਤ ਹਰ ਸਾਹ ਦੇ ਨਾਲ ਨਾਲ ਤੁਰਦੀ ਹੈ। ਇਸ ਮੌਕੇ ਮਲਕੀਤ ਸਿੰਘ ਭੱਠਲ, ਦਮਨ ਸ਼ਰਮਾ, ਸਾਬਕਾ ਸਰਪੰਚ ਸੁਖਵੰਤ ਸਿੰਘ ਚੱਕ ਕਲਾਂ (ਲੁਧਿਆਣਾ) ਤੇ ਜਗਜੀਵਨ ਸਿੰਘ ਮੋਹੀ ਆਦਿ ਹਾਜ਼ਰ ਸਨ।
ਇਸ ਤੋਂ ਬਾਅਦ ਜਲੰਧਰ ਵਾਲੇ ਸਮਾਗਮ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਜੌਹਲ, ਅਮਰੀਕਾ ਵੱਸਦੇ ਲੇਖਕ ਰਵਿੰਦਰ ਸਹਿਰਾਅ, ਦਰਸ਼ਨ ਬੁੱਟਰ, ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ,ਤ੍ਹੈਲੋਚਨ ਲੋਚੀ,ਮਨਜਿੰਦਰ ਧਨੋਆ, ਡਾ. ਗੁਰਇਕਬਾਲ ਸਿੰਘ, ਸੁਰਜੀਤ ਜੱਜ ਪ੍ਰਧਾਨ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ,ਰਮੇਸ਼ ਯਾਦਵ, ਜੈਨਿੰਦਰ ਚੌਹਾਨ, ਪ੍ਹੋ. ਕ ਸ ਢਿੱਲੋਂ, ਸ਼੍ਹੀ ਵਿਜੈ ਕੁਮਾਰ ਅਮਰੀਕਾ ਤੇ ਪੰਜਾਬੀ ਫ਼ਿਲਮਾਂ ਦੇ ਹਾਸ ਅਭਿਨੇਤਾ ਹਾਰਬੀ ਸੰਘਾ ਵੀ ਹਾਜ਼ਰ ਸਨ।


No comments:
Post a Comment