7th June 2021 at 6:14 PM
ਰਾਮਪੁਰ ਸਭਾ ਨਾਲ ਜੁੜਨ ਕਰਕੇ ਸਾਹਿਤ ਤੇ ਸਭਾਵਾਂ ਦੀ ਸੋਝੀ ਪ੍ਰਾਪਤ ਹੋਈ
ਰਾਮਪੁਰ-ਰਾਮਪੁਰ ਸਭਾ ਦੀ ਜੂਨ ਮਹੀਨੇ ਦੀ ਇਕੱਤ੍ਰਤਾ ਸਮੇਂ ਡਾ. ਬਲਜਿੰਦਰ ਨਸਰਾਲੀ ਨੂੰ ਯਾਦ ਨਿਸ਼ਾਨੀ ਭੇਂਟ ਕਰਕੇ ਸਨਮਾਨਤ ਕਰਨ ਸਮੇਂ ਹਾਜ਼ਰ ਸਾਹਿਤਕਾਰ ਤੇ ਸਾਹਿਤ ਪ੍ਰੇਮੀ |
ਪੰਜਾਬੀ ਲਿਖਾਰੀ ਸਭਾ ਰਾਮਪੁਰ (ਰਜਿ.) ਵਲੋਂ 68ਵੇਂ ਸਥਾਪਨਾ ਵਰ੍ਹੇ ਦੇ ਸਮਾਗਮਾਂ ਦੀ ਲੜੀ ਤਹਿਤ ਜੂਨ ਮਹੀਨੇ ਦੀ ਵਿਸ਼ੇਸ਼ ਇਕੱਤ੍ਰਤਾ ਸਮੇਂ, ਸਭਾ ਦੇ ਪ੍ਰਧਾਨ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ, ਡਾ. ਬਲਜਿੰਦਰ ਨਸਰਾਲੀ, (ਐਸੋਸੀਏਟ ਪ੍ਰੋ. ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ ਨਾਲ ਰੂ-ਬ-ਰੂ ਕੀਤਾ ਗਿਆ। ਡਾ. ਨਸਰਾਲੀ ਬਾਰੇ ਗੁਰਦੀਪ ਸਿੰਘ ਨਿਜ਼ਾਮਪੁਰ ਨੇ ਜਾਣਪਛਾਣ ਕਰਵਾਉਂਦਿਆਂ ਕਿਹਾ ਕਿ ਡਾ. ਨਸਰਾਲੀ ਦੇ ਦੋ ਕਹਾਣੀ ਸੰਗ੍ਰਹਿ 'ਡਾਕਖਾਨਾ ਖਾਸ' ਤੇ 'ਔਰਤ ਦੀ ਸ਼ਰਣ ਵਿਚ', ਤਿੰਨ ਨਾਵਲ 'ਹਾਰੇ ਦੀ ਅੱਗ', 'ਵੀਹਵੀਂ ਸਦੀ ਦੀ ਆਖਰੀ ਕਥਾ' ਤੇ 'ਅੰਬਰ ਪਰੀਆਂ' ਦੇ ਨਾਲ ਨਾਲ ਖੋਜ ਪੱਤਰ ਲਿਖੇ ਹਨ। ਡਾ. ਸੰਦੀਪ ਸ਼ਰਮਾ ਨੇ ਕਿਹਾ ਕਿ ਡਾ. ਨਸਰਾਲੀ ਵਿਚ ਸਲੇਬਸ ਦੇ ਨਾਲ ਨਾਲ ਸਮਾਜ ਵਿਚ ਵਿਚਰਨ ਬਾਰੇ ਰੌਚਕ ਗੱਲਾਂ ਵਿਦਿਆਰਥੀਆਂ ਨੂੰ ਨੀਰਸਤਾ ਤੋਂ ਉਭਾਰਦੀਆਂ ਹਨ। ਡਾ. ਨਸਰਾਲੀ ਨੇ ਅਲੋਚਨਾ ਦੀਆਂ ਪੁਸਤਕਾਂ 'ਸਭਿਆਚਾਰਕ ਸ਼ਾਸ਼ਤਰੀ ਅਲੋਚਨਾ' ਅਤੇ 'ਪੰਜਾਬੀ ਸਿਨੇਮਾ ਤੇ ਸਮਕਾਲੀ ਸਾਹਿਤ' ਰਾਹੀਂ ਵੱਡਾ ਕਾਰਜ ਕੀਤਾ ਹੈ। ਡਾ. ਨਸਰਾਲੀ ਨੇ ਕਿਹਾ ਕਿ ਦੋਰਾਹੇ ਗੁਰੂ ਨਾਨਕ ਕਾਲਜ ਪੜ੍ਹਦਿਆਂ ਜਦੋਂ ਰਾਮਪੁਰ ਲਿਖਾਰੀ ਸਭਾ ਦੀ ਦੱਸ ਪਈ ਤਾਂ ਰਾਮਪੁਰ ਸਭਾ ਨਾਲ ਜੁੜ ਕੇ ਸਾਹਿਤ ਸਾਹਿਤ ਸਭਾਵਾਂ ਬਾਰੇ ਜਾਣਿਆ, ਜੋ ਮੇਰੇ ਸਾਹਿਤ ਖੇਤਰ ਵਿਚ ਅੱਗੇ ਵਧਣ ਦਾ ਜ਼ਰੀਆ ਬਣਿਆ। ਸਕੂਲ ਵਕਤ ਸਮੇਂ ਇੱਕ ਕਾਮਰੇਡ ਵਿਚਾਰਧਾਰਾ ਦੇ ਨਿਹੰਗ ਸਿੰਘ ਨੇ ਕਿਤਾਬਾਂ ਪੜ੍ਹਨ ਦਾ ਜਾਗ ਲਾਇਆ | ਸਲੇਬਸ ਦੇ ਨਾਲ ਨਾਲ ਹੋਰ ਲੇਖਕਾਂ ਨੂੰ ਪੜ੍ਹ ਕੇ ਜਿੱਥੇ ਪ੍ਰੋਫੈਸਰੀ ਦੀ ਨੌਕਰੀ ਵਿਚ ਸਹਾਇਤਾ ਮਿਲੀ ਓਥੇ ਲੇਖਕ ਬਣਨ ਵਿਚ ਪੜ੍ਹੀਆਂ ਕਿਤਾਬਾਂ ਦਾ ਖਾਸ ਯੋਗਦਾਨ ਹੈ। ਸਿਆਣਾ ਅਧਿਆਪਕ ਜਿੱਥੇ ਵਿਦਿਆਰਥੀ ਦੀ ਜ਼ਿੰਦਗੀ ਸੰਵਾਰ ਸਕਦਾ ਹੈ, ਓਥੇ ਬੇਇਮਾਨ ਅਧਿਆਪਕ ਵਿਦਿਆਰਥੀ ਦੀ ਜ਼ਿੰਦਗੀ ਤਬਾਹ ਵੀ ਕਰ ਦਿੰਦਾ ਹੈ। ਅੰਬਰ ਪਰੀਆਂ ਨਾਵਲ ਲਿਖਣ ਨੂੰ ਪੰਜ ਸਾਲ ਤੱਕ ਦਾ ਵਕਤ ਲੱਗ ਗਿਆ। ਮੇਰੇ ਘੂਮੱਕੜ ਹੋਣ ਦੇ ਸ਼ੌਕ ਦਾ ਵਿਦਿਆਰਥੀਆਂ ਨੂੰ ਰੌਚਿਕਤਾ ਨਾਲ ਪੜ੍ਹਾਉਣ ਤੇ ਮੇਰੇ ਲਿਖਣ ਕਾਰਜ ਵਿਚ ਵਿਸ਼ਾਲਤਾ ਲਿਆਉਂਦਾ ਹੈ। ਇਸ ਸਮੇਂ ਡਾ. ਸੰਦੀਪ ਸ਼ਰਮਾ, ਨਰਿੰਦਰ ਸ਼ਰਮਾ, ਸੁਖਜੀਤ, ਗੁਰਮੀਤ ਆਰਿਫ, ਬਲਵੰਤ ਮਾਂਗਟ, ਅਨਿੱਲ ਫਤਿਹਗੜ੍ਹ ਜੱਟਾਂ, ਹਰਬੰਸ ਮਾਲਵਾ ਤੇ ਜਸਵੀਰ ਝੱਜ ਦੇ ਕੀਤੇ ਗਏ ਸਵਾਲਾਂ ਦੇ ਤਸੱਲੀਬਖਸ਼ ਜਵਾਬ ਬਹੁਤ ਸਾਰੀਆਂ ਕੌਮਾਂਤਰੀ ਪੁਸਤਕਾਂ ਦੇ ਹਵਾਲਿਆਂ ਨਾਲ ਦਿੱਤੇ। ਸੁਰਿੰਦਰ ਰਾਮਪੁਰੀ ਨੇ ਕਿਹਾ ਕਿ ਸਾਨੂੰ ਡਾ. ਨਸਰਾਲੀ ਤੇ ਮਾਣ ਹੈ। ਵੱਖ ਵੱਖ ਥਾਵਾਂ ਤੇ ਪੜ੍ਹਾਉਂਦੇ ਹੋਏ ਗਿਆਨ ਪ੍ਰਾਪਤੀ ਦੇ ਨਾਲ ਵਿਕਾਸ ਵੀ ਕੀਤਾ ਹੈ। ਡਾ. ਬਲਜਿੰਦਰ ਨਸਰਾਲੀ ਨੂੰ ਯਾਦ ਨਿਸ਼ਾਨੀ ਅਤੇ ਡੁਗਦੀਪ ਸਿੰਘ ਨਿਜ਼ਾਮਪੁਰ ਨੂੰ ਪੁਸਤਕਾਂ ਭੇਂਟ ਕਰਕੇ ਸਭਾ ਵੱਲੋਂ ਸਨਮਾਨ ਕੀਤਾ ਗਿਆ | ਦੂਸਰੇ ਭਾਗ ਵਿਚ ਸਭਾ ਦੇ ਪ੍ਰਧਾਨ ਜਸਵਾਰ ਝੱਜ ਨੇ ਸਭਾ ਵਿਚ ਪਹਿਲੀ ਵਾਰ ਆਉਣ ਤੇ ਪ੍ਰੋ. ਦਵਿੰਦਰ ਸਿੰਘ ਸਮਾਣਾ, ਮੰਗਲ ਸਿੰਘ ਖੱਟਰਾਂ, ਰਣਧੀਰ ਸਿੰਘ ਸਮਾਣਾ ਤੇ ਗੁਰਪ੍ਰੀਤ ਸਿੰਘ ਮਕਤਸਰ ਨੂੰ ਜੀ ਆਇਆਂ ਕਹਿੰਦਿਆਂ ਸੁਆਗਤ ਕੀਤਾ। ਦਵਿੰਦਰ ਸਿੰਘ ਪਟਿਆਲਾ ਨੇ ਗੀਤ ਪਟਿਆਲਾ, ਮੰਗਲ ਸਿੰਘ ਨੇ ਮਕਤੀ, ਰਣਧੀਰ ਸਿੰਘ ਨੇ ਬੰਦਾ, ਬਲਵੰਤ ਮਾਂਗਟ ਨੇ ਉੱਲੂਆਂ ਦਾ ਬਦਲਾ, ਵਸ਼ਵਿੰਦਰ ਵਸ਼ਿਸ਼ਟ ਨੇ ਨੀਲਾ ਗ੍ਰਹਿ ਤੇ ਸੰਦੀਪ ਸ਼ਰਮਾਂ ਨੇ ਲਕੀਰ (ਕਵਿਤਾ), ਅਨਿੱਲ ਫਤਿਹਗੜ੍ਹ ਜੱਟਾਂ ਨੇ ਕੈਦੋਂ ਮਹਾਂਕਾਵਿ ਵਿਚੋਂ ਬੰਦ, ਹਰਬੰਸ ਮਾਲਵਾ ਨੇ ਗੀਤ ਪਨਾਹ ਸੁਣਾਏ। ਪੜ੍ਹੀਆਂ-ਸੁਣੀਆਂ ਗਈਆਂ ਰਚਨਾਵਾਂ 'ਤੇ ਜਤਿੰਦਰ ਮਲਹਾਂਸ, ਨਰਿੰਦਰ ਸ਼ਰਮਾ, ਸੰਦੀਪ ਸਮਰਾਲਾ, ਜਰਨੈਲ ਰਾਮਪੁਰੀ, ਲਾਭ ਸਿੰਘ ਬੇਗੋਵਾਲ, ਪੁਖਰਾਜ ਸਿੰਘ ਘੁਲਾਲ, ਸੁਖਜੀਤ, ਗੁਰਮੀਤ ਆਰਿਫ, ਪ੍ਰੋ. ਗੁਰਪ੍ਰੀਤ ਸਿੰਘ ਮਕਤਸਰ, ਮੀਤ ਪ੍ਰਧਾਨ ਬਲਦੇਵ ਸਿੰਘ ਝੱਜ ਨੇ ਸਾਰਥਿਕ ਅਤੇ ਉਸਾਰੂ ਟਿੱਪਣੀਆਂ ਕੀਤੀਆਂ। ਅੰਤ ਵਿਚ ਸਦੀਵੀ ਵਿਛੋੜਾ ਦੇ ਗਏ ਗੀਤਕਾਰ ਦਰਸ਼ਨ ਗਿੱਲ (ਖੰਨਾ), ਉੱਘੇ ਅਲੋਚਕ ਡਾ. ਹਰਚੰਦ ਸਿੰਘ ਬੇਦੀ, ਕੇਂਦਰੀ ਪੰਜਾਬੀ ਲਿਖਾਰੀ ਸਭਾ ਦੇ ਸਾਬਕਾ ਮੀਤ ਪ੍ਰਧਾਨ ਸੂਬਾ ਸੁਰਿੰਦਰ ਕੌਰ ਖ਼ਰਲ ਅਤੇ ਕਾਲੇ ਖੇਤੀ ਕਨੂੰਨਾਂ ਵਿਰੁੱਧ ਸੰਘਰਸ਼ ਵਿਚ ਜਾਨਾਂ ਗੁਆਉਣ ਵਾਲੇ ਕਿਸਾਨ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਕੇ ਸਭਾ ਉੱਠਾ ਦਿੱਤੀ ਗਈ।--ਜਸਵੀਰ ਝੱਜ
No comments:
Post a Comment