ਭਗਤ ਸਿੰਘ ਸੰਗਰਾਮੀਆਂ ਦਾ ਹੈ--ਨਾ ਤੇਰਾ ਨਾ ਮੇਰਾ
ਸਰਕਾਰਾਂ, ਸਮਾਜਾਂ ਅਤੇ ਫਿਰਕੂ ਹਵਾਵਾਂ ਦੀਆਂ ਸਖਤੀਆਂ ਨੂੰ ਹੱਡੀਂ ਹੰਢਾਉਣ ਵਾਲੇ ਲੋਕਪੱਖੀ ਕਲਮਕਾਰ ਗੁਰਨਾਮ ਕੰਵਰ ਨੇ ਹਰ ਵਾਰ ਸਮੇਂ ਦਾ ਸੱਚ ਸਮੇਂ ਸਿਰ ਹੀ ਬੋਲਿਆ ਹੈ। ਇਸ ਵਾਰ ਵੀ ਉਹਨਾਂ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਦੇ ਦਰਦ ਨੂੰ ਬੜੀ ਹੀ ਸ਼ਿੱਦਤ ਨਾਲ ਮਹਿਸੂਸ ਵੀ ਕੀਤਾ ਹੈ ਅਤੇ ਆਪਣੀ ਨਵੀਂ ਕਾਵਿ ਰਚਨਾ ਵਿੱਚ ਉਸਦਾ ਪ੍ਰਗਟਾਵਾ ਵੀ ਕੀਤਾ ਹੈ। ਇਸਦੇ ਨਾਲ ਹੀ ਉਹਨਾਂ ਸ਼ਹੀਦ-ਏ- ਆਜ਼ਮ ਭਗਤ ਸਿੰਘ ਨੂੰ ਫਿਰਕੂ ਲੀਹਾਂ ਤੇ ਵੰਡਣ ਦੀਆਂ ਸਾਜ਼ਿਸ਼ਾਂ ਨੂੰ ਵੀ ਬੇਨਕਾਬ ਕੀਤਾ ਹੈ। --ਰੈਕਟਰ ਕਥੂਰੀਆ (ਸੰਪਾਦਕ)
ਕਿਥੇ ਲੱਭਦੇ ਹੋ?
ਨਵੇਂ ਵਕਤ ਦੇ ਘੋਲਾਂ ਅੰਦਰ
ਸ਼ਾਇਰ ਗੁਰਨਾਮ ਕੰਵਰ |
ਮੈਨੂੰ ਕਿਥੇ ਲੱਭਦੇ ਹੋ
ਮੈਂ ਤਾਂ ਲੜਦਾਂ ਬੈਰੀਕੇਡਾਂ ਤੇ।
ਅੰਗ੍ਰੇਜ਼ ਤਾਂ ਗੋਰੇ ਕੱਢ ਦਿਤੇ ਸਨ
ਆ ਬੈਠੇ ਨੇ ਕਾਲੇ।
ਸੰਸਦ ਬੋਲੀ ਹਾਕਮ ਬੋਲੇ
ਸਭ ਬੋਲੇ ਕੰਨਾਂ ਵਾਲੇ।
ਲੋਕ ਗੁੱਸੇ ਦਾ ਬੰਬ ਤਾਂ ਫਟਦਾ
ਸੰਸਦ ਦੇ ਬਨੇਰਿਆਂ ਨਾਲ।
ਮੈਨੂੰ ਕਿਥੇ ਲੱਭਦੇ ਹੋ
ਮੈਂ ਖੜਾਂ ਹਾਂ ਚੀ ਗੁਵੇਰਿਆਂ ਨਾਲ।
ਨਾ ਮੈਂ ਪੱਗੜੀ ਨਾ ਮੈਂ ਟੋਪੀ
ਨਾ ਮੈਂ ਬੋਦੀ ਵਾਲਾ।
ਅੰਨ੍ਹੀ ਆਸਥਾ ਤੋੜ ਸੁੱਟੀ ਮੈਂ
ਚੇਤੰਨ ਸੂਝ ਉਜਾਲਾ।
ਨਵੇਂ ਸਮੇਂ ਦੀਆਂ ਕਿਰਨਾਂ ਲੈ ਕੇ
ਚੜ੍ਹਿਆ ਮੈਂ ਸਵੇਰਿਆਂ ਨਾਲ।
ਮੈਨੂੰ ਕਿਥੇ ਲੱਭਦੇ ਹੋ
ਮੈਂ ਲੜਦਾ ਪਿਆਂ ਹਨ੍ਹੇਰਿਆਂ ਨਾਲ।
ਮੇਰੇ ਰਸਤੇ ਉਹੀ ਚਲਦਾ
ਮੁਕਤ ਜੋ ਸੌੜੀਆਂ ਗਰਜ਼ਾਂ ਤੋਂ।
ਰਾਹ ਸੁਖਾਲੇ ਵਾਰ ਦੇਵੇ
ਕੰਡਿਆਲੇ ਰਾਹ ’ਤੇ ਫਰਜ਼ਾਂ ਤੋਂ।
ਕਿਰਤੀ ਰਾਜ ਦਾ ਸਾਡਾ ਸੁਪਨਾ
ਸੱਚ ਹੋਣਾ ਬਲੀਦਾਨਾਂ ਨਾਲ।
ਮੈਨੂੰ ਕਿਥੇ ਲੱਭਦੇ ਹੋ
ਮੈੈਂ ਲੜਦਾ ਪਿਆਂ ਤੂਫਾਨਾਂ ਨਾਲ।
ਦੁਰਗਾ ਭਾਬੀ ਦਾ ਦੁਪੱਟਾ
ਬਣਦਾ ‘ਕੰੰਵਰ’ ਫਰੇਰਾ।
ਭਗਤ ਸਿੰਘ ਸੰਗਰਾਮੀਆਂ ਦਾ ਹੈ
ਨਾ ਤੇਰਾ ਨਾ ਮੇਰਾ।
ਭਗਤ ਕੌਰ ਜਾਂ ਬਾਬਾ ਭਗਤਾ
ਕਿਰਤੀ ਜਾਂ ਕਿਸਾਨੀ ਵਿਚ।
ਮੈਨੂੰ ਕਿਥੇ ਲੱਭਦੇ ਹੋ
ਮੈਂ ਲੜਦਾ ਪਿਆਂ ਜੁਆਨੀ ਵਿਚ।
--ਗੁਰਨਾਮ ਕੰਵਰ 11 ਮਾਰਚ 2021
ਸ਼ੁਕਰੀਆ ਪੰਜਾਬ ਸਕਰੀਨ। ਫੋਟੋ ਮੁਖ ਗੱਲ ਨਹੀਂ, ਕਵਿਤਾ ਦਾ ਤੱਤ ਉਭਾਰਨਾ ਹੈ। ਇਕੱਲੀ ਭਗਤ ਸਿੰਘ ਦੀ ਫੋਟੋ ਠੀਕ ਹੈ।
ReplyDeleteਕਵੀ ਦੀ ਫੋਟੋ ਕੱਢ ਦਿਓ ਜਾਂ ਬਹੁਤ ਛੋਟੀ ਕਰ ਦਿਓ। ਸ਼ੁੱਭ ਇੱਛਾਵਾਂ।
Bahut khoob Gurnam Kanwar uncle ji
ReplyDeleteਆਪ ਜੀ ਨੇ ਬਹੁਤ ਹੀ ਢੁੱਕਵੇਂ ਸ਼ਬਦਾਂ ਦੀ ਵਰਤੋਂ ਕਰਕੇ, ਇਨਕਲਾਬੀ ਵਿਚਾਰ ਪਾਠਕਾਂ ਤਕ ਪਹੁੰਚਾਏ ਹਨ।
ReplyDeleteਮੁਬਾਰਕਬਾਦ ਜੀ।
ਕਰਮ ਸਿੰਘ ਵਕੀਲ