google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: December 2020

Wednesday, 9 December 2020

ਲੇਖਕਾਂ ਦੀਆਂ ਦਿੱਲੀ ਵੱਲ ਵਹੀਰਾਂ

ਪ੍ਰਗਤਿਸ਼ੀਲ ਲੇਖਕ ਸੰਘ ਦੇ ਮੈਂਬਰ ਪੁੱਜੇ ਸੰਘਰਸ਼ਾਂ ਦੇ ਮੈਦਾਨ ਵਿੱਚ ਦਿੱਲੀ 


ਚੰਡੀਗੜ੍ਹ
: 8 ਦਸੰਬਰ 2020: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::

ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ!

ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਓਂ ਹੁੰਦੇ!

ਅਗਾਂਹਵਧੂ ਲੇਖਕਾਂ ਦਾ ਸਰਗਰਮ ਗਰੁੱਪ ਇਕ ਵਾਰ ਫੇਰ ਸੰਘਰਸ਼ਾਂ ਵਾਲੇ ਮੈਦਾਨ ਵਿੱਚ ਹੈ। ਇਹ ਲੇਖਕ ਆਪਣੀ ਸਹਿਤ ਸਮੱਸਿਆਵਾਂ ਅਤੇ ਪਰਿਵਾਰਕ ਜ਼ੁੰਮੇਵਾਰੀਆਂ ਨੂੰ ਪਿਛੇ ਛੱਡ ਕੇ ਕਿਸਾਨਾਂ ਨਾਲ ਇਕੱਕਜੁੱਟਤਾ ਕਰਨ ਲਈ ਦਿੱਲੀ ਵਾਲੇ ਬਾਰਡਰ ਤੇ ਪਹੁੰਚੇ। ਇਹਨਾਂ ਵਿਛਕ ਪੁਰਸ਼ ਵੀ ਸਨ ਅਤੇ ਮਹਿਲਾਵਾਂ ਵੀ। ਇਹਨਾਂ ਨੇ ਖੁੱਲ ਕੇ ਕਿਸਾਨਾਂ ਦੀ ਹਮਾਇਤ ਕੀਤੀ ਅਤੇ ਲੋਕਪੱਖੀ ਲੇਖਕਾਂ ਵਾਲੀ ਜ਼ਿੰਮੇਵਾਰੀ ਨਿਭਾਈ। 

ਨੀਤੂ ਅਰੋੜਾ ਅਤੇ ਹੋਰ ਲੇਖਿਕਾਵਾਂ ਸਿੰਘੂ ਬਾਰਡਰ ਤੇ 
ਜ਼ਿਕਰਯੋਗ ਹੈ ਕਿ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਪੁਰਜ਼ੋਰ ਹਮਾਇਤ ਦਿੱਤੀ ਜਾ ਰਹੀ ਹੈ। ਅੱਜ ਟੀਕਰੀ ਬਾਰਡਰ 'ਤੇ ਬਹਾਦਰਗੜ੍ਹ ਨੇੜੇ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਬਾਬਾ ਬੰਦਾ ਸਿੰਘ ਬਹਾਦਰ ਨਗਰ ਦੇ ਮੰਚ 'ਤੋਂ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਜਨਰਲ ਸਕੱਤਰ ਪ੍ਰੋ. ਸੁਰਜੀਤ ਜੱਜ ਨੇ ਕਿਸਾਨ ਨੇਤਾ ਜੁਗਿੰਦਰ ਸਿੰਘ ਉਗਰਾਹਾਂ ਅਤੇ ਪਲਸ ਮੰਚ ਦੇ ਆਗੂ ਅਮੋਲਕ ਸਿੰਘ ਦੇ ਨਾਲ ਕਿਸਾਨਾਂ ਨੂੰ ਸੰਬੋਧਨ ਕੀਤਾ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪ੍ਰਗਤੀਸ਼ੀਲ ਲੇਖਕ ਸੰਘ ਕਿਸਾਨਾਂ ਦੇ ਇਸ ਹੱਕੀ ਸੰਘਰਸ਼ ਵਿੱਚ ਆਖ਼ਰੀ ਦਮ ਤੱਕ ਉਨ੍ਹਾਂ ਦੇ ਨਾਲ ਰਹੇਗਾ, ਕਿਉਂਕਿ ਇਹ ਸੰਘਰਸ਼ ਕੇਵਲ ਪੰਜਾਬ ਦੇ ਕਿਸਾਨਾਂ ਅਤੇ ਆਰਥਿਕ ਮੁੱਦਿਆਂ ਲਈ ਨਹੀਂ, ਸਗੋਂ ਇਹ ਸੰਘਰਸ਼ ਹਿੰਦੁਸਤਾਨ ਦੇ ਕਿਰਤ ਕਰਨ ਵਾਲੇ ਆਵਾਮ ਦਾ ਸੰਘਰਸ਼ ਹੈ, ਅਤੇ ਭਾਰਤ ਦੇ ਸੰਘੀ ਢਾਂਚੇ, ਸੈਕੂਲਰ ਪਰੰਪਰਾਵਾਂ ਅਤੇ ਭਾਈਚਾਰਕ ਸਦਭਾਵਨਾ ਦੀ ਬਹਾਲੀ ਦਾ ਸੰਘਰਸ਼ ਹੈ। ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨਾਂ ਨਾਲ ਪੰਜਾਬ ਤੇ ਭਾਰਤ ਦੀ ਖੇਤੀ ਆਰਥਿਕਤਾ ਨੂੰ ਤਬਾਹ ਕਰਨਾ ਚਾਹੁੰਦੀ ਹੈ ਅਤੇ ਦੂਜੇ ਪਾਸੇ ਨਵੀਂ ਸਿੱਖਿਆ ਨੀਤੀ ਤਹਿਤ ਸਧਾਰਨ ਲੋਕਾਂ ਦੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਾ ਕਰਨਾ ਚਾਹੁੰਦੀ ਹੈ। ਨਵੀਂ ਸਿੱਖਿਆ ਨੀਤੀ ਵਿੱਚ ਸੰਸਕ੍ਰਿਤ ਭਾਸ਼ਾ ਨੂੰ ਬੇਲੋੜਾ ਮਹੱਤਵ ਦੇ ਕੇ ਕੌਮੀ ਤੇ ਖੇਤਰੀ ਜ਼ਬਾਨਾਂ ਨੂੰ ਗੁੱਠੇ ਲਾਉਣ ਦਾ ਯਤਨ ਹੋ ਰਿਹਾ ਹੈ। ਉੱਘੇ ਕਿਸਾਨ ਨੇਤਾ ਜੁਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਹਿੰਦੁਸਤਾਨ ਦੇ ਬੁੱਧੀਜੀਵੀ, ਲੇਖਕ ਅਤੇ ਕਾਲਾਕਾਰ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਜੇਲ੍ਹਾਂ ਵਿੱਚ ਬੰਦ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਲੇਖਕ ਤੇ ਬੁੱਧੀਜੀਵੀ ਸਾਡਾ ਕੌਮੀ ਸਰਮਾਇਆ ਹਨ ਅਤੇ ਸਾਡੇ ਲਈ ਗਿਆਨ ਤੇ ਪ੍ਰੇਰਨਾ ਦਾ ਸਰੋਤ ਹਨ। ਜੇਕਰ ਉਨ੍ਹਾਂ ਉਤੇ ਕੋਈ ਤਸ਼ੱਦਦ ਹੁੰਦਾ ਹੈ ਤਾਂ ਕਿਸਾਨ ਜਥੇਬੰਦੀਆਂ ਚੁੱਪ ਕਿਵੇਂ ਰਹਿ ਸਕਦੀਆਂ ਹਨ। ਡਾ. ਸਿਰਸਾ ਅਤੇ ਪ੍ਰੋ. ਜੱਜ ਦੀ ਅਗਵਾਈ ਵਿੱਚ ਅੰਮ੍ਰਿਤਸਰ, ਜਲੰਧਰ, ਨਵਾਂ ਸ਼ਹਿਰ, ਬਠਿੰਡਾ, ਪਟਿਆਲਾ, ਰੋਪੜ ਅਤੇ ਮੁਹਾਲੀ ਦੇ 70 ਲੇਖਕਾਂ ਨੇ ਸ਼ਮੂਲੀਅਤ ਕੀਤੀ ਅਤੇ ਕਿਸਾਨ ਜਥੇਬੰਦੀਆਂ ਨੂੰ ਆਰਥਿਕ ਮਦਦ ਦਿੱਤੀ।

Thursday, 3 December 2020

ਬਾਬਾ! ਤੇਰੇ ਪੁੱਤ ਤੁਰੇ ਨੇ//-ਵਰਿਆਮ ਸਿੰਘ ਸੰਧੂ

 ਅੱਗੇ ਬੈਠੇ ਰਾਜੇ ਸ਼ੀਂਹ, ਮੁਕਦਮ ਕੁੱਤੇ 

ਬਾਬਾ!

ਤੇਰੇ ਪੁੱਤ ਤੁਰੇ ਨੇ
ਲੰਮੀ ਵਾਟ ਉਦਾਸੀ ਵਾਲੀ।

ਸਭ ਬਾਲੇ, ਮਰਦਾਨੇ, ਲਾਲੋ ਕੱਠੇ ਹੋ ਕੇ,
ਸਭੇ ਤੇਰੇ ਧੀਆਂ ਪੁੱਤਰ
ਭਰ ਮਿੱਟੀ ਦੀਆਂ ਮੁੱਠਾਂ
ਤੇਰੇ ਖ਼ੇਤਾਂ ਵਿਚੋਂ
ਧਰ ਕੇ ਮੋਢੇ
ਤੇਰੇ ਹਲ਼ ਨੂੰ
ਜਿਸਦੇ ਫਾਲੇ ਉੱਤੇ ਬੈਠਾ
ਇਸ ਵੇਲੇ ਪੰਜਾਬ ਪਿਆਰਾ

ਸੁਣ ਤੇਰੀ ਲਲਕਾਰ
ਧਰ ਕੇ ਸੀਸ ਤਲ਼ੀ 'ਤੇ
ਪੈ ਨਿਕਲੇ ਨੇ ਗਲੀ ਯਾਰ ਦੀ
ਮਨ ਵਿਚ ਪੂਰੀ ਨਿਹਚਾ
ਅਪਨੀ ਜੀਤ ਕਰੂੰ ਦੀ

ਅੱਗੇ ਬੈਠੇ
ਰਾਜੇ ਸ਼ੀਂਹ, ਮੁਕਦਮ ਕੁੱਤੇ
ਕੌਡੇ ਰਾਖ਼ਸ਼ ਬੰਦੇ ਖਾਣੇ
'ਭੁੱਖੇ-ਭਾਣੇ!'
ਲਹੂ ਪਿਆਸੇ
ਭਾਗੋ ਜਰਵਾਣੇ
ਸੱਜਣ ਠੱਗ
ਮਿੱਠ ਬੋਲੜੇ, ਮੋਮੋ-ਠਗਣੇ,
ਜਾਦੂਗਰ ਗੁਜਰਾਤੀ
ਫਾਹੁਣਾ ਚਾਹੁੰਦੇ ਜਾਲ ਵਿਛਾ ਕੇ

ਤੂੰ ਆਪਣੇ ਪੁੱਤਾਂ ਦੇ ਅੰਗ-ਸੰਗ
ਤੂੰ ਆਪਣੀਆਂ ਧੀਆਂ ਦਾ ਬਾਪੂ
ਸਭ ਦੇ ਸਿਰ 'ਤੇ ਹੱਥ ਤੇਰਾ ਹੈ
ਮਿਹਰਾਂ ਭਰਿਆ

ਲੈ ਕੇ ਤੇਰਾ ਨਾਂ
ਜਿੱਤ ਦਾ ਝੰਡਾ ਹੱਥੀਂ ਫੜ ਕੇ
ਲੈ ਉੱਡਣਗੇ ਜਾਲ
ਵਿੰਹਦਾ ਰਹੂ ਸ਼ਿਕਾਰੀ ਬੈਠਾ

ਬਾਬਾ!
ਇਹ ਮਾਸੂਮ ਜਿਹਾ ਹੈ ਸੁਪਨਾ ਮੇਰਾ
ਤੇਰਾ ਸਿਰ 'ਤੇ ਹੱਥ ਰਿਹਾ ਤਾਂ
ਹੋ ਜੂ ਪੂਰਾ

-ਵਰਿਆਮ ਸਿੰਘ ਸੰਧੂ 
ਲੋਕ ਸੰਘਰਸ਼ਾਂ  ਨਾਲ ਚਿਰਾਂ ਤੋਂ ਜੁੜੇ ਹੋਏ ਸਾਡੇ ਖਾੜਕੂ ਸਾਹਿਤਕਾਰ ਵਰਿਆਮ ਸਿੰਘ ਸੰਧੂ  ਹੁਰਾਂ ਨੇ ਇਹ ਕਾਵਿ ਰਚਨਾ ਐਤਵਾਰ 29 ਨਵੰਬਰ 2020 ਨੂੰ ਸ਼ਾਮੀ -07:08 ਵਜੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਕੀਤੀ ਸੀ। ਅਗਲੇ ਹੀ ਦਿਨ ਗੁਰਪੂਰਬ ਵੀ ਸੀ। ਸ਼ਾਇਦ ਇਹ ਕਾਵਿ ਰਚਨਾ ਸਾਹਿਬ  ਗੁਰੂਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਰਸਤਿਆਂ ਦੀ ਗੱਲ  ਸੰਦਰਭਾਂ ਵਿਚ ਕਰਦੀ ਹੈ। ਸਾਡੇ    ਦਸਤਾਵੇਜ਼ ਵੀ  ਸਕਦੈ।   --ਰੈਕਟਰ ਕਥੂਰੀਆ  

Tuesday, 1 December 2020

ਇਹ ਬਾਤ-ਸੁਰਜੀਤ ਪਾਤਰ

  ਮੈਨੂੰ ਫਿਕਰ ਹੈ ਲਾਲੋ ਦੇ ਕੋਧਰੇ ਦਾ, ਤੈਨੂੰ ਭਾਗੋ ਦੇ ਪਕਵਾਨ ਦਾ ਏ,


ਇਹ ਬਾਤ ਨਿਰੀ ਇੰਨੀ ਹੀ ਨਹੀ
ਨਾਂ ਇਹ ਮਸਲਾ ਸਿਰਫ ਕਿਸਾਨ ਦਾ ਏ ,
ਇਹ ਪਿੰਡ ਦੇ ਵਸਦੇ ਰਹਿਣ ਦਾ ਏ ,
ਇਹ ਤੌਖਲਾ ਉੱਜੜ ਜਾਂਣ ਦਾ ਏ ,
ਉੰਜ ਤਾਂ ਇਹ ਚਿਰਾਂ ਦਾ ਉੱਜੜ ਰਿਹਾ ,
ਇਹ ਅੱਜ ਨਹੀ ਉੱਜੜਨ ਲੱਗਿਆ ਏ ,
ਇਹਨੂੰ ਗੈਰਾਂ ਨੇ ਵੀ ਲੁੱਟਿਆ ਏ,
ਤੇ ਆਪਣਿਆਂ ਵੀ ਠੱਗਿਆ ਏ ,
ਇਹਦਾ ਮਨ ਪਿੰਡੇ ਤੋਂ ਵੱਧ ਜ਼ਖਮੀ ,
ਦੁੱਖ ਰੂਹ ਤੋਂ ਵਿੱਛੜ ਜਾਂਣ ਦਾ ਏ ,
ਇਹ ਬਾਤ ਨਿਰੀ ਇੰਨੀ ਹੀ ਨਹੀ ....
ਇਹ ਬਾਤ ਨਿਰੀ ਖੇਤਾਂ ਦੀ ਨਹੀਂ ,
ਇਹ ਗੱਲ ਤਾਂ ਸਫ਼ਿਆਂ ਦੀ ਵੀ ਹੈ ,
ਅੱਖਰ ਨੇ ਜਿਨ੍ਹਾਂ ਤੇ ਬੀਜਾਂ ਜਿਹੇ,
ਉਹਨਾਂ ਸੱਚ ਦੇ ਫਲਸਫਿਆਂ ਦੀ ਵੀ ਹੈ,
ਮੈਨੂੰ ਫਿਕਰ ਹੈ ਲਾਲੋ ਦੇ ਕੋਧਰੇ ਦਾ ,
ਤੈਨੂੰ ਭਾਗੋ ਦੇ ਪਕਵਾਨ ਦਾ ਏ,
ਇਹ ਬਾਤ ਨਿਰੀ ਇੰਨੀ ਹੀ ਨਹੀਂ.....
ਉਹ ਆਖੀ ਸੀ ਇਕ ਪੁਰਖੇ ਨੇ ,
ਉਹ ਬਾਤ ਅਜੇ ਤੱਕ ਹੈ ਸੱਜਰੀ ,
ਨਹੀ ਕੰਮ ਥਕਾਉਂਦਾ ਬੰਦੇ ਨੂੰ ,
ਬੰਦੇ ਨੂੰ ਥਕਾਉਂਦੀ ਬੇਕਦਰੀ,
ਇਹ ਦੁੱਖ ਉਸੇ ਬੇਕਦਰੀ ਦਾ,
ਇਹ ਸਲ੍ਹ ਉਸੇ ਅਪਮਾਂਨ ਦਾ ਏ
ਇਹ ਬਾਤ ਨਿਰੀ ਇੰਨੀ ਹੀ ਨਹੀਂ ....
ਖੂਹ ਵਗਦੇ ਵਗਦੇ ਸ਼ਪਨ ਹੋਏ,
ਹੁਣ ਬਾਤ ਨੀ ਸਦੀਆਂ ਗਈਆਂ ਦੀ ,
ਮੈਂ ਜਾਣਦਾਂ ਯੁੱਗ ਬਦਲਦੇ ਨੇ ,
ਤਿੱਖੀ ਰਫ਼ਤਾਰ ਹੈ ਪਹੀਆਂ ਦੀ ,
ਬੰਦੇ ਨੂੰ ਮਿੱਧ ਕੇ ਨਾਂ ਲੰਘ ਜਾਵਣ ,
ਇਹ ਫਰਜ਼ ਵੀ ਨੀਤੀਵਾਂਨ ਦਾ ਏ,
ਇਹ ਬਾਤ ਨਿਰੀ ਇੰਨੀ ਹੀ ਨਹੀਂ ....
ਤੇਰੇ ਵੱਡੇ ਵੱਸਣ ਘਰਾਂਣੇ ਵੀ ,
ਸਾਡੇ ਰਹਿਣ ਦੇ ਨਿੱਕੇ ਘਰ ਵਸਦੇ ,
ਸੱਭ ਚੁੱਲ੍ਹਿਆਂ ਵਿੱਚ ਅੱਗ ਬਲਦੀ ਰਹੇ,
ਸੱਭ ਧੀਆਂ ਪੁੱਤ ਵਸਦੇ ਰਸਦੇ ,
ਇਹ ਗੱਲ ਸਭਨਾਂ ਦੇ ਵੱਸਣ ਦੀ ਹੈ,
ਇਹ ਜਸ਼ਨ ਤਾਂ ਵੰਡਕੇ ਖਾਂਣ ਦਾ ਏ ,
ਇਹ ਬਾਤ ਨਿਰੀ ਇੰਨੀ ਹੀ ਨਹੀਂ ....
ਕਿਉਂ ਧੀ ਕਿਸੇ ਕਿਰਤੀ ਕੰਮੀ ਦੀ ,
ਉਹਨਾਂ ਦੀ ਖਾਤਿਰ ਧੀ ਹੀ ਨਹੀਂ ,
ਜੋ ਪੁੱਤ ਨੇ ਡਾਢਿਆਂ ਦੇ ਜਾਏ ,
ਉਹਨਾਂ ਦੀ ਕਿਤੇ ਪੇਸ਼ੀ ਹੀ ਨਹੀਂ ,
ਤੂੰ ਡਰ ਉਹਨਾਂ ਦੀ ਅਦਾਲਤ ਤੋਂ ,
ਜਿੱਥੇ ਹੋਣਾਂ ਅਦਲ ਇਮਾਂਨ ਦਾ ਏ ,
ਇਹ ਬਾਤ ਨਿਰੀ ਇੰਨੀ ਹੀ ਨਹੀਂ ....
ਤੇਰੇ ਨਾਲ ਵਜ਼ੀਰ ਅਮੀਰ ਖੜੇ ,
ਮੇਰੇ ਨਾਲ ਪੈਗ਼ੰਬਰ ਪੀਰ ਖੜੇ ,
ਰਵਿਦਾਸ ਫਰੀਦ ਕਬੀਰ ਖੜੇ ,
ਮੇਰੇ ਨਾਨਕ ਸ਼ਾਹ ਫਕੀਰ ਖੜੇ ,
ਮੇਰਾ ਨਾਮਦੇਵ ਮੇਰਾ ਧੰਨਾਂ ਵੀ ,
ਮੈਨੂੰ ਮਾਣ ਆਪਣੀ ਇਸ ਸ਼ਾਨ ਦਾ ਏ ,
ਇਹ ਬਾਤ ਨਿਰੀ ਇੰਨੀ ਹੀ ਨਹੀਂ ....