Tuesday 7th February 2023 at 5:19 PM
ਗੁਰੂ ਰਵਿਦਾਸ ਪੁਰਬ 'ਤੇ ਗਹੌਰ ਵਿਖੇ ਹੋਇਆ ਪੁਸਤਕ ਦਾ ਲੋਕ-ਅਰਪਣ
ਲੁਧਿਆਣਾ: 6 ਫਰਵਰੀ 2023: (ਸਾਹਿਤ ਸਕਰੀਨ ਬਿਊਰੋ)::
ਸ਼ਰੋਮਣੀ ਭਗਤ ਬਾਣੀਕਾਰ-ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਦੇ ਸ਼ੁਭ ਮੌਕੇ ’ਤੇ, ਪਿੰਡ ਗਹੌਰ ਦੀ ਸੰਗਤ ਵਲੋਂ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰਿੰ. ਕ੍ਰਿਸ਼ਨ ਸਿੰਘ ਦੀ ਨਿਵੇਕਲੀ ਵਿਧਾ ਵਿੱਚ ਲਿਖੀ ਖ਼ਤ-ਪੁਸਤਕ ਰਿਲੀਜ਼ ਕੀਤੀ ਗਈ। ਇਹ ਪੁਸਤਕ ਗੁਰੂ ਰਵਿਦਾਸ ਜੀ ਦੇ ਬਾਣੀ-ਸਿਧਾਂਤਾਂ ਅਤੇ ਉਹਨਾਂ ਦੀਆਂ ਜੀਵਨ-ਘਟਨਾਵਾਂ ਨਾਲ ਸੰਬੰਧਿਤ ਖੋਜ-ਪੁਸਤਕ ਹੈ। ਇਸ ਲਈ ਇਸ ਦਾ ਲੋਕ-ਅਰਪਣ ਚਿਰਾਂ ਤੋਂ ਉਡੀਕਿਆ ਜਾ ਰਿਹਾ ਸੀ।
“ਧੁਰ ਕੀ ਬਾਣੀ” ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਪਿੰਡ ਦੇ ਵਿਸ਼ੇਸ਼ ਨੁਮਾਇੰਦਿਆਂ ਵਲੋਂ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਤੇ ਉਹਨਾਂ ਦੇ ਨਾਲ ਪਧਾਰੇ ਪਤਵੰਤੇ ਸੱਜਣਾਂ ਨੂੰ ਗੁਰੂ-ਘਰ ਵਲੋਂ ਸਿਰੋਪਾਓ ਨਾਲ ਸਨਮਾਨਿਤ ਕਰ ਕੇ ਜੀ ਆਇਆਂ ਕਿਹਾ ਗਿਆ।
ਪਿਛਲੇ ਚਾਰ ਦਹਾਕਿਆਂ ਤੋਂ ਲੁਧਿਆਣਾ ਸ਼ਹਿਰ ਵਿੱਚ ਰਹਿ ਰਹੇ ਪਿੰਡ ਦੇ ਮੂਲ ਬਾਸ਼ਿੰਦੇ ਤੇ ਪੁਸਤਕ ਲੇਖਕ ਕ੍ਰਿਸ਼ਨ ਸਿੰਘ ਹੁਰਾਂ ਆਪਣੀਆਂ ਭਾਈਚਾਰਕ ਤੇ ਪਰਿਵਾਰਕ ਸਾਂਝਾਂ ਦਾ ਹਵਾਲਾ ਦਿੰਦਿਆਂ, ਬੜੇ ਹੀ ਭਾਵੁਕ ਅੰਦਾਜ਼ ਵਿੱਚ ਕਿਹਾ, “ਪ੍ਰਭੂ-ਕਿਰਪਾ ਅਤੇ ਪਿੰਡ ਦੇ ਬਜ਼ੁਰਗਾਂ ਤੇ ਮਾਤਾਵਾਂ ਦੇ ਅਸ਼ੀਰਵਾਦ ਤੇ ਉਨ੍ਹਾਂ ਦੀਆਂ ਅਸੀਸਾਂ ਦਾ ਹੀ ਨਤੀਜਾ ਹੈ ਕਿ ਅੱਜ ਮੈਂ ਸੰਗਤੀ ਰੂਪ ਵਿੱਚ ਆਪ ਜੀ ਦੇ ਰੂਬਰੂ ਹਾਂ।
ਉਹਨਾਂ ਇਸ ਮੌਕੇ ਕਿਹਾ ਕਿ ਮੇਰੀ ਇਹ ਖ਼ੁਸ਼ਨਸੀਬੀ ਹੈ ਕਿ ਮੈਂ ਆਪਣੀ ਇਸ ਜਨਮ-ਭੋਇੰ ਤੋਂ ਰੱਬੀ-ਪਿਆਰ ਦੀਆਂ ਝੋਲੀਆਂ ਭਰੀਆਂ ਜਿਸ ਦੇ ਸਿੱਟੇ ਵਜੋਂ ਸਾਹਿਤ-ਪ੍ਰੇਮੀਆਂ ਨੇ ਮੈਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਮਾਣ-ਸਨਮਾਨ ਦੇ ਕੇ ਨਿਵਾਜ਼ਿਆ। “ਗੁਰੂ ਰਵਿਦਾਸ ਜੀ ਦੇ ਗੁਰਪੁਰਬ ਵਿਸ਼ੇਸ਼ ਦੀ ਅਹਿਮੀਅਤ ਦੇ ਆਧਾਰ ’ਤੇ ਉਹਨਾਂ ਹਾਜ਼ਰ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ, “ਕੇਵਲ ਪੰਜਾਬ ਵਾਸੀਆਂ ਲਈ ਹੀ ਨਹੀਂ ਸਗੋਂ ਸਮੁੱਚੇ ਭਾਰਤੀ ਨਾਗਰਿਕਾਂ ਲਈ ਬੜੇ ਫ਼ਖ਼ਰ ਵਾਲੀ ਗੱਲ ਹੈ ਕਿ ਰਵਿਦਾਸ ਜੀ ਦਾ ਉਚਾਰਨ ਕੀਤਾ “ਬੇਗਮਪੁਰਾ ਸਹਰ ਕੋ ਨਾਉ” ਦਾ ਸ਼ਬਦ ਜੋ ਇਨਸਾਨੀਅਤ ਦੇ ਤੌਰ ’ਤੇ ਸਮੁੱਚੀ ਮਨੁੱਖਤਾ ਲਈ ਰੋਲ਼ ਮਾਡਲ ਹੈ।
ਉਹਨਾਂ ਯਾਦ ਕਰਾਇਆ ਕਿ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਜੇਕਰ ਸਰਬ ਧਰਮ ਸੰਮੇਲਨ ਦੇ ਨੁਮਾਇੰਦਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬਸਾਂਝੀਵਾਲਤਾ ਦੇ ਸੰਦੇਸ਼ ਦਾ ਜ਼ਿਕਰ ਕੀਤਾ ਗਿਆ ਤਾਂ ਰਵਿਦਾਸ ਬਾਣੀ ਦੇ ਇਸ ਪਾਕਿ-ਪਵਿੱਤ੍ਰ/ਅਦੁੱਤੀ ਸ਼ਬਦ ਨੂੰ ਵੀ ਪੂਰੇ ਅਦਬ- ਸਤਿਕਾਰ ਨਾਲ ਉਨ੍ਹਾਂ ਆਪਣੀ ਸਿਮ੍ਰਤੀ ਦਾ ਹਿੱਸਾ ਬਣਾਇਆ।
ਇਸੇ ਤਰ੍ਹਾਂ ਜੇਕਰ ਖੇਤੀਬਾੜੀ ਦੇ ਤਿੰਨ ਕਾਨੂੰਨਾਂ ਦੇ ਵਿਰੋਧ ਵਿੱਚ, ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਅੰਦੋਲਨ ਵੀ ਚੱਲਿਆ, ਉਥੇ ਵੀ ਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਦੇ ਸੰਕਲਪ ਨੂੰ ਯਾਦ ਕੀਤਾ ਗਿਆ। ਮਨੁੱਖਤਾ ਲਈ ਤਨੋਂ ਮਨੋਂ ਸਮਰਪਣ ਭਾਵਨਾ ਵਾਲੇ ਤੇ ਡੀ ਐਫ਼ ਐੱਸ ਓ ਦੇ ਮਾਣਮੱਤੇ ਅਹੁਦੇ ਤੋਂ ਸੇਵਾ-ਮੁਕਤ ਹੋਏ ਸਮਾਜ-ਸੇਵੀ ਸ੍ਰ. ਪ੍ਰੀਤਮ ਸਿੰਘ ਨੇ ਪ੍ਰਿੰ. ਕ੍ਰਿਸ਼ਨ ਸਿੰਘ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮਾਣਮੱਤੀ ਸ਼ਖ਼ਸੀਅਤ ਸਾਡੇ ਇਲਾਕੇ ਦਾ ਮਾਣ ਹਨ, ਮੈਨੂੰ ਪੂਰੀ ਆਸ ਹੈ ਕਿ ਸ਼ਬਦ-ਸੱਭਿਆਚਾਰ ਪ੍ਰਤਿ ਤੇ ਅਧਿਆਪਨ ਦੇ ਖੇਤਰ ਵਿੱਚ ਨਿਭਾਈਆਂ ਇਨ੍ਹਾਂ ਦੀਆਂ ਸੇਵਾਵਾਂ ਹਮੇਸ਼ਾਂ ਸਾਡੀ ਰਹਿਨੁਮਾਈ ਕਰਨਗੀਆਂ।
ਇਹਨਾਂ ਨੂੰ ਕੌਮਾਂਤਰੀ ਪੱਧਰ ਦੀ ਹਰਮਨ ਪਿਆਰੀ ਨਾਇਕਾ ਦੇ ਨਾਮ ’ਤੇ ਮਿਲਿਆ “ਮਦਰ ਟੈਰੇਸਾ ਸਦਭਾਵਨਾ ਅਵਾਰਡ” ਇਹਨਾਂ ਦੀ ਮਾਣਯੋਗ ਪ੍ਰਾਪਤੀ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਸ. ਬਲਵੀਰ ਸਿੰਘ ਸਰੋਹੀ ਨੇ ਬਤੌਰ ਮੰਚ ਸੰਚਾਲਕ ਡਿਊਟੀ ਨਿਭਾਉਂਦਿਆਂ ਦੱਸਿਆ ਕਿ ਪ੍ਰਿੰਸੀਪਲ ਸਾਹਿਬ ਆਪਣੇ ਬਚਪਨ ਤੋਂ ਹੀ ਗੁਰੂ-ਘਰ ਪ੍ਰਤਿ ਸਮਰਪਿਤ ਰਹੇ, ਸਾਨੂੰ ਅਤਿਅੰਤ ਖੁਸ਼ੀ ਹੈ ਕਿ ਪਰਮਾਤਮਾ ਵਲੋਂ ਇਹਨਾਂ ਦੀ ਜੀਵਨ-ਘਾਲਿ ਥਾਏਂ ਪਈ ਹੈ।
ਉਹਨਾਂ ਫਖਰ ਨਾਲ ਦੱਸਿਆ ਕਿ ਗਾਹੇ-ਵਗਾਹੇ ਵੀ ਇਹ ਹਮੇਸ਼ਾਂ ਸਾਡੀ ਰਹਿਨੁਮਾਈ ਕਰਦੇ ਹਨ। ਸਾਡੇ ਸਮੁੱਚੇ ਗੁਰਦੁਆਰਾ ਪ੍ਰਬੰਧਕਾਂ ਵਲੋਂ ਇਹਨਾਂ ਦੀ ਇਸ ਦਸਵੀਂ ਮੌਲਿਕ ਪੁਸਤਕ ਦੀਆਂ ਤਹਿ ਦਿਲੋਂ ਮੁਬਾਰਕਾਂ। ਪਰਮਾਤਮਾ ਇਹਨਾਂ ਦੀ ਕਲਮ ਨੂੰ ਹਮੇਸ਼ਾਂ ਸਲਾਮਤ ਰੱਖੇ।
ਰਵਿਦਾਸ ਬਾਣੀ ਦੇ ਕ੍ਰਾਂਤੀਕਾਰੀ ਸੰਦੇਸ਼ ਨੂੰ ਘਰ-ਘਰ ਪਹੰਚਾਉਣ ਦਾ ਹਵਾਲਾ ਦਿੰਦੇ ਹੋਏ ਉਹਨਾਂ ਨਗਰ ਕੀਰਤਨ ਦੀ ਰੂਪ-ਰੇਖਾ ਵੀ ਉਲੀਕੀ। ਪ੍ਰਿੰਸੀਪਲ ਜਸਵੰਤ ਸਿੰਘ ਜਿਹਨਾਂ ਨੂੰ ਇਸ ਪੁਸਤਕ ਦੇ ਮੁੱਢਲੇ ਸ਼ਬਦ ਲਿਖਣ ਦਾ ਮਾਣ ਹਾਸਲ ਹੈ, ਨੇ ਆਪਣੇ ਭੇਜੇ ਸੰਦੇਸ਼ ਵਿੱਚ ਕਿਹਾ, “ਖ਼ਤ-ਵਿਧਾ ’ਤੇ ਕਲਮ ਅਜ਼ਮਾਈ ਕਰਨਾ ਆਮ ਹਾਰੀ-ਸਾਰੀ ਦੇ ਵੱਸ ਦਾ ਕੰਮ ਨਹੀਂ, ਇਹ ਤਾਂ ਧੁਰ ਅੰਦਰੋਂ ਨਿਕਲੇ ਮੁਹੱਬਤੀ ਬੋਲ ਹੁੰਦੇ ਹਨ।
ਪ੍ਰਿੰ. ਕ੍ਰਿਸ਼ਨ ਸਿੰਘ ਨੇ 178 ਪੰਨਿਆਂ ਦਾ ਇਹ ਖ਼ਤ ਲਿਖ ਕੇ, ਦੀਨ-ਦੁਨੀਆਂ ਦੇ ਰਹਿਬਰ ਗੁਰੂ ਰਵਿਦਾਸ ਜੀ ਨਾਲ ਮੁਹੱਬਤ ਵੀ ਪਾਲ਼ੀ ਹੈ ਅਤੇ ਉਹ ਆਪਣੇ ਸਾਹਿਤਕ ਮਿਸ਼ਨ ਵਿੱਚ ਵੀ ਖ਼ਰੇ ਉਤਰੇ ਹਨ। ਉਹਨਾਂ ਦੀ ਇਹ ਨਿਵੇਕਲੇ ਅੰਦਾਜ਼ ਵਾਲੀ ਬ੍ਰਿਤਾਂਤਮੁਖੀ ਖੋਜ-ਵਿਧੀ ਆਪਣੀ ਮਿਸਾਲ ਆਪ ਹੈ।” ਉੱਚੇਚੇ ਤੌਰ ’ਤੇ ਸਮਾਗਮ ਵਿੱਚ ਹਾਜ਼ਰ ਹੋਏ ਸ. ਹਰਦਿਆਲ ਸਿੰਘ ਬੋਪਾਰਾਏ-ਪ੍ਰਧਾਨ ਡਾਕਟਰ ਬੀ ਆਰ ਅੰਬੇਡਕਰ ਵੈੱਲਫੇ਼ਅਰ ਸੁਸਾਇਟੀ ਮੁੱਲਾਂਪੁਰ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਰਵਿਦਾਸੀਆ ਭਾਈਚਾਰੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਤੇ ਰਵਿਦਾਸ ਬਾਣੀ ਦੇ ਲਿਖਤ-ਪਾਠ ਨੂੰ ਸਦੀਵੀ ਤੌਰ ’ਤੇ ਸੰਭਾਲਣ ਵਾਲੇ ਗੂਰੂ ਅਰਜਨ ਦੇਵ ਜੀ ਦੇ ਹਮੇਸ਼ਾਂ ਰਿਣੀ ਹੋਣਾ ਚਾਹੀਦਾ ਹੈ।
ਖੋਜੀ ਬਿਰਤੀ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਜਿਹੇ ਵਿਦਵਾਨਾਂ ਦੀ ਸਾਨੂੰ ਅੱਜ ਵੀ ਲੋੜ ਹੈ ਜੋ ਰਵਿਦਾਸ ਜੀ ਦੀ ਬਾਣੀ ਤੇ ਉਹਨਾਂ ਦੇ ਜੀਵਨ-ਬਿਓਰੇ ਨੂੰ ਪ੍ਰਮਾਣਿਕ ਰੂਪ ਵਿੱਚ ਸੰਭਾਲਣ ਲਈ ਯਤਨਸ਼ੀਲ ਹੋਣ। ਉਪਰੋਕਤ ਤੋਂ ਇਲਾਵਾ ਇਸ ਧਾਰਮਿਕ ਸਮਾਗਮ ਵਿੱਚ ਸ਼੍ਰੀਮਤੀ ਬਲਜਿੰਦਰ ਕੌਰ ਡਿਪਟੀ ਡੀ ਈ ਓ, ਸ. ਧਰਮਪਾਲ ਸਿੰਘ, ਸ. ਪਾਲ ਸਿੰਘ, ਗੁਰਦੁਆਰਾ ਪ੍ਰਧਾਨ ਸ. ਦਿਲਜੀਤ ਸਿੰਘ , ਸਕੱਤਰ ਸ. ਬਲਵੀਰ ਸਿੰਘ, ਸ. ਨਿਰੰਜਣ ਸਿੰਘ, ਸ. ਜਰਨੈਲ ਸਿੰਘ, ਸ. ਕ੍ਰਿਪਾਲ ਸਿੰਘ, ਸੁਖਵਿੰਦਰ ਕੌਰ ਕੈਨੇਡੀਅਨ, ਸ. ਅਮਰੀਕ ਸਿੰਘ ਤੇ ਨਗਰ ਦੀ ਸੰਗਤ ਨੇ ਭਰਵੇਂ ਰੂਪ ਵਿੱਚ ਗੁਰੂ-ਘਰ ਦੀ ਹਾਜ਼ਰੀ ਭਰੀ ਅਤੇ ਪੁਸਤਕ ਲੋਕ ਅਰਪਣ ਦੇ ਇਸ ਨਵੇਂ-ਨਿਵੇਕਲੇ ਸਾਹਿੱਤਕ ਮਾਹੌਲ ਦਾ ਵੀ ਖ਼ੂਬ ਆਨੰਦ ਮਾਣਿਆ।
No comments:
Post a Comment