google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਲੇਖਕ ਸਮਾਜਿਕ ਸਰੋਕਾਰਾਂ ਨਾਲ ਜੁੜ ਕੇ ਸਾਹਿਤ ਸਿਰਜਣਾ ਕਰਨ

Monday 8 April 2024

ਲੇਖਕ ਸਮਾਜਿਕ ਸਰੋਕਾਰਾਂ ਨਾਲ ਜੁੜ ਕੇ ਸਾਹਿਤ ਸਿਰਜਣਾ ਕਰਨ

Tuesday 8th April 2024 at 3:31 PM

ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸਥਾਪਨਾ ਦਿਵਸ ਸਮਾਰੋਹ ਮੌਕੇ ਜ਼ੋਰਦਾਰ ਸੱਦਾ


ਲੁਧਿਆਣਾ
: 8 ਅਪ੍ਰੈਲ 2024: (ਕਾਰਤਿਕਾ ਕਲਿਆਣੀ ਸਿੰਘ ਇਨਪੁਟ ਸਾਹਿਤ ਸਕਰੀਨ ਡੈਸਕ)::
ਦੇਸ਼ ਅਤੇ ਦੁਨੀਆ ਭਰ ਦੀਆਂ ਸਭਿਆਚਾਰਕ ਕਦਰਾਂ-ਕੀਮਤਾਂ ਅਤੇ ਨੈਤਿਕਤਾ ਵਿੱਚ ਜਿਹੜਾ ਨਿਘਾਰ ਦੇਖਣ ਵਿੱਚ ਆ ਰਿਹਾ ਹੈ ਉਹ ਸਭ ਉਸ ਸਾਜਿਸ਼ ਦਾ ਨਤੀਜਾ ਹੈ ਜਿਸ ਸਾਜਿਸ਼ ਦੇ ਅਧੀਨ ਲੇਖਕਾਂ ਨੂੰ ਸਮਾਜਿਕ ਸਰੋਕਾਰਾਂ ਨਾਲੋਂ ਤੋੜ ਕੇ ਹੋਰਨਾਂ ਦਿਸ਼ਾਵਾਂ ਵੱਲ ਤੋਰ ਦਿੱਤਾ ਗਿਆ। 

ਲੇਖਕਾਂ ਦੀ ਉਦਾਸੀਨਤਾ ਅਤੇ ਸੰਵੇਦਨਾ ਘਟਣ ਦੇ ਸਿੱਟੇ ਵੀ ਬਹੁਤ ਭਿਆਨਕ ਨਿਕਲੇ। ਅੱਤਵਾਦ, ਵੱਖਵਾਦ ਦੇ ਨਾਲ ਨਾਲ ਨੈਤਿਕ ਪੱਤਨ ਦੀਆਂ ਹਨੇਰੀਆਂ ਝੁੱਲ ਪਈਆਂ। ਔਲਾਦ ਨੇ ਮਾਪਿਆਂ ਨੂੰ ਸਿਰਫ ਘਰੋਂ ਹੀ ਨਹੀਂ ਕਢਿਆ ਬਲਕਿ ਕਈ ਮਾਮਲਿਆਂ ਵਿੱਚ ਕਤਲ ਵੀ ਕੀਤੇ। ਪ੍ਰੇਮ ਵਿਆਹਾਂ ਦੇ ਬਾਵਜੂਦ ਲੜਕੀਆਂ ਨੂੰ ਵਹਿਸ਼ੀਆਨਾ ਢੰਗ ਨਾਲ ਕਤਲ ਕੀਤਾ ਗਿਆ। ਅਰੇੰਜ ਮੈਰਿਜ ਵਾਲੇ ਸਿਸਟਮ ਨਾਲ ਵਿਆਹ ਕੇ ਲਿਆਂਦੀਆਂ ਕੁੜੀਆਂ ਦੇ ਵੀ ਦਾਜ ਦਹੇਜ ਵਰਗੇ ਕਾਰਨਾਂ ਨੂੰ ਅਧਾਰ ਬਣਾ ਕੇ ਕਤਲ ਹੋਏ। 

ਮਜ਼ਹਬੀ ਬਹਾਨਿਆਂ ਅਤੇ ਤਿਓਹਾਰਾਂ ਨੂੰ ਆਧਾਰ ਬਣਾ ਕੇ ਧਾਰਮਿਕ ਅਸਥਾਨਾਂ ਅਤੇ ਸੰਪ੍ਰਦਾਵਾਂ ਦੇ ਖਿਲਾਫ਼ ਹਿੰਸਕ ਘਟਨਾਵਾਂ ਫਿਰ ਜ਼ੋਰ ਫੜ੍ਹਨ ਲੱਗੀਆਂ। ਪੱਛਮੀ ਕਲਚਰ ਨਾਲ ਜੁੜੇ ਫੈਸ਼ਨ ਸਾਡੀ ਸੰਸਕ੍ਰਿਤੀ ਉੱਤੇ ਭਾਰੂ ਹੋਣ ਲੱਗ ਪਏ। ਗੈਂਗਸਟਰ ਬਣਨਾ ਅਤੇ ਉਹਨਾਂ ਵਾਂਗ ਨਜ਼ਰ ਆਉਣਾ ਇੱਕ ਫੈਸ਼ਨ  ਬਣ ਗਿਆ। ਇਸ ਦੇ ਕਾਰਨਾਂ ਵਿੱਚ ਜਾਈਏ ਸਮਝ ਆਉਣ ਲੱਗ ਪਿਆ ਕਿ ਕੁਝ ਕੁ ਲੇਖਕਾਂ ਦੇ ਆਧੁਨਿਕ ਕਿਸਮ ਦੇ ਨਾਵਲ ਅਤੇ ਵਾਹਯਾਤ  ਗੀਤ ਸਾਡੇ ਨੌਜਵਾਨਾਂ ਅਤੇ ਮੁਟਿਆਰਾਂ ਦੀ ਪੀੜ੍ਹੀ ਦੇ ਦਿਲ ਦਿਮਾਗਾਂ ਨੂੰ ਬਦਲ ਰਹੇ ਸਨ। 

ਇੱਕ ਵਾਰ ਫੇਰ ਇਹਨਾਂ ਸਾਜ਼ਿਸ਼ੀ ਹਨੇਰੀਆਂ ਦੇ ਖਿਲਾਫ਼ ਇਪਟਾ ਵੀ ਮੈਦਾਨ ਵਿੱਚ ਨਿੱਤਰੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵੀ ਖੁਲ੍ਹ ਕੇ ਮੈਦਾਨ ਵਿੱਚ ਆਇਆ। ਪੂੰਜੀਵਾਦ ਦੀ ਸ਼ਹਿ ਪ੍ਰਾਪਤ ਇਹਨਾਂ ਵਾਵਰੋਲਿਆਂ ਨੰ ਨਥ ਪਾਉਣ ਲਈ "ਢਾਈ ਆਖਰ" ਵਰਗੀਆਂ ਜ਼ੋਰਦਾਰ ਮੁਹਿੰਮਾਂ ਵੀ ਦੇਸ਼ ਭਰ ਵਿਚ ਚਲਾਈਆਂ ਗਈਆਂ। ਮੈਕਸਿਮ ਗੋਰਕੀ ਦੇ ਨਾਲ ਨਾਲ ਮੁਨਸ਼ੀ ਪ੍ਰੇਮ ਚੰਦ, ਪਾਸ਼ ਅਤੇ ਲਾਲ ਸਿੰਘ ਦਿਲ ਨੂੰ ਵੀ ਚੇਤੇ ਕੀਤਾ ਜਾ ਰਿਹਾ ਹੈ। ਦੇਵਿੰਦਰ ਦਮਨ ਅਤੇ ਅਜਮੇਰ ਸਿੰਘ ਔਲਖ ਵਰਗੀਆਂ ਸ਼ਖਸੀਅਤਾਂ ਵੱਲੋਂ ਰਚੇ ਨਾਟਕ ਖੇਡਣ ਵਿੱਚ ਸੰਜੀਵਨ ਵਰਗੇ ਲਾਈਫ ਟਾਈਮ ਕਲਾਕਾਰ ਲਗਾਤਾਰ ਸਰਗਰਮ ਹਨ। 

ਇਸ ਤਰ੍ਹਾਂ ਪ੍ਰਗਤੀਸ਼ੀਲ ਅੰਦੋਲਨ ਨਾਲ ਜੁੜੇ ਲੋਕਪੱਖੀ ਲੇਖਕ ਇੱਕ ਵਾਰ ਫੇਰ ਕਲਮ ਦੀ ਧਾਰ ਨੂੰ ਤੇਜ਼ ਕਰਨ ਲਈ ਮੈਦਾਨ ਵਿੱਚ ਹਨ। ਇਸ ਲਹਿਰ ਨੂੰ ਇੱਕ ਵਾਰ ਫੇਰ ਮਜ਼ਬੂਤੀ ਦੇਣ ਲਈ ਇੱਕ ਵਿਸ਼ੇਸ਼ ਆਯੋਜਨ ਲੁਧਿਆਣਾ ਵਿੱਚ ਵੀ ਹੋਇਆ।

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਅੱਜ ਪੰਜਾਬੀ ਭਵਨ ਲੁਧਿਆਣਾ ਵਿੱਚ ਸਥਾਪਨਾ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ "ਚਰਚਾ" ਕੌਮਾਂਤਰੀ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਪ੍ਰਸਿੱਧ ਪ੍ਰਗਤੀਵਾਦੀ ਲੇਖਕ ਜੋਗਿੰਦਰ ਸਿੰਘ ਨਿਰਾਲਾ, ਸੁਰਿੰਦਰ ਕੈਲੇ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ ਨੇ ਕੀਤੀ। 

ਮੁੱਖ ਬੁਲਾਰੇ ਵਜੋਂ ਬੋਲਦਿਆਂ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਉਸ ਇਨਕਲਾਬੀ ਪਿਛੋਕੜ ਦਾ ਜ਼ਿਕਰ ਕੀਤਾ, ਜਿਸ ਵਿਚੋਂ ਸਜ਼ਾਦ ਜ਼ਹੀਰ, ਰਸ਼ੀਦ ਜਹਾਂ, ਮੁੰਸ਼ੀ ਪ੍ਰੇਮਚੰਦ, ਇਸਮਤ ਚੁਗਤਾਈ, ਮੰਟੋ ਅਤੇ ਫ਼ੈਜ਼ ਅਹਿਮਦ ਫ਼ੈਜ਼ ਵਰਗੇ ਵਿਸ਼ਵ ਪੱਧਰੀ ਚਿੰਤਕਾਂ ਨੇ ਮਿਲ ਕੇ ਇਹ ਰਾਸ਼ਟਰੀ ਮੰਚ  ਬਣਾਇਆ ਅਤੇ ਆਜ਼ਾਦੀ ਦੀ ਲੜਾਈ ਤੋਂ ਲੈਕੇ ਹੁਣ ਤਕ ਦੇਸ਼ ਵਿਚ ਫਿਰਕਾਪ੍ਰਸਤ ਅਤੇ ਫਾਸ਼ੀਵਾਦੀ ਤਾਕਤਾਂ ਦਾ ਡਟ ਕੇ ਮੁਕਾਬਲਾ ਕਰਨ ਵਿਚ ਵੱਡੀ ਭੂਮਿਕਾ ਨਿਭਾਈ। 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਦੀਆਂ ਚੁਣੌਤੀਆਂ ਦੇ ਪ੍ਰਸੰਗ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਨੂੰ ਔਰਤਾਂ, ਦਲਿਤਾਂ ਅਤੇ ਹੋਰ ਹਾਸ਼ੀਆਕ੍ਰਿਤ ਸਮੂਹਾਂ ਦੀ ਲੜਾਈ ਅੱਗੇ ਵਧ ਕੇ ਕਰਨੀ ਚਾਹੀਦੀ ਹੈ। ਸਮਾਗਮ ਦੇ ਮੁੱਖ ਮਹਿਮਾਨ ਦਰਸ਼ਨ ਸਿੰਘ ਢਿੱਲੋਂ ਨੇ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਸੱਦਾ ਦਿੱਤਾ ਕਿ ਇਸ ਵੇਲੇ ਪੰਜਾਬੀ ਲੇਖਕਾਂ ਨੂੰ ਦਰਜਿਆਂ ਵਿਚ ਵੰਡਣ ਦੀ ਰਵਾਇਤ ਸਮਝ ਕੇ ਇਕ ਦੂਜੇ ਨੂੰ ਪੜ੍ਹਨਾ ਅਤੇ ਸਮਝਣਾ ਚਾਹੀਦਾ ਹੈ ਅਤੇ ਪ੍ਰਗਤੀਸ਼ੀਲ ਧਾਰਾ ਨਾਲ ਜੁੜਕੇ ਸਮਾਜਿਕ ਜ਼ਿੰਮੇਵਾਰੀ ਵਾਲਾ ਸਾਹਿਤ ਸਿਰਜਣਾ ਚਾਹੀਦਾ ਹੈ। 

ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਸਜ਼ਾਦ ਜ਼ਹੀਰ, ਮੁੰਸ਼ੀ ਪ੍ਰੇਮਚੰਦ ਦੁਆਰਾ 1936 ਵਿਚ ਦਿੱਤੇ ਭਾਸ਼ਣਾਂ ਵਿਚਲੇ ਕਥਨਾਂ ਦੇ ਹਵਾਲੇ ਨਾਲ ਵਰਤਮਾਨ ਦੌਰ ਵਿਚ ਪ੍ਰਗਤੀਸ਼ੀਲ ਸੰਘ ਦੀ ਭੂਮਿਕਾ ਤੇ ਚਰਚਾ ਕੀਤੀ। ਪ੍ਰਧਾਨ ਸੁਰਜੀਤ ਜੱਜ ਨੇ ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਇਕਾਈਆਂ ਦੇ ਕਾਰਜਾਂ ਦੇ ਹਵਾਲੇ ਨਾਲ ਸੰਸਥਾ ਦੀ
ਕਾਰਗੁਜਾਰੀ ਤੇ ਚਾਨਣਾ ਪਾਇਆ।

ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਉੱਘੇ ਪ੍ਰਗਤੀਸ਼ੀਲ ਸ਼ਾਇਰ ਭਗਵਾਨ ਢਿੱਲੋਂ, ਉੱਘੇ ਸ਼ਾਇਰ ਹਰਮੀਤ ਵਿਦਿਆਰਥੀ ਅਤੇ ਕਵਿਤਾ ਦੇ ਆਲੋਚਕ ਡਾ. ਅਰਵਿੰਦਰ ਕਾਕੜਾ ਨੇ ਕੀਤੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਸ਼ਾਇਰ ਡਾ. ਸੰਤੋਖ ਸੁੱਖੀ ਨੇ ਨਿਭਾਈ।

ਇਸ ਕਵੀ ਦਰਬਾਰ ਵਿੱਚ ਰਾਜਦੀਪ ਤੂਰ, ਬਲਵਿੰਦਰ ਭੱਟੀ, ਰਵੀ ਰਵਿੰਦਰ, ਸੁਖਜੀਵਨ, ਗੁਰਪ੍ਰੀਤ ਕੌਰ, ਮਲਕੀਤ ਜੌੜਾ, ਬਲਵਿੰਦਰ ਸਿੰਘ ਢਿੱਲੋਂ,  ਜਸਪਾਲ ਮਾਨਖੇੜਾ, ਜਸਵੀਰ ਝੱਜ, ਅਮਰਜੀਤ ਸ਼ੇਰਪੁਰੀ, ਮਨਦੀਪ ਕੌਰ ਭੰਮਰਾ, ਧਰਵਿੰਦਰ ਔਲਖ, ਭੁਪਿੰਦਰ ਸੰਧੂ, ਗੁਲਾਬ ਸਿੰਘ,  ਇੰਦਰਜੀਤ ਜਾਦੂ, ਨਰਿੰਦਰਪਾਲ ਕੌਰ, ਸਤਨਾਮ ਸਿੰਘ, ਦੀਪਕ ਧਲੇਵਾਂ, ਮਨੂ ਬੁਆਣੀ, ਸੁਖਬੀਰ ਭੁੱਲਰ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ  ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।

ਉਪਰੋਕਤ ਤੋਂ ਇਲਾਵਾ ਇਸ ਸਮਾਗਮ ਵਿੱਚ ਜਨਮੇਜਾ ਸਿੰਘ ਜੌਹਲ, ਪ੍ਰੋ. ਬਲਦੇਵ ਬੱਲੀ, ਸਤੀਸ਼ ਗੁਲਾਟੀ, ਸੁਰਿੰਦਰ ਦੀਪ, ਰਮੇਸ਼ ਯਾਦਵ, ਭੋਲਾ ਸਿੰਘ ਸੰਘੇੜਾ,  ਨਾਟਕਕਾਰ ਸੋਮਪਾਲ ਹੀਰਾ, ਡਾ. ਕੰਵਲ ਢਿੱਲੋ, ਗੁਰਮੇਜ ਭੱਟੀ, ਤਰਨ ਬੱਲ ਹਾਜ਼ਰ ਰਹੇ। ਇਸ ਪ੍ਰੋਗਰਾਮ ਦਾ ਸਮੁੱਚਾ ਪ੍ਰਬੰਧ ਡਾ. ਗੁਲਜਾਰ ਸਿੰਘ ਪੰਧੇਰ ਦੀ ਅਗਵਾਈ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਲੁਧਿਆਣਾ ਇਕਾਈ ਨੇ ਕੀਤਾ।

ਫ਼ੋਟੋ ਵਿੱਚ ਦੇਖੇ ਜਾ ਸਕਦੇ ਹਨ ਕਵੀ ਦਰਾਬਾਰ ਦੀ ਪ੍ਰਧਾਨਗੀ ਕਰ ਰਹੇ ਡਾ. ਅਰਵਿੰਦਰ ਕੌਰ ਕਾਕੜਾ, ਡਾ. ਸੰਤੋਖ ਸਿੰਘ ਸੁੱਖੀ, ਸ੍ਰੀ ਹਰਮੀਤ ਵਿਦਿਆਰਥੀ, ਸ੍ਰੀ ਭਗਵਾਨ ਢਿੱਲੋਂ ਅਤੇ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਸ. ਦਰਸ਼ਨ ਸਿੰਘ ਢਿੱਲੋਂ, ਡਾ. ਜੋਗਿੰਦਰ ਸਿੰਘ ਨਿਰਾਲਾ, ਸ੍ਰੀ ਸੁਰਿੰਦਰ ਕੈਲੇ, ਸ੍ਰੀ ਸੁਰਜੀਤ ਜੱਜ ਅਤੇ ਡਾ. ਕੁਲਦੀਪ ਸਿੰਘ ਦੀਪ। 

No comments:

Post a Comment