Nov 28, 2019, 3:34 PM
ਸੁਖਮਿੰਦਰ ਰਾਮਪੁਰੀ (ਕਨੇਡਾ) ਵਿਸ਼ੇਸ਼ ਤੌਰ ‘ਤੇ ਹੋਣਗੇ ਸ਼ਾਮਲ
ਦੋਰਾਹਾ//ਰਾਮਪੁਰ: 28 ਨਵੰਬਰ 2019:(ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਜਿਹਨਾਂ ਸਾਹਿਤਿਕ ਸੰਸਥਾਵਾਂ ਅਤੇ ਜੱਥੇਬੰਦੀਆਂ ਨੇ ਸਾਹਿਤਿਕ ਸਰਗਰਮੀਆਂ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ ਉਹਨਾਂ ਵਿੱਚ ਰਾਮਪੁਰ ਦੀ ਸਾਹਿਤਿਕ ਜੱਥੇਬੰਦੀ "ਲਿਖਾਰੀ ਸਭ ਰਾਮਪੁਰ" ਵੀ ਸ਼ਾਮਲ ਹੈ। ਕਈ ਦਹਾਕਿਆਂ ਤੋਂ ਇਸੇ ਤਰਾਂ ਸਰਗਰਮ ਰਹਿਣ ਵਾਲੀ ਇਹ ਲਿਖਾਰੀ ਸਭਾ ਪੰਜਾਬ ਦੇ ਕਾਲੇ ਸਮੇਂ ਦੌਰਾਨ ਉਦੋਂ ਵੀ ਸਰਗਰਮ ਰਹੀ ਜਦੋਂ ਸਿਰਫ ਏਕੇ-47 ਦੀਆਂ ਗੋਲੀਆਂ ਹੀ ਬੋਲਦੀਆਂ ਸਨ ਤੇ ਬਾਕੀ ਸਾਰੇ ਚੁੱਪ ਹੋ ਗਏ ਸਨ।ਇਸ ਸਾਹਿਤਿਕ ਸੰਸਥਾ ਦੇ ਮੈਂਬਰਾਂ ਨੇ ਉਦੋਂ ਵੀ ਸਿਰ ਚੁੱਕ ਕੇ ਬੋਲਣਾ ਜਾਰੀ ਰੱਖਿਆ। ਭਾਵੇਂ ਗੁਰਚਰਨ ਰਾਮਪੁਰੀ ਹੁਰਾਂ ਦੀ ਗੱਲ ਕਰੀਏ ਤੇ ਭਾਵੇਂ ਸੁਖਮਿੰਦਰ ਰਾਮਪੁਰੀ ਜਾਂ ਸੁਰਿੰਦਰ ਰਾਮਪੁਰੀ ਹੁਰਾਂ ਦਿਤੇ ਭਾਵੇਂ ਮੱਲ ਸਿੰਘ ਰਾਮਪੁਰੀ ਦੀ-ਇਹ ਸਾਰੇ ਉਦੋਂ ਵੀ ਸੱਚ ਬੋਲਣ ਦੇ ਮਾਮਲੇ ਵਿੱਚ ਡਟੇ ਰਹੇ। ਪੀਪਲਜ਼ ਮੀਡੀਆ ਲਿੰਕ ਵੱਲੋਂ ਇਸ ਸਬੰਧੀ ਤਿਆਰ ਕੀਤੀ ਰਿਪੋਰਟ ਵੀ ਜਲਦੀ ਹੀ ਸਭਨਾਂ ਦੇ ਸਾਹਮਣੇ ਲਿਆਂਦੀ ਜਾਵੇਗੀ। ਪੰਜਾਬ ਦਾ ਉਹ ਦੌਰ ਦੇਖਣ ਅਤੇ ਹੱਡੀਂ ਹੰਢਾਉਣ ਵਾਲੀ ਇਸ ਪੀੜ੍ਹੀ ਨੇ ਨਵੀਂ ਪੀੜ੍ਹੀ ਨੂੰ ਇਹਨਾਂ ਰਾਹਾਂ 'ਤੇ ਤੁਰਨਾ ਸਿਖਾਇਆ ਹੈ। ਪੀਪਲਜ਼ ਮੀਡੀਆ ਲਿੰਕ ਇਹਨਾਂ ਨਵੀਂ ਪੀੜ੍ਹੀ ਦੇ ਮੈਂਬਰਾਂਸ਼ਾਇਰਾਂ/ਲੇਖਕਾਂ ਬਾਰੇ ਵੀ ਆਪਣੀ ਰਿਪੋਰਟ ਵਿੱਚ ਵਿਸਥਾਰ ਨਾਲ ਦੱਸੇਗਾ।
ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਦਸੰਬਰ ਮਹੀਨੇ ਦੀ ਇਕੱਤਰਤਾ ਇਸ ਵਾਰ ਪਹਿਲੀ ਦਸੰਬਰ, ਐਤਵਾਰ ਨੂੰ ਹੋਵੇਗੀ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਜਸਵੀਰ ਝੱਜ, ਮੀਤ ਪ੍ਰਧਾਨ ਲਾਭ ਸਿੰਘ ਬੇਗੋਵਾਲ਼ ਅਤੇ ਜਨਰਲ ਸਕੱਤਰ ਬਲਵੰਤ ਮਾਂਗਟ ਨੇ ਦੱਸਿਆ ਕਿ ਸਭਾ ਦੀ ਇੱਕਤ੍ਰਤਾ ਲਾਈਬ੍ਰੇਰੀ ਹਾਲ ਵਿਖੇ ਸਵੇਰੇ 10 ਵਜੇ ਅਰੰਭ ਹੋ ਜਾਏਗੀ। ਇਸ ਇੱਕਤਰਤਾ ਵਿਚ ਪ੍ਰਮੁੱਖ ਲੇਖਕ ਜਨਾਬ ਸੁਖਮਿੰਦਰ ਰਾਮਪੁਰੀ (ਕਨੇਡਾ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਸਮੇਂ ਪੰਜਾਬ ਦੇ ਨਾਮਵਰ ਸਾਹਿਤਕਾਰਾਂ ਸਮੇਤ ਇਲਾਕੇ ਦੇ ਸਾਹਿਤਕਾਰ ਆਪਣੀਆਂ ਤਾਜ਼ਾ ਰਚਨਾਵਾਂ ਸਾਂਝੀਆਂ ਕਰਨਗੇ, ਜਿੰਨ੍ਹਾਂ ਉੱਪਰ ਰਚਨਾਕਾਰਾਂ ਸਮੇਤ ਹਾਜ਼ਰ ਸਾਹਿਤ ਪ੍ਰੇਮੀ ਪੜਚੋਲ਼ ਕਰਦੇ ਹੋਏ ਆਪਣੀ ਰਾਏ ਦੇਣਗੇ। ਕੁਲ ਮਿਲਾ ਕੇ ਇਸ ਵਾਰ ਦੀ ਮੀਟਿੰਗ ਵੀ ਯਾਦਗਾਰੀ ਰਹੇਗੀ। ਅੰਤ ਵਿੱਚ ਸੁਖਮਿੰਦਰ ਰਾਮਪੁਰੀ ਹੁਰਾਂ ਦੀ ਸ਼ਾਇਰੀ ਦੀ ਝਲਕ ਦੇਂਦੀਆਂ ਉਹਨਾਂ ਦੀਆਂ ਹੀ ਕੁਝ ਕਾਵਿ ਸਤਰਾਂ:
ਖਾਬਾਂ ਨੂੰ ਅਮਲ ਵਿੱਚ ਨੇ, ਜੋ ਲੋਕ ਢਾਲਦੇ।
ਹੁੰਦੇ ਨੇ ਅਸਲ ਵਿੱਚ ਉਹ, ਬੰਦੇ ਕਮਾਲ ਦੇ।
ਦਿਲ ਦਾ ਲਹੂ ਹਨ੍ਹੇਰ ਵਿੱਚ, ਜਿਹੜੇ ਨੇ ਬਾਲਦੇ।
ਉਹ ਜਿੰਦਗੀ ਦਾ ਅਸਲ ਵਿੱਚ, ਨੇ ਧਰਮ ਪਾਲਦੇ।
ਹੁੰਦੇ ਨੇ ਅਸਲ ਵਿੱਚ ਉਹ, ਬੰਦੇ ਕਮਾਲ ਦੇ।
ਦਿਲ ਦਾ ਲਹੂ ਹਨ੍ਹੇਰ ਵਿੱਚ, ਜਿਹੜੇ ਨੇ ਬਾਲਦੇ।
ਉਹ ਜਿੰਦਗੀ ਦਾ ਅਸਲ ਵਿੱਚ, ਨੇ ਧਰਮ ਪਾਲਦੇ।
No comments:
Post a Comment