ਪ੍ਰੋਫੈਸਰ ਗੁਰਭਜਨ ਗਿੱਲ ਦਾ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਗੀਤ

ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਪੰਜਾਬੀ ਕਵੀ ਪ੍ਰੋ: ਗੁਰਭਜਨ ਗਿੱਲ ਵੱਲੋਂ ਲਿਖੇ ਗੀਤ ਕੰਧੇ ਸਰਹੰਦ ਦੀਏ, ਅੱਥਰੂ ਨਾ ਕੇਰ ਨੀ। ਦੱਸ ਕਿਹੜੀ ਰਾਤ ਜੀਹਦੀ ਹੁੰਦੀ ਨਾ ਸਵੇਰ ਨੀ...। ਇਸ ਗੀਤ ਨੂੰ ਉੱਘੇ ਲੋਕ ਗਾਇਕ ਅਸ਼ਵਨੀ ਵਰਮਾ ਲੁਧਿਆਣਵੀ ਨੇ ਸੁਰੀਲੀ ਤੇ ਦਰਦੀਲੀ ਆਵਾਜ਼ ਚ ਰੀਕਾਰਡ ਕਰਕੇ ਪ੍ਰਸਿੱਧ ਕੰਪਨੀ ਅਮਰ ਆਡਿਉ ਵੱਲੋਂ ਰਿਲੀਜ਼ ਕੀਤਾ ਹੈ।
ਪਿੰਕੀ ਧਾਲੀਵਾਲ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੀ ਇਸ ਪੇਸ਼ਕਸ਼ ਨੂੰ ਯੂ ਟਿਊਬ ਤੇ ਹੋਰ ਸੰਚਾਰ ਮਾਧਿਅਮਾਂ ਰਾਹੀਂ ਅੱਜ ਸ਼ਾਮੀਂ ਲੋਕ ਅਰਪਨ ਕਰ ਦਿੱਤਾ ਗਿਆ ਹੈ।
ਇਸ ਦਾ ਸੰਗੀਤ ਨੌਜਵਾਨ ਸੰਗੀਤਕਾਰ ਕਰਣ ਪ੍ਰਿੰਸ ਨੇ ਦਿੱਤਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਇਹ ਗੀਤ ਗੁਰਭਜਨ ਗਿੱਲ ਨੇ 2004 ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਤੀਸਰੀ ਸ਼ਤਾਬਦੀ ਵੇਲੇ ਲਿਖਿਆ ਸੀ।
ਇਹ ਗੀਤ ਸਿੱਖ ਸ਼ਹੀਦਾਂ ਦੀਆਂ ਪੇਂਟਿੰਗ ਤੇ ਆਧਾਰਿਤ ਤਸਵੀਰਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਹਰ ਸਤਰ ਦਿਲ ਨੂੰ ਹਲੂਣਾ ਦੇਂਦੀ ਹੈ। ਦਿਮਾਗ ਨੂੰ ਵੀ ਝੰਜੋੜਦੀ ਹੈ। ਨਵੇਂ ਸਾਲ ਅਤੇ ਕ੍ਰਿਸਮਿਸ ਦੀਆਂ ਵਧਾਈਆਂ ਵਿੱਚ ਗੁਆਚਿਆਂ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਕਰਾਉਂਦੀ ਹੈ ਜਿਹਨਾਂ ਨੂੰ ਭੁਲਾਉਣ ਦੀਆਂ ਸਾਜ਼ਿਸ਼ਾਂ ਲੰਮੇ ਸਮੇਂ ਤੋਂ ਜਾਰੀ ਹਨ। ਇਸ ਗੀਤ ਨੂੰ ਤੁਸੀਂ ਇਥੇ ਕਲਿੱਕ ਕਰਕੇ ਵੀ ਦੇਖ ਸੁਣ ਸਕਦੇ ਹੋ। ਕਿਹੋ ਜਿਹਾ ਲੱਗਿਆ ਇਹ ਗੀਤ ਦੱਸਣਾ ਜ਼ਰੂਰ। --ਰੈਕਟਰ ਕਥੂਰੀਆ (+919915322407)