google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: 2024

Tuesday, 24 December 2024

ਅਨਿਲ ਆਦਮ ਦੀ ਯਾਦ ਵਿੱਚ ਕਲਾਪੀਠ ਵੱਲੋਂ ਵਿਸ਼ੇਸ਼ ਸਮਾਗਮ

From Harmeet Vidiarthy Monday: 23rd December 2024 at 09:14 Remembering Anil Adam Ferozepur 

 ਜਸਵੰਤ ਜ਼ਫ਼ਰ ਅਤੇ ਵਿਜੇ ਵਿਵੇਕ ਸਮੇਤ ਕਈ ਸ਼ਖਸੀਅਤਾਂ ਪੁੱਜੀਆਂ 


ਫ਼ਿਰੋਜ਼ਪੁਰ: 23 ਦਸੰਬਰ 2024: (ਸਾਹਿਤ ਸਕਰੀਨ ਡੈਸਕ)::

ਸਰਹੱਦੀ ਜ਼ਿਲ੍ਹਾ ਹੋਣ ਕਰਕੇ ਫਿਰੋਜ਼ਪੁਰ ਦੇ ਲੋਕ ਹਮੇਸ਼ਾਂ ਹੀ ਜੰਗ ਵਰਗੇ ਹਾਲਾਤਾਂ ਵਿੱਚ ਰਹਿੰਦੇ ਹੋਏ ਸੰਘਰਸ਼ਸ਼ੀਲ ਰਹੇ ਹਨ। ਜੰਗੀ ਜਹਾਜ਼ਾਂ ਵਿੱਚੋਂ ਜੰਗ ਦੇ ਦਿਨਾਂ ਵਿੱਚ ਅਚਾਨਕ ਡਿੱਗਦੇ ਬੰਬਾਂ ਦੇ ਬਾਵਜੂਦ ਇਹ ਲੋਕ ਜ਼ਿੰਦਗੀ ਦੇ ਗੀਤ ਗਾਉਂਦੇ ਰਹੇ। ਮੋਹਨਲਾਲ ਭਾਸਕਰ ਵਰਗੇ ਜਾਂਬਾਜ਼  ਸਿਰਫ ਭਾਰਤ ਲਈ ਪਾਕਿਸਤਾਨ ਜਾ ਕੇ ਜਾਸੂਸੀ ਕੀਤੀ ਬਲਕਿ ਜਾਸੂਸੀ ਦੇ ਦਿਨਾਂ ਵਿੱਚ ਹੰਢਾਏ ਖਤਰਿਆਂ ਅਤੇ ਤਜਰਬਿਆਂ ਨੂੰ ਲਿਖਤਾਂ ਵਿੱਚ ਵਿੱਚ ਵੀ ਉਤਾਰਿਆ। ਬੰਦੂਕਾਂ ਅਤੇ ਬੰਬਾਂ ਦੀ ਜੰਗ ਤੋਂ ਇਲਾਵਾ ਵੀ ਇਥੋਂ ਦੇ ਲੋਕ ਕਿਸੇ ਨਾ ਕਿਸੇ ਸੰਘਰਸ਼ ਦੀ ਜੰਗ ਵਿੱਚ ਵਿੱਚ ਹਮੇਸ਼ਾਂ ਸਰਗਰਮ ਰਹੇ। ਦਿੱਲੀ ਵਾਲੇ ਕਿਸਾਨੀ ਅੰਦੋਲਨ ਦੀ ਗਊ ਹੋਵੇ ਜਾਂ ਪੰਜਾਬ ਵਿੱਚ ਚੱਲਦੇ ਸੰਘਰਸ਼ਾਂ ਦੀ ਗੱਲ--ਇਥੋਂ ਦੇ ਲੋਕ ਮੂਹਰਲੀ ਕਤਾਰ ਵਿੱਚ ਰਹਿੰਦੇ ਰਹੇ। ਇਹਨਾਂ ਸੰਘਰਸ਼ਾਂ ਨੂੰ ਕਵਿਤਾ, ਕਹਾਣੀਆਂ ਅਤੇ ਲੇਖਾਂ ਵਿੱਚ ਦਰਜ ਕਰਕੇ ਲੋਕਾਂ ਤੱਕ ਲਿਜਾਣ ਵਾਲੇ ਕਾਫ਼ਿਲੇ ਵਿੱਚ ਸੰਵੇਦਨਸ਼ੀਲ ਸ਼ਾਇਰ ਅਨਿਲ ਆਦਮ ਵੀ ਇੱਕ ਸੀ।  ਬਹੁਤ ਹੀ ਮਲੂਕ ਜਿਹਾ ਅਤੇ ਮਿੱਠ ਬੋਲੜਾ ਸ਼ਾਇਰ। ਜਦੋਂ ਇਸ ਦੁਨੀਆਂ ਤੋਂ ਸਦੀਵੀ ਤੌਰ ਤੇ ਤੁਰ ਗਿਆ ਤਾਂ ਚਾਰੇ ਪਾਸੇ ਉਦਾਸੀ ਦਾ ਮਾਹੌਲ ਸੀ। ਪਾਰ ਉਹ ਅਜੇ ਵੀ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ। 

ਸਰਹੱਦੀ ਸ਼ਹਿਰ ਫ਼ਿਰੋਜ਼ਪੁਰ ਵਿੱਚ ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ "ਕਲਾਪੀਠ" ਵੱਲੋਂ ਪਹਿਲਾ ਅਨਿਲ ਆਦਮ ਸਿਮਰਤੀ ਸਮਾਗਮ ਜ਼ਿਲ੍ਹਾ ਲਾਇਬ੍ਰੇਰੀ ਕਮੇਟੀ ਘਰ ਫ਼ਿਰੋਜ਼ਪੁਰ ਵਿੱਚ ਕਰਵਾਇਆ ਗਿਆ।' ਏਨੀ ਮੇਰੀ ਬਾਤ' , 'ਕਵਿਤਾ ਬਾਹਰ ਉਦਾਸ ਖੜ੍ਹੀ ਹੈ' ਅਤੇ '26 ਸਾਲ ਬਾਅਦ' ਦੇ ਲੇਖਕ ਮਰਹੂਮ ਅਨਿਲ ਆਦਮ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸ਼ਾਇਰ ਵਿਜੇ ਵਿਵੇਕ ਨੇ ਕੀਤੀ ਸ਼ਾਇਰ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਪ੍ਰਧਾਨਗੀ ਮੰਡਲ ਵਿੱਚ ਪ੍ਰੋ.ਜਸਪਾਲ ਘਈ, ਪ੍ਰੋ.ਗੁਰਤੇਜ ਕੋਹਾਰਵਾਲਾ,ਸਨਮਾਨਿਤ ਸ਼ਾਇਰਾ ਮਨਦੀਪ ਔਲਖ ਅਤੇ ਅਨਿਲ ਆਦਮ ਦੀ ਹਮਸਫ਼ਰ ਅੰਜੁਮ ਸ਼ਰਮਾ ਸ਼ਾਮਲ ਸਨ।

ਪ੍ਰੋ.ਕੁਲਦੀਪ ਦੀ ਪ੍ਰਭਾਵਸ਼ਾਲੀ ਮੰਚ ਸੰਚਾਲਨਾ ਨਾਲ ਸ਼ੁਰੂ ਹੋਏ ਸਮਾਗਮ ਵਿੱਚ ਪ੍ਰੋ.ਗੁਰਤੇਜ ਨੇ ਸਮੁੱਚੇ ਪੰਜਾਬ ਭਰ ਵਿੱਚੋਂ ਆਏ ਹੋਏ ਲੇਖਕਾਂ, ਬੁੱਧੀਜੀਵੀਆਂ, ਪਾਠਕਾਂ ਸਰੋਤਿਆਂ ਦਾ ਸਵਾਗਤ ਕਰਦਿਆਂ ਅਨਿਲ ਆਦਮ ਦੀ ਸਾਹਿਤਕ ਪ੍ਰਤਿਭਾ ਕਲਾਪੀਠ ਦੀਆਂ ਸਰਗਰਮੀਆਂ ਅਤੇ ਭਵਿੱਖੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ। 

ਸਮਾਗਮ ਦੇ ਪਹਿਲੇ ਪੜਾਅ ਵਿੱਚ ਪ੍ਰੋ.ਜਸਪਾਲ ਘਈ ਦਾ ਊੜਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕਾਵਿ ਸੰਗ੍ਰਹਿ "ਤੇਰਾ ਮੇਰਾ ਖ਼ਾਬ ਸੀ ਸ਼ਾਇਦ" ਅਤੇ ਸ਼ਾਇਰਾ ਹਰਲੀਨ ਸੋਨਾ ਦਾ ਹਿੰਦੀ ਵਿੱਚ ਅਨੁਵਾਦਿਤ ਹਾਇਕੂ ਸੰਗ੍ਰਹਿ "ਆਰਸੀ" ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਣ ਕੀਤਾ ਗਿਆ। ਯਾਦ ਰਹੇ "ਆਰਸੀ" ਦਾ ਹਿੰਦੀ ਅਨੁਵਾਦ ਮਰਹੂਮ ਅਨਿਲ ਆਦਮ ਨੇ ਕੀਤਾ ਸੀ। ਦੋਵਾਂ ਕਿਤਾਬਾਂ ਦੇ ਲੇਖਕਾਂ ਵੱਲੋਂ ਆਪਣੀ ਸਿਰਜਣ ਪ੍ਰਕ੍ਰਿਆ ਬਾਰੇ ਸੰਖੇਪ ਵਿੱਚ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ ਗਈ। 

ਸ਼ਾਇਰ ਸੱਤਪਾਲ ਭੀਖੀ ਨੇ ਅਨਿਲ ਆਦਮ ਦੀ ਕਵਿਤਾ ਦੇ ਵੱਖ ਵੱਖ ਪਸਾਰਾਂ ਦੀ ਚਰਚਾ ਕਰਦਿਆਂ ਉਸਦੀ ਕਵਿਤਾ ਦੇ ਮਾਨਵੀ ਪਹਿਲੂਆਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ।ਹਰਮੀਤ ਵਿਦਿਆਰਥੀ ਨੇ ਅਨਿਲ ਨਾਲ ਆਪਣੀ ਬੱਤੀ ਵਰ੍ਹਿਆਂ ਦੀ ਦੋਸਤੀ ਦੇ ਸ਼ੀਸ਼ੇ ਵਿੱਚੋਂ ਉਸਦੀ ਸਖ਼ਸ਼ੀਅਤ ਦੇ ਵੱਖ ਵੱਖ ਰੂਪਾਂ ਦੀ ਨਿਸ਼ਾਨਦੇਹੀ ਕੀਤੀ।

 ਪ੍ਰੋ.ਗੁਰਤੇਜ ਨੇ ਸ਼ਾਇਰਾ ਮਨਦੀਪ ਔਲਖ ਦੇ ਸਨਮਾਨ ਵਿੱਚ ਮਾਣ-ਪੱਤਰ ਪੜ੍ਹਦਿਆਂ ਕਿਹਾ ਕਿ ਮਨਦੀਪ ਔਲਖ ਔਰਤ ਆਜ਼ਾਦ ਹੋਂਦ ਦੀ ਉਚਾਰ ਦੀ ਕਵਿਤਾਕਾਰ ਹੈ।  ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਅਤੇ ਅਨਿਲ ਆਦਮ ਦੀ ਮਾਤਾ ਸ਼੍ਰੀ ਮਤੀ ਸ਼ੁੱਭ ਰਾਣੀ ਅਤੇ ਪਰਿਵਾਰ ਵੱਲੋਂ ਪਹਿਲਾ ਅਨਿਲ ਆਦਮ ਸਿਮਰਤੀ ਪੁਰਸਕਾਰ ਮਨਦੀਪ ਔਲਖ ਨੂੰ ਉਹਨਾਂ ਦੀ ਕਿਤਾਬ "ਗ਼ਰਲਜ਼ ਹੋਸਟਲ" ਲਈ ਪ੍ਰਦਾਨ ਕੀਤਾ ਗਿਆ। ਸਨਮਾਨ ਪ੍ਰਵਾਨ ਕਰਨ ਤੋਂ ਬਾਅਦ ਮਨਦੀਪ ਔਲਖ ਨੇ ਅਨਿਲ ਆਦਮ ਦੀ ਕਵਿਤਾ ਦੀ ਸ਼ਕਤੀ ਦੀ ਚਰਚਾ ਕੀਤੀ ਅਤੇ ਇਸ ਸਨਮਾਨ ਨੂੰ ਆਪਣੇ ਉੱਪਰ ਪਈ ਵੱਡੀ ਜ਼ਿੰਮੇਵਾਰੀ ਦੱਸਿਆ। ਨਾਲ ਹੀ ਆਪਣੀਆਂ ਕੁਝ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। 

ਸਮਾਗਮ ਦੇ ਤੀਜੇ ਪੜਾਅ ਵਿੱਚ ਨੌਜਵਾਨ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ । ਜਿਸ ਵਿੱਚ ਗੁਰਜੰਟ ਰਾਜੇਆਣਾ, ਦਵੀ ਸਿੱਧੂ , ਰਿਸ਼ੀ ਹਿਰਦੇਪਾਲ , ਮਨਜੀਤ ਸੂਖ਼ਮ ਅਤੇ ਸੱਤ ਔਜ ਨੇ ਕਵਿਤਾ ਪਾਠ ਕਰਦਿਆਂ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਪੰਜਾਬੀ ਕਵਿਤਾ ਦਾ ਭਵਿੱਖ ਨਵੇਂ ਕਵੀਆਂ ਦੇ ਹੱਥਾਂ ਵਿੱਚ ਸੁਰੱਖਿਅਤ ਹੈ। ਪੰਜਾਬੀ ਦੇ ਨਾਮਵਰ ਸ਼ਾਇਰ ਵਿਜੇ ਵਿਵੇਕ ਦੀਆਂ ਗ਼ਜ਼ਲਾਂ ਨੇ ਮਾਹੌਲ ਨੂੰ ਵਿਸਮਾਦੀ ਰੰਗ ਵਿੱਚ ਰੰਗ ਦਿੱਤਾ। ਮੁੱਖ ਮਹਿਮਾਨ ਜਸਵੰਤ ਜ਼ਫ਼ਰ ਹੁਰਾਂ ਨੇ ਕਿਹਾ ਕਿ ਅਨਿਲ ਆਦਮ ਦੀ ਸਖ਼ਸ਼ੀਅਤ ਦੇ ਬਹੁਤ ਸਾਰੇ ਪਸਾਰ ਸਨ। ਅਨਿਲ ਵਿੱਚ ਵੱਡਾ ਲੇਖਕ ਅਤੇ ਖ਼ੂਬਸੂਰਤ ਮਨੁੱਖ ਬਨਣ ਦੀਆਂ ਸਾਰੀਆਂ ਸੰਭਾਵਨਾਵਾਂ ਸਨ। ਉਹਨਾਂ ਕਲਾਪੀਠ ਨੂੰ ਆਪਣੇ ਪਿਆਰੇ ਸ਼ਾਇਰ ਨੂੰ ਏਨੇ ਭਾਵਪੂਰਤ ਢੰਗ ਨਾਲ ਯਾਦ ਕਰਨ ਲਈ ਮੁਬਾਰਕਬਾਦ ਦਿੱਤੀ। 

ਕਰੀਬ ਸਾਢੇ ਤਿੰਨ ਘੰਟੇ ਚੱਲੇ ਇਸ ਸਮਾਗਮ ਵਿੱਚ ਰਾਜੀਵ ਖ਼ਿਆਲ,ਸੰਦੀਪ ਚੌਧਰੀ,ਸੁਨੀਲ ਪ੍ਰਭਾਕਰ,ਦੀਪ ਜਗਦੀਪ ਸਿੰਘ,ਮਨਜਿੰਦਰ ਕਮਲ,ਡਾ. ਜਗਵਿੰਦਰ ਜੋਧਾ , ਸਾਨਿਧਯ ਪ੍ਰਭਾਕਰ ,ਹਰਮਨਦੀਪ ਸਿੰਘ ਆਸਟ੍ਰੇਲੀਆ, ਮੁਸੱੱਵਿਰ ਫ਼ਿਰੋਜ਼ਪੁਰੀ,ਪ੍ਰਭ ਕੈਨੇਡਾ , ਡਾ.ਜਗਦੀਪ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ, ਸੁਖਦੇਵ ਭੱਟੀ,ਦੀਪਕ ਮੰਯਕ ਸ਼ਰਮਾ, ਕਮਲ ਸ਼ਰਮਾ, ਕਰਨਜੀਤ ਦਰਦ, ਜੁਗਰਾਜ ਸਿੰਘ ਆਸਟ੍ਰੇਲੀਆ, ਗੁਰਨਾਮ ਸਿੱਧੂ, ਪਰਮਿੰਦਰ ਥਿੰਦ, ਪਰਮਜੀਤ ਢਿੱਲੋਂ,ਪ੍ਰੋ.ਚਮਨ ਲਾਲ ਅਰੋੜਾ, ਪਵਨਦੀਪ ਚੌਹਾਨ, ਸੰਜੇ,ਸੁਖਵਿੰਦਰ ਸੁੱਖੀ, ਚਿੱਟਾ ਸਿੱਧੂ, ਪ੍ਰੀਤ ਜੱਗੀ, ਜਸਵਿੰਦਰ ਧਰਮਕੋਟ,ਪ੍ਰੋ. ਮਨਜੀਤ ਕੌਰ ਆਜ਼ਾਦ, ਸੰਤੋਸ਼ ਸੇਠੀ, ਪ੍ਰੋ.ਕੁਲਬੀਰ ਮਲਿਕ, ਸੁਖਵਿੰਦਰ ਸਿੰਘ,ਜਬਰ ਮਾਹਲਾ,ਆਰਟਿਸਟ ਤਰਸੇਮ ਰਾਹੀ , ਗੁਰਪਿੰਦਰ ਸਿੰਘ ਭੁੱਲਰ, ਬਲਵਿੰਦਰ ਪਨੇਸਰ, ਗੁਰਦਿਆਲ ਸਿੰਘ ਵਿਰਕ, ਦਵਿੰਦਰ ਨਾਥ ਦਿਲਪ੍ਰੀਤ ਚਾਹਲ, ਵੀਰਪਾਲ ਕੌਰ ਮੋਹਲ,ਅਰੁਣ ਗੋਇਲ , ਸੁਰਿੰਦਰ ਕੰਬੋਜ, ਸੁਰਿੰਦਰ ਢਿੱਲੋਂ,ਸੁਖਵਿੰਦਰ ਭੁੱਲਰ, ਗਿੱਲ ਗੁਲਾਮੀ ਵਾਲਾ,ਮੰਗਤ ਵਜੀਦਪੁਰੀ,ਡਾ.ਰਮੇਸ਼ਵਰ ਕਟਾਰਾ, ਸੁਧੀਰ, ਉਮੇਂਦਰ ਦੱਤ ਖੇਤੀ ਵਿਰਾਸਤ ਮਿਸ਼ਨ , ਨੀਰਜ ਯਾਦਵ, ਹਰਜੀਤ ਸਿੱਧੂ, ਵਿਨੋਦ ਗਰਗ , ਸੰਦੀਪ ਟੰਡਨ ਰਾਕੇਸ਼ ਪਵਾਰ ਸਮੇਤ ਵੱਡੀ ਗਿਣਤੀ ਵਿੱਚ ਲੇਖਕ ਪਾਠਕ ਅਤੇ ਅਨਿਲ ਆਦਮ ਦੀ ਕਵਿਤਾ ਨੂੰ ਪਿਆਰ ਕਰਨ ਵਾਲੇ ਮੌਜੂਦ ਸਨ। 

ਸਮਾਗਮ ਦੇ ਅੰਤ ਵਿੱਚ ਅੰਜੁਮ ਸ਼ਰਮਾ ਨੇ ਸਭ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਯਕੀਨ ਦੁਆਇਆ ਕਿ ਅਨਿਲ ਆਦਮ ਦਾ ਪਰਿਵਾਰ ਕਲਾਪੀਠ ਨਾਲ ਹਰ ਤਰ੍ਹਾਂ ਸਹਿਯੋਗ ਕਰਦਾ ਰਹੇਗਾ। ਕੁਲ ਮਿਲਾ ਕੇ ਸਮਾਗਮ ਬਹੁਤ ਯਾਦਗਾਰੀ ਰਿਹਾ। 

Sunday, 22 December 2024

ਮਿੰਨੀ ਕਹਾਣੀ ਵਾਲੇ ਯੁਗ ਦੀ ਦਸਤਕ ਫਿਰ ਸੁਣਾਈ ਦਿੱਤੀ ਲੁਧਿਆਣਾ ਵਿੱਚ

From Punjabi Sahit Academy on Sunday 22nd December 2024 at 4:34 PM Edit and input by Kartika Singh  

ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪੰਜਾਬੀ ਭਵਨ ਵਿਖੇ ਹੋਇਆ ਕੌਮੀ ਸੈਮੀਨਾਰ 


ਲੁਧਿਆਣਾ: 20 ਦਸੰਬਰ 2024: (ਰੈਕਟਰ ਕਥੂਰੀਆ//ਸਾਹਿਤ ਸਕਰੀਨ ਡੈਸਕ)::
ਜਦੋਂ ਪੰਜਾਬ ਵਿੱਚ ਨਕਸਲੀ ਲਹਿਰ ਉੱਠੀ ਤਾਂ ਇਸ ਲਹਿਰ ਦੇ ਪ੍ਰਭਾਵ ਹੇਠ ਸਾਹਿਤ ਦੀ ਵੀ ਇੱਕ ਨਵੀਂ ਧਾਰਾ ਪੈਦਾ ਹੋਈ ਜਿਹੜੀ ਨਕਸਲਬਾੜੀ ਵਾਲੇ ਵਿਚਾਰਾਂ ਤੋਂ ਪ੍ਰਭਾਵਿਤ ਸੀ। ਇਸ ਧਾਰਾ ਵਾਲੇ ਕਲਮਕਾਰਾਂ ਦਾ ਜੋਸ਼ੋ ਖਰੋਸ਼ ਰਵਾਇਤੀ ਕਾਮਰੇਡਾਂ ਨਾਲੋਂ ਕੁਝ ਵੱਧ ਤਿੱਖਾ ਹੁੰਦਾ ਸੀ। ਖੱਬੇਪੱਖੀਆਂ ਵਿੱਚ ਇਸ ਨਵੇਂ ਰੁਝਾਨ ਨੂੰ ਲੈ ਕੇ ਇੱਕ ਲਕੀਰ ਜਿਹੀ ਵੀ ਉਭਰਦੀ ਮਹਿਸੂਸ ਹੋ ਰਹੀ ਸੀ। ਜਦੋਂ ਕਿਧਰੇ ਕੋਈ ਨਕਸਲੀ ਸੁਰ ਵਾਲਾ ਸ਼ਾਇਰ ਜਾਂ ਲੇਖਕ ਸਟੇਜ ਤੇ ਬੋਲਦਾ ਹੁੰਦਾ ਜਾਂ ਕਿਸੇ ਹੋਰ ਤਰ੍ਹਾਂ ਵਿਚਰਦਾ ਹੁੰਦਾ ਤਾਂ ਕਈ ਵਾਰ ਰਵਾਇਤੀ ਖੱਬੇਪੱਖੀਆਂ ਵਿੱਚੋਂ ਕੋਈ ਨ ਕੋਈ ਕਿਸੇ ਨ ਕਿਸੇ ਦੇ ਕੰਨ ਵਿੱਚ ਇਹ ਆਖਦਾ ਵੀ ਸੁਣਿਆ ਜਾਂਦਾ ਕਿ ਇਹ ਤਾਂ ਨਕਸਲੀ ਐ। 

ਇਹ ਸ਼ਬਦ ਆਖਣ ਵਾਲਿਆਂ ਦਾ ਅੰਦਾਜ਼ ਵੀ ਕੁਝ ਛੁਟਿਆਉਣ ਜਿਹੀ ਸੁਰ ਵਾਲਾ ਹੁੰਦਾ। ਸਾਹਿਤਿਕ ਨੇੜਤਾ ਦੇ ਬਾਵਜੂਦ ਇੱਕ ਦੂਰੀ ਜਿਹੀ ਦਾ ਅਹਿਸਾਸ ਕਰਾਉਂਦਾ ਸੀ ਇਹ ਅੰਦਾਜ਼। ਪਾਸ਼ ਅਤੇ ਕੁਝ ਹੋਰਾਂ ਦੀ ਸ਼ਹਾਦਤ ਤੋਂ ਬਾਅਦ ਇਹ ਲਕੀਰ ਮੱਧਮ ਵੀ ਪੈਣ ਲੱਗ ਪਈ ਸੀ। ਹੋਲੀ ਹੋਲੀ ਖੱਬੀਆਂ ਕਲਮਾਂ ਵਾਲਿਆਂ ਦੀ ਪੁਰਾਣੀ ਏਕਤਾ ਵੀ ਅਤੇ ਮੋਹ ਪਿਆਰ ਵੀ ਪਰਤਣ ਲੱਗੇ। ਹਾਲਾਤ ਵੀ ਨਾਜ਼ੁਕ ਲੈ ਮੋੜ ਲੈ ਰਹੇ ਸਨ। ਸਿੱਖ ਖਾੜਕੂਵਾਦ ਵੀ ਜ਼ੋਰ ਫੜਦਾ ਜਾ ਰਿਹਾ ਸੀ। ਬਲਦੇਵ ਸਿੰਘ ਮਾਨ, ਗਿਆਨ ਸਿੰਘ ਸੰਘਾ ਅਤੇ ਕਈ ਹੋਰ ਖੱਬੇਪੱਖੀ ਆਗੂ ਅਤੇ ਕਾਰਕੁੰਨ ਖਾਲਿਸਤਾਨੀ ਲਹਿਰ ਦੌਰਾਨ ਸ਼ਹੀਦ ਕਰ ਦਿੱਤੇ ਗਏ ਸਨ। 

ਜਿਹੜੀ ਲਕੀਰ ਪਹਿਲਾਂ ਨਕਸਲੀ ਕਲਮਕਾਰਾਂ ਅਤੇ ਰਵਾਇਤੀ ਖੱਬੇਪੱਖੀਆਂ ਦੌਰਾਨ ਉਭਰੀ ਸੀ ਉੱਸੇ ਤਰ੍ਹਾਂ ਦੀ ਲਕੀਰ ਹੁਣ ਖੱਬੇਪੱਖੀਆਂ ਅਤੇ ਸਿੱਖ ਖਾੜਕੂਆਂ ਦਰਮਿਆਨ ਸਾਹਮਣੇ ਆਉਣ ਲੱਗ ਪਈ ਸੀ। ਇਹ ਲਕੀਰ ਸੀ ਵੀ ਬਹੁਤ ਗੂਹੜੀ। ਸੰਤ ਰਾਮ ਉਦਾਸੀ ਅਤੇ ਜਸਵੰਤ ਸਿੰਘ ਕੰਵਲ ਦੇ ਸਾਹਿਤ ਨੂੰ ਵੀ ਨਕਸਲੀ ਬੁਧੀਜੀਵੀਆਂ ਅਤੇ ਸਿੱਖ ਖਾੜਕੂਆਂ  ਨਾਲ ਜੁੜੇ ਬੁਧੀਜੀਵੀਆਂ ਨੇ ਨੇ ਆਪੋ ਆਪਣੇ ਢੰਗ ਨਾਲ ਵਿਆਖਿਆ ਕਰ ਕੇ ਵੰਡ ਲਿਆ ਸੀ। ਇਹ ਗੱਲ ਵੱਖਰੀ ਹੈ ਕਿ ਇਸ ਵੰਡ ਵੰਡਈਏ ਦੇ ਬਾਵਜੂਦ ਇਹ ਸ਼ਖਸੀਅਤਾਂ ਆਪੋ ਆਪਣੇ ਜੋਸ਼ੋ ਖਰੋਸ਼ ਵਾਲੀ ਭਾਵਨਾ ਅਤੇ ਸਪਿਰਿਟ ਨਾਲ ਪੂਰੀ ਤਰ੍ਹਾਂ ਜੁੜੀਆਂ ਵੀ ਰਹੀਆਂ। ਸਮੇਂ ਨੇ ਇਹਨਾਂ ਦੀ ਆਪਸੀ ਏਕਤਾ ਨੂੰ ਵੀ ਮਜ਼ਬੂਤ ਕੀਤਾ। 

ਅਸਲ ਵਿੱਚ ਜ਼ਿੰਦਗੀ ਦੇ ਬਹੁਤੇ ਵਰਗਾਂ ਕੋਲ  ਸਮਾਂ ਘਟਦਾ ਜਾ ਰਿਹਾ ਸੀ। ਬੁਧੀਜੀਵੀਆਂ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਸੀ। ਪਰਿਵਾਰ ਪਾਲਣਾ ਵੱਡੀ ਜ਼ਿੰਮੇਦਾਰੀ ਹੁੰਦੀ ਸੀ ਪਰ ਸਾਹਿਤ ਨਾਲ ਲਗਾਓ ਦੇ ਚੱਲਦਿਆਂ ਕਿਤਾਬਾਂ ਰਸਾਲੇ ਖਰੀਦਣੇ ਉਦੋਂ ਵੀ ਕੋਈ ਕੋਈ ਸਸਤੇ ਨਹੀਂ ਸਨ ਲੱਗਦੇ। ਸਾਹਿਤਕ ਆਯੋਜਨ ਵੀ ਹੁਣ ਵਾਂਗ ਚਕਾਚੌਂਧ ਵਾਲੇ ਬਹੁਤੇ ਖਰਚੀਲੇ ਨਹੀਂ ਸਨ ਹੁੰਦੇ। ਐਮਰਜੰਸੀ ਦੇ ਨਾਲ ਵੱਖ ਵੱਖ ਸਿਆਸੀ ਲਹਿਰਾਂ ਨੂੰ ਨੇੜਿਓਂ ਦੇਖ ਚੁੱਕੀ  ਮਿੰਨੀ ਕਹਾਣੀ ਵਾਲੀ ਲਹਿਰ ਦੀ ਧਾਰ ਵੀ ਤਿੱਖੀ ਹੁੰਦੀ ਜਾ ਰਹੀ ਸੀ। ਹਿੰਦੀ ਵਾਲੀ ਲਘੂ ਕਥਾ ਲਹਿਰ ਅਤੇ ਪੰਜਾਬੀ ਵਾਲੀ ਮਿੰਨੀ ਕਹਾਣੀ ਲੇਖਕ ਇੱਕ ਦੂਜੇ ਦੇ ਨੇੜੇ ਵੀ ਆ ਰਹੇ ਸਨ। ਨਾਜ਼ੁਕ ਵੇਲਿਆਂ ਦੇ ਬਾਵਜੂਦ ਮਿੰਨੀ ਕਹਾਣੀ ਮਜ਼ਬੂਤ ਹੋ ਰਹੀ ਸੀ। 

ਇਸੇ ਦੌਰਾਨ ਹੀ ਮਿੰਨੀ ਕਹਾਣੀ ਦੀ ਚੜ੍ਹਤ ਵੀ ਦੇਖੀ ਅਤੇ ਮਹਿਸੂਸ ਕੀਤੀ ਗਈ। ਮਿੰਨੀ ਕਹਾਣੀ ਕਿਸੇ ਤੇਜ਼ ਹਨੇਰੀ ਵਾਂਗ ਆਈ ਸੀ। ਸਾਹਿਤ ਤੇ ਆਲੋਚਕਾਂ ਵਾਂਗ ਨਜ਼ਰ ਰੱਖਣ ਵਾਲੇ ਹੁਣ ਕਹਾਣੀ ਅਤੇ ਮਿੰਨੀ ਕਹਾਣੀ ਦਰਮਿਆਨ ਵੀ ਲਕੀਰ ਦੇਖਣ ਲਗ ਪਏ ਸਨ। ਇਸ ਵਿਰੋਧ ਵਰਗੀ ਸੁਰ ਦੇ ਬਾਵਜੂਦ ਮਿੰਨੀ ਕਹਾਣੀ ਨੇ ਆਪਣੀ ਥਾਂ ਬਣਾਈ। ਆਲੋਚਕ ਲੋਕ ਮਿੰਨੀ ਕਹਾਣੀ ਨੂੰ ਚੁਟਕਲੇਬਾਜ਼ੀ ਕਹਿਣ ਤੋਂ ਵੀ ਨਹੀਂ ਸਨ ਹਟੇ। 

ਇਸ ਵਿਰੋਧ ਅਤੇ ਵਰਤਾਰੇ ਦੇ ਬਾਵਜੂਦ ਰੋਜ਼ਾਨਾ ਅਜੀਤ ਨੇ ਮਿੰਨੀ ਕਹਾਣੀ ਨੂੰ ਉਚੇਚ ਨਾਲ ਥਾਂ ਦੇਣੀ ਸ਼ੁਰੂ ਕੀਤੀ। ਅਜੀਤ ਦੇ ਮੈਗਜ਼ੀਨ ਐਡੀਟਰ ਬਲਦੇਵ ਗਰੇਵਾਲ ਹੁੰਦੇ ਸਨ। ਉਹਨਾਂ ਨੇ ਨੇ ਮਿੰਨੀ ਕਹਾਣੀ ਨੂੰ ਸਪੇਸ ਫਿੱਲਰ ਵਾਂਗ ਛਾਪਣ ਦੇ ਅੰਦਾਜ਼ ਨੂੰ ਵਿਕਸਿਤ ਕਰਦਿਆਂ ਬਾਅਦ ਵਿੱਚ ਵੱਡੀ ਕਹਾਣੀ ਵਾਂਗ ਉਸ ਨਾਲ ਸਕੈਚ ਅਤੇ ਡਿਜ਼ਾਈਨ ਛਾਪਣੇ ਵੀ ਸ਼ੁਰੂ ਕੀਤੇ ਜਿਸ ਨਾਲ ਮਿੰਨੀ ਕਹਾਣੀ ਵੀ ਛਪਣ ਮਗਰੋਂ ਬੜੀ ਆਕਰਸ਼ਿਤ ਲੱਗਦੀ। 

ਇਸੇ ਤਰ੍ਹਾਂ ਜਗਬਾਣੀ ਅਖਬਾਰ ਦੇ ਮੈਗਜ਼ੀਨ ਸੈਕਸ਼ਨ ਵਿੱਚ ਉਹਨਾਂ ਵੇਲਿਆਂ ਦੇ ਸਰਗਰਮ ਪੱਤਰਕਾਰ ਇਕਬਾਲ ਬਹਾਦਰ ਸਿੰਘ ਚਾਨਾ ਨੇ ਵੀ ਮਿੰਨੀ ਕਹਾਣੀਆਂ ਅਤੇ ਛੋਟੀਆਂ ਗ਼ਜ਼ਲਾਂ ਨੂੰ ਬੜੇ ਆਕਰਸ਼ਿਤ ਢੰਗ ਨਾਪ ਛਪਣਾ ਸ਼ੁਰੂ ਕੀਤਾ। ਇਸ ਢੰਗ ਤਰੀਕੇ ਨਾਲ ਛਪੀਆਂ ਮਿੰਨੀ ਕਹਾਣੀਆਂ ਪੂਰੇ ਸਫ਼ੇ ਦੀ ਸ਼ਾਨ ਵੀ ਲੱਗਦੀਆਂ ਸਨ। 

ਉਸ ਵੇਲੇ ਦੀ ਪ੍ਰਸਿੱਧ ਅਖਬਾਰ ਰੋਜ਼ਾਨਾ ਅਕਾਲੀ ਪੱਤ੍ਰਿਕਾ ਵਿੱਚ ਗੁਰਬਖਸ਼ ਸਿੰਘ ਵਿਰਕ ਵੀ ਇਸ ਪਾਸੇ ਉਚੇਚ ਨਾਲ ਧਿਆਨ  ਦੇਂਦੇ। ਅਕਾਲੀ ਪੱਤ੍ਰਿਕਾ ਵਿੱਚ ਛਪਣਾ ਵੀ ਉਦੋਂ ਬਹੁਤ ਮਾਣ ਸਨਮਾਨ  ਵਾਲੀ ਗੱਲ ਸਮਝੀ ਜਾਂਦੀ ਸੀ। ਕਈ ਹੋਰ ਨਵੇਂ ਪਰਚੇ ਵੀ ਸਾਹਮਣੇ ਆਏ।  

ਅਕਾਲੀ ਸਰਕਾਰ ਅਤੇ ਅਕਾਲੀ ਦਲ ਦੀ ਤਰਜਮਾਨ ਵੱਜੋਂ ਸ਼ੁਰੂ ਹੋਈ ਪੰਥਕ ਅਖਬਾਰ ਰੋਜ਼ਾਨਾ ਅਕਾਲੀ ਟਾਈਮਜ਼ ਵਿੱਚ ਗਿਆਨੀ ਜੰਗ ਸਿੰਘ ਸੰਪਾਦਕੀ ਸਫ਼ਾ ਵੀ ਦੇਖਦੇ ਅਤੇ ਮੈਗਜ਼ੀਨ ਸੈਕਸ਼ਨ ਵੀ। ਅਖਬਾਰੀ ਸਟਾਫ ਵਿੱਚ ਨੌਜਵਾਨ ਗੁਰਸਿੱਖ ਬਲਵੰਤ ਸਿੰਘ ਬੱਲ ਵੀ ਕਾਫੀ ਸਹਿਯੋਗ ਦੇਂਦੇ। ਜਲਦੀ ਹੀ ਅਕਾਲੀ ਸਰਕਾਰ ਅਤੇ ਅਕਾਲੀ ਦਲ ਵਿੱਚ ਖੜਕ ਪੈ ਅਤੇ ਇਹ ਅਖਬਾਰ ਉੱਸੇ ਟਕਰਾਓ ਦੇ ਚਲਦਿਆਂ ਬੰਦ ਹੋ ਗਈ। ਅਕਾਲੀ ਟਾਈਮਜ਼ ਅਖਬਾਰ ਖੁਦ ਅਕਾਲੀ ਸਰਕਾਰ ਵੇਲੇ ਹੀ ਬੰਦ ਹੋ  ਗਈ। ਇੱਕ ਪਾਸੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਇੱਕ ਪਾਸੇ ਲੋਹ ਪੁਰਸ਼ ਵੱਜੋਂ ਜਾਣੇ ਜਾਂਦੇ ਸਰਦਾਰ ਜਗਦੇਵ ਸਿੰਘ ਤਲਵੰਡੀ। ਇਸ ਟਕਰਾਓ ਨੇ ਅਕਾਲੀ ਟਾਈਮਜ਼ ਅਖਬਾਰ ਨੂੰ ਨਿਗਲ ਲਿਆ। 

ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਮੈਗਜ਼ੀਨ ਸੈਕਸ਼ਨ ਦੀ ਦੇਖਰੇਖ ਸਰਵਣ ਸਿੰਘ, ਕਾਮਰੇਡ ਗੁਰਮੀਤ (ਹੁਣ ਦੇਸ਼ ਭਗਤ ਹਾਲ ਜਲੰਧਰ),  ਲਖਵਿੰਦਰ ਜੌਹਲ ਵੀ ਸਮਾਂ ਦੇਇਆ ਕਰਦੇ ਸਨ। ਕੁਝ ਸਮਾਂ ਇਹ ਚਾਰਜ ਮੇਰੇ ਕੋਲ ਵੀ ਰਿਹਾ। ਗੁਰਮੇਲ ਸਰਾ ਵੀ ਇਸ ਸੈਕਸ਼ਨ ਨੂੰ ਦਿਲਕਸ਼ ਬਣਾਉਣ ਲਈ ਆਪਣੀਆਂ ਦਿਲਚਸਪ ਲਿਖਤਾਂ ਦੇਇਆ ਕਰਦੇ ਸਨ। 

ਮਿੰਨੀ ਕਹਾਣੀ ਦੇ ਮਾਮਲੇ ਵਿੱਚ ਹਿੰਦੀ ਵਿੱਚ ਵੀ ਪੂਰਾ ਜ਼ੋਰ ਸੀ। ਜਨਾਬ ਸਿਮਰ ਸਦੋਸ਼ ਹੁਰਾਂ ਨੇ ਇਸ ਪਾਸੇ ਬਹੁਤ ਸਮਰਪਣ ਨਾਲ ਯੋਗਦਾਨ ਪਾਇਆ। ਉਹਨਾਂ ਹਿੰਦੀ ਮਿਲਾਪ ਅਖ਼ਬਾਰ ਦੇ ਤਿੰਨ ਵਿਸ਼ੇਸ਼ ਅੰਕ ਲਘੂ ਕਥਾ ਵਿਸ਼ੇਸ਼ ਅੰਕ ਵੱਜੋਂ ਕੱਢੇ। ਇਹ ਵਿਸ਼ੇਸ਼ ਅੰਕ ਬੜੇ ਖੋਜ ਭਰਪੂਰ ਵੀ ਸਨ ਅਤੇ ਬਹੁਤ ਸਾਂਭਣ ਯੋਗ ਵੀ ਸਨ। 

ਗਾਜ਼ੀਆਬਾਦ ਤੋਂ ਪੰਜਾਬ ਆਏ ਹੋਏ ਲੇਖਕ ਜਗਦੀਸ਼ ਕਸ਼ਿਅਪ ਹਿੰਦੀ ਮਿੰਨੀ ਕਹਾਣੀ ਵਿੱਚ ਕਾਫੀ ਸਰਗਰਮ ਰਹੇ। ਹਿੰਦੀ ਲੇਖਕ  ਲਘੂ ਕਥਾ ਆਖਿਆ ਕਰਦੇ ਸਨ। ਪੰਜਾਬੀ ਦੇ ਮੰਨੇ ਪ੍ਰਮੰਨੇ ਹਸਤਾਖਰ ਜਸਵੰਤ ਸਿੰਘ ਵਿਰਦੀ ਨਾਲ ਉਹਨਾਂ ਦਾ ਖਾਸ ਪਿਆਰ ਸੀ। ਉਹ ਨਾਵਲ ਵੀ ਲਿਖਦੇ ਸਨ ਪਰ ਮਿੰਨੀ ਕਹਾਣੀ ਨੂੰ ਲਹਿਰ ਬਣਾਉਣ ਵਿੱਚ ਵੀ ਉਹਨਾਂ ਦਾ ਕਾਫੀ ਯੋਗਦਾਨ ਸੀ। ਉਹਨਾਂ ਦੀ ਸ਼ੈਲੀ ਵੀ ਕਮਾਲ ਦੀ ਸੀ ਅਤੇ ਲਿਖਾਵਟ ਵੀ। 

ਲੁਧਿਆਣਾ ਵਿੱਚ ਹਿੰਦੀ ਪਰਚੇ ਵਿਨੀਤ ਦੇ ਸੰਪਾਦਕ ਅਤੇ ਪ੍ਰਕਾਸ਼ਕ ਮੁਲਖਰਾਜ ਮਲਹੋਤਰਾ ਮਾੜੀ ਆਰਥਿਕ ਹਾਲਤ ਦੇ ਬਾਵਜੂਦ ਮਿੰਨੀ ਕਹਾਣੀ ਨੂੰ ਇੱਕ ਸੁਤੰਤਰ ਵਿਧਾ ਵੱਜੋਂ ਸਥਾਪਿਤ ਕਰਨ ਲਈ ਸਰਗਰਮ ਰਹੇ। ਉਹ ਲੁਧਿਆਣਾ ਵਿੱਚ ਮਾਧੋਪੁਰੀ ਇਲਾਕੇ ਵਿੱਚ ਕਿਰਾਏ ਦੇ ਇੱਕ ਕਮਰੇ ਵਿਚ ਰਹਿੰਦੇ ਸਨ। 

ਅੰਮ੍ਰਿਤਸਰ ਦੇ ਸਰਗਰਮ ਲੇਖਕ ਹਰਭਜਨ ਸਿੰਘ ਖੇਮਕਰਨੀ ਹੁਰਾਂ ਨੇ ਇਹ ਸਾਰਾ ਦੌਰ ਆਪਣੀ ਅੱਖੀਂ ਬੜਾ ਨੇੜਿਓਂ ਹੋ ਕੇ ਦੇਖਿਆ ਹੋਇਆ ਹੈ। ਅੰਮ੍ਰਿਤਸਰ ਵਿੱਚ ਮਾਸਿਕ ਪਰਚੇ ਕੰਵਲ ਦੀ ਸੰਪਾਦਿਕਾ ਅਨਵੰਤ ਕੌਰ, ਸ਼ਰਨ ਮੱਕੜ, ਰਣਜੀਤ ਕੋਮਲ, ਐਮ ਐਸ ਪਾਲ, ਅਮਰੀਕ ਬਮਰ੍ਹਾ ਸਮੇਤ ਬਹੁਤ ਸਾਰੇ ਸਾਹਿਤਕਾਰ ਸਰਗਰਮ ਰਹਿੰਦੇ ਸਨ। ਉਹ ਇੱਕੋ ਇੱਕ ਕਮਰਾ ਹੀ ਉਹਨਾਂ ਦੀ  ਵੀ ਰਹੀ ਅਤੇ ਕਲਮ ਦੀ ਵੀ। 

ਜਲੰਧਰ ਵਿੱਚ ਹੀ ਅੱਜ ਦੀ ਆਵਾਜ਼, ਪੰਜਾਬ ਟਾਈਮਜ਼ ਅਤੇ ਕੁਝ ਹੋਰਨਾਂ ਅਖਬਾਰਾਂ ਨੇ ਵੀ ਸਾਹਿਤਿਕ ਕਵਰੇਜ ਵੱਲ ਉਚੇਚਾ ਧਿਆਨ ਦਿੱਤਾ। ਸਵਰਗੀ ਸੁਰਜੀਤ ਜਲੰਧਰੀ ਹੁਰਾਂ ਦੀ ਅਗਵਾਈ ਹੇਠ ਚੱਲਣ ਵਾਲਾ ਸੰਡੇ ਸੰਸਾਰ ਵੀ ਅਜਿਹੇ ਪਰਚਿਆਂ ਵਿੱਚ ਇੱਕ ਸੀ। 

ਕੁਝ ਕੁ ਅਰਸੇ ਮਗਰੋਂ ਹਿੰਦੀ ਵਿੱਚ ਰੋਜ਼ਾਨਾ ਜਾਗਰਣ, ਰੋਜ਼ਾਨਾ ਅਮਰ ਉਜਾਲਾ ਅਤੇ ਕੁਝ ਹੋਰਨਾਂ ਅਖਬਾਰਾਂ ਨੇ ਆ ਦਸਤਕ ਦਿੱਤੀ। ਕੇ ਮਨਜੀਤ ਦੀ "ਮਿੰਨੀ ਪੱਤ੍ਰਿਕਾ" ਵੀ ਬਹੁਤ ਹਰਮਨ ਪਿਆਰੀ ਰਹੀ। ਇਹ ਅੰਤਰਰਾਜੀ ਚਿੱਠੀ ਤੇ ਹੀ ਛਪਿਆ ਕਰਦੀ ਸੀ। ਕੇ ਮਨਜੀਤ ਦੇ ਹੀ ਪਰਚੇ ਸ੍ਰਿਸ਼ਟੀ ਨੇ ਵੀ ਆਪਣੀ ਕਾਫੀ ਥਾਂ ਬਣਾਈ ਸੀ। ਮਿੰਨੀ ਕਹਾਣੀ ਅਤੇ ਗ਼ਜ਼ਲ ਸਮੇਤ ਇਹ ਵਿਧਾਵਾਂ ਇਹ ਤੇਜ਼ ਹੋ ਰਹੀਆਂ ਸਨ

ਇਸੇ ਦੌਰਾਨ ਮਾਨ ਸਨਮਾਨ ਦੇ ਰੁਝਾਣ ਨੇ ਵੀ ਜ਼ੋਰ ਫੜਿਆ, ਸਮਾਗਮਾਂ ਦੀਆਂ ਪ੍ਰਧਾਨਗੀਆਂ ਦਾ ਚਲਣ ਵੀ ਤੇਜ਼ ਹੋਇਆ, ਸਾਹਿਤਿਕ ਸੰਗਠਨਾਂ ਨੇ ਸਿਆਸੀ ਧਿਰਾਂ ਦੀਆਂ ਟਰੇਡ ਯੂਨੀਅਨਾਂ ਵਾਂਗ ਉਭਰਨਾ ਵੀ ਸ਼ੁਰੂ ਕੀਤਾ। ਗੁੱਟਬੰਦੀਆਂ ਵੀ ਤੇਜ਼ ਹੋਈਆਂ ਅਤੇ ਸਾਹਿਤਿਕ ਚੋਣਾਂ ਦੇ ਮੌਸਮ ਵੀ ਆਪਣਾ ਰੰਗ ਦਿਖਾਉਣ ਲੱਗੇ। ਏਨੇ ਨਵੇਂ ਰੁਝਾਨਾਂ ਦੇ ਯੁਗ ਵਿੱਚ ਕਿਤਾਬਾਂ ਦੀਆਂ ਪ੍ਰਕਾਸ਼ਨਾਂ ਦੇ ਕਾਰੋਬਾਰ ਵੀ ਤੇਜ਼ ਹੋਏ। ਕਿਤਾਬਾਂ ਨੂੰ ਛਾਪਣ ਤੋਂ ਇਲਾਵਾ ਰਿਲੀਜ਼ ਕਰਨ ਦਾ ਸਿਲਸਿਲਾ ਵੀ ਇੱਕ ਕਾਰੋਬਾਰ ਬਣ ਕੇ ਉਭਰਿਆ। ਜਿਸ ਦੇ ਨਾਲ ਪੁਸਤਕਾਂ ਦੀ ਚਰਚਾ ਅਤੇ ਰਿਵਿਊਂ ਵੀ ਹੋਣ ਲੱਗੇ। ਮਿੰਨੀ ਕਹਾਣੀ ਅਤੇ ਗ਼ਜ਼ਲ ਦੀ ਤਕਨੀਕ ਵਿੱਚ ਇਸ ਸਾਰੇ ਪਸਾਰੇ ਵਿੱਚ ਅਲੋਪ ਵਾਂਗ ਹੋ ਗਏ। 

ਹੁਣ ਜਨਾਬ ਸੁਰਿੰਦਰ ਸਿੰਘ ਕੈਲੇ ਦੀ ਅਗਵਾਈ ਵਾਲੇ ਅਣੂ ਮੰਚ ਨੇ ਇੱਕ ਵਾਰ ਫੇਰ ਅਲੋਪ ਹੋ ਰਹੀਆਂ ਇਹਨਾਂ ਵਿਧਾਵਾਂ ਵੱਲ ਉਚੇਚ ਨਾਲ ਧਿਆਨ ਦਿੱਤਾ ਹੈ। ਉਹਨਾਂ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਸੈਮੀਨਾਰ ਨੇ ਅਤੀਤ ਦਾ ਵੀ ਕਾਫੀ ਕੁਝ ਯਾਦ ਕਰਾਇਆ ਅਤੇ ਭਵਿਖ ਦੇ ਪੂਰਨਿਆਂ ਬਾਰੇ ਵੀ ਚਰਚਾ ਕੀਤੀ। 
ਲੁਧਿਆਣਾ  ਵਿੱਚ 22 ਦਸੰਬਰ 2024 ਨੂੰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ
ਸਮਰਪਿਤ, ਮਿੰਨੀ ਕਹਾਣੀ ਰਾਸ਼ਟਰੀ ਸੈਮੀਨਾਰ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਗਿਆ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਹਿੰਦਿਆਂ ਅਕਾਡਮੀ ਦੀਆਂ ਸਰਗਰਮੀਆਂ ਦੀ ਸੰਖੇਪ ਜਾਣਕਾਰੀ ਦਿੱਤੀ।

‘ਮਿੰਨੀ ਕਹਾਣੀ ਦੀ ਬਣਤਰ ਗਲਪ ਪਰਿਵਾਰ ਵਾਲੀ ਹੈ ਜਿਸ ਦੀ ਪੇਸ਼ਕਾਰੀ ਕਾਲ ਬਣਤਰ ਅਤੇ ਨਾਟਕੀ ਅੰਸ਼ ਪ੍ਰਭਾਵਸ਼ਾਲੀ ਰੋਲ ਅਦਾ ਕਰਦੇ ਹਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਿੰਨੀ ਕਹਾਣੀ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕਰਨਾ ਸਾਹਿਤ ਲਈ ਇਕ ਅਗਾਂਹਵਧੂ ਕਦਮ
ਹੈ।’ 

ਡਾ. ਪਦੀਪ ਕੌੜਾ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਡਾ. ਅਸ਼ੋਕ ਭਾਟੀਆ ਨੇ ਆਪਣੇ ਖੋਜ ਪੱਤਰ ‘ਪੰਜਾਬੀ ਮਿੰਨੀ ਕਹਾਣੀ ਦਾ ਭਾਰਤੀ ਮਿੰਨੀ
ਕਹਾਣੀ ਨਾਲ ਤੁਲਨਾਤਮਕ ਅਧਿਐਨ’ ਵਿਚ ਖਾਸ ਤੌਰ ’ਤੇ ਪੰਜਾਬੀ ਮਿੰਨੀ ਕਹਾਣੀ ਅਤੇ ਹਿੰਦੀ 
ਲਘੂ ਕਥਾ ਦੀ ਤੁਲਨਾ ਦਸ ਕਸੌਟੀਆਂ ’ਤੇ ਕੀਤੀ।  ਉਹਨਾਂ ਤਰਕ, ਅੰਧ ਵਿਸ਼ਵਾਸ, ਰਾਜਨੀਤੀ ਅਤੇ ਸੰਪਰਦਾਇਕ ਪੱਖਾਂ ਦੀ ਦੋਹਾਂ ਭਾਸ਼ਾਵਾਂ ਵਿਚ ਲੋੜ ਨੂੰ ਉਦਾਹਰਣਾ ਰਾਹੀਂ ਪੇਸ਼ ਕੀਤਾ।

‘ਮਿੰਨੀ ਕਹਾਣੀ ਦਾ ਕਥਾ ਬਿਰਤਾਂਤ ਵਿਚ ਸਥਾਨ’ ਖੋਜ ਪੱਤਰ ਪੇਸ਼ ਕਰਦਿਆਂ ਡਾ. ਨਾਇਬ ਸਿੰਘ ਮੰਡੇਰ ਕਿਹਾ ਮਿੰਨੀ ਕਹਾਣੀ ਨੂੰ ਗਲਪੀ ਬਿਰਤਾਂਤਕ ਸ਼ੈਲੀ ਵਿਚ ਪੇਸ਼ ਕਰਨਾ ਹੁੰਦਾ ਹੈ ਅਤੇ ਇਸ ਵਿਚ ਕਥਾ ਦੀ ਬਹੁਤ ਮਹੱਤਤਾ ਹੈ।  ‘ਮਿੰਨੀ ਕਹਾਣੀ ਦੀ ਰੂਪ ਬਣਤਰ-ਸਿਧਾਂਤਕ ਪ੍ਰਸ਼ਨ’ ਵਿਸ਼ੇ ’ਤੇ ਖੋਜ ਪੱਤਰ ਵਿਚ ਨਿਰੰਜਨ ਬੋਹਾ ਨੇ ਕਹਾਣੀ ਦੀ ਬਣਤਰ, ਵਿਸ਼ੇ ਅਤੇ ਭਾਸ਼ਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਨੇ ਖਾਸ ਤੌਰ ’ਤੇ ਕਹਾਣੀ ਦੇ ਸਿਰਲੇਖ ਬਾਰੇ ਗੱਲ ਕਰਦਿਆਂ ਕਿਹਾ ਕਿ ਕਹਾਣੀ ਦਾ ਅੰਤਰੀਵ ਭਾਵ ਕਹਾਣੀ ਵਿਚ ਹੋਣਾ ਚਾਹੀਦਾ ਹੈ, ਇਸ ਦੇ ਨਾਂ ਤੋਂ ਕਹਾਣੀ ਦੇ ਵਿਸ਼ੇ ਦਾ ਪਤਾ ਨਹੀਂ ਲਗਣਾ ਚਾਹੀਦਾ।

ਡਾ. ਯੋਗਰਾਜ ਪ੍ਰਭਾਕਰ ਨੇ ਸੈਮੀਨਾਰ ਵਿਚ ਪੜ੍ਹੇ ਗਏ ਤਿੰਨਾਂ ਪੇਪਰਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਤਿੰਨੇ ਵਿਦਵਾਨਾਂ ਦੇ ਖੋਜ ਪੱਤਰ ਬਹੁਤ ਵਧੀਆ ਸਨ। ਲੇਖਕ ਨੂੰ ਭਾਸ਼ਾਈ ਗਿਆਨ ਦਾ ਹੋਣਾ ਜ਼ਰੂਰੀ ਹੈ ਕਿਉਕਿ ਲੇਖਕ ਦੀ ਭਾਸ਼ਾ ਅਤੇ ਪਾਠਕ ਦੀ ਭਾਸ਼ਾ ਅਲੱਗ ਅਲੱਗ ਹੁੰਦੀ ਹੈ। ਹੁਣ ਰਚਨਾਕਾਰਾਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਰਚਨਾਵਾਂ ਵੱਲ ਧਿਆਨ ਦੀ ਲੋੜ ਹੈ। 

ਸ. ਹਰਭਜਨ ਸਿੰਘ ਖੇਮਕਰਨੀ ਨੇ ਅਕਾਡਮੀ ਦੇ ਇਸ ਸੈਮੀਨਾਰ ਲਈ ਪ੍ਰਸੰਸਾ ਕਰਦਿਆਂ ਕਿਹਾ ਕਿ ਇਹੋ ਜਿਹੇ ਸੈਮੀਨਾਰ ਭਵਿੱਖ ਵਿਚ ਵੀ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਨਵੇਂ ਲੇਖਕਾਂ ਨੂੰ ਵਿਧਾ ਬਾਰੇ ਜਾਣਕਾਰੀ ਮਿਲ ਸਕੇ। ਡਾ. ਹਰਪ੍ਰੀਤ ਸਿੰਘ ਰਾਣਾ ਨੇ ਮਿੰਨੀ ਕਹਾਣੀ ਬਾਰੇ ਗਲ ਕਰਦਿਆਂ ਕਿਹਾ ਕਿ ਅਕਾਡਮੀ ਵਲੋਂ ਇਹੋ ਜਿਹੇ ਸੈਮੀਨਾਰ ਹੋਣੇ ਸ਼ੁਭ ਸਗਨ ਹੈ। ਮਿੰਨੀ ਕਹਾਣੀ ਦਾ ਇਤਿਹਾਸ ਅੱਧੀ ਸਦੀ ਤੋਂ ਵੱਧ ਪੁਰਾਣਾ ਹੈ ਇਸ ਵਿਚ ਨਵੇਂ ਪ੍ਰਯੋਗ ਵੀ ਹੋ ਰਹੇ ਹਨ। ਜਿਹਨਾਂ ਦੇ ਦੂਰਰਸ ਸਿੱਟੇ ਬਹੁਤ ਚੰਗੇ ਨਿਕਲਣਗੇ। 

ਸੈਮੀਨਾਰ ਮੌਕੇ ਕਈ ਨਵੀਆਂ ਪ੍ਰਕਾਸ਼ਨਾਵਾਂ ਵੀ ਰਿਲੀਜ਼ ਕੀਤੀਆਂ ਗਈਆਂ। ਇਹਨਾਂ ਵਿੱਚ ਅਣੂ, ਮਾਰਚ 2025, ਡਾ. ਗੁਰਚਰਨ ਕੌਰ ਥਿੰਦ ਦੀ ਪੁਸਤਕ ‘ਲਹਿੰਦੇ ਪੰਜਾਬ ’ਚ 14 ਦਿਨ’ ਅਤੇ ਸ. ਹਰਭਜਨ ਸਿੰਘ ਖੇਮਕਰਨੀ ਦੀ ਪੁਸਤਕ ‘ਬਸੰਤ ਕਾਵਿ ਰੰਗ’ ਲੋਕ ਅਰਪਣ ਕੀਤੀ ਗਈ। ਇਸ ਸੈਮੀਨਾਰ ਦੇ ਕਨਵੀਨਰ ਸੁਰਿੰਦਰ ਕੈਲੇ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿਚ ਵਿਦਵਾਨਾਂ ਦੀ ਸ਼ਮੂਲੀਅਤ ਇਸ ਗੱਲ ਦੀ ਗਵਾਹ ਹੈ ਕਿ ਮਿੰਨੀ ਕਹਾਣੀ ਲਗਾਤਾਰ ਨੂੰ ਗੰਭੀਰਤਾ ਨਾਲ ਪੜ੍ਹਿਆ ਅਤੇ ਪੜਚੋਲਿਆ ਜਾ ਰਿਹਾ ਹੈ।

ਮਿੰਨੀ ਕਹਾਣੀ ਨਾਲ ਸਬੰਧਤ ਇਸ ਕੌਮੀ ਸੈਮੀਨਾਰ ਮੌਕੇ ਡਾ. ਜੋਗਿੰਦਰ ਸਿੰਘ ਨਿਰਾਲਾ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ,ਕਰਮਜੀਤ ਸਿੰਘ ਗਰੇਵਾਲ, ਕੇ. ਸਾਧੂ ਸਿੰਘ, ਅਮਰੀਕ ਸਿੰਘ ਤਲਵੰਡੀ, ਦਵਿੰਦਰ ਪਟਿਆਲਵੀ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਸਤੀਸ਼ ਗੁਲਾਟੀ, ਰਵੀ ਰਵਿੰਦਰ, ਮਲਕੀਅਤ ਸਿੰਘ ਔਲਖ, ਮਨਦੀਪ ਕੌਰ ਭੰਮਰਾ, ਡਾ. ਗੁਰਵਿੰਦਰ ਸਿੰਘ ਅਮਨ, ਸੀਮਾ ਵਰਮਾ, ਮਨਜੀਤ ਕੌਰ ਧੀਮਾਨ,ਮੋਹੀ ਅਮਰਜੀਤ ਸਿੰਘ, ਬੀਬਾ ਕੁਲਵੰਤ,ਪਰਗਟ ਸਿੰਘ ਜੰਬਰ, ਡੀ.ਐਮ. ਸਿੰਘ, ਹਿੰਮਤ ਸਿੰਘ, ਜੈਪਾਲ, ਸੁਖਚਰਨ ਸਿੰਘ ਸਿੱਧੂ, ਬਲਰਾਜ ਕੁਹਾੜਾ, ਅਮਰਜੀਤ ਸ਼ੇਰਪੁਰੀ, ਸੋਮ ਨਾਥ ਕਲਸੀਆ, ਗੁਰਦੀਪ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।

ਨਿਸਚੇ ਹੀ ਇਸ ਸੈਮੀਨਾਰ ਨਾਲ ਮਿੰਨੀ ਕਹਾਣੀ ਵਾਲੇ ਸਾਹਿਤ ਦੀ ਚਰਚਾ ਹੋਰ ਅੱਗੇ ਵਧੀ ਹੈ। 

Wednesday, 11 December 2024

ਕੇਂਦਰੀ ਲੇਖਕ ਵਲੋਂ ਆਲਮੀ ਪੰਜਾਬੀ ਕਾਨਫਰੰਸ 7 ਮਾਰਚ ਤੋਂ

11th December 2024 at 16:30 WhatsApp Regarding Alami Punjabi Conference From 7th March 2025

ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਸ਼ੁਰੂ ਕਰਨ ਦਾ ਵੀ ਅਹਿਮ ਐਲਾਨ 

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਹਾਜ਼ਰ ਪ੍ਰਧਾਨ ਦਰਸ਼ਨ ਬੁੱਟਰ,ਸੁਸ਼ੀਲ ਦੁਸਾਂਝ,
ਡਾ. ਅਟਵਾਲ, ਦੀਪ ਦੇਵਿੰਦਰ ਸਿੰਘ ਅਤੇ ਹੋਰ ਅਹੁਦੇਦਾਰ
ਚੰਡੀਗੜ੍ਹ: 11 ਦਸੰਬਰ 2024: (ਸਾਹਿਤ ਸਕਰੀਨ ਡੈਸਕ)::

ਜਦੋਂ ਸਾਡੇ ਆਲੇ ਦੁਆਲੇ ਪੰਜਾਬ ਅਤੇ ਪੰਜਾਬੀ ਦੇ ਦੁਸ਼ਮਣ ਆਪਣੀਆਂ ਸਾਜ਼ਿਸ਼ੀ ਸਰਗਰਮੀਆਂ ਨੂੰ ਹਨੇਰੀ ਵਾਂਗ ਚਲਾ ਰਹੇ ਹਨ। ਪੰਜਾਬ ਅਤੇ ਪੰਜਾਬੀ ਦੇ ਹੱਕਾਂ ਤੇ ਡਾਕੇ ਮਾਰ ਰਹੇ ਹਨ। ਪੰਜਾਬ ਵਿੱਚ ਪੰਜਾਬੀਆਂ ਅਤੇ ਪ੍ਰਵਾਸੀਆਂ ਨੂੰ ਲੜਾਉਣ  ਵਿੱਚ ਲੱਗੇ ਹੋਏ ਹਨ ਉਦੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਮੁੱਦਈ ਇਹਨਾਂ ਸਾਜ਼ਿਸ਼ਾਂ ਨੂੰ ਨਾਕਾਮ ਬਣਾਉਣ ਲਈ ਦੁਨੀਆ ਭਰ ਨੂੰ ਲਾਮਬੰਦ ਕਰਨ ਵਿੱਚ ਲੱਗੇ ਹੋਏ ਹਨ। ਇਹਨਾਂ ਖਾਮੋਸ਼ ਪਰ ਠੋਸ ਕੋਸ਼ਿਸ਼ਾਂ ਦੇ ਮੂੰਹੋਂ ਬੋਲਦੇ ਕੁਝ ਕੁ ਮੁਢਲੇ ਨਤੀਜੇ ਤੁਹਾਡੇ ਸਾਹਮਣੇ ਆਉਣਗੇ ਨਵੇਂ ਸਾਲ ਵਿੱਚ ਮਾਰਚ ਦੇ ਮਹੀਨੇ।ਦਿਲਚਸਪ ਗੱਲ ਇਹ ਵੀ ਕਿ ਮਾਰਚ ਦੇ ਮਹੀਨੇ ਬਹੁਤ ਸਾਰੇ ਉਘੇ ਲੇਖਕਾਂ,ਲੇਖਿਕਾਵਾਂ, ਅਦਾਕਾਰਾਂ ਅਤੇ ਹੋਰ ਸ਼ਖਸੀਅਤਾਂ ਦੇ ਜਨਮਦਿਨ ਵੀ ਆਉਂਦੇ ਹਨ। 

ਇਹ ਜਾਣਕਾਰੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਅਤੇ ਉਘੇ ਸਾਹਿਤਿਕ ਪੱਤਰਕਾਰ ਸੁਸ਼ੀਲ ਦੁਸਾਂਝ ਨੇ ਇੱਕ ਗੈਰ ਰਸਮੀ ਗੱਲਬਾਤ ਦੌਰਾਨ ਦਿੱਤੀ। ਉਹਨਾਂ ਦਾ ਅੰਦਾਜ਼ ਦੱਸਦਾ ਸੀ ਕਿ ਉਹ ਅਤੇ ਉਹਨਾਂ ਦੇ ਸਾਰੇ ਸਾਥੀ ਇਸ ਪ੍ਰੋਜੈਕਟ ਅਤੇ ਪ੍ਰੋਗਰਾਮ ਨਾਲ ਕਿੰਨੀ ਸ਼ਿੱਦਤ ਨਾਲ ਅਤੇ ਕਿੰਨੇ ਜਜ਼ਬਾਤੀ ਹੋ ਕੇ ਜੁੜੇ ਹੋਏ ਹਨ। 

ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀ ਮੇਜ਼ਬਾਨੀ ਹੇਠ ਹੋਣ ਹੋਣ ਵਾਲੀ ਆਲਮੀ ਪੰਜਾਬੀ ਕਾਨਫਰੰਸ ਦੀਆਂ ਤਰੀਕਾਂ ਦਾ ਐਲਾਨ ਅਤੇ ਹੋਰ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਸਭਾ ਦੀ ਹੋਈ ਕਾਰਜਕਾਰਨੀ ਦੀ ਇਕੱਤਰਤਾ ਵਿੱਚ ਕੀਤਾ ਗਿਆ।  

ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਦੀ ਅਗਵਾਈ ਵਿਚ ਹੋਈ  ਇਸ ਇਕੱਤਰਤਾ ਵਿੱਚ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ ਵਲੋਂ ਪੇਸ਼ ਏਜੰਡਿਆਂ ਦੀ ਰੌਸ਼ਨੀ ਵਿੱਚ ਸਭਾ ਵਲੋਂ ਕਰਵਾਈ ਜਾਣ ਵਾਲੀ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਮਿਤੀ ਸੱਤ, ਅੱਠ ਅਤੇ ਨੌਂ ਮਾਰਚ ਨੂੰ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ। 

ਕਾਨਫਰੰਸ  ਦਾ ਆਗਾਜ਼ ਸਆਦਤ ਹਸਨ ਮੰਟੋ, ਲਾਲ ਸਿੰਘ ਦਿਲ, ਗੁਲਜ਼ਾਰ ਮੁਹੰਮਦ ਗੌਰੀਆ, ਸੁਖਜੀਤ ਅਤੇ ਮਾਸਟਰ  ਤਰਲੋਚਨ ਵਰਗੇ ਵੱਡੇ ਸਾਹਿਤਕਾਰਾਂ ਦੀ ਕਰਮ ਭੂਮੀ ਸਮਰਾਲਾ ਵਿਖੇ 7 ਮਾਰਚ ਨੂੰ ਹੋਵੇਗਾ ਅਤੇ ਅਗਲੇ ਦੋ ਦਿਨ ਇਹ ਕਾਨਫਰੰਸ ਚੰਡੀਗੜ੍ਹ ਵਿਖੇ ਹੋਵੇਗੀ ਜਿਸ ਵਿੱਚ ਪਾਕਿਸਤਾਨ ਸਮੇਤ ਵਖ ਵਖ ਮੁਲਕਾਂ ਤੋਂ ਪੰਜਾਬੀ ਅਦੀਬ ਹਿੱਸਾ ਲੈਣਗੇ। 

ਇੱਸੇ ਸਭਾ ਵਲੋਂ ਪਹਿਲਾਂ ਦਿੱਤੇ ਜਾਣ ਵਾਲੇ ਪੁਰਸਕਾਰ ਗਿਆਨੀ ਹੀਰਾ ਸਿੰਘ ਦਰਦ ਜਥੇਬੰਦਕ ਪੁਰਸਕਾਰ, ਡਾ. ਰਵੀ ਰਵਿੰਦਰ ਅਲੋਚਨਾ ਪੁਰਸਕਾਰ ਅਤੇ ਡਾ. ਐਸ. ਤਰਸੇਮ ਸਾਹਿਤ ਸਾਧਨਾ ਪੁਰਸਕਾਰ ਤੋਂ ਇਲਾਵਾ ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਸ਼ੁਰੂ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਹ ਪੁਰਸਕਾਰ ਸਭਾ ਵਲੋਂ 23 ਫਰਵਰੀ 2025 ਨੂੰ ਕਰਵਾਏ ਜਾਣ ਵਾਲੇ ਡੇੜ੍ਹ ਸਾਲਾ ਜਰਨਲ ਇਜਲਾਸ ਮੌਕੇ ਦਿੱਤੇ ਜਾਣਗੇ।

ਕੇਂਦਰੀ ਸਭਾ ਦੇ ਅਹੁਦੇਦਾਰਾਂ ਸੁਰਿੰਦਰਪ੍ਰੀਤ ਘਣੀਆਂ,ਸ਼ੈਲਿੰਦਰਜੀਤ ਰਾਜਨ, ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਸੰਧੂ, ਮੂਲ ਚੰਦ ਸ਼ਰਮਾ, ਮਖਣ ਕੁਹਾੜ, ਡਾ. ਛਿੰਦਰਪਾਲ, ਯਤਿੰਦਰ ਕੌਰ ਮਾਹਲ,  ਜਸਵੀਰ ਰਾਣਾ, ਐਸ. ਨਸੀਮ, ਦੀਪਕ ਸ਼ਰਮਾ ਚਨਾਰਥਲ, ਮਨਜਿੰਦਰ ਧਨੋਆ, ਡਾ. ਦਵਿੰਦਰ ਸੈਫੀ , ਗੁਰਮੀਤ ਬਾਜਵਾ, ਮਨਜੀਤ ਸਿੰਘ ਵਸੀ, ਡਾ. ਲੇਖ ਰਾਜ  ਅਤੇ ਹੋਰ ਕਾਰਜਕਾਰਨੀ ਮੈਂਬਰਾਂ ਵਲੋਂ ਕਾਨਫਰੰਸ ਦੀ ਕਾਮਯਾਬੀ ਲਈ ਸਹਿਯੋਗ ਦੀ ਹਾਮੀ ਭਰੀ।

Monday, 9 December 2024

ਕਿਸਾਨ ਦੀਆਂ ਅੱਖਾਂ ਵਿਚਲੇ ਹੰਝੂਆਂ ਅਤੇ ਅੱਥਰੂ ਗੈਸ ਦੇ ਗੋਲੇ ਬਾਰੇ ਰੀਤੂ ਕਲਸੀ

Reetu Kalsi Sunday 8th December 2024 at 14:40 WhatsApp Poem on farmers Struggle Sahit Screen

ਕਿਸਾਨੀ ਸੰਘਰਸ਼ ਬਾਰੇ ਦਿਲ ਨੂੰ ਝੰਜੋੜਦੀ ਰੀਤੂ ਕਲਸੀ ਦੀ ਇਹ ਨਜ਼ਮ 

......ਅੰਗਰੇਜ਼ਾਂ ਨੇ ਵੀ ਆਪਣੇ ਦੇਸ਼ ਦੇ ਵਿੱਚ ਆਉਣ ਜਾਣ ਤੋਂ ਨਾ ਰੋਕਿਆ ਸੀ!

ਕੀ ਲਗਦਾ ਏ 

ਕਿਸਾਨ ਦੀ ਅੱਖ ਦਾ ਅੱਥਰੂ

 ਸੁੱਕ ਗਿਆ ਏ! 

ਇਸ ਲਈ ਸੁਟਣੇ ਨੇ

ਅੱਥਰੂ ਗੈਸ ਦੇ ਗੋਲੇ!

ਰੋਣਾ ਹੀ ਹੁੰਦਾ ਹਰ ਵੇਲੇ! 

ਤੇ ਅੰਗਰੇਜ਼ਾਂ ਦੇ ਤਸੀਹੇ ਵੀ

ਰੋਂਦੇ ਰੋਂਦੇ ਹੀ ਸਹਿਣੇ ਸੀ!

ਨਹੀ ਸੀ ਲੋੜ ਪੈਣੀ ਅਜ਼ਾਦੀ ਦੀ!

ਸਹੀ ਜਾਣਾ ਸੀ ਸੋਚਦੇ ਹੋਏ!

ਸਾਡੇ ਹੱਕ ਦੀ ਗੱਲ ਕਰ ਰਹੀ ਸਰਕਾਰ

ਕਿਉਂਕਿ ਪੁਚਕਾਰ ਦੀ ਵੀ ਹੀ!

ਜੁੱਤੇ ਮਾਰ ਸਰਕਾਰ

ਅੱਜ ਕਲ ਦੇਸ਼ ਭਗਤ ਓਹੀ 

ਜੋ ਜੈਕਾਰ ਜੈਕਾਰ  ਕਰੇ ਸਰਕਾਰ ਦੀ!

ਬਾਕੀ ਸਭ ਦੇਸ਼ ਦ੍ਰੋਹੀ!

ਕੋਈ ਫਰਕ ਨਹੀਂ ਅੰਗਰੇਜ਼ਾਂ ਦੇ!

ਰਾਇ ਸਾਹਿਬ ਬਣਾਏ ਉਹਨਾਂ ਲੋਕਾਂ 

ਅਤੇ ਅੱਜ ਦੇ ਸਰਕਾਰ ਦੇ ਪਿੱਠੂਆਂ ਦੇ!

ਕੋਈ ਨਾ ਅਜ਼ਾਦੀ ਵੀ ਕੋਈ ਇਕ ਦਿਨ ਚ ਮਿਲੀ ਨਾ ਸੀ!

ਪਰ ਅੰਗਰੇਜ਼ਾਂ ਨੇ ਵੀ ਆਪਣੇ ਦੇਸ਼ ਦੇ ਵਿੱਚ ਆਉਣ ਜਾਣ ਤੋਂ ਨਾ ਰੋਕਿਆ ਸੀ!

ਸਰਕਾਰ ਦੀ ਕੋਈ ਸਾਜ਼ਿਸ਼ ਏ 

ਜਿਹੜੀ ਅਸੀਂ ਤੁਸੀਂ ਸਮਝ ਨਹੀਂ ਰਹੇ!

ਐਵੇਂ ਈ ਪੰਜਾਬ ਦੇ ਕਿਸਾਨ ਨੂੰ

ਖਾਲਿਸਤਾਨੀ ਕਹਿ ਬਾਰਡਰ ਬਣਾ ਰੋਕ ਨਹੀਂ ਰਹੀ ਇਹ ਤਾਨਾਸ਼ਾਹੀ ਸਰਕਾਰ!

ਹਿੰਦੂਤੱਵ ਦਾ ਝੰਡਾ ਚੁੱਕੀ ਮਨਸ਼ਾ ਸਮਝੋ!

ਮੇਰੇ ਭਰਾਵੋ ਭੈਣੋ

ਕਿਸਾਨ ਤੇ ਪੂਰੇ ਦੇਸ਼ ਦਾ ਪਰੇਸ਼ਾਨ

ਯੂ ਪੀ ਆਲਾ ਵੀ ਚਲਿਆ ਦਿੱਲ੍ਹੀ ਨੂੰ

ਓਹ ਖਾਲਿਸਤਾਨੀ ਨਹੀਂ ਕਹਿਲਾਇਆ!

ਕਿਹਾ ਬੱਸ ਨਕਲੀ ਕਿਸਾਨ!


ਅੱਜ ਦਾ ਰਾਇ ਸਾਹਿਬ ਦਾ ਵੀ ਕਹਿਣਾ ਏ 

ਕਿਸਾਨ ਨੇ ਬੇਫ਼ਾਲਤੁ ਰੋਕਿਆ ਰਾਹ!

ਜੋ ਸਰਕਾਰ ਨੇ ਰੋਕਿਆ ਓਹ ਨਹੀਂ ਵੇਖਿਆ!

ਵਪਾਰੀ ਹੱਥ ਸਭ ਨਕਲੀ ਵਸਤੂ 

ਖਰੀਦਣੀ ਸ਼ਾਨ ਨਾਲ!

ਕਿਸਾਨ ਨੂੰ ਕਹਿਣਾ ਨਾ ਕਰੇ ਕਿਸਾਨੀ ਫਿਰ!

ਚਲੋ ਮੰਨ ਲਿਆ

ਕਿਸਾਨੀ ਛੱਡ ਦਿੱਤੀ ਹਰ ਕਿਸੀ ਨੇ

ਫਿਰ ਇਹਨਾਂ ਰਾਇ ਸਾਹਿਬ ਨੇ

ਨੌਕਰ ਬਣ ਵਪਾਰੀ ਦੇ ਖੇਤ ਖੇਤੀ ਕਰਨੀ

ਰੋਟੀ ਤੇ ਸਭ ਨੂੰ ਚਾਹੀਦੀ! 

ਬਰੈਡ ਦੇ ਰੂਪ ਚ ਹੋਵੇ ਚਾਹੇ ਪਿਜ਼ਾ! 

ਲੋੜ ਤੇ ਖੇਤ ਦੀ ਪੈਣੀ!

ਕਿਸਾਨ ਦੀ ਪੈਣੀ!


ਫਿਰ ਹੰਝੂ ਆਣੇ ਜੋ ਇਹਨਾਂ ਦੀਆਂ ਅੱਖਾਂ ਚ

ਸੱਚ ਮੰਨਿਓ 

ਫਿਰ ਕਿਸੇ ਹੰਝੂ  ਗੈਸ ਦੇ ਗੋਲੇ ਦੀ ਲੋੜ ਨਹੀਂ ਪੈਣੀ!

                        -----ਰੀਤੂ ਕਲਸੀ

 

Sunday, 8 December 2024

ਪੰਜਾਬੀ ਲੇਖਕ ਸਭਾ ਚੰਡੀਗੜ ਦੀ ਚੋਣ ਬਿਨਾ ਮੁਕਾਬਲਾ ਸੰਪੰਨ

ਦੀਪਕ ਸ਼ਰਮਾ ਚਨਾਰਥਲ ਅਤੇ ਭੁਪਿੰਦਰ ਮਲਿਕ ਸਾਥੀਆਂ ਸਣੇ ਚੁਣੇ ਗਏ 

ਚੰਡੀਗੜ੍ਹ: 8 ਦਸੰਬਰ 2024: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ):: 


ਸਾਹਿਤ ਦੀ ਦੁਨੀਆ ਵਿੱਚ ਲਗਾਤਾਰ ਸਰਗਰਮ ਰਹਿਣ ਵਾਲੀ ਸਾਹਿਤਿਕ ਸੰਸਥਾ "ਪੰਜਾਬੀ ਲੇਖਕ ਸਭਾ" ਦੀ ਬਿਨਾ ਮੁਕਾਬਲਾ  ਚੋਣ ਅੱਜ ਪਹਿਲਾਂ ਤੋਂ ਐਲਾਨੇ ਪ੍ਰੋਗਰਾਮ ਮੁਤਾਬਕ ਹੋਈ ਜਿਸ ਵਿਚ ਸਰਗਰਮ ਕਲਮਕਾਰ ਇੱਕ ਵਾਰ ਫੇਰ ਆਪੋ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਏ ਹਨ। ਇਹਨਾਂ ਨੂੰ ਸਭਨਾਂ ਵੱਲੋਂ ਹਾਰਦਿਕ ਵਧਾਈਆਂ ਦੇਂਦਿਆਂ ਜੀ ਆਇਆਂ ਆਖਿਆ ਗਿਆ। ਕਲਾ ਭਵਨ ਵਿੱਚ ਅੱਜ ਸਾਹਿਤ ਨਸਲ ਸਬੰਧਤ ਵਖਰੀ ਕਿਸਮ ਦੀਆਂ ਰੌਣਕਾਂ ਰਹੀਆਂ।

ਸਾਹਿਤ ਦੇ ਨਾਲ ਨਾਲ ਪੱਤਰਕਾਰੀ ਵਿੱਚ ਨਵੀਆਂ ਪਿਰਤਾਂ ਪਾਉਣ ਵਾਲੇ ਦੀਪਕ ਸ਼ਰਮਾ ਚਨਾਰਥਲ ਪ੍ਰਧਾਨ ਚੁਣੇ ਗਏ। ਦੇਸ਼, ਪੰਜਾਬ ਅਤੇ ਦੁਨੀਆ ਵਿੱਚ ਹੁੰਦੀਆਂ ਸਰਗਰਮੀਆਂ ਨੂੰ ਤੀਸਰੀ ਅੱਖ ਨਾਲ ਦੇਖਣ ਵਾਲੇ ਦੀਪਕ ਸ਼ਰਮਾ ਚਨਾਰਥਲ ਵਿੱਚ ਬਹੁਤ ਖੂਬੀਆਂ ਹਨ ਜਿਹਨਾਂ ਦੀ ਚਰਚਾ ਵੱਖਰੀ ਪੋਸਟ ਵਿੱਚ ਕੀਤੀ ਜਾਏਗੀ ਬਹੁਤ ਹੀ ਜਲਦੀ।

ਇੱਸੇ ਸੰਗਠਨ ਨਾਲ ਜੁੜੇ ਹੋਏ ਭੁਪਿੰਦਰ ਸਿੰਘ ਮਲਿਕ ਇਸ ਵਾਰ ਵੀ ਜਨਰਲ ਸਕੱਤਰ ਚੁਣੇ ਗਏ ਹਨ। ਰੇਡੀਓ ਦੀ ਦੁਨੀਆ, ਪ੍ਰਿੰਟ ਮੀਡੀਆ ਦੀ ਦੁਨੀਆ ਅਤੇ ਕਲਮਾਂ ਵਾਲਿਆਂ ਦੇ ਸੰਸਾਰ ਦੀ ਗੱਲ ਉਹ ਅਕਸਰ ਆਪਣੀਆਂ ਉਹਨਾਂ ਪੋਸਟਾਂ ਵਿੱਚ ਕਰਦੇ ਰਹਿੰਦੇ ਹਨ ਜਿਹਨਾਂ ਨੂੰ ਮਾਈਕਰੋ ਪੋਸਟਾਂ ਵੀ ਕਿਹਾ ਜਾ ਸਕਦਾ ਹੈ। ਇਹ ਨਿੱਕੀਆਂ ਪੋਸਟਾਂ ਵਿੱਚ ਹਰ ਵਾਰ ਕੋਈ ਨੇ ਕੂ ਵੱਡੀ ਗੱਲ ਲੁਕੀ ਹੁੰਦੀ ਹੈ।

ਪੰਜਾਬੀ ਦੇ ਨਾਲ ਅਥਾਹ ਪਿਆਰ ਕਰਨ ਵਾਲੇ ਪਾਲ ਅਜਨਬੀ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਹਨ। ਦਿਲਚਸਪ ਗੱਲ ਹੈ ਕਿ ਜਨਾਬ ਪਾਲ ਅਜਨਬੀ ਹਿੰਦੀ ਵਿਚ ਵੀ ਬਹੁਤ ਵਧੀਆ ਲਿਖਦੇ ਹਨ। ਜਿਹੜੇ ਕਲਮਕਾਰ ਹਿੰਦੀ, ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਦਰਮਿਆਨ ਇੱਕ ਪੁਲ ਵਾਂਗ ਕੰਮ ਕਰਦੇ ਹਨ ਉਹਨਾਂ ਵਿੱਚ ਪਾਲ ਅਜਨਬੀ ਬਹੁਤ ਵਿਸ਼ੇਸ਼ ਥਾਂ ਰੱਖਦੇ ਹਨ।

ਸਾਹਿਤਿਕ ਕਿਰਤਾਂ ਨੂੰ ਬਹੁਤ ਦਿਲਚਸਪੀ ਅਤੇ ਡੂੰਘਾਈ ਨਾਲ ਵਾਚਣਾ, ਫਿਰ ਉਹਨਾਂ ਬਾਰੇ ਪੂਰੀ ਦਿਆਨਤਦਾਰੀ ਨਾਲ ਲਿਖਣ ਵਾਲਿਆਂ ਵਿੱਚ ਗਿਣੇ ਜਾਣ ਵਾਲੇ ਵਿਸ਼ੇਸ਼ ਲੇਖਕ ਡਾ. ਗੁਰਮੇਲ ਸਿੰਘ ਮੀਤ  ਪ੍ਰਧਾਨ ਵੱਜੋਂ ਚੁਣੇ ਗਏ ਹਨ। ਉਹ ਲੇਖਕ ਹੋਣ ਦੇ ਨਾਲ ਬਹੁਤ ਚੰਗੇ ਪਾਠਕ, ਬਹੁਤ ਚੰਗੇ ਸਰੋਤੇ ਅਤੇ ਵਿਸ਼ਲੇਸ਼ਕ ਵੀ ਹਨ।

ਇੱਸੇ ਤਰ੍ਹਾਂ ਇਸਤਰੀ ਲੇਖਕਾਂ ਦੀ ਪ੍ਰਤੀਨਿਧਤਾ ਕਰਨ ਦੀ ਜ਼ਿੰਮੇਵਾਰੀ ਇੱਕ ਵਾਰ ਫਿਰ ਮਨਜੀਤ ਕੌਰ ਮੀਤ ਹੁਰਾਂ ਦੇ ਹਿੱਸੇ ਆਈ ਹੈ। ਉਹ ਇਸ ਵੱਕਾਰੀ ਸੰਗਠਨ ਦੇ ਮੀਤ ਪ੍ਰਧਾਨ ਚੁਣੇ ਗਏ ਹਨ। ਉਹਨਾਂ ਦੀ ਮੌਜੂਦਗੀ ਇਸਤਰੀ ਕਲਮਕਾਰਾਂ ਨੂੰ ਵੀ ਹੋਰ ਉਤਸ਼ਾਹਿਤ ਕਰੇਗੀ।

ਕਿਸੇ ਵੀ ਥਾਂ ਕੋਈ ਸਾਹਿਤਿਕ ਇਕਤੱਰਤਾ ਹੋਵੇ, ਉਥੇ ਕਿਹੜੀ ਪੁਸਤਕ ਰਿਲੀਜ਼ ਹੋਣੀ ਹੈ ਇਹਨਾਂ ਸਾਰੀਆਂ ਮੁਢਲੀਆਂ ਜਾਣਕਾਰੀਆਂ ਦੀ ਜਾਣਕਾਰੀ ਸੰਗਠਨ ਦੇ ਮੈਂਬਰਾਂ ਅਤੇ ਗੈਰ ਮੈਂਬਰ  ਪਾਠਕਾਂ ਤੱਕ ਵੀ ਸਮੇਂ ਸਿਰ ਪਹੁੰਚਾਉਣ ਵਾਲਿਆਂ ਵਿੱਚ ਸੁਖਵਿੰਦਰ ਸਿੰਘ ਸਿੱਧੂ ਬਹੁਤ ਸਰਗਰਮੀ ਨਾਲ ਇਹ ਸੇਵਾ ਨਿਭਾਉਂਦੇ ਹਨ। ਉਹ ਇਸ ਸਾਹਿਤਿਕ ਸੰਗਠਨ ਦੇ ਸਕੱਤਰ ਚੁਣੇ ਗਏ ਹਨ।

ਸਾਹਿਤ ਸਿਰਜਣਾ ਵਿੱਚ ਬੜੀਆਂ ਸੂਖਮ ਗੱਲਾਂ ਬੜੀ ਬੇਬਾਕੀ ਨਾਲ ਕਹਿਣ ਵਾਲਿਆਂ ਵਿੱਚ ਸਿਮਰਜੀਤ ਗਰੇਵਾਲ ਵੀ ਹਨ। ਉਹਨਾਂ ਦੀਆਂ ਲਿਖਤਾਂ ਪਾਠਕਾਂ ਅਤੇ ਸਰੋਤਿਆਂ ਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ। ਉਹ ਇਸ ਸੰਗਠਨ ਦੇ ਸਕੱਤਰ ਚੁਣੇ ਗਏ ਹਨ।

ਸਾਹਿਤ ਸਿਰਜਣਾ, ਸਾਹਿਤ ਦੇ ਅਧਿਐਨ, ਸਾਹਿਤ ਦੀ ਮਾਰਕੀਟਿੰਗ, ਸਾਹਿਤ ਅਤੇ ਪੱਤਰਕਾਰਿਤਾ ਵਿਚਲੇ ਸੰਬੰਧਾਂ ਬਹੁਤ ਹੀ ਨੇੜਿਉਂ ਹੋ ਕੇ ਦੇਖਣ ਵਾਲੇ ਹਰਮਿੰਦਰ ਕਾਲੜਾ ਅਸਲ ਵਿਚ ਸਾਹਿਤ ਦੀ ਸਾਧਨਾ ਕਰਨ ਵਾਲੇ ਸਾਧਕ ਵਾਂਗ ਹਨ। ਉਹ ਲੇਖਕਾਂ ਦੇ ਇਸ ਪ੍ਰਤੀਬਧ ਸੰਗਠਨ ਦੇ ਵਿੱਤ ਸਕੱਤਰ ਚੁਣੇ ਗਏ ਹਨ।

ਕੁਲ ਮਿਲਾ ਕੇ ਇੱਕ ਵਾਰ ਫੇਰ ਉਹਨਾਂ ਸਰਗਰਮ ਕਲਮਕਾਰਾਂ ਦੀ ਟੀਮ ਤੁਹਾਡੇ ਸਾਹਮਣੇ ਹੈ ਜਿਸਦੇ ਲਈ ਸਾਹਿਤਿਕ ਸਰਗਰਮੀਆਂ ਇੱਕ ਗੰਭੀਰ ਅਤੇ ਪ੍ਰਤੀਬੱਧਤਾ ਵਾਲਾ ਕਾਰਜ ਹਨ। ਅਸੀ ਸਾਹਿਤ ਸਕਰੀਨ ਵੱਲੋਂ ਇਸ ਸਾਰੀ ਟੀਮ ਨੂੰ ਮੁਬਾਰਕ ਦੇਂਦੇ ਹੋਏ ਜੀ ਆਇਆਂ ਆਖਦੇ ਹਾਂ।

ਤੁਹਾਡੇ ਵਿਚਾਰਾਂ ਅਤੇ ਟਿੱਪਣੀਆਂ ਦੀ ਉਡੀਕ ਇਸ ਵਾਰ ਵੀ ਰਹੇਗੀ ਹੀ। ਸਮਾਂ ਕੱਢ ਕੇ ਸੁਝਾਅ ਵੀ ਦੇਣਾ।

Sunday, 17 November 2024

ਗੋਵਰਧਨ ਗੱਬੀ ਰਚਿਤ ਕਹਾਣੀ-ਸੰਗ੍ਰਿਹ “ਆਪਣਾ ਘਰ “ਦੇ ਲੋਕ ਅਰਪਣ ਅਹਿਮ ਚਰਚਾ

Sent By Bhupinder Malik//16th November 2024 at 21:11// WhatsApp//Kala Bhawan Chandigarh

ਲੇਖਕ ਨੇ ਆਪਣੀਆਂ ਕਹਾਣੀਆਂ ਵਿੱਚ ਸੰਜੀਦਾ ਵਿਸ਼ੇ ਛੂਹੇ ਨੇ-ਬਲਕਾਰ ਸਿੱਧੂ 


ਚੰਡੀਗੜ੍ਹ16 ਨਵੰਬਰ 2024: (*ਭੁਪਿੰਦਰ ਮਲਿਕ//ਇਨਪੁਟ-ਸਾਹਿਤ ਸਕਰੀਨ)::

ਅੱਜ ਦਾ ਦਿਨ ਵੀ ਸਾਹਿਤ ਜਗਤ ਲਈ ਬਹੁਤ ਖਾਸ ਰਿਹਾ। ਅੱਜ ਵੀ ਕਲਾ ਭਾਵਾਂ ਵਿੱਚ ਰੌਣਕ ਰਹੀ। ਸਾਹਿਤ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਅੱਜ ਸਾਹਿਤ ਸਾਧਨਾਂ ਦੇ ਇਸ ਕੇਂਦਰੀ ਸਥਾਨ ਤੇ ਸਨ। ਅੱਜ ਗੋਵਰਧਨ ਗੱਬੀ ਦੀ ਪੁਸਤਕ ਰਿਲੀਜ਼ ਹੋਈ। ਪੁਸਤਕ ਦੀ ਚਰਚਾ ਦੇ ਨਾਲ ਨਾਲ ਸਾਹਿਤ ਦੇ  ਪਹਿਲੂ ਵੀ ਵਿਚਾਰੇ ਗਏ। ਲੇਖਕ ਦੇ ਪਰਿਵਾਰਿਕ ਮੈਂਬਰ ਵੀ ਅੱਜ ਦੇ ਇਸ ਸਾਹਿਤਿਕ ਪਰਿਵਾਰ ਵਿੱਚ ਸ਼ਾਮਲ ਹੋਏ। 

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਕਹਾਣੀਕਾਰ ਗੋਵਰਧਨ ਗੱਬੀ ਦੇ ਕਹਾਣੀ-ਸੰਗ੍ਰਿਹ “ ਆਪਣਾ ਘਰ  “ ਦਾ ਲੋਕ ਅਰਪਣ ਸਮਾਗਮ ਹੋਇਆ ਅਤੇ ਇਸ 'ਤੇ ਭਰਪੂਰ ਵਿਚਾਰ ਚਰਚਾ ਕੀਤੀ ਗਈ। ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਨੇ ਕੀਤੀ ਅਤੇ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਕਨਵੀਨਰ ਡਾ. ਦੀਪਕ ਮਨਮੋਹਨ ਸਿੰਘ ਇਸ ਮੌਕੇ ਮੁੱਖ ਮਹਿਮਾਨ ਸਨ। 

ਕਹਾਣੀ ਖੇਤਰ ਦੀਆਂ ਸਨਮਾਨਿਤ ਸ਼ਖ਼ਸੀਅਤਾਂ ਗੁਲ ਚੌਹਾਨ, ਬਲਿਜੀਤ ਨੇ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਿਰਕਤ ਕੀਤੀ ਪਰ ਦੀਪਤੀ ਬਬੂਟਾ ਹੁਰਾਂ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦਾ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ। ਡਾ. ਗੁਰਮੇਲ ਸਿੰਘ ਨੇ ਕਿਤਾਬ 'ਤੇ ਪਰਚਾ ਪੜ੍ਹਿਆ ।ਕਿਤਾਬ ਰਿਲੀਜ਼ ਸਮਾਗਮ ਵਿੱਚ ਪ੍ਰਧਾਨਗੀ- ਮੰਡਲ ਤੋਂ ਇਲਾਵਾ ਲੇਖਕ ਗੋਵਰਧਨ ਗੱਬੀ ਦੇ ਪਰਿਵਾਰਕ ਮੈਂਬਰ ਰਾਜ ਕੁਮਾਰੀ ਅਤੇ ਸ਼੍ਰੀਮਤੀ ਬਚਨਾ ਦੇਵੀ ਸ਼ਾਮਿਲ ਹੋਏ। ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਖਿਆ ਕਿ ਲੇਖਕ ਨੇ ਆਪਣੀਆਂ ਕਹਾਣੀਆਂ ਵਿੱਚ ਸੰਜੀਦਾ ਵਿਸ਼ੇ ਛੂਹੇ ਨੇ। 

ਇਸ ਮੌਕੇ ਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸ਼ਬਦਕਾਰ, ਕਲਮਕਾਰ ਤੇ ਸਾਹਿਤਕਾਰ ਸਮਾਜ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਡਾ ਗੁਰਮੇਲ ਸਿੰਘ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਲੇਖਕ ਨੇ ਸਮਾਜਿਕ ਵਰਤਾਰਿਆਂ ਦੀ ਗੱਲ ਕੀਤੀ ਹੈ। ਦੀਪਤੀ ਬਬੂਟਾ ਨੇ ਲੇਖਕ ਦੀ ਨਾਟਕੀ ਸ਼ੈਲੀ ਨੂੰ ਬਾਕਮਾਲ ਦੱਸਿਆ। 

ਬਲਿਜੀਤ ਨੇ ਕਿਹਾ ਕਿ ਇਹ ਕਹਾਣੀਆਂ ਮੱਧਵਰਗੀ ਸੰਸਾਰ ਦੇ ਤਜਰਬੇ ‘ਤੇ ਆਧਾਰਿਤ ਹਨ। ਗੁੱਲ ਚੌਹਾਨ ਨੇ ਕਿਹਾ ਕਿ ਰੌਚਕਤਾ ਵਾਲ਼ੀ ਇਹ ਕਿਤਾਬ ਪਾਠਕ ਨੂੰ ਉਂਗਲ ਫੜ ਕੇ ਨਾਲ ਤੋਰਦੀ ਹੈ। 

ਗੁਰਮੀਤ ਸਿੰਗਲ ਨੇ ਕਿਹਾ ਕਿ ਲੇਖਕ ਦੀਆਂ ਕਹਾਣੀਆਂ ਦਾ ਪਾਤਰ ਚਿਤਰਣ  ਬਹੁਤ ਵਧੀਆ ਹੈ। ਹਰਬੰਸ ਸੋਢੀ ਨੇ  ਕਿਹਾ ਕਿ ਇਸ ਕਿਤਾਬ ਦੀਆਂ ਕਹਾਣੀਆਂ ਵਿੱਚ ਜ਼ਿੰਦਗੀ ਦੀ ਚਮਕ ਦੀ ਗੱਲ ਕੀਤੀ ਗਈ ਹੈ। 

“ਆਪਣਾ ਘਰ” ਦੇ ਲੇਖਕ ਗੋਵਰਧਨ ਗੱਬੀ ਨੇ ਕਿਹਾ ਕਿ ਅਦਬੀ ਸ਼ਖ਼ਸੀਅਤਾਂ ਦੇ ਨੇੜੇ ਹੋ ਕੇ ਬਹੁਤ ਕੁਝ ਸਿੱਖਣ, ਸਮਝਣ , ਪਰਖਣ, ਚਿੰਤਨ, ਪੜ੍ਹਨ ਅਤੇ ਲਿਖਣ ਦਾ ਮੌਕਾ ਮਿਲਿਆ। 

ਮੁੱਖ ਮਹਿਮਾਨ ਵੱਜੋਂ ਬੋਲਿਦਆਂ  ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਬੋਲਚਾਲ ਦੀ ਭਾਸ਼ਾ ਵਾਲੀਆਂ ਕਹਾਣੀਆਂ ਦਾ ਆਪਣਾ ਸੰਸਾਰ ਹੈ । ਪ੍ਰਧਾਨਗੀ ਭਾਸ਼ਨ ਰਾਹੀਂ ਕਰਨਲ ਜਸਬੀਰ ਭੁੱਲਰ ਨੇ ਕਿਹਾ ਕਿ ਲੇਖਕ ਗੱਬੀ ਹਵਾ ਵਿੱਚੋਂ ਕਹਾਣੀਆਂ ਫੜਨ ਦਾ ਹੁਨਰ ਜਾਣਦਾ ਹੈ । ਧੰਨਵਾਦੀ ਸ਼ਬਦਾਂ ਵਿੱਚ  ਸਭਾ ਦੇ ਸਕੱਤਰ ਪਾਲ ਅਜਨਬੀ ਨੇ ਕਿਹਾ ਅਜਿਹੇ ਸਾਹਿਤਕ ਉਪਰਾਲੇ ਸਮਾਜ ਲਈ ਸੇਧ ਦਾਇਕ ਹੁੰਦੇ ਹਨ ।

ਇਸ ਮੌਕੇ ਤੇ ਮੌਜੂਦ ਅਦਬੀ ਸ਼ਖ਼ਸੀਅਤਾਂ ਵਿੱਚ ਹੋਰਨਾਂ ਤੋਂ ਇਲਾਵਾ ਹਰਮਿੰਦਰ ਸਿੰਘ ਕਾਲੜਾ , ਵਰਿੰਦਰ ਚੱਠਾ , ਸੁਖਵਿੰਦਰ ਸਿੰਘ ਸਿੱਧੂ , ਡਾ ਜਸਪਾਲ ਸਿੰਘ, ਦੀਪਕ ਸ਼ਰਮਾ ਚਨਾਰਥਲ, ਜੈ ਸਿੰਘ ਧੂਰੀ, ਡਾ. ਅਵਤਾਰ ਸਿੰਘ ਪਤੰਗ, ਗੁਰਪ੍ਰੀਤ ਖੋਖਰ, ਗੁਰਜੰਟ ਸਿੰਘ, ਆਰ. ਡੀ. ਕੈਲੇ, ਪ੍ਰਤੀਕ ਕੁਮਾਰ, ਮਿਨਾਕਸ਼ੀ , ਭਾਗ ਮੱਲ , ਵਿਸ਼ਾਲ ਦੱਤ , ਖ਼ੁਸ਼ਪ੍ਰੀਤ ਕੌਰ, ਮਾਹੀ, ਨਿਤੀਕਾ, ਵਿਸ਼ਾਲ, ਜਸਲੀਨ, ਮਲਕੀਅਤ ਕੌਰ ਬਸਰਾ, ਬਲਵਿੰਦਰ ਸਿੰਘ ਉੱਤਮ, ਹਰਨੇਕ ਸਿੰਘ , ਭੂਮਿਕਾ, ਪ੍ਰੋ. ਦਿਲਬਾਗ ਸਿੰਘ , ਡਾ. ਮੇਹਰ ਮਾਣਕ,  ਨਿਰਮਲਾ, ਸੁਮੀਤ ਸਿੰਘ, ਭੂਮਿਤਾ, ਪਰਮਿੱਤਰਾ ਪਿੰਕੀ, ਅਨੀਸ਼, ਅੰਸ਼, ਸ਼ੁਭਮ, ਦੀਪਕ ਸਿੰਘ, ਸਤਨਾਮ ਚੌਹਾਨ, ਜੁਗਰਾਜ ਸਿੰਘ, ਖ਼ੁਸ਼ੀ, ਵੰਸ਼, ਸ਼੍ਰੇਆ, ਅਮ੍ਰਿਤਪਾਲ ਸਿੰਘ, ਜੈਪਾਲ, ਭਜਨਵੀਰ ਸਿੰਘ, ਏਕਤਾ, ਬਲਜੀਤ ਸਿੰਘ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਅਜਾਇਬ ਸਿੰਘ ਔਜਲਾ, ਜੈ ਸਿੰਘ ਛਿੱਬਰ, ਪਰਮਜੀਤ ਪਰਮ, ਬਲਦੇਵ ਸਿੰਘ ਸਿੰਧਰਾ ਸ਼ਾਮਿਲ ਸਨ।

ਕੁਲ ਮਿਲਾ ਕੇ ਕਲਾ ਭਵਨ ਚੰਡੀਗੜ੍ਹ ਵਿੱਚ ਅੱਜ ਵਾਲਾ ਇਹ ਪ੍ਰੋਗਰਾਮ ਵੀ ਬਹੁਤ ਯਾਦਗਾਰੀ ਰਿਹਾ। 

Saturday, 16 November 2024

ਗੋਵਰਧਨ ਗੱਬੀ ਦੇ ਕਹਾਣੀ-ਸੰਗ੍ਰਹਿ ਦਾ ਲੋਕ-ਅਰਪਣ 16 ਨਵੰਬਰ ਨੂੰ

Posted by Harminder Kalra of  Punjabi Lekhak Sabha on 13th November 2024 at 09:39 PM WhatsApp

ਸਮਾਗਮ ਵਿੱਚ ਪਹੁੰਚਣਗੀਆਂ ਅਹਿਮ ਸ਼ਖਸੀਅਤਾਂ

ਚੰਡੀਗੜ੍ਹ: 13 ਨਵੰਬਰ 2024: (ਹਰਮਿੰਦਰ ਕਾਲੜਾ//ਇਨਪੁਟ-ਸਾਹਿਤ ਸਕਰੀਨ ਡੈਸਕ)::

ਚੰਡੀਗੜ੍ਹ ਨੂੰ ਭਾਵੇਂ ਕੋਈ ਪੱਥਰਾਂ ਦਾ ਸ਼ਹਿਰ ਕਹੇ ਤੇ ਭਾਵੇਂ ਕੁਝ ਹੋਰ ਪਰ ਚੰਡੀਗੜ੍ਹ ਬਾਰੇ ਇੱਕ ਹਕੀਕਤ ਇਹ ਵੀ ਹੈ ਕਿ ਚੰਡੀਗੜ੍ਹ ਵਿੱਚ ਸਾਹਿਤ ਰਸ ਦਾ ਦਰਿਆ ਵੀ ਨਿਰੰਤਰ ਵਗਦਾ ਹੈ। ਆਏ ਦਿਨ ਸਾਹਿਤਿਕ ਸਮਾਗਮਾਂ ਦਾ ਆਯੋਜਨ ਚੰਡੀਗੜ੍ਹ ਅਤੇ ਆਲੇ ਦੁਆਲੇ ਦੇ ਮਾਹੌਲ ਵਿੱਚ ਸਾਹਿਤ ਦੀਆਂ ਉਹਨਾਂ ਸੂਖਮ ਤਰੰਗਾਂ ਨੂੰ ਪੈਦਾ ਕਰਦਾ ਅਤੇ ਬਿਖੇਰਦਾ ਹੈ ਜਿਹਨਾਂ ਨਾਲ ਬੁਧੀਜੀਵੀ ਵਰਗ ਦੇ ਦਿਲ ਦਿਮਾਗ ਪ੍ਰਭਾਵਿਤ ਹੁੰਦੇ ਹਨ।  ਸਾਹਿਤ ਸਿਰਜਣਾ ਦੀ ਪ੍ਰਕ੍ਰਿਆ ਪ੍ਰਭਾਵਿਤ ਹੁੰਦੀ ਹੈ। ਸਾਹਿਤ ਨਾਲ ਜੁੜੇ ਨਵੇਂ ਅਤੇ ਪੁਰਾਣੇ ਕਲਮਕਾਰ ਇੱਕ ਨਵੀਂ ਤਾਜ਼ਗੀ ਅਤੇ ਸ਼ਕਤੀ ਪ੍ਰਾਪਤ ਕਰਦੇ ਹਨ। ਹੁਣ ਇੱਕ ਨਵੇਂ ਸਾਹਿਤਕ ਸਮਾਗਮ ਦਾ ਸੱਦਾ ਵੀ ਪ੍ਰਾਪਤ ਹੋਇਆ।   

ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਉੱਘੇ ਲੇਖਕ ਗੋਵਰਧਨ ਗੱਬੀ ਦੇ ਕਹਾਣੀ-ਸੰਗ੍ਰਹਿ ਆਪਣਾ ਘਰ ਦਾ ਲੋਕ-ਅਰਪਣ ਤੇ ਵਿਚਾਰ-ਚਰਚਾ ਸਮਾਗਮ ਮਿਤੀ 16 ਨਵੰਬਰ, 2024, ਦਿਨ ਸਨਿੱਚਰਵਾਰ, ਸਮਾਂ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਮੁੱਖ ਮਹਿਮਾਨ ਹੋਣਗੇ ਉਘੇ ਸਾਹਿਤਕਾਰ ਅਤੇ ਚਿੰਤਕ ਡਾ. ਦੀਪਕ ਮਨਮੋਹਨ ਸਿੰਘ (ਉੱਘੇ ਚਿੰਤਕ) ਜਦਕਿ ਪ੍ਰਧਾਨਗੀ ਕਰਨਗੇ ਬਹੁਚਰਚਿਤ ਸਾਹਿਤਕਾਰ-
ਕਰਨਲ ਜਸਬੀਰ ਭੁੱਲਰ। 

ਪੁਸਤਕ ਰਿਲੀਜ਼ ਵਾਲੇ ਇਸ ਸਮਾਗਮ ਮੌਕੇ ਵਿਸ਼ੇਸ਼ ਮਹਿਮਾਨ ਹੋਣਗੇ-ਗੁਲ ਚੌਹਾਨ, ਬਲੀਜੀਤ ਤੇ ਦੀਪਤੀ ਬਬੂਟਾ (ਪ੍ਰਸਿੱਧ ਸਨਮਾਨਿਤ ਕਹਾਣੀਕਾਰ)

ਰਵਾਇਤਾਂ ਮੁਤਾਬਿਕ ਇਸ ਸਾਹਿਤਿਕ ਸਮਾਗਮ ਵਿੱਚ ਰਿਲੀਜ਼ ਹੋਣ ਵਾਲੀ ਪੁਸਤਕ ਬਾਰੇ ਪਰਚਾ ਵੀ ਪੜ੍ਹਿਆ ਜਾਏਗਾ। ਪਰਚਾ ਲੇਖਕ ਹੋਣਗੇ-ਡਾ. ਗੁਰਮੇਲ ਸਿੰਘ ਜੋ ਕਿ ਸਰਕਾਰੀ ਕਾਲਜ, ਸੈਕਟਰ 11, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀ ਹਨ। 

ਇਸ ਸਾਹਿਤਿਕ ਸਮਾਗਮ ਵਿੱਚ ਹਾਜ਼ਰ ਹੋਣ ਲਈ ਸਾਹਿਤ ਰਸੀਆਂ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ। ਇਸ ਨਾਲ ਸਾਹਿਤ ਦੀਆਂ ਤਰੰਗਾਂ ਹੋਰ ਸ਼ਕਤੀਸ਼ਾਲੀ ਹੋ ਕੇ ਮਾਹੌਲ ਨੂੰ ਸਾਹਿਤਿਕ ਰੰਗ ਵਿੱਚ ਰੰਗਣਗੀਆਂ। 

ਉਡੀਕਵਾਨ  ਹੋਣਗੇ-ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ  ਜਨਰਲ ਸਕੱਤਰ ਭੁਪਿੰਦਰ ਮਲਿਕ ਅਤੇ ਬਹੁਤ ਸਾਰੇ ਮੈਂਬਰ ਅਤੇ ਅਹੁਦੇਦਾਰ। 

Wednesday, 13 November 2024

ਭਾਸ਼ਾ ਵਿਭਾਗ ਵੱਲੋਂ ਲੁਧਿਆਣਾ 'ਚ ਕਰਵਾਏ ਗਏ ਰਾਜ ਪੱਧਰੀ ਮੁਕਾਬਲੇ

 DPRO Ludhiana Language Department News Email Wednesday 13th November 2024 at 2:18 PM

 ਹਰ ਪ੍ਰਤੀਯੋਗੀ ਆਪਣੀ ਕਲਾ ਵਿੱਚ ਪਰਿਪੱਕ ਨਜ਼ਰ ਆਇਆ-ਜ਼ਫ਼ਰ 


ਲੁਧਿਆਣਾ: 13 ਨਵੰਬਰ 2024: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

ਭਾਸ਼ਾ ਅਤੇ ਸਾਹਿਤ ਦੇ ਖੇਤਰਾਂ ਵਿੱਚ ਭਾਸ਼ਾ ਵਿਭਾਗ ਇੱਕ ਵਾਰ ਫੇਰ ਸਰਗਰਮ ਹੈ। ਇਸ ਵਾਰ ਦੀਆਂ ਸਰਗਰਮੀਆਂ ਨਿਵੇਕਲੀਆਂ ਵੀ ਹਨ ਅਤੇ ਜ਼ਿਆਦਾ ਨਿਖਰੀਆਂ ਹੋਈਆਂ ਵੀ। ਇਹਨਾਂ ਸਰਗਰਮੀਆਂ ਨੂੰ ਆਧੁਨਿਕ ਰੰਗ ਰੂਪ ਵਿੱਚ ਵੀ ਰੰਗਿਆ ਜਾ ਰਿਹਾ ਹੈ। ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਹੋਏ ਇੱਕ ਯਾਦਗਾਰੀ ਸਮਾਗਮ ਵਿੱਚ ਵੀ ਇਸ ਗੱਲ ਦਾ ਅਹਿਸਾਸ  ਹੋਇਆ।  ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਦੇ ਰਾਜ ਪੱਧਰੀ  ਪੰਜਾਬੀ  ਸਾਹਿਤ  ਸਿਰਜਣ  ਅਤੇ  ਕਵਿਤਾ  ਗਾਇਨ  ਮੁਕਾਬਲੇ  ਵੀ ਕਰਵਾਏ ਗਏ। ਇਹਨਾਂ ਮੁਕਾਬਲਿਆਂ ਨੇ ਸਾਹਿਤਿਕ ਭਵਿੱਖ ਦੇ ਕਈ ਨਵੇਂ ਚਿਹਰੇ ਵੀ ਅੱਗੇ ਲਿਆਂਦੇ ਜਿਹਨਾਂ ਦਾ ਲਾਹਾ ਪੂਰੇ ਸਾਹਿਤਿਕ ਜਗਤ ਨੂੰ ਹੋਵੇਗਾ। 

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ  ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ, ਸਿੱਖਿਆ  ਅਤੇ ਭਾਸ਼ਾ ਮੰਤਰੀ ਸ. ਹਰਜੋਤ ਬੈਂਸ ਦੀ ਅਗਵਾਈ ਅਤੇ ਡਾਇਰੈਕਟਰ  ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਸ਼ਾ ਵਿਭਾਗ ਦੁਆਰਾ ਨਵੰਬਰ ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਅਧੀਨ ਪੰਜਾਬ ਭਰ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ   ਸੰਬੰਧਤ ਅਨੇਕ ਸਮਾਗਮ ਉਲੀਕੇ ਗਏ ਹਨ।

ਇਸੇ ਕੜੀ ਤਹਿਤ ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਦੇ ਰਾਜ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸ਼ਰਮਾ  ਨੇ ਅੱਗੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੀਆਂ ਚਾਰ ਵੰਨਗੀਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਆਏ  ਵਿਦਿਆਰਥੀਆਂ ਨੇ ਭਾਗ ਲਿਆ। ਇਹ ਉਹ ਵਿਦਿਆਰਥੀ ਸਨ ਜਿਨ੍ਹਾਂ ਨੇ ਪਹਿਲਾਂ ਜ਼ਿਲ੍ਹਾ ਪੱਧਰ ਉੱਤੇ ਹੋਏ ਮੁਕਾਬਲਿਆਂ  ਵਿੱਚ  ਆਪੋ-ਆਪਣੀ ਵੰਨਗੀ ਵਿੱਚ ਪਹਿਲਾ  ਸਥਾਨ ਪ੍ਰਾਪਤ  ਕੀਤਾ ਸੀ।

ਸਾਹਿਤ ਅਤੇ ਕਲਾ ਦੇ ਖੇਤਰ ਦੀਆਂ ਪ੍ਰਸਿੱਧ ਸਖ਼ਸ਼ੀਅਤਾਂ  ਜਤਿੰਦਰ  ਹਾਂਸ,  ਤ੍ਰੈਲੋਚਨ ਲੋਚੀ,  ਪ੍ਰੋ.ਸੁਰਿੰਦਰ  ਖੰਨਾ, ਡਾ.ਚਰਨਜੀਤ ਸਿੰਘ, ਹਰਲੀਨ  ਸੋਨਾ, ਡਾ. ਜਸਲੀਨ ਕੌਰ, ਪ੍ਰੋ. ਰਮਨ ਖੰਨਾ, ਇੰਦਰਪਾਲ ਸਿੰਘ, ਡਾ. ਸੀਮਾ ਰਾਣੀ ਅਤੇ ਅੰਕੁ਼ਸ਼ ਕੁਮਾਰ ਨੇ ਜੱਜਮੈਂਟ ਲਈ ਸੇਵਾਵਾਂ ਦਿੱਤੀਆਂ।

ਮੁਕਾਬਲਿਆਂ ਵਿੱਚ ਕਵਿਤਾ ਗਾਇਨ ਦੀ ਵੰਨਗੀ ਵਿੱਚ ਸੁਲਤਾਨਾ ਖ਼ਾਤੂਨ, ਨਾਮਿਆ ਅਰੋੜਾ ਅਤੇ ਨਿਹਾਰਿਕਾ ਨੇ, ਲੇਖ ਸਿਰਜਣਾ ਵਿੱਚ ਸਵੈਨ ਸਹੋਤਾ, ਦਿਲਪ੍ਰੀਤ ਕੌਰ ਅਤੇ ਗੁਰਸਿਮਰਨ  ਕੌਰ ਨੇ, ਕਵਿਤਾ ਸਿਰਜਣਾ ਵਿੱਚ ਅੰਜਨਵੀਰ ਸਿੰਘ, ਤਫ਼ਾਕ ਅਤੇ ਨੰਦਨੀ ਸ਼ਰਮਾ ਨੇ, ਕਹਾਣੀ ਸਿਰਜਣਾ ਵਿੱਚ ਹਰਦੀਪ ਕੌਰ, ਸੁਨੈਨਾ ਅਤੇ ਹਰਮਨਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਨਕਦ ਇਨਾਮੀ ਰਾਸ਼ੀ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

ਮੰਚ ਸੰਚਾਲਨ ਦੀ ਭੂਮਿਕਾ ਰਵਨੀਤ ਕੌਰ ਨੇ ਬਾਖ਼ੂਬੀ ਨਿਭਾਈ। 

ਜਸਵੰਤ ਸਿੰਘ ਜ਼ਫ਼ਰ ਨੇ ਮੰਚ ਤੋਂ ਸੰਬੋਧਨ ਹੁੰਦਿਆਂ ਕਿਹਾ ਕਿ ਮੁਕਾਬਲੇ ਵਿੱਚ ਭਾਗ ਲੈਣ ਵਾਲਾ ਹਰ ਵਿਦਿਆਰਥੀਆਂ ਹੀ ਆਪਣੀ ਕਲਾ ਵਿੱਚ ਪਰਿਪੱਕ ਨਜ਼ਰ ਆਇਆ ਅਤੇ ਉਹ ਆਸ ਕਰਦੇ ਹਨ ਕਿ ਇਹ ਵਿਦਿਆਰਥੀ ਭਵਿੱਖ ਵਿੱਚ ਆਪੋ-ਆਪਣੇ ਖੇਤਰ ਵਿੱਚ ਵੱਡਾ ਮੁਕਾਮ ਹਾਸਿਲ ਕਰਨਗੇ। ਉਹਨਾਂ ਕਿਹਾ ਕਿ ਕਿਸੇ ਵੀ ਕਾਮਯਾਬੀ ਵਿੱਚ ਮਾਪਿਆਂ ਅਤੇ ਅਧਿਆਪਕ ਦੇ ਯੋਗਦਾਨ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। 

ਇਸ ਮੌਕੇ ਕਾਲਜ ਦੇ ਪੰਜਾਬੀ ਵਿਭਾਗ ਤੋਂ ਡਾ. ਸੁਮੀਤ ਬਰਾੜ, ਪ੍ਰੋ ਗੁਰਵਿੰਦਰ ਕੌਰ ਅਤੇ ਕਾਲਜ ਦੇ ਵਿਦਿਆਰਥੀ ਵੀ ਹਾਜ਼ਰ ਰਹੇ।

Monday, 11 November 2024

ਸਾਹਿਤਕ ਸੱਥ ਖਰੜ ਵੱਲੋਂ ਪੁਸਤਕ ਰਿਲੀਜ਼ ਸਮਾਗਮ

Email by Jaswinder Singh Kainaur, President, Sahitak Satth Kharar 10th November 2024 at 11:06 PM 

ਹਿਮਾਚਲ ਦੇ ਬਿਲਾਸਪੁਰ ਦੀ ਇੱਕ ਪ੍ਰੇਮ ਕਹਾਣੀ ਹੈ-‘ਫੁਲਮੋਂ ਤੇ ਰਾਂਝੂ’


ਖਰੜ
:10 ਨਵੰਬਰ 2024:(ਜਸਵਿੰਦਰ ਸਿੰਘ ਕਾਈਨੌਰ//ਇਨਪੁਟ-ਕਾਰਤਿਕਾ ਸਿੰਘ//ਸਾਹਿਤ ਸਕਰੀਨ ਡੈਸਕ)::

ਹੁਣ ਜਦੋਂ ਕਿ ਪੰਜਾਬ ਦਾ ਵੱਡਾ ਹਿਸਾ ਵਿਕਾਸ ਦੀਆਂ ਪੁਲਾਂਘਾਂ ਦੇ ਨਾਮ ਹੇਠ ਸਾਹਿਤ ਅਤੇ ਸੰਵੇਦਨਾ ਤੋਂ ਦੂਰ ਹੁੰਦਾ ਜਾ ਰਿਹਾ ਹੈ ਉਦੋਂ ਵੀ ਖਰੜ, ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਹੁੰਦੀਆਂ ਸਾਹਿਤਿਕ ਇਕੱਤਰਤਾਵਾਂ ਸਾਹਿਤ ਅਤੇ ਸੰਵੇਦਨਾ ਨੂੰ ਸੰਭਾਲਣ ਅਤੇ ਵਿਕਸਿਤ ਕਰਨ ਲਈ ਜਤਨਸ਼ੀਲ ਹਨ। ਇਥੇ ਹਿੰਦੀ ਪੰਜਾਬੀ ਦਾ ਵੀ ਕੋਈ ਨਹੀਂ। ਸਾਰੇ ਸ਼ਾਇਰ ਅਤੇ ਲੇਖਕ ਪਰਿਵਾਰਿਕ ਮਿਲਣੀ ਵਾਂਗ ਮਿਲ ਬੈਠਦੇ ਹਨ। ਜਿਹੜੇ ਨਹੀਂ ਪਹੁੰਚ ਸਕੇ ਹੁੰਦੇ ਜਾਂ ਫਿਰ  ਨਹੀਂ ਲੱਗਿਆ ਹੁੰਦਾ ਉਹ ਵੀ ਅੰਦਰੋਂ ਅੰਦਰੀਂ ਇਸ ਪਛਤਾਵੇ ਵਿੱਚ ਹੀ ਰਹਿੰਦੇ ਹਨ ਕਿ ਅਸੀਂ ਇਸ ਸਮਾਗਮ ਵਿੱਚ ਸ਼ਾਮਿਲ ਕਿਓਂ ਨਹੀਂ ਹੋਏ। ਸਕੂਲਾਂ-ਕਾਲਜਾਂ ਵਿੱਚ ਸਾਹਿਤਿਕ ਬੈਠਕਾਂ ਦਾ ਰਿਵਾਜ ਕਿਸੇ ਵੇਲੇ ਪੰਜਾਬ ਵਿਚ ਬੜੇ ਜ਼ੋਰਾਂ ਤੇ ਹੋਇਆ ਕਰਦਾ ਸੀ। ਬਾਅਦ ਵਿੱਚ ਆਏ ਪੱਛਮੀ ਹਵਾਵਾਂ ਵਾਲੇ ਵਿਕਾਸ ਦੇ ਮਾਡਲਾਂ ਨੇ ਇਸ ਰਿਵਾਜ ਨੂੰ ਵਿਦਿਅਕ ਅਦਾਰਿਆਂ ਤੋਂ ਦੂਰ ਕਰ ਦਿੱਤਾ। 

ਜਿਹੜੇ ਕੁਝ  ਅਦਾਰੇ ਅਜੇ ਵੀ ਵਿਦਿਅਕ ਅਦਾਰਿਆਂ ਨੂੰ ਪਹਿਲ ਦੇਂਦੇ ਹਨ ਉਹਨਾਂ ਵਿੱਚ ਸਾਹਿਤਕ ਸੱਥ ਖਰੜ ਵੀ ਹੈ। ਜ਼ਿਕਰਯੋਗ ਹੈ ਕਿ ਸਾਹਿਤ ਰਚਨਾ ਕਰਨ ਵਾਲੀਆਂ ਬਹੁਤ ਸਾਰੀਆਂ  ਸ਼ਖਸੀਅਤਾਂ ਵਿਦਿਅਕ ਖੇਤਰਾਂ ਦੇ ਮਾਹੌਲ ਵਿੱਚੋਂ ਹੀ ਪੈਦਾ ਹੁੰਦੀਆਂ ਅਤੇ ਨਿਖਰਦੀਆਂ ਰਹੀਆਂ ਹਨ। ਖਰੜ ਦੇ ਜਿਸ ਸਕੂਲ ਵਿੱਚ ਸਾਹਿਤਿਕ ਸੱਥ ਵੱਲੋਂ ਆਪਣੀਆਂ ਸਾਹਿਤਿਕ ਬੈਠਕਾਂ ਹੁੰਦੀਆਂ ਹਨ ਉਹ ਸਕੂਲ ਵੀ ਬਹੁਤ ਇਤਿਹਾਸਿਕ ਹੈ। 

ਇਸ ਵਾਰ ਵੀ ਸੱਥ ਵੱਲੋਂ ਪੁਸਤਕ ‘ਫੁਲਮੋਂ ਤੇ ਰਾਂਝੂ’ ਦਾ ਲੋਕ ਅਰਪਣ ਬੜੇ ਹੀ ਯਾਦਗਾਰੀ ਅੰਦਾਜ਼ ਨਾਲ ਕਰਵਾਇਆ ਗਿਆ। ਇਸ ਮੌਕੇ ਕਵੀ ਦਰਬਾਰ ਵੀ ਦਿਲਚਸਪੀ ਅਤੇ ਆਕਰਸ਼ਣ ਦਾ ਕੇਂਦਰ ਸੀ ਜਿਹੜਾ ਸੰਵੇਦਨਾ ਦਾ  ਵਿਚ ਸਫਲ ਰਿਹਾ। ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਜਿਸ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। 

ਇਸ ਵਾਰ ਦੀ ਮਾਸਿਕ ਇਕੱਤਰਤਾ ਵਿੱਚ ਗੀਤਕਾਰ/ਮੋਹਨ ਸਿੰਘ ‘ਪ੍ਰੀਤ’ ਦੀ ਨਵੀਂ ਪ੍ਰਕਾਸ਼ਿਤ ਪੁਸਤਕ ‘ਫੁਲਮੋਂ ਤੇ ਰਾਂਝੂ’ (ਇੱਕ ਪ੍ਰੇਮ ਕਹਾਣੀ) ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ 'ਚ ਸੱਥ ਦੇ ਪ੍ਰਧਾਨ, ਲੇਖਕ ਮੋਹਨ ਸਿੰਘ 'ਪ੍ਰੀਤ' ਅਤੇ ਰਾਜਵਿੰਦਰ ਸਿੰਘ ਗੱਡੂ ਸ਼ਾਮਿਲ ਸਨ। 

ਪੁਸਤਕ ’ਤੇ ਪੇਪਰ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਪੜਿ੍ਆ। ਉਨ੍ਹਾਂ ਕਿਹਾ ਕਿ ਮੋਹਨ ਸਿੰਘ ‘ਪ੍ਰੀਤ’ ਮੂਲ ਰੂਪ’ਚ ਗੀਤਕਾਰ ਹਨ। ਉਨ੍ਹਾਂ ਨੇ 200 ਤੋਂ ਵੱਧ ਗੀਤ ਲਿਖੇ ਜਿਨ੍ਹਾਂ ਨੂੰ ਮਹਿੰਦਰ ਕਪੂਰ, ਸੁਰੇਸ਼ ਵਾਡੇਕਰ, ਮੰਗਲ ਸਿੰਘ, ਹਰਸ਼ਦੀਪ, ਜਸਵਿੰਦਰ ਨਰੂਲਾ, ਸਰਦੂਲ ਸਿਕੰਦਰ, ਕੁਲਬੀਰ ਸੈਣੀ, ਅਮਰ ਵਿਰਦੀ, ਅਤੇ ਮਨਪ੍ਰੀਤ ਅਖਤਰ ਆਦਿ ਬਹੁਤ ਸਾਰੇ ਗਾਇਕਾਂ ਨੇ ਗਾਇਆ ਹੈ।

ਇਸ ਪੁਸਤਕ ਤੋਂ ਪਹਿਲਾਂ ਵੀ ਇਨ੍ਹਾਂ ਦੀ ਇੱਕ ਮੌਲਿਕ ਪੁਸਤਕ ‘ਸੂਫੀ ਰੰਗਾਂ ਦੀ ਬਰਸਾਤ’ ਛਪ ਚੁੱਕੀ ਹੈ। ਹਰਿਆਣਾ ਸਾਹਿਤ ਅਕਾਦਮੀ ਅਤੇ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਛਾਪੀਆਂ ਸਾਂਝੀਆਂ ਪੁਸਤਕਾਂ ’ਚ ਵੀ ਇਨ੍ਹਾਂ ਦੀ ਰਚਨਾਵਾਂ ਲੱਗ ਚੁੱਕੀਆਂ ਹਨ। ਹੁਣ ਇਨ੍ਹਾਂ ਨੇ ਸਾਹਿਤ ਦੀ ਦੂਜੀ ਵਿਧਾ ਕਹਾਣੀ ਕਲਾ ’ਤੇ ਕੰਮ ਕਰਦਿਆਂ ਇਹ ਨਵੀਂ ਪੁਸਤਕ ‘ਫੁਲਮੋਂ ਤੇ ਰਾਂਝੂ’ (ਇੱਕ ਪ੍ਰੇਮ ਕਹਾਣੀ) ਦੀ ਸਿਰਜਨਾ ਕੀਤੀ ਹੈ। 

ਇਸ ਪੁਸਤਕ ਵਿੱਚ ਹਿਮਾਚਲ ਖਿੱਤੇ ਦੇ ਬਿਲਾਸਪੁਰ ਇਲਾਕੇ ਦੇ ਪਾਤਰਾਂ ਨੂੰ ਲੈ ਕੇ ਸਿਰਜੀ ਇੱਕ ਲੰਬੀ ਕਹਾਣੀ ਹੈ। ਸਾਰੀ ਪੁਸਤਕ ’ਚ ਰਚੀ ਇੱਕੋ ਕਹਾਣੀ ਹੋਣ ਕਰਕੇ ਇਸ ਪੁਸਤਕ ਨੂੰ ਇੱਕ ਮਿੰਨੀ ਨਾਵਲ ਵੀ ਕਿਹਾ ਜਾ ਸਕਦਾ ਹੈ। ਇਹ ਬਹੁਤ ਹੀ  ਪੜ੍ਹਨਯੋਗ ਹੈ ਇਸਲਈ ਮੈਂ ਵੀ ਇਸ ਪੁਸਤਕ ਦਾ ਸਵਾਗਤ ਕਰਦਾ ਹਾਂ। ਆਸ ਕਰਦਾ ਹਾਂ ਕਿ ਕਹਾਣੀਕਾਰ/ਗੀਤਕਾਰ ਮੋਹਨ  ਸਿੰਘ ‘ਪ੍ਰੀਤ’ ਭਵਿੱਖ ’ਚ ਹੋਰ ਵੀ ਮੁੱਲਵਾਨ ਕਿਰਤਾਂ ਪੰਜਾਬੀ ਸਾਹਿਤ ਨੂੰ ਦਿੰਦੇ ਰਹਿਣਗੇ। ਲੇਖਕ ਪ੍ਰੀਤ ਨੇ ਵੀ ਪੁਸਤਕ ਬਾਰੇ ਵਿਚਾਰ ਸਾਂਝੇ ਕੀਤੇ|

ਉਪਰੰਤ ਚੱਲੇ ਕਵੀ ਦਰਬਾਰ ਵਿੱਚ ਮਲਕੀਤ ਨਾਗਰਾ, ਪਿਆਰਾ ਸਿੰਘ ਰਾਹੀ, ਜਸਵਿੰਦਰ ਸਿੰਘ ਕਾਈਨੌਰ, ਨੀਲਮ ਨਾਰੰਗ, ਰਾਜਵਿੰਦਰ ਸਿੰਘ ਗੱਡੂ, ਇੰਦਰਜੀਤ ਕੌਰ ਵਡਾਲਾ, ਅਮਰਜੀਤ ਕੌਰ ਮੋਰਿੰਡਾ, ਪ੍ਰਤਾਪ ਪਾਰਸ ਗੁਰਦਾਸਪੁਰੀ, ਸਮਿੱਤਰ ਸਿੰਘ ਦੋਸਤ, ਗੁਰਸ਼ਰਨ ਸਿੰਘ ਕਾਕਾ, ਮੰਦਰ ਗਿੱਲ ਸਾਹਿਬਚੰਦੀਆ, ਬੰਤ ਸਿੰਘ ਦੀਪ,ਮੰਦਰ ਗਿੱਲ ਸਾਹਿਬ ਚੰਦੀਆ, ਦਲਬੀਰ ਸਿੰਘ ਸਰੋਆ, ਬਲਦੇਵ ਸਿੰਘ ਬਿੰਦਰਾ, ਤਰਸੇਮ ਸਿੰਘ ਕਾਲੇਵਾਲ, ਜਸਮਿੰਦਰ ਸਿੰਘ ਰਾਓ, ਖੁਸ਼ੀ ਰਾਮ ਨਿਮਾਣਾ, ਪ੍ਰਲਾਦ ਸਿੰਘ, ਕੇਸਰ ਸਿੰਘ ਇੰਸਪੈਕਟਰ, ਬਲਵਿੰਦਰ ਸਿੰਘ ਢਿੱਲੋਂ ਨੇ ਖ਼ੂਬਸੂਰਤ ਗੀਤਾਂ ਤੇ ਕਵਿਤਾਵਾਂ ਨਾਲ ਹਾਜ਼ਰੀ ਲਵਾਈ। 

ਮੰਚ ਸੰਚਾਲਨ ਦੀ ਜ਼ਿੰਮੇਵਾਰੀ *ਪਿਆਰਾ ਸਿੰਘ ‘ਰਾਹੀ’ ਵੱਲੋਂ ਬਾਖ਼ੂਬੀ ਨਿਭਾਈ ਗਈ। ਉਪਰੋਕ। -ਤ ਤੋਂ ਇਲਾਵਾ ਇਸ ਇਕੱਤਰਤਾ ਵਿੱਚ ਹਾਕਮ ਸਿੰਘ ਨੱਤਿਆਂ, ਜਸਪ੍ਰੀਤ ਸਿੰਘ, ਮੋਹਨ ਲਾਲ ਰਾਹੀ, ਜਸਵੀਰ ਮਹਿਰਾ ਅਤੇ ਜੀਤੇਸ਼ ਤਾਂਗੜੀ  ਆਦਿ ਹਾਜ਼ਰ ਹੋਏ। ਅੰਤ 'ਚ ਸੱਥ ਵੱਲੋਂ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ। 

*ਪਿਆਰਾ ਸਿੰਘ 'ਰਾਹੀ' ਇਸ ਸਾਹਿਤਿਕ  ਸੱਥ ਖਰੜ ਦੇ ਜਨਰਲ ਸਕੱਤਰ ਹਨ। (+91 94638 37388)

*ਜਦਕਿ ਜਸਵਿੰਦਰ ਸਿੰਘ ਕਾਈਨੌਰ ਪ੍ਰਧਾਨ ਹਨ। (98888-42244) 

Sunday, 10 November 2024

ਪਵਨ ਟਿਵਾਣਾ ਦੇ ਪਲੇੇਠੇ ਕਾਵਿ ਸੰਗ੍ਰਹਿ ”ਰਾਤਾਂ ਦੀ ਚੁੱਪ” ਦਾ ਲੋਕ ਅਰਪਣ

Sunday10th November 2024 at 14:15//Updated 16:25 Media Link//Book Release//Bhupinder Malik//WhatsApp

 ਉੱਘੀਆਂ ਸ਼ਖਸੀਅਤਾਂ ਨੇ ਕੀਤੀ ਸਾਹਿਤ ਚਰਚਾ ਵਿੱਚ ਸਰਗਰਮ ਸ਼ਮੂਲੀਅਤ  


ਚੰਡੀਗੜ੍ਹ: 10 ਨਵੰਬਰ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ):: 

ਪ੍ਰਗਤੀਸ਼ੀਲ ਲੇਖਕ ਸੰਘ ਦੇ ਸੱਦੇ ਨੂੰ ਇੱਕ ਵਾਰ ਫੇਰ ਲੇਖਕ ਸਰਗਰਮੀ ਨਾਲ ਜ਼ੋਰਦਾਰ ਹੁੰਗਾਰਾ ਭਰਨ ਲੱਗ ਪਏ ਹਨ। ਅਕਤੂਬਰ ਮਹੀਨੇ ਦੇ ਆਖਿਰੀ ਸ਼ਨੀਵਾਰ ਅਰਥਾਤ  26 ਅਕਤੂਬਰ ਨੂੰ ਪੰਜਾਬ ਕਲਾ ਭਵਨ ਵਿਖੇ ਪ੍ਰਗਤੀਸ਼ੀਲ ਲੇਖਕ ਸੰਘ ਦਾ ਕੌਮੀ ਆਯੋਜਨ ਸੀ। ਇਸ ਸੈਮੀਨਾਰ ਵਿੱਚ ਇੱਕ ਬਹੁਤ ਹੀ ਅਰਥਪੂਰਨ ਇਸ਼ਾਰਾ ਸਾਹਮਣੇ ਆਇਆ ਸੀ। ਇਸ ਮੌਕੇ ਲੇਖਕਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਉਹ ਹੁਣ ਖੁਦ  ਸਿਹਤਮੰਦ ਸਮਾਜ ਦੀ ਸਿਰਜਣਾ ਲਈ ਅੱਗੇ ਆਉਣ। ਉਂਝ ਵੀ ਹੁਣ ਆਮ ਪੀੜਿਤ ਜਨਤਾ ਨੂੰ ਸਿਰਫ ਲੇਖਕਾਂ ਕੋਲੋਂ ਹੀ ਕੁਝ ਉਮੀਦਾਂ ਬਾਕੀ ਬਚੀਆਂ ਹਨ। ਮੰਤਰੀਆਂ ਦੇ ਸਮਾਗਮਾਂ ਵਿੱਚ ਤਾਂ ਸਿਆਸੀ ਅਤੇ ਚੋਣ ਪ੍ਰਚਾਰ ਹੀ ਚੱਲਦਾ ਹੈ ਪਰ ਸਾਹਿਤਿਕ ਸਮਾਗਮਾਂ ਵਿੱਚ ਲੋਕਾਂ ਦੇ ਦਰਦ ਦੀ ਗੱਲ ਵੀ ਹੁੰਦੀ ਹੈ। 

ਅੱਜ ਪੰਜਾਬ ਕਲਾ ਭਵਨ ਵਿੱਚ ਹੋਏ ਇੱਕ ਸਾਹਿਤਿਕ ਸਮਾਗਮ ਵਿੱਚ ਵੀ ਕੁਝ ਅਜਿਹਾ ਹੀ ਅਹਿਸਾਸ ਹੋਇਆ। ਇਸ ਸਮਾਗਮ ਦੀ ਪ੍ਰਧਾਨਗੀ ਇੱਕ ਅਜਿਹੀ ਸ਼ਾਇਰਾ ਡਾ. ਗੁਰਮਿੰਦਰ ਸਿੱਧੂ ਨੇ ਕੀਤੀ ਜਿਸਨੇ ਧੀਆਂ  ਦੀ ਰਾਖੀ ਦੇ ਹੋਕੇ ਨੂੰ ਦੁਨੀਆ ਭਰ ਤੱਕ ਪਹੁੰਚਾਇਆ। ਜ਼ਿਕਰਯੋਗ ਹੈ ਕਿ ਡਾਕਟਰ ਗੁਰਮਿੰਦਰ ਸਿੱਧੂ ਸਾਹਿਤ ਦੇ ਖੇਤਰ ਵਿੱਚ ਗੰਭੀਰ ਚਿੰਤਕ ਵੀ ਹਨ। ਸਮਾਗਮ ਦੇ ਸ਼ੁਰੂ ਵਿੱਚ ਉਘੀ ਸਾਹਿਤਕਾਰਾਂ ਡਾਕਟਰ ਜਸਬੀਰ ਕੇਸਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। 

ਕਿਤਾਬ ਰਿਲੀਜ਼ ਸਮਾਰੋਹ ਦੇ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਲੇਖਿਕਾ ਪਵਨ ਟਿਵਾਣਾ ਦੇ ਮਾਤਾ ਪਿਤਾ ਕੁਲਦੀਪ ਸਿੰਘ ਤੇ ਹਰਵੀਰ ਕੌਰ ਅਤੇ ਪ੍ਰਿਤਪਾਲ ਸਿੰਘ ਟਿਵਾਣਾ ਸ਼ਾਮਿਲ ਹੋਏ ਜਿਹਨਾਂ ਨੇ ਕਿਤਾਬ ਦਾ ਮੁੱਖ ਬੰਦ ਲਿਖਿਆ। ਇਸ ਮੌਕੇ ਪੰਜਾਬੀ ਲੇਖਕ ਸਭਾ ਦੇ  ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਜੇ ਕਵਿਤਾ ਦੀ ਚੇਟਕ ਹੈ ਤਾਂ ਸਾਹਿਤ ਜਗਤ ਵਾਸਤੇ ਇਹ ਇੱਕ ਮਾਣਮੱਤੀ ਪ੍ਰਾਪਤੀ ਹੈ। 

ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਮਿਆਰੀ ਕਵਿਤਾ, ਮਿਆਰੀ ਸਾਹਿਤ ਲਿਖਿਆ ਜਾਣਾ ਆਉਣ ਵਾਲੀਆਂ ਪੀੜੀਆਂ ਵਾਸਤੇ ਸ਼ੁਭ ਸੰਕੇਤ ਹੈ।

ਸਾਹਿਤ ਦੇ ਨਾਲ ਨਾਲ ਗੀਤ, ਸੰਗੀਤ ਅਤੇ ਭੰਗੜੇ ਦੇ ਮਾਹਰ ਬਲਕਾਰ ਸਿੱਧੂ ਵੀ ਸਨ ਜਿਹੜੇ ਲੋਕ ਪੱਖ ਸੰਗਠਨ ਇਪਟਾ ਨਾਲ ਵੀ ਜੁੜੇ ਹੋਏ ਹਨ। ਉਹਨਾਂ ਦਾ ਅੰਦਾਜ਼ ਵੀ ਲੇਖਕਾਂ ਨੂੰ ਸੇਧ ਦੇਣ ਵਾਲਾ ਹੁੰਦਾ ਹੈ। ਉਹਨਾਂ ਦੀਆਂ ਬਾਰੀਕੇਆਂ ਅਤੇ ਉਹਨਾਂ ਦੇ ਗੁਰ ਬੜੇ ਪਤੇ ਦੀਆਂ ਗੱਲਾਂ ਕਰਦੇ ਹਨ। 

ਇਸ ਮੌਕੇ ਲੇਖਕਾਂ ਦੇ ਨਾਲ ਨਾਲ ਪੱਤਰਕਾਰ ਵੀ ਸਰਗਰਮ ਰਹੇ। ਪੰਜਾਬੀ ਲੇਖਕ ਸਭਾ (ਰਜਿ.), ਚੰਡੀਗੜ੍ਹ ਵੱਲੋਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਉੱਭਰ ਰਹੀ ਨੌਜਵਾਨ ਕਵਿੱਤਰੀ ਪਵਨ ਟਿਵਾਣਾ ਦੇ ਪਲੇੇਠੇ ਕਾਵਿ ਸੰਗ੍ਰਹਿ ”ਰਾਤਾਂ ਦੀ ਚੁੱਪ” ਦਾ ਲੋਕ ਅਰਪਣ ਤੇ ਵਿਚਾਰ ਚਰਚਾ ਵਾਲਾ ਇਹ ਮੇਲ ਮੌਕਾ ਬਹੁਤ ਹੀ ਯਾਦਗਾਰੀ ਰਿਹਾ। ਗੰਭੀਰ ਵਿਚਾਰਾਂ ਅਤੇ ਪਰਚਿਆਂ ਤੋਂ ਬਾਅਦ ਪੱਤਰਕਾਰਾਂ ਦਾ ਕਵੀ ਦਰਬਾਰ ਵੀ ਹੋਇਆ ਜਿਹੜਾ ਕਿ ਆਪਣੇ ਆਪ ਵਿੱਚ ਬਹੁਤ ਹੀ ਦਿਲਚਸਪ ਵੀ ਸੀ ਅਤੇ ਆਮ ਰਵਾਇਤੀ ਸਮਾਗਮਾਂ ਤੋਂ ਵੱਖਰਾ ਵੀ ਸੀ।  ਇਸ ਤਰ੍ਹਾਂ 10 ਨਵੰਬਰ, 2024 (ਐਤਵਾਰ), ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਇਤਿਹਾਸਿਕ ਪਲਾਂ ਵਾਲਾ ਸੁਮੇਲ ਨਜ਼ਰ ਆਇਆ। 

ਸਮਾਗਮ ਦੀ ਮੁੱਖ ਮਹਿਮਾਨ ਵਜੋਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਦੋਹਤੀ ਪ੍ਰਸਿੱਧ ਲੋਕ ਗਾਇਕਾ ਤੇ ਸੁਨੈਨੀ ਗੁਲੇਰੀਆ ਇਸ ਸਮਾਗਮ ਵਿੱਚ ਆਕਰਸ਼ਣ ਦਾ ਖਾਸ ਕੇਂਦਰ ਰਹੀ। ਪ੍ਰਸਿੱਧ ਲੇਖਿਕਾ ਤੇ ਉੱਘੀ ਚਿੰਤਕ ਮਨਜੀਤ ਕੌਰ ਮੀਤ ਨੇ "ਰਾਤਾਂ ਦੀ ਚੁੱਪ" ਪੁਸਤਕ ਬਾਰੇ ਪਰਚਾ ਪੜ੍ਹਿਆ। ਉਹਨਾਂ ਨੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਲੇਖਕਾ ਦਾ ਕਵਿਤਾ ਦੀ ਦੁਨੀਆ ਵਿੱਚ ਸਵਾਗਤ ਹੈ।

ਇਸਦੇ ਨਾਲ ਹੀ ਸਮਾਗਮ ਵਿੱਚ ਆਪਣੀ ਸਰਗਰਮ ਮੌਜੂਦਗੀ ਦਾ ਅਹਿਸਾਸ ਕਰਾਉਂਦੇ ਰਹੇ ਰਹੇ ਉੱਘੇ ਕਵੀ, ਅਨੁਵਾਦਕ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜਿਹਨਾਂ ਨੇ ਪੰਜਾਬ ਦੇ ਪਾਣੀਆਂ ਤੇ ਪੈ ਰਹੇ ਸਾਜ਼ਿਸ਼ੀ ਡਾਕਿਆਂ ਬਾਰੇ ਆਪਣੀ ਵੀਡਿਓ, ਕਲਮ ਅਤੇ ਵਾਣੀ ਰਾਹੀਂ ਵੀ ਸਨਸਨੀਖੇਜ਼ ਖੁਲਾਸੇ ਵੀ ਕੀਤੇ ਹੋਏ ਹਨ। ਉਹਨਾਂ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਬਹੁਤ ਹੀ ਅਰਥਪੂਰਨ ਸੰਵਾਦ ਵੀ ਰਚਾਇਆ। ਮੁੱਖ ਬੁਲਾਰੇ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਲੇਖਕਾ ਤੋਂ ਬਹੁਤ ਉਮੀਦਾਂ ਹਨ ਭਾਵੇਂ ਕਿ ਅਜੇ ਉਹ ਅੱਖਰਾਂ ਨੂੰ ਦਰੁਸਤ ਕਰਨਾ ਸਿੱਖ ਰਹੀ ਹੈ। 

ਮੁੱਖ ਮਹਿਮਾਨ ਸੁਨੈਨੀ ਸ਼ਰਮਾ ਨੇ ਕਿਹਾ ਕਿ ਅਜਿਹੇ ਸਮਾਗਮ ਨਵੇਂ ਲੇਖਕਾਂ ਵਾਸਤੇ ਰਾਹ ਦਸੇਰਾ ਬਣਦੇ ਹਨ । ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਇਸ ਮਾਸੂਮ ਜਿਹੀ ਕਿਤਾਬ ਵਿੱਚ ਭੋਲ਼ੀਆ- ਭਾਲ਼ੀਆਂ ਕਵਿਤਾਵਾਂ ਲਿਖੀਆਂ ਗਈਆਂ ਹਨ। ਇਸ ਤੋਂ ਬਾਅਦ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਪੱਤਰਕਾਰਾਂ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਭਾਸ਼ਾਵਾਂ 'ਚ ਪੱਤਰਕਾਰਾਂ ਨੇ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। 

ਬਲਜਿੰਦਰ ਕੌਰ ਸ਼ੇਰਗਿਲ ਨੇ ਆਪਣੀ ਕਵਿਤਾ 'ਕਾਗਜ਼ ਤੇ ਅੱਖਰਾਂ ਦਾ ਕੀ ਮੇਲ ਹੁੰਦਾ ਹੈ'ਤਰੰਨੁਮ ਵਿੱਚ ਪੇਸ਼ ਕੀਤੀ। ਸਰਵਪ੍ਰੀਅ ਨਿਰਮੋਹੀ ਨੇ ਹਿੰਦੀ ਵਿੱਚ ਕਵਿਤਾ ਸੁਣਾਈ 'ਕੁਛ ਦਿਨੋ ਮੇ ਫਿਰ ਸੇ ਜੁਦਾ ਹੋ ਜਾਊਂਗਾ' 

ਇਸੇ ਤਰ੍ਹਾਂ ਹਰਬੰਸ ਸੋਢੀ ਨੇ ਜਜ਼ਬਾਤੀ ਰੋਂਅ ਵਿੱਚ ਮਾਂ ਨੂੰ ਸਮਰਪਿਤ ਆਪਣੀ ਕਵਿਤਾ ਕਹੀ 'ਕਿ ਤੁਮ ਆਨਾ ਜ਼ਰੂਰ'। ਇਸਨੂੰ ਬੀ ਬਹੁਤ ਸਲਾਹਿਆ ਗਿਆ। 

ਜਨਰਲ ਸਕੱਤਰ ਭੁਪਿੰਦਰ ਮਲਿਕ ਨੇ ਆਪਣੀ ਕਵਿਤਾ ਪੇਸ਼ ਕਰਦੀਆਂ ਕਿਹਾ ਕਿ 'ਹਰ ਪਾਸੇ ਪੱਸਰੀ ਚੁੱਪ ਵਿੱਚ ਵੀ ਕਹਿਰਾਂ ਦਾ ਰੌਲਾ ਹੁੰਦਾ ਏ'। 

ਹਰਦੀਪ ਵਿਰਕ ਨੇ ਕਵਿਤਾ ਸੁਣਾਈ ਕਿ'ਅੱਗ ਦੇ ਨਾਲ ਅੱਗ ਪਾਣੀ ਨਾਲ ਪਾਣੀ ਹੋਣਾ ਆਉਂਦਾ ਹੈ'।

ਇਸੀ ਤਰ੍ਹਾਂ  ਅਜੀਤ ਕੰਵਲ ਹਮਦਰਦ ਨੇ ਕਿਹਾ ਕਿ 'ਪਾਣੀ ਕਦੋਂ ਖਾਰੇ ਬਣ ਗਏ ਪਤਾ ਹੀ ਨਹੀਂ ਲੱਗਾ'  

ਪ੍ਰਦੀਪ ਸ਼ਰਮਾ ਨੇ ਆਪਣੀ ਕਵਿਤਾ ਸੁਣਾਈ ਕਿ 'ਮੈਂ ਅਦਨਾ ਸਾ ਪੱਤਰਕਾਰ ਹੂੰ' 

ਰਜਿੰਦਰ ਧਵਨ ਦੀ ਕਵਿਤਾ ਸੀ ਕਿ 'ਜ਼ਿੰਦਗੀ ਕਬ ਤੂੰ ਮੇਰੀ ਕਿਤਾਬ ਲਿਖੇਗੀ' 

ਸ਼ਾਇਰ ਭੱਟੀ ਨੇ ਸੁਣਾਇਆ ਕਿ 'ਸੁਣ ਕੇ ਰੋਵਣ ਵਾਲੀ ਗੱਲ ਕਾਹ ਤੋਂ ਜਾਂਦੇ ਹੱਸੀ ਲੋਕ'

ਪ੍ਰੇਮ ਵਿੱਜ ਨੇ ਆਪਣੀ ਕਵਿਤਾ ਜ਼ਰੀਏ ਕਿਹਾ ਕਿ 'ਆਂਖ ਮੂੰਦ ਕਰ ਕਿਸੀ ਪੇ ਭਰੋਸਾ ਮਤ ਕੀਜੀਏ'  

ਹਰਨਾਮ ਸਿੰਘ ਡੱਲਾ ਨੇ ਆਪਣੀ ਕਵਿਤਾ 'ਚ ਕਿਹਾ ਕਿ 'ਫੁੱਲ ਦੀ ਥਾਂ ਖਾਰ ਦੇ ਚਰਚੇ ਜਿਹੇ ਹੁੰਦੇ ਰਹੇ'। 

ਦੀਪਕ ਸ਼ਰਮਾ ਚਨਾਰਥਲ ਨੇ ਕਿਹਾ 'ਅੱਧਾ ਪਿੰਡ ਜ਼ਹਿਰ ਖਾ ਗਿਆ ਬਾਕੀ ਪਿੰਡ ਨੂੰ ਸ਼ਹਿਰ ਖਾ ਗਿਆ'  

ਗੁਰਜੋਧ ਕੌਰ ਨੇ ਕਿਹਾ ਕਿ 'ਉਹ ਦਿਲਬਰ ਹੈ ਦੁਸ਼ਮਣ ਨਹੀਂ ਇਹੀ ਅਲਖ ਜਗਾਉਣਾ ਚਾਹੁੰਦੇ ਹਨ'। 

ਸ਼ਬਦੀਸ਼ ਦੀ ਕਵਿਤਾ ਸੀ ਕਿ 'ਮੇਰਾ ਅੰਬਰ ਹੀ ਨੀਵਾਂ ਏ ਉੱਚੀ ਪਰਵਾਜ਼ ਕੀ ਭਰਦਾ'।  

ਜੈ ਸਿੰਘ ਛਿੱਬਰ ਨੇ ਮਾਂ ਨੂੰ ਸਮਰਪਿਤ ਬਹੁਤ ਵਧੀਆ ਕਵਿਤਾ ਸੁਣਾਈ ਕਿ 'ਮਾਂ ਹੁਣ ਆਪਣਾ ਘਰ ਵੀ ਓਪਰਾ ਲੱਗਦਾ ਏ ' 

ਪ੍ਰੀਤਮ ਰੁਪਾਲ ਨੇ ਕਿਹਾ ਕਿ ਲੇਖਕਾਂ , ਪਾਠਕਾਂ ਤੇ ਪੱਤਰਕਾਰਾਂ ਤੋਂ ਬਗੈਰ ਸਾਹਿਤ ਜਗਤ ਅਧੂਰਾ ਹੈ। 

ਇੱਕ ਹੋਰ ਪੱਤਰਕਾਰ ਸ਼ੀਨਾ ਨੇ ਕਵਿਤਾ ਸੁਣਾਈ ਕਿ 'ਸਭ ਕਹਿੰਦੇ ਨੇ ਖੁੱਲ ਕੇ ਬੋਲਣਾ ਹਿੰਮਤ ਪੈਦਾ ਕਰਦਾ'। 

ਇਸ ਮੌਕੇ ਗੁਰਮਿਦਰ ਸਿੱਧੂ ਨੇ ਕਵੀ ਦਰਬਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਸੂਖਮ ਅਹਿਸਾਸ ਹੈ ਤੇ ਉਹਨਾਂ ਨੂੰ ਇਹ ਖੁਸ਼ੀ ਹੈ ਕਿ ਪੱਤਰਕਾਰ ਭਾਈਚਾਰਾ ਵੀ ਕਵਿਤਾ ਦੇ ਓਨਾ ਹੀ ਨੇੜੇ ਹੈ ਜਿੰਨਾ ਕੋਈ ਹੋਰ ਲੇਖਕ। 

ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਪੰਜਾਬੀ ਲੇਖਕ ਸਭਾ ਅਜਿਹੇ ਵਿਲੱਖਣ ਉਪਰਾਲੇ ਕਰਦੀ ਰਹੀ ਹੈ।

ਪੁਸਤਕ ਰਿਲੀਜ਼ ਦੇ ਇਸ ਯਾਦਗਾਰੀ ਮੌਕੇ ਹਾਜ਼ਰ ਸਰੋਤਿਆਂ ਵਿੱਚ ਵਿਜੇ ਅਖਤਰ, ਹਰਮਿੰਦਰ ਕਾਲੜਾ,  ਪ੍ਰੋਫੈਸਰ ਦਿਲਬਾਗ ਸਿੰਘ, ਵਰਿੰਦਰ ਸਿੰਘ ਚੱਠਾ, ਕੇ ਐਲ ਸ਼ਰਮਾ ਮਨਪ੍ਰੀਤ ਸਿੰਘ ਟਿਵਾਣਾ, ਡਾ ਬਲਦੇਵ ਸਿੰਘ ਖਹਿਰਾ, ਲਾਭ ਸਿੰਘ ਲਹਿਲੀ, ਮਨਦੀਪ ਕੌਰ, ਇਸ਼ਪ੍ਰੀਤ ਕੌਰ, ਸੁਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਜਸਨੂਰ ਸਿੰਘ, ਪ੍ਰਭਜੋਤ ਸਿੰਘ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਅਰਸ਼ਪ੍ਰੀਤ ਕੌਰ, ਪਰਮਜੀਤ ਕੌਰ, ਹਰਬੀਰ ਕੌਰ, ਜਸਵਿੰਦਰ ਕੌਰ, ਸੁਰਿੰਦਰ ਕੌਰ, ਸੁਖਮਨ ਪ੍ਰੀਤ, ਕਮਲਜੀਤ ਸਿੰਘ ਬਨਵੈਤ, ਸੁਮੀਤ ਸਿੰਘ ਟਿਵਾਣਾ, ਪਰਮਜੀਤ ਸਿੰਘ ਟਿਵਾਣਾ, ਕੁਲਦੀਪ ਸਿੰਘ ਟਿਵਾਣਾ, ਮਲਕੀਅਤ ਬਸਰਾ, ਰਾਜਕੁਮਾਰ, ਅਵਤਾਰ ਸਿੰਘ ਚਨਾਰਥਲ ਕਲਾਂ, ਜਗਦੀਪ ਸਿੰਘ, ਭਗਵੰਤ ਸਿੰਘ, ਜਸਵਿੰਦਰ ਸਿੰਘ ਮੋਹਾਲੀ, ਸ਼ਮਸ਼ੀਲ ਸਿੰਘ ਸੋਢੀ, ਸੁਧਾ ਮਹਿਤਾ, ਦਰਸ਼ਨ ਤਿਉਣਾ, ਡਾ ਮਨਜੀਤ ਸਿੰਘ ਬੱਲ, ਸਰਸਵਤੀ ਕੁਮਾਰੀ, ਅਭੇਵੀਰ ਸਿੰਘ, ਸੰਦੀਪ ਕੌਰ, ਜੋਧਵੀਰ ਸਿੰਘ, ਮਿੰਨੀ ਸਰਕਾਰੀਆ, ਗੁਰਪ੍ਰੀਤ ਖੋਖਰ, ਸੁਰਿੰਦਰ ਪਾਲ, ਅਜੇ ਸੈਣੀ, ਰਾਕੇਸ਼, ਗੋਵਰਧਨ ਗੱਬੀ, ਸਿਮਰਜੀਤ ਕੌਰ, ਹਰਬਾਜ ਸਿੰਘ, ਜਸਪਾਲ ਸਿੰਘ, ਸੁਰਜਨ ਸਿੰਘ ਜੱਸਲ, ਸਵਰਨਜੀਤ ਮਹਿਤਾ, ਪ੍ਰੋਫੈਸਰ ਹਰਕਿਸ਼ਨ ਸਿੰਘ ਮਹਿਤਾ,ਹਰਜੀਤ ਸਿੰਘ ਅਤੇ ਬਬੀਤਾ ਸਾਗਰ ਨੇ ਸ਼ਿਰਕਤ ਕੀਤੀ।

ਉਮੀਦ ਹੀ ਨਹੀਂ ਯਕੀਨ ਕਰਨਾ ਬਣਦਾ ਹੈ ਕਿ ਲੇਖਕਾਂ ਦੀਆਂ ਤੇਜ਼ ਹੋਈਆਂ ਸਾਹਿਤਿਕ ਸਰਗਰਮੀਆਂ ਨਵੇਂ ਸਮਾਜ ਦੀ ਉਸਾਰੀ ਦੇ ਅਮਲ ਨੂੰ ਤੇਜ਼ ਕਰਨ ਵਿੱਚ ਇਤਿਹਾਸਿਕ ਯੋਗਦਾਨ ਪਾਉਣਗੀਆਂ। 

Saturday, 26 October 2024

ਕਿਸਾਨਾਂ, ਕਿਰਤੀਆਂ//ਕਾਰੀਗਰਾਂ ਨੂੰ ਜਥੇਬੰਦ ਕਰਨਾ ਲੇਖਕਾਂ ਦੀ ਜ਼ਿੰਮੇਵਾਰੀ:ਪ੍ਰੋ. ਕਾਂਚਾ ਇਲੈਆ ਸ਼ੈਫਰਡ

"ਪ੍ਰਲੇਸ" ਪੰਜਾਬ ਦੀ ਸਰਪ੍ਰਸਤੀ ਹੇਠ ਹੋਇਆ ਰਾਸ਼ਟਰੀ ਸੈਮੀਨਾਰ

'ਭਾਰਤੀ ਲੋਕਤੰਤਰ, ਸਮਾਜਿਕ ਨਿਆਂ ਅਤੇ ਸਾਹਿਤ' ਵਿਸ਼ੇ 'ਤੇ ਹੋਈ ਵਿਸਥਾਰਤ ਚਰਚਾ 


ਚੰਡੀਗੜ੍ਹ: 26 ਅਕਤੂਬਰ 2024: (ਸਾਹਿਤ ਸਕਰੀਨ ਬਿਊਰੋ)::

ਹੁਣ ਜਦੋਂ ਕਿ ਆਮ ਲੋਕਾਂ ਦੀ ਸੱਤਾ ਤੱਕ ਰਸਾਈ ਘਟਦੀ ਜਾ ਰਹੀ ਹੈ। ਕਾਤਲਾਂ ਅਤੇ ਬਲਾਤਕਾਰੀਆਂ ਨੂੰ ਰਿਹਾਈਆਂ ਦੇ  ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਰੋਟੀ, ਕੱਪੜਾ ਅਤੇ ਮਕਾਨ ਆਮ ਵਿਅਕਤੀ ਦੀ ਪਹੁੰਚ ਵਿੱਚੋਂ ਬਾਹਰ ਹੁੰਦੇ ਜਾ ਰਹੇ ਹਨ। ਸਿਆਸਤ ਜ਼ਰੂਰੀ ਕੰਮਾਂ ਨੂੰ ਛੱਡ ਕੇ ਪਰਿਵਾਰਿਕ ਹਿੱਤ ਪਾਲਣ ਵਿੱਚ ਰੁਝੀ ਹੋਈ ਹੈ। ਮੀਡੀਆ ਦਾ ਵੱਡਾ ਹਿੱਸਾ ਗੋਦੀ ਮੀਡੀਆ ਵਾਲੇ ਪਾਲੇ ਵਿੱਚ ਜਾ ਖੜੋਤਾ ਹੈ। ਸਲਮਾਨ ਖਾਨ ਅਤੇ ਲਾਰੰਸ ਬਿਸ਼ਨੋਈ ਵਰਗੇ ਬਾਹੂਬਲੀ ਸ਼ਰੇਆਮ ਮੀਡੀਆ ਵਿੱਚ ਆ ਕੇ ਇੱਕ ਦੂਜੇ ਨੂੰ ਕਤਲ ਕਰਨ ਦੀਆਂ ਧਮਕੀਆਂ ਦੇ ਰਹੇ ਹਨ। ਉਸ ਹਾਲਾਤ ਵਿੱਚ ਲੋਕ ਵਿਚਾਰੇ ਕਿੱਧਰ ਜਾਣ? ਨਾਅਰਾ ਤਾਂ ਇਹ ਵੀ ਬੜਾ ਲੁਭਾਵਣਾ ਹੈ ਕਿ ਸਰਕਾਰਾਂ ਤੋਂ ਨਾ ਝਾਕ ਕਰੋ-ਆਪਣੀ ਰਾਖੀ ਆਪ ਕਰੋ! ਪਰ ਇਹ ਸਭ ਕਿਵੇਂ ਕਰੋ?--ਇਸ ਸੁਆਲ ਦਾ ਜੁਆਬ ਨਹੀਂ ਮਿਲਦਾ। ਅਜਿਹੀ ਨਾਜ਼ੁਕ ਹਾਲਤ ਵਿੱਚ ਸਰਕਾਰਾਂ, ਪ੍ਰਸ਼ਾਸਨ, ਮੀਡੀਆ,  ਅਤੇ ਸਿਆਸੀ ਧਿਰਾਂ ਤੋਂ ਨਿਰਾਸ਼ ਹੋਏ ਲੋਕਾਂ ਲਈ ਸਿਰਫ ਲੇਖਕ ਹੀ ਆਸ ਦੀ ਕਿਰਨ ਬਣ ਕੇ ਉਭਰੇ ਹਨ। ਚੰਡੀਗੜ੍ਹ ਦੇ ਕਲਾ ਭਵਨ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਸੈਮੀਨਾਰ ਮੌਕੇ ਕੁਝ ਇਹੀ ਇਸ਼ਾਰੇ ਸਾਹਮਣੇ ਆਉਂਦੇ ਪ੍ਰਤੀਤ ਹੋਏ ਹਨ। 

ਮੰਚ ਵੀ ਕੁਝ ਅਜਿਹਾ ਹੀ  ਅਤੇ ਸਰੋਤਿਆਂ ਦਾ ਭਰਿਆ ਹਾਲ ਵੀ। ਧਰਮ ਨਿਰਪੱਖ-ਸੰਪਰਦਾਇਕ ਪ੍ਰਵਚਨ ਸਿਰਜਣਸ਼ੀਲ ਅਵਾਮ ਨੂੰ ਇਹ ਯਕੀਨ ਨਹੀਂ ਦਿਵਾਉਂਦਾ ਕਿ ਉਹ ਭਾਰਤੀ ਲੋਕਤੰਤਰ ਦੇ ਮੋਹਰੀ ਹਨ। ਨਵੇਂ ਦਲਿਤ ਕਬਾਇਲੀ ਸਾਹਿਤ ਦੇ ਪ੍ਰਸੰਗ ਵਿਚ ਸ਼ੂਦਰ ਇਤਿਹਾਸ ਨੂੰ ਨਵੀਨ ਸਰੋਕਾਰਾਂ ਸਮੇਤ ਮੁੜ ਲਿਖਣਾ ਵੀ ਬਹੁਤ ਜ਼ਰੂਰੀ ਹੈ। ਲੇਖਕਾਂ ਦੀ ਭੂਮਿਕਾ ਕਿਸਾਨ, ਕਿਰਤੀ ਅਤੇ ਸ਼ਿਲਪੀ ਜਨਤਾ ਨੂੰ ਮੁੜ ਸੰਗਠਿਤ ਕਰਨਾ ਹੈ। ਇਹ ਵਿਚਾਰ ਉੱਘੇ ਲੇਖਕ ਤੇ ਚਿੰਤਕ ਪ੍ਰੋ. ਕਾਂਚਾ ਇਲੈਆ ਸ਼ੈਫਰਡ  ਨੇ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਪੰਜਾਬ ਰਾਜ ਇਕਾਈ ਵੱਲੋਂ ਕਲਾ ਭਵਨ, ਚੰਡੀਗੜ ਵਿਖੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ  ‘ਭਾਰਤੀ ਲੋਕਤੰਤਰ, ਸਮਾਜਿਕ ਨਿਆਂ ਅਤੇ ਸਾਹਿਤ’ ਵਿਸ਼ੇ ‘ਤੇ ਕਰਵਾਏ ਗਏ ਕੌਮੀ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੁੰਦਿਆਂ ਕਹੀ। 

 ਇਸ ਮੌਕੇ ਸੰਸਾਰ ਭਰ ਦੇ ਲੇਖਕਾਂ ਨੂੰ ਬਿਨਾ ਦੇਰੀ ਖੁਦ ਅੱਗੇ ਆਉਣ ਦਾ ਇੱਕ ਖਾਸ ਸੱਦਾ ਵੀ ਦਿੱਤਾ ਗਿਆ ਸੀ। ਸੈਮੀਨਾਰ ਦੀ ਸ਼ੁਰੂਆਤ ਵਿੱਚ ਸਾਰੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਸੁਆਗਤ ਕਰਨ ਤੋਂ ਬਾਅਦ "ਪ੍ਰਲੇਸ" ਦੇ ਰਾਸ਼ਟਰੀ ਪ੍ਰਧਾਨ ਪੀ. ਲਕਸ਼ਮੀਨਾਰਾਇਣ ਨੇ ਸੈਮੀਨਾਰ ਦੀ ਰੂਪ-ਰੇਖਾ ਸਪਸ਼ਟ ਕਰਦੇ ਹੋਏ ਕਿਹਾ ਕਿ ਅੱਜ ਗਰੀਬੀ, ਬੇਰੁਜ਼ਗਾਰੀ ਅਤੇ ਫਿਰਕਾਪ੍ਰਸਤੀ ਦੇ ਮੁੱਦੇ ਸਾਡੇ ਸਾਹਮਣੇ ਖੜ੍ਹੇ ਹਨ। ਇਸ ਲਈ ਲੇਖਕਾਂ ਨੂੰ ਵਿਸ਼ਵ ਪੱਧਰ 'ਤੇ ਆਮ ਲੋਕਾਂ ਤੱਕ ਪਹੁੰਚਣ ਦੀ ਲੋੜ ਹੈ। 

ਇਸ ਸੈਮੀਨਾਰ ਮੌਕੇ ਆਪਣੇ ਸੰਬੋਧਨ ਵਿੱਚ ਸੀਨੀਅਰ ਲੇਖਕ-ਪੱਤਰਕਾਰ ਉਰਮਿਲੇਸ਼ ਨੇ ਕਿਹਾ ਕਿ ਭਾਵੇਂ ਬਰਾਬਰੀ ਅਤੇ ਸਮਾਜਿਕ ਨਿਆਂ ਦੇ ਵਿਚਾਰ ਸਾਡੇ ਸਮਾਜ ਅਤੇ ਸਾਹਿਤ ਵਿੱਚ ਲੰਮੇ ਸਮੇਂ ਤੋਂ ਮੌਜੂਦ ਹਨ, ਪਰ ਫਿਰ ਵੀ ਇਸ ਸਬੰਧ ਵਿੱਚ ਅੱਜ ਦੀ ਸਥਿਤੀ ਸਭ ਲਈ ਚਿੰਤਾਜਨਕ ਹੈ। ਸਾਨੂੰ ਇਹ ਸਥਿਤੀ ਗੰਭੀਰ ਆਤਮ ਨਿਰੀਖਣ, ਆਤਮ ਨਿਰੀਖਣ ਅਤੇ ਸਵੈ- ਪੜਚੋਲ ਦੀ ਮੰਗ ਕਰਦੀ ਹੈ। 

ਇਸ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉੱਘੀ ਲੇਖਿਕਾ, ਚਿੰਤਕ ਅਤੇ ਮਨੁੱਖੀ ਅਧਿਕਾਰ ਕਾਰਕੁਨ ਡਾ: ਸਈਦਾ ਹਮੀਦ ਨੇ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ: ਸਈਦਾ ਹਮੀਦ ਨੇ ਆਪਣੇ ਨਿੱਜੀ ਪ੍ਰਸੰਗਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਦੀ ਪੀੜ੍ਹੀ ਨੂੰ ਤਿੰਨ ਝਟਕੇ ਲੱਗੇ, ਸਿਰਫ਼ ਮੁਸਲਮਾਨਾਂ ਨੂੰ ਹੀ ਨਹੀਂ ਸਗੋਂ ਉਨ੍ਹਾਂ ਸਾਰੇ ਭਾਰਤੀਆਂ ਨੂੰ ਲੱਗੇ ਜੋ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਨ। ਪਹਿਲਾ ਝਟਕਾ ਬਾਬਰੀ ਮਸਜਿਦ ਦੀ ਸ਼ਹਾਦਤ ਦਾ ਸੀ। ਦੂਜਾ ਝਟਕਾ 2002 ਵਿੱਚ ਗੁਜਰਾਤ ਵਿੱਚ ਲੱਗਾ। ਤੀਜਾ ਝਟਕਾ ਇੱਕ ਅਜਿਹੀ ਪਾਰਟੀ ਦੀ ਵੱਡੇ ਪੱਧਰ 'ਤੇ ਵਾਪਸੀ ਸੀ ਜਿਸ ਨੇ ਭਾਰਤ ਨੂੰ ਇੱਕ ਧਰਮ ਅਧਾਰਿਤ ਹਿੰਦੂ ਰਾਜ ਬਣਾਉਣ ਦੇ ਵਾਅਦੇ 'ਤੇ ਚੋਣਾਂ ਜਿੱਤੀਆਂ ਸਨ ਅਤੇ ਘੱਟ ਗਿਣਤੀਆਂ ਨੂੰ ਰਾਜਨੀਤੀ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਾ ਦਿੱਤਾ ਸੀ। 

ਸੈਮੀਨਾਰ ਦੇ ਇਸ ਉਦਘਾਟਨੀ ਸੈਸ਼ਨ ਦਾ ਸੰਚਾਲਨ "ਪ੍ਰਲੇਸ" ਦੇ ਕੌਮੀ ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਸਿਰਸਾ ਨੇ ਕੀਤਾ ਅਤੇ "ਪ੍ਰਲੇਸ" ਪੰਜਾਬ ਇਕਾਈ ਦੇ ਪ੍ਰਧਾਨ ਸੁਰਜੀਤ ਜੱਜ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।  'ਭਾਰਤੀ ਲੋਕਤੰਤਰ ਸਾਹਮਣੇ ਚੁਣੌਤੀਆਂ' ਵਿਸ਼ੇ 'ਤੇ ਕਰਵਾਏ ਗਏ ਪਹਿਲੇ ਸੈਸ਼ਨ ਵਿੱਚ ਪ੍ਰਲੇਸ ਦੇ ਕਾਰਜਕਾਰੀ ਪ੍ਰਧਾਨ ਵਿਭੂਤੀ ਨਰਾਇਣ ਰਾਏ, ਵਰਿੰਦਰ ਯਾਦਵ, ਹੇਤੂ ਭਾਰਦਵਾਜ ਅਤੇ ਡਾ: ਆਰਤੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਲੇਖਕਾਂ ਨੂੰ ਮੌਜੂਦਾ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਸੋਚਣ ਦਾ ਸੱਦਾ ਦਿੱਤਾ।  ਇਸ ਸੈਸ਼ਨ ਦਾ ਸੰਚਾਲਨ ਡਾ: ਸਵਰਾਜਬੀਰ ਨੇ ਕੀਤਾ। 

‘ਸਮਾਜਿਕ ਪਰਿਵਰਤਨ ਅਤੇ ਸਾਹਿਤ ਦੀਆਂ ਦਿਸ਼ਾਵਾਂ’ ਵਿਸ਼ੇ ’ਤੇ ਆਧਾਰਿਤ ਤੀਜੇ ਸੈਸ਼ਨ ਵਿੱਚ ਰਣੇਂਦਰ, ਆਸ਼ੀਸ਼ ਤ੍ਰਿਪਾਠੀ, ਸਾਰਿਕਾ ਸ੍ਰੀ ਵਾਸਤਵ ਅਤੇ ਵਿਨੀਤ ਤਿਵਾੜੀ ਨੇ ਆਪਣੇ ਲੈਕਚਰ ਪੇਸ਼ ਕੀਤੇ ਅਤੇ ਸਾਹਿਤ ਵਿੱਚ ਉਨ੍ਹਾਂ ਦੀਆਂ ਵਿਗਾੜਾਂ ਨੂੰ ਰੇਖਾਂਕਿਤ ਕਰਕੇ, ਨਵ-ਬਸਤੀਵਾਦ ਅਤੇ ਨਵ ਉਦਾਰਵਾਦ ਦੇ ਸੰਦਰਭਾਂ ਨੂੰ ਸਮਝਦਿਆਂ ਆਮ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਸੈਸ਼ਨ ਦਾ ਸੰਚਾਲਨ ਡਾ.ਕੁਲਦੀਪ ਸਿੰਘ ਦੀਪ ਨੇ ਕੀਤਾ। 

ਆਖਰੀ ਸੈਸ਼ਨ ਵਿਚ ਖਾਲਿਦ ਹੁਸੈਨ, ਡਾ: ਵੰਦਨਾ ਚੌਬੇ, ਡਾ: ਕੁਸੁਮ ਮਾਧੁਰੀ ਟੋਪੋ ਅਤੇ ਰਾਕੇਸ਼ ਵਾਨਖੇੜੇ ਨੇ 'ਪਛਾਣ ਦੀ ਰਾਜਨੀਤੀ ਅਤੇ ਸਾਹਿਤ' ਵਿਸ਼ੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸੈਸ਼ਨ ਦਾ ਸੰਚਾਲਨ ਡਾ: ਹਰਵਿੰਦਰ ਸਿੰਘ ਸਿਰਸਾ ਨੇ ਕੀਤਾ। ਸੈਮੀਨਾਰ ਦੇ ਅੰਤ ਵਿੱਚ ਜਸਪਾਲ ਮਾਨਖੇੜਾ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸੈਮੀਨਾਰ ਵਿੱਚ ਪਰਵਾਸੀ ਸਾਹਿਤਕਾਰ ਸੁਰਿੰਦਰ ਗੀਤ ਅਤੇ ਪਰਮਿੰਦਰ ਸਵੈਚ, ਐਡਵੋਕੇਟ ਰਾਜਿੰਦਰ ਸਿੰਘ ਚੀਮਾ, ਹਰੀਸ਼ ਪੁਰੀ, ਗੁਰਦੇਵ ਸਿੰਘ ਸਿੱਧੂ, ਸੁਰਿੰਦਰ ਗਿੱਲ, ਜੰਗ ਬਹਾਦਰ ਗੋਇਲ ਵੀ ਸ਼ਾਮਿਲ ਹੋਏ।

ਮੌਜੂਦਾ ਸਮੇਂ ਦੀਆਂ ਚੁਣੌਤੀਆਂ ਸੰਬੰਧੀ ਇਹ ਸੈਮੀਨਾਰ ਇੱਕ ਚੇਤਨਾ ਵੀ ਜਗਾ ਰਿਹਾ ਸੀ ਅਤੇ ਮਾਰਗ ਦਰਸ਼ਨ ਵੀ ਕਰ ਰਿਹਾ ਸੀ। ਇਸ ਮੌਕੇ ਚਰਚਾ ਵਿੱਚ ਆਏ ਮੁੱਦੇ ਨਿਸਚੇ ਹੀ ਇੱਕ ਦ੍ਰਿੜ ਸੋਚ ਵੀ ਪੈਦਾ ਕਰਨਗੇ ਅਤੇ ਲੋਕ ਪੱਖੀ ਸੰਘਰਸ਼ ਨਵੀਂ ਤੇਜ਼ੀ ਨਾਲ ਅੱਗੇ ਵਧਣਗੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਪ੍ਰੋਫੈਸਰ ਕੇਵਲਜੀਤ ਸਿੰਘ ਕੰਵਲ ਦੀ ਪੰਜਵੀਂ ਪੁਸਤਕ ਲੋਕ ਅਰਪਣ

 Saturday 26th October 2024 at 19:21 WhatsApp

ਸਮਾਗਮ ਵਿੱਚ ਸਾਹਿਤ ਦੇ ਗੁਰਾਂ ਅਤੇ ਬਾਰੀਕੀਆਂ ਬਾਰੇ ਵੀ ਗੱਲ ਹੋਈ  


ਚੰਡੀਗੜ੍ਹ: 26 ਅਕਤੂਬਰ, 2024: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

 ਉਂਝ ਤਾਂ ਚੰਡੀਗੜ੍ਹ ਵਿੱਚ ਅੱਜ ਵੀ ਕਈ ਰੁਝੇਵੇਂ ਸਨ। ਸਭ ਤੋਂ ਵੱਡਾ ਸਾਹਿਤਿਕ ਆਯੋਜਨ ਪੰਜਾਬ ਕਲਾ ਭਵਨ ਵਿੱਚ ਇੱਕ ਕੁੰਭ ਵਾਂਗ ਜੁੜਿਆ ਹੋਇਆ ਸੀ।  ਲੋਕਾਂ ਨਾਲ ਜੁੜੇ ਹੋਏ ਲੇਖਕ ਦੂਰ ਦੁਰਾਡਿਓਂ ਪੁੱਜੇ ਹੋਏ ਸਨ। ਕੌਮੀ ਪੱਧਰ ਦਾ ਇਹ ਪ੍ਰੋਗਰਾਮ ਮੌਜੂਦਾ ਹਾਲਾਤ ਦੀਆਂ ਚੁਣੌਤੀਆਂ ਅਤੇ ਇਹਨਾਂ ਦਾ ਸਾਹਮਣਾ ਕਰਨ ਲਈ ਹੋ ਰਹੇ ਉਪਰਾਲਿਆਂ ਬਾਰੇ ਬੜੀਆਂ ਪਤੇ ਦੀਆਂ ਗੱਲਾਂ ਕਰਦਾ ਸੀ। ਇਸਦੀ ਰਿਪੋਰਟ ਵੱਖਰੇ ਤੌਰ 'ਤੇ ਦਿੱਤੀ ਜਾ ਰਹੀ ਹੈ। 

ਇਸ ਸਮਾਗਮ ਤੋਂ ਇਲਾਵਾ ਇੱਕ ਹੋਰ ਸਾਹਿਤਕ ਆਯੋਜਨ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿਚਲੀ ਲਾਇਬ੍ਰੇਰੀ ਵਿੱਚ ਵੀ ਰੱਖਿਆ ਗਿਆ ਸੀ। ਜੇਕਰ ਇਹ ਸਮਾਗਮ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਪ੍ਰੋਗਰਾਮ ਤੋਂ ਇੱਕ ਦਿਨ ਅੱਗੇ ਪਿਛੇ ਰੱਖਿਆ ਜਾਂਦਾ ਤਾਂ ਜ਼ਿਆਦਾ ਚੰਗਾ ਹੁੰਦਾ। ਇਸਦੇ ਬਾਵਜੂਦ ਕੁਝ ਸਾਹਿਤ ਰਸੀਏ ਇਸ ਸਮਾਗਮ ਵਿਚ ਵੀ ਪੁੱਜੇ ਹੋਏ ਸਨ। ਇਸ ਸਮਾਗਮ ਵਿੱਚ ਪ੍ਰੋਫੈਸਰ ਕੇਵਲਜੀਤ ਸਿੰਘ ਕੰਵਲ ਦੀ ਪੰਜਵੀ ਪੁਸਤਕ ਰਿਲੀਜ਼ ਕੀਤੀ ਗਈ ਸੀ। 

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਵੱਲੋਂ ਟੀ.ਐਸ. ਸੈਂਟਰਲ ਸਟੇਟ ਲਾਇਬਰੇਰੀ ਸੈਕਟਰ-17 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਕਵੀ ਕੇਵਲਜੀਤ ਸਿੰਘ ਕੰਵਲ ਦੇ ਕਾਵਿ-ਸੰਗ੍ਰਹਿ ‘ਵਜ਼ੂਦ ਜ਼ਿੰਦਗੀ ਦਾ’ ਦਾ ਲੋਕ ਅਰਪਣ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਜਸਪਾਲ ਸਿੰਘ ਦੇਸੂਵੀ ਨੇ ਕੀਤੀ ਜਦ ਕਿ ਪ੍ਰਧਾਨਗੀ ਮੰਡਲ ਵਿੱਚ ਮਨਮੋਹਨ ਸਿੰਘ ਦਾਊਂ, ਗੁਰਦਰਸ਼ਨ ਸਿੰਘ ਮਾਵੀ, ਪ੍ਰਿੰ. ਬਹਾਦਰ ਸਿੰਘ ਗੋਸਲ, ਡਾ. ਰਜਿੰਦਰ ਰੇਨੂੰ ਅਤੇ ਪੁਸਤਕ ਦੇ ਲੇਖਕ ਕੇਵਲਜੀਤ ਸਿੰਘ ਕੰਵਲ ਸ਼ਾਮਲ ਹੋਏ। ਮੰਚ ਬਾਰੇ ਜਾਣ-ਪਛਾਣ ਅਤੇ ਸੰਚਾਲਨ ਭਗਤ ਰਾਮ ਰੰਗਾੜਾ ਨੇ ਕੀਤਾ। ਸਰੋਤਿਆਂ ਵਿੱਚ ਸਾਹਿਤ ਰਸੀਏ, ਸ਼ਾਇਰ ਅਤੇ ਸਾਹਿਤਿਕ ਪੱਤਰਕਾਰੀ ਵਿੱਚ ਰੂਚੀ ਰੱਖਣ ਵਾਲੇ ਵੀ ਮੌਜੂਦ ਸਨ। ਭਗਤ ਰਾਮ ਰੰਗਾੜਾ ਹੁਰਾਂ ਦਾ ਸੰਬੋਧਨ ਸਭਨਾਂ ਨੂੰ ਮੰਚ ਨਾਲ ਜੋੜ ਰਿਹਾ ਸੀ। 

ਸਮਾਗਮ ਦੀ ਅਰੰਭਤਾ ਸੁਰਜੀਤ ਸਿੰਘ ਧੀਰ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਪੁਸਤਕ ਲੋਕ ਅਰਪਣ ਰਸਮ ਤੋਂ ਬਾਅਦ ਰਜਿੰਦਰ ਸਿੰਘ ਧੀਮਾਨ ਨੇ ਪੁਸਤਕ ਤੇ ਆਪਣਾ ਵਿਸਥਾਰ ਪੂਰਵਕ ਪਰਚਾ ਪੜ੍ਹਿਆ। ਦੀਪਕ ਸ਼ਰਮਾ ਚਨਾਰਥਲ ਅਤੇ ਰਾਜੀਵ ਗਰੋਵਰ ਫਿਰੋਜ਼ਪੁਰ ਜੋ ਕਿਸੇ ਕਾਰਨ ਕਰਕੇ ਹਾਜ਼ਰ ਨਹੀਂ ਹੋ ਸਕੇ ਵੱਲੋਂ ਭੇਜੇ ਗਏ ਪਰਚੇ ਮੰਚ ਸਕੱਤਰ ਰੰਗਾੜਾ ਵੱਲੋਂ ਪੜ੍ਹੇ ਗਏ। ਰੰਗਾੜਾ  ਅੰਦਾਜ਼ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਸਾਹਿਤਿਕ  ਬਣਾ ਰਿਹਾ ਸੀ। 

ਪੁਸਤਕ ਨਾਲ ਪੜ੍ਹੇ ਗਏ ਪਰਚਿਆਂ ਤੋਂ ਬਾਅਦ ਗੁਰਦਰਸ਼ਨ ਸਿੰਘ ਮਾਵੀ, ਬਹਾਦਰ ਸਿੰਘ ਗੋਸਲ, ਪਾਲ ਅਜਨਬੀ, ਬਾਬੂ ਰਾਮ ਦੀਵਾਨਾ ਅਤੇ ਡਾ. ਰਜਿੰਦਰ ਰੇਨੂੰ ਨੇ ਪੁਸਤਕ ਤੇ ਆਪਣੇ ਵਿਚਾਰ ਪੇਸ਼ ਕੀਤੇ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਇਸ ਨੂੰ ਇੱਕ ਮਿਆਰੀ ਪੁਸਤਕ ਦੱਸਿਆ ਅਤੇ ਆਪਣੀ ਇੱਕ ਸਮਾਜਿਕ ਨਜ਼ਮ ਸੁਣਾਈ। ਜਸਪਾਲ ਸਿੰਘ ਦੇਸੂਵੀ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਪੁਸਤਕ ਜੀਵਨ ਦੇ ਨਿੱਜੀ, ਪਰਿਵਾਰਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਵਰਤਾਰਿਆਂ ਬਾਰੇ ਬਰੀਕੀ ਨਾਲ ਵਿਅੰਗ ਕਰਦੇ ਹੋਏ ਬਿਆਨ ਕਰਦੀ ਹੈ ਅਤੇ ਲੇਖਕ ਦੇ ਮਨੁੱਖਤਾ ਦੇ ਭਵਿੱਖ ਬਾਰੇ ਫ਼ਿਕਰਾਂ ਬਾਰੇ ਖੁਲਾਸਾ ਕਰਦੀ ਹੈ। ਉਨ੍ਹਾਂ ਨੇ ਲੇਖਕ ਨੂੰ ਉਨ੍ਹਾਂ ਦੀ ਘਾਲਣਾ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ। ਰੰਗਾੜਾ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਕਿ ਬਹੁਤ ਵਧੀਆ ਪੁਸਤਕ ਹੈ ਜੋ ਘਰਾਂ ਅਤੇ ਲਾਇਬਰੇਰੀਆਂ ਵਿੱਚ ਸਾਂਭਣਯੋਗ ਹੈ। 

ਲੇਖਕ ਨੇ ਕਿਹਾ ਕਿ ਉਸ ਨੇ ਆਪਣੇ ਜੀਵਨ ਦੀ ਹਰ ਹਕੀਕਤ ਨੂੰ ਹੂ-ਬ-ਹੂ ਪੁਸਤਕ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਉਹ ਸੱਚ ਕਿੰਨਾ ਵੀ ਕੌੜਾ ਕਿਉਂ ਨਾ ਹੋਵੇ। ਮੰਚ ਵੱਲੋਂ ਲੇਖਕ ਨੂੰ ਸਿਰਪਾਓ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ। 

ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਬਲਵਿੰਦਰ ਸਿੰਘ ਢਿੱਲੋਂ, ਪਿਆਰਾ ਸਿੰਘ ਰਾਹੀ, ਪ੍ਰਤਾਪ ਪਾਰਸ ਗੁਰਦਾਸਪੁਰੀ, ਦਰਸ਼ਨ ਤਿਊਣਾ, ਜਗਤਾਰ ਸਿੰਘ ਜੋਗ, ਮਿੱਕੀ ਪਾਸੀ, ਮੰਦਰ ਗਿੱਲ, ਡਾ. ਮਨਜੀਤ ਸਿੰਘ ਬੱਲ, ਪਾਲ ਅਜਨਬੀ ਅਤੇ ਗੁਰਮਾਨ ਸੈਣੀ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਰੰਗ ਬਿਖੇਰਿਆ। ਲੇਖਕ ਦੇ ਪਰਿਵਾਰ, ਰਾਜ ਕੁਮਾਰ ਸਾਹੋਵਾਲੀਆ, ਰਾਜਵਿੰਦਰ ਸਿੰਘ ਗੱਡੂ, ਹਰਵਿੰਦਰ ਕੌਰ, ਦਿਲਬਾਗ ਸਿੰਘ, ਨਵਨੀਤ ਭੁੱਲਰ, ਬਲਦੇਵ ਸਿੰਘ ਬਿੰਦਰਾ, ਕੁਲਵਿੰਦਰ ਕੌਰ, ਵੈਸ਼ਾਲੀ, ਸਰਬਜੀਤ ਸਿੰਘ, ਗੁਰਮੇਲ ਸਿੰਘ, ਰਾਜਿੰਦਰ ਕੌਰ, ਸੁਨੀਤਾ ਮਦਾਨ, ਹਰਮਿੰਦਰ ਕਾਲੜਾ, ਪਾਲ ਅਜਨਬੀ, ਅਤੇ ਰੰਜਨਾ ਅਗਰਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

ਅੰਤ ਵਿੱਚ ਨੈਸ਼ਨਲ ਐਵਾਰਡੀ ਬਲਕਾਰ ਸਿੰਘ ਸਿੱਧੂ ਮੰਚ ਕੋਆਰਡੀਨੇਟਰ ਨੇ ਜਿੱਥੇ ਸਭ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਲੇਖਕ ਦੀ ਪੁਸਤਕ ਵਿੱਚੋਂ ਹੀ ਇੱਕ ਨਜ਼ਮ ਵੀ ਪੜ੍ਹ ਕੇ ਸੁਣਾਈ। ਸਿੱਧੂ ਸਾਹਿਬ ਦਾ ਅੰਦਾਜ਼ ਇਸ ਗੱਲ ਦੀ ਜਾਚ ਸਿਖਾਉਣ ਵਾਲਾ ਵੀ ਸੀ ਕਿ ਜੇਕਰ ਨਜ਼ਮ ਨੂੰ ਸੁਚੱਜੇ ਅੰਦਾਜ਼ ਨਾਲ ਪੜ੍ਹਿਆ ਜਾਏ ਤਾਂ ਉਸਦਾ ਅਸਰ ਵੀ ਕਮਾਲ ਦਾ ਹੁੰਦਾ ਹੈ। ਇਹ ਸੱਚਮੁੱਚ ਇੱਕ ਸਮਝਣ ਵਾਲੀ ਡੂੰਘੀ ਗੱਲ ਸੀ ਕਿ ਨਜ਼ਮ ਵਿੱਚ ਲੁੱਕੇ ਹੋਏ ਰਿਦਮ ਅਤੇ ਸੰਗੀਤ ਨੂੰ ਸਮਝਣ ਵਾਲਾ ਹੀ ਉਸਨੂੰ ਉਸ ਅੰਦਾਜ਼ ਨਾਲ ਪੇਸ਼ ਕਰ ਸਕਦਾ ਹੈ ਜਿਸ ਦਾ ਅਸਰ ਸਰੋਤਿਆਂ ਦੇ ਸਿੱਧਾ ਦਿਲ ਵਿੱਚ ਉਤਰ ਜਾਏ। 

ਇਸ ਸਮਾਗਮ ਦੀ ਇੱਕ ਹੋਰ ਪ੍ਰਾਪਤੀ ਇਹ ਵੀ ਸੀ ਕਿ ਜਿੱਥੇ ਨਿੱਕੀ ਉਮਰ ਵਾਲੇ ਸ਼ਾਇਰ  ਮਿੱਕੀ ਪਾਸੀ ਪ੍ਰੋਗਰਾਮ ਦੇ ਅਖੀਰ ਤੱਕ  ਮੌਜੂਦ ਰਹੇ। ਰਸਮੀ ਪ੍ਰੋਗਰਾਮ ਦੇ ਮੁੱਕ ਜਾਣ ਮਗਰੋਂ ਅਖੀਰ ਵਿੱਚ ਚਾਹਪਾਣੀ ਦੇ ਦੌਰ ਸਮੇਂ ਵੀ ਸਾਹਿਤ ਨਾਲ ਸਬੰਧਤ ਗੱਲਾਂ ਚੱਲਦੀਆਂ ਰਹੀਆਂ। ਮੌਜੂਦਾ ਦੌਰ ਦੀਆਂ ਚੁਣੌਤੀਆਂ ਬਾਰੇ ਵੀ ਚਰਚਾ ਹੋਈ।  

ਹਿੰਦੀ ਸਾਹਿਤ ਰਚਨਾ ਅਤੇ ਸਿਰਜਣਾ ਨਾਲ ਪ੍ਰੇਮ ਕਰਨ ਵਾਲੇ ਪਾਲ ਅਜਨਬੀ ਵੀ ਸਾਹਿਤਿਕ ਏਕਤਾ ਅਤੇ ਭਾਸ਼ਾਈ ਏਕਤਾ ਦੀਆਂ ਗੱਲਾਂ ਕਰਦੇ ਹੋਏ ਫੁੱਟ ਪਾਊ ਰੂਝਾਨਾਂ ਵਾਲੀ ਸਿਆਸਤ ਦੀ ਨਿਖੇਧੀ ਕਰਦੇ ਰਹੇ। ਉਹਨਾਂ ਕਿਹਾ ਕਿ ਕਲਮਕਾਰਾਂ ਨੂੰ ਹਰ ਉਸ ਗੱਲ ਦਾ  ਵਿਰੋਧ ਕਰਨਾ ਚਾਹੀਦਾ ਹੈ ਜਿਹੜੇ ਭਰਾ ਨੂੰ ਭਰਾ ਨਾਲ ਆਪਸ ਵਿੱਚ ਲੜਾਊਂ ਵਾਲੀ ਕੋਈ ਸਾਜ਼ਿਸ਼ ਰਚਦੀ ਹੋਵੇ। ਸਾਹਿਤ ਦੀ ਸ਼ਕਤੀ ਸਿਰਜਣਾ, ਸ਼ਾਂਤੀ ਏਕਤਾ ਲਈ ਵਰਤਣੀ ਜਾਣੀ ਚਾਹੀਦੀ ਹੈ। 

ਕੁਲ ਮਿਲਾ ਕੇ ਇਹ ਸਮਾਗਮ ਕਾਫੀ ਯਾਦਗਾਰੀ ਰਿਹਾ। ਚੰਡੀਗੜ੍ਹ ਦੀ ਇਹ ਸੈਂਟਰਲ ਲਾਇਬ੍ਰੇਰੀ ਵੀ ਸਾਹਿਤਿਕ ਆਯੋਜਨਾਂ ਦੇ ਕੁੰਭ ਕੇਂਦਰ ਵਾਂਗ ਉਭਰਦੀ ਮਹਿਸੂਸ ਹੋ ਰਹੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, 15 October 2024

ਭਾਸ਼ਾ ਵਿਭਾਗ ਵੱਲੋਂ ਸਾਲ 2022 ਦਾ 'ਡਾ. ਅਤਰ ਸਿੰਘ ਪੁਰਸਕਾਰ' ਡਾ. ਮਨਜੀਤ ਕੌਰ ਆਜ਼ਾਦ ਨੂੰ

Press Note//15th October 2024 at 14:56 WhatsApp//Harmeet Vidyarthi//Ferozepur//Language Department News

ਪੁਸਤਕ 'ਵਿਸ਼ਵ ਸੱਭਿਆਚਾਰ ਬਨਾਮ ਸਥਾਨਕ ਸੱਭਿਆਚਾਰ' ਲਈ ਐਲਾਨਿਆ 


ਫ਼ਿਰੋਜ਼ਪੁਰ
: 15 ਅਕਤੂਬਰ 2024: (ਹਰਮੀਤ ਵਿਦਿਆਰਥੀ//ਸਾਹਿਤ ਸਕਰੀਨ)::

ਫਿਰੋਜ਼ਪੁਰ ਸ਼ਹਿਰ ਲਈ ਵੱਡੇ ਮਾਣ ਦੀ ਗੱਲ ਹੈ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਐਲਾਨੇ ਗਏ ਸਰਵੋਤਮ ਪੁਰਸਕਾਰਾਂ ਵਿੱਚੋਂ ਸਾਲ 2022 ਦਾ ਆਲੋਚਨਾ ਦਾ ਵਕਾਰੀ ਪੁਰਸਕਾਰ 'ਡਾ. ਅਤਰ ਸਿੰਘ ਪੁਰਸਕਾਰ' ਡਾ. ਮਨਜੀਤ ਕੌਰ ਆਜ਼ਾਦ ਦੀ ਪੁਸਤਕ 'ਵਿਸ਼ਵ ਸੱਭਿਆਚਾਰ ਬਨਾਮ ਸਥਾਨਕ ਸੱਭਿਆਚਾਰ' ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਪੁਸਤਕ ਵਿੱਚ ਡਾ. ਮਨਜੀਤ ਕੌਰ ਆਜ਼ਾਦ ਵੱਲੋਂ ਵਿਸ਼ਵੀਕਰਨ ਦੇ ਮਾਨਵੀ ਜ਼ਿੰਦਗੀ ਦੇ ਵਿਭਿੰਨ ਪੱਖਾਂ ਤੇ ਪਏ ਪ੍ਰਭਾਵਾਂ ਸਦਕਾ ਪਣਪ ਰਹੇ ਨਵ ਵਿਸ਼ਵ ਸੱਭਿਆਚਾਰ ਬਾਬਤ ਬਾਰੀਕ ਅਤੇ ਨਿੱਗਰ ਚਰਚਾ ਕੀਤੀ ਗਈ ਹੈ। 

ਇਸ ਪੁਸਤਕ ਦੀ ਇਹ ਵੀ ਪ੍ਰਾਪਤੀ ਹੈ ਕਿ ਇਸ ਵਿਚ ਲੇਖਿਕਾ ਨੇ  ਵਿਸ਼ਵ ਸੱਭਿਆਚਾਰ ਦੀ ਨਿਰਮਾਣ ਪ੍ਰਕਿਰਿਆ (ਜੋ ਕਿ ਪੰਜਾਬੀ ਸਾਹਿਤ ਵਿੱਚ ਇੱਕ ਨਿਵੇਕਲਾ ਕਾਰਜ ਹੈ) ਬਾਰੇ ਗਹਿਰ ਗੰਭੀਰ ਚਰਚਾ ਕਰਦਿਆਂ ਬੜੀ ਸਪਸ਼ਟਤਾ ਨਾਲ ਸਥਾਨਕ ਸੱਭਿਆਚਾਰਾਂ ਨੂੰ ਦਰਪੇਸ਼ ਚੁਣੌਤੀਆਂ, ਸੰਕਟਾਂ ਅਤੇ ਦਵੰਧਾਂ ਬਾਰੇ ਚਰਚਾ ਕੀਤੀ ਹੈ l ਆਪਣੇ ਤੱਥਾਂ ਦੀ ਪ੍ਰਮਾਣਿਕਤਾ ਲਈ ਲੇਖਿਕਾ ਨੇ ਵਿਭਿੰਨ ਉਮਰ ਵਰਗ ਦੇ ਲੋਕਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਅੰਕੜਿਆਂ ਦੇ ਆਧਾਰ ਤੇ ਆਪਣੀ ਖੋਜ ਕੀਤੀ ਅਤੇ ਇਸ ਨੂੰ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਇਆ। 

ਇਸ ਤੋਂ ਪਹਿਲਾਂ ਵੀ ਲੇਖਿਕਾ ਵੱਲੋਂ ਦੋ ਕਵਿਤਾ ਦੀਆਂ ਅਤੇ ਆਲੋਚਨਾ ਦੀਆਂ ਦੋ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ l ਉਹਨਾਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਫਿਰੋਜ਼ਪੁਰ ਸ਼ਹਿਰ ਅਤੇ ਆਰ. ਐਸ. ਡੀ. ਕਾਲਜ  ਲਈ ਵੀ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ ਜਿੱਥੇ ਉਹ ਪਿਛਲੇ 13 ਸਾਲ ਤੋਂ ਪੰਜਾਬੀ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪਾਰ ਇਹ ਤੇਰਾਂ ਸਾਲ ਈ ਲੇਖਿਕਾ ਲਈ ਇੱਕ ਲੰਮਾ ਸੰਘਰਸ਼ ਵੀ ਰਿਹਾ ਅਤੇ ਸਖਤ ਇਮਤਿਹਾਨ ਵੀ। 

ਇਹ ਬੇਹੱਦ ਅਫ਼ਸੋਸ ਵਾਲੀ ਗੱਲ ਹੈ ਕਿ ਆਰ.ਐਸ.ਡੀ. ਸੰਸਥਾ ਆਪਣੀ ਇਸ ਅਧਿਆਪਕਾ ਦੀ ਇਸ ਪ੍ਰਾਪਤੀ ਲਈ ਮਾਣਮੱਤੀ ਨਹੀਂ ਹੋ ਸਕੇਗੀ ਕਿਉਂਕਿ ਭਾਸ਼ਾ ਵਿਭਾਗ ਦੇ ਇਸ ਵੱਕਾਰੀ ਪੁਰਸਕਾਰ ਦੀ ਵਿਜੇਤਾ ਡਾ.ਮਨਜੀਤ ਕੌਰ ਆਜ਼ਾਦ ਨੂੰ RSD College ਦੀ ਮੈਨੇਜਮੈਂਟ ਨੇ ਉਹਨਾਂ ਦੇ ਦੋ ਹੋਰ ਸਹਿਯੋਗੀਆਂ ਸਮੇਤ ਪਿਛਲੇ ਸਾਲ ਬਿਨਾਂ ਵਜ੍ਹਾ ਨੌਕਰੀ ਤੋਂ ਕੱਢ ਦਿੱਤਾ ਸੀ ਅਤੇ 52 ਦਿਨ ਪ੍ਰੋ.ਮਨਜੀਤ ਕੌਰ ਨੂੰ ਦਿਨ ਰਾਤ ਸੜਕਾਂ ਤੇ ਬੈਠਣਾ ਪਿਆ ਤਾਂ ਜਾ ਕੇ ਬਹਾਲ ਹੋਏ। ਅਦਾਲਤੀ ਹੁਕਮਾਂ ਤੋਂ ਬਾਅਦ ਕਾਲਜ ਨੇ ਇਹਨਾਂ ਨੂੰ ਮੁੜ ਜੁਆਇਨ ਤਾਂ ਕਰਵਾ ਲਿਆ ਸੀ ਪਰ ਇਸ ਪੁਰਸਕਾਰ ਵਿਜੇਤਾ ਨੂੰ ਕਾਲਜ ਮੈਨੇਜਮੈਂਟ ਵੱਲੋਂ ਪਿਛਲੇ11 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ।

ਸ਼ਬਦ ਸੱਭਿਆਚਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਦੇ ਪ੍ਰਧਾਨ ਪ੍ਰੋ.ਜਸਪਾਲ ਘਈ ਜਨਰਲ ਸਕੱਤਰ ਸੁਖਜਿੰਦਰ ,ਪ੍ਰੋ.ਗੁਰਤੇਜ ਕੋਹਾਰਵਾਲਾ, ਪ੍ਰੋ.ਕੁਲਦੀਪ, ਰਾਜੀਵ ਖ਼ਿਆਲ ਸੁਖਦੇਵ ਭੱਟੀ , ਓਮਪ੍ਰਕਾਸ਼ ਸਰੋਏ, ਲਾਲ ਸਿੰਘ ਸੁਲਹਾਨੀ,ਸਰਬਜੀਤ ਸਿੰਘ ਭਾਵੜਾ, ਸੰਦੀਪ ਚੌਧਰੀ, ਸੁਖਵਿੰਦਰ ਭੁੱਲਰ ਅਤੇ ਹਰਮੀਤ ਵਿਦਿਆਰਥੀ ਨੇ ਡਾ.ਮਨਜੀਤ ਕੌਰ ਆਜ਼ਾਦ ਨੂੰ ਇਸ ਪ੍ਰਾਪਤੀ ਮੁਬਾਰਕਬਾਦ ਦਿੱਤੀ ਅਤੇ ਭਾਸ਼ਾ ਵਿਭਾਗ ਦਾ ਧੰਨਵਾਦ ਕੀਤਾ।

Monday, 14 October 2024

ਪ੍ਰੋ. ਜੀ. ਐਨ. ਸਾਈਬਾਬਾ ਦੀ ਬੇਵਕਤੀ ਮੌਤ ਇਕ ਸੰਸਥਾਗਤ ਕਤਲ-ਪੰਜਾਬੀ ਸਾਹਿਤ ਅਕਾਦਮੀ

Monday 14th October 2024 at 4:38 PM Sahit Screen Punjabi Ludhiana//Peoples Media Link 

 ਪ੍ਰੋ. ਜੀ. ਐਨ. ਸਾਈਬਾਬਾ ਦੇ ਦੇਹਾਂਤ ’ਤੇ ਸਾਹਿਤਿਕ ਜਗਤ ਵੀ ਉਦਾਸ 


ਲੁਧਿਆਣਾ: 14 ਅਕਤੂਬਰ 2024:(ਪੀਪਲਜ਼ ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ):: 

ਪ੍ਰੋਫੈਸਰ ਜੀ ਐਨ ਸਾਈਬਾਬਾ ਨੂੰ ਸਾਡੇ ਕੋਲੋਂ ਖੋਹ ਲਿਆ ਗਿਆ ਹੈ। ਬੁਧੀਜੀਵੀਆਂ ਦੇ ਸਿਲਸਿਲੇਵਾਰ ਕਤਲਾਂ ਦੀ ਸਾਜ਼ਿਸ਼ ਵਿੱਚ ਹੁਣ ਸਾਈਬਾਬਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਲੇਖਕ ਜਗਤ ਉਦਾਸ ਹੈ। ਸਾਹਿਤਿਕ ਹਲਕਿਆਂ ਵਿੱਚ ਵੀ ਸੋਗ ਹੈ। ਲੇਖਕ ਰੋਹ ਅਤੇ ਰੋਸ ਵਿੱਚ ਹਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਵਲੋਂ ਪ੍ਰੋ. ਜੀ.ਐਨ. ਸਾਈਬਾਬਾ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਅਕਾਦਮੀ ਨੇ ਪ੍ਰੋਫੈਸਰ ਸਾਈਬਾਬਾ ਦੀ ਇਸ ਮੌਤ ਨੂੰ ਬਕਾਇਦਾ ਸੰਸਥਾਗਤ ਕਤਲ ਕਰਾਰ ਦਿੱਤਾ ਹੈ। ਉਂਝ ਇਸਦਾ ਖਦਸ਼ਾ ਪ੍ਰਗਤੀਸ਼ੀਲ ਹਲਕਿਆਂ ਵੱਲੋਂ ਬਹੁਤ ਪਹਿਲਾਂ ਤੋਂ ਪ੍ਰਗਟਾਇਆ ਜਾ ਰਿਹਾ ਸੀ। ਪ੍ਰੋਫੈਸਰ ਸਾਈਬਾਬਾ ਨੂੰ ਰਿਹਾ ਕਰਨ ਦੀ ਮੰਗ ਨੂੰ ਲੈਕੇ ਲੁਧਿਆਣਾ ਦੇ ਪੰਜਾਬੀ ਭਵਨ ਵਿਚ ਵੀ ਸਮਾਗਮ ਹੁੰਦੇ ਰਹੇ ਹਨ। ਪ੍ਰੋਫੈਸਰ ਸਾਈ ਬਾਬਾ ਦੀ ਪਤਨੀ ਏ ਐਸ ਵਸੰਤਾ ਕੁਮਾਰੀ ਵੀ ਇਹਨਾਂ ਸਮਾਗਮਾਂ ਵਿਚ ਮੌਜੂਦ ਹੁੰਦੀ ਰਹੀ। 

ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸੰਗਠਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਪ੍ਰੋਫੈਸਰ ਸਾਈਬਾਬਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਓਰਗਤਾਵਾਂ ਕੀਤਾ ਹੈ। ਇਸ ਸੰਸਥਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉੱਘੇ ਮਨੁੱਖੀ ਅਧਿਕਾਰ ਕਾਰਕੁਨ ਅਤੇ ਦਿੱਲੀ, ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਜੀ. ਐਨ. ਸਾਈਬਾਬਾ ਨੇ ਇਕ ਮਨੁੱਖੀ ਅਧਿਕਾਰ ਕਾਰਕੁਨ ਦੇ ਰੂਪ ਵਿਚ ਆਪਣੀ ਪੂਰੀ ਜ਼ਿੰਦਗੀ ਲੋਕ ਘੋਲਾਂ ਵਿਚ ਸਰਗਰਮ ਭੂਮਿਕਾ ਨਿਭਾਈ ਸੀ।

ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰੋ. ਜੀ. ਐਨ. ਸਾਈਬਾਬਾ ਗ਼ੈਰ ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਲਗਪਗ 10 ਸਾਲ ਤੱਕ ਗ਼ੈਰ ਕਾਨੂੰਨੀ ਢੰਗ ਨਾਲ ਜੇਲ੍ਹ ਵਿਚ ਬੰਦ ਰਹੇ। ਉਨ੍ਹਾਂ ਦੀ ਬੇਵਕਤੀ ਮੌਤ ਇਕ ਸੰਸਥਾਗਤ ਕਤਲ, ਸਾਡੇ ਸਾਹਮਣੇ ਮਿਸਾਲ ਪੇਸ਼ ਕਰਦਾ ਹੈ ਕਿ ਮਨੁੱਖੀ ਅਧਿਕਾਰ, ਨਾਗਰਿਕ ਅਧਿਕਾਰ, ਜਮਹੂਰੀ ਅਧਿਕਾਰ ਭਾਰਤ ਵਿਚ ਸਿਰਫ਼ ਕਾਨੂੰਨੀ ਪਾਠ-ਪੁਸਤਕਾਂ ਵਿਚ ਲਿਖੇ ਸ਼ਬਦ ਮਾਤਰ ਹਨ।

ਅਕੈਡਮੀ ਦੇ ਨਾਲ ਨਾਲ ਅਫਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਸੁਰਿੰਦਰ ਕੈਲੇ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ, ਜਨਮੇਜਾ ਸਿੰਘ ਜੌਹਲ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਵਰਗਿਸ ਸਲਾਮਤ, ਪ੍ਰੋ. ਸਰਘੀ, ਪ੍ਰੇਮ ਸਾਹਿਲ, ਪ੍ਰੋ. ਬਲਵਿੰਦਰ ਸਿੰਘ ਚਹਿਲ ਅਤੇ ਕਰਮਜੀਤ ਸਿੰਘ ਗਰੇਵਾਲ ਸਮੇਤ ਸਮੂਹ ਮੈਂਬਰ ਸ਼ਾਮਲ ਹਨ।

Saturday, 5 October 2024

ਚਿੱਤਰਕਾਰ ਲੋਕ ਰਮਜ਼ ਨੂੰ ਸਮਝਣ ਵਾਲਾ ਸਿਰੜੀ ਸ਼ਾਇਰ ਸੀ-ਬੂਟਾ ਸਿੰਘ ਚੌਹਾਨ

Saturday 5th Oct 2024 at 4:02 PM

ਸ਼ਤਾਬਦੀ ਸਮਾਗਮ ਮੌਕੇ ਮੈਂ ਉਸ ਦੀ ਪਰਿਕਰਮਾ ਕਰਨ ਲਈ ਆਇਆ ਹਾਂ

ਲੁਧਿਆਣਾ: 05 ਅਕਤੂਬਰ 2024: (ਕੇ ਕੇ ਸਿੰਘ//ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਫੱਕਰ ਸੁਭਾਅ ਵਾਲੇ ਉਸ ਬੁਲੰਦ ਸ਼ਾਇਰ ਨੂੰ ਯਾਦ ਕਰਨਾ ਸੱਚਮੁੱਚ ਬਹੁਤ ਹੀ ਸ਼ਲਾਘਾਯੋਗ ਉੱਦਮ ਉਪਰਾਲਾ ਹੈ। ਸਾਡੇ ਵਿੱਚੋਂ ਜਿਹਨਾਂ ਨੇ ਉਸ ਸ਼ਾਇਰ ਨੂੰ ਨੇੜਿਓਂ ਸੁਣਿਆ ਅਤੇ ਮਹਿਸੂਸ ਕੀਤਾ ਹੈ ਉਹ ਜਾਣਦੇ ਹਨ ਉਸਦੀ ਬੁਲੰਦੀ ਅਤੇ ਖ਼ਾਸੀਅਤ। ਸਾਡੇ ਸਭਨਾਂ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅਜਾਇਬ ਚਿੱਤਰਕਾਰ ਸ਼ਤਾਬਦੀ ਸਮਾਗਮ ਗ਼ਜ਼ਲ ਮੰਚ ਫ਼ਿਲੌਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸਰਦਾਰ ਪੰਛੀ, ਬੂਟਾ ਸਿੰਘ ਚੌਹਾਨ, ਅਜਾਇਬ ਚਿੱਤਰਕਾਰ ਦੇ ਸਪੁੱਤਰ ਸ. ਸੁਖਪਾਲ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ।

ਇਸ ਯਾਦਗਾਰੀ ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਕਦੇ ਤਿੰਨ ਵੱਡੇ ਸੰਗੀਤ ਘਰਾਣਿਆਂ ਦੀ ਕਰਮ ਭੂਮੀ ਸੀ। ਹੋਰ ਤਾਂ ਹੋਰ ਅੱਜ ਅਸੀਂ ਸਾਡੇ ਗੁਰਮਤਿ ਸੰਗੀਤ ਨੂੰ ਵੀ ਭੁੱਲਦੇ ਜਾ ਰਹੇ ਹਾਂ। ਬਾਜ਼ਾਰ ਨੇ ਸੰਗੀਤ ਸੁਣਨ ਜੋਗਾ ਵੀ ਨਹੀਂ ਛੱਡਿਆ। ਅਜਾਇਬ ਚਿੱਤਰਕਾਰ ਅਤੇ ਹੋਰ ਸ਼ਾਇਰ ਚਿੱਤਰਕਾਰ ਕਵੀਆਂ ਨੂੰ ਸਾਂਭਣ ਦੀ ਲੋੜ ਹੈ। ਪੰਜਾਬ ਦੇ ਸ਼ਾਬਦਿਕ ਆਰਟ ਨੂੰ ਕੇਵਲ ਸ਼ਬਦ ਪੜ੍ਹ ਕੇ ਹੀ ਨਹੀਂ ਵਿਚਾਰਿਆ ਜਾ ਸਕਦਾ ਉਸ ਸਮੇਂ ਦੇ ਹਾਲਾਤ ਵੀ ਸਮਝਣੇ ਪੈਣਗੇ।

ਭਾਰਤੀ ਸਾਹਿਤ ਅਕਾਦਮੀ, ਦਿੱਲੀ ਦੇ ਮੈਂਬਰ ਸ. ਬੂਟਾ ਸਿੰਘ ਚੌਹਾਨ ਨੇ ਅਜਾਇਬ ਚਿੱਤਰਕਾਰ ਦੀ ਸ਼ਖ਼ਸੀਅਤ ਅਤੇ ਸਾਹਿਤ ਬਾਰੇ ਗੱਲ ਕਰਦਿਆਂ ਕਿਹਾ ਕਿ ਚਿੱਤਰਕਾਰ ਲੋਕ ਰਮਜ਼ ਨੂੰ ਸਮਝਣ ਵਾਲਾ ਸਿਰੜੀ ਸ਼ਾਇਰ ਸੀ ਜੋ ਸਾਰੀ ਜ਼ਿੰਦਗੀ ਕਿਸੇ ਅੱਗੇ ਝੁਕਿਆ ਨਹੀਂ। ਉਸ ਦੇ ਸ਼ਤਾਬਦੀ ਸਮਾਗਮ ਮੌਕੇ ਮੈਂ ਉਸ ਦੀ ਪਰਿਕਰਮਾ ਕਰਨ ਲਈ ਆਇਆ ਹਾਂ। ਭਾਰਤੀ ਸਾਹਿਤ ਅਕਾਡਮੀ ਵਲੋਂ ਚਿੱਤਰਕਾਰ ਜੀ ਦੇ ਜੱਦੀ ਪਿੰਡ ਘਵੱਦੀ (ਜ਼ਿਲ੍ਹਾ ਲੁਧਿਆਣਾ) ਵਿਖੇ ਸਮਾਗਮ ਕਰਵਾਇਆ ਜਾਵੇਗਾ। 

ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਨੇ ‘ਸਿਰਜਣਾਤਮਕ ਅਮਲ ਦਾ ਸ਼ਾਇਰ: ਅਜਾਇਬ ਚਿੱਤਰਕਾਰ’’ ਬਾਰੇ ਪੇਪਰ ਪੜ੍ਹਦਿਆਂ ਕਿਹਾ ਕਿ ਉਸ ਦੀ ਸ਼ਾਇਰੀ ਮਨੁੱਖੀ ਜ਼ਿੰਦਗੀ ਦੇ ਅਸਾਵੇਂਪਣ ਨੂੰ ਵੱਖ ਵੱਖ ਰੰਗਾਂ ਰਾਹੀਂ ਚਿੱਤਰਦੀ ਹੈ। 

ਸ੍ਰੀਮਤੀ ਸੋਮਾ ਸਬਲੋਕ ਨੇ ਡਾ. ਰਣਜੀਤ ਸਿੰਘ ਦਾ ਲਿਖਿਆ ਪੇਪਰ ‘ਚਿੱਤਰਕਾਰੀ ਤੇ ਸ਼ਾਇਰੀ ਦਾ ਸੁਮੇਲ ਅਜਾਇਬ ਚਿੱਤਰਕਾਰ’ ਪੇਸ਼ ਕੀਤਾ ਜਿਸ ਦਾ ਤੱਤਸਾਰ ਸੀ ਉਹ ਪੇਸ਼ੇ ਵਜੋਂ ਚਿੱਤਰਕਾਰ, ਪਰ ਕਮਾਲ ਦਾ ਸ਼ਾਇਰ ਸੀ। 

ਡਾ. ਜਗਵਿੰਦਰ ਜੋਧਾ ਨੇ ਕਿਹਾ ਕਿ ਅਜਾਇਬ ਚਿੱਤਰਕਾਰ ਇਕ ਤਰੱਕੀ ਪਸੰਦ ਸ਼ਾਇਰ ਸੀ। ਉਸ ਨੇ ਉਰਦੂ ਸ਼ਾਇਰੀ ਨੂੰ ਪਲਟਾ ਕੇ ਸਰਲ ਪੰਜਾਬੀ ਸ਼ਾਇਰੀ ਵਿਚ ਪੇਸ਼ ਕੀਤਾ। ਇਸ ਲਈ ਉਸ ਦੀ ਸ਼ਾਇਰੀ ਨੂੰ ਗੰਭੀਰਤਾ ਨਾਲ ਸਮਝਣਾ ਬਹੁਤ ਜ਼ਰੂਰੀ ਹੈ।

ਇਸ ਮੌਕੇ ਪੰਜਾਬੀ ਗ਼ਜ਼ਲ ਮੰਚ ਫ਼ਿਲੌਰ ਵਲੋਂ ਸ਼ਾਇਰ ਭਗਵਾਨ ਢਿੱਲੋਂ ਨੂੰ ਅਜਾਇਬ ਚਿੱਤਰਕਾਰ ਯਾਦਗਾਰੀ ਸਨਮਾਨ ਭੇਟਾ ਕੀਤਾ ਗਿਆ ਜਿਸ ਵਿਚ ਦੋਸ਼ਾਲਾ, ਸ਼ੋਭਾ ਪੱਤਰ ਅਤੇ ਨਕਦ ਰਾਸ਼ੀ ਸ਼ਾਮਲ ਸੀ।  ਇਸ ਮੌਕੇ ਪ੍ਰਸਿੱਧ ਸ਼ਾਇਰ ਭਗਵਾਨ ਢਿੱਲੋਂ ਬਾਰੇ ਜਾਣ-ਪਛਾਣ ਕਰਵਾਉਦਿਆਂ ਐੱਸ. ਐੱਸ. ਡਿੰਪਲ ਨੇ ਕਿਹਾ ਕਿ ਭਗਵਾਨ ਢਿੱਲੋਂ ਦੀ ਸ਼ਾਇਰੀ ਦਾ ਮੁਹਾਵਰਾ ਵਿਲੱਖਣ ਹੈ। ਉਸ ਦੀ ਸ਼ਾਇਰੀ ਸਿਆਸੀ, ਧਾਰਮਿਕ ਅਤੇ ਸਮਾਜਿਕ ਮਸਲੇ ਉਭਾਰਦੀ ਹੈ ਅਤੇ ਪਾਠਕ ਨੂੰ ਆਪਣੇ ਅੰਦਰ ਦੇਖਣ ਲਈ ਮਜਬੂਰ ਕਰਦੀ ਹੈ। ਭਗਵਾਨ ਢਿੱਲੋਂ ਬਾਰੇ ਸ਼ੋਭਾ ਪੱਤਰ ਅਕਾਡਮੀ ਦੇ ਦਫ਼ਤਰ ਸਕੱਤਰ ਜਸਵੀਰ ਝੱਜ ਨੇ ਪੜ੍ਹਿਆ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਸਮਰੱਥ ਸ਼ਾਇਰ, ਉਸਤਾਦ ਗ਼ਜ਼ਲਗੋ ਅਜਾਇਬ ਚਿੱਤਰਕਾਰ ਦਾ ਸ਼ਤਾਬਦੀ ਸਮਾਗਮ ਮਨਾ ਰਹੇ ਹਾਂ। ਭਾਰਤੀ ਸਾਹਿਤ ਅਕਾਦਮੀ ਵਲੋਂ ਕਰਵਾਏ ਜਾਣ ਵਾਲੇ ਸਮਾਗਮ ਵਿਚ ਪੰਜਾਬੀਸਾਹਿਤ ਅਕਾਡਮੀ, ਲੁਧਿਆਣਾ ਪੂਰਾ ਸਹਿਯੋਗ ਦੇਵੇਗੀ। 

ਇਸ ਮੌਕੇ ਅਜਾਇਬ ਚਿੱਤਰਕਾਰ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਗ਼ਜ਼ਲ ਮੰਚ ਫ਼ਿਲੌਰ ਦੇ ਜਨਰਲ ਸਕੱਤਰ ਤਰਲੋਚਨ ਝਾਂਡੇ, ਡਾ. ਗੁਰਚਰਨ ਕੌਰ ਕੋਚਰ, ਸਤੀਸ਼ ਗੁਲਾਟੀ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਕੰਵਲ ਢਿੱਲੋਂ, ਗੁਰਵਿੰਦਰ ਸਿੰਘ ਕੰਵਰ, ਉਜਾਗਰ ਸਿੰਘ ਲਲਤੋਂ, ਡਾ. ਯਾਦਵਿੰਦਰ ਸਿੰਘ, ਦਲਜੀਤ ਕੌਰ, ਹਰਜਿੰਦਰ ਸਿੰਘ ਰਾਏਕੋਟ, ਰੇਸ਼ਮ ਸਿੰਘ ਹਲਵਾਰਾ, ਹਰਪਾਲ ਕਨੇਚਵੀ, ਕਸਤੂਰੀ ਲਾਲ, ਮਹਿੰਦਰ ਸਿੰਘ, ਗੁਰਮੀਤ ਕੌਰ, ਭੁਪਿੰਦਰ ਸਿੰਘ ਚੌਕੀਮਾਨ, ਚਰਨਜੀਤ ਸਿੰਘ ਮਨਪ੍ਰੀਤ, ਹਸਕੀਰਤ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।

ਅਜਾਇਬ ਚਿੱਤਰਕਾਰ ਨੂੰ ਸਮਰਪਿਤ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸਰਦਾਰ ਪੰਛੀ ਹੋਰਾਂ ਨੇ ਕੀਤੀ। ਕਵੀ ਦਰਬਾਰ ਵਿਚ ਭਗਵਾਨ ਢਿੱਲੋਂ, ਡਾ. ਹਰੀ ਸਿੰਘ ਜਾਚਕ, ਅਜੀਤ ਪਿਆਸਾ, ਜਸਵੀਰ ਝੱਜ, ਦਰਸ਼ਨ ਓਬਰਾਏ,  ਅਮਰਜੀਤ ਸ਼ੇਰਪੁਰੀ, ਜ਼ੋਰਾਵਰ ਸਿੰਘ ਪੰਛੀ, ਪਰਮਿੰਦਰ ਅਲਬੇਲਾ, ਸੀਮਾ ਕਲਿਆਣ, ਪਰਮਜੀਤ ਕੌਰ ਮਹਿਕ, ਦਲਵੀਰ ਕਲੇਰ, ਬਲਜੀਤ ਸਿੰਘ, ਮਲਕੀਤ ਸਿੰਘ ਮਾਲੜਾ, ਇੰਦਰਜੀਤ ਲੋਟੇ ਸਮੇਤ ਕਾਫ਼ੀ ਗਿਣਤੀ ਵਿਚ ਕਵੀ ਸ਼ਾਮਲ ਸਨ। ਕਵੀ ਦਰਬਾਰ ਦਾ ਮੰਚ ਸੰਚਾਲਕ ਡਾ. ਹਰੀ ਸਿੰਘ ਜਾਚਕ ਨੇ ਨਿਭਾਇਆ।

ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। ਅਜਿਹੇ ਉਪਰਾਲੇ ਲਗਾਤਾਰ ਹੁੰਦੇ ਰਹਿਣ ਇਹ ਕਾਮਨਾ ਸਾਡੇ ਸਭਨਾਂ ਦੀ ਹੀ ਹੈ ਤਾਂਕਿ ਅਸੀਂ ਉਹਨਾਂ ਸ਼ਾਇਰਾਂ ਨਾਲ ਜੁੜੇ ਰਹੀਏ ਜਿਹੜੇ ਮਜਬੂਰੀਆਂ ਅਤੇ ਮੁਸ਼ਕਲਾਂ ਦੇ ਬਾਵਜੂਦ ਕਦੇ ਕਿਸੇ ਅੱਗੇ ਨਾ ਝੁਕੇ।