Gurbhajan Singh Gill on Wednesday 11th June 2026 at 07:06 AM Sahit Screen Regarding Global Poetry
ਏਨੀ ਬਹੁਤੀ ਅੱਤ ਨਾ ਚੰਗੀ! ਕੁੱਲ ਦੁਨੀਆਂ ਸੂਲੀ ਤੇ ਟੰਗੀ!
ਜੰਗਲ ਦੇ ਵਿਚ ਸ਼ੇਰ ਨਾ ਬਣ ਤੂੰ,
ਜੱਗ ਤੋਂ ਪਸ਼ੂ ਕਹਾਵੇਂਗਾ ।
ਜੰਗਲ ਜੋਗਾ ਰਹਿ ਕੇ ਦੱਸ
ਤੂੰ ਫਿਰ ਕਿੱਧਰ ਨੂੰ ਜਾਵੇਂਗਾ ?
ਦੁਨੀਆਂ ਦੇ ਵਿਚ ਮਾਰ ਮਰੱਈਆ ।
ਤੇਰੀ ਥੈਲੀ ਵਿਚ ਰੁਪੱਈਆ ।
ਮੰਨਿਆ ਤੂੰ ਵੱਡਾ ਮੁਲਖ਼ਈਆ ।
ਏਨੇ ਪੱਥਰ ਬੇੜੀ ਇੱਕੋ,
ਸਾਗਰ ਵਿਚ ਡੁੱਬ ਜਾਵੇਂਗਾ ।
ਏਨੀ ਬਹੁਤੀ ਅੱਤ ਨਾ ਚੰਗੀ ।
ਕੁੱਲ ਦੁਨੀਆਂ ਸੂਲੀ ਤੇ ਟੰਗੀ ।
ਧਾਰੇਂ ਨੀਤੀ ਰੰਗ-ਬਰੰਗੀ ।
ਦੂਜੇ ਦੇ ਘਰ ਬਾਲ ਮੁਆਤਾ,
ਆਪ ਕਿਵੇਂ ਬਚ ਜਾਵੇਂਗਾ ?
ਕਰਦੈਂ ਜਬਰ, ਅਜਾਰੇਦਾਰਾ ।
ਹਥਿਆਰਾਂ ਦੇ ਸਿਰ ਸਰਦਾਰਾ ।
ਪੁੱਠੀਆਂ ਮੱਤਾਂ, ਉਲਟਾ ਕਾਰਾ ।
ਜੇਕਰ ਪਿੱਛੇ ਮੁੜ ਨਾ ਹੋਇਆ,
ਅੱਗੇ ਕਿੱਧਰ ਜਾਵੇਗਾ ?
ਲਿੱਸਿਆਂ ਤੇ ਤਲਵਾਰ ਚਲਾਵੇਂ ।
ਲਾਸ਼ਾਂ ਦੇ ਅੰਬਾਰ ਲਗਾਵੇਂ ।
ਫਿਰ ਤੂੰ ਬੱਗਾ ਸ਼ੇਰ ਕਹਾਵੇਂ ।
ਸਿਵਿਆਂ ਅੰਦਰ ਮਿੱਟੀ ਉੱਤੇ,
ਕਿੱਦਾਂ ਹੁਕਮ ਚਲਾਵੇਂਗਾ?
ਪਹਿਲਾਂ ਤੂੰ ਸ਼ੈਤਾਨ ਸ਼ਿੰਗਾਰੇਂ ।
ਰੌਲਾ ਪਾ ਲੋਕਾਂ ਨੂੰ ਚਾਰੇਂ ।
ਫਿਰ ਤੂੰ ਉਸ ਨੂੰ ਫੜ ਕੇ ਮਾਰੇਂ ।
ਕਾਠ ਦੀ ਹਾਂਡੀ ਦੇ ਵਿਚ ਦੱਸ ਤੂੰ,
ਕਦ ਤੱਕ ਲਾਸ਼ ਪਕਾਵੇਂਗਾ!
ਬੁਰਿਆ ਤੂੰ ਕਰਦੈਂ ਬੁਰਿਆਈ ।
ਮੂੰਹੋਂ ਆਖੇਂ ਲੋਕ-ਭਲਾਈ ।
ਮਾਰੇਂ ਡਾਕੇ ਕਹੇਂ ਕਮਾਈ ।
ਏਨੀ ਦੌਲਤ 'ਕੱਠੀ ਕਰਕੇ,
ਫਿਰ ਕਿਹੜਾ ਰੱਜ ਜਾਵੇਂਗਾ ?
ਤੇਰੇ ਹੁੰਦਿਆ ਡਰਦੇ ਰਹੀਏ ।
ਜਾਣਦਿਆਂ ਵੀ, ਕੁਝ ਨਾ ਕਹੀਏ ।
ਤੇਰਾ ਜਬਰ ਕੁਹਾੜਾ ਸਹੀਏ ।
ਜੇ ਦਮ ਘੁੱਟ ਕੇ ਮਰ ਗਏ ਆਪਾਂ,
ਕਿਸ ਤੇ ਰੋਅਬ ਜਮਾਵੇਂਗਾ?
🔳

No comments:
Post a Comment