google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਰਾਮਗੜ੍ਹੀਆ ਵਿਰਾਸਤ ਇੱਕ ਵਿਲੱਖਣ ਅਤੇ ਨਿਵੇਕਲੀ ਪੁਸਤਕ

Friday, 25 June 2021

ਰਾਮਗੜ੍ਹੀਆ ਵਿਰਾਸਤ ਇੱਕ ਵਿਲੱਖਣ ਅਤੇ ਨਿਵੇਕਲੀ ਪੁਸਤਕ

Thursday 24th June 2021 at 11:58 PM

ਢਿੱਲੀ ਸਿਹਤ ਦੇ ਬਾਵਜੂਦ ਅਨਮੋਲ ਪੁਸਤਕ ਰਚੀ-ਸ੍ਰੀ ਠਾਕੁਰ ਦਲੀਪ ਸਿੰਘ

ਸਥਿਤੀ ਭਾਵੇਂ ਕਦੇ ਵੀ ਕੁਝ ਵੀ ਕਿਓਂ ਨਾ ਹੋਵੇ ਮਹਾਂਪੁਰਸ਼ ਹੱਦਾਂ ਸਰਹੱਦਾਂ ਤੋਂ ਪਾਰ ਆਪਣੀ ਮੌਜੂਦਗੀ ਦਾ ਅਹਿਸਾਸ ਹਰ ਯੁਗ ਵਿੱਚ ਕਰਾਇਆ ਹੀ ਕਰਦੇ ਹਨ। ਓਹ ਸਾਹਿਤ, ਸੱਭਿਆਚਾਰ, ਕਲਾ ਅਤੇ ਸੰਸਕ੍ਰਿਤੀ ਦਾ ਵਿਕਾਸ ਕਰਨ ਵਾਲੇ ਕੋਈ ਇੱਕ ਨਹੀਂ  ਬਹੁਤ ਸਾਰੇ ਉਪਰਾਲੇ ਵੀ ਕਰਦੇ ਕਰਾਉਂਦੇ ਰਹਿੰਦੇ ਹਨ। ਅਜਿਹੇ ਉਪਰਾਲੇ ਅਕਸਰ ਯੁਗਾਂ ਯੁਗਾਂ  ਤੀਕ ਉਹਨਾਂ ਦੇ ਸੁਨੇਹੇ ਵੀ ਲੈ ਜਾਂਦੇ ਹਨ। ਮਹਾਂਪੁਰਸ਼ਾਂ ਦੀ ਇੱਕ ਨਜ਼ਰ ਵੀ ਸਮਝਣ ਵਾਲਿਆਂ ਲਈ ਜ਼ਿੰਦਗੀ ਦਾ ਸੁਆਲ ਬਣ ਜਾਂਦੀ ਹੈ ਅਤੇ ਉਹ ਕਹਿ ਉੱਠਦੇ ਹਨ: 

ਤੇਰੀ ਇੱਕ ਨਿਗਾਹ ਕੀ ਬਾਤ ਹੈ, ਮੇਰੀ ਜ਼ਿੰਦਗੀ ਕਾ ਸੁਆਲ ਹੈ! 

ਮਨ ਦੀ ਅਡੋਲਤਾ ਨੂੰ ਦ੍ਰਿੜਾਉਂਦੇ ਹੋਏ, ਦੁਨਿਆਵੀ ਸੁਹਜ ਸੁਆਦਾਂ ਨੂੰ ਰੂਹਾਨੀ ਰੰਗ ਨਾਲ ਰੰਗਦੇ ਹੋਏ ਠਾਕੁਰ ਜੀ ਅੱਜ ਦੇ ਇਸ ਭਿਆਨਕ ਕੋਰੋਨਾ ਯੁਗ ਵਿੱਚ ਵੀ ਸਰਗਰਮ ਹਨ। ਉਹਨਾਂ ਨੇ ਉੱਘੇ ਸਾਹਿਤਿਕ ਫੋਟੋਗ੍ਰਾਫਰ ਸ੍ਰੀ ਜੈ ਤੇਗ ਸਿੰਘ ਅਨੰਤ ਹੁਰਾਂ ਦੀ ਲਿਖੀ ਕਿਤਾਬ ਨੂੰ ਲੋਕ ਅਰਪਣ ਕਰਨ ਦੀ ਰਸਮ ਵੀ ਨਿਭਾਈ ਹੈ ਜੋ ਕਿ ਸਾਹਿਤਿਕ ਹਲਕਿਆਂ ਵਿੱਚ ਇੱਕ  ਬਖਸ਼ਿਸ਼ ਵਾਂਗ ਦੇਖੀ ਜਾ ਰਹੀ ਹੈ।  ਲਓ ਦੇਖੋ ਇਸ ਪੁਸਤਕ ਦੀ ਇੱਕ ਝਲਕ ਠਾਕੁਰ ਜੀ ਦੀਆਂ ਨਜ਼ਰਾਂ ਨਾਲ।  


ਸਰਹੱਦਾਂ ਤੋਂ ਪਾਰ: 24 ਜੂਨ 2021: (ਸਾਹਿਤ ਸਕਰੀਨ ਬਿਊਰੋ):: 
"ਰਾਮਗੜ੍ਹੀਆ ਵਿਰਾਸਤ"  ਪੂਰੇ ਵਿਸ਼ਵ ਵਿਚ ਇੱਕ ਵਿਲੱਖਣ ਅਤੇ ਨਿਵੇਕਲੀ ਪੁਸਤਕ ਆਈ ਹੈ, ਜੋ ਰਾਮਗੜ੍ਹੀਆ ਸ਼ਿਲਪਕਾਰਾਂ ਨੂੰ ਰਾਮਗੜ੍ਹੀਆ (ਤਰਖਾਣ) ਬਰਾਦਰੀ ਅਤੇ ਉਹਨਾਂ ਦੇ ਕਿੱਤੇ, ਉਹਨਾਂ ਦੀਆਂ ਮਹਾਨ ਹਸਤੀਆਂ ਨੂੰ ਉਜਾਗਰ ਕਰਦੀ ਹੈ। ਸ੍ਰ.ਜੈਤੇਗ ਸਿੰਘ ਅਨੰਤ ਜੀ ਨੇ ਇਸ ਪੁਸਤਕ ਰਾਹੀਂ ਆਪਣੇ ਆਪ ਵਿਚ ਇੱਕ ਬਹੁਤ ਵੱਡਾ ਮੀਲ-ਪੱਥਰ ਗੱਡਿਆ ਹੈ। ਅਨੰਤ ਜੀ ਲਗਭਗ 30-40 ਸਾਲਾਂ ਤੋਂ ਮੇਰੇ ਬੜੇ ਪਿਆਰੇ ਮਿੱਤਰ ਹਨ। ਅਨੰਤ ਜੀ ਨੇ ਇਸ ਪੁਸਤਕ ਰਾਹੀਂ ਇਕ ਇਹੋ ਜਿਹਾ ਮੀਲ-ਪੱਥਰ ਗੱਡਿਆ ਹੈ ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਇਹ ਇੱਕ ਸਚਿੱਤਰ ਪੁਸਤਕ, ਵੱਡ ਆਕਾਰੀ ਹੋਣ ਦੇ ਨਾਲ ਇਸਦਾ ਕਾਗਜ ਅਤੇ ਛਪਾਈ ਵੀ ਬਹੁਤ ਵਧੀਆ ਹੈ। ਇਸਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਅਨੰਤ ਜੀ ਨੇ ਇਸ ਵਿਚ ਲੱਭ-ਲੱਭ ਕੇ ਰਾਮਗੜ੍ਹੀਆ ਬਰਾਦਰੀ ਦੇ ਹੀਰੇ-ਮੋਤੀ, ਜਵਾਹਰਾਤ ਇਕੱਠੇ ਕੀਤੇ ਹਨ। ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਐਨੀਆਂ ਹਸਤੀਆਂ ਦੇ ਨਾਮ ਉਹਨਾਂ ਕਿਵੇਂ ਲੱਭੇ ਹਨ? ਫਿਰ ਇੰਨੀ ਵੱਡੀ ਗਿਣਤੀ ਵਿਚ ਲੱਭੇ ਹਨ, ਜਿਨ੍ਹਾਂ ਬਾਰੇ ਉਹਨਾਂ ਨੇ ਇਸ ਪੁਸਤਕ ਵਿਚ ਲਿਖਿਆ ਹੈ ਕਿ ਉਹਨਾਂ ਨੇ ਇੰਨੇ ਵੱਡੇ ਕਾਰਨਾਮੇ ਕੀਤੇ, ਜਿਨ੍ਹਾਂ ਬਾਰੇ ਕਿਸੇ ਨੂੰ ਪਤਾ ਹੀ ਨਹੀਂ,  ਰਾਮਗੜ੍ਹੀਆਂ ਨੂੰ ਵੀ ਨਹੀਂ ਪਤਾ। ਇਹ ਪੁਸਤਕ ਹਰੇਕ ਸੱਜਣ ਨੂੰ ਪੜ੍ਹਨੀ ਚਾਹੀਦੀ ਹੈ ਅਤੇ ਹਰ ਲਾਇਬ੍ਰੇਰੀ ਵਿਚ ਹੋਣੀ ਚਾਹੀਦੀ ਹੈ। ਇਸ ਪੁਸਤਕ ਦੀਆਂ ਬਹੁਤ ਹੀ ਵਿਸ਼ੇਸ਼ਤਾਈਆਂ ਅਤੇ ਵਿਲੱਖਣਤਾਵਾਂ ਹਨ। ਰਾਮਗੜ੍ਹੀਆ ਨਾਮ ਤੋਂ ਅਤੇ ਬਾਹਰੀ ਦਿੱਖ ਤੋਂ ਇਹ ਪੁਸਤਕ ਸਿਰਫ ਸਿੱਖਾਂ ਭਾਵ ਕੇਸਾਧਾਰੀ ਸਿੱਖਾਂ ਨਾਲ ਹੀ ਸੰਬੰਧਿਤ ਜਾਪਦੀ ਹੈ ਪਰ ਅੰਦਰ ਜਾ ਕੇ ਝਾਤੀ ਮਾਰਨ ਨਾਲ ਇਸ ਵਿਚ ਸਿੱਖਾਂ ਦੇ ਨਾਲ ਕੇਸ ਰਹਿਤ ਸਿੱਖਾਂ ਬਾਰੇ ਵੀ ਬਹੁਤ ਕੁਝ ਪਤਾ ਲਗਦਾ ਹੈ ਕਿ ਕਿਵੇਂ ਮੋਨੇ ਸਿੱਖਾਂ ਨੇ ਬਹੁਤ ਮੱਲਾਂ ਮਾਰੀਆਂ ਅਤੇ ਪ੍ਰਾਪਤੀਆਂ ਕੀਤੀਆਂ। 
ਇਸ ਪੁਸਤਕ ਵਿਚ ਅਨੰਤ ਜੀ ਨੇ ਅਮਰੀਕਾ ਦੇ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਅਤੇ ਹਜ਼ਰਤ ਈਸਾ ਮਸੀਹ ਬਾਰੇ ਵੀ ਜ਼ਿਕਰ ਕੀਤਾ ਹੈ ਕਿ ਉਹ ਵੀ ਤਰਖਾਣਾਂ ਵਿਚੋਂ ਸਨ। ਇਹ ਸਾਰਾ ਕੁਝ ਵੇਖ ਕੇ ਅਚੰਭਿਤ ਰਹਿ ਜਾਈਦਾ ਹੈ, ਹੈਰਾਨੀ ਵੀ ਹੁੰਦੀ ਹੈ ਕਿ ਸਾਰੇ ਸੰਸਾਰ ਵਿਚੋਂ ਉਹਨਾਂ ਇੰਨੀ ਵੱਡੀ ਖੋਜ ਕਰਕੇ, ਇਸ ਤਰ੍ਹਾਂ ਦੀਆਂ ਵੱਡੀਆਂ ਹਸਤੀਆਂ ਅਤੇ ਉਹਨਾਂ ਦੇ ਜੀਵਨ ਨੂੰ ਅੰਕਿਤ ਕੀਤਾ ਹੈ। ਇਹਦੇ ਵਿਚ ਅਨੰਤ ਜੀ ਦੀ ਭਾਵਨਾ ਹੈ, ਭਾਵੇਂ ਉਹ ਰਾਮਗੜ੍ਹੀਆ ਬਰਾਦਰੀ ਵਾਸਤੇ ਹੈ। ਪਰ ਮੁੱਖ ਰੂਪ ਵਿਚ ਉਹ ਮਹਾਨ ਸ਼ਰਧਾਲੂ ਅਤੇ ਦ੍ਰਿੜ੍ਹ ਸਿੱਖ ਹਨ ਜਿਹੜੀ ਮੈਂ ਉਹਨਾਂ ਦੀ ਸਰਵਉੱਚ ਵਿਆਖਿਆ ਕਹਿ ਸਕਦਾਂ ਕਿਉਂਕਿ ਮੈਂ ਉਹਨਾਂ ਨੂੰ ਇੰਨੇ ਸਾਲਾਂ ਤੋਂ ਜਾਣਦਾ ਹਾਂ, ਉਹਨਾਂ ਦੇ ਅੰਦਰ ਸਿੱਖੀ ਭਾਵਨਾ ਬੜੀ ਪ੍ਰਬਲ ਭਰੀ ਪਈ ਹੈ ਅਤੇ ਇਹ ਭਾਵਨਾ ਨੂੰ ਉਹ ਆਪਣੇ ਅੰਦਰ ਹੀ ਨਹੀਂ ਰੱਖਦੇ ਸਗੋਂ ਇਸ ਭਾਵਨਾ ਨੂੰ ਪ੍ਰਚੰਡ ਕਰਕੇ ਬਾਹਰ ਲੋਕਾਂ ਤੱਕ ਵੀ ਪਹੁੰਚਾਉਂਦੇ ਹਨ। ਇਨ੍ਹਾਂ ਸਾਰੇ ਕੁਝ ਦੇ ਪਿੱਛੇ ਉਹਨਾਂ ਦੇ ਮਾਤਾ ਜੀ ਅਤੇ ਪਿਤਾ ਜੀ, ਸਤਿਕਾਰਯੋਗ ਸਰਦਾਰ ਹਰਚਰਨ ਸਿੰਘ ਜੀ ਅਤੇ ਮਾਤਾ ਦਰਸ਼ਨ ਕੌਰ ਜੀ ਦਾ ਬਹੁਤ ਵੱਡਾ ਹੱਥ ਹੈ। ਇਹ ਉਨ੍ਹਾਂ ਦੀ ਦੇਣ ਹੈ ਜਿਸ ਕਰਕੇ ਅਨੰਤ ਜੀ ਇਸ ਤਰ੍ਹਾਂ ਦੇ ਮਹਾਨ ਗੁਰਸਿੱਖ ਬਣ ਸਕੇ। ਮੈਂ ਉਹਨਾਂ ਮਾਤਾ-ਪਿਤਾ ਨੂੰ ਸਿਰ ਝੁਕਾਉਂਦਾ ਹਾਂ ਕਿਉਂਕਿ ਜਿਹੜੇ ਸਰਦਾਰ ਹਰਚਰਨ ਸਿੰਘ ਜੀ ਸਨ, ਉਹ ਮਹਾਨ ਹਸਤੀ ਸਨ, ਜਿਨ੍ਹਾਂ ਨੇ 'ਅੰਮ੍ਰਿਤ ਕੀਰਤਨ' ਨਾਮ ਦੀ ਪੁਸਤਕ ਦਾ ਸੰਪਾਦਨ ਕੀਤਾ। 
'ਅੰਮ੍ਰਿਤ ਕੀਰਤਨ' ਬਾਰੇ ਗੁਰਸਿੱਖਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਬਹੁਤ ਮੋਟੀ ਪੁਸਤਕ ਹੈ, ਇਸ ਪੁਸਤਕ ਨੂੰ ਸੰਪਾਦਨ ਕਰਨਾ ਕੋਈ ਸੌਖਾ ਕੰਮ ਨਹੀਂ। ਇਸ ਵਿਚ ਆਦਿ ਬਾਣੀ, ਦਸਮ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਭਾਈ ਨੰਦਲਾਲ ਜੀ ਦੀ ਬਾਣੀ ਆਦਿ- ਆਦਿ ਉਸਦੇ ਵਿਚ ਇਕੱਠੀਆਂ ਕਰਕੇ, ਸਾਰਾ ਕੁਝ ਇੰਨ੍ਹਾ ਵਧੀਆ ਕੀਰਤਨ ਕਰਨ ਵਾਸਤੇ ਸੰਪਾਦਨ ਕਰਕੇ, ਸੰਤ ਹਰਚਰਨ ਸਿੰਘ ਜੀ ਨੇ ਆਪਣਾ ਨਾਮ ਨਹੀਂ ਲਿਖਾਇਆ, ਇੰਨੀ ਨਿਮਰਤਾ ਸੀ ਉਹਨਾਂ ਵਿਚ।  ਇਹ ਉਸ ਮਹਾਨ ਪਿਤਾ ਦੇ ਪੁੱਤਰ ਹਨ, ਸਰਦਾਰ ਜੈਤੇਗ ਸਿੰਘ ਅਨੰਤ ਜੀ ਅਤੇ ਇਹ ਬੜੇ ਵਧੀਆ ਲੇਖਕ, ਉੱਘੇ ਪੱਤਰਕਾਰ ਅਤੇ ਫੋਟੋਗ੍ਰਾਫਰ ਵੀ ਹਨ। ਮੇਰੀ ਇਹਨਾਂ ਨਾਲ ਵਾਕਫੀ ਤਾਂ ਫੋਟੋਗ੍ਰਾਫੀ ਕਰਕੇ ਹੀ ਹੋਈ ਸੀ। ਸਭ ਤੋਂ ਵੱਡੀ ਗੱਲ ਹੈ ਕਿ ਇਹ ਬੜੇ ਪੱਕੇ ਗੁਰਸਿੱਖ ਹਨ। ਅੱਜ ਇਹਨਾਂ ਨੇ ਜਿਹੜੀ ਇੰਨ੍ਹੀ ਵੱਡੀ ਮੱਲ ਮਾਰੀ ਹੈ, ਇਸ ਪੁਸਤਕ ਨੂੰ ਰਚ ਕੇ ਇੰਨਾ ਵਧੀਆ ਮੀਲ ਪੱਥਰ ਗੱਡ ਦਿੱਤਾ ਹੈ, ਇਹ ਪੂਰਨ ਸਲਾਘਾਯੋਗ ਹੈ। ਇਸ ਸਮੇਂ ਇਹਨਾਂ ਦੀ ਸਿਹਤ ਵੀ ਬਹੁਤ ਢਿੱਲੀ ਰਹਿੰਦੀ ਹੈ, ਇਨ੍ਹਾਂ ਹਾਲਾਤਾਂ ਵਿਚ ਵੀ ਉਹਨਾਂ ਨੇ ਐਸੀ ਪੁਸਤਕ ਰਚ ਦਿੱਤੀ ਹੈ। ਇਸ ਕਰਕੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ ਅਤੇ ਇਸ ਪੁਸਤਕ ਦੀਆਂ ਹੋਰ ਵੀ ਵਿਸ਼ੇਸ਼ਤਾਈਆਂ ਆਪ ਜੀ ਨੂੰ ਦੱਸ ਦਿੰਦਾ ਹਾਂ। ਅਨੰਤ ਜੀ ਨੇ ਜਿੱਥੇ ਰਾਮਗੜ੍ਹੀਆਂ ਦਾ ਵਿਰਸਾ ਸੰਭਾਲਿਆ ਹੈ, ਉੱਥੇ ਸਿੱਖੀ ਦਾ ਵਿਰਸਾ ਵੀ ਸੰਭਾਲਿਆ ਹੈ ਅਤੇ ਇੱਕ ਨਹੀਂ, ਦੋ ਨਹੀਂ, ਚੋਖੀਆਂ ਪੁਸਤਕਾਂ ਲਿਖ ਕੇ ਉਹਨਾਂ ਨੇ ਸਿੱਖ ਪੰਥ ਦੀ ਸੇਵਾ ਕੀਤੀ ਹੈ, ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਹੈ ਅਤੇ ਆਪਣੇ ਪੰਥ ਦੀ ਵਿਰਾਸਤ ਸੰਭਾਲੀ ਹੈ। ਇਸ ਪੁਸਤਕ ਵਿਚ ਅਨੰਤ ਜੀ ਨੇ ਸਿੱਖ ਸਿਆਸਤ ਤੋਂ ਉੱਪਰ ਉਠ ਕੇ ਗਿਆਨੀ ਜ਼ੈਲ ਸਿੰਘ ਜੀ ਵਰਗੀ ਮਹਾਨ ਹਸਤੀ, ਜਿਹੜੇ ਕਾਂਗਰਸ ਵਿਚ ਸਨ, ਉਹਨਾਂ ਦਾ ਨਾਮ ਵੀ ਇਸ ਪੁਸਤਕ ਵਿਚ ਦੇ ਕੇ ਬਹੁਤ  ਵਧੀਆ ਕਾਰਜ ਕੀਤਾ ਹੈ, ਨਹੀਂ ਤਾਂ ਬਹੁਤ ਸਾਰੇ ਸਿੱਖ ਤਾਂ ਗਿਆਨੀ ਜ਼ੈਲ ਸਿੰਘ ਨੂੰ ਸਿੱਖ ਹੀ ਨਹੀਂ ਮੰਨਦੇ ਕਿਉਂਕਿ ਉਹਨਾਂ ਦੇ ਮੁਤਾਬਿਕ ਉਹ ਕਾਂਗਰਸ ਵਿਚ ਸਨ, ਉਹ ਸਿੱਖ ਨਹੀਂ ਹੋ ਸਕਦੇ। ਪਰ ਅਨੰਤ ਜੀ ਨੇ ਉਹਨਾਂ ਦਾ ਨਾਮ ਵੀ ਦੇ ਦਿੱਤਾ। ਇਸ ਤੋਂ ਇਲਾਵਾ ਨਾਮਧਾਰੀਆਂ ਨੂੰ ਵੀ ਕਈ ਪੰਨੇ ਦੇ ਕੇ, ਸਤਿਗੁਰੂ ਰਾਮ ਸਿੰਘ ਜੀ ਬਾਰੇ, ਉਹਨਾਂ ਨੇ ਸਿੱਖੀ ਵਾਸਤੇ ਜਿਹੜਾ ਪ੍ਰਚਾਰ ਕੀਤਾ ਅਤੇ ਦੇਸ਼ ਵਾਸਤੇ ਜੋ ਕੁਝ ਕੀਤਾ, ਇਹ ਸਾਰੇ ਵੇਰਵੇ ਲਈ ਪੁਸਤਕ ਵਿਚ ਬਹੁਤ ਵੱਡਾ ਥਾਂ ਦਿੱਤਾ ਹੈ। ਇਸ ਲਈ ਵੀ ਮੈਂ ਅਨੰਤ ਜੀ ਦਾ ਬਹੁਤ ਧੰਨਵਾਦੀ ਹਾਂ।
ਸਿੱਖ ਪੰਥ ਵਿਚ, ਸਿੱਖ ਸਿਆਸਤ ਵਿਚ, ਖਾਲਸਾ ਅਤੇ ਸਿੱਖ ਰਾਜ ਸਥਾਪਿਤ ਕਰਨ ਵਿਚ ਉਸ ਸਮੇਂ ਦੀ ਰਾਮਗੜ੍ਹੀਆ ਮਿਸਲ ਦਾ ਬਹੁਤ ਵੱਡਾ ਹੱਥ ਸੀ। ਜੱਸਾ ਸਿੰਘ ਰਾਮਗੜ੍ਹੀਆ ਨੇ ਉਸ ਸਮੇਂ ਬੜਾ ਵੱਡਾ ਅਤੇ ਵਧੀਆ ਕਿਰਦਾਰ ਨਿਭਾਇਆ। ਉਹਨਾਂ ਦਾ ਮੁੱਖ ਪੰਨੇ ਤੇ ਚਿੱਤਰ ਦੇ ਕੇ, ਉਹਨਾਂ ਨੇ ਰਾਮਗੜ੍ਹੀਆਂ ਦਾ ਅਤੇ ਸਿੱਖਾਂ ਦਾ ਵੀ ਨਾਮ ਉੱਚਾ ਕੀਤਾ ਹੈ ਅਤੇ ਰੋਸ਼ਨ ਕੀਤਾ ਹੈ, ਇਸ ਰਾਹੀਂ ਬਾਕੀ ਵੀਰਾਂ ਨੂੰ ਵੀ ਆਪਣੀ ਵਿਰਾਸਤ ਬਾਰੇ ਜਾਣਕਾਰੀ ਦਿੱਤੀ ਹੈ। ਜਿਵੇਂ ਉਹਨਾਂ ਨੇ ਵੱਡੀਆਂ-ਵੱਡੀਆਂ ਹਸਤੀਆਂ ਲੱਭ ਕੇ ਉਹਨਾਂ ਬਾਰੇ ਲਿਖਿਆ ਹੈ, ਉਹ ਕੰਮ ਅਤਿ ਕਠਿਨ ਹੈ ਅਤੇ ਹੈਰਾਨੀਜਨਕ ਹੈ ਕਿ ਉਹਨਾਂ ਨੇ ਇਸ ਉਮਰ ਵਿਚ, ਸਿਹਤ ਬਹੁਤ ਢਿੱਲੀ ਹੋਣ ਦੇ ਬਾਵਜੂਦ ਇੰਨੀ ਖੋਜ ਕਰਕੇ ਐਸੀ ਪ੍ਰਾਪਤੀ ਕੀਤੀ ਹੈ। ਇਸ ਲਈ ਮੈਂ ਉਹਨਾਂ ਨੂੰ ਫਿਰ ਤੋਂ ਵਧਾਈ ਦਿੰਦਾ ਹਾਂ, ਸਤਿਗੁਰੂ ਜੀ ਕਿਰਪਾ ਕਰਨ ਅਨੰਤ ਜੀ ਆਪਣਾ ਗੁਰਸਿੱਖੀ ਜੀਵਨ ਇਸੇ ਤਰ੍ਹਾਂ ਮਾਣਦੇ ਹੋਏ, ਪੰਥ ਦੀ, ਗੁਰੂ ਘਰ ਦੀ ਸੇਵਾ ਕਰਦੇ ਰਹਿਣ।  

No comments:

Post a Comment