google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: October 2024

Saturday, 26 October 2024

ਕਿਸਾਨਾਂ, ਕਿਰਤੀਆਂ//ਕਾਰੀਗਰਾਂ ਨੂੰ ਜਥੇਬੰਦ ਕਰਨਾ ਲੇਖਕਾਂ ਦੀ ਜ਼ਿੰਮੇਵਾਰੀ:ਪ੍ਰੋ. ਕਾਂਚਾ ਇਲੈਆ ਸ਼ੈਫਰਡ

"ਪ੍ਰਲੇਸ" ਪੰਜਾਬ ਦੀ ਸਰਪ੍ਰਸਤੀ ਹੇਠ ਹੋਇਆ ਰਾਸ਼ਟਰੀ ਸੈਮੀਨਾਰ

'ਭਾਰਤੀ ਲੋਕਤੰਤਰ, ਸਮਾਜਿਕ ਨਿਆਂ ਅਤੇ ਸਾਹਿਤ' ਵਿਸ਼ੇ 'ਤੇ ਹੋਈ ਵਿਸਥਾਰਤ ਚਰਚਾ 


ਚੰਡੀਗੜ੍ਹ: 26 ਅਕਤੂਬਰ 2024: (ਸਾਹਿਤ ਸਕਰੀਨ ਬਿਊਰੋ)::

ਹੁਣ ਜਦੋਂ ਕਿ ਆਮ ਲੋਕਾਂ ਦੀ ਸੱਤਾ ਤੱਕ ਰਸਾਈ ਘਟਦੀ ਜਾ ਰਹੀ ਹੈ। ਕਾਤਲਾਂ ਅਤੇ ਬਲਾਤਕਾਰੀਆਂ ਨੂੰ ਰਿਹਾਈਆਂ ਦੇ  ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਰੋਟੀ, ਕੱਪੜਾ ਅਤੇ ਮਕਾਨ ਆਮ ਵਿਅਕਤੀ ਦੀ ਪਹੁੰਚ ਵਿੱਚੋਂ ਬਾਹਰ ਹੁੰਦੇ ਜਾ ਰਹੇ ਹਨ। ਸਿਆਸਤ ਜ਼ਰੂਰੀ ਕੰਮਾਂ ਨੂੰ ਛੱਡ ਕੇ ਪਰਿਵਾਰਿਕ ਹਿੱਤ ਪਾਲਣ ਵਿੱਚ ਰੁਝੀ ਹੋਈ ਹੈ। ਮੀਡੀਆ ਦਾ ਵੱਡਾ ਹਿੱਸਾ ਗੋਦੀ ਮੀਡੀਆ ਵਾਲੇ ਪਾਲੇ ਵਿੱਚ ਜਾ ਖੜੋਤਾ ਹੈ। ਸਲਮਾਨ ਖਾਨ ਅਤੇ ਲਾਰੰਸ ਬਿਸ਼ਨੋਈ ਵਰਗੇ ਬਾਹੂਬਲੀ ਸ਼ਰੇਆਮ ਮੀਡੀਆ ਵਿੱਚ ਆ ਕੇ ਇੱਕ ਦੂਜੇ ਨੂੰ ਕਤਲ ਕਰਨ ਦੀਆਂ ਧਮਕੀਆਂ ਦੇ ਰਹੇ ਹਨ। ਉਸ ਹਾਲਾਤ ਵਿੱਚ ਲੋਕ ਵਿਚਾਰੇ ਕਿੱਧਰ ਜਾਣ? ਨਾਅਰਾ ਤਾਂ ਇਹ ਵੀ ਬੜਾ ਲੁਭਾਵਣਾ ਹੈ ਕਿ ਸਰਕਾਰਾਂ ਤੋਂ ਨਾ ਝਾਕ ਕਰੋ-ਆਪਣੀ ਰਾਖੀ ਆਪ ਕਰੋ! ਪਰ ਇਹ ਸਭ ਕਿਵੇਂ ਕਰੋ?--ਇਸ ਸੁਆਲ ਦਾ ਜੁਆਬ ਨਹੀਂ ਮਿਲਦਾ। ਅਜਿਹੀ ਨਾਜ਼ੁਕ ਹਾਲਤ ਵਿੱਚ ਸਰਕਾਰਾਂ, ਪ੍ਰਸ਼ਾਸਨ, ਮੀਡੀਆ,  ਅਤੇ ਸਿਆਸੀ ਧਿਰਾਂ ਤੋਂ ਨਿਰਾਸ਼ ਹੋਏ ਲੋਕਾਂ ਲਈ ਸਿਰਫ ਲੇਖਕ ਹੀ ਆਸ ਦੀ ਕਿਰਨ ਬਣ ਕੇ ਉਭਰੇ ਹਨ। ਚੰਡੀਗੜ੍ਹ ਦੇ ਕਲਾ ਭਵਨ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਸੈਮੀਨਾਰ ਮੌਕੇ ਕੁਝ ਇਹੀ ਇਸ਼ਾਰੇ ਸਾਹਮਣੇ ਆਉਂਦੇ ਪ੍ਰਤੀਤ ਹੋਏ ਹਨ। 

ਮੰਚ ਵੀ ਕੁਝ ਅਜਿਹਾ ਹੀ  ਅਤੇ ਸਰੋਤਿਆਂ ਦਾ ਭਰਿਆ ਹਾਲ ਵੀ। ਧਰਮ ਨਿਰਪੱਖ-ਸੰਪਰਦਾਇਕ ਪ੍ਰਵਚਨ ਸਿਰਜਣਸ਼ੀਲ ਅਵਾਮ ਨੂੰ ਇਹ ਯਕੀਨ ਨਹੀਂ ਦਿਵਾਉਂਦਾ ਕਿ ਉਹ ਭਾਰਤੀ ਲੋਕਤੰਤਰ ਦੇ ਮੋਹਰੀ ਹਨ। ਨਵੇਂ ਦਲਿਤ ਕਬਾਇਲੀ ਸਾਹਿਤ ਦੇ ਪ੍ਰਸੰਗ ਵਿਚ ਸ਼ੂਦਰ ਇਤਿਹਾਸ ਨੂੰ ਨਵੀਨ ਸਰੋਕਾਰਾਂ ਸਮੇਤ ਮੁੜ ਲਿਖਣਾ ਵੀ ਬਹੁਤ ਜ਼ਰੂਰੀ ਹੈ। ਲੇਖਕਾਂ ਦੀ ਭੂਮਿਕਾ ਕਿਸਾਨ, ਕਿਰਤੀ ਅਤੇ ਸ਼ਿਲਪੀ ਜਨਤਾ ਨੂੰ ਮੁੜ ਸੰਗਠਿਤ ਕਰਨਾ ਹੈ। ਇਹ ਵਿਚਾਰ ਉੱਘੇ ਲੇਖਕ ਤੇ ਚਿੰਤਕ ਪ੍ਰੋ. ਕਾਂਚਾ ਇਲੈਆ ਸ਼ੈਫਰਡ  ਨੇ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਪੰਜਾਬ ਰਾਜ ਇਕਾਈ ਵੱਲੋਂ ਕਲਾ ਭਵਨ, ਚੰਡੀਗੜ ਵਿਖੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ  ‘ਭਾਰਤੀ ਲੋਕਤੰਤਰ, ਸਮਾਜਿਕ ਨਿਆਂ ਅਤੇ ਸਾਹਿਤ’ ਵਿਸ਼ੇ ‘ਤੇ ਕਰਵਾਏ ਗਏ ਕੌਮੀ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੁੰਦਿਆਂ ਕਹੀ। 

 ਇਸ ਮੌਕੇ ਸੰਸਾਰ ਭਰ ਦੇ ਲੇਖਕਾਂ ਨੂੰ ਬਿਨਾ ਦੇਰੀ ਖੁਦ ਅੱਗੇ ਆਉਣ ਦਾ ਇੱਕ ਖਾਸ ਸੱਦਾ ਵੀ ਦਿੱਤਾ ਗਿਆ ਸੀ। ਸੈਮੀਨਾਰ ਦੀ ਸ਼ੁਰੂਆਤ ਵਿੱਚ ਸਾਰੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਸੁਆਗਤ ਕਰਨ ਤੋਂ ਬਾਅਦ "ਪ੍ਰਲੇਸ" ਦੇ ਰਾਸ਼ਟਰੀ ਪ੍ਰਧਾਨ ਪੀ. ਲਕਸ਼ਮੀਨਾਰਾਇਣ ਨੇ ਸੈਮੀਨਾਰ ਦੀ ਰੂਪ-ਰੇਖਾ ਸਪਸ਼ਟ ਕਰਦੇ ਹੋਏ ਕਿਹਾ ਕਿ ਅੱਜ ਗਰੀਬੀ, ਬੇਰੁਜ਼ਗਾਰੀ ਅਤੇ ਫਿਰਕਾਪ੍ਰਸਤੀ ਦੇ ਮੁੱਦੇ ਸਾਡੇ ਸਾਹਮਣੇ ਖੜ੍ਹੇ ਹਨ। ਇਸ ਲਈ ਲੇਖਕਾਂ ਨੂੰ ਵਿਸ਼ਵ ਪੱਧਰ 'ਤੇ ਆਮ ਲੋਕਾਂ ਤੱਕ ਪਹੁੰਚਣ ਦੀ ਲੋੜ ਹੈ। 

ਇਸ ਸੈਮੀਨਾਰ ਮੌਕੇ ਆਪਣੇ ਸੰਬੋਧਨ ਵਿੱਚ ਸੀਨੀਅਰ ਲੇਖਕ-ਪੱਤਰਕਾਰ ਉਰਮਿਲੇਸ਼ ਨੇ ਕਿਹਾ ਕਿ ਭਾਵੇਂ ਬਰਾਬਰੀ ਅਤੇ ਸਮਾਜਿਕ ਨਿਆਂ ਦੇ ਵਿਚਾਰ ਸਾਡੇ ਸਮਾਜ ਅਤੇ ਸਾਹਿਤ ਵਿੱਚ ਲੰਮੇ ਸਮੇਂ ਤੋਂ ਮੌਜੂਦ ਹਨ, ਪਰ ਫਿਰ ਵੀ ਇਸ ਸਬੰਧ ਵਿੱਚ ਅੱਜ ਦੀ ਸਥਿਤੀ ਸਭ ਲਈ ਚਿੰਤਾਜਨਕ ਹੈ। ਸਾਨੂੰ ਇਹ ਸਥਿਤੀ ਗੰਭੀਰ ਆਤਮ ਨਿਰੀਖਣ, ਆਤਮ ਨਿਰੀਖਣ ਅਤੇ ਸਵੈ- ਪੜਚੋਲ ਦੀ ਮੰਗ ਕਰਦੀ ਹੈ। 

ਇਸ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉੱਘੀ ਲੇਖਿਕਾ, ਚਿੰਤਕ ਅਤੇ ਮਨੁੱਖੀ ਅਧਿਕਾਰ ਕਾਰਕੁਨ ਡਾ: ਸਈਦਾ ਹਮੀਦ ਨੇ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ: ਸਈਦਾ ਹਮੀਦ ਨੇ ਆਪਣੇ ਨਿੱਜੀ ਪ੍ਰਸੰਗਾਂ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਦੀ ਪੀੜ੍ਹੀ ਨੂੰ ਤਿੰਨ ਝਟਕੇ ਲੱਗੇ, ਸਿਰਫ਼ ਮੁਸਲਮਾਨਾਂ ਨੂੰ ਹੀ ਨਹੀਂ ਸਗੋਂ ਉਨ੍ਹਾਂ ਸਾਰੇ ਭਾਰਤੀਆਂ ਨੂੰ ਲੱਗੇ ਜੋ ਸੰਵਿਧਾਨ ਵਿੱਚ ਵਿਸ਼ਵਾਸ ਰੱਖਦੇ ਹਨ। ਪਹਿਲਾ ਝਟਕਾ ਬਾਬਰੀ ਮਸਜਿਦ ਦੀ ਸ਼ਹਾਦਤ ਦਾ ਸੀ। ਦੂਜਾ ਝਟਕਾ 2002 ਵਿੱਚ ਗੁਜਰਾਤ ਵਿੱਚ ਲੱਗਾ। ਤੀਜਾ ਝਟਕਾ ਇੱਕ ਅਜਿਹੀ ਪਾਰਟੀ ਦੀ ਵੱਡੇ ਪੱਧਰ 'ਤੇ ਵਾਪਸੀ ਸੀ ਜਿਸ ਨੇ ਭਾਰਤ ਨੂੰ ਇੱਕ ਧਰਮ ਅਧਾਰਿਤ ਹਿੰਦੂ ਰਾਜ ਬਣਾਉਣ ਦੇ ਵਾਅਦੇ 'ਤੇ ਚੋਣਾਂ ਜਿੱਤੀਆਂ ਸਨ ਅਤੇ ਘੱਟ ਗਿਣਤੀਆਂ ਨੂੰ ਰਾਜਨੀਤੀ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਾ ਦਿੱਤਾ ਸੀ। 

ਸੈਮੀਨਾਰ ਦੇ ਇਸ ਉਦਘਾਟਨੀ ਸੈਸ਼ਨ ਦਾ ਸੰਚਾਲਨ "ਪ੍ਰਲੇਸ" ਦੇ ਕੌਮੀ ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਸਿਰਸਾ ਨੇ ਕੀਤਾ ਅਤੇ "ਪ੍ਰਲੇਸ" ਪੰਜਾਬ ਇਕਾਈ ਦੇ ਪ੍ਰਧਾਨ ਸੁਰਜੀਤ ਜੱਜ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।  'ਭਾਰਤੀ ਲੋਕਤੰਤਰ ਸਾਹਮਣੇ ਚੁਣੌਤੀਆਂ' ਵਿਸ਼ੇ 'ਤੇ ਕਰਵਾਏ ਗਏ ਪਹਿਲੇ ਸੈਸ਼ਨ ਵਿੱਚ ਪ੍ਰਲੇਸ ਦੇ ਕਾਰਜਕਾਰੀ ਪ੍ਰਧਾਨ ਵਿਭੂਤੀ ਨਰਾਇਣ ਰਾਏ, ਵਰਿੰਦਰ ਯਾਦਵ, ਹੇਤੂ ਭਾਰਦਵਾਜ ਅਤੇ ਡਾ: ਆਰਤੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਲੇਖਕਾਂ ਨੂੰ ਮੌਜੂਦਾ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਸੋਚਣ ਦਾ ਸੱਦਾ ਦਿੱਤਾ।  ਇਸ ਸੈਸ਼ਨ ਦਾ ਸੰਚਾਲਨ ਡਾ: ਸਵਰਾਜਬੀਰ ਨੇ ਕੀਤਾ। 

‘ਸਮਾਜਿਕ ਪਰਿਵਰਤਨ ਅਤੇ ਸਾਹਿਤ ਦੀਆਂ ਦਿਸ਼ਾਵਾਂ’ ਵਿਸ਼ੇ ’ਤੇ ਆਧਾਰਿਤ ਤੀਜੇ ਸੈਸ਼ਨ ਵਿੱਚ ਰਣੇਂਦਰ, ਆਸ਼ੀਸ਼ ਤ੍ਰਿਪਾਠੀ, ਸਾਰਿਕਾ ਸ੍ਰੀ ਵਾਸਤਵ ਅਤੇ ਵਿਨੀਤ ਤਿਵਾੜੀ ਨੇ ਆਪਣੇ ਲੈਕਚਰ ਪੇਸ਼ ਕੀਤੇ ਅਤੇ ਸਾਹਿਤ ਵਿੱਚ ਉਨ੍ਹਾਂ ਦੀਆਂ ਵਿਗਾੜਾਂ ਨੂੰ ਰੇਖਾਂਕਿਤ ਕਰਕੇ, ਨਵ-ਬਸਤੀਵਾਦ ਅਤੇ ਨਵ ਉਦਾਰਵਾਦ ਦੇ ਸੰਦਰਭਾਂ ਨੂੰ ਸਮਝਦਿਆਂ ਆਮ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਸੈਸ਼ਨ ਦਾ ਸੰਚਾਲਨ ਡਾ.ਕੁਲਦੀਪ ਸਿੰਘ ਦੀਪ ਨੇ ਕੀਤਾ। 

ਆਖਰੀ ਸੈਸ਼ਨ ਵਿਚ ਖਾਲਿਦ ਹੁਸੈਨ, ਡਾ: ਵੰਦਨਾ ਚੌਬੇ, ਡਾ: ਕੁਸੁਮ ਮਾਧੁਰੀ ਟੋਪੋ ਅਤੇ ਰਾਕੇਸ਼ ਵਾਨਖੇੜੇ ਨੇ 'ਪਛਾਣ ਦੀ ਰਾਜਨੀਤੀ ਅਤੇ ਸਾਹਿਤ' ਵਿਸ਼ੇ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸੈਸ਼ਨ ਦਾ ਸੰਚਾਲਨ ਡਾ: ਹਰਵਿੰਦਰ ਸਿੰਘ ਸਿਰਸਾ ਨੇ ਕੀਤਾ। ਸੈਮੀਨਾਰ ਦੇ ਅੰਤ ਵਿੱਚ ਜਸਪਾਲ ਮਾਨਖੇੜਾ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸੈਮੀਨਾਰ ਵਿੱਚ ਪਰਵਾਸੀ ਸਾਹਿਤਕਾਰ ਸੁਰਿੰਦਰ ਗੀਤ ਅਤੇ ਪਰਮਿੰਦਰ ਸਵੈਚ, ਐਡਵੋਕੇਟ ਰਾਜਿੰਦਰ ਸਿੰਘ ਚੀਮਾ, ਹਰੀਸ਼ ਪੁਰੀ, ਗੁਰਦੇਵ ਸਿੰਘ ਸਿੱਧੂ, ਸੁਰਿੰਦਰ ਗਿੱਲ, ਜੰਗ ਬਹਾਦਰ ਗੋਇਲ ਵੀ ਸ਼ਾਮਿਲ ਹੋਏ।

ਮੌਜੂਦਾ ਸਮੇਂ ਦੀਆਂ ਚੁਣੌਤੀਆਂ ਸੰਬੰਧੀ ਇਹ ਸੈਮੀਨਾਰ ਇੱਕ ਚੇਤਨਾ ਵੀ ਜਗਾ ਰਿਹਾ ਸੀ ਅਤੇ ਮਾਰਗ ਦਰਸ਼ਨ ਵੀ ਕਰ ਰਿਹਾ ਸੀ। ਇਸ ਮੌਕੇ ਚਰਚਾ ਵਿੱਚ ਆਏ ਮੁੱਦੇ ਨਿਸਚੇ ਹੀ ਇੱਕ ਦ੍ਰਿੜ ਸੋਚ ਵੀ ਪੈਦਾ ਕਰਨਗੇ ਅਤੇ ਲੋਕ ਪੱਖੀ ਸੰਘਰਸ਼ ਨਵੀਂ ਤੇਜ਼ੀ ਨਾਲ ਅੱਗੇ ਵਧਣਗੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਪ੍ਰੋਫੈਸਰ ਕੇਵਲਜੀਤ ਸਿੰਘ ਕੰਵਲ ਦੀ ਪੰਜਵੀਂ ਪੁਸਤਕ ਲੋਕ ਅਰਪਣ

 Saturday 26th October 2024 at 19:21 WhatsApp

ਸਮਾਗਮ ਵਿੱਚ ਸਾਹਿਤ ਦੇ ਗੁਰਾਂ ਅਤੇ ਬਾਰੀਕੀਆਂ ਬਾਰੇ ਵੀ ਗੱਲ ਹੋਈ  


ਚੰਡੀਗੜ੍ਹ: 26 ਅਕਤੂਬਰ, 2024: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

 ਉਂਝ ਤਾਂ ਚੰਡੀਗੜ੍ਹ ਵਿੱਚ ਅੱਜ ਵੀ ਕਈ ਰੁਝੇਵੇਂ ਸਨ। ਸਭ ਤੋਂ ਵੱਡਾ ਸਾਹਿਤਿਕ ਆਯੋਜਨ ਪੰਜਾਬ ਕਲਾ ਭਵਨ ਵਿੱਚ ਇੱਕ ਕੁੰਭ ਵਾਂਗ ਜੁੜਿਆ ਹੋਇਆ ਸੀ।  ਲੋਕਾਂ ਨਾਲ ਜੁੜੇ ਹੋਏ ਲੇਖਕ ਦੂਰ ਦੁਰਾਡਿਓਂ ਪੁੱਜੇ ਹੋਏ ਸਨ। ਕੌਮੀ ਪੱਧਰ ਦਾ ਇਹ ਪ੍ਰੋਗਰਾਮ ਮੌਜੂਦਾ ਹਾਲਾਤ ਦੀਆਂ ਚੁਣੌਤੀਆਂ ਅਤੇ ਇਹਨਾਂ ਦਾ ਸਾਹਮਣਾ ਕਰਨ ਲਈ ਹੋ ਰਹੇ ਉਪਰਾਲਿਆਂ ਬਾਰੇ ਬੜੀਆਂ ਪਤੇ ਦੀਆਂ ਗੱਲਾਂ ਕਰਦਾ ਸੀ। ਇਸਦੀ ਰਿਪੋਰਟ ਵੱਖਰੇ ਤੌਰ 'ਤੇ ਦਿੱਤੀ ਜਾ ਰਹੀ ਹੈ। 

ਇਸ ਸਮਾਗਮ ਤੋਂ ਇਲਾਵਾ ਇੱਕ ਹੋਰ ਸਾਹਿਤਕ ਆਯੋਜਨ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿਚਲੀ ਲਾਇਬ੍ਰੇਰੀ ਵਿੱਚ ਵੀ ਰੱਖਿਆ ਗਿਆ ਸੀ। ਜੇਕਰ ਇਹ ਸਮਾਗਮ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਪ੍ਰੋਗਰਾਮ ਤੋਂ ਇੱਕ ਦਿਨ ਅੱਗੇ ਪਿਛੇ ਰੱਖਿਆ ਜਾਂਦਾ ਤਾਂ ਜ਼ਿਆਦਾ ਚੰਗਾ ਹੁੰਦਾ। ਇਸਦੇ ਬਾਵਜੂਦ ਕੁਝ ਸਾਹਿਤ ਰਸੀਏ ਇਸ ਸਮਾਗਮ ਵਿਚ ਵੀ ਪੁੱਜੇ ਹੋਏ ਸਨ। ਇਸ ਸਮਾਗਮ ਵਿੱਚ ਪ੍ਰੋਫੈਸਰ ਕੇਵਲਜੀਤ ਸਿੰਘ ਕੰਵਲ ਦੀ ਪੰਜਵੀ ਪੁਸਤਕ ਰਿਲੀਜ਼ ਕੀਤੀ ਗਈ ਸੀ। 

ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਵੱਲੋਂ ਟੀ.ਐਸ. ਸੈਂਟਰਲ ਸਟੇਟ ਲਾਇਬਰੇਰੀ ਸੈਕਟਰ-17 ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਕਵੀ ਕੇਵਲਜੀਤ ਸਿੰਘ ਕੰਵਲ ਦੇ ਕਾਵਿ-ਸੰਗ੍ਰਹਿ ‘ਵਜ਼ੂਦ ਜ਼ਿੰਦਗੀ ਦਾ’ ਦਾ ਲੋਕ ਅਰਪਣ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਜਸਪਾਲ ਸਿੰਘ ਦੇਸੂਵੀ ਨੇ ਕੀਤੀ ਜਦ ਕਿ ਪ੍ਰਧਾਨਗੀ ਮੰਡਲ ਵਿੱਚ ਮਨਮੋਹਨ ਸਿੰਘ ਦਾਊਂ, ਗੁਰਦਰਸ਼ਨ ਸਿੰਘ ਮਾਵੀ, ਪ੍ਰਿੰ. ਬਹਾਦਰ ਸਿੰਘ ਗੋਸਲ, ਡਾ. ਰਜਿੰਦਰ ਰੇਨੂੰ ਅਤੇ ਪੁਸਤਕ ਦੇ ਲੇਖਕ ਕੇਵਲਜੀਤ ਸਿੰਘ ਕੰਵਲ ਸ਼ਾਮਲ ਹੋਏ। ਮੰਚ ਬਾਰੇ ਜਾਣ-ਪਛਾਣ ਅਤੇ ਸੰਚਾਲਨ ਭਗਤ ਰਾਮ ਰੰਗਾੜਾ ਨੇ ਕੀਤਾ। ਸਰੋਤਿਆਂ ਵਿੱਚ ਸਾਹਿਤ ਰਸੀਏ, ਸ਼ਾਇਰ ਅਤੇ ਸਾਹਿਤਿਕ ਪੱਤਰਕਾਰੀ ਵਿੱਚ ਰੂਚੀ ਰੱਖਣ ਵਾਲੇ ਵੀ ਮੌਜੂਦ ਸਨ। ਭਗਤ ਰਾਮ ਰੰਗਾੜਾ ਹੁਰਾਂ ਦਾ ਸੰਬੋਧਨ ਸਭਨਾਂ ਨੂੰ ਮੰਚ ਨਾਲ ਜੋੜ ਰਿਹਾ ਸੀ। 

ਸਮਾਗਮ ਦੀ ਅਰੰਭਤਾ ਸੁਰਜੀਤ ਸਿੰਘ ਧੀਰ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਪੁਸਤਕ ਲੋਕ ਅਰਪਣ ਰਸਮ ਤੋਂ ਬਾਅਦ ਰਜਿੰਦਰ ਸਿੰਘ ਧੀਮਾਨ ਨੇ ਪੁਸਤਕ ਤੇ ਆਪਣਾ ਵਿਸਥਾਰ ਪੂਰਵਕ ਪਰਚਾ ਪੜ੍ਹਿਆ। ਦੀਪਕ ਸ਼ਰਮਾ ਚਨਾਰਥਲ ਅਤੇ ਰਾਜੀਵ ਗਰੋਵਰ ਫਿਰੋਜ਼ਪੁਰ ਜੋ ਕਿਸੇ ਕਾਰਨ ਕਰਕੇ ਹਾਜ਼ਰ ਨਹੀਂ ਹੋ ਸਕੇ ਵੱਲੋਂ ਭੇਜੇ ਗਏ ਪਰਚੇ ਮੰਚ ਸਕੱਤਰ ਰੰਗਾੜਾ ਵੱਲੋਂ ਪੜ੍ਹੇ ਗਏ। ਰੰਗਾੜਾ  ਅੰਦਾਜ਼ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਸਾਹਿਤਿਕ  ਬਣਾ ਰਿਹਾ ਸੀ। 

ਪੁਸਤਕ ਨਾਲ ਪੜ੍ਹੇ ਗਏ ਪਰਚਿਆਂ ਤੋਂ ਬਾਅਦ ਗੁਰਦਰਸ਼ਨ ਸਿੰਘ ਮਾਵੀ, ਬਹਾਦਰ ਸਿੰਘ ਗੋਸਲ, ਪਾਲ ਅਜਨਬੀ, ਬਾਬੂ ਰਾਮ ਦੀਵਾਨਾ ਅਤੇ ਡਾ. ਰਜਿੰਦਰ ਰੇਨੂੰ ਨੇ ਪੁਸਤਕ ਤੇ ਆਪਣੇ ਵਿਚਾਰ ਪੇਸ਼ ਕੀਤੇ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਇਸ ਨੂੰ ਇੱਕ ਮਿਆਰੀ ਪੁਸਤਕ ਦੱਸਿਆ ਅਤੇ ਆਪਣੀ ਇੱਕ ਸਮਾਜਿਕ ਨਜ਼ਮ ਸੁਣਾਈ। ਜਸਪਾਲ ਸਿੰਘ ਦੇਸੂਵੀ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਪੁਸਤਕ ਜੀਵਨ ਦੇ ਨਿੱਜੀ, ਪਰਿਵਾਰਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਵਰਤਾਰਿਆਂ ਬਾਰੇ ਬਰੀਕੀ ਨਾਲ ਵਿਅੰਗ ਕਰਦੇ ਹੋਏ ਬਿਆਨ ਕਰਦੀ ਹੈ ਅਤੇ ਲੇਖਕ ਦੇ ਮਨੁੱਖਤਾ ਦੇ ਭਵਿੱਖ ਬਾਰੇ ਫ਼ਿਕਰਾਂ ਬਾਰੇ ਖੁਲਾਸਾ ਕਰਦੀ ਹੈ। ਉਨ੍ਹਾਂ ਨੇ ਲੇਖਕ ਨੂੰ ਉਨ੍ਹਾਂ ਦੀ ਘਾਲਣਾ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ। ਰੰਗਾੜਾ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਕਿ ਬਹੁਤ ਵਧੀਆ ਪੁਸਤਕ ਹੈ ਜੋ ਘਰਾਂ ਅਤੇ ਲਾਇਬਰੇਰੀਆਂ ਵਿੱਚ ਸਾਂਭਣਯੋਗ ਹੈ। 

ਲੇਖਕ ਨੇ ਕਿਹਾ ਕਿ ਉਸ ਨੇ ਆਪਣੇ ਜੀਵਨ ਦੀ ਹਰ ਹਕੀਕਤ ਨੂੰ ਹੂ-ਬ-ਹੂ ਪੁਸਤਕ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਉਹ ਸੱਚ ਕਿੰਨਾ ਵੀ ਕੌੜਾ ਕਿਉਂ ਨਾ ਹੋਵੇ। ਮੰਚ ਵੱਲੋਂ ਲੇਖਕ ਨੂੰ ਸਿਰਪਾਓ ਅਤੇ ਮੋਮੈਂਟੋ ਨਾਲ ਸਨਮਾਨਿਤ ਕੀਤਾ ਗਿਆ। 

ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਬਲਵਿੰਦਰ ਸਿੰਘ ਢਿੱਲੋਂ, ਪਿਆਰਾ ਸਿੰਘ ਰਾਹੀ, ਪ੍ਰਤਾਪ ਪਾਰਸ ਗੁਰਦਾਸਪੁਰੀ, ਦਰਸ਼ਨ ਤਿਊਣਾ, ਜਗਤਾਰ ਸਿੰਘ ਜੋਗ, ਮਿੱਕੀ ਪਾਸੀ, ਮੰਦਰ ਗਿੱਲ, ਡਾ. ਮਨਜੀਤ ਸਿੰਘ ਬੱਲ, ਪਾਲ ਅਜਨਬੀ ਅਤੇ ਗੁਰਮਾਨ ਸੈਣੀ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਰੰਗ ਬਿਖੇਰਿਆ। ਲੇਖਕ ਦੇ ਪਰਿਵਾਰ, ਰਾਜ ਕੁਮਾਰ ਸਾਹੋਵਾਲੀਆ, ਰਾਜਵਿੰਦਰ ਸਿੰਘ ਗੱਡੂ, ਹਰਵਿੰਦਰ ਕੌਰ, ਦਿਲਬਾਗ ਸਿੰਘ, ਨਵਨੀਤ ਭੁੱਲਰ, ਬਲਦੇਵ ਸਿੰਘ ਬਿੰਦਰਾ, ਕੁਲਵਿੰਦਰ ਕੌਰ, ਵੈਸ਼ਾਲੀ, ਸਰਬਜੀਤ ਸਿੰਘ, ਗੁਰਮੇਲ ਸਿੰਘ, ਰਾਜਿੰਦਰ ਕੌਰ, ਸੁਨੀਤਾ ਮਦਾਨ, ਹਰਮਿੰਦਰ ਕਾਲੜਾ, ਪਾਲ ਅਜਨਬੀ, ਅਤੇ ਰੰਜਨਾ ਅਗਰਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। 

ਅੰਤ ਵਿੱਚ ਨੈਸ਼ਨਲ ਐਵਾਰਡੀ ਬਲਕਾਰ ਸਿੰਘ ਸਿੱਧੂ ਮੰਚ ਕੋਆਰਡੀਨੇਟਰ ਨੇ ਜਿੱਥੇ ਸਭ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਲੇਖਕ ਦੀ ਪੁਸਤਕ ਵਿੱਚੋਂ ਹੀ ਇੱਕ ਨਜ਼ਮ ਵੀ ਪੜ੍ਹ ਕੇ ਸੁਣਾਈ। ਸਿੱਧੂ ਸਾਹਿਬ ਦਾ ਅੰਦਾਜ਼ ਇਸ ਗੱਲ ਦੀ ਜਾਚ ਸਿਖਾਉਣ ਵਾਲਾ ਵੀ ਸੀ ਕਿ ਜੇਕਰ ਨਜ਼ਮ ਨੂੰ ਸੁਚੱਜੇ ਅੰਦਾਜ਼ ਨਾਲ ਪੜ੍ਹਿਆ ਜਾਏ ਤਾਂ ਉਸਦਾ ਅਸਰ ਵੀ ਕਮਾਲ ਦਾ ਹੁੰਦਾ ਹੈ। ਇਹ ਸੱਚਮੁੱਚ ਇੱਕ ਸਮਝਣ ਵਾਲੀ ਡੂੰਘੀ ਗੱਲ ਸੀ ਕਿ ਨਜ਼ਮ ਵਿੱਚ ਲੁੱਕੇ ਹੋਏ ਰਿਦਮ ਅਤੇ ਸੰਗੀਤ ਨੂੰ ਸਮਝਣ ਵਾਲਾ ਹੀ ਉਸਨੂੰ ਉਸ ਅੰਦਾਜ਼ ਨਾਲ ਪੇਸ਼ ਕਰ ਸਕਦਾ ਹੈ ਜਿਸ ਦਾ ਅਸਰ ਸਰੋਤਿਆਂ ਦੇ ਸਿੱਧਾ ਦਿਲ ਵਿੱਚ ਉਤਰ ਜਾਏ। 

ਇਸ ਸਮਾਗਮ ਦੀ ਇੱਕ ਹੋਰ ਪ੍ਰਾਪਤੀ ਇਹ ਵੀ ਸੀ ਕਿ ਜਿੱਥੇ ਨਿੱਕੀ ਉਮਰ ਵਾਲੇ ਸ਼ਾਇਰ  ਮਿੱਕੀ ਪਾਸੀ ਪ੍ਰੋਗਰਾਮ ਦੇ ਅਖੀਰ ਤੱਕ  ਮੌਜੂਦ ਰਹੇ। ਰਸਮੀ ਪ੍ਰੋਗਰਾਮ ਦੇ ਮੁੱਕ ਜਾਣ ਮਗਰੋਂ ਅਖੀਰ ਵਿੱਚ ਚਾਹਪਾਣੀ ਦੇ ਦੌਰ ਸਮੇਂ ਵੀ ਸਾਹਿਤ ਨਾਲ ਸਬੰਧਤ ਗੱਲਾਂ ਚੱਲਦੀਆਂ ਰਹੀਆਂ। ਮੌਜੂਦਾ ਦੌਰ ਦੀਆਂ ਚੁਣੌਤੀਆਂ ਬਾਰੇ ਵੀ ਚਰਚਾ ਹੋਈ।  

ਹਿੰਦੀ ਸਾਹਿਤ ਰਚਨਾ ਅਤੇ ਸਿਰਜਣਾ ਨਾਲ ਪ੍ਰੇਮ ਕਰਨ ਵਾਲੇ ਪਾਲ ਅਜਨਬੀ ਵੀ ਸਾਹਿਤਿਕ ਏਕਤਾ ਅਤੇ ਭਾਸ਼ਾਈ ਏਕਤਾ ਦੀਆਂ ਗੱਲਾਂ ਕਰਦੇ ਹੋਏ ਫੁੱਟ ਪਾਊ ਰੂਝਾਨਾਂ ਵਾਲੀ ਸਿਆਸਤ ਦੀ ਨਿਖੇਧੀ ਕਰਦੇ ਰਹੇ। ਉਹਨਾਂ ਕਿਹਾ ਕਿ ਕਲਮਕਾਰਾਂ ਨੂੰ ਹਰ ਉਸ ਗੱਲ ਦਾ  ਵਿਰੋਧ ਕਰਨਾ ਚਾਹੀਦਾ ਹੈ ਜਿਹੜੇ ਭਰਾ ਨੂੰ ਭਰਾ ਨਾਲ ਆਪਸ ਵਿੱਚ ਲੜਾਊਂ ਵਾਲੀ ਕੋਈ ਸਾਜ਼ਿਸ਼ ਰਚਦੀ ਹੋਵੇ। ਸਾਹਿਤ ਦੀ ਸ਼ਕਤੀ ਸਿਰਜਣਾ, ਸ਼ਾਂਤੀ ਏਕਤਾ ਲਈ ਵਰਤਣੀ ਜਾਣੀ ਚਾਹੀਦੀ ਹੈ। 

ਕੁਲ ਮਿਲਾ ਕੇ ਇਹ ਸਮਾਗਮ ਕਾਫੀ ਯਾਦਗਾਰੀ ਰਿਹਾ। ਚੰਡੀਗੜ੍ਹ ਦੀ ਇਹ ਸੈਂਟਰਲ ਲਾਇਬ੍ਰੇਰੀ ਵੀ ਸਾਹਿਤਿਕ ਆਯੋਜਨਾਂ ਦੇ ਕੁੰਭ ਕੇਂਦਰ ਵਾਂਗ ਉਭਰਦੀ ਮਹਿਸੂਸ ਹੋ ਰਹੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, 15 October 2024

ਭਾਸ਼ਾ ਵਿਭਾਗ ਵੱਲੋਂ ਸਾਲ 2022 ਦਾ 'ਡਾ. ਅਤਰ ਸਿੰਘ ਪੁਰਸਕਾਰ' ਡਾ. ਮਨਜੀਤ ਕੌਰ ਆਜ਼ਾਦ ਨੂੰ

Press Note//15th October 2024 at 14:56 WhatsApp//Harmeet Vidyarthi//Ferozepur//Language Department News

ਪੁਸਤਕ 'ਵਿਸ਼ਵ ਸੱਭਿਆਚਾਰ ਬਨਾਮ ਸਥਾਨਕ ਸੱਭਿਆਚਾਰ' ਲਈ ਐਲਾਨਿਆ 


ਫ਼ਿਰੋਜ਼ਪੁਰ
: 15 ਅਕਤੂਬਰ 2024: (ਹਰਮੀਤ ਵਿਦਿਆਰਥੀ//ਸਾਹਿਤ ਸਕਰੀਨ)::

ਫਿਰੋਜ਼ਪੁਰ ਸ਼ਹਿਰ ਲਈ ਵੱਡੇ ਮਾਣ ਦੀ ਗੱਲ ਹੈ ਕਿ ਭਾਸ਼ਾ ਵਿਭਾਗ, ਪੰਜਾਬ ਵੱਲੋਂ ਐਲਾਨੇ ਗਏ ਸਰਵੋਤਮ ਪੁਰਸਕਾਰਾਂ ਵਿੱਚੋਂ ਸਾਲ 2022 ਦਾ ਆਲੋਚਨਾ ਦਾ ਵਕਾਰੀ ਪੁਰਸਕਾਰ 'ਡਾ. ਅਤਰ ਸਿੰਘ ਪੁਰਸਕਾਰ' ਡਾ. ਮਨਜੀਤ ਕੌਰ ਆਜ਼ਾਦ ਦੀ ਪੁਸਤਕ 'ਵਿਸ਼ਵ ਸੱਭਿਆਚਾਰ ਬਨਾਮ ਸਥਾਨਕ ਸੱਭਿਆਚਾਰ' ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਪੁਸਤਕ ਵਿੱਚ ਡਾ. ਮਨਜੀਤ ਕੌਰ ਆਜ਼ਾਦ ਵੱਲੋਂ ਵਿਸ਼ਵੀਕਰਨ ਦੇ ਮਾਨਵੀ ਜ਼ਿੰਦਗੀ ਦੇ ਵਿਭਿੰਨ ਪੱਖਾਂ ਤੇ ਪਏ ਪ੍ਰਭਾਵਾਂ ਸਦਕਾ ਪਣਪ ਰਹੇ ਨਵ ਵਿਸ਼ਵ ਸੱਭਿਆਚਾਰ ਬਾਬਤ ਬਾਰੀਕ ਅਤੇ ਨਿੱਗਰ ਚਰਚਾ ਕੀਤੀ ਗਈ ਹੈ। 

ਇਸ ਪੁਸਤਕ ਦੀ ਇਹ ਵੀ ਪ੍ਰਾਪਤੀ ਹੈ ਕਿ ਇਸ ਵਿਚ ਲੇਖਿਕਾ ਨੇ  ਵਿਸ਼ਵ ਸੱਭਿਆਚਾਰ ਦੀ ਨਿਰਮਾਣ ਪ੍ਰਕਿਰਿਆ (ਜੋ ਕਿ ਪੰਜਾਬੀ ਸਾਹਿਤ ਵਿੱਚ ਇੱਕ ਨਿਵੇਕਲਾ ਕਾਰਜ ਹੈ) ਬਾਰੇ ਗਹਿਰ ਗੰਭੀਰ ਚਰਚਾ ਕਰਦਿਆਂ ਬੜੀ ਸਪਸ਼ਟਤਾ ਨਾਲ ਸਥਾਨਕ ਸੱਭਿਆਚਾਰਾਂ ਨੂੰ ਦਰਪੇਸ਼ ਚੁਣੌਤੀਆਂ, ਸੰਕਟਾਂ ਅਤੇ ਦਵੰਧਾਂ ਬਾਰੇ ਚਰਚਾ ਕੀਤੀ ਹੈ l ਆਪਣੇ ਤੱਥਾਂ ਦੀ ਪ੍ਰਮਾਣਿਕਤਾ ਲਈ ਲੇਖਿਕਾ ਨੇ ਵਿਭਿੰਨ ਉਮਰ ਵਰਗ ਦੇ ਲੋਕਾਂ ਤੋਂ ਜਾਣਕਾਰੀ ਪ੍ਰਾਪਤ ਕਰਕੇ ਅੰਕੜਿਆਂ ਦੇ ਆਧਾਰ ਤੇ ਆਪਣੀ ਖੋਜ ਕੀਤੀ ਅਤੇ ਇਸ ਨੂੰ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਇਆ। 

ਇਸ ਤੋਂ ਪਹਿਲਾਂ ਵੀ ਲੇਖਿਕਾ ਵੱਲੋਂ ਦੋ ਕਵਿਤਾ ਦੀਆਂ ਅਤੇ ਆਲੋਚਨਾ ਦੀਆਂ ਦੋ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ l ਉਹਨਾਂ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਫਿਰੋਜ਼ਪੁਰ ਸ਼ਹਿਰ ਅਤੇ ਆਰ. ਐਸ. ਡੀ. ਕਾਲਜ  ਲਈ ਵੀ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ ਜਿੱਥੇ ਉਹ ਪਿਛਲੇ 13 ਸਾਲ ਤੋਂ ਪੰਜਾਬੀ ਅਧਿਆਪਕਾ ਵਜੋਂ ਸੇਵਾਵਾਂ ਨਿਭਾ ਰਹੇ ਹਨ। ਪਾਰ ਇਹ ਤੇਰਾਂ ਸਾਲ ਈ ਲੇਖਿਕਾ ਲਈ ਇੱਕ ਲੰਮਾ ਸੰਘਰਸ਼ ਵੀ ਰਿਹਾ ਅਤੇ ਸਖਤ ਇਮਤਿਹਾਨ ਵੀ। 

ਇਹ ਬੇਹੱਦ ਅਫ਼ਸੋਸ ਵਾਲੀ ਗੱਲ ਹੈ ਕਿ ਆਰ.ਐਸ.ਡੀ. ਸੰਸਥਾ ਆਪਣੀ ਇਸ ਅਧਿਆਪਕਾ ਦੀ ਇਸ ਪ੍ਰਾਪਤੀ ਲਈ ਮਾਣਮੱਤੀ ਨਹੀਂ ਹੋ ਸਕੇਗੀ ਕਿਉਂਕਿ ਭਾਸ਼ਾ ਵਿਭਾਗ ਦੇ ਇਸ ਵੱਕਾਰੀ ਪੁਰਸਕਾਰ ਦੀ ਵਿਜੇਤਾ ਡਾ.ਮਨਜੀਤ ਕੌਰ ਆਜ਼ਾਦ ਨੂੰ RSD College ਦੀ ਮੈਨੇਜਮੈਂਟ ਨੇ ਉਹਨਾਂ ਦੇ ਦੋ ਹੋਰ ਸਹਿਯੋਗੀਆਂ ਸਮੇਤ ਪਿਛਲੇ ਸਾਲ ਬਿਨਾਂ ਵਜ੍ਹਾ ਨੌਕਰੀ ਤੋਂ ਕੱਢ ਦਿੱਤਾ ਸੀ ਅਤੇ 52 ਦਿਨ ਪ੍ਰੋ.ਮਨਜੀਤ ਕੌਰ ਨੂੰ ਦਿਨ ਰਾਤ ਸੜਕਾਂ ਤੇ ਬੈਠਣਾ ਪਿਆ ਤਾਂ ਜਾ ਕੇ ਬਹਾਲ ਹੋਏ। ਅਦਾਲਤੀ ਹੁਕਮਾਂ ਤੋਂ ਬਾਅਦ ਕਾਲਜ ਨੇ ਇਹਨਾਂ ਨੂੰ ਮੁੜ ਜੁਆਇਨ ਤਾਂ ਕਰਵਾ ਲਿਆ ਸੀ ਪਰ ਇਸ ਪੁਰਸਕਾਰ ਵਿਜੇਤਾ ਨੂੰ ਕਾਲਜ ਮੈਨੇਜਮੈਂਟ ਵੱਲੋਂ ਪਿਛਲੇ11 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ।

ਸ਼ਬਦ ਸੱਭਿਆਚਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਦੇ ਪ੍ਰਧਾਨ ਪ੍ਰੋ.ਜਸਪਾਲ ਘਈ ਜਨਰਲ ਸਕੱਤਰ ਸੁਖਜਿੰਦਰ ,ਪ੍ਰੋ.ਗੁਰਤੇਜ ਕੋਹਾਰਵਾਲਾ, ਪ੍ਰੋ.ਕੁਲਦੀਪ, ਰਾਜੀਵ ਖ਼ਿਆਲ ਸੁਖਦੇਵ ਭੱਟੀ , ਓਮਪ੍ਰਕਾਸ਼ ਸਰੋਏ, ਲਾਲ ਸਿੰਘ ਸੁਲਹਾਨੀ,ਸਰਬਜੀਤ ਸਿੰਘ ਭਾਵੜਾ, ਸੰਦੀਪ ਚੌਧਰੀ, ਸੁਖਵਿੰਦਰ ਭੁੱਲਰ ਅਤੇ ਹਰਮੀਤ ਵਿਦਿਆਰਥੀ ਨੇ ਡਾ.ਮਨਜੀਤ ਕੌਰ ਆਜ਼ਾਦ ਨੂੰ ਇਸ ਪ੍ਰਾਪਤੀ ਮੁਬਾਰਕਬਾਦ ਦਿੱਤੀ ਅਤੇ ਭਾਸ਼ਾ ਵਿਭਾਗ ਦਾ ਧੰਨਵਾਦ ਕੀਤਾ।

Monday, 14 October 2024

ਪ੍ਰੋ. ਜੀ. ਐਨ. ਸਾਈਬਾਬਾ ਦੀ ਬੇਵਕਤੀ ਮੌਤ ਇਕ ਸੰਸਥਾਗਤ ਕਤਲ-ਪੰਜਾਬੀ ਸਾਹਿਤ ਅਕਾਦਮੀ

Monday 14th October 2024 at 4:38 PM Sahit Screen Punjabi Ludhiana//Peoples Media Link 

 ਪ੍ਰੋ. ਜੀ. ਐਨ. ਸਾਈਬਾਬਾ ਦੇ ਦੇਹਾਂਤ ’ਤੇ ਸਾਹਿਤਿਕ ਜਗਤ ਵੀ ਉਦਾਸ 


ਲੁਧਿਆਣਾ: 14 ਅਕਤੂਬਰ 2024:(ਪੀਪਲਜ਼ ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ):: 

ਪ੍ਰੋਫੈਸਰ ਜੀ ਐਨ ਸਾਈਬਾਬਾ ਨੂੰ ਸਾਡੇ ਕੋਲੋਂ ਖੋਹ ਲਿਆ ਗਿਆ ਹੈ। ਬੁਧੀਜੀਵੀਆਂ ਦੇ ਸਿਲਸਿਲੇਵਾਰ ਕਤਲਾਂ ਦੀ ਸਾਜ਼ਿਸ਼ ਵਿੱਚ ਹੁਣ ਸਾਈਬਾਬਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਲੇਖਕ ਜਗਤ ਉਦਾਸ ਹੈ। ਸਾਹਿਤਿਕ ਹਲਕਿਆਂ ਵਿੱਚ ਵੀ ਸੋਗ ਹੈ। ਲੇਖਕ ਰੋਹ ਅਤੇ ਰੋਸ ਵਿੱਚ ਹਨ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਸਮੂਹ ਮੈਂਬਰਾਂ ਵਲੋਂ ਪ੍ਰੋ. ਜੀ.ਐਨ. ਸਾਈਬਾਬਾ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਅਕਾਦਮੀ ਨੇ ਪ੍ਰੋਫੈਸਰ ਸਾਈਬਾਬਾ ਦੀ ਇਸ ਮੌਤ ਨੂੰ ਬਕਾਇਦਾ ਸੰਸਥਾਗਤ ਕਤਲ ਕਰਾਰ ਦਿੱਤਾ ਹੈ। ਉਂਝ ਇਸਦਾ ਖਦਸ਼ਾ ਪ੍ਰਗਤੀਸ਼ੀਲ ਹਲਕਿਆਂ ਵੱਲੋਂ ਬਹੁਤ ਪਹਿਲਾਂ ਤੋਂ ਪ੍ਰਗਟਾਇਆ ਜਾ ਰਿਹਾ ਸੀ। ਪ੍ਰੋਫੈਸਰ ਸਾਈਬਾਬਾ ਨੂੰ ਰਿਹਾ ਕਰਨ ਦੀ ਮੰਗ ਨੂੰ ਲੈਕੇ ਲੁਧਿਆਣਾ ਦੇ ਪੰਜਾਬੀ ਭਵਨ ਵਿਚ ਵੀ ਸਮਾਗਮ ਹੁੰਦੇ ਰਹੇ ਹਨ। ਪ੍ਰੋਫੈਸਰ ਸਾਈ ਬਾਬਾ ਦੀ ਪਤਨੀ ਏ ਐਸ ਵਸੰਤਾ ਕੁਮਾਰੀ ਵੀ ਇਹਨਾਂ ਸਮਾਗਮਾਂ ਵਿਚ ਮੌਜੂਦ ਹੁੰਦੀ ਰਹੀ। 

ਪ੍ਰਗਤੀਸ਼ੀਲ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸੰਗਠਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਪ੍ਰੋਫੈਸਰ ਸਾਈਬਾਬਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਓਰਗਤਾਵਾਂ ਕੀਤਾ ਹੈ। ਇਸ ਸੰਸਥਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉੱਘੇ ਮਨੁੱਖੀ ਅਧਿਕਾਰ ਕਾਰਕੁਨ ਅਤੇ ਦਿੱਲੀ, ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਜੀ. ਐਨ. ਸਾਈਬਾਬਾ ਨੇ ਇਕ ਮਨੁੱਖੀ ਅਧਿਕਾਰ ਕਾਰਕੁਨ ਦੇ ਰੂਪ ਵਿਚ ਆਪਣੀ ਪੂਰੀ ਜ਼ਿੰਦਗੀ ਲੋਕ ਘੋਲਾਂ ਵਿਚ ਸਰਗਰਮ ਭੂਮਿਕਾ ਨਿਭਾਈ ਸੀ।

ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰੋ. ਜੀ. ਐਨ. ਸਾਈਬਾਬਾ ਗ਼ੈਰ ਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਲਗਪਗ 10 ਸਾਲ ਤੱਕ ਗ਼ੈਰ ਕਾਨੂੰਨੀ ਢੰਗ ਨਾਲ ਜੇਲ੍ਹ ਵਿਚ ਬੰਦ ਰਹੇ। ਉਨ੍ਹਾਂ ਦੀ ਬੇਵਕਤੀ ਮੌਤ ਇਕ ਸੰਸਥਾਗਤ ਕਤਲ, ਸਾਡੇ ਸਾਹਮਣੇ ਮਿਸਾਲ ਪੇਸ਼ ਕਰਦਾ ਹੈ ਕਿ ਮਨੁੱਖੀ ਅਧਿਕਾਰ, ਨਾਗਰਿਕ ਅਧਿਕਾਰ, ਜਮਹੂਰੀ ਅਧਿਕਾਰ ਭਾਰਤ ਵਿਚ ਸਿਰਫ਼ ਕਾਨੂੰਨੀ ਪਾਠ-ਪੁਸਤਕਾਂ ਵਿਚ ਲਿਖੇ ਸ਼ਬਦ ਮਾਤਰ ਹਨ।

ਅਕੈਡਮੀ ਦੇ ਨਾਲ ਨਾਲ ਅਫਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਸੁਰਿੰਦਰ ਕੈਲੇ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ, ਜਨਮੇਜਾ ਸਿੰਘ ਜੌਹਲ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਵਰਗਿਸ ਸਲਾਮਤ, ਪ੍ਰੋ. ਸਰਘੀ, ਪ੍ਰੇਮ ਸਾਹਿਲ, ਪ੍ਰੋ. ਬਲਵਿੰਦਰ ਸਿੰਘ ਚਹਿਲ ਅਤੇ ਕਰਮਜੀਤ ਸਿੰਘ ਗਰੇਵਾਲ ਸਮੇਤ ਸਮੂਹ ਮੈਂਬਰ ਸ਼ਾਮਲ ਹਨ।

Saturday, 5 October 2024

ਚਿੱਤਰਕਾਰ ਲੋਕ ਰਮਜ਼ ਨੂੰ ਸਮਝਣ ਵਾਲਾ ਸਿਰੜੀ ਸ਼ਾਇਰ ਸੀ-ਬੂਟਾ ਸਿੰਘ ਚੌਹਾਨ

Saturday 5th Oct 2024 at 4:02 PM

ਸ਼ਤਾਬਦੀ ਸਮਾਗਮ ਮੌਕੇ ਮੈਂ ਉਸ ਦੀ ਪਰਿਕਰਮਾ ਕਰਨ ਲਈ ਆਇਆ ਹਾਂ

ਲੁਧਿਆਣਾ: 05 ਅਕਤੂਬਰ 2024: (ਕੇ ਕੇ ਸਿੰਘ//ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਫੱਕਰ ਸੁਭਾਅ ਵਾਲੇ ਉਸ ਬੁਲੰਦ ਸ਼ਾਇਰ ਨੂੰ ਯਾਦ ਕਰਨਾ ਸੱਚਮੁੱਚ ਬਹੁਤ ਹੀ ਸ਼ਲਾਘਾਯੋਗ ਉੱਦਮ ਉਪਰਾਲਾ ਹੈ। ਸਾਡੇ ਵਿੱਚੋਂ ਜਿਹਨਾਂ ਨੇ ਉਸ ਸ਼ਾਇਰ ਨੂੰ ਨੇੜਿਓਂ ਸੁਣਿਆ ਅਤੇ ਮਹਿਸੂਸ ਕੀਤਾ ਹੈ ਉਹ ਜਾਣਦੇ ਹਨ ਉਸਦੀ ਬੁਲੰਦੀ ਅਤੇ ਖ਼ਾਸੀਅਤ। ਸਾਡੇ ਸਭਨਾਂ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅਜਾਇਬ ਚਿੱਤਰਕਾਰ ਸ਼ਤਾਬਦੀ ਸਮਾਗਮ ਗ਼ਜ਼ਲ ਮੰਚ ਫ਼ਿਲੌਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸਰਦਾਰ ਪੰਛੀ, ਬੂਟਾ ਸਿੰਘ ਚੌਹਾਨ, ਅਜਾਇਬ ਚਿੱਤਰਕਾਰ ਦੇ ਸਪੁੱਤਰ ਸ. ਸੁਖਪਾਲ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ।

ਇਸ ਯਾਦਗਾਰੀ ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਕਦੇ ਤਿੰਨ ਵੱਡੇ ਸੰਗੀਤ ਘਰਾਣਿਆਂ ਦੀ ਕਰਮ ਭੂਮੀ ਸੀ। ਹੋਰ ਤਾਂ ਹੋਰ ਅੱਜ ਅਸੀਂ ਸਾਡੇ ਗੁਰਮਤਿ ਸੰਗੀਤ ਨੂੰ ਵੀ ਭੁੱਲਦੇ ਜਾ ਰਹੇ ਹਾਂ। ਬਾਜ਼ਾਰ ਨੇ ਸੰਗੀਤ ਸੁਣਨ ਜੋਗਾ ਵੀ ਨਹੀਂ ਛੱਡਿਆ। ਅਜਾਇਬ ਚਿੱਤਰਕਾਰ ਅਤੇ ਹੋਰ ਸ਼ਾਇਰ ਚਿੱਤਰਕਾਰ ਕਵੀਆਂ ਨੂੰ ਸਾਂਭਣ ਦੀ ਲੋੜ ਹੈ। ਪੰਜਾਬ ਦੇ ਸ਼ਾਬਦਿਕ ਆਰਟ ਨੂੰ ਕੇਵਲ ਸ਼ਬਦ ਪੜ੍ਹ ਕੇ ਹੀ ਨਹੀਂ ਵਿਚਾਰਿਆ ਜਾ ਸਕਦਾ ਉਸ ਸਮੇਂ ਦੇ ਹਾਲਾਤ ਵੀ ਸਮਝਣੇ ਪੈਣਗੇ।

ਭਾਰਤੀ ਸਾਹਿਤ ਅਕਾਦਮੀ, ਦਿੱਲੀ ਦੇ ਮੈਂਬਰ ਸ. ਬੂਟਾ ਸਿੰਘ ਚੌਹਾਨ ਨੇ ਅਜਾਇਬ ਚਿੱਤਰਕਾਰ ਦੀ ਸ਼ਖ਼ਸੀਅਤ ਅਤੇ ਸਾਹਿਤ ਬਾਰੇ ਗੱਲ ਕਰਦਿਆਂ ਕਿਹਾ ਕਿ ਚਿੱਤਰਕਾਰ ਲੋਕ ਰਮਜ਼ ਨੂੰ ਸਮਝਣ ਵਾਲਾ ਸਿਰੜੀ ਸ਼ਾਇਰ ਸੀ ਜੋ ਸਾਰੀ ਜ਼ਿੰਦਗੀ ਕਿਸੇ ਅੱਗੇ ਝੁਕਿਆ ਨਹੀਂ। ਉਸ ਦੇ ਸ਼ਤਾਬਦੀ ਸਮਾਗਮ ਮੌਕੇ ਮੈਂ ਉਸ ਦੀ ਪਰਿਕਰਮਾ ਕਰਨ ਲਈ ਆਇਆ ਹਾਂ। ਭਾਰਤੀ ਸਾਹਿਤ ਅਕਾਡਮੀ ਵਲੋਂ ਚਿੱਤਰਕਾਰ ਜੀ ਦੇ ਜੱਦੀ ਪਿੰਡ ਘਵੱਦੀ (ਜ਼ਿਲ੍ਹਾ ਲੁਧਿਆਣਾ) ਵਿਖੇ ਸਮਾਗਮ ਕਰਵਾਇਆ ਜਾਵੇਗਾ। 

ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਨੇ ‘ਸਿਰਜਣਾਤਮਕ ਅਮਲ ਦਾ ਸ਼ਾਇਰ: ਅਜਾਇਬ ਚਿੱਤਰਕਾਰ’’ ਬਾਰੇ ਪੇਪਰ ਪੜ੍ਹਦਿਆਂ ਕਿਹਾ ਕਿ ਉਸ ਦੀ ਸ਼ਾਇਰੀ ਮਨੁੱਖੀ ਜ਼ਿੰਦਗੀ ਦੇ ਅਸਾਵੇਂਪਣ ਨੂੰ ਵੱਖ ਵੱਖ ਰੰਗਾਂ ਰਾਹੀਂ ਚਿੱਤਰਦੀ ਹੈ। 

ਸ੍ਰੀਮਤੀ ਸੋਮਾ ਸਬਲੋਕ ਨੇ ਡਾ. ਰਣਜੀਤ ਸਿੰਘ ਦਾ ਲਿਖਿਆ ਪੇਪਰ ‘ਚਿੱਤਰਕਾਰੀ ਤੇ ਸ਼ਾਇਰੀ ਦਾ ਸੁਮੇਲ ਅਜਾਇਬ ਚਿੱਤਰਕਾਰ’ ਪੇਸ਼ ਕੀਤਾ ਜਿਸ ਦਾ ਤੱਤਸਾਰ ਸੀ ਉਹ ਪੇਸ਼ੇ ਵਜੋਂ ਚਿੱਤਰਕਾਰ, ਪਰ ਕਮਾਲ ਦਾ ਸ਼ਾਇਰ ਸੀ। 

ਡਾ. ਜਗਵਿੰਦਰ ਜੋਧਾ ਨੇ ਕਿਹਾ ਕਿ ਅਜਾਇਬ ਚਿੱਤਰਕਾਰ ਇਕ ਤਰੱਕੀ ਪਸੰਦ ਸ਼ਾਇਰ ਸੀ। ਉਸ ਨੇ ਉਰਦੂ ਸ਼ਾਇਰੀ ਨੂੰ ਪਲਟਾ ਕੇ ਸਰਲ ਪੰਜਾਬੀ ਸ਼ਾਇਰੀ ਵਿਚ ਪੇਸ਼ ਕੀਤਾ। ਇਸ ਲਈ ਉਸ ਦੀ ਸ਼ਾਇਰੀ ਨੂੰ ਗੰਭੀਰਤਾ ਨਾਲ ਸਮਝਣਾ ਬਹੁਤ ਜ਼ਰੂਰੀ ਹੈ।

ਇਸ ਮੌਕੇ ਪੰਜਾਬੀ ਗ਼ਜ਼ਲ ਮੰਚ ਫ਼ਿਲੌਰ ਵਲੋਂ ਸ਼ਾਇਰ ਭਗਵਾਨ ਢਿੱਲੋਂ ਨੂੰ ਅਜਾਇਬ ਚਿੱਤਰਕਾਰ ਯਾਦਗਾਰੀ ਸਨਮਾਨ ਭੇਟਾ ਕੀਤਾ ਗਿਆ ਜਿਸ ਵਿਚ ਦੋਸ਼ਾਲਾ, ਸ਼ੋਭਾ ਪੱਤਰ ਅਤੇ ਨਕਦ ਰਾਸ਼ੀ ਸ਼ਾਮਲ ਸੀ।  ਇਸ ਮੌਕੇ ਪ੍ਰਸਿੱਧ ਸ਼ਾਇਰ ਭਗਵਾਨ ਢਿੱਲੋਂ ਬਾਰੇ ਜਾਣ-ਪਛਾਣ ਕਰਵਾਉਦਿਆਂ ਐੱਸ. ਐੱਸ. ਡਿੰਪਲ ਨੇ ਕਿਹਾ ਕਿ ਭਗਵਾਨ ਢਿੱਲੋਂ ਦੀ ਸ਼ਾਇਰੀ ਦਾ ਮੁਹਾਵਰਾ ਵਿਲੱਖਣ ਹੈ। ਉਸ ਦੀ ਸ਼ਾਇਰੀ ਸਿਆਸੀ, ਧਾਰਮਿਕ ਅਤੇ ਸਮਾਜਿਕ ਮਸਲੇ ਉਭਾਰਦੀ ਹੈ ਅਤੇ ਪਾਠਕ ਨੂੰ ਆਪਣੇ ਅੰਦਰ ਦੇਖਣ ਲਈ ਮਜਬੂਰ ਕਰਦੀ ਹੈ। ਭਗਵਾਨ ਢਿੱਲੋਂ ਬਾਰੇ ਸ਼ੋਭਾ ਪੱਤਰ ਅਕਾਡਮੀ ਦੇ ਦਫ਼ਤਰ ਸਕੱਤਰ ਜਸਵੀਰ ਝੱਜ ਨੇ ਪੜ੍ਹਿਆ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਸਮਰੱਥ ਸ਼ਾਇਰ, ਉਸਤਾਦ ਗ਼ਜ਼ਲਗੋ ਅਜਾਇਬ ਚਿੱਤਰਕਾਰ ਦਾ ਸ਼ਤਾਬਦੀ ਸਮਾਗਮ ਮਨਾ ਰਹੇ ਹਾਂ। ਭਾਰਤੀ ਸਾਹਿਤ ਅਕਾਦਮੀ ਵਲੋਂ ਕਰਵਾਏ ਜਾਣ ਵਾਲੇ ਸਮਾਗਮ ਵਿਚ ਪੰਜਾਬੀਸਾਹਿਤ ਅਕਾਡਮੀ, ਲੁਧਿਆਣਾ ਪੂਰਾ ਸਹਿਯੋਗ ਦੇਵੇਗੀ। 

ਇਸ ਮੌਕੇ ਅਜਾਇਬ ਚਿੱਤਰਕਾਰ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਗ਼ਜ਼ਲ ਮੰਚ ਫ਼ਿਲੌਰ ਦੇ ਜਨਰਲ ਸਕੱਤਰ ਤਰਲੋਚਨ ਝਾਂਡੇ, ਡਾ. ਗੁਰਚਰਨ ਕੌਰ ਕੋਚਰ, ਸਤੀਸ਼ ਗੁਲਾਟੀ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਕੰਵਲ ਢਿੱਲੋਂ, ਗੁਰਵਿੰਦਰ ਸਿੰਘ ਕੰਵਰ, ਉਜਾਗਰ ਸਿੰਘ ਲਲਤੋਂ, ਡਾ. ਯਾਦਵਿੰਦਰ ਸਿੰਘ, ਦਲਜੀਤ ਕੌਰ, ਹਰਜਿੰਦਰ ਸਿੰਘ ਰਾਏਕੋਟ, ਰੇਸ਼ਮ ਸਿੰਘ ਹਲਵਾਰਾ, ਹਰਪਾਲ ਕਨੇਚਵੀ, ਕਸਤੂਰੀ ਲਾਲ, ਮਹਿੰਦਰ ਸਿੰਘ, ਗੁਰਮੀਤ ਕੌਰ, ਭੁਪਿੰਦਰ ਸਿੰਘ ਚੌਕੀਮਾਨ, ਚਰਨਜੀਤ ਸਿੰਘ ਮਨਪ੍ਰੀਤ, ਹਸਕੀਰਤ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।

ਅਜਾਇਬ ਚਿੱਤਰਕਾਰ ਨੂੰ ਸਮਰਪਿਤ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸਰਦਾਰ ਪੰਛੀ ਹੋਰਾਂ ਨੇ ਕੀਤੀ। ਕਵੀ ਦਰਬਾਰ ਵਿਚ ਭਗਵਾਨ ਢਿੱਲੋਂ, ਡਾ. ਹਰੀ ਸਿੰਘ ਜਾਚਕ, ਅਜੀਤ ਪਿਆਸਾ, ਜਸਵੀਰ ਝੱਜ, ਦਰਸ਼ਨ ਓਬਰਾਏ,  ਅਮਰਜੀਤ ਸ਼ੇਰਪੁਰੀ, ਜ਼ੋਰਾਵਰ ਸਿੰਘ ਪੰਛੀ, ਪਰਮਿੰਦਰ ਅਲਬੇਲਾ, ਸੀਮਾ ਕਲਿਆਣ, ਪਰਮਜੀਤ ਕੌਰ ਮਹਿਕ, ਦਲਵੀਰ ਕਲੇਰ, ਬਲਜੀਤ ਸਿੰਘ, ਮਲਕੀਤ ਸਿੰਘ ਮਾਲੜਾ, ਇੰਦਰਜੀਤ ਲੋਟੇ ਸਮੇਤ ਕਾਫ਼ੀ ਗਿਣਤੀ ਵਿਚ ਕਵੀ ਸ਼ਾਮਲ ਸਨ। ਕਵੀ ਦਰਬਾਰ ਦਾ ਮੰਚ ਸੰਚਾਲਕ ਡਾ. ਹਰੀ ਸਿੰਘ ਜਾਚਕ ਨੇ ਨਿਭਾਇਆ।

ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। ਅਜਿਹੇ ਉਪਰਾਲੇ ਲਗਾਤਾਰ ਹੁੰਦੇ ਰਹਿਣ ਇਹ ਕਾਮਨਾ ਸਾਡੇ ਸਭਨਾਂ ਦੀ ਹੀ ਹੈ ਤਾਂਕਿ ਅਸੀਂ ਉਹਨਾਂ ਸ਼ਾਇਰਾਂ ਨਾਲ ਜੁੜੇ ਰਹੀਏ ਜਿਹੜੇ ਮਜਬੂਰੀਆਂ ਅਤੇ ਮੁਸ਼ਕਲਾਂ ਦੇ ਬਾਵਜੂਦ ਕਦੇ ਕਿਸੇ ਅੱਗੇ ਨਾ ਝੁਕੇ।