google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਸਰਬਜੀਤ ਪੰਧੇਰ ਦੀ ਪੱਤਰਕਾਰੀ ਅੱਜ ਦੇ ਸਮੇਂ ਵਿੱਚ ਹੋਰ ਵੀ ਪ੍ਰਸੰਗਿਕ ਹੋ ਗਈ ਹੈ

Tuesday 30 April 2024

ਸਰਬਜੀਤ ਪੰਧੇਰ ਦੀ ਪੱਤਰਕਾਰੀ ਅੱਜ ਦੇ ਸਮੇਂ ਵਿੱਚ ਹੋਰ ਵੀ ਪ੍ਰਸੰਗਿਕ ਹੋ ਗਈ ਹੈ

ਉਸ ਬੇਬਾਕੀ ਅਤੇ ਦਲੇਰੀ ਨੂੰ ਸਦਾ ਸਭਨਾਂ ਦਾ ਸਲਾਮ 


ਚੰਡੀਗੜ੍ਹ
: 29 ਅਪ੍ਰੈਲ 2024: (ਐਸ ਐਸ ਸਿੱਧੂ//ਸਾਹਿਤ ਸਕਰੀਨ ਡੈਸਕ)::

ਸੀਨੀਅਰ ਪੱਤਰਕਾਰ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਪੰਧੇਰ ਦਾ ਬੀਤੇ ਦਿਨੀਂ ਮੋਹਾਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ਵਿਖੇ ਦੇਹਾਂਤ ਹੋ ਗਿਆ। ਉਹਨਾਂ ਦਾ ਜਾਣਾ ਇੱਕ ਬੇਬਾਕ ਅਤੇ ਦਲੇਰ ਕਲਮਕਾਰ ਦਾ ਚਲੇ ਜਾਣਾ ਹੈ। ਆਖਰੀ ਸਾਹ ਲੈਣ ਤੋਂ ਪਹਿਲਾਂ ਉਹ ਲਗਭਗ ਅੱਠ ਮਹੀਨਿਆਂ ਤੱਕ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਬਹਾਦਰੀ ਨਾਲ ਲੜਦੇ ਰਹੇ ਅਤੇ ਉਨ੍ਹਾਂ 58 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਇਹਨਾਂ 58 ਸਾਲਾਂ ਵਿੱਚ ਉਹਨਾਂ ਆਪਣੀ ਜ਼ਿੰਦਗੀ ਵਿੱਚ ਵੀ ਬਹੁਤ ਸਾਰੇ ਉਤਰਾਅ ਚੜ੍ਹਾਅ ਦੇਖੇ। ਖਾੜਕੂਵਾਦ ਵੇਲੇ ਜਦੋਂ ਹਾਲਾਤ ਬੇਹੱਦ ਨਾਜ਼ੁਕ ਸਨ ਉਦੋਂ ਵੀ ਸਰਬਜੀਤ ਪੰਧੇਰ ਨੇ ਬੜੀ ਦਲੇਰੀ ਅਤੇ ਨਿਰਪੱਖਤਾ ਨਾਲ ਰਿਪੋਰਟਿੰਗ ਕੀਤੀ। ਸਰਬਜੀਤ ਪੰਧੇਰ ਦੀ ਪੱਤਰਕਾਰੀ ਅੱਜ ਦੇ ਸਮੇਂ ਵਿੱਚ ਹੋਰ ਵੀ ਪ੍ਰਸੰਗਿਕ ਹੋ ਗਈ ਹੈ। 

ਉਹ ਆਪਣੇ ਪਿੱਛੇ ਪਿਤਾ ਸਰਦਾਰ ਗੁਰਦੇਵ ਸਿੰਘ ਪੰਧੇਰ ਅਤੇ ਦੋ ਧੀਆਂ ਛੱਡ ਗਏ। ਨਾਮਵਰ ਪੱਤਰਕਾਰ ਹੋਣ ਦੇ ਨਾਲ-ਨਾਲ ਉਹ ਇੱਕ ਉੱਘੇ ਫੋਟੋਗ੍ਰਾਫ਼ਰ ਵੀ ਸਨ। ਉਹਨਾਂ ਦੇ ਕੈਮਰੇ ਨੇ ਬਹੁਤ ਦੂਰ ਦੁਰਾਡੇ ਜਾ ਕੇ ਵੀ ਵੱਖ ਵੱਖ ਥਾਂਵਾਂ ਅਤੇ ਹਾਲਾਤਾਂ ਨੂੰ ਕੈਮਰੇ ਵਿੱਚ ਕੈਦ ਕੀਤਾ। 

ਸੰਨ 1964 ਵਿੱਚ ਲੁਧਿਆਣਾ ‘ਚ ਜਨਮੇ ਸਰਬਜੀਤ ਪੰਧੇਰ ਨੇ ਆਪਣੀ ਸਕੂਲੀ ਪੜ੍ਹਾਈ ਸੈਕਰਡ ਹਾਰਟ ਸਕੂਲ ਤੋਂ ਹਾਸਲ ਕੀਤੀ। ਉਨ੍ਹਾਂ ਨੇ ਸਰਕਾਰੀ ਕਾਲਜ, ਲੁਧਿਆਣਾ ਵਿੱਚ ਥੋੜ੍ਹੇ ਸਮੇਂ ਲਈ ਪੜ੍ਹਾਈ ਕੀਤੀ ਅਤੇ ਪੀ.ਏ.ਯੂ., ਲੁਧਿਆਣਾ ਤੋਂ ਪੱਤਰਕਾਰੀ ਵਿੱਚ ਮਾਸਟਰਜ਼ ਕਰਨ ਲੱਗੇ। ਇਹੀ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਵਿਸ਼ੇਸ਼ ਮੋੜ ਸਾਬਿਤ ਹੋਇਆ। ਉਹਨਾਂ ਇਸ ਇਮਤਿਹਾਨ ਤੋਂ ਬਾਅਦ ਜਦੋਂ ਪੱਤਰਕਾਰੀ ਆਰੰਭ ਕੀਤੀ ਤਾਂ ਬਹੁਤ ਸਾਰੇ ਪੂਰਨੇ ਵੀ ਪਾਏ। ਉਸ ਦੌਰ ਵਿੱਚ ਉਹਨਾਂ ਦੀ ਪੱਤਰਕਾਰੀ ਅੱਜ ਦੇ ਸਮੇਂ ਵਿੱਚ ਹੋਰ ਵੀ ਪ੍ਰਸੰਗਿਕ ਹੋ ਗਈ ਹੈ। 

ਉਹ ਪੀ.ਟੀ.ਆਈ. ਅਤੇ ਦਿ ਟ੍ਰਿਬਿਊਨ ਅਖਬਾਰ ਵਿੱਚ ਇੱਕ ਸਟਰਿੰਗਰ ਵਜੋਂ ਸ਼ਾਮਲ ਹੋਏ ਸਨ ਅਤੇ ਗੁਰਦਾਸਪੁਰ ਵਿੱਚ ਤਾਇਨਾਤੀ ਸਮੇਂ ਉਨ੍ਹਾਂ ਨੇ ਪੰਜਾਬ ਵਿੱਚ ਖਾੜਕੂਵਾਦ ਦੀਆਂ ਘਟਨਾਵਾਂ ਨੂੰ ਬੜੀ ਹਿੰਮਤ ਅਤੇ ਹੌਂਸਲੇ ਨਾਲ ਕਵਰ ਕੀਤਾ ਸੀ। ਕੇ ਪੀ ਐਸ ਗਿੱਲ ਦੇ ਵੇਲਿਆਂ ਵੇਲੇ ਦੇ ਪੰਜਾਬ ਦੀ ਕਵਰੇਜ ਆਸਾਨ ਨਹੀਂ ਸੀ। 

ਬਾਅਦ ਵਿਚ ਉਹ ਪੰਜਾਬ ਨੂੰ ਕਵਰ ਕਰਨ ਲਈ ਚੰਡੀਗੜ੍ਹ ਵਿਖੇ 'ਦਿ ਹਿੰਦੂ' ਅਖਬਾਰ ਨਾਲ ਜੁੜ ਗਏ। ਇਹ ਅਖਬਾਰਾਂ "ਦ ਹਿੰਦੂ" ਉਸ ਵੇਲੇ ਵੀ ਇੱਕ ਬਹੁਤ ਵੱਡਾ ਅਖਬਾਰ ਸੀ। ਇਸ ਅਖਬਾਰ ਦੇ ਪਾਠਕਾਂ ਦਾ ਘੇਰਾ ਵੀ ਬਹੁਤ ਚੋਣਵਾਂ ਅਤੇ ਅਤਿਅੰਤ ਬੁੱਧਜੀਵੀ ਸੀ। ਉਨ੍ਹਾਂ ਨੇ ਪੰਜਾਬ ਦੀ ਆਰਥਿਕਤਾ, ਵਿਸ਼ਵ ਵਪਾਰ ਸੰਗਠਨ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਮੁੱਦਿਆਂ ਬਾਰੇ ਵਿਆਪਕ ਤੌਰ 'ਤੇ ਲਿਖਿਆ। ਉਨ੍ਹਾਂ ਨੂੰ ਖੇਤੀ ਮੁੱਦਿਆਂ ਦੇ ਅਧਿਐਨ ਲਈ ਅਮਰੀਕੀ ਸਰਕਾਰ ਵੱਲੋਂ ਵੀ ਸੱਦਾ ਦਿੱਤਾ ਗਿਆ ਸੀ। ਅਜਿਹੇ ਸਨਮਾਨਯੋਗ ਸੱਦੇ ਦਾ ਮਿਲਣਾ ਬਹੁਤ ਵੱਡੀ ਗੱਲ ਸੀ। 

ਛੇਤੀ ਹੀ ਉਹਨਾਂ ਹੋਰ ਪ੍ਰੋਗਰਾਮ ਵੀ ਉਲੀਕ ਲਏ ਸਨ। 'ਦਿ ਹਿੰਦੂ' ਅਖਬਾਰ ਤੋਂ ਸਵੈ-ਇੱਛਤ ਸੇਵਾਮੁਕਤੀ ਲੈਣ ਉਪਰੰਤ ਉਨ੍ਹਾਂ ਨੇ ਡੇਲੀ ਪੋਸਟ ਦੇ ਮੁੱਖ ਸੰਪਾਦਕ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ। ਉਨ੍ਹਾਂ ਨੇ ਪੱਤਰਕਾਰੀ ਤੋਂ ਬ੍ਰੇਕ ਲੈ ਕੇ ਫੋਟੋਗ੍ਰਾਫੀ ਵੱਲ ਰੁਖ਼ ਕਰ ਲਿਆ। ਫੋਟੋਗ੍ਰਾਫੀ ਲਈ ਉਨ੍ਹਾਂ ਦਾ ਜਨੂੰਨ ਉਨ੍ਹਾਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਲੈ ਗਿਆ। ਉਨ੍ਹਾਂ ਨੇ ਕਈ ਸੋਲੋ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਅਤੇ ਉਨ੍ਹਾਂ ਦੀਆਂ ਸ਼ਾਨਦਾਰ ਤਸਵੀਰਾਂ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਨਾਮਵਰ ਪੱਤਰਕਾਰ ਹੋਣ ਦੇ ਨਾਲ-ਨਾਲ ਉਹ ਪੱਤਰਕਾਰ ਭਾਈਚਾਰੇ ਲਈ ਹਮੇਸ਼ਾ ਇਕ ਸੱਚੇ ਆਗੂ ਵਾਂਗ ਖੜੇ ਹੋਏ। ਉਨ੍ਹਾਂ ਨੇ ਪੀ.ਟੀ.ਆਈ. ਵਿੱਚ ਯੂਨੀਅਨ ਲੀਡਰ ਵਜੋਂ ਸ਼ੁਰੂਆਤ ਕੀਤੀ ਅਤੇ ਪ੍ਰੈਸ ਕਲੱਬ ਵਿੱਚ ਕਾਫ਼ੀ ਸਰਗਰਮ ਰਹੇ ਜਿੱਥੇ ਦੋ ਵਾਰ ਉਨ੍ਹਾਂ ਨੂੰ ਪ੍ਰਧਾਨ ਅਤੇ ਸਕੱਤਰ ਜਨਰਲ ਚੁਣਿਆ ਗਿਆ। ਜਦੋਂ ਵੀ ਕਿਸੇ ਪੱਤਰਕਾਰ ਨੂੰ ਮਦਦ ਜਾਂ ਸਹਾਇਤਾ ਦੀ ਲੋੜ ਹੁੰਦੀ ਸੀ ਤਾਂ ਉਹ ਸਭ ਤੋਂ ਪਹਿਲਾਂ ਮਦਦ ਲਈ ਅੱਗੇ ਆਉਂਦੇ ਸਨ। ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਸਨੇਹੀਆਂ ਵੱਲੋਂ ਹਮੇਸ਼ਾਂ ਯਾਦ ਕੀਤਾ ਜਾਵੇਗਾ। ਉਹਨਾਂ ਦਾ ਜਾਣਾ ਸਾਡੇ ਸਭਨਾਂ ਲਈ ਇੱਕ ਉਦਾਸੀ ਭਰੀ ਖਬਰ ਹੈ। 

No comments:

Post a Comment