google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਉਘੇ ਲੇਖਕ ਅਵਤਾਰ ਸਿੰਘ ਤੂਫ਼ਾਨ ਸਾਹਿਬ ਨੂੰ ਯਾਦ ਕਰਦਿਆਂ

Saturday, 24 August 2024

ਉਘੇ ਲੇਖਕ ਅਵਤਾਰ ਸਿੰਘ ਤੂਫ਼ਾਨ ਸਾਹਿਬ ਨੂੰ ਯਾਦ ਕਰਦਿਆਂ

 Friday: 23rd August 2024 at 13:41

ਬਰਸੀ ਮੌਕੇ ਉਨ੍ਹਾਂ ਦੀ ਪੁਸਤਕ"ਸਿੱਖੀ ਦੀ ਮਹਿਕ" ਦਾ ਲੋਕ ਅਰਪਣ 25 ਨੂੰ 

ਲੁਧਿਆਣਾ: 23 ਅਗਸਤ 2024: (ਸਾਹਿਤ ਸਕਰੀਨ ਡੈਸਕ)::

ਸਾਹਿਤ ਦੇ ਖੇਤਰ ਵਿੱਚ ਹਮੇਸ਼ਾਂ ਸ਼੍ਰੋਮਣੀ ਰਹੇ ਅਵਤਾਰ ਸਿੰਘ ਤੂਫ਼ਾਨ ਸੱਚਮੁੱਚ ਜਦੋਂ ਸਟੇਜ ਤੇ ਆਉਂਦੇ ਤਾਂ ਆਪਣੀ ਸ਼ਾਇਰੀ ਅਤੇ ਅੰਦਾਜ਼ ਦੇ ਨਾਲ ਜਜ਼ਬਾਤਾਂ ਦਾ ਇੱਕ ਤੂਫ਼ਾਨ ਲੈ ਕੇ ਆਉਂਦੇ। ਉਹਨਾਂ ਦੇ ਹਾਸੇ ਵਾਲੀਆਂ ਸਤਰਾਂ ਵੀ ਸਿਸਟਮ, ਸਮਾਜ ਅਤੇ ਆਲੇ ਦੁਆਲੇ ਦੇ ਮਾਹੌਲ ਤੇ ਗੰਭੀਰ ਚੋਟ ਕਰ ਰਹੀਆਂ ਹੁੰਦੀਆਂ। ਉਹਨਾਂ ਦੇ ਸ਼ਾਇਰੀ ਅਤੇ ਮਿੱਤਰਤਾਈ ਵਾਲੇ ਵਿਸ਼ਾਲ ਨੈਟਵਰਕ ਨੂੰ ਸੰਭਾਲੀ ਰੱਖਣ ਵਿੱਚ ਉਹਨਾਂ ਦੇ ਸਪੁੱਤਰ ਪ੍ਰਭਕਿਰਨ ਸਿੰਘ ਨੇ ਕਮਾਲ ਦੀ ਕਾਰਗੁਜ਼ਾਰੀ ਦਿਖਾਈ ਹੈ। ਇਸ ਵਾਰ 25 ਅਗਸਤ ਨੂੰ ਹੋਣ ਵਾਲਾ ਸਮਾਗਮ ਵੀ ਉਹਨਾਂ ਦੇ ਪਰਿਵਾਰ ਵੱਲੋਂ ਜਾਰੀ ਸਿਲਸਿਲੇ ਵਿੱਚ ਇੱਕ ਨਵਾਂ ਅਧਿਆਇ ਬਣ ਕੇ ਸਾਹਮਣੇ ਆਉਣ ਵਾਲਾ ਹੈ।  

ਸ਼੍ਰੋਮਣੀ ਲਿਖਾਰੀ ਬੋਰਡ (ਰਜਿ.) ਵਲੋਂ ਪੰਜਾਬੀ ਦੇ ਪਹਿਲੇ ਜਸੂਸੀ ਨਾਵਲਕਾਰ ਅਤੇ ਬਹੁਪੱਖੀ ਸਾਹਿਤਕਾਰ ਪੰਥਕ ਕਵੀ ਸ੍ਵਰਗੀ ਸ੍ਰ ਅਵਤਾਰ ਸਿੰਘ ਤੂਫਾਨ ਜੀ ਦੀ 27ਵੀਂ ਬਰਸੀ ਦੇ ਮੌਕੇ ਉਨ੍ਹਾਂ ਵਲੋਂ ਰਚਿਤ ਧਾਰਮਿਕ ਕਵਿਤਾਵਾਂ ਦੀ ਪੁਸਤਕ "ਸਿੱਖੀ ਦੀ ਮਹਿਕ" ਦਾ ਲੋਕ ਅਰਪਣ ਸਮਾਰੋਹ ਐਤਵਾਰ, 25 ਅਗਸਤ, 2024 ਨੂੰ ਸਵੇਰੇ 10-00 ਵਜੇ ਰਾਣਾ ਦਲਜੀਤ ਸਿੰਘ ਸੈਮੀਨਾਰ ਹਾਲ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗਾ। 

ਇਸ ਮੌਕੇ ਉੱਚ ਕੋਟੀ ਦੇ ਵਿਦਵਾਨ, ਸਾਹਿਤਕਾਰ ਅਤੇ ਕਲਾਕਾਰ ਪੁਸਤਕ ਬਾਰੇ ਵਿਚਾਰ ਚਰਚਾ ਕਰਨਗੇ ਅਤੇ ਲੇਖਕ ਦੇ ਸਾਹਿਤਕ ਜੀਵਨ ਬਾਰੇ ਰੌਸ਼ਨੀ ਪਾਉਣਗੇ । ਉਰਦੂ ਦੇ ਨਾਮਵਰ ਕਵੀ (ਕਾਮਿਲ ਜਿਹਲਮੀ) ਸ੍ਰ. ਸੰਤੋਖ ਸਿੰਘ ਕਾਮਿਲ ਅਤੇ ਮਾਤਾ ਵਿਦਿਆ ਵੰਤੀ ਦੇ ਘਰ 03 ਜੁਲਾਈ 1932 ਨੂੰ ਪੈਦਾ ਹੋਏ ਸ੍ਰ ਅਵਤਾਰ ਸਿੰਘ ਤੂਫਾਨ ਕਲਮ ਦੇ ਅਜਿਹੇ ਧਨੀ ਸਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਹਰ ਖੇਤਰ ਵਿਚ ਸਫਲਤਾਪੂਰਬਕ ਹੱਥ ਅਜ਼ਮਾਇਆ ਅਤੇ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫੁੱਲਤ ਕਰਨ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ। 

ਇਨ੍ਹਾਂ ਦੀਆਂ ਲਿਖੀਆਂ ਬਾਲ ਸਾਹਿਤ ਜਾਗੋ ਤੇ ਜਗਾਓ, ਬਾਬਾ ਲੰਗੋਟੀਵਾਲਾ, ਪੰਥਕ ਸ਼ਾਨਾਂ (ਧਾਰਮਿਕ) ਪੁਸਤਕਾਂ 1955 ਵਿਚ ਹੀ ਪ੍ਰਕਾਸ਼ਿਤ ਹੋ ਗਈਆਂ ਜਦਕਿ 1961 ਵਿਚ 'ਖੂਨੀ ਕਵੀ' ਨਾਂ ਦਾ ਜਸੂਸੀ ਨਾਵਲ ਲਿਖ ਕੇ ਪੰਜਾਬੀ ਸਾਹਿਤ ਵਿਚ ਪਹਿਲ ਕਰ ਲਈ। ਸਾਡਾ ਥਾਈ ਸਫ਼ਰਨਾਮਾ, ਜਦੋਂ ਅਸੀਂ ਟੀ ਵੀ ਬਣੇ (ਹਾਸ ਵਿਅੰਗ ਲੇਖ) ਆਦਿ ਪੁਸਤਕਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਜੋ ਬੜੀਆਂ ਮਕਬੂਲ ਹੋਈਆਂ। 

ਜਿਥੇ 60ਵੇਂ ਅਤੇ 70ਵੇਂ ਦਹਾਕੇ ਦੌਰਾਨ ਇਨ੍ਹਾਂ ਦੇ ਹਾਸ ਵਿਅੰਗ ਲੇਖ, ਗ਼ਜ਼ਲਾਂ, ਗੀਤ, ਕਵਿਤਾਵਾਂ ਅਤੇ ਕਹਾਣੀਆਂ ਪੰਜਾਬੀ ਦੀਆਂ ਨਾਮਵਰ ਅਖ਼ਬਾਰਾਂ ਵਿਚ ਲੜੀਵਾਰ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਉਥੇ ਇਨ੍ਹਾਂ ਦੇ ਲਿਖੇ ਨਾਟਕ ਅਤੇ ਕਹਾਣੀਆਂ ਰੇਡੀਓ ਸਟੇਸ਼ਨ ਜਲੰਧਰ ਤੋਂ ਕਈ ਵਾਰ  ਬ੍ਰਾਡਕਾਸਟ ਹੋਇਆ ਕਰਦਿਆਂ ਸਨ। ਸਾਹਿਤਕ ਰੂਚੀ ਹੋਣ ਕਾਰਨ  ਤੂਫਾਨ ਸਾਹਿਬ ਆਪਣੇ ਵਿਦਿਆਰਥੀ ਜੀਵਨ ਦੌਰਾਨ ਹੀ 1952-53 ਵਿਚ ਆਰੀਆ ਕਾਲਜ ਪੜ੍ਹਦੇ ਸਮੇਂ ਕਾਲਜ ਮੈਗਜ਼ੀਨ 'ਦ ਆਰੀਅਨ' ਪੰਜਾਬੀ ਵਿਭਾਗ ਦੇ ਸੰਪਾਦਕ ਬਣ ਗਏ ਪ੍ਰੰਤੂ ਇਸ ਦੇ ਨਾਲ ਹੀ ਕਾਲਜ ਦੀ ਵਿਦਿਆਰਥੀ ਜਥੇਬੰਦੀ  ਦੇ ਸਕੱਤਰ ਵੀ ਚੁਣੇ ਗਏ ਜਦਕਿ ਆਪ ਐਨ ਸੀ ਸੀ ਵਿੰਗ ਦੇ ਸਾਰਜੈਂਟ ਅਤੇ ਕਾਲਜ ਦੀ ਵਾਲੀਵਾਲ ਟੀਪ ਦੇ ਕੈਪਟਨ ਤੇ ਹਾਕੀ ਟੀਮ ਦੇ ਵਧੀਆ ਖਿਡਾਰੀ ਵੀ ਸਨ। ਇਸ ਲਾਇ ਇਹਨਾਂ ਦਾ ਨਾਮਣਾ ਇਸ ਖੇਤਰ ਵਿਹਚ ਵੀ ਸੀ। 

ਇਨ੍ਹਾਂ ਦੀ ਇਹੀ ਬਹੁਪੱਖੀ ਸ਼ਖ਼ਸੀਅਤ ਹੀ ਇਨ੍ਹਾਂ ਦੀ ਬਹੁਪੱਖੀ ਸਾਹਿਤਕ ਕਲਮ ਬਣ ਕੇ ਉਭਰੀ। ਕਾਲਜ ਪੜ੍ਹਦਿਆਂ ਹੀ ਇਨ੍ਹਾਂ ਦੀ ਸ਼ਾਦੀ ਬੀਬੀ ਨਿਰਅੰਜਨ ਕੌਰ ਨਾਲ ਹੋ ਗਈ। ਸਾਹਿਤਕ ਵਰਤਾਰਾ ਕਹਿਏ ਜਾਂ ਮਹਿਜ ਇਤਫ਼ਾਕ ਨਿਰਅੰਜਨ (ਅਵਤਾਰ) ਕੌਰ ਵੀ ਇਕ ਕਵਿੱਤਰੀ ਹੋਣ ਦੇ ਨਾਲ ਨਾਲ ਬਹੁਪੱਖੀ ਸਾਹਿਤਕਾਰ ਅਤੇ ਪੱਤਰਕਾਰ ਸੀ। 

ਇਨ੍ਹਾਂ ਦੋਵਾਂ ਦੀ ਸਾਹਿਤਕ ਤੇ ਕਾਵਿ ਜੋੜੀ ਨੇ ਪੰਜਾਬੀ ਭਾਸ਼ਾ ਦੇ ਲਿਖਾਰੀਆਂ ਨੂੰ ਇਕ ਜੁੱਟ ਕਰਨ ਲਈ ਸ਼੍ਰੋਮਣੀ ਲਿਖਾਰੀ ਕਵੀ ਸਭਾ ਅਤੇ ਸ਼੍ਰੋਮਣੀ ਲਿਖਾਰੀ ਬੋਰਡ ਦੀ ਸਥਾਪਨਾ ਕੀਤੀ ਤੇ ਨਵੇਂ ਉਭਰਦੇ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ। ਇਸ ਕਾਵਿ ਜੋੜੀ ਨੂੰ ਦੇਸ਼ ਵਿਦੇਸ਼ ਵਿਚ ਹੋਏ ਕਵੀ ਦਰਬਾਰਾਂ ਦੀਆਂ ਸਟੇਜਾਂ ਤੋਂ ਬੋਲਣ ਦਾ ਸੁਭਾਗ ਪ੍ਰਾਪਤ ਹੋਇਆ। ਸੰਨ 1953 ਵਿਚ ਪਿਤਾ ਜੀ ਦੀ ਅਚਨਚੇਤੀ ਮੌਤ ਕਾਰਨ ਤੂਫਾਨ ਸਾਹਿਬ ਨੂੰ ਆਪਣੀ ਪੜ੍ਹਾਈ ਅਧੂਰੀ ਹੀ ਛੱਡਣੀ ਪੈ ਗਈ। ਸੰਨ 1955 ਵਿੱਚ ਪੰਜਾਬ ਸਰਕਾਰ ਦੇ ਬਿਜਲੀ ਮਹਿਕਮੇ ਵਿਚ ਵਰਕ ਚਾਰਜ ਦਰਜਾ ਚਾਰ ਵਜੋਂ ਸਰਕਾਰੀ ਸੇਵਾ ਅਰੰਭ ਕਰਨ ਵਾਲੇ ਤੂਫਾਨ ਸਾਹਿਬ ਆਪਣੀ ਮਿਹਨਤ ਤੇ ਲਿਆਕਤ ਸਦਕਾ ਪੰਜਾਬ ਰਾਜ ਬਿਜਲੀ ਬੋਰਡ ਦੇ ਲੋਕ ਸੰਪਰਕ ਵਿਭਾਗ ਵਿਚ ਪਹਿਲੇ ਦਰਜੇ ਵਾਲੇ ਸੂਚਨਾ ਅਫ਼ਸਰਵਾਲੇ  ਅਧਿਕਾਰੀ ਦੀ ਪਦਵੀ ਤੱਕ ਤੱਕ ਜਾ ਪਹੁੰਚੇ । 

ਸਰਕਾਰੀ ਸੇਵਾ ਦੌਰਾਨ ਇਨ੍ਹਾਂ ਨੇ ਮੁਲਾਜ਼ਮਾਂ ਨੂੰ ਸੰਗਠਿਤ ਕਰਨ ਲਈ ਕਈ ਜਥੇਬੰਦੀਆਂ ਦੀ ਸਥਾਪਨਾ ਕੀਤੀ ਤੇ ਇਸੇ ਦੌਰਾਨ ਮੁਲਜ਼ਮਾਂ ਦੇ ਹੱਕਾਂ ਖਾਤਰ "ਅੰਦੋਲਨ" ਨਾਂ ਦਾ ਪੰਦਰਵਾੜਾ ਅਖਬਾਰ ਪ੍ਰਕਾਸ਼ਿਤ ਕਰਨ ਲਗ ਪਏ ਜਿਸ ਦੀ ਬਦੌਲਤ 1971 ਵਿਚ ਇਕ ਲੱਖ ਮੁਲਾਜ਼ਮਾਂ ਦੀ ਲੰਬੀ ਚਲੀ ਹੜਤਾਲ ਦੀ ਯੋਗਤਾਪੂਰਨ ਅਗਵਾਈ ਕੀਤੀ। 

ਤਤਕਾਲੀਨ ਪੰਜਾਬ ਸਰਕਾਰ ਨੇ ਤੂਫ਼ਾਨ ਸਾਹਿਬ ਅਤੇ ਹੋਰ ਮੁਲਾਜ਼ਮ ਨੇਤਾਵਾਂ ਨੂੰ ਕਈ ਤਰ੍ਹਾਂ ਦੇ ਲੋਭ ਲਾਲਚ ਦਿੱਤੇ ਪਰ ਇਨ੍ਹਾਂ ਸਰਕਾਰੀ ਨਿੱਜੀ ਪੇਸ਼ਕਸ਼ ਠੁਕਰਾ ਦਿੱਤੀ । ਖਫਾ ਹੋ ਕੇ ਸਰਕਾਰ ਨੇ ਤੂਫ਼ਾਨ ਸਾਹਿਬ ਨੂੰ ਸਾਥੀਆਂ ਸਮੇਤ ਭਾਵੇਂ ਜੇਲ੍ਹਾਂ ਵਿੱਚ ਸੁੱਟ ਦਿੱਤਾ ਪ੍ਰੰਤੂ ਇਹ ਬਿਲਕੁਲ ਨਾ ਡੋਲੇ। ਆਖਿਰਕਾਰ ਉਲਟਾ ਸਰਕਾਰ ਨੂੰ ਹੀ ਝੁਕਣਾ ਪਿਆ। 

ਆਪਣੀ ਸਰਕਾਰੀ ਸੇਵਾ ਮੁਕਤੀ ਉਪਰੰਤ  ਸੰਨ 1989 ਵਿਚ ਇਨ੍ਹਾਂ ਵਲੋਂ ਲੁਧਿਆਣਾ ਤੋਂ ਅਧੁਨਿਕ ਪ੍ਰਿਟਿੰਗ ਪ੍ਰੈਸ ਲਗਾ ਕੇ "ਰੋਜ਼ਾਨਾ ਸ਼੍ਰੋਮਣੀ ਪੰਜਾਬ" ਅਖ਼ਬਾਰ ਦੀ ਪ੍ਰਕਾਸ਼ਨਾ ਅਰੰਭ ਕੀਤੀ ਗਈ ਪਰ ਕਿਸੇ ਗੁੱਝੇ ਭੇਦ ਕਾਰਨ ਇਹ ਅਖਬਾਰ ਸ਼੍ਰੋਮਣੀ ਨਾ ਹੋ ਸਕਿਆ। ਇਸ ਤਰ੍ਹਾਂ ਸ੍ਵਰਗੀ ਸ੍ਰ ਅਵਤਾਰ ਸਿੰਘ ਤੂਫਾਨ ਕਾਫੀ ਲੰਬਾ ਸਮਾਂ ਪੱਤਰਕਾਰੀ ਦੇ ਖੇਤਰ ਨਾਲ ਵੀ ਜੁੜੇ ਰਹੇ।

ਆਪਣਾ ਅਮੁੱਲ ਸਾਹਿਤਕ ਖਜ਼ਾਨਾ ਛੱਡਦੇ ਹੋਏ 23 ਅਗਸਤ, 1997 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਉਨ੍ਹਾਂ ਦੀ ਯਾਦ ਨੂੰ ਸਮਰਪਿਤ ਐਤਵਾਰ, 25 ਅਗਸਤ ਨੂੰ ਹੋ ਰਹੇ ਇਸ ਸਮਾਰੋਹ ਵਿਚ ਉੱਘੇ ਗਾਇਕ ਸਵਰਗੀ ਤੂਫ਼ਾਨ ਸਾਹਿਬ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਨਿਵਾਜਣਗੇ ਅਤੇ ਸ਼ਾਮਲ ਹੋਣ ਵਾਲੇ ਸ਼ਾਇਰ ਸਿਰਫ ਤੂਫਾਨ ਸਾਹਿਬ ਨੂੰ ਸਮਰਪਿਤ ਕਵਿਤਾਵਾਂ ਪੜ੍ਹ ਕੇ ਸ਼ਰਧਾਂਜਲੀ ਅਰਪਣ ਕਰਨਗੇ। ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਰਜਿ. ਵਲੋਂ ਆਏ ਹੋਏ  ਵਿਸ਼ੇਸ਼ ਮਹਿਮਾਨਾਂ ਦਾ ਉਚੇਚਾ ਸਨਮਾਨ ਵੀ ਕੀਤਾ ਜਾਵੇਗਾ।

ਸਵਰਗੀ ਅਵਤਾਰ ਸਿੰਘ ਤੂਫਾਨ ਰਚਿਤ ਪੁਸਤਕ ਦਾ ਲੋਕ ਅਰਪਣ

No comments:

Post a Comment