google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: August 2024

Thursday, 29 August 2024

ਮੋਹਨਜੀਤ: ਸ਼ਖ਼ਸੀਅਤ ਤੇ ਸਿਰਜਣਾ ਬਾਰੇ ਨੈਸ਼ਨਲ ਸੈਮੀਨਾਰ

Wednesday 28th August 2024 at 5:01 PM

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਾਇਆ ਗਿਆ ਇੱਕ ਹੋਰ ਯਾਦਗਾਰੀ ਸਮਾਗਮ  


ਲੁਧਿਆਣਾ: 28 ਅਗਸਤ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਦੀ ਪਟਿਆਲਾ ਇਕਾਈ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਪੰਜਾਬ ਦੇ ਸੈਮੀਨਾਰ ਹਾਲ ਵਿੱਚ ਮਰਹੂਮ ਸ਼ਾਇਰ ਮੋਹਨਜੀਤ ਹੋਰਾਂ ਦੀ ਯਾਦ ਨੂੰ ਸਮਰਪਿਤ ਨੈਸ਼ਨਲ ਸੈਮੀਨਾਰ  ਮੋਹਨਜੀਤ: ਸ਼ਖਸੀਅਤ ਤੇ ਸਿਰਜਣਾ ਕਰਵਾਇਆ ਗਿਆ।

ਦੋ ਸੈਸ਼ਨਾਂ ਵਿੱਚ ਵੰਡੇ ਹੋਏ ਇਸ ਸਮਾਗਮ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ ਅਤੇ ਇਸ ਵਿੱਚ ਮੁੱਖਸੁਰ ਭਾਸ਼ਣ ਪੰਜਾਬੀ ਸ਼ਾਇਰ, ਨਾਟਕਕਾਰ ਤੇ ਸੰਪਾਦਕ ਸਵਰਾਜਬੀਰ ਹੋਰਾਂ ਨੇ ਦਿੱਤਾ। ਸਵਰਾਜਬੀਰ ਨੇ ਆਪਣੇ ਮੁੱਖ ਸੁਰਭਾਸ਼ਣ ਵਿੱਚ ਡਾ. ਮੋਹਨਜੀਤ ਹੋਰਾਂ ਨਾਲ ਦਹਾਕਿਆਂ ਦੀ ਸਾਂਝ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੇਰੇ ਲਈ ਡਾ. ਮੋਹਨਜੀਤ ਬਾਰੇ ਬੋਲਣਾ ਬਹੁਤ ਹੀ ਭਾਵੁਕ ਮਸਲਾ ਹੈ, ਪਰ ਡਾ. ਮੋਹਨਜੀਤ ਹੋਰਾਂ ਬਾਰੇ ਗੱਲ ਕਰਨੀ ਸਦੀ ਦੀ ਕਵਿਤਾ ਨਾਲ ਸੰਵਾਦ ਰਚਾਉਣ ਵਰਗਾ ਹੈ। ਡਾ. ਮੋਹਨਜੀਤ ਜਿਵੇਂ ਜਿਵੇਂ ਅੱਗੇ ਵਧਿਆ ਤਿਵੇਂ ਤਿਵੇਂ ਉਸਦੀ ਸ਼ਖਸ਼ੀਅਤ ਅਤੇ ਉਸਦੀ ਕਵਿਤਾ ਦੇ ਵੱਖ ਵੱਖ ਪਾਸਾਰ ਵੀ ਅੱਗੇ ਵਧੇ। ਇਸੇ ਲਈ ਪਾਠਕ ਨੂੰ ਹਰ ਕਿਤਾਬ ਵਿੱਚ ਵੱਖਰਾ ਡਾ. ਮੋਹਨਜੀਤ ਨਜ਼ਰ ਆਉਂਦਾ ਹੈ। ਉਸਦੇ ਰੇਖਾ ਚਿੱਤਰਾਂ ਦਾ ਰੰਗ ਕਵਿਤਾ ਦੇ ਹਵਾਲੇ ਨਾਲ ਇਨਾਂ ਵਿਲੱਖਣ ਹੈ ਕਿ ਉਹਨਾਂ ਨੂੰ ਦੁਨੀਆਂ ਦੀ ਕਿਸੇ ਵੀ ਭਾਸ਼ਾ ਦੇ ਵੱਡੇ ਸਾਹਿਤ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ। 

ਪੰਜਾਬੀ ਕਵਿਤਾ ਵਿੱਚ ਆਏ ਨਾਜ਼ੁਕ ਵੇਲਿਆਂ ਦੀ ਯਾਦ ਦੁਆਉਂਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਜਿਸ ਵੇਲੇ ਪੰਜਾਬੀ ਕਵਿਤਾ ਦੇਹੀ ਨਾਦ ਵਿੱਚ ਉਲਝੀ ਹੋਈ ਸੀ, ਜਿਸ ਵੇਲੇ ਨਵਾਂ ਨਵਾਂ ਬਾਜ਼ਾਰ ਪੰਜਾਬੀ ਸ਼ਾਇਰਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਸੀ ਉਸ ਦੌਰ ਵਿੱਚ ਲੋਕ ਸਰੋਕਾਰਾਂ ਦੀ ਗੱਲ ਕਰਨਾ ਤੇ ਕਵਿਤਾ ਦੇ ਸੁਹਜ ਨੂੰ ਕਾਇਮ ਰੱਖਣਾ ਇੱਕ ਵੱਡੀ ਚੁਣੌਤੀ ਸੀ, ਜਿਸ ਨੂੰ ਡਾ. ਮੋਹਨਜੀਤ ਹੋਰਾਂ ਨੇ ਬਾਖੂਬੀ ਨਿਭਾਇਆ। ਵਿਸ਼ੇਸ਼ ਤੌਰ ਤੇ ਡਾ. ਸੁਖਦੇਵ ਸਿੰਘ ਸਿਰਸਾ ਹੋਰਾਂ ਨੇ ਉਹਲੇ ਵਿੱਚ ਉਜਿਆਰਾ ਕਾਵਿ ਸੰਗ੍ਰਹਿ ਦੇ ਹਵਾਲੇ ਨਾਲ ਉਹਨਾਂ ਦੀ ਕਵਿਤਾ ਦੇ ਵਿਭਿੰਨ ਪਹਿਲੂਆਂ ਤੇ ਚਰਚਾ ਕੀਤੀ।

ਦਿੱਲੀ ਯੂਨੀਵਰਸਿਟੀ ਤੋਂ ਪੰਜਾਬੀ ਦੇ ਨੌਜਵਾਨ ਅਧਿਆਪਕ ਡਾ. ਯਾਦਵਿੰਦਰ ਸਿੰਘ ਨੇ ਡਾ. ਮੋਹਨਜੀਤ ਦੇ ਰੇਖਾ ਚਿੱਤਰਾਂ ਤੇ ਆਪਣਾ ਰਿਸਰਚ ਪੇਪਰ ਪੇਸ਼ ਕਰਦੇ ਹੋਏ ਕਿਹਾ ਕਿ ਕਵਿਤਾ ਦੀ ਭਾਸ਼ਾ ਵਾਰਤਕ ਦੀ ਭਾਸ਼ਾ ਦੇ ਮੁਕਾਬਲੇ ਵਧੇਰੇ ਸੁਹਜਾਤਮਕ ਹੁੰਦੀ ਹੈ। ਉਹਨਾਂ ਕਿਹਾ ਕਿ ਵਾਰਤਕ ਕਿਸੇ ਬੰਦੇ ਦੀ ਬੰਦੇ ਦੇ ਵਿਅਕਤਿਤਵ ਨੂੰ ਹੋਰ ਤਰੀਕੇ ਨਾਲ ਫੜਦੀ ਹੈ ਅਤੇ ਕਵਿਤਾ ਬੰਦੇ ਦੇ ਵਿਅਕਤਿਤਵ ਨੂੰ ਹੋਰ ਜ਼ਾਵੀਏ ਤੋਂ ਪਰਿਭਾਸ਼ਿਤ ਕਰਦੀ ਹੈ।

ਇੱਕ ਹੋਰ ਨੌਜਵਾਨ ਆਲੋਚਕ ਡਾ. ਜਤਿੰਦਰ ਸਿੰਘ ਹੋਰਾਂ ਨੇ ਪੰਜਾਬੀ ਸ਼ਾਇਰੀ ਦੇ ਹਵਾਲਿਆਂ ਨਾਲ ਡਾ. ਮੋਹਨਜੀਤ ਦੇ ਅੰਮ੍ਰਿਤਸਰ ਸ਼ਹਿਰ ਦੇ ਨਾਲ ਰਿਸ਼ਤੇ ਨੂੰ ਕੇਂਦਰ ਵਿੱਚ ਰੱਖ ਕੇ ਅੰਮ੍ਰਿਤਸਰ ਦੀ ਵਿਲੱਖਣਤਾ ਤੇ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਡਾ. ਮੋਹਨਜੀਤ ਦੀ

ਕਵਿਤਾ ਦੀ ਵਿਲੱਖਣਤਾ ਨੂੰ ਪੇਸ਼ ਕਰਦਿਆਂ ਇੱਕ ਨਵੇਂ ਨਜ਼ਰੀਏ ਤੋਂ ਇਸ ਵੱਡੇ ਸ਼ਾਇਰ ਦੀ ਸ਼ਖਸ਼ੀਅਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।

ਸੈਸ਼ਨ ਦੇ ਆਰੰਭ ਵਿੱਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਪੰਜਾਬੀ ਸਾਹਿਤ ਅਕਾਦਮੀ ਦੇ ਪਿਛਲੇ ਦਿਨਾਂ ਵਿੱਚ ਕਰਵਾਏ ਕੰਮਾਂ ਦੀ ਤਫਸੀਲ ਦਿੰਦਿਆਂ ਕਿਹਾ ਕਿ ਸ਼ਖ਼ਸੀਅਤ ਤੇ ਸਿਰਜਣਾ ਇੱਕ ਅਜਿਹੀ ਅਦਬੀ ਲੜੀ ਹੈ ਜਿਸ ਵਿੱਚ ਇਸ ਤੋਂ ਪਹਿਲਾਂ ਸੁਰਜੀਤ ਪਾਤਰ ਦੀ ਸ਼ਖਸ਼ੀਅਤ ਤੇ ਸਿਰਜਣਾ ਬਾਰੇ ਸਮਾਗਮ ਕਰਵਾਇਆ ਗਿਆ ਹੈ, ਹੁਣ ਇਹ ਸਮਾਗਮ ਡਾ. ਮੋਹਨਜੀਤ ਬਾਰੇ ਹੋ ਰਿਹਾ ਹੈ ਇਸ ਤੋਂ ਬਾਅਦ ਇਸੇ ਲੜੀ ਦੇ ਵਿੱਚ ਸੁਖਜੀਤ ਹੋਰਾਂ ਦੇ ਗਲਪ ਸੰਸਾਰ ਦੇ ਉੱਤੇ ਇਸੇ ਸਿਰਲੇਖ ਹੇਠ ਪ੍ਰੋਗਰਾਮ ਕਰਵਾਇਆ ਜਾਣਾ ਹੈ ਤੇ ਇਹ ਸਿਲਸਿਲਾ ਚੱਲਦਾ ਰਹੇਗਾ। ਅਕਾਡਮੀ ਮੈਂਬਰ ਨਰਿੰਦਰਪਾਲ ਕੌਰ ਨੇ ਡਾ. ਮੋਹਨਜੀਤ ਦੀ ਸ਼ਾਇਰੀ ਦਾ ਪਾਠ ਕੀਤਾ।

ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਪ੍ਰੋਗਰਾਮ ਕਨਵੀਨਰ ਸਤਪਾਲ ਭੀਖੀ ਨੇ ਪ੍ਰਗਤੀਸ਼ੀਲ ਲੇਖਕ ਸੰਘ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਸੁਮੇਲ ਵਿੱਚੋਂ ਹੋ ਰਹੇ ਰਹੇ ਇਸ ਪ੍ਰੋਗਰਾਮ ਦੇ ਸੰਦਰਭਾਂ ਦੀ ਭੂਮਿਕਾ ਬੰਨਣ ਦੇ ਰੂਪ ਵਿਚ ਹੋਇਆ ਤੇ ਪਹਿਲੇ ਸੈਸ਼ਨ ਦਾ ਸੰਚਾਲਨ ਪੰਜਾਬੀ ਦੇ ਪ੍ਰਸਿੱਧ ਆਲੋਚਕ ਡਾ. ਅਰਵਿੰਦਰ ਕੌਰ ਕਾਕੜਾ ਹੋਰਾਂ ਨੇ ਬਹੁਤ ਖੂਬਸੂਰਤੀ ਨਾਲ ਕੀਤਾ।

ਦੂਜੇ ਸੈਸ਼ਨ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਅਤੇ ਪੰਜਾਬੀ ਦੇ ਦੋ ਵੱਡੇ ਸ਼ਾਇਰਾਂ ਪ੍ਰੋ.  ਸੁਰਜੀਤ ਜੱਜ ਅਤੇ ਤਰਸੇਮ ਨੇ ਕੀਤੀ। ਇਸ ਸੈਸ਼ਨ ਵਿੱਚ ਦਿੱਲੀ ਦੇ ਮਾਤਾ ਸੁੰਦਰੀ ਕਾਲਜ ਦੇ ਪ੍ਰੋਫੈਸਰ ਡਾ. ਹਰਵਿੰਦਰ ਸਿੰਘ ਹੋਰਾਂ ਨੇ ਡਾ. ਮੋਹਨਜੀਤ ਦੀ ਲੰਮੀ ਕਵਿਤਾ ਲੀਲਾਵਤੀ ਦੇ ਮਿੱਥਕ ਸਰੋਕਾਰਾਂ ਉੱਪਰ ਚਰਚਾ ਕਰਦਿਆਂ ਕਿਹਾ ਕਿ ਡਾ. ਮੋਹਨਜੀਤ ਬਹੁਤ ਗਹਿਰਾਈ ਵਿੱਚ ਭਾਰਤੀ ਅਵਚੇਤਨ ਦੇ ਮਿੱਥ ਸਰੋਕਾਰਾਂ ਨੂੰ ਆਪਣੀ ਸ਼ਾਇਰੀ ਵਿੱਚ ਸਮਝਣ ਦੀ ਕੋਸ਼ਿਸ਼ ਕਰਦਾ ਹੈ।

ਅੰਮ੍ਰਿਤਸਰ ਤੋਂ ਵਿਦਵਾਨ ਡਾ. ਮਨੀਸ਼ ਕੁਮਾਰ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦਾ ਪਰਚਾ ਡਾ. ਕੁਲਦੀਪ ਸਿੰਘ ਦੀਪ ਵੱਲੋਂ ਪੇਸ਼ ਕੀਤਾ ਗਿਆ. ਡਾ. ਕੁਲਦੀਪ ਸਿੰਘ ਦੀਪ ਨੇ ਮੋਹਨਜੀਤ ਦੀ ਇੱਕ ਹੋਰ ਲੰਮੀ ਕਵਿਤਾ ਕੋਣੇ ਦਾ ਸੂਰਜ ਜਿਸ ਉੱਪਰ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ, ਉਸ ਬਾਰੇ ਗੱਲਬਾਤ ਕਰਦਿਆਂ ਉਸ ਕਵਿਤਾ ਦੀ ਪਹਿਲੀ ਪੜਤ ਦੇ ਰੂਪ ਦੇ ਵਿੱਚ ਕੋਣਾਰਕ ਮੰਦਰ ਦਾ ਬਾਹਰੋਂ ਦਿਸਦਾ ਰੂਪ, ਦੂਜੀ ਪੜਤ ਦੇ ਰੂਪ ਦੇ ਵਿੱਚ ਕੋਣਾਰਕ ਮੰਦਰ ਦੇ ਪਿੱਛੇ ਕੰਮ ਕਰਦੀਆਂ ਦੋ ਮਿਥਾਂ ਪਰ ਤੀਜੀ ਗਹਿਨ ਪੜਤ ਦੇ ਰੂਪ ਦੇ ਵਿੱਚ ਉਹਨਾਂ ਮਿੱਥਾਂ ਦੇ ਪਿੱਛੇ ਕੰਮ ਕਰਦੀਆਂ ਦੋ ਹੋਰ ਮਿਥਾਂ ਜਿਨਾਂ ਦਾ ਸੰਬੰਧ ਉਸ ਦੌਰ ਦੇ ਸ਼ਿਲਪੀਆਂ ਨਾਲ ਹੈ, ਨੂੰ ਸਾਹਮਣੇ ਲਿਆਂਦਾ ਅਤੇ ਇਹ ਬਿਰਤਾਂਤ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਰਾਜ ਸੱਤਾ ਆਪਣੇ ਪ੍ਰਵਚਨ ਦੇ ਅਧੀਨ ਮਨੁੱਖ ਦੀਆਂ ਪ੍ਰਕਿਰਤਿਕ ਇੱਛਾਵਾਂ ਤੇ ਕਿਰਤੀਆਂ ਦੇ ਅਹਿਸਾਸਾਂ ਦਾ ਦਮਨ ਕਰਦੀ ਹੈ ਜਿਸ ਵਿੱਚੋਂ ਸ਼ਿਲਪੀ ਰਾਣਾ ਵਿਸ਼ਣੂ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਬੇਟੇ ਧਮਪਦ ਦਾ ਮਾਰਮਿਕ ਪ੍ਰਸੰਗ ਸਾਹਮਣੇ ਆਉਂਦਾ ਹੈ।

ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਤੇ ਵੱਡੇ ਸ਼ਾਇਰ ਪ੍ਰੋ. ਸੁਰਜੀਤ ਜੱਜ ਹੋਰਾਂ ਨੇ  ਡਾ. ਮੋਹਨਜੀਤ ਦੀ ਕਵਿਤਾ ਬਰਬਰੀਕ ਦੇ ਹਵਾਲੇ ਨਾਲ ਉਹਨਾਂ ਦੀ ਤੁਲਨਾ ਮਹਾਂਭਾਰਤ ਦੇ ਕਿਰਦਾਰ ਬਰਬਰੀਕ ਨਾਲ ਕੀਤੀ ਤੇ ਕਿਹਾ ਕਿ ਜੇਕਰ ਸੱਤਾ ਤੇਗ ਤੇ ਤ੍ਰਿਸ਼ੂਲ ਨਾਲ ਆਪਣੀ ਭੂਮਿਕਾ ਨਿਭਾਵੇਗੀ ਤਾਂ ਸ਼ਾਇਰ ਫੁੱਲ ਤੇ ਪੱਤੇ ਨਾਲ ਉਹਦਾ ਬਦਲ ਬਣੇਗਾ। ਸ਼ਾਇਰ ਅਮਰਜੀਤ ਕਸਕ ਤੇ ਬਲਵਿੰਦਰ ਸੰਧੂ ਨੇ ਡਾ. ਮੋਹਨਜੀਤ ਬਾਰੇ ਆਪਣੇ ਰੇਖਾ ਚਿੱਤਰ ਪੇਸ਼ ਕੀਤੇ। ਉੱਘੇ ਵਿਦਵਾਨ ਡਾ. ਸੁਰਜੀਤ ਭੱਟੀ ਨੇ ਪੰਜਾਬੀ ਅਵਚੇਤਨ ਵਿੱਚ ਮਿੱਥ ਦੇ ਸਰੋਕਾਰਾਂ ਤੇ ਮਿੱਥ ਦੀਆਂ ਸੰਭਾਵਨਾਵਾਂ ਤੇ ਚਰਚਾ ਕੀਤੀ ਤੇ ਲਕਸ਼ਮੀ ਨਰਾਇਣ ਭੀਖੀ ਹੋਰਾਂ ਨੇ ਡਾ. ਮੋਹਨਜੀਤ ਦੇ ਰੇਖਾ ਚਿਤਰਾਂ ਦੇ ਕੁਝ ਪਸਾਰਾਂ ਦੀ ਬੇਬਾਕੀ ਨੂੰ ਸਲਾਹਿਆ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਉਪ ਪ੍ਰਧਾਨ ਡਾ.ਪਾਲ ਕੌਰ ਅਤੇ ਤਰਸੇਮ ਨੇ ਡਾ. ਮੋਹਨਜੀਤ ਨਾਲ ਆਪਣੀਆਂ ਸਾਂਝਾਂ ਦਾ ਜ਼ਿਕਰ ਕੀਤਾ। ਡਾ. ਪਾਲ ਕੌਰ ਨੇ ਕਿਹਾ ਕਿ ਵੱਡੇ ਬੰਦੇ ਕੁਝ ਪਲਾਂ ਵਿੱਚ ਕਿਸੇ ਮਨੁੱਖ ਦੇ ਵਿਅਕਤਿਤਵ ਨੂੰ ਕਿਵੇਂ ਸਮਝ ਲੈਂਦੇ ਨੇ ਤੇ ਕਿਵੇਂ ਪੇਸ਼ ਕਰ ਦਿੰਦੇ ਹਨ, ਇਹ ਡਾ. ਮੋਹਨਜੀਤ ਦੇ ਰੇਖਾ ਚਿਤਰਾਂ ਰਾਹੀਂ ਸਿੱਖਿਆ ਜਾ ਸਕਦਾ ਹੈ।

ਪ੍ਰਧਾਨਗੀ ਭਾਸ਼ਣ ਵਿੱਚ ਜਸਵੰਤ ਜ਼ਫ਼ਰ  ਹੁਰਾਂ ਨੇ ਡਾ. ਮੋਹਨਜੀਤ ਨਾਲ ਆਪਣੇ ਨਿੱਜੀ ਰਿਸ਼ਤਿਆਂ ਤੇ ਇਹਨਾਂ ਰਿਸ਼ਤਿਆਂ ਵਿੱਚੋਂ ਪੈਦਾ ਹੋਏ ਰਹੱਸਾਂ ਤੇ ਫੋਕਸ ਕਰਦੇ ਹੋਏ ਕਿ ਡਾ. ਮੋਹਨਜੀਤ ਦੀ ਸ਼ਖਸ਼ੀਅਤ ਤੋਂ ਇਹ ਸਿੱਖਿਆ ਜਾ ਸਕਦਾ ਹੈ ਕਿ ਆਪਣੇ ਤੋਂ ਛੋਟਿਆਂ ਨੂੰ ਆਪਣੇ ਬਰਾਬਰ ਦਾ ਕਿਵੇਂ ਕਰਨਾ ਹੈ। ਉਹਨਾਂ ਕਿਹਾ ਕਿ ਡਾ. ਮੋਹਨਜੀਤ ਵਰਗੇ ਲੋਕ ਪੰਜਾਬੀ ਅਦਬ ਦਾ ਤੇ ਸਮੁੱਚੇ ਤੌਰ ਤੇ ਭਾਰਤੀ ਅਦਬ ਦਾ ਵੱਡਾ ਹਾਸਲ ਹਨ।

ਇਸ ਸੈਸ਼ਨ ਦਾ ਸੰਚਾਲਨ ਸਤਪਾਲ ਭੀਖੀ ਹੋਰਾਂ ਨੇ ਡਾ. ਮੋਹਨਜੀਤ ਦੀ ਕਵਿਤਾ ਦੇ ਵਿਭਿੰਨ ਹਵਾਲਿਆ ਨਾਲ਼ ਬਾਖ਼ੂਬੀ ਕੀਤਾ। ਪ੍ਰਗਤੀਸ਼ੀਲ ਲੇਖਕ ਸੰਘ ਦੀ ਪਟਿਆਲਾ ਇਕਾਈ ਦੇ ਪ੍ਰਧਾਨ ਡਾ. ਸੰਤੋਖ ਸਿੰਘ ਸੁਖੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਉਪ ਪ੍ਰਧਾਨ ਪਾਲ ਕੌਰ, ਬਲਵਿੰਦਰ ਭੱਟੀ, ਜਗਪਾਲ ਚਹਿਲ, ਵਾਹਿਦ, ਦੀਪਕ ਧਲੇਵਾਂ, ਪ੍ਰੀਤ ਮੁਹਿੰਦਰ ਸਿੰਘ, ਪ੍ਰੋ. ਅਜਾਇਬ ਸਿੰਘ ਟਿਵਾਣਾ ਜਸਵੀਰ ਝੱਜ, ਸੁਰਿੰਦਰ ਕੈਲੇ, ਏ. ਆਈ. ਜੀ. ਬਲਵਿੰਦਰ ਸਿੰਘ ਭੀਖੀ ਅਤੇ ਕੁਲਵੰਤ ਸਿੰਘ ਨਾਰੀਕੇ ਹੋਰ ਅਹੁਦੇਦਾਰਾਂ ਨੇ ਮੋਹਨਜੀਤ ਦੀ ਹਮਸਫ਼ਰ  ਸ੍ਰੀਮਤੀ ਕੁਲਦੀਪ ਕੌਰ ਦਾ ਸ਼ਾਲ ਪਹਿਨਾ ਕੇ ਸਨਮਾਨ ਕੀਤਾ।

ਇਹ ਖਬਰ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ  ਡਾ. ਗੁਲਜ਼ਾਰ ਸਿੰਘ ਪੰਧੇਰ ਵੱਲੋਂ ਪ੍ਰੈਸ ਨੋਟ ਦੇ ਰੂਪ ਵਿੱਚ ਭੇਜੀ ਸਮਗਰੀ ਦੇ  ਅਧਾਰ ਤੇ ਹੈ। ਡਾਕਟਰ ਪੰਧੇਰ ਦਾ ਮੋਬਾਈਲ ਫੋਨ ਨੰਬਰ ਹੈ: 70099-66188

Monday, 26 August 2024

ਲਹਿੰਦੇ ਪੰਜਾਬ ਦਾ ਅਜ਼ੀਮ ਸ਼ਾਇਰ ਤਜੱਮਲ ਕਲੀਮ

Friday 23rd August 2024 at 11:52 AM

ਪ੍ਰੋਫੈਸਰ ਗੁਰਭਜਨ ਗਿੱਲ ਵੱਲੋਂ ਤਜੱਮਲ ਕਲੀਮ ਬਾਰੇ ਇੱਕ ਵਿਸ਼ੇਸ਼ ਲਿਖਤ 

ਲੁਧਿਆਣਾ: 23 ਅਗਸਤ 2024: (ਸਾਹਿਤ ਸਕਰੀਨ ਡੈਸਕ)::

ਸਾਡੇ ਸਭਨਾਂ ਲਈ ਇਹ ਬਹੁਤ ਹੀ ਫ਼ਖਰ ਵਾਲੀ ਗੱਲ ਹੈ ਕਿ ਉਮਰਾਂ, ਰੁਝੇਵਿਆਂ ਅਤੇ ਹੋਰ ਮਜਬੂਰੀਆਂ ਦੇ ਬਾਵਜੂਦ ਸਾਹਿਤ ਦੀ ਨਬਜ਼ ਤੇ ਹਮੇਸ਼ਾਂ ਹੱਥ ਰੱਖਣ ਵਾਲੀ ਸ਼ਖ਼ਸੀਅਤ ਪ੍ਰੋਫੈਸਰ ਗੁਰਭਜਨ ਗਿੱਲ ਦਾ ਅਸ਼ੀਰਵਾਦ ਸਾਡੇ ਸਭਨਾਂ ਦੇ ਨਾਲ ਹੈ। ਇਹ ਉਹ ਸ਼ਖ਼ਸੀਅਤ ਹੈ ਜਿਸਨੇ ਗੁੰਮਨਾਮੀ ਵਿੱਚ ਬੈਠੇ ਸਾਹਿਤਕਾਰਾਂ ਨੰ ਵੀ ਸਮੇਂ ਸਮੇਂ ਸਾਡੇ ਰੂਬਰੂ ਕਰਾਇਆ ਅਤੇ ਵਿਦੇਸ਼ਸਾਂ ਵਿਚ ਬੈਠੇ ਸਾਹਿਤਕਾਰਾਂ ਨੂੰ ਵੀ। ਇਸ ਵਾਰ ਉਹਨਾਂ ਦੀ ਪੋਸਟ ਦੇ ਨਾਇਕ ਹਨ ਜਨਾਬ ਤਜੱਮਲ ਕਲੀਮ।  

ਪ੍ਰੋਫੈਸਰ ਗਿੱਲ ਦੱਸਦੇ ਹਨ ਕਿ ਤਜੱਮਲ ਕਲੀਮ ਪਾਕਿਸਤਾਨ ਵਿੱਚ ਰਹਿ ਗਏ ਪੰਜਾਬ ਦੇ ਮੰਨੇ-ਪ੍ਰਮੰਨੇ ਪੰਜਾਬੀ ਸ਼ਾਇਰ ਹਨ। ਉਨ੍ਹਾਂ ਦਾ ਜਨਮ 26 ਮਾਰਚ 1960 ਨੂੰ ਤਹਿਸੀਲ ਚੂਨੀਆ (ਜ਼ਿਲ੍ਹਾ ਕਸੂਰ) ਪਾਕਿਸਤਾਨ ਵਿਖੇ ਪਿਤਾ ਮੁਹੰਮਦ ਸ਼ਫ਼ੀ ਦੇ ਘਰ ਮਾਤਾ ਰਸ਼ੀਦਾਂ ਬੇਗਮ ਦੇ ਘਰ ਹੋਇਆ। ਨਿੱਕੀ ਉਮਰੇ ਯਤੀਮ ਹੋਣ ਕਾਰਨ ਸ਼ਰੀਕਾਂ ਨੇ ਜਾਇਦਾਦ ਹੜੱਪ ਲਈ ਜਿਸ ਕਾਰਨ ਪੜ੍ਹਾਈ ਵਿੱਚੇ ਛੱਡ ਕੇ ਸਿੱਖਿਆ ਮਹਿਕਮੇ ਵਿੱਚ ਨੌਕਰੀ ਕਰਨੀ ਪਈ।

ਉਨ੍ਹਾਂ ਦੀਆਂ ਪ੍ਰਕਾਸ਼ਿਤ ਕਿਤਾਬਾਂ ਹਨ: “ਬਰਫ਼ਾਂ ਹੇਠ ਤੰਦੂਰ”(1996), “ਵੇਹੜੇ ਦਾ ਰੁੱਖ”(2010), “ਹਾਣ ਦੀ ਸੂਲੀ”(2012),”ਚੀਕਦਾ ਮੰਜ਼ਰ”(2017) “ਕਮਾਲ ਕਰਦੇ ਓ ਬਾਦਸ਼ਾਹੋ”(ਪ੍ਰਕਾਸ਼ਕ ਆੱਟਮ ਆਰਟ ਪਟਿਆਲਾ ਤੇ ਸਮੁੱਚੀ ਗ਼ਜ਼ਲ ਰਚਨਾ “ਯਾਰ ਕਲੀਮਾ”(ਪ੍ਰਕਾਸ਼ਕ ਨਿਊ ਬੁੱਕ ਕੰਪਨੀ ਜਲੰਧਰ) ਨਾਮ ਹੇਠ (ਗੁਰਮੁਖੀ ਰੂਪ ਜਸਪਾਲ ਘਈ) ਛਪ ਚੁਕੀਆਂ ਨੇ। ਹਰਮੀਤ ਵਿਦਿਆਰਥੀ, ਗੁਰਤੇਜ ਕੋਹਾਰਵਾਲਾ ਤੇ ਜਸਪਾਲ ਘਈ ਨੇ ਉਸ ਦੀ ਸ਼ਾਇਰੀ ਬਾਰੇ ਬਹੁਤ ਵਧੀਆ ਲਿਖਿਆ ਹੈ। ਮੈਂ ਵੀ ਉਸ ਦੀ ਗ਼ਜ਼ਲ ਪੁਸਤਕ “ਕਮਾਲ ਕਰਦੇ ਓ ਬਾਦਸ਼ਾਹੋ“  ਦੋ ਵਾਰ ਪੜ੍ਹ ਚੁਕਾ ਹਾਂ।ਪੇਸ਼ ਹਨ ਉਸ ਦੀਆਂ ਕੁਝ ਗ਼ਜ਼ਲਾਂ

1. ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ

 ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ।

ਖ਼ਤ ਯਾਰ ਦੇ ਚੁੰਮੇ ਤੇ ਪਾੜ ਦਿੱਤੇ।

ਸਾਡੇ ਨਾਲ ਦੇ ਵਿਕ ਗਏ ਮਹਿਲ ਲੈ ਕੇ,

ਅਸੀਂ ਕੁੱਲੀ ਦੇ ਕੱਖ ਵੀ ਸਾੜ ਦਿੱਤੇ।

ਜਿੰਨੇ ਦੁੱਖ ਸੀ ਦਿਲ ਦੀ ਜੇਲ੍ਹ ਅੰਦਰ,

ਤਾਲਾ ਸਬਰ ਦਾ ਲਾਇਆ ਤੇ ਤਾੜ ਦਿੱਤੇ।

ਕਿਤੇ ਇੱਟਾਂ ਦਾ ਮੀਂਹ ਤੇ ਇਸ਼ਕ ਝੱਲਾ,

ਕਿਤੇ ਇਸ਼ਕ ਨੇ ਕੱਟ ਪਹਾੜ ਦਿੱਤੇ।

ਏਸ ਨਸ਼ੇ ਦੀ ਧੁੱਪ ਨੂੰ ਕਹਿਰ ਆਖੋ,

ਜਿਨ੍ਹੇਂ ਫੁੱਲਾਂ ਦੇ ਰੰਗ ਵਗਾੜ ਦਿੱਤੇ।

ਜੁੱਤੀ ਬਾਲਾਂ ਦੀ ਲੈਣ ਲਈ ਮਾਲ ਵੀ ਦੇਹ,

ਰੱਬਾ ! ਜਿਵੇਂ ਇਹ ਜੇਠ ਤੇ ਹਾੜ ਦਿੱਤੇ।

--------------------------

2. ਰੁੱਖਾਂ ਵਾਂਗ ਉਚੇਰੀ ਉੱਗੇ

ਰੁੱਖਾਂ ਵਾਂਗ ਉਚੇਰੀ ਉੱਗੇ।

ਗਾਚਾ ਬੀਜ ਦਲੇਰੀ ਉੱਗੇ।

ਮੇਰੀ ਵਾਰ ਦਾ ਪਾਣੀ ਲਾ ਲੈ,

ਮੇਰੀ ਨਈਂ ਤੇ ਤੇਰੀ ਉੱਗੇ।

ਮੈਨੂੰ ਪੱਥਰ ਮਾਰਨ ਵਾਲੇ,

ਤੇਰੇ ਘਰ ਵਿੱਚ ਬੇਰੀ ਉੱਗੇ।

ਡਾਢਾ ਡੰਗਰ ਛੱਡ ਦਿੰਦਾ ਏ,

ਨਈਂ ਤੇ ਕਣਕ ਬਥੇਰੀ ਉੱਗੇ।

ਇੱਕੋ ਸ਼ਰਤ ਤੇ ਮੌਤ ਕਬੂਲੀ,

ਧਰਤੀ ਤੇ ਇੱਕ ਢੇਰੀ ਉੱਗੇ।

---------------------------------

3. ਸੋਚਾਂ ਦੀ ਵੱਲ ਕਿੱਧਰ ਗਈ

ਸੋਚਾਂ ਦੀ ਵੱਲ ਕਿੱਧਰ ਗਈ।

ਸ਼ਿਅਰਾਂ ਦੀ ਡੱਲ ਕਿੱਧਰ ਗਈ।

ਡੁੱਬੀ ਬੇੜੀ ਲੱਭਦੀ ਨਈਂ,

ਵੇਖ ਰਿਹਾਂ ਛੱਲ ਕਿੱਧਰ ਗਈ।

ਦਾਰੂ ਪੀ ਕੇ ਪੁੱਛਦੇ ਉਹ,

ਕਿੱਕਰਾਂ ਦੀ ਖੱਲ ਕਿੱਧਰ ਗਈ।

ਰਾਈਫ਼ਲ ਤੇ ਮਕਤੂਲ ਦੀ ਏ,

ਪਾਗਲ ਜਿਹੀ ਚੱਲ ਕਿੱਧਰ ਗਈ।

ਸੱਪ ਲੋਕਾਂ ਨੂੰ ਆਖੇ ਸੱਪ,

ਕਿਉਂ ਭਈ ਇਹ ਗੱਲ ਕਿੱਧਰ ਗਈ?

---------------------------------------------

4. ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਵੇਖੇ

ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਵੇਖੇ।

ਉੱਤੋਂ ਹੰਢਦੇ ਜਿੰਦੜੀ ਨਾਲ ਵੇਖੇ।

ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰਿਹੈਂ,

ਅਸੀਂ ਭੁੱਖਾਂ ਤੋਂ ਵਿਕਦੇ ਬਾਲ ਵੇਖੇ।

ਮੈਂ ਨੱਚਿਆ ਜਗ ਦੇ ਸੁੱਖ ਪਾਰੋਂ,

ਸੱਦ ਬੁੱਲ੍ਹੇ ਨੂੰ ਮੇਰੀ ਧਮਾਲ ਵੇਖੇ।

ਇਕ ਇਕ ਦਿਨ ਸੀ ਹਿਜਰ ਦਾ ਸਾਲ ਵਰਗਾ,

ਅਸੀਂ ਦਿਨ ਨਈਂ ਸਾਲਾਂ ਦੇ ਸਾਲ ਵੇਖੇ।

ਖੜੇ ਰੇਸ਼ਮੀ 'ਬੈਨਰਾਂ' ਹੇਠ ਮੁੜਕੇ,

ਗਲੋਂ ਨੰਗੇ ਸੀ ਜਿੰਨੇ ਵੀ ਬਾਲ ਵੇਖੇ।

ਓਥੇ ਖ਼ੂਨ ਦਾ ਵੇਖਿਐ ਰੰਗ ਚਿੱਟਾ,

ਜਿੱਥੇ ਫੁੱਲ ਕਪਾਹਾਂ ਦੇ ਲਾਲ ਵੇਖੇ।

ਇਹਨੂੰ ਝੱਲੇ 'ਕਲੀਮ' ਨੂੰ ਰੋਕ ਕੇ ਤੇ,

ਇਹਨੂੰ ਆਖ ਕਿ ਵੇਲੇ ਦੀ ਚਾਲ ਵੇਖੇ।

---------------------------------

Sunday, 25 August 2024

ਸਵਰਗੀ ਅਵਤਾਰ ਸਿੰਘ ਤੂਫਾਨ ਰਚਿਤ ਪੁਸਤਕ ਦਾ ਲੋਕ ਅਰਪਣ

Friday: 25th August 2024 at 19:57

"ਸਿੱਖੀ ਦੀ ਮਹਿਕ" ਨੂੰ ਰਿਲੀਜ਼ ਵਾਲਾ ਇਹ ਸਮਾਰੋਹ ਯਾਦਗਾਰੀ ਬਣ ਗਿਆ


ਲੁਧਿਆਣਾ: 25 ਅਗਸਤ 2024: (ਸਾਹਿਤ ਸਕਰੀਨ ਡੈਸਕ)::

ਸਾਡੇ ਦਿਲਾਂ ਦੀ ਧੜਕਣ ਵਿੱਚ ਮੌਜੂਦ ਹਨ ਤੂਫ਼ਾਨ ਸਾਹਿਬ 
ਬਹੁਪੱਖੀ ਸ਼ਖ਼ਸੀਅਤ ਸਰਦਾਰ ਅਵਤਾਰ ਸਿੰਘ ਤੂਫ਼ਾਨ ਹੁਰਾਂ ਨੂੰ ਯਾਦ ਕਰੀਏ ਤਾਂ ਬਹੁਤ ਕੁਝ ਯਾਦ ਆਉਂਦਾ ਹੈ। ਇੱਕ ਪੂਰਾ ਯੁਗ ਯਾਦ ਆਉਂਦਾ ਹੈ। ਖਾਸ ਕਰ ਉਹ ਵੇਲੇ ਜਦੋਂ ਪੰਜਾਬ ਦੇ ਹਾਲਾਤ ਨਾਜ਼ੁਕ ਕਰਵਟਾਂ ਲੈਣ ਵਾਲੇ ਪਾਸੇ ਤੇਜ਼ੀ ਨਾਲ ਵੱਧ ਰਹੇ ਸਨ। ਉਸ ਵੇਲੇ ਤੂਫ਼ਾਨ ਸਾਹਿਬ ਆਪਣੀ ਧਰਮ ਪਤਨੀ ਨੂੰ ਨਾਲ ਲੈ ਕੇ ਪੰਜਾਬ ਦੇ ਦਰਾਂ ਤੇ ਦਸਤਕ ਦੇ ਰਹੇ ਇਹਨਾਂ ਨਾਜ਼ੁਕ ਹਾਲਾਤਾਂ ਦੇ ਖਤਰਿਆਂ ਦਾ ਸਾਹਮਣਾ ਕਰਨ ਦੀਆਂ ਤਿਆਰੀਆਂ ਬੜੀ ਖਾਮੋਸ਼ੀ ਨਾਲ ਕਰ ਰਹੇ ਸਨ। ਇਹਨਾਂ ਹਾਲਾਤਾਂ ਨਾਲ ਅੱਖਾਂ ਮਿਲਾ ਰਹੇ ਸਨ। ਉਹਨਾਂ ਨੇ ਭਾਂਪ ਲਿਆ ਸੀ ਪੰਜਾਬ ਵਿਚ ਕੀ ਹੋਣ ਵਾਲਾ ਹੈ। ਕਦੇ ਕਦਾਈਂ ਉਹ ਇਹਨਾਂ ਚਿੰਤਾਵਾਂ ਦਾ ਪ੍ਰਗਟਾਵਾ ਵੀ ਕਰਦੇ ਕਿ ਕਿਵੇਂ ਰੋਕੀਏ ਇਹਨਾਂ ਖਤਰਿਆਂ ਨੂੰ?

ਹੁਣ ਤਾਂ ਖੈਰ ਸਾਹਿਤਕ ਸਮਾਗਮ ਮਹਿੰਗੇ ਕਿਰਾਇਆਂ ਵਾਲੇ ਬੰਦ ਕਮਰਿਆਂ ਵਰਗੇ ਛੋਟੇ ਛੋਟੇ ਜਿਹੇ ਅਸਥਾਨਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ ਪਰ ਤੂਫ਼ਾਨ ਸਾਹਿਬ ਉਹ ਸ਼ਖ਼ਸੀਅਤ ਸਨ ਜਿਹੜੇ ਸਾਹਿਤ ਦੇ ਸੁਨੇਹੇ ਲੁਧਿਆਣਾ ਦੇ ਸੰਘਣੇ ਬਾਜ਼ਾਰਾਂ ਅਤੇ ਚੌਕਾਂ ਵਿੱਚ ਹੁੰਦੇ ਯਾਦਗਾਰੀ ਸਮਾਗਮਾਂ ਰਾਹੀਂ ਆਮ ਲੋਕਾਂ ਨੂੰ ਵੀ ਦੇਈਏ ਕਰਦੇ ਸਨ। ਕਦੇ ਸੁਭਾਨੀ ਬਿਲਡਿੰਗ ਚੌਕ, ਕਦੇ ਗੁਰਦੁਆਰਾ ਕਲਗੀਧਰ ਸਾਹਿਬ ਦਾ ਦੀਵਾਨ ਅਸਥਾਨ, ਕਦੇ ਫੀਲਡ ਗੰਜ, ਕਦੇ ਮਾਸਟਰ ਤਾਰਾ ਸਿੰਘ ਕਾਲਜ ਵਾਲੀ ਥਾਂ, ਕਦੇ ਅਕਾਲ ਗੜ੍ਹ ਸਾਹਿਬ ਅਤੇ ਕਦੇ ਅਜਿਹਾ ਹੀ ਕੋਈ ਹੋਰ ਅਸਥਾਨ। 

ਕਵਿਤਾ ਵਿੱਚ ਉਹਨਾਂ ਦੀ ਬੰਦਿਸ਼, ਰਿਦਮ ਅਤੇ ਸੁਰ ਸੰਗੀਤ ਵਾਲੀ ਸ਼ਾਇਰੀ ਨੌਜੁਆਨ ਮੁੰਡੇ ਕੁੜੀਆਂ ਦੇ ਨਾਲ ਨਾਲ ਬੱਚੇ ਬੱਚੀਆਂ ਵੀ ਰੱਟਣ ਲੱਗਦੇ ਅਤੇ ਸਮਾਗਮ ਤੋਂ ਘਰ ਪਰਤਦਿਆਂ ਗੁਣਗੁਣਾਉਂਦੇ ਆਉਂਦੇ। ਉਦੋਂ ਸਾਹਿਤ ਦਾ ਸੁਆਦ ਘਰ ਘਰ ਤਕ ਪਹੁੰਚ ਰਿਹਾ ਸੀ। ਸਰੋਤੇ ਅਤੇ ਦਰਸ਼ਕ ਅੱਜ ਵਾਂਗ ਪੰਜਾਹ ਸੱਠ ਨਹੀਂ ਬਲਕਿ ਹਜ਼ਾਰਾਂ ਵਿਚ ਹੋਇਆ ਕਰਦੇ ਸਨ। ਜੇਕਰ ਸਮਾਗਮ ਅੱਧੀ ਰਾਤ ਤੋਂ ਬਾਅਦ ਤੱਕ ਵੀ ਚੱਲਦਾ ਤਾਂ ਲੋਕ ਪ੍ਰਤੀਬੱਧ ਸੰਗਤਾਂ ਵਾਂਗ ਬੈਠੇ ਰਹਿੰਦੇ। ਕਵੀ  ਦਰਬਾਰ ਉਹਨਾਂ ਸਿਆਸੀ ਅਤੇ ਧਾਰਮਿਕ ਸਮਾਗਮਾਂ ਲਈ ਵਿਸ਼ੇਸ਼ ਖਿੱਚ ਹੋਇਆ ਕਰਦੇ ਸਨ। ਸਰੋਤੇ ਥੋਹੜਾ ਬਹੁਤ ਹਿੱਲਣ ਲੱਗਦੇ ਤਾਂ ਪ੍ਰਬੰਧਕ ਝੱਟ ਦੇਣੀ ਮਾਈਕ ਤੋਂ ਆਖਦੇ ਬਈ ਬਸ ਹੁਣ ਕਵੀ ਦਰਬਾਰ ਸ਼ੁਰੂ ਹੋਣ ਵਾਲਾ ਹੈ। ਨਾਲ ਹੀ ਕਿਹਾ ਜਾਂਦਾ ਸਾਡੇ ਦਰਮਿਆਨ ਤੂਫ਼ਾਨ ਸਾਹਿਬ ਪਹੁੰਚ ਚੁੱਕੇ ਹਨ।  

ਗੁਟਬੰਦੀਆਂ, ਧੜੇਬੰਦੀਆਂ ਉਦੋਂ ਵੀ ਹੋਇਆ ਕਰਦੀਆਂ ਸਨ ਪਰ ਤੂਫ਼ਾਨ ਸਾਹਿਬ ਵਰਗੀਆਂ ਸ਼ਖ਼ਸੀਅਤਾਂ ਦੀ ਮੌਜੂਦਗੀ  ਬਾਕੀਆਂ ਦੀ ਇਸ ਨਾਰਾਜ਼ਗੀ ਨੂੰ ਵੀ ਸਲੀਕੇ ਵਿੱਚ ਕਾਇਮ ਰੱਖਦੀ। ਗ਼ੁਸਸੇ ਦਾ ਉਬਾਲ ਕਦੇ ਬਾਹਰ ਨਾ ਆਉਂਦਾ। ਤੂਫ਼ਾਨ ਸਾਹਿਬ ਗੁੱਸੇ ਗਲੇ ਵਾਲੀ ਗੱਲ ਦੀ ਭਾਫ ਤੱਕ ਨਾ ਉੱਡਣ ਦੇਂਦੇ। ਜਿਹਨਾਂ ਦੋ ਚਾਰ ਸੱਜਣਾਂ ਮਿੱਤਰਾਂ ਨੂੰ ਗੱਲ ਪਤਾ ਵੀ ਲੱਗ ਜਾਂਦੀ ਉਹਨਾਂ ਦੇ ਮਨਾਂ ਵਿੱਚੋਂ ਵੀ ਆਪਣੇ ਹਾਸੇ, ਮਜ਼ਾਕ ਵਾਲੇ ਅੰਦਾਜ਼ ਨਾਲ ਗੁੱਸਾ ਗਿਲਾ ਝਟਪਟ ਕੱਢ ਦੇਂਦੇ। ਤੂਫ਼ਾਨ ਸਾਹਿਬ ਸਮਾਗਮ ਨੂੰ ਪਰਿਵਾਰਿਕ ਸਫਲਤਾ ਵਾਂਗ ਸਮਝਿਆ ਕਰਦੇ ਸਨ। 

ਅੱਜਕਲ੍ਹ ਦੇ ਬਹੁਤੇ ਸਾਹਿਤਿਕ ਸਮਾਗਮਾਂ ਵਿਚ ਤਾਂ ਗਲੈਮਰ ਵੱਧ ਗਿਆ ਹੈ ਅਤੇ ਦਿਖਾਵਾ ਵੀ ਪਰ ਮੋਟੇ ਮੋਟੇ ਖਰਚੇ ਕਰਨ ਵਾਲਿਆਂ ਨੂੰ ਅਕਸਰ ਇਹ ਵੀ ਪਤਾ ਨਹੀਂ ਹੁੰਦਾ ਕਿ ਦੂਰ ਦੁਰਾਡਿਓਂ ਇਸ ਸਮਾਗਮ ਵਿਚ ਆਏ ਕਿਸੇ ਕਲਮਕਾਰ ਜਾਂ ਕਲਾਕਾਰ ਕੋਲ ਵਾਪਿਸ ਮੁੜਨ ਜੋਗਾ ਕਿਰਾਇਆ ਵੀ ਹੈ ਜਾਂ ਨਹੀਂ? 

ਅੱਜਕਲ੍ਹ ਦੇ ਬਹੁਤੇ ਲੇਖਕ ਸਮਾਗਮ ਮੁੱਕਦਿਆਂ ਹੀ ਝੱਟ ਦੇਣੀ ਆਪਣੀ ਲੰਮੀ ਚੌੜੀ ਗੱਡੀ ਨਾਲ ਧੂੜਾਂ ਪੁੱਟਦੇ ਸਮਾਗਮ ਤੋਂ ਬਾਹਰ ਨਿੱਕਲ ਜਾਣਗੇ ਉੰਝ ਭਾਵੇਂ ਸਾਰੀ ਗੱਡੀ ਹੀ ਖਾਲੀ ਜਾ ਰਹੀ ਹੋਵੇ। ਇਹਨਾਂ ਇਹ ਨਹੀਂ ਕਹਿਣਾ ਬਾਈ ਜੇ ਸਾਡੇ ਪਾਸੇ ਕਿਸੇ ਨੇ ਜਾਣਾ ਹੈ ਤਾਂ ਸਾਡੇ ਨਾਲ ਹੀ ਆ ਜਾਓ। 

ਪਰ ਤੂਫ਼ਾਨ ਸਾਹਿਬ ਇਹਨਾਂ ਗੱਲਾਂ ਵੱਲ ਉਚੇਚ ਨਾਲ ਧਿਆਨ ਦੇਂਦੇ ਅਤੇ ਉਹ ਵੀ ਬੜੀ ਖਾਮੋਸ਼ੀ ਜਿਹੀ ਨਾਲ। ਇਸ ਗੱਲ ਦਾ ਪਤਾ ਵੀ ਕਿਸੇ ਨੂੰ ਨਾ ਲੱਗਣ ਦੇਂਦੇ। ਦੂਰ ਦੁਰਾਡੇ ਮੁੜਣ ਜਾਂ ਦੇਰ ਰਾਤ ਕਰਕੇ ਰੁਕਣ ਵਾਲਿਆਂ ਲਈ ਉਚੇਚ ਨਾਲ ਪ੍ਰਬੰਧ ਕਰਾਉਂਦੇ। 

ਸ਼ਾਇਰੀ ਦੇ ਦੌਰ ਦੌਰਾਨ ਕਿਸ ਨੂੰ ਅੱਜ ਸੰਗਤਾਂ ਦੀ ਮਾਇਕ ਬਖਸ਼ਿਸ਼ ਘੱਟ ਹੋਈ ਹੈ ਜਾਂ ਕਿਸਨੂੰ ਘੱਟ ਪੈਸੇ ਬਣੇ ਹਨ ਉਹਨਾਂ ਨੂੰ ਸਭ ਪਤਾ ਹੁੰਦਾ ਸੀ। ਉਸ ਦੀ ਆਰਥਿਕ ਹਾਲਤ ਦਾ ਧਿਆਨ ਰੱਖਦਿਆਂ ਕਿਸੇ ਨ ਕਿਸੇ ਤਰ੍ਹਾਂ ਉਸ ਦੀ ਜੇਬ ਵਿੱਚ ਕੁਝ ਨਾ ਕੁਝ ਪੁਆ ਦੇਂਦੇ। ਤੂਫ਼ਾਨ ਸਾਹਿਬ ਦੀ ਹਾਜ਼ਰੀ ਵਿਚ ਕਦੇ ਕੋਈ ਸ਼ਾਇਰ ਨਿਰਾਸ਼ ਨਹੀਂ ਸੀ ਮੁੜਦਾ। ਕਦੇ ਕੋਈ ਇਹ ਵੀ ਨਾ ਸਕੋਹਦਾ ਕਿ ਅੱਜ ਉਸਨੂੰ ਇਨਾਮ ਸ਼ਨਾਮ ਘੱਟ ਮਿਲੇ ਹਨ। 

ਪੁਰਾਣੇ ਵੇਲਿਆਂ ਦਾ ਮੋਚ ਪੁਰਾ ਬਾਜ਼ਾਰ ਅਤੇ ਅੱਜਕਲ੍ਹ ਦਾ ਉਨ ਵਾਲਾ ਬਾਜ਼ਾਰ ਸਾਡੀ ਟੀਮ ਨੂੰ ਅੱਜ ਵੀ ਪੂਰੀ ਤਰ੍ਹਾਂ ਯਾਦ ਹੈ। ਰੇਲਵੇ ਸਟੇਸ਼ਨ ਵਾਲੇ ਪਾਸੇ ਜਾਂਦੀ ਗਲੀ ਵਿਚ ਸਾਡਾ ਘਰ ਹੁੰਦਾ ਸੀ ਅਤੇ ਨਿੰਮ ਚੌਂਕ ਵੱਲ ਜਾਂਦੀ ਗਲੀ ਵਿੱਚ ਤੂਫ਼ਾਨ ਸਾਹਿਬ ਦਾ ਘਰ ਹੁੰਦਾ ਸੀ। ਦੋਵੇਂ ਗਲੀਆਂ ਆਹਮੋ ਸਾਹਮਣੇ ਵੀ ਪੈਂਦੀਆਂ ਸਨ। ਅਸਲ ਵਿਚ ਲੇਖਕਾਂ ਲਈ ਤੂਫ਼ਾਨ ਸਾਹਿਬ ਦਾ ਨਿਵਾਸ ਮੱਕੇ ਵਾਂਗ ਹੀ ਸੀ। 

ਸਾਡੇ ਘਰ ਬੜੇ ਨੇੜੇ ਨੇੜੇ ਸਨ। ਇਸ ਲਈ ਉਹਨਾਂ ਘਰ ਹਰ ਰੋਜ਼ ਪਹੁੰਚ ਜਾਣਾ ਰੂਟੀਨ ਵਾਂਗ ਹੀ ਸੀ। ਉਹਨਾਂ ਵੀ ਲੰਘਦੇ ਟੱਪਦੇ ਚਰਨ ਪਾ ਕੇ ਜਾਣੇ। ਜੇ ਬਾਹਰੋਂ ਕੋਈ ਕਵੀ ਲੇਖਕ ਜਾਂ ਹੋਰ ਸੱਜਣ ਮਿੱਤਰ ਆਇਆ ਹੁੰਦਾ ਤਾਂ ਉਸਦੀ ਇੱਛਾ ਵੀ ਇਹੀ ਹੁੰਦੀ ਕਿ ਤੂਫ਼ਾਨ ਸਾਹਿਬ ਦੇ ਦਰਸ਼ਨ ਕੀਤੇ ਜਾਣ। ਤੂਫ਼ਾਨ ਸਾਹਿਬ ਉਦੋਂ ਵੀ ਬੜੇ ਵੱਡੇ ਲੇਖਕਾਂ ਵਿੱਚੋਂ ਸਨ। ਇਸਦੇ ਬਾਵਜੂਦ ਕਦੇ ਨਾ ਆਖਦੇ ਅੱਜ ਥੋਹੜਾ ਬਿਜ਼ੀ ਹਾਂ।  

ਅੱਜਕਲ੍ਹ ਤਾਂ ਵੱਡੇ ਲੇਖਕਾਂ ਨੂੰ ਛੋਟੇ ਲੇਖਕਾਂ ਲਈ ਸਮਾਂ ਹੀ ਨਹੀਂ ਮਿਲਦਾ ਪਰ ਤੂਫ਼ਾਨ ਸਾਹਿਬ ਸਭਨਾਂ ਨੂੰ ਉਚੇਚ ਨਾਲ ਮਿਲਦੇ। ਨਵੇਂ ਸ਼ਾਇਰਾਂ ਨੂੰ ਸ਼ਾਇਰੀ ਦੇ ਗੁਰ ਦੱਸਦੇ, ਸਟੇਜ ਤੇ ਬੋਲਣ ਦੀਆਂ ਬਾਰੀਕੀਆਂ ਸਮਝਾਉਂਦੇ। ਆਉਂਦੀ ਵਾਰ ਕੋਈ ਨ ਕੋਈ ਕਿਤਾਬ ਵੀ ਸੌਗਾਤ ਵੱਜੋਂ ਦੇਂਦੇ। 

ਜਦੋਂ ਵੀ ਕਦੇ ਕਵੀ ਦਰਬਾਰ ਕਰਾਉਣ ਵਾਲੀਆਂ ਸੰਸਥਾਵਾਂ ਤੂਫ਼ਾਨ ਸਾਹਿਬ ਕੋਲ ਆਉਂਦੀਆਂ ਕਿ ਇਸ ਤਾਰੀਖ ਨੂੰ ਕਵੀ ਦਰਬਾਰ ਕਰਾਉਣਾ ਹੈ ਤਾਂ ਤੂਫ਼ਾਨ ਸਾਹਿਬ ਉਹਨਾਂ ਦਾ ਬਜਟ ਵੀ ਪੁੱਛਦੇ ਅਤੇ ਆਪਣੇ ਸਰਕਲਾਂ ਵਿੱਚੋਂ ਉਹਨਾਂ ਦੇ ਨਾਮ ਪਹਿਲਾਂ ਲਿਖਵਾਉਂਦੇ ਜਿਹਨਾਂ ਨੂੰ ਪ੍ਰੋਗਰਾਮ ਘੱਟ ਮਿਲ ਰਹੇ ਹੁੰਦੇ ਸਨ ਜਾਂ ਉਹ ਆਰਥਿਕ ਪੱਖੋਂ ਥੁੜੇ ਰਹਿੰਦੇ ਸਨ। ਜਿਹਨਾਂ ਨੂੰ ਤੂਫ਼ਾਨ ਸਾਹਿਬ ਨੇ ਪ੍ਰਮੋਟ ਕੀਤਾ ਜਾਂ ਪ੍ਰੋਗਰਾਮ ਦੁਆਏ ਉਹਨਾਂ ਵਿਚੋਂ ਕਈਆਂ  ਦੇ ਨਾਮ ਮੈਨੂੰ ਪਤਾ ਵੀ ਹਨ ਪਰ ਇਥੇ ਉਹਨਾਂ ਨਾਵਾਂ ਦਾ ਜ਼ਿਕਰ ਠੀਕ ਨਹੀਂ। 

ਜਨਾਬ ਅਵਤਾਰ ਸਿੰਘ ਤੂਫ਼ਾਨ ਸਾਹਿਬ ਸ਼ਾਇਰੀ ਦੇ ਨਾਲ ਵਾਰਤਕ ਵਿੱਚ ਵੀ ਮਾਹਰ ਸਨ। ਬਹੁਪੱਖੀ ਸਾਹਿਤਕਾਰ, ਪੱਤਰਕਾਰ, ਪੰਜਾਬੀ ਭਾਸ਼ਾ ਦੇ ਪਹਿਲੇ ਜਸੂਸੀ ਨਾਵਲਕਾਰ ਅਤੇ ਪੰਥਕ ਕਵੀ ਸਨ  ਸਵਰਗੀ ਸ੍ਰ. ਅਵਤਾਰ ਸਿੰਘ ਤੂਫਾਨ।  ਉਹਨਾਂ ਦੀ 27ਵੀਂ ਬਰਸੀ ਮੌਕੇ ਉਨ੍ਹਾਂ ਦੀ ਲਿਖੀ ਪੁਸਤਕ "ਸਿੱਖੀ ਦੀ ਮਹਿਕ" ਦਾ ਲੋਕ ਅਰਪਣ ਸਮਾਰੋਹ ਯਾਦਗਾਰੀ ਹੋ ਨਿਬੜਿਆ। 

ਇਹ ਸਮਾਰੋਹ ਅੱਜ ਸਥਾਨਕ ਪੰਜਾਬੀ ਭਵਨ ਲੁਧਿਆਣਾ ਦੇ ਰਾਣਾ ਦਲਜੀਤ ਸਿੰਘ ਸੈਮੀਨਾਰ ਹਾਲ ਵਿਖੇ ਸ਼੍ਰੋਮਣੀ ਲਿਖਾਰੀ ਬੋਰਡ (ਰਜਿ.) ਵਲੋਂ ਸ੍ਵਰਗੀ ਲੇਖਕ ਦੀ ਯਾਦ ਵਿਚ ਕਰਵਾਇਆ ਗਿਆ ਸੀ ਜਿਥੇ ਸੈਂਕੜਿਆਂ ਦੀ ਗਿਣਤੀ ਵਿਚ ਪੁੱਜੇ ਕਲਾਕਾਰਾਂ, ਸਾਹਿਤਕਾਰਾਂ, ਗੀਤਕਾਰਾਂ, ਕਵੀਆਂ/ਕਵਿਤਰੀਆਂ ਅਤੇ ਵਿਦਿਆਕ ਮਾਹਰਾਂ ਦੀ ਹਾਜ਼ਰੀ ਵਿਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਉਪ ਪ੍ਰਧਾਨ ਅਤੇ ਨੈਸ਼ਨਲ ਤੇ ਸਟੇਟ ਆਵਾਰਡੀ ਅਧਿਆਪਕਾ ਡਾ. ਗੁਰਚਰਨ ਕੌਰ ਕੋਚਰ,  ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ, ਸਮਾਰੋਹ ਦੀ ਪ੍ਰਬੰਧਕ ਸੰਸਥਾ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਤੇ ਜਨਰਲ ਸਕੱਤਰ ਪਵਨਪ੍ਰੀਤ ਸਿੰਘ ਤੂਫਾਨ, ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸ਼੍ਰੋਮਣੀ ਸਾਹਿਤਕਾਰ ਡਾ. ਫਕੀਰ ਚੰਦ ਸ਼ੁਕਲਾ, ਸੁਸ਼ੀਲ ਦੁਸਾਂਝ, ਪ੍ਰੀਤ ਸਾਹਿਤ ਸਦਨ ਦੇ ਪ੍ਰਧਾਨ ਡਾ. ਮਨੋਜ ਪ੍ਰੀਤ ਅਤੇ ਰਵਿੰਦਰ ਭੱਠਲ ਵਲੋਂ ਸਾਂਝੇ ਤੌਰ ਤੇ ਲੋਕ ਅਰਪਣ ਦੀ ਰਸਮ ਅਦਾ ਕੀਤੀ ਗਈ ਜਦਕਿ ਵਿਸ਼ਵ ਪੰਜਾਬੀ ਕਵੀ ਸਭਾ ਦੇ ਪ੍ਰਧਾਨ ਜੁਗਿੰਦਰ ਸਿੰਘ ਕੰਗ ਵਲੋਂ ਪੁਸਤਕ ਸਬੰਧੀ ਜਾਣਕਾਰੀ ਭਰਪੂਰ ਪੇਪਰ ਪੜ੍ਹਿਆ ਗਿਆ। ਇਸ ਤਰ੍ਹਾਂ ਇਹ ਸਮਾਗਮ ਬਹੁਤ ਖਾਸ ਸਮਾਗਮ ਬਣਿਆ। 

ਸਮਾਰੋਹ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ੍ਰ. ਅਵਤਾਰ ਸਿੰਘ ਤੂਫਾਨ ਸਟੇਜ ਦੇ ਨਾਲ ਨਾਲ ਕਲਮ ਦੇ ਵੀ ਅਜਿਹੇ ਧਨੀ ਸਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਹਰ ਖੇਤਰ ਵਿਚ ਸਫਲਤਾਪੂਰਬਕ ਹੱਥ ਅਜ਼ਮਾਇਆ ਅਤੇ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫੁੱਲਤ ਕਰਨ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ। ਛੰਦਾਬੰਦੀ ਵਿਚ ਲਿਖੀਆਂ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹ ਕੇ ਪਤਾ ਚਲਦਾ ਹੈ ਕਿ ਉਨ੍ਹਾਂ ਨੂੰ ਪਿੰਗਲ ਅਤੇ ਅਰੂਜ਼ ਦਾ ਗੂੜ੍ਹਾ ਗਿਆਨ ਸੀ। 

"ਸਿੱਖੀ ਦੀ ਮਹਿਕ" ਉਨ੍ਹਾਂ ਦੀਆਂ ਲਿਖੀਆਂ ਨਿਰੋਲ ਧਾਰਮਿਕ ਕਵਿਤਾਵਾਂ ਦੀ ਪੁਸਤਕ ਹੈ ਜਦਕਿ ਤੂਫ਼ਾਨ ਜੀ ਦੀਆਂ ਪੰਥਕ ਸ਼ਾਨਾਂ, ਜਾਗੋ ਤੇ ਜਗਾਓ, ਬਾਬਾ ਲੰਗੋਟੀ ਵਾਲਾ (ਬਾਲ ਸਾਹਿਤ) , ਚਾਰ ਸਾਥੀ (ਬਾਲ ਸਾਹਿਤ), ਸਾਡਾ ਥਾਈ ਸਫ਼ਰਨਾਮਾ, ਜਦੋਂ ਅਸੀਂ ਟੀ ਵੀ ਬਣੇ (ਹਾਸ ਵਿਅੰਗ), ਖ਼ੂਨੀ ਕਵੀ (ਜਾਸੂਸੀ ਨਾਵਲ) ਦੀਆਂ ਪੁਸਤਕਾਂ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਲੇਖਕ ਦੇ ਸਾਹਿਤਕ ਸਫਰ ਬਾਰੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਕਿਹਾ ਕਿ ਤੂਫਾਨ ਸਾਹਿਬ ਨੂੰ ਕਵਿਤਾ ਲਿਖਣ ਅਤੇ ਬੋਲਣ ਦੀ ਗੁੜ੍ਹਤੀ ਵਿਰਸੇ ਵਿਚ ਹੀ ਮਿਲ ਗਈ ਸੀ ਕਿਉਂਕਿ ਇਨ੍ਹਾਂ ਦੇ ਪਿਤਾ ਸੰਤੋਖ ਸਿੰਘ ਕਾਮਿਲ ਉਰਦੂ ਦੇ ਨਾਮਵਰ ਸ਼ਾਇਰ ਸਨ ਤੇ ਇਨ੍ਹਾਂ ਦੀ ਧਰਮਪਤਨੀ ਸ੍ਵ. ਸ਼੍ਰੀਮਤੀ ਨਿਰਅੰਜਨ ਅਵਤਾਰ ਕੌਰ ਵੀ ਕਵਿੱਤਰੀ ਹੋਣ ਦੇ ਨਾਲ ਨਾਲ ਬਹੁਪੱਖੀ ਸਾਹਿਤਕਾਰਾ ਸੀ। 

ਤੂਫ਼ਾਨ ਸਾਹਿਬ ਆਪਣੇ ਵਿਦਿਆਰਥੀ ਜੀਵਨ ਦੌਰਾਨ ਕਾਲਜ ਮੈਗਜ਼ੀਨ ਦੇ ਸੰਪਾਦਕ ਵੀ ਰਹੇ, ਸਰਕਾਰੀ ਸੇਵਾ ਦੌਰਾਨ ਮੁਲਾਜ਼ਮਾਂ ਦੀ ਜੱਥੇਬੰਦੀ ਵਲੋਂ "ਅੰਦੋਲਨ" ਨਾਂ ਦਾ ਪੰਦਰਵਾੜਾ ਅਖਬਾਰ ਪ੍ਰਕਾਸ਼ਿਤ ਕਰਦੇ ਰਹੇ। ਪੰਥਕ ਕਵੀ ਅਤੇ ਸ਼੍ਰੋਮਣੀ ਲਿਖਾਰੀ ਬੋਰਡ ਰਜਿ ਦੇ ਸਰਪ੍ਰਸਤ ਹਰਦੇਵ ਸਿੰਘ ਕਲਸੀ, ਚਰਨਜੀਤ ਸਿੰਘ ਚੰਨ, ਭੁਪਿੰਦਰ ਸਿੰਘ ਸੈਣੀ ਅਤੇ ਦਲਬੀਰ ਸਿੰਘ ਕਲੇਰ ਨੇ ਤੂਫ਼ਾਨ ਸਾਹਿਬ ਨੂੰ ਸਮਰਪਿਤ ਕਵਿਤਾਵਾਂ ਪੜ੍ਹੀਆਂ ਜਦਕਿ ਸੰਗੀਤ ਨਿਰਦੇਸ਼ਕ ਅਤੇ ਗਾਇਕ ਭਗਵੰਤ ਸਿੰਘ ਅਹੂਜਾ, ਪ੍ਰਮਿੰਦਰ ਸਿੰਘ ਅਲਬੇਲਾ, ਸਪੈਸ਼ਲ ਚਾਇਲੰਡ ਸ਼ਰੂਤੀ, ਸ੍ਰੀਮਤੀ ਕੰਵਲ ਵਾਲੀਆ, ਸੁਨਿਧੀ ਸ਼ਰਮਾ, ਕਮਲਪ੍ਰੀਤ ਕੌਰ ਅਤੇ ਇੰਦਰਜੀਤ ਕੌਰ ਲੋਟੇ ਆਦਿ ਗਾਇਕ, ਗਾਇਕਾਵਾਂ ਅਤੇ ਕਲਾਕਾਰਾਂ ਵਲੋਂ ਤੂਫਾਨ ਸਾਹਿਬ ਅਤੇ  ਬੀਬੀ ਨਿਰਅੰਜਨ ਅਵਤਾਰ ਕੌਰ ਦੇ ਲਿਖੇ ਗੀਤਾਂ ਨੂੰ ਆਪਣੇ ਸੁਰਾਂ ਨਾਲ ਸਜਾ ਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। 

ਇਸ ਮੌਕੇ ਕੇ ਸਾਧੂ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਲੈਕਚਰਾਰ ਗੁਰਪ੍ਰੀਤ ਕੌਰ, ਐਡਵੋਕੇਟ ਪ੍ਰਮਜੀਤ ਕਪੂਰ, ਹਰਮੀਤ ਕੌਰ ਸੂਦ, ਮਨਿੰਦਰ ਸਿੰਘ ਸੂਦ, ਜਗਜੀਤ ਸਿੰਘ ਚੋਪੜਾ, ਭਵਜੋਤ ਕੌਰ, ਗੀਤਕਾਰ ਸੁਖਬੀਰ ਸੰਧੇ, ਸਾਹਿਕਾਰਾ ਗੁਰਜਿੰਦਰ ਕੌਰ ਰਿਤੂ, ਪ੍ਰੀਤ ਸਾਹਿਤ ਸਦਨ ਤੋਂ ਰੀਮਾ ਸ਼ਰਮਾ, ਜਸਬੀਰ ਸਿੰਘ ਛਤਵਾਲ, ਸਕੂਲ ਆਫ ਐਮੀਨੈਨੰਸ ਦੇ ਕੈਂਪਸ ਮਨੇਜਰ ਜਸਮੇਲ ਸਿੰਘ ਰੰਧਾਵਾ, ਡਾ. ਸ਼ਮਸ਼ੇਰ ਸਿੰਘ ਸੰਧੂ, ਸੁਰਿੰਦਰ ਸਿੰਘ ਕਾਲੜਾ, ਹਰਜੀਤ ਸਿੰਘ, ਵਿਜੇ ਕੁਮਾਰ, ਆਲ ਇੰਡੀਆ ਰਾਮਗੜ੍ਹੀਆ ਬੋਰਡ ਤੋਂ ਦਵਿੰਦਰ ਸਿੰਘ ਪਨੇਸਰ, ਬੀਬੀ ਰਾਜਵਿੰਦਰ ਕੌਰ, ਸੁਸ਼ੀਲ ਕੁਮਾਰ, ਪੂਨਮ, ਨੀਲਮ, ਸੀਮਾ, ਰਿੰਕੀ, ਕਿਰਨਜੋਤ ਕੌਰ, ਮਲਕੀਤ ਸਿੰਘ ਮਾਲਹੜਾ, ਦੀਪ ਇੰਦਰ ਸਰ, ਗੀਤਾਂਜਲੀ ਮੈਡਮ, ਇਲਮਾ ਫਾਰਮੇਸੀ ਦੇ ਮਾਲਕ ਰਵੀ ਰੂਪ ਸਿੰਘ, ਨਿਊ ਇਰਾ ਪਬਲਿਕ ਸਕੂਲ ਦੀ ਪ੍ਰਿੰਸੀਪਲ ਦਿਸ਼ਾ ਬਾਗਰਾ, ਕੋਆਰਡੀਨੇਟਰ ਨੇਹਾ ਬੇਦੀ, ਪੂਜਾ ਦੇਵੀ, ਜੋਤੀ ਸ਼ਰਮਾ, ਸਰਿਤਾ ਵਰਮਾ, ਜੋਤੀ ਮਹਿਰਾ, ਨੇਸ਼ਨਜ਼ ਪ੍ਰਾਈਡ ਜੂਨੀਅਰ ਸਕੂਲ ਦੇ ਪ੍ਰਿੰਸੀਪਲ ਅਰੁਨ ਗੋਸਵਾਮੀ, ਮਮਤਾ ਗੋਸਵਾਮੀ, ਕੈਰੀਅਰ ਕਾਲਜ ਆਈ ਟੀ ਸੀ ਦੀ ਇੰਸਟ੍ਰਕਟਰ ਅਮਰਪ੍ਰੀਤ ਕੌਰ, ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਯੂਨੀਅਨ ਦੇ ਪ੍ਰਧਾਨ ਅਰਮਾਨ ਬਿਰਲਾ, ਵਿਜੇ ਕਲਿਆਣ, ਧਾਰਮਿਕ ਏਕਤਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਅਜੈ ਸਿੱਧੂ, ਸਰਬਜੀਤ ਕੌਰ, ਸੁਖਵਿੰਦਰ ਕੌਰ, ਜਸਮੀਤ ਕੌਰ, ਏਕਮਜੋਤ ਕੌਰ, ਸਿਮਰਨਜੀਤ ਕੌਰ, ਗੁਰਦੇਵ ਸਿੰਘ, ਗੁਰਵਿੰਦਰ ਸਿੰਘ ਚਾਹਲ,  ਸੰਪੂਰਨ ਸਿੰਘ, ਰਾਕੇਸ਼ ਸ਼ਰਮਾ,  ਰਵਿੰਦਰ ਕੁਮਾਰ, ਮਨਜੀਤ ਸਿੰਘ ਵੀ ਮੌਜੂਦਾ ਰਹੇ। 

ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ, ਮੁਲਾਜ਼ਮ ਜਥੇਬੰਦੀਆਂ ਦੇ ਕਈ ਮੈਂਬਰ, ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ ਜਦਕਿ ਆਏ ਵਿਸ਼ੇਸ਼ ਮਹਿਮਾਨਾਂ ਨੂੰ ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਰਜਿ. ਵਲੋਂ ਯਾਦਕਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।

ਉਘੇ ਲੇਖਕ ਅਵਤਾਰ ਸਿੰਘ ਤੂਫ਼ਾਨ ਸਾਹਿਬ ਨੂੰ ਯਾਦ ਕਰਦਿਆਂ

Saturday, 24 August 2024

ਉਘੇ ਲੇਖਕ ਅਵਤਾਰ ਸਿੰਘ ਤੂਫ਼ਾਨ ਸਾਹਿਬ ਨੂੰ ਯਾਦ ਕਰਦਿਆਂ

 Friday: 23rd August 2024 at 13:41

ਬਰਸੀ ਮੌਕੇ ਉਨ੍ਹਾਂ ਦੀ ਪੁਸਤਕ"ਸਿੱਖੀ ਦੀ ਮਹਿਕ" ਦਾ ਲੋਕ ਅਰਪਣ 25 ਨੂੰ 

ਲੁਧਿਆਣਾ: 23 ਅਗਸਤ 2024: (ਸਾਹਿਤ ਸਕਰੀਨ ਡੈਸਕ)::

ਸਾਹਿਤ ਦੇ ਖੇਤਰ ਵਿੱਚ ਹਮੇਸ਼ਾਂ ਸ਼੍ਰੋਮਣੀ ਰਹੇ ਅਵਤਾਰ ਸਿੰਘ ਤੂਫ਼ਾਨ ਸੱਚਮੁੱਚ ਜਦੋਂ ਸਟੇਜ ਤੇ ਆਉਂਦੇ ਤਾਂ ਆਪਣੀ ਸ਼ਾਇਰੀ ਅਤੇ ਅੰਦਾਜ਼ ਦੇ ਨਾਲ ਜਜ਼ਬਾਤਾਂ ਦਾ ਇੱਕ ਤੂਫ਼ਾਨ ਲੈ ਕੇ ਆਉਂਦੇ। ਉਹਨਾਂ ਦੇ ਹਾਸੇ ਵਾਲੀਆਂ ਸਤਰਾਂ ਵੀ ਸਿਸਟਮ, ਸਮਾਜ ਅਤੇ ਆਲੇ ਦੁਆਲੇ ਦੇ ਮਾਹੌਲ ਤੇ ਗੰਭੀਰ ਚੋਟ ਕਰ ਰਹੀਆਂ ਹੁੰਦੀਆਂ। ਉਹਨਾਂ ਦੇ ਸ਼ਾਇਰੀ ਅਤੇ ਮਿੱਤਰਤਾਈ ਵਾਲੇ ਵਿਸ਼ਾਲ ਨੈਟਵਰਕ ਨੂੰ ਸੰਭਾਲੀ ਰੱਖਣ ਵਿੱਚ ਉਹਨਾਂ ਦੇ ਸਪੁੱਤਰ ਪ੍ਰਭਕਿਰਨ ਸਿੰਘ ਨੇ ਕਮਾਲ ਦੀ ਕਾਰਗੁਜ਼ਾਰੀ ਦਿਖਾਈ ਹੈ। ਇਸ ਵਾਰ 25 ਅਗਸਤ ਨੂੰ ਹੋਣ ਵਾਲਾ ਸਮਾਗਮ ਵੀ ਉਹਨਾਂ ਦੇ ਪਰਿਵਾਰ ਵੱਲੋਂ ਜਾਰੀ ਸਿਲਸਿਲੇ ਵਿੱਚ ਇੱਕ ਨਵਾਂ ਅਧਿਆਇ ਬਣ ਕੇ ਸਾਹਮਣੇ ਆਉਣ ਵਾਲਾ ਹੈ।  

ਸ਼੍ਰੋਮਣੀ ਲਿਖਾਰੀ ਬੋਰਡ (ਰਜਿ.) ਵਲੋਂ ਪੰਜਾਬੀ ਦੇ ਪਹਿਲੇ ਜਸੂਸੀ ਨਾਵਲਕਾਰ ਅਤੇ ਬਹੁਪੱਖੀ ਸਾਹਿਤਕਾਰ ਪੰਥਕ ਕਵੀ ਸ੍ਵਰਗੀ ਸ੍ਰ ਅਵਤਾਰ ਸਿੰਘ ਤੂਫਾਨ ਜੀ ਦੀ 27ਵੀਂ ਬਰਸੀ ਦੇ ਮੌਕੇ ਉਨ੍ਹਾਂ ਵਲੋਂ ਰਚਿਤ ਧਾਰਮਿਕ ਕਵਿਤਾਵਾਂ ਦੀ ਪੁਸਤਕ "ਸਿੱਖੀ ਦੀ ਮਹਿਕ" ਦਾ ਲੋਕ ਅਰਪਣ ਸਮਾਰੋਹ ਐਤਵਾਰ, 25 ਅਗਸਤ, 2024 ਨੂੰ ਸਵੇਰੇ 10-00 ਵਜੇ ਰਾਣਾ ਦਲਜੀਤ ਸਿੰਘ ਸੈਮੀਨਾਰ ਹਾਲ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗਾ। 

ਇਸ ਮੌਕੇ ਉੱਚ ਕੋਟੀ ਦੇ ਵਿਦਵਾਨ, ਸਾਹਿਤਕਾਰ ਅਤੇ ਕਲਾਕਾਰ ਪੁਸਤਕ ਬਾਰੇ ਵਿਚਾਰ ਚਰਚਾ ਕਰਨਗੇ ਅਤੇ ਲੇਖਕ ਦੇ ਸਾਹਿਤਕ ਜੀਵਨ ਬਾਰੇ ਰੌਸ਼ਨੀ ਪਾਉਣਗੇ । ਉਰਦੂ ਦੇ ਨਾਮਵਰ ਕਵੀ (ਕਾਮਿਲ ਜਿਹਲਮੀ) ਸ੍ਰ. ਸੰਤੋਖ ਸਿੰਘ ਕਾਮਿਲ ਅਤੇ ਮਾਤਾ ਵਿਦਿਆ ਵੰਤੀ ਦੇ ਘਰ 03 ਜੁਲਾਈ 1932 ਨੂੰ ਪੈਦਾ ਹੋਏ ਸ੍ਰ ਅਵਤਾਰ ਸਿੰਘ ਤੂਫਾਨ ਕਲਮ ਦੇ ਅਜਿਹੇ ਧਨੀ ਸਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਹਰ ਖੇਤਰ ਵਿਚ ਸਫਲਤਾਪੂਰਬਕ ਹੱਥ ਅਜ਼ਮਾਇਆ ਅਤੇ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫੁੱਲਤ ਕਰਨ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ। 

ਇਨ੍ਹਾਂ ਦੀਆਂ ਲਿਖੀਆਂ ਬਾਲ ਸਾਹਿਤ ਜਾਗੋ ਤੇ ਜਗਾਓ, ਬਾਬਾ ਲੰਗੋਟੀਵਾਲਾ, ਪੰਥਕ ਸ਼ਾਨਾਂ (ਧਾਰਮਿਕ) ਪੁਸਤਕਾਂ 1955 ਵਿਚ ਹੀ ਪ੍ਰਕਾਸ਼ਿਤ ਹੋ ਗਈਆਂ ਜਦਕਿ 1961 ਵਿਚ 'ਖੂਨੀ ਕਵੀ' ਨਾਂ ਦਾ ਜਸੂਸੀ ਨਾਵਲ ਲਿਖ ਕੇ ਪੰਜਾਬੀ ਸਾਹਿਤ ਵਿਚ ਪਹਿਲ ਕਰ ਲਈ। ਸਾਡਾ ਥਾਈ ਸਫ਼ਰਨਾਮਾ, ਜਦੋਂ ਅਸੀਂ ਟੀ ਵੀ ਬਣੇ (ਹਾਸ ਵਿਅੰਗ ਲੇਖ) ਆਦਿ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜੋ ਬੜੀਆਂ ਮਕਬੂਲ ਹੋਈਆਂ। 

ਜਿਥੇ 60ਵੇਂ ਅਤੇ 70ਵੇਂ ਦਹਾਕੇ ਦੌਰਾਨ ਇਨ੍ਹਾਂ ਦੇ ਹਾਸ ਵਿਅੰਗ ਲੇਖ, ਗ਼ਜ਼ਲਾਂ, ਗੀਤ, ਕਵਿਤਾਵਾਂ ਅਤੇ ਕਹਾਣੀਆਂ ਪੰਜਾਬੀ ਦੀਆਂ ਨਾਮਵਰ ਅਖ਼ਬਾਰਾਂ ਵਿਚ ਲੜੀਵਾਰ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਉਥੇ ਇਨ੍ਹਾਂ ਦੇ ਲਿਖੇ ਨਾਟਕ ਅਤੇ ਕਹਾਣੀਆਂ ਰੇਡੀਓ ਸਟੇਸ਼ਨ ਜਲੰਧਰ ਤੋਂ ਕਈ ਵਾਰ  ਬ੍ਰਾਡਕਾਸਟ ਹੋਇਆ ਕਰਦਿਆਂ ਸਨ। ਸਾਹਿਤਕ ਰੂਚੀ ਹੋਣ ਕਾਰਨ  ਤੂਫਾਨ ਸਾਹਿਬ ਆਪਣੇ ਵਿਦਿਆਰਥੀ ਜੀਵਨ ਦੌਰਾਨ ਹੀ 1952-53 ਵਿਚ ਆਰੀਆ ਕਾਲਜ ਪੜ੍ਹਦੇ ਸਮੇਂ ਕਾਲਜ ਮੈਗਜ਼ੀਨ 'ਦ ਆਰੀਅਨ' ਪੰਜਾਬੀ ਵਿਭਾਗ ਦੇ ਸੰਪਾਦਕ ਬਣ ਗਏ ਪ੍ਰੰਤੂ ਇਸ ਦੇ ਨਾਲ ਹੀ ਕਾਲਜ ਦੀ ਵਿਦਿਆਰਥੀ ਜਥੇਬੰਦੀ  ਦੇ ਸਕੱਤਰ ਵੀ ਚੁਣੇ ਗਏ ਜਦਕਿ ਆਪ ਐਨ ਸੀ ਸੀ ਵਿੰਗ ਦੇ ਸਾਰਜੈਂਟ ਅਤੇ ਕਾਲਜ ਦੀ ਵਾਲੀਵਾਲ ਟੀਪ ਦੇ ਕੈਪਟਨ ਤੇ ਹਾਕੀ ਟੀਮ ਦੇ ਵਧੀਆ ਖਿਡਾਰੀ ਵੀ ਸਨ। ਇਸ ਲਾਇ ਇਹਨਾਂ ਦਾ ਨਾਮਣਾ ਇਸ ਖੇਤਰ ਵਿਹਚ ਵੀ ਸੀ। 

ਇਨ੍ਹਾਂ ਦੀ ਇਹੀ ਬਹੁਪੱਖੀ ਸ਼ਖ਼ਸੀਅਤ ਹੀ ਇਨ੍ਹਾਂ ਦੀ ਬਹੁਪੱਖੀ ਸਾਹਿਤਕ ਕਲਮ ਬਣ ਕੇ ਉਭਰੀ। ਕਾਲਜ ਪੜ੍ਹਦਿਆਂ ਹੀ ਇਨ੍ਹਾਂ ਦੀ ਸ਼ਾਦੀ ਬੀਬੀ ਨਿਰਅੰਜਨ ਕੌਰ ਨਾਲ ਹੋ ਗਈ। ਸਾਹਿਤਕ ਵਰਤਾਰਾ ਕਹਿਏ ਜਾਂ ਮਹਿਜ ਇਤਫ਼ਾਕ ਨਿਰਅੰਜਨ (ਅਵਤਾਰ) ਕੌਰ ਵੀ ਇਕ ਕਵਿੱਤਰੀ ਹੋਣ ਦੇ ਨਾਲ ਨਾਲ ਬਹੁਪੱਖੀ ਸਾਹਿਤਕਾਰ ਅਤੇ ਪੱਤਰਕਾਰ ਸੀ। 

ਇਨ੍ਹਾਂ ਦੋਵਾਂ ਦੀ ਸਾਹਿਤਕ ਤੇ ਕਾਵਿ ਜੋੜੀ ਨੇ ਪੰਜਾਬੀ ਭਾਸ਼ਾ ਦੇ ਲਿਖਾਰੀਆਂ ਨੂੰ ਇਕ ਜੁੱਟ ਕਰਨ ਲਈ ਸ਼੍ਰੋਮਣੀ ਲਿਖਾਰੀ ਕਵੀ ਸਭਾ ਅਤੇ ਸ਼੍ਰੋਮਣੀ ਲਿਖਾਰੀ ਬੋਰਡ ਦੀ ਸਥਾਪਨਾ ਕੀਤੀ ਤੇ ਨਵੇਂ ਉਭਰਦੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ। ਇਸ ਕਾਵਿ ਜੋੜੀ ਨੂੰ ਦੇਸ਼ ਵਿਦੇਸ਼ ਵਿਚ ਹੋਏ ਕਵੀ ਦਰਬਾਰਾਂ ਦੀਆਂ ਸਟੇਜਾਂ ਤੋਂ ਬੋਲਣ ਦਾ ਸੁਭਾਗ ਪ੍ਰਾਪਤ ਹੋਇਆ। ਸੰਨ 1953 ਵਿਚ ਪਿਤਾ ਜੀ ਦੀ ਅਚਨਚੇਤੀ ਮੌਤ ਕਾਰਨ ਤੂਫਾਨ ਸਾਹਿਬ ਨੂੰ ਆਪਣੀ ਪੜ੍ਹਾਈ ਅਧੂਰੀ ਹੀ ਛੱਡਣੀ ਪੈ ਗਈ। ਸੰਨ 1955 ਵਿੱਚ ਪੰਜਾਬ ਸਰਕਾਰ ਦੇ ਬਿਜਲੀ ਮਹਿਕਮੇ ਵਿਚ ਵਰਕ ਚਾਰਜ ਦਰਜਾ ਚਾਰ ਵਜੋਂ ਸਰਕਾਰੀ ਸੇਵਾ ਅਰੰਭ ਕਰਨ ਵਾਲੇ ਤੂਫਾਨ ਸਾਹਿਬ ਆਪਣੀ ਮਿਹਨਤ ਤੇ ਲਿਆਕਤ ਸਦਕਾ ਪੰਜਾਬ ਰਾਜ ਬਿਜਲੀ ਬੋਰਡ ਦੇ ਲੋਕ ਸੰਪਰਕ ਵਿਭਾਗ ਵਿਚ ਪਹਿਲੇ ਦਰਜੇ ਵਾਲੇ ਸੂਚਨਾ ਅਫ਼ਸਰਵਾਲੇ  ਅਧਿਕਾਰੀ ਦੀ ਪਦਵੀ ਤੱਕ ਤੱਕ ਜਾ ਪਹੁੰਚੇ । 

ਸਰਕਾਰੀ ਸੇਵਾ ਦੌਰਾਨ ਇਨ੍ਹਾਂ ਨੇ ਮੁਲਾਜ਼ਮਾਂ ਨੂੰ ਸੰਗਠਿਤ ਕਰਨ ਲਈ ਕਈ ਜਥੇਬੰਦੀਆਂ ਦੀ ਸਥਾਪਨਾ ਕੀਤੀ ਤੇ ਇਸੇ ਦੌਰਾਨ ਮੁਲਜ਼ਮਾਂ ਦੇ ਹੱਕਾਂ ਖਾਤਰ "ਅੰਦੋਲਨ" ਨਾਂ ਦਾ ਪੰਦਰਵਾੜਾ ਅਖਬਾਰ ਪ੍ਰਕਾਸ਼ਿਤ ਕਰਨ ਲਗ ਪਏ ਜਿਸ ਦੀ ਬਦੌਲਤ 1971 ਵਿਚ ਇਕ ਲੱਖ ਮੁਲਾਜ਼ਮਾਂ ਦੀ ਲੰਬੀ ਚਲੀ ਹੜਤਾਲ ਦੀ ਯੋਗਤਾਪੂਰਨ ਅਗਵਾਈ ਕੀਤੀ। 

ਤਤਕਾਲੀਨ ਪੰਜਾਬ ਸਰਕਾਰ ਨੇ ਤੂਫ਼ਾਨ ਸਾਹਿਬ ਅਤੇ ਹੋਰ ਮੁਲਾਜ਼ਮ ਨੇਤਾਵਾਂ ਨੂੰ ਕਈ ਤਰ੍ਹਾਂ ਦੇ ਲੋਭ ਲਾਲਚ ਦਿੱਤੇ ਪਰ ਇਨ੍ਹਾਂ ਸਰਕਾਰੀ ਨਿੱਜੀ ਪੇਸ਼ਕਸ਼ ਠੁਕਰਾ ਦਿੱਤੀ । ਖਫਾ ਹੋ ਕੇ ਸਰਕਾਰ ਨੇ ਤੂਫ਼ਾਨ ਸਾਹਿਬ ਨੂੰ ਸਾਥੀਆਂ ਸਮੇਤ ਭਾਵੇਂ ਜੇਲ੍ਹਾਂ ਵਿੱਚ ਸੁੱਟ ਦਿੱਤਾ ਪ੍ਰੰਤੂ ਇਹ ਬਿਲਕੁਲ ਨਾ ਡੋਲੇ। ਆਖਿਰਕਾਰ ਉਲਟਾ ਸਰਕਾਰ ਨੂੰ ਹੀ ਝੁਕਣਾ ਪਿਆ। 

ਆਪਣੀ ਸਰਕਾਰੀ ਸੇਵਾ ਮੁਕਤੀ ਉਪਰੰਤ  ਸੰਨ 1989 ਵਿਚ ਇਨ੍ਹਾਂ ਵਲੋਂ ਲੁਧਿਆਣਾ ਤੋਂ ਅਧੁਨਿਕ ਪ੍ਰਿਟਿੰਗ ਪ੍ਰੈਸ ਲਗਾ ਕੇ "ਰੋਜ਼ਾਨਾ ਸ਼੍ਰੋਮਣੀ ਪੰਜਾਬ" ਅਖ਼ਬਾਰ ਦੀ ਪ੍ਰਕਾਸ਼ਨਾ ਅਰੰਭ ਕੀਤੀ ਗਈ ਪਰ ਕਿਸੇ ਗੁੱਝੇ ਭੇਦ ਕਾਰਨ ਇਹ ਅਖਬਾਰ ਸ਼੍ਰੋਮਣੀ ਨਾ ਹੋ ਸਕਿਆ। ਇਸ ਤਰ੍ਹਾਂ ਸ੍ਵਰਗੀ ਸ੍ਰ ਅਵਤਾਰ ਸਿੰਘ ਤੂਫਾਨ ਕਾਫੀ ਲੰਬਾ ਸਮਾਂ ਪੱਤਰਕਾਰੀ ਦੇ ਖੇਤਰ ਨਾਲ ਵੀ ਜੁੜੇ ਰਹੇ।

ਆਪਣਾ ਅਮੁੱਲ ਸਾਹਿਤਕ ਖਜ਼ਾਨਾ ਛੱਡਦੇ ਹੋਏ 23 ਅਗਸਤ, 1997 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਉਨ੍ਹਾਂ ਦੀ ਯਾਦ ਨੂੰ ਸਮਰਪਿਤ ਐਤਵਾਰ, 25 ਅਗਸਤ ਨੂੰ ਹੋ ਰਹੇ ਇਸ ਸਮਾਰੋਹ ਵਿਚ ਉੱਘੇ ਗਾਇਕ ਸਵਰਗੀ ਤੂਫ਼ਾਨ ਸਾਹਿਬ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਨਿਵਾਜਣਗੇ ਅਤੇ ਸ਼ਾਮਲ ਹੋਣ ਵਾਲੇ ਸ਼ਾਇਰ ਸਿਰਫ ਤੂਫਾਨ ਸਾਹਿਬ ਨੂੰ ਸਮਰਪਿਤ ਕਵਿਤਾਵਾਂ ਪੜ੍ਹ ਕੇ ਸ਼ਰਧਾਂਜਲੀ ਅਰਪਣ ਕਰਨਗੇ। ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਰਜਿ. ਵਲੋਂ ਆਏ ਹੋਏ  ਵਿਸ਼ੇਸ਼ ਮਹਿਮਾਨਾਂ ਦਾ ਉਚੇਚਾ ਸਨਮਾਨ ਵੀ ਕੀਤਾ ਜਾਵੇਗਾ।

ਸਵਰਗੀ ਅਵਤਾਰ ਸਿੰਘ ਤੂਫਾਨ ਰਚਿਤ ਪੁਸਤਕ ਦਾ ਲੋਕ ਅਰਪਣ

Sunday, 4 August 2024

ਸਾਂਝੀ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦਾ ਗਠਨ//ਜਨਤਕ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ

Sunday 4th August 2024 at 4:22 PM

ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਤੁਰੰਤ ਕਾਰਜ ਕਰਨ ਦਾ ਫ਼ੈਸਲਾ

ਲੁਧਿਆਣਾ:   04 ਅਗਸਤ 2024: (ਸਾਹਿਤ ਸਕਰੀਨ ਡੈਸਕ)::
ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹੁਣ ਲਗਾਤਾਰ ਕੁਝ ਨਾ ਕੁਝ ਸ਼ਲਾਘਾਯੋਗ ਹੋ ਰਿਹਾ ਹੈ। ਚੰਡੀਗੜ੍ਹ ਵਿੱਚ ਵੀ ਇਹਨੀਂ ਦਿਨੀਂ ਕੁਝ ਚੰਗੇ ਉੱਦਮ ਉਪਰਾਲੇ ਹੋਏ ਹਨ ਅਤੇ ਅੱਜ ਪੰਜਾਬੀ ਭਵਨ ਲੁਧਿਆਣਾ ਵਿੱਚ ਵੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਅਹਿਮ ਫੈਸਲੇ ਲਏ ਗਏ ਹਨ।     ਵੀਡੀਓ ਵੀ ਦੇਖੋ 

ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਭਾਸ਼ਾ ਦੀਆਂ ਹਿਤੈਸ਼ੀ ਜਥੇਬੰਦੀਆਂ ਦੀ ਮੀਟਿੰਗ ਡਾ. ਜੋਗਿੰਦਰ ਸਿੰਘ ਨਿਰਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮਾਤ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ’ਤੇ ਭਰਪੂਰ ਚਰਚਾ ਹੋਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 7 ਜੁਲਾਈ 2023 ਦੇ ਅਕਾਦਮਿਕ ਕੌਂਸਲ ਦੇ ਫ਼ੈਸਲੇ ਕਿ ‘ਬੀ.ਸੀ.ਏ. ਦੇ ਤਿੰਨੇ ਸਾਲਾਂ ਵਿਚ ਸਾਰੇ ਸਮੈਸਟਰਾਂ ਵਿਚ ਪੰਜਾਬੀ ਪੜ੍ਹਾਈ ਜਾਵੇਗੀ’ ਤੋਂ ਪਿੱਛੇ ਹਟਣ ਦਾ ਮਸਲਾ ਭਾਰੂ ਰਿਹਾ।       ਵੀਡੀਓ ਵੀ ਦੇਖੋ 

ਇਸ ਮੌਕੇ ਸਾਂਝੀ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦਾ ਗਠਿਨ ਕੀਤਾ ਗਿਆ ਜਿਸ ਦੇ ਕਨਵੀਨਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੂੰ ਬਣਾਇਆ ਗਿਆ। ਇਸ ਮੀਟਿੰਗ ਵਿਚ ਦਰਜਨ ਦੇ ਕਰੀਬ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਜਿਸ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਪੰਜਾਬ ਚੇਤਨਾ ਮੰਚ, ਲੋਕ ਮੰਚ ਪੰਜਾਬ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ, ਪ੍ਰਗਤੀਸ਼ੀਲ ਲੇਖਕ ਸੰਘ, ਪ੍ਰਗਤੀਸ਼ੀਲ ਲੇਖਕ ਸੰਘ, ਫ਼ੋਕਲੋਰ ਰਿਸਰਚ ਅਕਾਡਮੀ, ਪੰਜਾਬੀ ਪ੍ਰਚਾਰ ਤੇ ਪਾਸਾਰਾ ਭਾਈਚਾਰਾ, ਫਤਿਹ ਰੌਕ, ਇਪਟਾ ਪੰਜਾਬ, ਪੰਜਾਬੀ ਭਾਸ਼ਾ ਅਕਾਦਮੀ, ਨਾਟ ਕਲਾ ਕੇਂਦਰ (ਜਗਰਾਉਂ) ਸ਼ਾਮਲ ਹੋਈਆਂ ਜਿਨ੍ਹਾਂ ਦੇ ਦੋ-ਦੋ ਨੁਮਾਇੰਦਿਆਂ ਨੂੰ ਕਾਰਜਕਾਰਨੀ ਦੇ ਮੈਂਬਰ ਬਣਾਇਆ ਗਿਆ: ਵੀਡੀਓ ਵੀ ਦੇਖੋ 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਸ੍ਰੀ ਦਰਸ਼ਨ ਬੁੱਟਰ ਅਤੇ ਸ੍ਰੀ ਸੁਸ਼ੀਲ ਦੁਸਾਂਝ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵਲੋਂ ਸ੍ਰੀ ਸੰਧੂ ਵਰਿਆਣਵੀ ਅਤੇ ਸ੍ਰੀ ਪਵਨ ਹਰਚੰਦਪੁਰੀ, ਪੰਜਾਬ ਚੇਤਨਾ ਮੰਚ ਵਲੋਂ  ਸ੍ਰੀ ਸਤਨਾਮ ਮਾਣਕ ਅਤੇ ਸ੍ਰੀ ਗੁਰਮੀਤ ਪਲਾਹੀ, ਲੋਕ ਮੰਚ ਪੰਜਾਬ ਵਲੋਂ ਡਾ. ਲਖਵਿੰਦਰ ਸਿੰਘ ਜੌਹਲ ਅਤੇ ਸ੍ਰੀ ਦੀਪਕ ਚਨਾਰਥਲ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵਲੋਂ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਡਾ. ਉਮਿੰਦਰ ਸਿੰਘ ਜੌਹਲ, ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸ੍ਰੀ ਸੁਰਜੀਤ ਜੱਜ ਅਤੇ ਡਾ. ਕੁਲਦੀਪ ਸਿੰਘ ਦੀਪ, ਫ਼ੋਕਲੋਰ ਰਿਸਰਚ ਅਕਾਡਮੀ ਵਲੋਂ ਸ੍ਰੀ ਰਮੇਸ਼ ਯਾਦਵ ਅਤੇ ਸ੍ਰੀ ਭੁਪਿੰਦਰ ਸੰਧੂ, ਪੰਜਾਬੀ ਪ੍ਰਚਾਰ ਤੇ ਪਾਸਾਰਾ ਭਾਈਚਾਰਾ ਵਲੋਂ ਸ. ਮਹਿੰਦਰ ਸਿੰਘ ਸੇਖੋਂ ਅਤੇ ਸ. ਹਰਬਖ਼ਸ਼ ਸਿੰਘ ਗਰੇਵਾਲ, ਫਤਿਹ ਰੌਕ ਵਲੋਂ ਸ. ਸਤਪਾਲ ਸਿੰਘ ਦੁੱਗਰੀ ਅਤੇ ਸ. ਜੌਹਰ ਪ੍ਰੀਤ ਸਿੰਘ, ਇਪਟਾ ਪੰਜਾਬ ਵਲੋਂ ਸ. ਸੰਜੀਵਨ ਸਿੰਘ ਅਤੇ ਸ੍ਰੀ ਪ੍ਰਦੀਪ ਕੁਮਾਰ, ਪੰਜਾਬੀ ਭਾਸ਼ਾ ਅਕਾਦਮੀ ਵਲੋਂ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ ਅਤੇ ਡਾ. ਸੁਖਵਿੰਦਰ ਸਿੰਘ ਸੰਘਾ, ਨਾਟ ਕਲਾ ਕੇਂਦਰ (ਜਗਰਾਉਂ) ਵਲੋਂ ਸ੍ਰੀ ਅਮਰਜੀਤ ਮੋਹੀ ਅਤੇ ਸ. ਰਵੀ ਸਿੰਘ ਪੱਬੀਆਂ ਅਤੇ ਪੰਜਾਬੀ ਭਾਸ਼ਾ ਮਾਹਿਰ-ਡਾ. ਜੋਗਾ ਸਿੰਘ, ਡਾ. ਸਵਰਾਜਬੀਰ, ਸ. ਭੁਪਿੰਦਰ ਸਿੰਘ ਖਹਿਰਾ, ਡਾ. ਸੁਖਦੇਵ ਸਿੰਘ ਸਿਰਸਾ, ਸ੍ਰੀ ਹਰਮੀਤ ਵਿਦਿਆਰਥੀ, ਸ੍ਰੀ ਕੇਵਲ ਧਾਲੀਵਾਲ, ਡਾ. ਹੀਰਾ ਸਿੰਘ, ਅੰਮ੍ਰਿਤਸਰ  ਨੂੰ ਸ਼ਾਮਲ ਕੀਤਾ ਗਿਆ।               ਵੀਡੀਓ ਵੀ ਦੇਖੋ 

ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜਿਹੜੀਆਂ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਹੋਰ ਸ਼ਾਮਲ ਹੋਣਾ ਚਾਹੁੰਣਗੀਆਂ ਉਨ੍ਹਾਂ ਨੂੰ ਵੀ ਸ਼ਾਮਲ ਕਰਕੇ ਉਨ੍ਹਾਂ ਦੇ ਦੋ ਨੁੁਮਾਇਦੇ ਕਾਰਜਕਾਰਨੀ ਵਿਚ ਸ਼ਾਮਲ ਕੀਤੇ ਜਾਣਗੇ। ਫ਼ੌਰੀ ਤੌਰ ’ਤੇ ਫ਼ੈਸਲਾ ਲਿਆ ਗਿਆ ਕਿ ਜਲਦੀ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਨੂੰ ਪੱਤਰ ਲਿਖ ਕੇ ਜਾਣੂੰ ਕਰਵਾਇਆ ਜਾਵੇਗਾ। ਚੇਅਰਪਰਸਨ ਕੰਪਿਊਟਰ ਸਾਇੰਸ ਵਿਭਾਗ ਨੂੰ ਵੀ ਪੱਤਰ ਲਿਖਿਆ ਜਾਵੇ ਅਤੇ ਇਸ ਦਾ ਉਤਾਰਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਅਤੇ  ਡੀਨ ਕਾਲਜਿਜ ਡਿਵੈਲਪਮੈਂਟ ਕਾਉਸਲ ਨੂੰ ਭੇਜਿਆ ਜਾਵੇ। 08 ਅਗਸਤ, 2024 ਤੱਕ ਉਡੀਕ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਨੂੰ ਸਮਾਂ ਲੈ ਕੇ ਮਿਲਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।

ਵੀਡੀਓ ਵੀ ਦੇਖੋ 

ਜੇਕਰ ਫਿਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਅਗਲੇਰਾ ਜਨਤਕ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਜਨਤਕ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ।     ਵੀਡੀਓ ਵੀ ਦੇਖੋ 

ਇਸੇ ਤਰ੍ਹਾਂ ਜਦੋਂ ਵੀ ਕਦੇ ਕੋਈ ਮਾਤ-ਭਾਸ਼ਾ ਸੰਬੰਧੀ ਫੌਰੀ ਮਸਲਾ ਪੈਦਾ ਹੁੰਦਾ ਹੈ ਤੁਰੰਤ ਕਾਰਵਾਈ ਤਾਲਮੇਲ ਕਮੇਟੀ ਵਲੋਂ ਕੀਤੀ ਜਾਵੇਗੀ ਅਤੇ ਏਕਾ ਉਸਾਰਦਿਆਂ ਜਨਤਕ ਸੰਘਰਸ਼ ਦਾ ਸੱਦਾ ਦਿੱਤਾ ਜਾਇਆ ਕਰੇਗਾ। 

ਵੀਡੀਓ ਵੀ ਦੇਖੋ 

ਇਸ ਸਬੰਧ ਵਿੱਚ ਇਸ ਤਾਲਮੇਲ ਕਮੇਟੀ ਦੇ ਕਨਵੀਨਰ ਡਾ. ਸਰਬਜੀਤ ਸਿੰਘ ਨਾਲ ਉਹਨਾਂ ਦੇ ਮੋਬਾਈਲ ਨੰਬਰ: 98155-74144 'ਤੇ ਸਿੱਧਾ ਵੀ ਸੰਪਰਕ ਕੀਤਾ ਜਾ ਸਕਦਾ ਹੈ। 

ਵੀਡੀਓ ਵੀ ਦੇਖੋ 

ਪੰਜਾਬੀ ਲਈ ਹੁਣ ਨਵੇਂ ਅੰਦੋਲਨ ਦੀ ਦਸਤਕ