ਅੱਗੇ ਬੈਠੇ ਰਾਜੇ ਸ਼ੀਂਹ, ਮੁਕਦਮ ਕੁੱਤੇ
ਬਾਬਾ!ਤੇਰੇ ਪੁੱਤ ਤੁਰੇ ਨੇ
ਲੰਮੀ ਵਾਟ ਉਦਾਸੀ ਵਾਲੀ।
ਸਭ ਬਾਲੇ, ਮਰਦਾਨੇ, ਲਾਲੋ ਕੱਠੇ ਹੋ ਕੇ,
ਸਭੇ ਤੇਰੇ ਧੀਆਂ ਪੁੱਤਰ
ਭਰ ਮਿੱਟੀ ਦੀਆਂ ਮੁੱਠਾਂ
ਤੇਰੇ ਖ਼ੇਤਾਂ ਵਿਚੋਂ
ਧਰ ਕੇ ਮੋਢੇ
ਤੇਰੇ ਹਲ਼ ਨੂੰ
ਜਿਸਦੇ ਫਾਲੇ ਉੱਤੇ ਬੈਠਾ
ਇਸ ਵੇਲੇ ਪੰਜਾਬ ਪਿਆਰਾ
ਸੁਣ ਤੇਰੀ ਲਲਕਾਰ
ਧਰ ਕੇ ਸੀਸ ਤਲ਼ੀ 'ਤੇ
ਪੈ ਨਿਕਲੇ ਨੇ ਗਲੀ ਯਾਰ ਦੀ
ਮਨ ਵਿਚ ਪੂਰੀ ਨਿਹਚਾ
ਅਪਨੀ ਜੀਤ ਕਰੂੰ ਦੀ
ਅੱਗੇ ਬੈਠੇ
ਰਾਜੇ ਸ਼ੀਂਹ, ਮੁਕਦਮ ਕੁੱਤੇ
ਕੌਡੇ ਰਾਖ਼ਸ਼ ਬੰਦੇ ਖਾਣੇ
'ਭੁੱਖੇ-ਭਾਣੇ!'
ਲਹੂ ਪਿਆਸੇ
ਭਾਗੋ ਜਰਵਾਣੇ
ਸੱਜਣ ਠੱਗ
ਮਿੱਠ ਬੋਲੜੇ, ਮੋਮੋ-ਠਗਣੇ,
ਜਾਦੂਗਰ ਗੁਜਰਾਤੀ
ਫਾਹੁਣਾ ਚਾਹੁੰਦੇ ਜਾਲ ਵਿਛਾ ਕੇ
ਤੂੰ ਆਪਣੇ ਪੁੱਤਾਂ ਦੇ ਅੰਗ-ਸੰਗ
ਤੂੰ ਆਪਣੀਆਂ ਧੀਆਂ ਦਾ ਬਾਪੂ
ਸਭ ਦੇ ਸਿਰ 'ਤੇ ਹੱਥ ਤੇਰਾ ਹੈ
ਮਿਹਰਾਂ ਭਰਿਆ
ਲੈ ਕੇ ਤੇਰਾ ਨਾਂ
ਜਿੱਤ ਦਾ ਝੰਡਾ ਹੱਥੀਂ ਫੜ ਕੇ
ਲੈ ਉੱਡਣਗੇ ਜਾਲ
ਵਿੰਹਦਾ ਰਹੂ ਸ਼ਿਕਾਰੀ ਬੈਠਾ
ਬਾਬਾ!
ਇਹ ਮਾਸੂਮ ਜਿਹਾ ਹੈ ਸੁਪਨਾ ਮੇਰਾ
ਤੇਰਾ ਸਿਰ 'ਤੇ ਹੱਥ ਰਿਹਾ ਤਾਂ
ਹੋ ਜੂ ਪੂਰਾ
-ਵਰਿਆਮ ਸਿੰਘ ਸੰਧੂ
ਲੋਕ ਸੰਘਰਸ਼ਾਂ ਨਾਲ ਚਿਰਾਂ ਤੋਂ ਜੁੜੇ ਹੋਏ ਸਾਡੇ ਖਾੜਕੂ ਸਾਹਿਤਕਾਰ ਵਰਿਆਮ ਸਿੰਘ ਸੰਧੂ ਹੁਰਾਂ ਨੇ ਇਹ ਕਾਵਿ ਰਚਨਾ ਐਤਵਾਰ 29 ਨਵੰਬਰ 2020 ਨੂੰ ਸ਼ਾਮੀ -07:08 ਵਜੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਕੀਤੀ ਸੀ। ਅਗਲੇ ਹੀ ਦਿਨ ਗੁਰਪੂਰਬ ਵੀ ਸੀ। ਸ਼ਾਇਦ ਇਹ ਕਾਵਿ ਰਚਨਾ ਸਾਹਿਬ ਗੁਰੂਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਰਸਤਿਆਂ ਦੀ ਗੱਲ ਸੰਦਰਭਾਂ ਵਿਚ ਕਰਦੀ ਹੈ। ਸਾਡੇ ਦਸਤਾਵੇਜ਼ ਵੀ ਸਕਦੈ। --ਰੈਕਟਰ ਕਥੂਰੀਆ
No comments:
Post a Comment