ਕੋਰੋਨਾ ਕਾਰਨ ਦਾਖਲ ਹੋਏ ਸਨ ਹਸਪਤਾਲ
ਇੰਦੌਰ//ਲੁਧਿਆਣਾ: 11 ਅਗਸਤ 2020: (ਐਮ ਐਸ ਭਾਟੀਆ//ਸਾਹਿਤ ਸਕਰੀਨ)::
ਸੱਤਾ ਅਤੇ ਹੋਰਨਾਂ ਸਿਆਸੀ ਥੰਮਾਂ ਨੂੰ ਆਪਣੀ ਕਲਮ ਨਾਲ ਹਿਲਾ ਦੇਣ ਦੀ ਸਮਰਥਾ ਰੱਖਣ ਵਾਲੇ ਸ਼ਾਇਰ ਡਾਕਟਰ ਰਾਹਤ ਇੰਦੋਰੀ ਹੁਣ ਸਾਡੇ ਦਰਮਿਆਨ ਨਹੀਂ ਰਹੇ। ਨਾਮਵਰ ਸ਼ਾਇਰ ਰਾਹਤ ਇੰਦੌਰੀ (70) ਦਾ ਮੰਗਲਵਾਰ ਨੂੰ ਇੰਦੌਰ ਵਿੱਚ ਦਿਹਾਂਤ ਹੋ ਗਿਆ। ਸ੍ਰੀ ਔਰਬਿੰਦੋ ਹਸਪਤਾਲ ਦੇ ਡਾਕਟਰਾਂ ਦੇ ਹਵਾਲੇ ਨਾਲ ਬਾਹਰ ਆਈ ਇਸ ਮੰਦਭਾਗੀ ਖਬਰ ਨੇ ਟਵੀਟ ਕੀਤਾ ਕਿ ਉਨ੍ਹਾ ਨੂੰ ਦੋ ਹਾਰਟ ਅਟੈਕ ਆਏ ਤੇ ਉਹਨਾਂ ਨੂੰ 60 ਫੀਸਦੀ ਨਮੋਨੀਆ ਸੀ। ਕੋਰੋਨਾ ਪਾਜ਼ੀਟਿਵ ਆਉਣ 'ਤੇ ਉਹਨਾਂ ਨੂੰ ਐਤਵਾਰ ਹਸਪਤਾਲ ਦਾਖਲ ਕਰਾਇਆ ਗਿਆ ਸੀ। ਮੰਗਲਵਾਰ ਸਵੇਰੇ ਹੀ ਸ਼ਾਇਰ ਨੇ ਟਵੀਟ ਕੀਤਾ ਸੀ, 'ਕੋਵਿਡ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ 'ਤੇ ਕੱਲ੍ਹ ਮੇਰਾ ਕੋਰੋਨਾ ਟੈੱਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਹਨਾਂ ਲਿਖਿਆ ਸੀ: ਇਸ ਵਕ਼ਤ ਮੈਂ ਔਰਬਿੰਦੋ ਹਸਪਤਾਲ ਵਿਚ ਦਾਖਲ ਹਾਂ। ਦੁਆ ਕਰੋ ਛੇਤੀ ਤੋਂ ਛੇਤੀ ਇਸ ਬੀਮਾਰੀ ਨੂੰ ਹਰਾ ਦੇਵਾਂ। ਇਕ ਹੋਰ ਇਲਤਜਾ ਹੈ, ਮੈਨੂੰ ਜਾਂ ਘਰ ਦੇ ਲੋਕਾਂ ਨੂੰ ਫੋਨ ਨਾ ਕਰਿਓ। ਮੇਰੀ ਖੈਰੀਅਤ ਟਵਿਟਰ ਤੇ ਫੇਸਬੁਕ 'ਤੇ ਤੁਹਾਨੂੰ ਮਿਲਦੀ ਰਹੇਗੀ।' ਇਸ ਸਾਲ ਦੇ ਸ਼ੁਰੂ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲੇ ਅੰਦੋਲਨ ਦੌਰਾਨ ਉਨ੍ਹਾ ਦੀ ਗਜ਼ਲ 'ਅਗਰ ਖਿਲਾਫ ਹੈਂ ਹੋਨੇ ਦੋ' ਦੀ ਇਹ ਲਾਈਨ 'ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ' ਨੇ ਅੰਦੋਲਨਾਕਾਰੀਆਂ ਵਿਚ ਅੱਗ ਪੈਦਾ ਕਰ ਦਿੱਤੀ ਸੀ। ਸਾਰੇ ਉਹਨਾਂ ਦੇ ਛੇਤੀ ਤੰਦਰੁਸਤ ਹੋਣ ਦੀ ਉਡੀਕ ਕਰ ਰਹੇ ਸਨ ਪਾਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬਾਅਦ ਦੁਪਹਿਰ ਉਹਨਾਂ ਦੇ ਦਿਲ ਦੀ ਧੜਕਣ ਅਚਾਨਕ ਹੀ ਰੁਕ ਗਈ। ਹਾਲ ਹੀ ਵਿੱਚ ਉਹਨਾਂ ਦੀ ਇਹ ਰਚਨਾ ਬਹੁਤ ਪ੍ਰਸਿੱਧ ਹੋਈ ਸੀ--
ਸਭੀ ਕਾ ਖੂਨ ਹੈ ਸ਼ਾਮਲ ਯਹਾਂ ਕਿ ਮਿੱਟੀ ਮੈਂ!
ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜੀ ਹੈ!
ਮੈਂ ਜਨਤਾ ਹੂੰ ਕਿ ਦੁਸ਼ਮਣ ਭੀ ਕਮ ਨਹੀਂ ਲੇਕਿਨ,
ਹਮਾਰੀ ਤਰਹ ਹਥੇਲੀ ਪੇ ਜਾਨ ਥੋੜੀ ਹੈ!
ਆਪਣੀਆਂ ਰਚਨਾਵਾਂ ਨੂੰ ਕਈ ਕਈ ਅੰਦਾਜ਼ ਵਿੱਚ ਵਾਰੋ ਵਾਰੀ ਪੜ੍ਹਦੇ ਹੋਏ ਰਾਹਤ ਸਾਹਿਬ ਮੁਸ਼ਾਇਰੇ ਨੂੰ ਲੁੱਟ ਲਿਆ ਕਰਦੇ ਸਨ। ਲੁਧਿਆਣਾ ਦੇ ਮੁਸ਼ਾਇਰਿਆਂ ਨਾਲ, ਨਹਿਰੂ ਸਿਧਾਂਤ ਕੇਂਦਰ ਅਤੇ ਹੋਰਨਾਂ ਥਾਵਾਂ ਨਾਲ ਉਹਨਾਂ ਦਾ ਡੂੰਘਾ ਰਿਸ਼ਤਾ ਸੀ। ਉਹਨਾਂ ਦੇ ਜਾਣ ਨਾਲਤਹਿਜ਼ੀਬ ਦੇ ਦਾਇਰੇ ਵਿਚ ਰਹੀ ਕੇ ਲਿਖਣ ਵਾਲਾ ਖਾੜਕੂ ਕਿਸਮ ਦਾ ਸ਼ਾਇਰ ਸਾਥੋਂ ਖੁਸ ਗਿਆ ਹੈ। ਇਹ ਕਮੀ ਕਦੇ ਵੀ ਪੂਰੀ ਨਹੀਂ ਹੋਣੀ। ਪੀਪਲਜ਼ ਮੀਡੀਆ ਲਿੰਕ, ਅਦਾਰਾ ਸਾਹਿਤ ਸਕਰੀਨ ਅਤੇ ਇਪਟਾ ਨਾਲ ਜੁੜੇ ਕਲਾਕਾਰਾਂ ਅਤੇ ਕਲਮਕਾਰਾਂ ਨੇ ਇਸ ਮੌਕੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ।
ਸਾਹਿਤਕਾਰਾਂ ਵਿੱਚੋਂ ਜਨਾਬ ਸਾਗਰ ਸਿਆਲਕੋਟੀ ਸਾਹਿਬ, ਡਾਕਟਰ ਗੁਲਜ਼ਾਰ ਪੰਧੇਰ, ਜਸਵੀਰ ਝੱਜ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਮਨਿੰਦਰ ਸਿੰਘ ਭਾਟੀਆ, ਰੈਕਟਰ ਕਥੂਰੀਆ, ਨੀਲੂ ਬੱਗਾ ਲੁਧਿਆਣਵੀ, ਯੁਵਾ ਸ਼ਾਇਰਾ ਕਾਰਤਿਕਾ ਸਿੰਘ, ਇਰਾਦੀਪ ਤ੍ਰੇਹਨ, ਛਾਇਆ ਸ਼ਰਮਾ, ਏਕਤਾ ਪੂਜਾ ਸ਼ਰਮਾ, ਰਾਜਨ ਸ਼ਰਮਾ, ਅਮਨਦੀਪ ਦਰਦੀ ਸਮੇਤ ਕਈਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁਲ ਅਰਪਿਤ ਕੀਤੇ।
ਪਹਿਲੀ ਜਨਵਰੀ 1950 ਨੂੰ ਇੰਦੌਰ ਵਿੱਚ ਜੰਮੇ ਜਨਾਬ ਰਾਹਤ ਸਾਹਿਬ ਸਾਰੀ ਉਮਰ ਪ੍ਰਗਤੀਸ਼ੀਲ ਲਹਿਰ ਦੇ ਪ੍ਰਤੀਕ ਵੱਜੋਂ ਵਿਚਰਦੇ ਰਹੇ। ਉਹਨਾਂ ਦੀ ਰਚਨਾ ਹੌਂਸਲਾ, ਹਿੰਮਤ ਅਤੇ ਸੰਘਰਸ਼ ਦੀ ਪ੍ਰੇਰਨਾ ਦੇਂਦੀ ਸੀ।
ਅਖੀਰ ਵਿੱਚ ਉਹਨਾਂ ਦਾ ਇੱਕ ਹੋਰ ਪ੍ਰਸਿੱਧ ਸ਼ੇਅਰ:
ਸਰਹਦੋਂ ਪਰ ਕੋਈ ਤਨਾਵ ਹੈ ਕਿਆ ?
ਜ਼ਰਾ ਪਤਾ ਤੋ ਕਰੋ ਚੁਨਾਵ ਹੈਂ ਕਿਆ!
No comments:
Post a Comment