Friday: 25th August 2024 at 19:57
"ਸਿੱਖੀ ਦੀ ਮਹਿਕ" ਨੂੰ ਰਿਲੀਜ਼ ਵਾਲਾ ਇਹ ਸਮਾਰੋਹ ਯਾਦਗਾਰੀ ਬਣ ਗਿਆ
ਸਾਡੇ ਦਿਲਾਂ ਦੀ ਧੜਕਣ ਵਿੱਚ ਮੌਜੂਦ ਹਨ ਤੂਫ਼ਾਨ ਸਾਹਿਬ |
ਹੁਣ ਤਾਂ ਖੈਰ ਸਾਹਿਤਕ ਸਮਾਗਮ ਮਹਿੰਗੇ ਕਿਰਾਇਆਂ ਵਾਲੇ ਬੰਦ ਕਮਰਿਆਂ ਵਰਗੇ ਛੋਟੇ ਛੋਟੇ ਜਿਹੇ ਅਸਥਾਨਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ ਪਰ ਤੂਫ਼ਾਨ ਸਾਹਿਬ ਉਹ ਸ਼ਖ਼ਸੀਅਤ ਸਨ ਜਿਹੜੇ ਸਾਹਿਤ ਦੇ ਸੁਨੇਹੇ ਲੁਧਿਆਣਾ ਦੇ ਸੰਘਣੇ ਬਾਜ਼ਾਰਾਂ ਅਤੇ ਚੌਕਾਂ ਵਿੱਚ ਹੁੰਦੇ ਯਾਦਗਾਰੀ ਸਮਾਗਮਾਂ ਰਾਹੀਂ ਆਮ ਲੋਕਾਂ ਨੂੰ ਵੀ ਦੇਈਏ ਕਰਦੇ ਸਨ। ਕਦੇ ਸੁਭਾਨੀ ਬਿਲਡਿੰਗ ਚੌਕ, ਕਦੇ ਗੁਰਦੁਆਰਾ ਕਲਗੀਧਰ ਸਾਹਿਬ ਦਾ ਦੀਵਾਨ ਅਸਥਾਨ, ਕਦੇ ਫੀਲਡ ਗੰਜ, ਕਦੇ ਮਾਸਟਰ ਤਾਰਾ ਸਿੰਘ ਕਾਲਜ ਵਾਲੀ ਥਾਂ, ਕਦੇ ਅਕਾਲ ਗੜ੍ਹ ਸਾਹਿਬ ਅਤੇ ਕਦੇ ਅਜਿਹਾ ਹੀ ਕੋਈ ਹੋਰ ਅਸਥਾਨ।
ਕਵਿਤਾ ਵਿੱਚ ਉਹਨਾਂ ਦੀ ਬੰਦਿਸ਼, ਰਿਦਮ ਅਤੇ ਸੁਰ ਸੰਗੀਤ ਵਾਲੀ ਸ਼ਾਇਰੀ ਨੌਜੁਆਨ ਮੁੰਡੇ ਕੁੜੀਆਂ ਦੇ ਨਾਲ ਨਾਲ ਬੱਚੇ ਬੱਚੀਆਂ ਵੀ ਰੱਟਣ ਲੱਗਦੇ ਅਤੇ ਸਮਾਗਮ ਤੋਂ ਘਰ ਪਰਤਦਿਆਂ ਗੁਣਗੁਣਾਉਂਦੇ ਆਉਂਦੇ। ਉਦੋਂ ਸਾਹਿਤ ਦਾ ਸੁਆਦ ਘਰ ਘਰ ਤਕ ਪਹੁੰਚ ਰਿਹਾ ਸੀ। ਸਰੋਤੇ ਅਤੇ ਦਰਸ਼ਕ ਅੱਜ ਵਾਂਗ ਪੰਜਾਹ ਸੱਠ ਨਹੀਂ ਬਲਕਿ ਹਜ਼ਾਰਾਂ ਵਿਚ ਹੋਇਆ ਕਰਦੇ ਸਨ। ਜੇਕਰ ਸਮਾਗਮ ਅੱਧੀ ਰਾਤ ਤੋਂ ਬਾਅਦ ਤੱਕ ਵੀ ਚੱਲਦਾ ਤਾਂ ਲੋਕ ਪ੍ਰਤੀਬੱਧ ਸੰਗਤਾਂ ਵਾਂਗ ਬੈਠੇ ਰਹਿੰਦੇ। ਕਵੀ ਦਰਬਾਰ ਉਹਨਾਂ ਸਿਆਸੀ ਅਤੇ ਧਾਰਮਿਕ ਸਮਾਗਮਾਂ ਲਈ ਵਿਸ਼ੇਸ਼ ਖਿੱਚ ਹੋਇਆ ਕਰਦੇ ਸਨ। ਸਰੋਤੇ ਥੋਹੜਾ ਬਹੁਤ ਹਿੱਲਣ ਲੱਗਦੇ ਤਾਂ ਪ੍ਰਬੰਧਕ ਝੱਟ ਦੇਣੀ ਮਾਈਕ ਤੋਂ ਆਖਦੇ ਬਈ ਬਸ ਹੁਣ ਕਵੀ ਦਰਬਾਰ ਸ਼ੁਰੂ ਹੋਣ ਵਾਲਾ ਹੈ। ਨਾਲ ਹੀ ਕਿਹਾ ਜਾਂਦਾ ਸਾਡੇ ਦਰਮਿਆਨ ਤੂਫ਼ਾਨ ਸਾਹਿਬ ਪਹੁੰਚ ਚੁੱਕੇ ਹਨ।
ਗੁਟਬੰਦੀਆਂ, ਧੜੇਬੰਦੀਆਂ ਉਦੋਂ ਵੀ ਹੋਇਆ ਕਰਦੀਆਂ ਸਨ ਪਰ ਤੂਫ਼ਾਨ ਸਾਹਿਬ ਵਰਗੀਆਂ ਸ਼ਖ਼ਸੀਅਤਾਂ ਦੀ ਮੌਜੂਦਗੀ ਬਾਕੀਆਂ ਦੀ ਇਸ ਨਾਰਾਜ਼ਗੀ ਨੂੰ ਵੀ ਸਲੀਕੇ ਵਿੱਚ ਕਾਇਮ ਰੱਖਦੀ। ਗ਼ੁਸਸੇ ਦਾ ਉਬਾਲ ਕਦੇ ਬਾਹਰ ਨਾ ਆਉਂਦਾ। ਤੂਫ਼ਾਨ ਸਾਹਿਬ ਗੁੱਸੇ ਗਲੇ ਵਾਲੀ ਗੱਲ ਦੀ ਭਾਫ ਤੱਕ ਨਾ ਉੱਡਣ ਦੇਂਦੇ। ਜਿਹਨਾਂ ਦੋ ਚਾਰ ਸੱਜਣਾਂ ਮਿੱਤਰਾਂ ਨੂੰ ਗੱਲ ਪਤਾ ਵੀ ਲੱਗ ਜਾਂਦੀ ਉਹਨਾਂ ਦੇ ਮਨਾਂ ਵਿੱਚੋਂ ਵੀ ਆਪਣੇ ਹਾਸੇ, ਮਜ਼ਾਕ ਵਾਲੇ ਅੰਦਾਜ਼ ਨਾਲ ਗੁੱਸਾ ਗਿਲਾ ਝਟਪਟ ਕੱਢ ਦੇਂਦੇ। ਤੂਫ਼ਾਨ ਸਾਹਿਬ ਸਮਾਗਮ ਨੂੰ ਪਰਿਵਾਰਿਕ ਸਫਲਤਾ ਵਾਂਗ ਸਮਝਿਆ ਕਰਦੇ ਸਨ।
ਅੱਜਕਲ੍ਹ ਦੇ ਬਹੁਤੇ ਸਾਹਿਤਿਕ ਸਮਾਗਮਾਂ ਵਿਚ ਤਾਂ ਗਲੈਮਰ ਵੱਧ ਗਿਆ ਹੈ ਅਤੇ ਦਿਖਾਵਾ ਵੀ ਪਰ ਮੋਟੇ ਮੋਟੇ ਖਰਚੇ ਕਰਨ ਵਾਲਿਆਂ ਨੂੰ ਅਕਸਰ ਇਹ ਵੀ ਪਤਾ ਨਹੀਂ ਹੁੰਦਾ ਕਿ ਦੂਰ ਦੁਰਾਡਿਓਂ ਇਸ ਸਮਾਗਮ ਵਿਚ ਆਏ ਕਿਸੇ ਕਲਮਕਾਰ ਜਾਂ ਕਲਾਕਾਰ ਕੋਲ ਵਾਪਿਸ ਮੁੜਨ ਜੋਗਾ ਕਿਰਾਇਆ ਵੀ ਹੈ ਜਾਂ ਨਹੀਂ?
ਅੱਜਕਲ੍ਹ ਦੇ ਬਹੁਤੇ ਲੇਖਕ ਸਮਾਗਮ ਮੁੱਕਦਿਆਂ ਹੀ ਝੱਟ ਦੇਣੀ ਆਪਣੀ ਲੰਮੀ ਚੌੜੀ ਗੱਡੀ ਨਾਲ ਧੂੜਾਂ ਪੁੱਟਦੇ ਸਮਾਗਮ ਤੋਂ ਬਾਹਰ ਨਿੱਕਲ ਜਾਣਗੇ ਉੰਝ ਭਾਵੇਂ ਸਾਰੀ ਗੱਡੀ ਹੀ ਖਾਲੀ ਜਾ ਰਹੀ ਹੋਵੇ। ਇਹਨਾਂ ਇਹ ਨਹੀਂ ਕਹਿਣਾ ਬਾਈ ਜੇ ਸਾਡੇ ਪਾਸੇ ਕਿਸੇ ਨੇ ਜਾਣਾ ਹੈ ਤਾਂ ਸਾਡੇ ਨਾਲ ਹੀ ਆ ਜਾਓ।
ਪਰ ਤੂਫ਼ਾਨ ਸਾਹਿਬ ਇਹਨਾਂ ਗੱਲਾਂ ਵੱਲ ਉਚੇਚ ਨਾਲ ਧਿਆਨ ਦੇਂਦੇ ਅਤੇ ਉਹ ਵੀ ਬੜੀ ਖਾਮੋਸ਼ੀ ਜਿਹੀ ਨਾਲ। ਇਸ ਗੱਲ ਦਾ ਪਤਾ ਵੀ ਕਿਸੇ ਨੂੰ ਨਾ ਲੱਗਣ ਦੇਂਦੇ। ਦੂਰ ਦੁਰਾਡੇ ਮੁੜਣ ਜਾਂ ਦੇਰ ਰਾਤ ਕਰਕੇ ਰੁਕਣ ਵਾਲਿਆਂ ਲਈ ਉਚੇਚ ਨਾਲ ਪ੍ਰਬੰਧ ਕਰਾਉਂਦੇ।
ਸ਼ਾਇਰੀ ਦੇ ਦੌਰ ਦੌਰਾਨ ਕਿਸ ਨੂੰ ਅੱਜ ਸੰਗਤਾਂ ਦੀ ਮਾਇਕ ਬਖਸ਼ਿਸ਼ ਘੱਟ ਹੋਈ ਹੈ ਜਾਂ ਕਿਸਨੂੰ ਘੱਟ ਪੈਸੇ ਬਣੇ ਹਨ ਉਹਨਾਂ ਨੂੰ ਸਭ ਪਤਾ ਹੁੰਦਾ ਸੀ। ਉਸ ਦੀ ਆਰਥਿਕ ਹਾਲਤ ਦਾ ਧਿਆਨ ਰੱਖਦਿਆਂ ਕਿਸੇ ਨ ਕਿਸੇ ਤਰ੍ਹਾਂ ਉਸ ਦੀ ਜੇਬ ਵਿੱਚ ਕੁਝ ਨਾ ਕੁਝ ਪੁਆ ਦੇਂਦੇ। ਤੂਫ਼ਾਨ ਸਾਹਿਬ ਦੀ ਹਾਜ਼ਰੀ ਵਿਚ ਕਦੇ ਕੋਈ ਸ਼ਾਇਰ ਨਿਰਾਸ਼ ਨਹੀਂ ਸੀ ਮੁੜਦਾ। ਕਦੇ ਕੋਈ ਇਹ ਵੀ ਨਾ ਸਕੋਹਦਾ ਕਿ ਅੱਜ ਉਸਨੂੰ ਇਨਾਮ ਸ਼ਨਾਮ ਘੱਟ ਮਿਲੇ ਹਨ।
ਪੁਰਾਣੇ ਵੇਲਿਆਂ ਦਾ ਮੋਚ ਪੁਰਾ ਬਾਜ਼ਾਰ ਅਤੇ ਅੱਜਕਲ੍ਹ ਦਾ ਉਨ ਵਾਲਾ ਬਾਜ਼ਾਰ ਸਾਡੀ ਟੀਮ ਨੂੰ ਅੱਜ ਵੀ ਪੂਰੀ ਤਰ੍ਹਾਂ ਯਾਦ ਹੈ। ਰੇਲਵੇ ਸਟੇਸ਼ਨ ਵਾਲੇ ਪਾਸੇ ਜਾਂਦੀ ਗਲੀ ਵਿਚ ਸਾਡਾ ਘਰ ਹੁੰਦਾ ਸੀ ਅਤੇ ਨਿੰਮ ਚੌਂਕ ਵੱਲ ਜਾਂਦੀ ਗਲੀ ਵਿੱਚ ਤੂਫ਼ਾਨ ਸਾਹਿਬ ਦਾ ਘਰ ਹੁੰਦਾ ਸੀ। ਦੋਵੇਂ ਗਲੀਆਂ ਆਹਮੋ ਸਾਹਮਣੇ ਵੀ ਪੈਂਦੀਆਂ ਸਨ। ਅਸਲ ਵਿਚ ਲੇਖਕਾਂ ਲਈ ਤੂਫ਼ਾਨ ਸਾਹਿਬ ਦਾ ਨਿਵਾਸ ਮੱਕੇ ਵਾਂਗ ਹੀ ਸੀ।
ਸਾਡੇ ਘਰ ਬੜੇ ਨੇੜੇ ਨੇੜੇ ਸਨ। ਇਸ ਲਈ ਉਹਨਾਂ ਘਰ ਹਰ ਰੋਜ਼ ਪਹੁੰਚ ਜਾਣਾ ਰੂਟੀਨ ਵਾਂਗ ਹੀ ਸੀ। ਉਹਨਾਂ ਵੀ ਲੰਘਦੇ ਟੱਪਦੇ ਚਰਨ ਪਾ ਕੇ ਜਾਣੇ। ਜੇ ਬਾਹਰੋਂ ਕੋਈ ਕਵੀ ਲੇਖਕ ਜਾਂ ਹੋਰ ਸੱਜਣ ਮਿੱਤਰ ਆਇਆ ਹੁੰਦਾ ਤਾਂ ਉਸਦੀ ਇੱਛਾ ਵੀ ਇਹੀ ਹੁੰਦੀ ਕਿ ਤੂਫ਼ਾਨ ਸਾਹਿਬ ਦੇ ਦਰਸ਼ਨ ਕੀਤੇ ਜਾਣ। ਤੂਫ਼ਾਨ ਸਾਹਿਬ ਉਦੋਂ ਵੀ ਬੜੇ ਵੱਡੇ ਲੇਖਕਾਂ ਵਿੱਚੋਂ ਸਨ। ਇਸਦੇ ਬਾਵਜੂਦ ਕਦੇ ਨਾ ਆਖਦੇ ਅੱਜ ਥੋਹੜਾ ਬਿਜ਼ੀ ਹਾਂ।
ਅੱਜਕਲ੍ਹ ਤਾਂ ਵੱਡੇ ਲੇਖਕਾਂ ਨੂੰ ਛੋਟੇ ਲੇਖਕਾਂ ਲਈ ਸਮਾਂ ਹੀ ਨਹੀਂ ਮਿਲਦਾ ਪਰ ਤੂਫ਼ਾਨ ਸਾਹਿਬ ਸਭਨਾਂ ਨੂੰ ਉਚੇਚ ਨਾਲ ਮਿਲਦੇ। ਨਵੇਂ ਸ਼ਾਇਰਾਂ ਨੂੰ ਸ਼ਾਇਰੀ ਦੇ ਗੁਰ ਦੱਸਦੇ, ਸਟੇਜ ਤੇ ਬੋਲਣ ਦੀਆਂ ਬਾਰੀਕੀਆਂ ਸਮਝਾਉਂਦੇ। ਆਉਂਦੀ ਵਾਰ ਕੋਈ ਨ ਕੋਈ ਕਿਤਾਬ ਵੀ ਸੌਗਾਤ ਵੱਜੋਂ ਦੇਂਦੇ।
ਜਦੋਂ ਵੀ ਕਦੇ ਕਵੀ ਦਰਬਾਰ ਕਰਾਉਣ ਵਾਲੀਆਂ ਸੰਸਥਾਵਾਂ ਤੂਫ਼ਾਨ ਸਾਹਿਬ ਕੋਲ ਆਉਂਦੀਆਂ ਕਿ ਇਸ ਤਾਰੀਖ ਨੂੰ ਕਵੀ ਦਰਬਾਰ ਕਰਾਉਣਾ ਹੈ ਤਾਂ ਤੂਫ਼ਾਨ ਸਾਹਿਬ ਉਹਨਾਂ ਦਾ ਬਜਟ ਵੀ ਪੁੱਛਦੇ ਅਤੇ ਆਪਣੇ ਸਰਕਲਾਂ ਵਿੱਚੋਂ ਉਹਨਾਂ ਦੇ ਨਾਮ ਪਹਿਲਾਂ ਲਿਖਵਾਉਂਦੇ ਜਿਹਨਾਂ ਨੂੰ ਪ੍ਰੋਗਰਾਮ ਘੱਟ ਮਿਲ ਰਹੇ ਹੁੰਦੇ ਸਨ ਜਾਂ ਉਹ ਆਰਥਿਕ ਪੱਖੋਂ ਥੁੜੇ ਰਹਿੰਦੇ ਸਨ। ਜਿਹਨਾਂ ਨੂੰ ਤੂਫ਼ਾਨ ਸਾਹਿਬ ਨੇ ਪ੍ਰਮੋਟ ਕੀਤਾ ਜਾਂ ਪ੍ਰੋਗਰਾਮ ਦੁਆਏ ਉਹਨਾਂ ਵਿਚੋਂ ਕਈਆਂ ਦੇ ਨਾਮ ਮੈਨੂੰ ਪਤਾ ਵੀ ਹਨ ਪਰ ਇਥੇ ਉਹਨਾਂ ਨਾਵਾਂ ਦਾ ਜ਼ਿਕਰ ਠੀਕ ਨਹੀਂ।
ਜਨਾਬ ਅਵਤਾਰ ਸਿੰਘ ਤੂਫ਼ਾਨ ਸਾਹਿਬ ਸ਼ਾਇਰੀ ਦੇ ਨਾਲ ਵਾਰਤਕ ਵਿੱਚ ਵੀ ਮਾਹਰ ਸਨ। ਬਹੁਪੱਖੀ ਸਾਹਿਤਕਾਰ, ਪੱਤਰਕਾਰ, ਪੰਜਾਬੀ ਭਾਸ਼ਾ ਦੇ ਪਹਿਲੇ ਜਸੂਸੀ ਨਾਵਲਕਾਰ ਅਤੇ ਪੰਥਕ ਕਵੀ ਸਨ ਸਵਰਗੀ ਸ੍ਰ. ਅਵਤਾਰ ਸਿੰਘ ਤੂਫਾਨ। ਉਹਨਾਂ ਦੀ 27ਵੀਂ ਬਰਸੀ ਮੌਕੇ ਉਨ੍ਹਾਂ ਦੀ ਲਿਖੀ ਪੁਸਤਕ "ਸਿੱਖੀ ਦੀ ਮਹਿਕ" ਦਾ ਲੋਕ ਅਰਪਣ ਸਮਾਰੋਹ ਯਾਦਗਾਰੀ ਹੋ ਨਿਬੜਿਆ।
ਇਹ ਸਮਾਰੋਹ ਅੱਜ ਸਥਾਨਕ ਪੰਜਾਬੀ ਭਵਨ ਲੁਧਿਆਣਾ ਦੇ ਰਾਣਾ ਦਲਜੀਤ ਸਿੰਘ ਸੈਮੀਨਾਰ ਹਾਲ ਵਿਖੇ ਸ਼੍ਰੋਮਣੀ ਲਿਖਾਰੀ ਬੋਰਡ (ਰਜਿ.) ਵਲੋਂ ਸ੍ਵਰਗੀ ਲੇਖਕ ਦੀ ਯਾਦ ਵਿਚ ਕਰਵਾਇਆ ਗਿਆ ਸੀ ਜਿਥੇ ਸੈਂਕੜਿਆਂ ਦੀ ਗਿਣਤੀ ਵਿਚ ਪੁੱਜੇ ਕਲਾਕਾਰਾਂ, ਸਾਹਿਤਕਾਰਾਂ, ਗੀਤਕਾਰਾਂ, ਕਵੀਆਂ/ਕਵਿਤਰੀਆਂ ਅਤੇ ਵਿਦਿਆਕ ਮਾਹਰਾਂ ਦੀ ਹਾਜ਼ਰੀ ਵਿਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਉਪ ਪ੍ਰਧਾਨ ਅਤੇ ਨੈਸ਼ਨਲ ਤੇ ਸਟੇਟ ਆਵਾਰਡੀ ਅਧਿਆਪਕਾ ਡਾ. ਗੁਰਚਰਨ ਕੌਰ ਕੋਚਰ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ, ਸਮਾਰੋਹ ਦੀ ਪ੍ਰਬੰਧਕ ਸੰਸਥਾ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਤੇ ਜਨਰਲ ਸਕੱਤਰ ਪਵਨਪ੍ਰੀਤ ਸਿੰਘ ਤੂਫਾਨ, ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸ਼੍ਰੋਮਣੀ ਸਾਹਿਤਕਾਰ ਡਾ. ਫਕੀਰ ਚੰਦ ਸ਼ੁਕਲਾ, ਸੁਸ਼ੀਲ ਦੁਸਾਂਝ, ਪ੍ਰੀਤ ਸਾਹਿਤ ਸਦਨ ਦੇ ਪ੍ਰਧਾਨ ਡਾ. ਮਨੋਜ ਪ੍ਰੀਤ ਅਤੇ ਰਵਿੰਦਰ ਭੱਠਲ ਵਲੋਂ ਸਾਂਝੇ ਤੌਰ ਤੇ ਲੋਕ ਅਰਪਣ ਦੀ ਰਸਮ ਅਦਾ ਕੀਤੀ ਗਈ ਜਦਕਿ ਵਿਸ਼ਵ ਪੰਜਾਬੀ ਕਵੀ ਸਭਾ ਦੇ ਪ੍ਰਧਾਨ ਜੁਗਿੰਦਰ ਸਿੰਘ ਕੰਗ ਵਲੋਂ ਪੁਸਤਕ ਸਬੰਧੀ ਜਾਣਕਾਰੀ ਭਰਪੂਰ ਪੇਪਰ ਪੜ੍ਹਿਆ ਗਿਆ। ਇਸ ਤਰ੍ਹਾਂ ਇਹ ਸਮਾਗਮ ਬਹੁਤ ਖਾਸ ਸਮਾਗਮ ਬਣਿਆ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸ੍ਰ. ਅਵਤਾਰ ਸਿੰਘ ਤੂਫਾਨ ਸਟੇਜ ਦੇ ਨਾਲ ਨਾਲ ਕਲਮ ਦੇ ਵੀ ਅਜਿਹੇ ਧਨੀ ਸਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਹਰ ਖੇਤਰ ਵਿਚ ਸਫਲਤਾਪੂਰਬਕ ਹੱਥ ਅਜ਼ਮਾਇਆ ਅਤੇ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫੁੱਲਤ ਕਰਨ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ। ਛੰਦਾਬੰਦੀ ਵਿਚ ਲਿਖੀਆਂ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹ ਕੇ ਪਤਾ ਚਲਦਾ ਹੈ ਕਿ ਉਨ੍ਹਾਂ ਨੂੰ ਪਿੰਗਲ ਅਤੇ ਅਰੂਜ਼ ਦਾ ਗੂੜ੍ਹਾ ਗਿਆਨ ਸੀ।
"ਸਿੱਖੀ ਦੀ ਮਹਿਕ" ਉਨ੍ਹਾਂ ਦੀਆਂ ਲਿਖੀਆਂ ਨਿਰੋਲ ਧਾਰਮਿਕ ਕਵਿਤਾਵਾਂ ਦੀ ਪੁਸਤਕ ਹੈ ਜਦਕਿ ਤੂਫ਼ਾਨ ਜੀ ਦੀਆਂ ਪੰਥਕ ਸ਼ਾਨਾਂ, ਜਾਗੋ ਤੇ ਜਗਾਓ, ਬਾਬਾ ਲੰਗੋਟੀ ਵਾਲਾ (ਬਾਲ ਸਾਹਿਤ) , ਚਾਰ ਸਾਥੀ (ਬਾਲ ਸਾਹਿਤ), ਸਾਡਾ ਥਾਈ ਸਫ਼ਰਨਾਮਾ, ਜਦੋਂ ਅਸੀਂ ਟੀ ਵੀ ਬਣੇ (ਹਾਸ ਵਿਅੰਗ), ਖ਼ੂਨੀ ਕਵੀ (ਜਾਸੂਸੀ ਨਾਵਲ) ਦੀਆਂ ਪੁਸਤਕਾਂ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਲੇਖਕ ਦੇ ਸਾਹਿਤਕ ਸਫਰ ਬਾਰੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਕਿਹਾ ਕਿ ਤੂਫਾਨ ਸਾਹਿਬ ਨੂੰ ਕਵਿਤਾ ਲਿਖਣ ਅਤੇ ਬੋਲਣ ਦੀ ਗੁੜ੍ਹਤੀ ਵਿਰਸੇ ਵਿਚ ਹੀ ਮਿਲ ਗਈ ਸੀ ਕਿਉਂਕਿ ਇਨ੍ਹਾਂ ਦੇ ਪਿਤਾ ਸੰਤੋਖ ਸਿੰਘ ਕਾਮਿਲ ਉਰਦੂ ਦੇ ਨਾਮਵਰ ਸ਼ਾਇਰ ਸਨ ਤੇ ਇਨ੍ਹਾਂ ਦੀ ਧਰਮਪਤਨੀ ਸ੍ਵ. ਸ਼੍ਰੀਮਤੀ ਨਿਰਅੰਜਨ ਅਵਤਾਰ ਕੌਰ ਵੀ ਕਵਿੱਤਰੀ ਹੋਣ ਦੇ ਨਾਲ ਨਾਲ ਬਹੁਪੱਖੀ ਸਾਹਿਤਕਾਰਾ ਸੀ।
ਤੂਫ਼ਾਨ ਸਾਹਿਬ ਆਪਣੇ ਵਿਦਿਆਰਥੀ ਜੀਵਨ ਦੌਰਾਨ ਕਾਲਜ ਮੈਗਜ਼ੀਨ ਦੇ ਸੰਪਾਦਕ ਵੀ ਰਹੇ, ਸਰਕਾਰੀ ਸੇਵਾ ਦੌਰਾਨ ਮੁਲਾਜ਼ਮਾਂ ਦੀ ਜੱਥੇਬੰਦੀ ਵਲੋਂ "ਅੰਦੋਲਨ" ਨਾਂ ਦਾ ਪੰਦਰਵਾੜਾ ਅਖਬਾਰ ਪ੍ਰਕਾਸ਼ਿਤ ਕਰਦੇ ਰਹੇ। ਪੰਥਕ ਕਵੀ ਅਤੇ ਸ਼੍ਰੋਮਣੀ ਲਿਖਾਰੀ ਬੋਰਡ ਰਜਿ ਦੇ ਸਰਪ੍ਰਸਤ ਹਰਦੇਵ ਸਿੰਘ ਕਲਸੀ, ਚਰਨਜੀਤ ਸਿੰਘ ਚੰਨ, ਭੁਪਿੰਦਰ ਸਿੰਘ ਸੈਣੀ ਅਤੇ ਦਲਬੀਰ ਸਿੰਘ ਕਲੇਰ ਨੇ ਤੂਫ਼ਾਨ ਸਾਹਿਬ ਨੂੰ ਸਮਰਪਿਤ ਕਵਿਤਾਵਾਂ ਪੜ੍ਹੀਆਂ ਜਦਕਿ ਸੰਗੀਤ ਨਿਰਦੇਸ਼ਕ ਅਤੇ ਗਾਇਕ ਭਗਵੰਤ ਸਿੰਘ ਅਹੂਜਾ, ਪ੍ਰਮਿੰਦਰ ਸਿੰਘ ਅਲਬੇਲਾ, ਸਪੈਸ਼ਲ ਚਾਇਲੰਡ ਸ਼ਰੂਤੀ, ਸ੍ਰੀਮਤੀ ਕੰਵਲ ਵਾਲੀਆ, ਸੁਨਿਧੀ ਸ਼ਰਮਾ, ਕਮਲਪ੍ਰੀਤ ਕੌਰ ਅਤੇ ਇੰਦਰਜੀਤ ਕੌਰ ਲੋਟੇ ਆਦਿ ਗਾਇਕ, ਗਾਇਕਾਵਾਂ ਅਤੇ ਕਲਾਕਾਰਾਂ ਵਲੋਂ ਤੂਫਾਨ ਸਾਹਿਬ ਅਤੇ ਬੀਬੀ ਨਿਰਅੰਜਨ ਅਵਤਾਰ ਕੌਰ ਦੇ ਲਿਖੇ ਗੀਤਾਂ ਨੂੰ ਆਪਣੇ ਸੁਰਾਂ ਨਾਲ ਸਜਾ ਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ।
ਇਸ ਮੌਕੇ ਕੇ ਸਾਧੂ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਲੈਕਚਰਾਰ ਗੁਰਪ੍ਰੀਤ ਕੌਰ, ਐਡਵੋਕੇਟ ਪ੍ਰਮਜੀਤ ਕਪੂਰ, ਹਰਮੀਤ ਕੌਰ ਸੂਦ, ਮਨਿੰਦਰ ਸਿੰਘ ਸੂਦ, ਜਗਜੀਤ ਸਿੰਘ ਚੋਪੜਾ, ਭਵਜੋਤ ਕੌਰ, ਗੀਤਕਾਰ ਸੁਖਬੀਰ ਸੰਧੇ, ਸਾਹਿਕਾਰਾ ਗੁਰਜਿੰਦਰ ਕੌਰ ਰਿਤੂ, ਪ੍ਰੀਤ ਸਾਹਿਤ ਸਦਨ ਤੋਂ ਰੀਮਾ ਸ਼ਰਮਾ, ਜਸਬੀਰ ਸਿੰਘ ਛਤਵਾਲ, ਸਕੂਲ ਆਫ ਐਮੀਨੈਨੰਸ ਦੇ ਕੈਂਪਸ ਮਨੇਜਰ ਜਸਮੇਲ ਸਿੰਘ ਰੰਧਾਵਾ, ਡਾ. ਸ਼ਮਸ਼ੇਰ ਸਿੰਘ ਸੰਧੂ, ਸੁਰਿੰਦਰ ਸਿੰਘ ਕਾਲੜਾ, ਹਰਜੀਤ ਸਿੰਘ, ਵਿਜੇ ਕੁਮਾਰ, ਆਲ ਇੰਡੀਆ ਰਾਮਗੜ੍ਹੀਆ ਬੋਰਡ ਤੋਂ ਦਵਿੰਦਰ ਸਿੰਘ ਪਨੇਸਰ, ਬੀਬੀ ਰਾਜਵਿੰਦਰ ਕੌਰ, ਸੁਸ਼ੀਲ ਕੁਮਾਰ, ਪੂਨਮ, ਨੀਲਮ, ਸੀਮਾ, ਰਿੰਕੀ, ਕਿਰਨਜੋਤ ਕੌਰ, ਮਲਕੀਤ ਸਿੰਘ ਮਾਲਹੜਾ, ਦੀਪ ਇੰਦਰ ਸਰ, ਗੀਤਾਂਜਲੀ ਮੈਡਮ, ਇਲਮਾ ਫਾਰਮੇਸੀ ਦੇ ਮਾਲਕ ਰਵੀ ਰੂਪ ਸਿੰਘ, ਨਿਊ ਇਰਾ ਪਬਲਿਕ ਸਕੂਲ ਦੀ ਪ੍ਰਿੰਸੀਪਲ ਦਿਸ਼ਾ ਬਾਗਰਾ, ਕੋਆਰਡੀਨੇਟਰ ਨੇਹਾ ਬੇਦੀ, ਪੂਜਾ ਦੇਵੀ, ਜੋਤੀ ਸ਼ਰਮਾ, ਸਰਿਤਾ ਵਰਮਾ, ਜੋਤੀ ਮਹਿਰਾ, ਨੇਸ਼ਨਜ਼ ਪ੍ਰਾਈਡ ਜੂਨੀਅਰ ਸਕੂਲ ਦੇ ਪ੍ਰਿੰਸੀਪਲ ਅਰੁਨ ਗੋਸਵਾਮੀ, ਮਮਤਾ ਗੋਸਵਾਮੀ, ਕੈਰੀਅਰ ਕਾਲਜ ਆਈ ਟੀ ਸੀ ਦੀ ਇੰਸਟ੍ਰਕਟਰ ਅਮਰਪ੍ਰੀਤ ਕੌਰ, ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਯੂਨੀਅਨ ਦੇ ਪ੍ਰਧਾਨ ਅਰਮਾਨ ਬਿਰਲਾ, ਵਿਜੇ ਕਲਿਆਣ, ਧਾਰਮਿਕ ਏਕਤਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਅਜੈ ਸਿੱਧੂ, ਸਰਬਜੀਤ ਕੌਰ, ਸੁਖਵਿੰਦਰ ਕੌਰ, ਜਸਮੀਤ ਕੌਰ, ਏਕਮਜੋਤ ਕੌਰ, ਸਿਮਰਨਜੀਤ ਕੌਰ, ਗੁਰਦੇਵ ਸਿੰਘ, ਗੁਰਵਿੰਦਰ ਸਿੰਘ ਚਾਹਲ, ਸੰਪੂਰਨ ਸਿੰਘ, ਰਾਕੇਸ਼ ਸ਼ਰਮਾ, ਰਵਿੰਦਰ ਕੁਮਾਰ, ਮਨਜੀਤ ਸਿੰਘ ਵੀ ਮੌਜੂਦਾ ਰਹੇ।
ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ, ਮੁਲਾਜ਼ਮ ਜਥੇਬੰਦੀਆਂ ਦੇ ਕਈ ਮੈਂਬਰ, ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ ਜਦਕਿ ਆਏ ਵਿਸ਼ੇਸ਼ ਮਹਿਮਾਨਾਂ ਨੂੰ ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਰਜਿ. ਵਲੋਂ ਯਾਦਕਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
ਬਹੁਤ ਵਧੀਆ
ReplyDeleteਸਹੀ ਕੋਈ ਦੋ ਰਾਏ ਹੈ ਹੀ ਨਹੀ ਇਸ ਗੱਲ ਚ, ਪ੍ਰਧਾਨਗੀ ਨੂੰ ਲੇ ਕੇ ਵੀ ਸਾਹਿਤਕਾਰ ਅੱਜ ਕਲ ਬੜੇ ਔਖੇ ਹੋਏ ਫਿਰਦੇ ਨੇ। ਅੱਜ ਕਲ ਕਿਸੇ ਵੀ ਪ੍ਰੋਗਰਾਮ ਚ ਸ਼ਿਰਕਤ ਕਰੋ ਓਥੇ ਪ੍ਰਧਾਨਗੀ ਮੰਡਲ ਚ ਜਿਆਦਾ ਜਨੇ ਬੈਠੇ ਦਿਖਣ ਗੇ ਤੇ ਸਰੋਤਾ ਘਟ। ਰਾਜਨੀਤੀ, ਰਾਜਨੀਤੀ ਨਹੀਂ ਰਹੀ, ਰਾਜਨੀਤੀ ਸਾਹਿਤਯ ਚ ਸ਼ਾਮਿਲ ਹੋ ਗਈ ਏ।
ReplyDeleteਰੀਤੂ ਕਲਸੀ ਜੀ ਤੁਸੀਂ ਬਹੁਤ ਜਾਨਦਾਰ ਵਿਸ਼ਲੇਸ਼ਣ ਕੀਤਾ---ਪ੍ਰਧਾਨਗੀ ਮੰਡਲਾਂ ਅਤੇ ਸਰੋਤਿਆਂ ਦਾ ਅਨੁਪਾਤ ਸਚਮੁਚ ਬਦਲ ਚੁੱਕਿਆ ਹੈ---!
Delete