From Punjabi Sahit Academy Ludhiana on Sunday May 18, 2025 at 5:07 PM
ਮਿੰਨੀ ਕਹਾਣੀ ਦਰਬਾਰ ਵਿੱਚ 43 ਮਿੰਨੀ ਕਹਾਣੀਕਾਰਾਂ ਨੇ ਭਾਗ ਲਿਆ
*ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋਂ ਮਿੰਨੀ ਕਹਾਣੀ ਸੰਬਧੀ ਇੱਕ ਹੋਰ ਉਪਰਾਲਾ
*ਕਾਮਰੇਡ ਐਮ ਐਸ ਭਾਟੀਆ ਨੇ ਵੀ ਪੜ੍ਹੀ ਆਪਣੀ ਮਿੰਨੀ ਕਹਾਣੀ
ਲੁਧਿਆਣਾ:18 ਮਈ 2025: (ਰੈਕਟਰ ਕਥੂਰੀਆ//ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::
ਕੁਝ ਦਹਾਕੇ ਪਹਿਲਾਂ ਹਨੇਰੀ-ਤੁਫਾਨ ਵਾਂਗ ਸਾਹਿਤਿਕ ਮਾਹੌਲ ਵਿੱਚ ਆਈ ਅਤੇ ਛਾਈ ਮਿੰਨੀ ਕਹਾਣੀ ਬਦਲਦੇ ਸਿਆਸੀ ਹਾਲਾਤਾਂ ਕਾਰਨ ਅਲੋਪ ਜਿਹੀ ਹੋ ਗਈ ਸੀ। ਇਸਦੇ ਬਾਵਜੂਦ ਇਸ ਨੂੰ ਇਸ ਕਹਾਣੀ ਕਲਾ ਦੇ ਚਾਹੁਣ ਵਾਲੇ ਇੱਕ ਵਾਰ ਫੇਰ ਸਿਖਰਾਂ ਤੇ ਲੈ ਆਏ। ਉਹਨਾਂ ਵਿੱਚੋਂ ਹੀ ਹਨ ਜਨਾਬ ਹਰਭਜਨ ਖੇਮਕਰਨੀ ਅਤੇ ਅਣੂ ਦੇ ਸੰਪਾਦਕ ਸੁਰਿੰਦਰ ਕੈਲੇ। ਇਹਨਾਂ ਦੇ ਉਪਰਾਲਿਆਂ ਸਦਕਾ ਹੀ ਅੱਜ ਐਤਵਾਰ ਨੂੰ ਫਿਰ ਮਿੰਨੀ ਕਹਾਣੀ ਬਾਰੇ ਵਿਸ਼ੇਸ਼ ਸਾਹਿਤਿਕ ਆਯੋਜਨ ਹੋਇਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਬੜੀ ਉਚੇਚ ਨਾਲ ਮਿੰਨੀ ਕਹਾਣੀ ਪਾਠ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਉਘੇ ਲੇਖਕ ਭੋਲਾ ਸਿੰਘ ਸੰਘੇੜਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਡਾ. ਨਾਇਬ ਸਿੰਘ ਮੰਡੇਰ, ਡਾ. ਹਰਪ੍ਰੀਤ ਸਿੰਘ ਰਾਣਾ, ਸ੍ਰੀ ਜਸਪਾਲ ਸਿੰਘ ਮਾਨਖੇੜਾ, ਸੁਰਿੰਦਰ ਕੈਲੇ ਵੀ ਸ਼ਾਮਲ ਸਨ।
ਇਸ ਖਾਸ ਸਮਾਗਮ ਮੌਕੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਹਾਜ਼ਰੀਨ ਦਾ ਸਵਾਗਤ ਕਰਦੇ ਹੋਏ ਅਕਾਡਮੀ ਦੀਆਂ ਗਤੀਵਿਧੀਆਂ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਲੇਖਕਾਂ ਦੇ ਸਹਿਯੋਗ ਨਾਲ ਜਿੰਨੇ ਅਜਿਹੇ ਹੁੰਦੇ ਰਹਿਣਗੇ ਓਨਾ ਸਾਡਾ ਹੌਸਲਾ ਵੀ ਵਧੇਗਾ।
ਮਿੰਨੀ ਕਹਾਣੀ ਪਾਠ ਮੌਕੇ ਪੰਜਾਬ ਭਰ ਤੋਂ 43 ਮਿੰਨੀ ਕਹਾਣੀਕਾਰਾਂ ਵਲੋਂ ਆਪਣੀਆਂ ਮਿੰਨੀ ਕਹਾਣੀਆਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਕਹਾਣੀਆਂ ’ਤੇ ਸਮੀਖਿਆ ਕਰਦੇ ਹੋਏ ਡਾ.ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਇਹ ਸਮਾਗਮ ਅਸਲ ਵਿੱਚ ਮਿੰਨੀ ਕਹਾਣੀ ਉਤਸਵ ਹੀ ਹੈ। ਉਹਨਾਂ ਮਿੰਨੀ ਕਹਾਣੀ ਦੀ ਸਫਲਤਾ ਅਤੇ ਹਰਮਨਪਿਆਰਤਾ ਦਾ ਭੇਦ ਦੱਸਦਿਆਂ ਕਿਹਾ ਕਿ ਆਮ ਪਾਠਕ ਸਮੇਂ ਦੀ ਘਾਟ ਕਾਰਨ ਛੇਤੀ ਫ਼ੈਸਲੇ ’ਤੇ ਪੁੱਜਣ ਲਈ ਮਿੰਨੀ ਕਹਾਣੀ ਵੱਲ ਰੁਚਿਤ ਹੁੰਦਾ ਹੈ। ਮਿੰਨੀ ਕਹਾਣੀ ਅਸਲ ਵਿਚ ਸਮੁੰਦਰ ਨੂੰ ਕੁੱਜੇ ਵਿਚ ਪਾਉਣਾ ਹੀ ਹੁੰਦਾ ਹੈ। ਇਸ ਲਈ ਇਹ ਇੱਕ ਸੂਖਮ ਕਲਾ ਵਾਲੀ ਕਾਰੀਗਰੀ ਦਾ ਹੀ ਕੰਮ ਹੈ।
ਉਹਨਾਂ ਕਿਹਾ ਕਿ ਮਿੰਨੀ ਕਹਾਣੀ ਦਾ ਭਵਿੱਖ ਰੌਸ਼ਨ ਹੈ। ਉਨ੍ਹਾਂ ਹਾਜ਼ਰ ਕਹਾਣੀਕਾਰਾਂ ਨੂੰ ਕੁਝ ਤਕਨੀਕੀ ਪੱਖਾਂ ਤੋਂ ਜਾਣੂੰ ਵੀ ਕਰਵਾਇਆ। ਉਂਝ ਕਾਕੜਾ ਹੁਰਾਂ ਦੀ ਗੱਲ ਸਭ ਨੂੰ ਪੱਲੇ ਬਣਨ ਲੈਣੀ ਚਾਹੀਦੀ ਹੈ ਕਿਓਂ ਤੇਜ਼ੀ ਨਾਲ ਬਦਲ ਰਿਹਾ ਸਮਾਂ ਜ਼ਿਆਦਾ ਭਿਆਨਕ ਖਦਸ਼ਿਆਂ ਨੂੰ ਸਾਹਮਣੇ ਲਿਆ ਰਿਹਾ ਹੈ।
ਡਾ. ਗੁਰਪ੍ਰੀਤ ਸਿੰਘ ਸੰਗਰਾਣਾ ਨੇ ਕਿਹਾ ਕਿ ਕਹਾਣੀ ਵਿਚ, ਬੌਧਿਕ, ਤਜਰਬਾ ਤੇ ਜਜ਼ਬਾਤ ਤਿੰਨ ਪ੍ਰਮੁੱਖ ਕੇਂਦਰ ਬਿੰਦੂ ਹੁੰਦੇ ਹਨ। ਲੇਖਕਾਂ ਨੂੰ ਪੰਜਾਬੀ ਸ਼ਬਦਾਵਲੀ ਵਰਤਣ ਲਈ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਨੇੜਲੇ ਤਜਰਬਿਆਂ ਤੋਂ ਉਪਰ ਉੱਠ ਕੇ ਕੌਮੀ, ਕੌਮਾਂਤਰੀ ਮੁੱਦੇ ਵੀ ਛੋਹੇ ਜਾਣੇ ਚਾਹੀਦੇ ਹਨ। ਉਹਨਾਂ ਸਾਵਧਾਨ ਵੀ ਕੀਤਾ ਕਿ ਮਿੰਨੀ ਕਹਾਣੀ ਇਸ ਤਰ੍ਹਾਂ ਦੀ ਨਾ ਹੋਵੇ ਕਿ ਚੁਟਕਲਾ ਬਣ ਕੇ ਰਹਿ ਜਾਵੇ।
ਡਾ. ਹਰਪ੍ਰੀਤ ਸਿੰਘ ਰਾਣਾ ਨੇ ਇੱਕ ਬਹੁਤ ਹੀ ਪਤੇ ਦੀ ਗੱਲ ਵਾਲਾ ਭੇਦ ਦੱਸਦਿਆਂ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅੱਜ ਪੜ੍ਹੀਆਂ ਗਈਆਂ ਕਹਾਣੀਆਂ ਦੇ ਵਿਸ਼ੇ ਲਗਭਗ ਰਵਾਇਤੀ ਹੀ ਰਹੇ ਹਨ। ਲਿਖਣਾ ਲਈ ਘੱਟ ਸ਼ਬਦਾਂ ਵਿਚ ਵੱਡਾ ਲਿਖਣ ਲਈ ਲੇਖਕ ਨੂੰ ਸਰਬਾਂਗੀ ਪਾਠਕ ਬਣਨਾ ਬਹੁਤ ਜ਼ਰੂਰੀ ਹੈ।
ਡਾ. ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਭਾਵੇਂ ਅੱਜ ਪੜ੍ਹੀਆਂ ਗਈਆਂ ਕਹਾਣੀਆਂ ਦੇ ਵਿਸ਼ੇ ਘਰ, ਪਰਿਵਾਰ ਅਤੇ ਆਲੇ ਦੁਆਲੇ ਨਾਲ ਸੰਬੰਧਿਤ ਆਮ ਹੀ ਸਨ, ਕਿਉਕਿ ਅਸੀਂ ਵੀ ਆਮ ਹੀ ਹਾਂ। ਪੜ੍ਹੀਆਂ ਗਈਆਂ ਸਾਰੀਆਂ ਕਹਾਣੀਆਂ ਵਿਚ ਕਾਲ ਦੋਸ਼ ਨਹੀਂ ਹੈ। ਮਿੰਨੀ ਕਹਾਣੀ ਬਲਵਾਨ ਹੋਈ ਹੈ। ਰਚਨਾ ਦਾ ਆਕਾਰ ਕੈਨਵਸ ਹੀ ਤੈਅ ਕਰਦਾ ਹੈ। ਮਿੰਨੀ ਕਹਾਣੀ ਵਿਚ ਇਕ ਘਟਨਾ ਅਤੇ ਘੱਟਪਾਤਰ ਹੁੰਦੇ ਹਨ।
ਪ੍ਰਸਿੱਧ ਲੇਖਕ ਜਸਪਾਲ ਮਾਨਖੇੜਾ ਨੇ ਕਿਹਾ ਕਿ ਅੱਜ ਦੇ ਕਹਾਣੀਕਾਰਾਂ ਦੀ ਸਿਫ਼ਤ ਕਰਨੀ ਬਣਦੀ ਹੈ ਕਿ ਉਹ ਘੱਟ ਸ਼ਬਦਾਂ ’ਚ ਗੱਲ ਕਰਨ ਲਈ ਪੂਰੀ ਤਰ੍ਹਾਂ ਜਤਨਸ਼ੀਲ ਹੈ ਹਾਲਾਂਕਿ ਇਸ ਮਕਸਦ ਲਈ ਵੱਡੇ ਤਜਰਬੇ ਅਤੇ ਸਾਧਨਾਂ ਦੀ ਲੋੜ ਵੀ ਅਹਿਮ ਹੁੰਦੀ ਹੈ। ਅੱਜ ਸੁਣਾਈਆਂ ਗਈਆਂ ਕਹਾਣੀਆਂ ਬਹੁਤ ਵਧੀਆ ਸਨ ਅਤੇ ਲੇਖਕਾਂ ਦੀ ਪੇਸ਼ਕਾਰੀ ਵੀ ਵਧੀਆ ਸੀ।
ਚਰਚਿਤ ਲੇਖਕ ਭੋਲਾ ਸਿੰਘ ਸੰਘੇੜਾ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਸਾਹਿਤ ਨੂੰ ਪਿੰਡਾਂ ਵਿਚ ਲੈ ਜਾਣ ਦੀ ਲੋੜ ਹੈ ਹਰ ਖੇਤਰ ਦੇ ਖਿੱਤੇ ਵਿਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਲੰਮੇ ਸੰਘਰਸ਼ ਬਾਅਦ ਮਿੰਨੀ ਕਹਾਣੀ ਦੀ ਵਿਧਾ ਸਾਹਿਤ ਵਿਚ ਸਥਾਪਿਤ ਹੋ ਗਈ ਹੈ। ਪਰ ਮਿੰਨੀ ਕਹਾਣੀ ਦਾ ਵੀ ਇਕ ਵਿਧੀ ਵਿਧਾਨ ਹੈ। ਹਰ ਛੋਟੀ ਕਹਾਣੀ ਮਿੰਨੀ ਨਹੀਂ ਹੁੰਦੀ। ਇਸ ਵਿਚ ਵਿਸਥਾਰ ਅੱਖਰਦਾ ਹੈ। ਅਣਕਿਹਾ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਅਕਾਡਮੀ ਦੇ ਇਸ ਉਪਰਾਲੇ ਲਈ ਅਹੁਦੇਦਾਰਾਂ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਸਮਾਗਮ ਦੇ ਅਖ਼ੀਰ ਵਿਚ ਅਕਾਡਮੀ ਦੇ ਸਕੱਤਰ ਸ੍ਰੀ ਜਸਵੀਰ ਝੱਜ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਤ ਦੀ ਹਰ ਵਿਧਾ ਸਾਹਿਤ ਨੂੰ ਸੁਚੱਜੀ ਸੇਧ ਦੇ ਕੇ ਚੰਗਾ ਬਣਾਉਣ ਦੇ ਫ਼ਿਕਰਮੰਦੀ ਪਾਲਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਦੀਪ ਜਗਦੀਪ ਸਿੰਘ, ਡਾ. ਸੁਰਿੰਦਰ ਭੱਠਲ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਮਨਦੀਪ ਕੌਰ ਭੰਮਰਾ, ਤਰਲੋਚਨ ਝਾਂਡੇ, ਮੀਤ ਅਨਮੋਲ, ਵਿਜੇ ਕੁਮਾਰ, ਅਮਰਜੀਤ ਸ਼ੇਰਪੁਰੀ, ਰਮੇਸ਼ ਕੁਮਾਰ ਰਤਨ, ਸਿਮਰਨਦੀਪ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਪਾਠਕ ਹਾਜ਼ਰ ਸਨ।
ਇਸ ਮੌਕੇ ਪੰਜਾਬ ਭਰ ਤੋਂ ਸ਼ਾਮਲ ਹੋਏ ਮਿੰਨੀ ਕਹਾਣੀਕਾਰਾਂ ਵਿਚ ਤ੍ਰਿਪਤਾ ਬਰਮੌਤਾ, ਸੀਮਾ ਭਾਟੀਆ, ਮਨਜੀਤ ਕੌਰ ਧੀਮਾਨ, ਗੁਰਪ੍ਰੀਤ ਕੌਰ, ਸੰਦੀਪ ਸੋਖਲ ਬਾਦਸ਼ਾਹਪੁਰੀ,ਪਰਮਜੀਤ ਕੌਰ ਸ਼ੇਖਪੁਰਾ, ਰਾਜਿੰਦਰ ਰਵੀ, ਡਾ. ਪੂਨਮ ਗੁਪਤ, ਸੁਰਿੰਦਰ ਸ਼ਰਮਾ ਨਾਗਰਾ,ਪਰਗਟ ਸਿੰਘ ਜੰਬਰ, ਬੀਰਇੰਦਰ ਬਨਭੌਰੀ, ਕੁਲਵਿੰਦਰ ਕੌਸ਼ਲ, ਸੁਰਿੰਦਰ ਦੀਪ, ਗੁਰਸੇਵਕ ਸਿੰਘ ਰੋੜਕੀ, ਜਗਦੀਸ਼ ਰਾਏ ਕੁਲਰੀਆ, ਡਾ. ਦਵਿੰਦਰ ਕੌਰ ਖੁਸ਼, ਸੀਮਾ ਵਰਮਾ, ਬਲਰਾਜ ਕੁਹਾੜਾ, ਰਘਬੀਰ ਸਿੰਘ ਮਹਿਮੀ, ਡਾ. ਹਰਪ੍ਰੀਤ ਰਾਣਾ, ਸੁਖਦਰਸ਼ਨ ਗਰਗ, ਸਾਧੂ ਰਾਮ ਲੰਗੇਆਣਾ, ਸਰਵਣ ਸਿੰਘ ਪਤੰਗ, ਸੋਮਾ ਕਲਸੀਆ, ਕੰਵਲਜੀਤ ਭੋਲਾ ਲੰਡੇ, ਡੀ.ਐਮ.ਸਿੰਘ,ਗੁਰਮੀਤ ਸਿੰਘ ਮਠਾੜੂ, ਸੁਖਦੇਵ ਸਿੰਘ ਔਲਖ, ਤ੍ਰਿਲੋਕ ਢਿੱਲੋਂ, ਮਨਿੰਦਰ ਸਿੰਘ ਭਾਟੀਆ, ਸ਼ਿਖਾ ਗਰਗ ਮੋਗਾ, ਦਵਿੰਦਰ ਪਟਿਆਲਵੀ, ਦਰਸ਼ਨ ਸਿੰਘ ਬਰੇਟਾ, ਸੁਰਿੰਦਰ ਕੈਲੇ, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਰਾਜ ਬਧੌਛੀ, ਲਖਬੀਰ ਸਿੰਘ ਭੱਟੀ, ਜਗਦੀਸ਼ ਪ੍ਰੀਤਮ, ਡਾ. ਗੁਰਵਿੰਦਰ ਅਮਨ ਰਾਜਪੁਰਾ ਸ਼ਾਮਲ ਸਨ। ਮਿੰਨੀ ਕਹਾਣੀ ਪਾਠ ਦੇ ਕਨਵੀਨਰ ਸ੍ਰੀ ਸੁਰਿੰਦਰ ਕੈਲੇ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ।
ਅੰਤ ਵਿੱਚ ਉਸ ਦੌਰ ਦੀ ਗੱਲ ਵੀ ਜਦੋਂ ਸੱਤਰਵਿਆਂ ਵਿੱਚ ਨਕਸਲਬਾੜੀ ਸਾਹਿਤ ਨਾਲ ਸਬੰਧਤ ਕਵਿਤਾ ਵੀ ਚੜ੍ਹਤ ਵਿੱਚ ਸੀ ਨਕਸਲਬਾੜੀ ਸੁਰ ਵਾਲੇ ਰਸਾਲੇ ਵੀ ਬਹੁਤ ਹਰਮਨ ਪਿਆਰੇ ਹੁੰਦੇ ਸਨ। ਉਦੋਂ ਹੀ ਗ਼ੈਰਨਕਸਲੀ ਲੇਖਕਾਂ ਵੱਲੋਂ ਰਚੀ ਜਾਂਦੀ ਮਿੰਨੀ ਕਹਾਣੀ ਵੀ ਜ਼ੋਰਾਂ ਤੇ ਹਰਮਨ ਪਿਆਰੀ ਹੋ ਰਹੀ ਸੀ। ਐਮਰਜੰਸੀ ਲੱਗੀ ਹੋਈ ਸੀ ਅਤੇ ਉਦੋਂ ਸੈਂਸਰਸ਼ਿਪ ਬਿਨਾ ਗਲੀ ਮੁਹੱਲੇ ਵਿੱਚੋਂ ਨਿਕਲਦੀ ਕੋਈ ਅਖਬਾਰ ਰਸਾਲਾ ਨਹੀਂ ਸੀ ਛਪ ਸਕਦਾ। ਸਾਰਾ ਮੈਟਰ ਪਰਚੇ ਦੀ ਡੰਮੀ ਵਾਂਗ ਬਣਾ ਕੇ ਸੈਂਸਰ ਅਧਿਕਾਰੀ ਕੋਲ ਲਿਜਾਣਾ ਪੈਂਦਾ ਸੀ ਤੇ ਉਹ ਕਿਸੇ ਐਟਮ ਨੂੰ ਕੱਟ ਦੇਵੇ ਤਾਂ ਉਹ ਨਹੀਂ ਸੀ ਛਪ ਸਕਦੀ।
ਲੇਖਕਾਂ ਵਿੱਚ ਐਮਰਜੰਸੀ ਦੇ ਖਿਲਾਫ ਵੀ ਰੋਹ ਸੀ ਅਤੇ ਸੈਂਸਰਸ਼ਿਪ ਵਿਰੁੱਧ ਵੀ। ਉਦੋਂ ਜਿਹਨਾਂ ਸਰਕਾਰੀ ਅਫਸਰਾਂ ਨੂੰ ਸੈਸਨਰ ਅਧਿਕਾਰੀ ਲਗਾਇਆ ਗਿਆ ਸੀ ਉਹਨਾਂ ਵਿੱਚ ਕਈਆਂ ਨੂੰ ਸਾਹਿਤ ਦੀਆਂ ਰਮਜ਼ਾਂ ਸਮਝ ਨਹੀਂ ਸਨ ਆਉਂਦੀਆਂ। ਸਿੱਟੇ ਵਜੋਂ ਬਹੁਤ ਸਾਰੀਆਂ ਅਜਿਹੀਆਂ ਲਿਖਤਾਂ ਵੀ ਪਾਸ ਹੋ ਕੇ ਛਪ ਜਾਂਦੀਆਂ ਸਨ ਜਿਹਨਾਂ ਵਿੱਚ ਸਰਕਾਰ ਦੇ ਖਿਲਾਫ ਹੀ ਕੁਝ ਨ ਕੁਝ ਕਿਹਾ ਜਾਂਦਾ ਸੀ। ਇਸ ਲਈ ਮਿੰਨੀ ਕਹਾਣੀ ਨੂੰ ਇਹ ਫਖਰ ਹਾਸਲ ਹੈ ਕਿ ਇਸ ਵਿਧਾ ਨੇ ਉਹ ਕੁਝ ਵੀ ਦੁਨੀਆ ਤੱਕ ਪਹੁੰਚਾਇਆ ਜਿਹੜਾ ਉਂਝ ਨਾਮੁਮਕਿਨ ਵਰਗਾ ਹੀ ਮੁਸ਼ਕਲ ਸੀ।
ਕੁਲ ਮਿਲਾ ਕੇ ਇਹ ਸਮਾਗਮ ਮਿੰਨੀ ਕਹਾਣੀ ਨਾਮ ਦੀ ਉਸ ਰਮਜ਼ਾਂ ਭਰੀ ਵਿਧਾ ਦੀ ਅੱਜ ਦੇ ਯੁਗ ਵਿੱਚ ਗੱਲ ਕਰ ਰਿਹਾ ਹੈ ਜਿਸਨੇ ਬੜੇ ਔਖੇ ਵੇਲਿਆਂ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ। ਚੰਗਾ ਹੁੰਦਾ ਜੇਕਰ ਇਸ ਵਿਧਾ ਨਾਲ ਸਬੰਧਤ ਕਹਾਣੀਆਂ ਦਾ ਪਾਠ ਕਰਨ ਦੇ ਨਾਲ ਨਾਲ ਇਸ ਵਿਧਾ ਦੀ ਉਸ ਮਹਾਨ ਭੂਮਿਕਾ ਬਾਰੇ ਵੀ ਚਰਚਾ ਹੁੰਦੀ। ਮੈਂ ਹਾਜ਼ਰ ਨਹੀਂ ਸੀ ਹੋ ਸਕਿਆ ਵਰਨਾ ਯਾਦ ਜ਼ਰੂਰ ਕਰਾਉਂਦਾ। ਸੁਰਿੰਦਰ ਕੈਲੇ ਸਾਹਿਬ, ਹਰਭਜਨ ਖੇਮਕਰਨੀ ਅਤੇ ਕੁਝ ਹੋਰ ਸਾਥੀ ਇਹਨਾਂ ਸਾਰੀਆਂ ਖੂਬੀਆਂ ਵਾਲੀ ਇਸ ਸ਼ਾਨਾਂਮੱਤੀ ਭੂਮਿਕਾ ਦਾ ਗਵਾਹ ਵੀ ਰਹੇ ਹਨ। ਚਲੋ ਕਿਸੇ ਅਗਲੇ ਸਮਾਗਮ ਮੌਕੇ ਸਹੀ। ਇਸ ਵਿਧਾ ਵਿਚਲੀਆਂ ਰਮਜ਼ਾਂ ਅਤੇ ਖੂਬੀਆਂ ਦੀ ਲੋੜ ਅੱਜ ਦੇ ਦੌਰ ਵਿੱਚ ਕਿਤੇ ਜ਼ਿਆਦਾ ਵੱਧ ਗਈ ਹੈ। ਜਦੋਂ ਐਮਰਜੰਸੀ ਵਾਲੀ ਸੈਂਸਰਸ਼ਿਪ ਸੀ ਅਤੇ ਹਰ ਸਾਹ ਪਹਿਰੇ ਹੇਠ ਮਹਿਸੂਸ ਹੁੰਦਾ ਸੀ
ਉਦੋਂ ਮਿੰਨੀ ਕਹਾਣੀ ਨੇ ਵੀ ਆਪਣੀ ਰਮਜ਼ਾਂ ਭਾਰੀ ਵਿਧਾ ਨਾਲ ਬਹੁਤ ਕੁਝ ਸਾਹਮਣੇ ਲਿਆਂਦਾ