Monday 13th February 2023 at 07:50 PM
19 ਫਰਵਰੀ ਨੂੰ ਰਾਮਪੁਰ ਸਮਾਗਮ ਵਿਚ ਵੀ ਹੋਵੇਗੀ ਸਰਗਰਮ ਸ਼ਮੂਲੀਅਤ
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਅਹੁਦੇਦਾਰ ਤੇ ਸਾਹਿਤਕਾਰ ਪੰਜਾਬੀ ਭਵਨ ਦੇ ਵਿਹੜੇ ਵਿੱਚ
ਲੁਧਿਆਣਾ: 12 ਫਰਵਰੀ 2023:(ਕਾਰਤਿਕਾ ਸਿੰਘ//ਸਾਹਿਤ ਸਕਰੀਨ ਡੈਸਕ)::
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਇੱਕ ਵਾਰ ਫੇਰ ਗੰਭੀਰਤਾ ਨਾਲ ਅੱਗੇ ਆਇਆ ਹੈ। ਇਸ ਵਾਰ ਮੁੱਖ ਮੁੱਦਾ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ ਦੇ ਮਾਣ ਸਨਮਾਣ ਦਾ ਹੈ। ਅਸਲ ਵਿੱਚ ਪੰਜਾਬ ਵਿੱਚ ਵੀ ਪੰਜਾਬੀ ਉਸੇ ਤਰ੍ਹਾਂ ਮਾਨ ਸਨਮਾਨ ਨਾਲ ਨਿਵਾਜੀ ਜਾਣੀ ਚਾਹੀਦੀ ਸੀ ਜਿਵੇਂ ਦੱਖਣੀ ਭਾਰਤ ਵਿਚ ਉਧਰ ਦੀਆਂ ਭਾਸ਼ਾਵਾਂ ਦਾ ਮਾਣ ਸਨਮਾਣ ਹੁੰਦਾ ਹੈ। ਬਿਲਕੁਲ ਉਸੇ ਆਦਰ ਨਾਲ ਜਿਸ ਤਰ੍ਹਾਂ ਦੇ ਸਤਿਕਾਰ ਅਤੇ ਪ੍ਰੇਮ ਦੀ ਗੱਲ ਰਸੂਲ ਹਮਜ਼ਾਤੋਵ ਨੇ ਮੇਰਾ ਦਾਗਿਸਤਾਨ ਵਿੱਚ ਕੀਤੀ ਸੀ। ਬਿਲਕੁਲ ਉਸੇ ਸ਼ਾਨ ਦੀ ਗੱਲ ਜਿਸਨੂੰ ਜਨਾਬ ਫ਼ਿਰੋਜ਼ਦੀਨ ਸ਼ਰਫ਼ ਹੁਰਾਂ ਨੇ ਬਿਆਨ ਕੀਤਾ ਹੈ। ਉਹਨਾਂ ਦੀਆਂ ਸਤਰਾਂ ਇੱਕ ਵਾਰ ਫੇਰ ਯਾਦ ਕਰਾਉਣੀਆਂ ਜ਼ਰੂਰੀ ਲੱਗਦੀਆਂ ਹਨ:
ਬੋਲੀ ਆਪਣੀ ਨਾਲ ਪਿਆਰ ਰੱਖਾਂ,
ਇਹ ਗੱਲ ਆਖਣੋਂ ਕਦੀ ਨਾਂ ਸੰਗਦਾ ਹਾਂ।
ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ,
ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ।
ਮਿਲੇ ਮਾਣ ਪੰਜਾਬੀ ਨੂੰ ਦੇਸ ਅੰਦਰ,
ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ।
ਪਰ ਇਥੇ ਹੁੰਦਾ ਕੀ ਰਿਹਾ? ਪੰਜਾਬੀ ਨੂੰਵਿਸਾਰ ਕੇ ਹੋਰ ਭਾਸ਼ਾਵਾਂ ਵਿੱਚ ਗੱਲ ਕਰਨਾ ਫਖਰ ਸਮਝਿਆ ਜਾਣ ਲੱਗ ਪਿਆ। ਮਾਤ ਭਾਸ਼ਾ ਨਾਲ ਇਸ ਬੇਵਫ਼ਾਈ ਲਈ ਕਿਸੇ ਸਰਕਾਰ ਨੇ ਨਹੀਂ ਸੀ ਕਿਹਾ। ਮਰਦਮ ਸ਼ੁਮਾਰੀ ਸਮੇਂ ਪੰਜਾਬੀ ਦੀ ਥਾਂ 'ਤੇ ਹਿੰਦੀ ਨੂੰ ਮਾਤਭਾਸ਼ਾ ਲਿਖਵਾਉਣ ਦਾ ਪ੍ਰਚਾਰ ਜ਼ਰੂਰ ਸਿਆਸੀ ਅਤੇ ਸਾਜ਼ਿਸ਼ੀ ਸੀ ਪਰ ਇਸ ਪ੍ਰਚਾਰ ਨੂੰ ਮੰਨਣ ਲਾਇ ਕਿਸੇ ਨੇ ਦਬਾਅ ਨਹੀਂ ਸੀ ਪਾਇਆ। ਵੱਡੇ ਵੱਡੇ ਅਦਾਰਿਆਂ ਦੇ ਬੌਰਡਾਂ 'ਤੇ ਮੋਟੇ ਮੋਟੇ ਸ਼ਬਦਾਂ ਵਿਚ ਲਿਖੀ ਪੰਜਾਬੀ ਦੇ ਸਪੈਲਿੰਗ ਗਲਤ ਹੋਣ ਇਹ ਕਿਸ ਨੇ ਦੇਖਣਾ ਸੀ? ਪ੍ਰਮੁੱਖ ਸੜਕਾਂ ਅਤੇ ਹੋਰ ਥਾਂਵਾਂ 'ਤੇ ਲੱਗੇ ਸਾਈਨ ਬੌਰਡਾਂ 'ਤੇ ਗਲਤ ਪੰਜਾਬੀ ਲਿਖਣ ਲਈ ਕਿਸ ਨੇ ਕਿਹਾ ਸੀ?ਦੱਖਣੀ ਭਾਰਤ ਦੇ ਦੱਖਣੀ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਪੰਜਾਬੀ ਮਾਤ ਭਾਸ਼ਾ ਉਹਨਾਂ ਸੂਬਿਆਂ ਦੀ ਤਰ੍ਹਾਂ ਹੀ ਲਾਗੂ ਅਤੇ ਪ੍ਰਚੱਲਿਤ ਹੋਵੇ ਇਸ ਵੱਲ ਧਿਆਨ ਕਿਓਂ ਨਹੀਂ ਦਿੱਤਾ ਗਿਆ? ਅਜਿਹੇ ਵਰਤਾਰਿਆਂ ਬਾਰੇ ਚਰਚਾਵਾਂ ਵੀ ਹੁੰਦੀਆਂ ਅਤੇ ਧਰਨਿਆਂ ਮੁਜ਼ਾਹਰਿਆਂ ਵਰਗੇ ਐਕਸ਼ਨ ਵੀ ਹੁੰਦੇ ਹਨ। ਇਹਨਾਂ ਸਾਰੀਆਂ ਸਰਗਰਮੀਆਂ ਵਿੱਚ ਜਿਹੜੇ ਵਿਅਕਤੀ ਅਤੇ ਸੰਗਠਨ ਲਗਾਤਾਰ ਸਰਗਰਮ ਰਹਿੰਦੇ ਹਨ ਉਹਨਾਂ ਵਿੱਚ ਡਾਕਟਰ ਗੁਲਜ਼ਾਰ ਪੰਧੇਰ ਅਤੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੀ ਸ਼ਾਮਲ ਹਨ। ਇਸ ਵਾਰ 12 ਫਰਵਰੀ ਦੀ ਮੀਟਿੰਗ ਵਿੱਚ ਵੀ ਇਹ ਮੁੱਦਾ ਸਰਗਰਮੀ ਨਾਲ ਵਿਚਾਰਿਆ ਗਿਆ।
ਮਾਤਭਾਸ਼ਾ ਦੇ ਮਾਣ ਸਨਮਾਣ ਲਈ ਲਗਾਤਾਰ ਸਰਗਰਮ ਰਹਿਣ ਵਾਲਾ ਇਹ ਸੰਗਠਨ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਇਸ ਵਾਰ ਵੀ ਕੁਝ ਠੋਸ ਪ੍ਰੋਗਰਾਮ ਉਲੀਕੀ ਬੈਠਾ ਹੈ। ਇਸ ਸੰਗਠਨ ਦੀ ਇਸ ਵਾਰ ਵਾਲੀ ਵਿਸ਼ੇਸ਼ ਮੀਟਿੰਗ ਵੀ ਮਾਤ ਭਾਸ਼ਾ ਦਿਵਸ ਨੂੰ ਸਮਰਪਤ ਰਹੀ। ਚੁਣੌਤੀਆਂ ਅਤੇ ਮੁਸ਼ਕਲਾਂ ਬਾਰੇ ਇਸ ਪੂਰੇ ਵੇਰਵੇ ਨਾਲ ਗੱਲ ਹੋਈ।
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਬੋਪਾਰਾਏ ਵੱਲੋਂ ਕੀਤੀ ਗਈ।ਮੀਟਿੰਗ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਤ ਕਰਦਿਆਂ ਹਰ ਪੱਧਰ ਤੇ ਮਾਤ ਭਾਸ਼ਾ ਨੂੰ ਬਣਦਾ ਸਥਾਨ ਦੇਣ ਦੀ ਸਰਕਾਰ ਅਤੇ ਸਮਾਜ ਤੋਂ ਪੁਰਜ਼ੋਰ ਮੰਗ ਕੀਤੀ ਗਈ।ਮੀਟਿੰਗ ਵਿੱਚ ਇਹ ਵੀ ਫੈਸਲਾ ਹੋਇਆ ਕਿ 19 ਫਰਵੀਰੀ ਨੂੰ ਲਿਖਾਰੀ ਸਭਾ ਰਾਮਪੁਰ ਦੇ ਸਮਾਗਮ ਵਿਚ ਪਹੁੰਚਕੇ ਪੰਜਾਬ ਦੀ ਸਭ ਤੋਂ ਪੁਰਾਣੀ ਸਭਾ 'ਲਿਖਾਰੀ ਸਭਾ ਰਾਮਪੁਰ"ਦੇ ਸਲਾਨਾ ਸਮਾਗਮ ਵਿਚ ਸ਼ਮੂਲੀਅਤ ਕਰਕੇ ਪਿੰਡਾਂ ਵਿੱਚ ਮਾਤ ਭਾਸ਼ਾ ਦਿਵਸ ਦਾ ਸੁਨੇਹਾ ਪੁਚਾਉਣ ਦਾ ਯਤਨ ਕੀਤਾ ਜਾਵੇਗਾ।
ਮਾਤ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਤੇ ਗੰਭੀਰ ਚਰਚਾ ਉਪਰੰਤ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ| ਸਭ ਤੋਂ ਪਹਿਲਾਂ ਸੁਰਜੀਤ ਸਿੰਘ ਜੀਤ ਨੇ ਗੀਤ 'ਬੱਚਤ ਕਰੀਏ ਪਾਣੀ ਦੀ', ਪੰਮੀ ਹਬੀਬ ਨੇ ਮਿੰਨੀ ਕਹਾਣੀ 'ਝੋਲ਼ੀ ਫ਼ਲ', ਜ਼ੋਰਾਵਰ ਸਿੰਘ ਪੰਛੀ ਨੇ ਗ਼ਜ਼ਲ ' ਤੇਰਾ ਖਿਆਲ', ਮਲਕੀਤ ਸਿੰਘ ਮਾਲੜਾ ਨੇ ਕਵਿਤਾ ' ਲੁੰਬੜਬੱਚੀ", ਮਹੇਸ਼ ਪਾਂਡੇ ਰੋਹਲਵੀ ਨੇ ਗ਼ਜ਼ਲ 'ਨੈਣੀਂ ਨੀਂਦ ਨਾ ਆਵੇ", ਅਮਰਜੀਤ ਸ਼ੇਰਪੁਰੀ ਨੇ ਗੀਤ 'ਨਿੱਕਾ ਬਾਲਪਨ", ਬਰਿਸ਼ਭਾਨ ਘਲੋਟੀ ਨੇ ਕਹਾਣੀ 'ਮੁਸ਼ੱਕਤ', ਬੁੱਧ ਸਿੰਘ ਨੀਲੋਂ ਨੇ ਵਿਅੰਗ ਮਈ ਕਵਿਤਾ 'ਮੇਰੀ ਗਲ਼ੀ ਦੇ ਕੁੱਤੇ", ਦਰਸ਼ਨ ਸਿੰਘ ਢੋਲਣ ਨੇ ਗੀਤ 'ਪੁੱਤਰ ਨਿਸ਼ਾਨ", ਪਰਮਿੰਦਰ ਅਲਬੇਲਾ ਨੇ ਗੀਤ ਮੇਰਾ ਪਿੰਡ, ਡਾ ਗੁਲਜ਼ਾਰ ਸਿੰਘ ਪੰਧੇਰ ਨੇ ਕਵਿਤਾ 'ਤੂੰ ਵੀ ਲਿਖ ਕਵਿਤਾਵਾਂ"ਅਤੇ ਦਰਸ਼ਨ ਸਿੰਘ ਬੋਪਾਰਾਏ ਨੇ ਕਵਿਤਾ 'ਅੱਟਣਾ ਤੇ ਅੱਥਰੂ' ਸੁਣਾਈ ਤੇ ਨਾਲ ਨਾਲ ਉਸਾਰੂ ਬਹਿਸ ਵੀ ਕੀਤੀ ਗਈ। ਅੰਤ ਵਿੱਚ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ ਨੇ ਆਏ ਹੋਏ ਕਵੀਆਂ ਦਾ ਧੰਨਵਾਦ ਕੀਤਾ | ਮੰਚ ਦੇ ਜਰਨਲ ਸਕੱਤਰ ਪਰਮਿੰਦਰ ਅਲਬੇਲਾ ਵੱਲੋਂ ਮੀਟਿੰਗ ਦਾ ਬਾਖੂਬੀ ਸੰਚਾਲਨ ਕੀਤਾ।
No comments:
Post a Comment