google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: March 2020

Sunday, 8 March 2020

ਕਵਿਤਾ-ਕਥਾ-ਕਾਰਵਾਂ ਵੱਲੋਂ ਕੌਮਾਂਤਰੀ ਮਹਿਲਾ ਦਿਵਸ 'ਤੇ ਸ਼ਾਨਦਾਰ ਆਯੋਜਨ

ਨਵੀਆਂ ਅਤੇ ਸਥਾਪਿਤ ਕਵਿੱਤਰੀਆਂ ਨੇ ਦਿੱਤਾ ਸਮਾਜ ਨੂੰ ਕਵਿਤਾ ਨਾਲ ਹਲੂਣਾ 
ਲੁਧਿਆਣਾ: 8 ਮਾਰਚ 2020: (*ਸਾਹਿਤ ਸਕਰੀਨ ਟੀਮ):: 
ਅੱਜ ਸਤਲੁੱਜ ਕਲੱਬ ਵਿੱਚ ਹੋਇਆ ਸਾਹਿਤਿਕ ਆਯੋਜਨ ਕਈ ਪੱਖਾਂ ਤੋਂ ਵੱਖਰਾ ਸੀ। ਪੂਰੀ ਤਰਾਂ ਸਾਹਿਤਿਕ ਅਤੇ ਵੱਖ ਵੱਖ ਵਿਚਾਰਾਂ ਵਾਲੇ ਲੋਕਾਂ ਦੀ ਪ੍ਰੇਮ ਮਿਲਣੀ ਦਾ ਅਹਿਸਾਸ ਕਰਾਉਂਦਾ ਹੋਇਆ ਸਮਾਗਮ। ਬੜੇ ਚਿਰਾਂ ਮਗਰੋਂ ਅਜਿਹਾ ਸਮਾਗਮ  ਦੇਖਿਆ ਜਿਸ ਵਿੱਚ ਸਭ ਕੁਝ ਬੜੇ ਹੀ ਨਿਸਚਿਤ ਤਰੀਕੇ ਨਾਲ ਚੱਲ ਰਿਹਾ ਸੀ। ਘੜੀ ਦੀਆਂ ਸੂਈਆਂ ਦੇ ਹਿਸਾਬ ਨਾਲ। ਨਾ ਕੋਈ ਕਿਸੇ ਨੂੰ ਸਟੇਜ ਤੋਂ ਘੂਰ ਰਿਹਾ ਸੀ ਤੇ ਨਾ ਹੀ ਕੋਈ ਕਿਸੇ ਨੂੰ ਅੱਖਾਂ ਅੱਖਾਂ ਨਾਲ ਆਪਣੀ ਗੱਲ ਮੰਨਣ-ਮਨਵਾਉਣ ਦੇ ਇਸ਼ਾਰੇ ਕਰ ਰਿਹਾ ਸੀ। ਇਹ ਇੱਕ ਅਜਿਹਾ ਸਮਾਗਮ ਸੀ ਜਿਸ ਵਿੱਚ ਨਾ ਤਾਂ ਕਿਸੇ ਪਾਰਟੀ ਦੀ ਨਾਅਰੇਬਾਜ਼ੀ ਸੀ ਤੇ ਨਾ ਹੀ ਕਿਸ ਸਿਆਸੀ ਪਾਰਟੀ ਦਾ ਵਿਰੋਧ ਜਾਂ ਹਮਾਇਤ। ਸਿਰਫ ਕਲਮ ਦਾ ਰੰਗ ਅਤੇ ਔਰਤਾਂ ਦੀ ਸਥਿਤੀ। ਸਾਰਾ ਫੋਕਸ ਕੌਮਾਂਤਰੀ ਮਹਿਲਾ ਦਿਵਸ ਵੱਲ ਸੀ।  ਉਸ ਦੇ ਮਕਸਦ ਨੂੰ ਸਫਲ ਬਣਾਉਣ ਲਈ ਸ਼ਾਇਰੀ ਦਾ ਦੌਰ ਵੀ ਚੱਲਿਆ, ਵਿਚਾਰ ਵਟਾਂਦਰੇ ਵੀ ਹੋਏ ਅਤੇ ਪੈਨਲ ਡਿਸਕਸ਼ਨ ਵੀ ਬੇਹੱਦ ਦਿਲਚਸਪ ਰਹੀ। ਸਾਹਿਤਿਕ ਸਮਾਗਮਾਂ ਵਿੱਚ ਨਜ਼ਰ ਆਉਂਦੀਆਂ ਗੁੱਟਬੰਦੀਆਂ ਅਤੇ ਤਿਕੜਮਬਾਜ਼ੀਆਂ ਤੋਂ ਮੁਕਤ ਸੀ ਅੱਜ ਦਾ ਸਮਾਗਮ।
ਸਾਹਿਤ ਨੂੰ ਸਮਰਪਿਤ ਸੰਸਥਾ ਕਵਿਤਾ-ਕਥਾ-ਕਾਰਵਾਂ ਵੱਲੋਂ ਇਹ ਸਮਾਗਮ ਸਤਲੁਜ ਕਲੱਬ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੇ ਜ਼ਰੀਏ ਕੌਮਾਂਤਰੀ ਮਹਿਲਾ ਦਿਵਸ ਨੂੰ ਬਹੁਤ ਹੀ ਭਾਵਪੂਰਤ ਢੰਗ ਨਾਲ ਮਨਾਇਆ ਗਿਆ। ਸੰਸਥਾ ਦੀ ਪ੍ਰਧਾਨ ਜਸਪ੍ਰੀਤ ਕੌਰ ਫਲਕ ਦੀ ਅਗਵਾਈ 'ਚ ਸਮੁੱਚਾ ਸਮਾਗਮ ਸਫਲਤਾਪੂਰਵਕ ਨੇਪਰੇ ਚੜ੍ਹਿਆ। ਮੁੱਖ ਮਹਿਮਾਨ ਵਜੋਂ ਕਿਰਨ ਬਾਲਾ (ਆਈਆਰਐੱਸ) ਜੁਆਇੰਟ ਕਮਿਸ਼ਨਰ ਜੀਐੱਸਟੀ, ਜਲੰਧਰ ਪਹੁੰਚੇ। ਵਿਸ਼ੇਸ਼ ਮਹਿਮਾਨ ਕਿਰਨ ਸਾਹਨੀ ਭਾਸ਼ਾ ਵਿਭਾਗ ਪੰਜਾਬ ਸਨ। ਆਰੰਭਿਕ ਸੈਸ਼ਨ ਦੀ ਪ੍ਰਧਾਨਗੀ ਸਤਲੁਜ ਕਲੱਬ ਲੁਧਿਆਣਾ ਦੀ ਕਲਚਰਲ ਸਕੱਤਰ ਮੋਨਿਕਾ ਮਿੱਤਲ ਨੇ ਕੀਤੀ, ਜਦਕਿ ਸਟੇਜ ਸੰਚਾਲਨ ਵਿਭਾ ਕੁਮਰੀਆ ਸ਼ਰਮਾ ਨੇ ਕੀਤਾ। ਮਹਿਲਾਵਾਂ ਦੇ ਸਸ਼ਕਤੀਕਰਨ 'ਤੇ ਵਿਚਾਰਾਂ ਦੇ ਸੈਸ਼ਨ ਦੀ ਪ੍ਰਧਾਨਗੀ ਦਵਿੰਦਰ ਕੌਰ ਸੈਣੀ ਨੇ ਕੀਤੀ ਤੇ ਸਟੇਜ ਸੰਚਾਲਨ ਅਨੂਪੁਰੀ ਨੇ ਕੀਤਾ। ਡਾ. ਬਬੀਤਾ ਜੈਨ ਨੇ 'ਮਹਿਲਾ ਸਸ਼ਕਤੀਕਰਨ: ਸਮੇਂ ਦੀ ਲੋੜ' 'ਤੇ ਵਿਚਾਰ ਰੱਖੇ। ਇਸ ਬਹਿਸ ਵਿੱਚ ਭਾਗ ਲੈਣ ਵਾਲੇ ਹੋਰ ਬੁਲਾਰੇ ਪ੍ਰੋ. ਸਰਲਾ ਭਾਰਦਵਾਜ ਤੇ ਨੂਪੁਰ ਸੰਧੂ ਸਨ।
ਉਭਰਦੇ ਕਵੀਆਂ ਦੇ ਕਵਿਤਾ ਪਾਠ ਸੈਸ਼ਨ ਦੀ ਪ੍ਰਧਾਨਗੀ ਰਮ੍ਹਾ ਸ਼ਰਮਾ ਨੇ ਕੀਤੀ, ਜਦਕਿ ਸਟੇਜ ਸੰਚਾਲਨ ਰਸ਼ਮੀ ਅਸਥਾਨਾ ਨੇ ਕੀਤਾ। ਵਾਣੀਪ੍ਰੀਤ ਕੌਰ, ਰੂਪ ਕੰਵਲ, ਸਾਰਾ, ਦੀਪਿਕਾ, ਕਾਰਤਿਕਾ, ਭਾਨੂੰ ਸੂਦ ਤੇ ਲਖਵਿੰਦਰ ਕੌਰ ਨੇ ਕਵਿਤਾ ਪਾਠ ਕੀਤਾ। ਨਾਮਵਰ ਕਵੀਆਂ ਦੇ ਸੈਸ਼ਨ ਦੀ ਪ੍ਰਧਾਨਗੀ ਡਾ. ਸੁਮਨ ਸ਼ਰਮਾ ਨੇ ਕੀਤੀ ਅਤੇ ਸਟੇਜ ਸੰਚਾਲਨ ਡਾ. ਅਨੂ ਸ਼ਰਮਾ ਕੌਰ ਨੇ ਕੀਤਾ। ਸਰਿਤਾ ਜੈਨ ਤੇ ਡਾ. ਸੀਮਾ ਗਰੇਵਾਲ ਨੇ ਕਵੀਤਾ ਪਾਠ ਕੀਤਾ। ਇਸ ਪਿੱਛੋਂ ਮਾਣ ਸਨਮਾਨ ਕੀਤੇ ਗਏ। ਪਾਰਥ ਐਵਾਰਡ ਦੀਪਤੀ ਸਲੂਜਾ (ਐੱਨਜੀਓ) ਨੂੰ ਦਿੱਤਾ ਗਿਆ। ਮਦਰ ਟੈਰੇਸਾ ਐਵਾਰਡ ਨਿਆਸਰੀਆਂ ਬੱਚੀਆਂ ਨੂੰ ਸੰਭਾਲਣ ਤੇ ਪਾਲਣ ਪੋਸ਼ਣ ਕਰਨ ਵਾਲੀ ਪ੍ਰਕਾਸ਼ ਕੌਰ (ਯੂਨੀਕ ਹੋਮ ਜਲੰਧਰ) ਨੂੰ ਦਿੱਤਾ ਗਿਆ। ਮਾਤਾ ਗੁਜਰੀ ਐਵਾਰਡ ਮਨਰਾਜ ਕੌਰ, ਦਲੀਪ ਕੌਰ ਟਿਵਾਣਾ ਐਵਾਰਡ ਇੰਦਰਜੀਤਪਾਲ ਕੌਰ, ਰਾਜਬੀਰ ਕੌਰ ਰਾਏ ਐਵਾਰਡ ਹਾਕੀ ਲਈ ਪੁਸ਼ਪਿੰਦਰ ਕੌਰ, ਬਾਗ ਦੇਵੀ ਐਵਾਰਡ ਪ੍ਰਿੰਸੀਪਲ ਪ੍ਰਵੀਨ ਸ਼ਰਮਾ ਨੂੰ ਦਿੱਤੇ ਗਏ। ਪ੍ਰੋਗਰਾਮ ਦੇ ਦੌਰਾਨ ਹੀ ਜਸਪ੍ਰੀਤ ਕੌਰ ਫਲਕ ਦੀ ਕਾਵਿ ਪੁਸਤਕ 'ਰੇਤ ਪਰ ਰੰਗੋਲੀ ' ਦੀ ਦੂਜੀ ਐਡੀਸ਼ਨ ਵੀ ਲੋਕ ਅਰਪਣ ਕੀਤੀ ਗਈ। ਇਸੇ ਤਰ੍ਹਾਂ ਗਰੈਂਡ-ਮਾਂ ਐਵਾਰਡ ਸੰਤੋਸ਼ ਗੁਪਤਾ, ਕਮਲਾ ਕੌਸ਼ਲ, ਨਿਰਮਲ ਖੁੰਨਾ, ਹਰਜੀਤ ਕੌਰ ਗੋਗੀਆ ਤੇ ਸਤਿਆ ਬਜਾਜ ਨੂੰ ਦਿੱਤੇ ਗਏ। ਇਸ ਸਾਰੇ ਸਮਾਗਮ ਦੀ ਰੂਹ-ਏ-ਰਵਾਂ ਜਸਪ੍ਰੀਤ ਕੌਰ ਫਲਕ ਨੂੰ ਤਮਾਮ ਹਾਜ਼ਰੀਨ ਨੇ ਇੰਨਾ ਸ਼ਾਨਦਾਰ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ। ਇਸ ਮੌਕੇ ਫੋਟੋ ਤੇ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ। ਇਹ  ਫੋਟੋ ਪ੍ਰਦਰਸ਼ਨੀ ਅਸਲ ਵਿੱਚ ਤੇਜ਼ੀ ਨਾਲ ਉਭਰ ਕੇ ਸਾਹਮਣੇ ਆਈ ਕੈਮਰਾ ਕਲਾਕਾਰ ਜਸ ਪ੍ਰੀਤ ਦੀਆਂ ਅਮਲਤਾਸ ਬਾਰੇ ਖਿੱਚੀਆਂ ਤਸਵੀਰਾਂ ਤੇ ਅਧਾਰਿਤ ਸੀ।  ਇਹਨਾਂ ਤਸਵੀਰਾਂ ਨੇ  ਬਹੁਤ ਸ਼ੋਹਰਤ ਖੱਟੀ ਹੈ ਅਤੇ ਦੱਸਿਆ ਹੈ ਕਿ ਜੇ ਕੁਝ ਸਿੱਖਣ ਜਾਂ ਕਰਨ ਦਾ ਜਨੂੰਨ ਚੜ੍ਹ ਜਾਵੇ ਤਾਂ ਕਿਸੇ ਵੀ ਉਮਰੇ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ। ਲੋਕ ਜਸ ਪ੍ਰੀਤ ਨੂੰ ਕੈਮਰੇ ਨਾਲ ਕਵਿਤਾ ਲਿਖਣ ਵਾਲੀ ਸ਼ਾਇਰਾ ਆਖਦੇ ਹਨ। ਅੱਜ ਜਸ ਪ੍ਰੀਤ  ਨੇ ਇੱਕ ਹੋਰ ਕਮਾਲ ਦਿਖਾਇਆ। ਬੁਲੰਦ  ਆਵਾਜ਼ ਵਾਲੇ ਗਾਇਨ ਦਾ ਕਮਾਲ। ਟੱਪਿਆਂ ਦੀ ਝਲਕ ਕਮਾਲ ਦੀ ਸੀ। ਤੇਰੇ ਵਿੱਚੋਂ ਰੱਬ ਦਿੱਸਦਾ-ਤੈਨੂੰ ਸਜਦਾ ਮੈਂ ਤਾਂ ਕੀਤਾ--ਇਹ ਗਾਇਨ ਸਿੱਧਾ ਦਿਲ ਵਿੱਚ ਉਤਰਦਾ ਸੀ। ਇਸੇ ਤਰਾਂ ਹੋਰਨਾਂ ਮਹਿਮਾਨਾਂ ਨੇ ਵੀ ਆਪੋ ਆਪਣੇ ਕਮਾਲ ਦਿਖਾਏ। 
ਜਲੰਧਰ ਤੋਂ ਆਈ ਮੋਹਤਰਮਾ ਨੂਪੁਰ ਸੰਧੂ ਨੇ ਇੱਕ ਜ਼ਬਰਦਸਤ ਨੁਕਤਾ ਰੱਖਿਆ ਕਿ ਕੁੜੀਆਂ ਨੂੰ ਕੁੜੀਆਂ ਹੀ ਰਹਿਣ ਦਿਓ। ਕੁਦਰਤ ਦੀ ਜਾਂ ਰੱਬ ਦੀ ਬੜੀ  ਵੱਡੀ ਸੌਗਾਤ ਹੁੰਦੀਆਂ ਹਨ ਕੁੜੀਆਂ। ਇਹਨਾਂ ਦੀ ਬਾਰ ਬਾਰ ਮੁੰਡਿਆਂ ਨਾਲ ਤੁਲਨਾ ਨਾ ਕਰੋ। ਇਹ ਨਾ ਆਖਿਆ ਕਰੋ ਸਾਡੀ ਕੁੜੀ ਤਾਂ ਮੁੰਡਿਆਂ ਵਰਗੀ ਹੈ। ਅਜਿਹਾ ਕਰਕੇ ਇੱਕ ਤਰਾਂ ਨਾਲ ਮੁੰਡਿਆਂ ਨੂੰ ਵਡਿਆਇਆ ਜਾਂਦਾ ਹੈ ਤੇ ਕੁੜੀਆਂ ਨੂੰ ਛੁਟਿਆਇਆ ਜਾਂਦਾ ਹੈ। ਕੁੜੀਆਂ ਨੂੰ ਮੁੰਡਿਆਂ ਵਰਗਾ ਆਖਣਾ ਇੱਕ ਤਰਾਂ ਨਾਲ ਕੁੜੀਆਂ ਦਾ ਅਪਮਾਨ ਹੀ ਹੈ। 
ਇਸਤੇ ਸਮਾਗਮ ਵਿੱਚ ਮੌਜੂਦ ਸਾਹਿਤਿਕ ਦੁਨੀਆ ਦੇ ਉੱਘੇ ਲੇਖਕ, ਸੰਪਾਦਕ ਅਤੇ ਸ਼ਾਇਰ ਰਾਜਿੰਦਰ ਸਾਹਿਲ ਨੇ ਕਿਹਾ ਕਿ ਮੈਂ ਖੁਦ ਹਮੇਸ਼ਾ ਆਪਣੀ ਬੇਟੀ ਨੂੰ ਬੇਟੀ ਆਖ ਕੇ ਖੁਸ਼ ਹੁੰਦਾ ਹਾਂ।  ਇਸ ਤਰਾਂ ਇੱਕ ਸੋਚ ਸ਼ੁਰੂ ਹੋਈ ਕਿ ਬੇਟੀ ਨੂੰ ਬੇਟੀ ਆਖਿਆ ਜਾਵੇ। ਇਸ ਸੋਚ ਵਿੱਚ ਕਈਆਂ ਨੇ ਆਪਣੀ ਹਾਂ ਮਿਲਾਈ ਜਿਸ ਨੂੰ ਅੱਜ ਦੇ ਸਮਾਗਮ ਦੀ ਇੱਕ ਖਾਸ ਪ੍ਰਾਪਤੀ ਆਖਿਆ ਜਾ ਸਕਦਾ ਹੈ। 
ਵੱਖ ਵੱਖ ਕਾਲਜਾਂ ਤੋਂ ਆਈਆਂ ਮੁਟਿਆਰ ਕਵਿੱਤਰੀਆਂ ਨੇ ਆਪਣੀ ਕਲਮ ਦਾ ਰੰਗ ਦਿਖਾਇਆ ਤਾਂ ਸਾਰੇ ਅਸ਼ ਅਸ਼ ਕਰ ਉੱਠੇ। 
ਇਹਨਾਂ ਦੀ ਸ਼ਾਇਰੀ ਵਿੱਚ ਇਸਤਰੀ ਨਾਲ ਹੋ ਰਹੀਆਂ ਵਧੀਕੀਆਂ ਦਾ ਜ਼ਿਕਰ ਤਾਂ ਜ਼ਰੂਰ ਸੀ ਪਰ ਰੋਣਾ ਧੋਣਾ ਨਹੀਂ ਸੀ। ਇਸ ਜਬਰ ਦੇ ਖਿਲਾਫ ਜੋਸ਼ੀਲੇ ਸੰਘਰਸ਼ ਦਾ ਐਲਾਨ ਸੀ। "ਭਵਿੱਖ ਸਾਡਾ ਹੈ"--ਇਸ ਸੁਰ ਵਾਲੀ ਲਲਕਾਰ ਸੀ। 
ਇਸ ਸਮਾਗਮ ਵਿੱਚ ਜਲੰਧਰ, ਅੰਮ੍ਰਿਤਸਰ, ਹਿਸਾਰ, ਚੰਡੀਗੜ੍ਹ, ਦਿੱਲੀ ਅਤੇ ਹੋਰਨਾਂ  ਸ਼ਹਿਰਾਂ ਤੋਂ ਆਈਆਂ ਸ਼ਖਸੀਅਤਾਂ  ਵੀ ਸ਼ਾਮਲ ਹੋਈਆਂ। ਐਡਵੋਕੇਟ ਦੀਪਤੀ ਸਲੂਜਾ ਨੇ ਖੁਦ ਵਿਕਲਾਂਗ ਹੋਣ ਦੇ ਬਾਵਜੂਦ ਜਿਸ ਹਿੰਮਤ ਦਾ ਪ੍ਰਗਟਾਵਾ ਕੀਤਾ ਉਹ ਇੱਕ ਮਿਸਾਲ ਸੀ। ਇਸੇ ਤਰਾਂ ਬਠਿੰਡਾ ਤੋਂ ਪੁੱਜੇ ਮੈਡਮ ਸੀਮਾ ਗਰੇਵਾਲ ਨੇ ਵੀ ਬਹੁਤ ਸਾਰੀਆਂ ਕਮਾਲ ਦੀਆਂ ਗੱਲਾਂ ਆਖੀਆਂ। ਉਹਨਾਂ ਨੇ ਆਪਣੀ ਖੂਬਸੂਰਤ ਕਿਤਾਬ ਦੇ ਸੰਬੰਧ ਵਿੱਚ ਸਾਹਿਤ ਸਕਰੀਨ ਦੀ ਟੀਮ ਨਾਲ ਵੀ ਗੱਲਾਂ ਕੀਤੀਆਂ। 
ਡਾਕਟਰ ਬਬੀਤਾ ਜੈਨ, ਪ੍ਰੋਫੈਸਰ ਸਰਲ ਭਾਰਦਵਾਜ, ਮੈਡਮ ਰਮਾ ਸ਼ਰਮਾ, ਡਾਕਟਰ ਅਣੂ ਸ਼ਰਮਾ, ਸਰਿਤਾ ਜੈਨ, ਸਾਹਿਤਿਕ ਸਰਗਰਮੀਆਂ ਨੂੰ ਲਗਾਤਾਰ ਬੜੀ ਸ਼ਿੱਦਤ ਨਾਲ ਚਲਾਉਣ ਵਾਲੀ ਮੈਡਮ ਜਤਿੰਦਰ ਕੌਰ ਸੰਧੂ, ਮਿਸ ਵਨਿਤਾ, ਸ਼ਵੇਤਾ ਸ਼ਰਮਾ ਅਤੇ ਹੋਰਨਾਂ ਦੀ ਮੌਜੂਦਗੀ ਅਤੇ ਸ਼ਬਦ ਵੀ ਯਾਦਗਾਰੀ ਬਣ ਗਏ ਅਤੇ ਦਿਲਾਂ ਵਿੱਚ ਉਤਰਦੇ ਹੋਏ ਕੁਝ ਕਰਨ ਦੀ ਪ੍ਰੇਰਨਾ ਵੀ ਦੇ ਗਏ। ਇਹ ਸਾਰੀਆਂ ਰਿਪੋਰਟਾਂ ਵੀ ਵੱਖੋ ਵੱਖ ਤੌਰ ਤੇ ਵੀ ਪਾਈਆਂ ਜਾ ਰਹੀਆਂ ਹਨ। ਸਮਾਗਮ ਦੇ ਅੱਠ ਭਾਗ ਸਨ ਭਾਗ ਦਾ ਪ੍ਰਧਾਨਗੀ ਮੰਡਲ ਵੱਖਰਾ ਸੀ ਅਤੇ ਹਰ ਵਾਰ ਮੰਚ ਸੰਚਾਲਕ ਵੀ ਵੱਖਰਾ ਸੀ। ਕੁਲ ਮਿਲਾ ਕੇ ਇਹ ਇੱਕ ਕੌਮਾਂਤਰੀ ਪੱਧਰ ਦਾ ਸਮਾਗਮ ਹੋ ਨਿੱਬੜਿਆ ਜਿਸ ਵਿੱਚ ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਉਰਦੂ ਨਾਲ ਜੁੜੇ ਹੋਏ ਲੇਖਕ ਵੀ ਸਨ ਅਤੇ ਸਰੋਤੇ ਵੀ। ਸਮਾਗਮ ਕਾਫੀ ਲੰਮਾ ਸੀ ਪਰ ਇਸਦੇ ਬਾਵਜੂਦ ਦਰਸ਼ਕਾਂ ਅਤੇ ਸਰੋਤਿਆਂ ਨੇ ਇਸ ਸਮਾਗਮ ਨੂੰ ਲਗਾਤਾਰ ਮਾਣਿਆ। 
ਸਮੁੱਚੇ ਪ੍ਰੋਗਰਾਮ ਨੂੰ ਸਮੇਟਦਿਆਂ ਡਾ. ਜਗਤਾਰ ਸਿੰਘ ਧੀਮਾਨ, ਰਜਿਟਰਾਰ ਸੀਟੀ ਯੂਨੀਵਰਸਿਟੀ ਨੇ ਆਪਣੇ ਵਿਚਾਰ ਰੱਖੇ। ਧੰਨਵਾਦ ਦੇ ਸ਼ਬਦ ਰਸ਼ਮੀ ਅਸਥਾਨਾ ਨੇ ਕਹੇ।
ਅਖੀਰ ਵਿੱਚ ਗੱਲ ਕਿਤਾਬਾਂ ਦੀ ਵੀ। ਇਸ ਸਮਾਗਮ ਵਿੱਚ ਸ਼ਾਇਦ ਹੀ ਕੋਈ ਮਹਿਮਾਨ ਬਚਿਆ ਹੋਵੇ ਜਿਸਨੂੰ ਸੌਗਾਤ ਨਾ ਮਿਲੀ ਹੋਵੇ। ਜਿਸ ਜਿਸ ਨੇ ਵੀ ਕਿਤਾਬ ਲੈਣੀ ਚਾਹੀ ਸੀਮਾ ਗਰੇਵਾਲ ਅਤੇ ਰਾਜਿੰਦਰ ਸਾਹਿਲ ਹੁਰਾਂ ਨੇ ਹਰ ਉਸ ਵਿਅਕਤੀ ਨੂੰ ਬੜੇ ਹੀ ਪਿਰਵ ਅਤੇ ਸਤਿਕਾਰ ਨਾਲ ਕਿਤਾਬ ਭੇਂਟ ਕੀਤੀ। ਦਿਲਚਸਪ ਤੱਥ ਇਹ ਵੀ ਕਿ ਸੌਗਾਤ ਵੱਜੋਂ ਦਿੱਤੀਆਂ ਗਈਆਂ ਇਹ ਕਿਤਾਬਾਂ ਸਸਤੀਆਂ ਨਹੀਂ ਸਨ। ਬਹੁਤ ਮਹਿੰਗੀਆਂ ਛਪੀਆਂ ਹੋਈਆਂ ਸਨ ਬੜੇ ਹੀ ਦਿਲਕਸ਼ ਸਟਾਈਲ ਵਾਲੀਆਂ।  ਜੇ ਕਿਸੇ ਨੇ ਕੀਮਤ ਦੇਣੀ ਵੀ ਚਾਹੀ ਤਾਂ ਲੇਖਕਾਂ ਅਤੇ ਪ੍ਰਬੰਧਕਾਂ ਨੇ ਬੜੀ ਹੀ ਨਿਮਰਤਾ ਨਾਲ ਮਨ ਕਰ ਦਿੱਤਾ ਅਤੇ ਸਿਰਫ ਏਨਾ ਹੀ ਕਿਹਾ ਇਸ ਨੂੰ ਪੜ੍ਹਨਾ ਜ਼ਰੂਰ। ਮਹਿਮਾਨ ਝੋਲੀਆਂ ਭਰ ਭਰ ਕਿਤਾਬਾਂ ਦੀਆਂ ਲੈ ਗਏ। 
(*ਸਾਹਿਤ ਸਕਰੀਨ ਟੀਮ ਵਿੱਚ ਸਨ ਕਾਰਤਿਕਾ ਸਿੰਘ, ਰੈਕਟਰ ਕਥੂਰੀਆ ਅਤੇ ਹੋਰ ਮੈਂਬਰ। ਕੁਝ  ਹੋਰ ਸਮਗਰੀ ਦੇਖ ਸਕਦੇ ਹੋ ਹੋਰਨਾਂ ਪੋਸਟਾਂ ਵਿੱਚ)