Remembering V I Lenin in Poetry by Shiv Kumar Batalvi
ਝੁਕਿਆ ਸੀਸ//ਸ਼ਿਵ ਕੁਮਾਰ ਬਟਾਲਵੀ
ਮੈਂ ਉਸ ਦਿਨ ਪਹਿਲ ਵਾਰੀ
ਮਿਲ ਕੇ ਤੈਨੂੰ ਆ ਰਿਹਾ ਸਾਂ
ਸਫ਼ਿਆਂ ਦੇ ਸ਼ਹਿਰ ਸਤਰਾਂ ਦੀਆਂ
ਅਣਗਿਣਤ ਸੜਕਾਂ ਸਨ
ਤੇ ਸੜਕਾਂ ਤੇ ਤੇਰੇ ਸ਼ਬਦਾਂ ਦੀ
ਵਗਦੀ ਭੀੜ ਸੰਘਣੀ ਸੀ
ਤੇ ਨੰਗੀ ਅੱਖ ਬਿਨ-ਝਿੰਮਣੀ ਦੇ
ਮੈਂ ਇਹ ਭੀੜ ਲੰਘਣੀ ਸੀ
ਤੇ ਤੈਨੂੰ ਮਿਲ ਕੇ ਗੀਤਾਂ ਵਾਸਤੇ
ਇਕ ਚਿਣਗ ਮੰਗਣੀ ਸੀ
ਮੈਂ ਉਸ ਦਿਨ ਪਹਿਲ ਵਾਰੀ
ਮਿਲ ਕੇ ਤੈਨੂੰ ਆ ਰਿਹਾ ਸਾਂ
ਤੇ ਨੰਗੀ ਅੱਖ ਬਿਨ ਝਿੰਮਣੀ 'ਚ
ਸੂਰਜ ਪਾ ਰਿਹਾ ਸਾਂ
ਮੈਂ ਨੰਗੀ ਅੱਖ ਵਿਚ ਸੂਰਜ ਨੂੰ ਪਾ
ਸਫ਼ਿਆਂ 'ਤੇ ਜਦ ਚੱਲਿਆ
ਮੈਂ ਹਰ ਇਕ ਸਤਰ ਤੋਂ ਡਰਿਆ
ਅਮਨ-ਸ਼ਬਦਾਂ ਦਾ ਹੱਥ ਫੜਿਆ
ਸਫ਼ੇ 'ਤੇ ਵਗ ਰਿਹਾ ਦਰਿਆ
ਮੇਰੇ ਨੈਣਾਂ 'ਚ ਆ ਖੜ੍ਹਿਆ
ਮੈਂ ਤੇਰੀ ਦਾਸਤਾਂ ਸਾਵ੍ਹੇਂ
ਨਮੋਸ਼ਾ ਸੜਕ 'ਤੇ ਮਰਿਆ
ਮੇਰੀ ਛਾਤੀ 'ਚ ਸੁੱਤੇ ਲੋਹੇ ਨੂੰ
ਇਕ ਤਾਪ ਆ ਚੜ੍ਹਿਆ
ਤੇ ਨੰਗੀ ਅੱਖ ਬਿਨ ਝਿੰਮਣੀ 'ਚ
ਇਕ ਸ਼ੁਅਲਾ ਜਿਹਾ ਬਲਿਆ
ਇਹ ਕੈਸਾ ਸ਼ਹਿਰ ਸੀ ਜਿਸ ਵਿਚ
ਸਿਰਫ਼ ਬੱਸ ਕਤਲਗਾਹਾਂ ਸਨ
ਇਹ ਕੈਸਾ ਸ਼ਹਿਰ ਸੀ ਜਿਸ ਵਿਚ
ਸਲੀਬਾਂ ਦਾ ਹੀ ਮੌਸਮ ਸੀ ?
ਪਰ ਤੇਰੇ ਅਜ਼ਮ ਦੀ ਹਰ ਸੜਕ 'ਤੇ
ਕੰਦੀਲ ਰੌਸ਼ਨ ਸੀ
ਮੈਂ ਉਸ ਦਿਨ ਪਹਿਲ ਵਾਰੀ
ਮਿਲ ਕੇ ਤੈਨੂੰ ਜਾ ਰਿਹਾ ਸਾਂ
ਤੇ ਸੂਰਜ ਮਾਂਜ ਕੇ ਮੁੜ ਮੁੜ
ਗਗਨ 'ਤੇ ਲਾ ਰਿਹਾ ਸਾਂ
ਮੈਂ ਹਰਫ਼ਾਂ ਦੇ ਚੁਰਾਹਿਆਂ 'ਤੇ
ਜਦੋਂ ਤੈਨੂੰ ਬੋਲਦਾ ਤੱਕਿਆ
ਮੈਂ ਹਰ ਇਕ ਬੋਲ ਸੰਗ ਰੱਤਿਆ
ਮੈਂ ਤੈਥੋਂ ਚਿਣਗ ਮੰਗਣ ਵਾਸਤੇ
ਤੇਰੇ ਬੋਲ ਵੱਲ ਨੱਸਿਆ
ਤੇਰਾ ਹਰ ਬੋਲ ਮਿੱਠਾ
ਫੱਗਣੀ ਧੁੱਪਾਂ ਤੋਂ ਕੋਸਾ ਸੀ
ਤੇਰਾ ਚਿਹਰਾ ਜਿਵੇਂ ਚੇਤਰ ਦੀਆਂ
ਮਹਿਕਾਂ ਦਾ ਹਉਕਾ ਸੀ
ਤੇ ਤੇਰੇ ਹੱਥ ਵਿਚ ਫੜਿਆ ਹੋਇਆ
ਸੂਰਜ ਦਾ ਟੋਟਾ ਸੀ
ਮੈਂ ਉਸ ਦਿਨ ਪਹਿਲ ਵਾਰੀ
ਮਿਲ ਕੇ ਤੈਨੂੰ ਆ ਰਿਹਾ ਸਾਂ
ਲੋਹੇ ਦਾ ਗੀਤ ਗੰਗਾ ਤੇ ਖਲੋਤਾ
ਗਾ ਰਿਹਾ ਸਾਂ
ਮੈਂ ਉਸ ਦਿਨ ਹਾਜ਼ਰੀ ਤੇਰੀ 'ਚ
ਫਿਰ ਇਕ ਗੀਤ ਗਾਇਆ ਸੀ
ਤੇ ਬਿਨ ਮੇਰੇ ਮੇਰਾ ਉਹ ਗੀਤ
ਕੋਈ ਨਾ ਸੁਣਨ ਆਇਆ ਸੀ
ਤੇ ਤੂੰ ਮੇਰੇ ਸੌਂ ਰਹੇ ਲੋਹੇ 'ਤੇ
ਉਸ ਦਿਨ ਮੁਸਕਰਾਇਆ ਸੀ
ਮੈਂ ਉਸ ਦਿਨ ਪਹਿਲ ਵਾਰੀ
ਮਿਲ ਕੇ ਤੈਨੂੰ ਆ ਰਿਹਾ ਸਾਂ
ਤੇ ਆਪਣੇ ਸੌਂ ਰਹੇ ਲੋਹੇ ਤੋਂ
ਮੈਂ ਸ਼ਰਮਾ ਰਿਹਾ ਸਾਂ
ਤੇ ਫਿਰ ਇਕ ਬੋਲ ਤੇਰੇ ਨੇ
ਮੇਰਾ ਲੋਹਾ ਜਗਾ ਦਿੱਤਾ
ਤੂੰ ਆਪਣੀ ਤਲੀ 'ਤੇ ਧਰਿਆ
ਮੈਨੂੰ ਸੂਰਜ ਫੜਾ ਦਿੱਤਾ
ਤੇ ਮੇਰੇ ਗੀਤ ਨੂੰ ਤੂੰ
ਖੁਦਕੁਸ਼ੀ ਕਰਨੋਂ ਬਚਾ ਲੀਤਾ
ਮੈਂ ਉਸ ਦਿਨ ਪਹਿਲ ਵਾਰੀ
ਮਿਲ ਕੇ ਤੈਨੂੰ ਆ ਰਿਹਾ ਸਾਂ
ਤੇ ਆਪਣਾ ਗੀਤ ਲੈ ਕੇ
ਝੁੱਗੀਆਂ ਵੱਲ ਜਾ ਰਿਹਾ ਸਾਂ
ਤੇ ਝੁਕਿਆ ਸੀਸ ਤੈਨੂੰ
ਅਰਪ ਕੇ ਮੁਸਕਾ ਰਿਹਾ ਸਾਂ
...........

No comments:
Post a Comment