Friday 23rd August 2024 at 11:52 AM
ਪ੍ਰੋਫੈਸਰ ਗੁਰਭਜਨ ਗਿੱਲ ਵੱਲੋਂ ਤਜੱਮਲ ਕਲੀਮ ਬਾਰੇ ਇੱਕ ਵਿਸ਼ੇਸ਼ ਲਿਖਤ
ਲੁਧਿਆਣਾ: 23 ਅਗਸਤ 2024: (ਸਾਹਿਤ ਸਕਰੀਨ ਡੈਸਕ)::
ਪ੍ਰੋਫੈਸਰ ਗਿੱਲ ਦੱਸਦੇ ਹਨ ਕਿ ਤਜੱਮਲ ਕਲੀਮ ਪਾਕਿਸਤਾਨ ਵਿੱਚ ਰਹਿ ਗਏ ਪੰਜਾਬ ਦੇ ਮੰਨੇ-ਪ੍ਰਮੰਨੇ ਪੰਜਾਬੀ ਸ਼ਾਇਰ ਹਨ। ਉਨ੍ਹਾਂ ਦਾ ਜਨਮ 26 ਮਾਰਚ 1960 ਨੂੰ ਤਹਿਸੀਲ ਚੂਨੀਆ (ਜ਼ਿਲ੍ਹਾ ਕਸੂਰ) ਪਾਕਿਸਤਾਨ ਵਿਖੇ ਪਿਤਾ ਮੁਹੰਮਦ ਸ਼ਫ਼ੀ ਦੇ ਘਰ ਮਾਤਾ ਰਸ਼ੀਦਾਂ ਬੇਗਮ ਦੇ ਘਰ ਹੋਇਆ। ਨਿੱਕੀ ਉਮਰੇ ਯਤੀਮ ਹੋਣ ਕਾਰਨ ਸ਼ਰੀਕਾਂ ਨੇ ਜਾਇਦਾਦ ਹੜੱਪ ਲਈ ਜਿਸ ਕਾਰਨ ਪੜ੍ਹਾਈ ਵਿੱਚੇ ਛੱਡ ਕੇ ਸਿੱਖਿਆ ਮਹਿਕਮੇ ਵਿੱਚ ਨੌਕਰੀ ਕਰਨੀ ਪਈ।
ਉਨ੍ਹਾਂ ਦੀਆਂ ਪ੍ਰਕਾਸ਼ਿਤ ਕਿਤਾਬਾਂ ਹਨ: “ਬਰਫ਼ਾਂ ਹੇਠ ਤੰਦੂਰ”(1996), “ਵੇਹੜੇ ਦਾ ਰੁੱਖ”(2010), “ਹਾਣ ਦੀ ਸੂਲੀ”(2012),”ਚੀਕਦਾ ਮੰਜ਼ਰ”(2017) “ਕਮਾਲ ਕਰਦੇ ਓ ਬਾਦਸ਼ਾਹੋ”(ਪ੍ਰਕਾਸ਼ਕ ਆੱਟਮ ਆਰਟ ਪਟਿਆਲਾ ਤੇ ਸਮੁੱਚੀ ਗ਼ਜ਼ਲ ਰਚਨਾ “ਯਾਰ ਕਲੀਮਾ”(ਪ੍ਰਕਾਸ਼ਕ ਨਿਊ ਬੁੱਕ ਕੰਪਨੀ ਜਲੰਧਰ) ਨਾਮ ਹੇਠ (ਗੁਰਮੁਖੀ ਰੂਪ ਜਸਪਾਲ ਘਈ) ਛਪ ਚੁਕੀਆਂ ਨੇ। ਹਰਮੀਤ ਵਿਦਿਆਰਥੀ, ਗੁਰਤੇਜ ਕੋਹਾਰਵਾਲਾ ਤੇ ਜਸਪਾਲ ਘਈ ਨੇ ਉਸ ਦੀ ਸ਼ਾਇਰੀ ਬਾਰੇ ਬਹੁਤ ਵਧੀਆ ਲਿਖਿਆ ਹੈ। ਮੈਂ ਵੀ ਉਸ ਦੀ ਗ਼ਜ਼ਲ ਪੁਸਤਕ “ਕਮਾਲ ਕਰਦੇ ਓ ਬਾਦਸ਼ਾਹੋ“ ਦੋ ਵਾਰ ਪੜ੍ਹ ਚੁਕਾ ਹਾਂ।ਪੇਸ਼ ਹਨ ਉਸ ਦੀਆਂ ਕੁਝ ਗ਼ਜ਼ਲਾਂ
1. ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ
ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ।
ਖ਼ਤ ਯਾਰ ਦੇ ਚੁੰਮੇ ਤੇ ਪਾੜ ਦਿੱਤੇ।
ਸਾਡੇ ਨਾਲ ਦੇ ਵਿਕ ਗਏ ਮਹਿਲ ਲੈ ਕੇ,
ਅਸੀਂ ਕੁੱਲੀ ਦੇ ਕੱਖ ਵੀ ਸਾੜ ਦਿੱਤੇ।
ਜਿੰਨੇ ਦੁੱਖ ਸੀ ਦਿਲ ਦੀ ਜੇਲ੍ਹ ਅੰਦਰ,
ਤਾਲਾ ਸਬਰ ਦਾ ਲਾਇਆ ਤੇ ਤਾੜ ਦਿੱਤੇ।
ਕਿਤੇ ਇੱਟਾਂ ਦਾ ਮੀਂਹ ਤੇ ਇਸ਼ਕ ਝੱਲਾ,
ਕਿਤੇ ਇਸ਼ਕ ਨੇ ਕੱਟ ਪਹਾੜ ਦਿੱਤੇ।
ਏਸ ਨਸ਼ੇ ਦੀ ਧੁੱਪ ਨੂੰ ਕਹਿਰ ਆਖੋ,
ਜਿਨ੍ਹੇਂ ਫੁੱਲਾਂ ਦੇ ਰੰਗ ਵਗਾੜ ਦਿੱਤੇ।
ਜੁੱਤੀ ਬਾਲਾਂ ਦੀ ਲੈਣ ਲਈ ਮਾਲ ਵੀ ਦੇਹ,
ਰੱਬਾ ! ਜਿਵੇਂ ਇਹ ਜੇਠ ਤੇ ਹਾੜ ਦਿੱਤੇ।
--------------------------
2. ਰੁੱਖਾਂ ਵਾਂਗ ਉਚੇਰੀ ਉੱਗੇ
ਰੁੱਖਾਂ ਵਾਂਗ ਉਚੇਰੀ ਉੱਗੇ।
ਗਾਚਾ ਬੀਜ ਦਲੇਰੀ ਉੱਗੇ।
ਮੇਰੀ ਵਾਰ ਦਾ ਪਾਣੀ ਲਾ ਲੈ,
ਮੇਰੀ ਨਈਂ ਤੇ ਤੇਰੀ ਉੱਗੇ।
ਮੈਨੂੰ ਪੱਥਰ ਮਾਰਨ ਵਾਲੇ,
ਤੇਰੇ ਘਰ ਵਿੱਚ ਬੇਰੀ ਉੱਗੇ।
ਡਾਢਾ ਡੰਗਰ ਛੱਡ ਦਿੰਦਾ ਏ,
ਨਈਂ ਤੇ ਕਣਕ ਬਥੇਰੀ ਉੱਗੇ।
ਇੱਕੋ ਸ਼ਰਤ ਤੇ ਮੌਤ ਕਬੂਲੀ,
ਧਰਤੀ ਤੇ ਇੱਕ ਢੇਰੀ ਉੱਗੇ।
---------------------------------
3. ਸੋਚਾਂ ਦੀ ਵੱਲ ਕਿੱਧਰ ਗਈ
ਸੋਚਾਂ ਦੀ ਵੱਲ ਕਿੱਧਰ ਗਈ।
ਸ਼ਿਅਰਾਂ ਦੀ ਡੱਲ ਕਿੱਧਰ ਗਈ।
ਡੁੱਬੀ ਬੇੜੀ ਲੱਭਦੀ ਨਈਂ,
ਵੇਖ ਰਿਹਾਂ ਛੱਲ ਕਿੱਧਰ ਗਈ।
ਦਾਰੂ ਪੀ ਕੇ ਪੁੱਛਦੇ ਉਹ,
ਕਿੱਕਰਾਂ ਦੀ ਖੱਲ ਕਿੱਧਰ ਗਈ।
ਰਾਈਫ਼ਲ ਤੇ ਮਕਤੂਲ ਦੀ ਏ,
ਪਾਗਲ ਜਿਹੀ ਚੱਲ ਕਿੱਧਰ ਗਈ।
ਸੱਪ ਲੋਕਾਂ ਨੂੰ ਆਖੇ ਸੱਪ,
ਕਿਉਂ ਭਈ ਇਹ ਗੱਲ ਕਿੱਧਰ ਗਈ?
---------------------------------------------
4. ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਵੇਖੇ
ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਵੇਖੇ।
ਉੱਤੋਂ ਹੰਢਦੇ ਜਿੰਦੜੀ ਨਾਲ ਵੇਖੇ।
ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰਿਹੈਂ,
ਅਸੀਂ ਭੁੱਖਾਂ ਤੋਂ ਵਿਕਦੇ ਬਾਲ ਵੇਖੇ।
ਮੈਂ ਨੱਚਿਆ ਜਗ ਦੇ ਸੁੱਖ ਪਾਰੋਂ,
ਸੱਦ ਬੁੱਲ੍ਹੇ ਨੂੰ ਮੇਰੀ ਧਮਾਲ ਵੇਖੇ।
ਇਕ ਇਕ ਦਿਨ ਸੀ ਹਿਜਰ ਦਾ ਸਾਲ ਵਰਗਾ,
ਅਸੀਂ ਦਿਨ ਨਈਂ ਸਾਲਾਂ ਦੇ ਸਾਲ ਵੇਖੇ।
ਖੜੇ ਰੇਸ਼ਮੀ 'ਬੈਨਰਾਂ' ਹੇਠ ਮੁੜਕੇ,
ਗਲੋਂ ਨੰਗੇ ਸੀ ਜਿੰਨੇ ਵੀ ਬਾਲ ਵੇਖੇ।
ਓਥੇ ਖ਼ੂਨ ਦਾ ਵੇਖਿਐ ਰੰਗ ਚਿੱਟਾ,
ਜਿੱਥੇ ਫੁੱਲ ਕਪਾਹਾਂ ਦੇ ਲਾਲ ਵੇਖੇ।
ਇਹਨੂੰ ਝੱਲੇ 'ਕਲੀਮ' ਨੂੰ ਰੋਕ ਕੇ ਤੇ,
ਇਹਨੂੰ ਆਖ ਕਿ ਵੇਲੇ ਦੀ ਚਾਲ ਵੇਖੇ।
---------------------------------
No comments:
Post a Comment