ਦਹਾਕਿਆਂ ਪੁਰਾਣੇ ਸੰਵਿਧਾਨ ਨੂੰ ਨਵੇਂ ਸਿਰਿਓਂ ਲਿਖਣਾ ਜ਼ਰੂਰੀ
ਕਿਸੇ ਵੇਲੇ ਲੋਕ ਆਪਣੀਆਂ ਮੰਗਾਂ ਅਤੇ ਮਸਲੇ ਸਰਕਾਰਾਂ ਸਾਹਮਣੇ ਰੱਖਿਆ ਕਰਦੇ ਸਨ। ਸਰਕਾਰਾਂ ਨੇ ਇਸ ਪਾਸੇ ਨਜ਼ਰ ਅੰਦਾਜ਼ੀ ਅਤੇ ਜਬਰ ਵਾਲਾ ਰਾਹ ਅਪਣਾਇਆ ਤਾਂ ਲੋਕ ਕਲਮਕਾਰਾਂ ਅਤੇ ਮੀਡੀਆ ਸਾਹਮਣੇ ਆਉਣ ਲੱਗੇ।ਹੁਣ ਦੇਖੋ ਵਕਤ ਦਾ ਤਕਾਜ਼ਾ। ਕਲਮਾਂ ਵਾਲੇ ਹੁਣ ਕਲਮਾਂ ਵਾਲਿਆਂ ਸਾਹਮਣੇ ਹੀ ਆਪਣੇ ਮਸਲੇ ਅਤੇ ਮੁੱਦੇ ਰੱਖ ਰਹੇ ਹਨ। ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ਸਾਹਿਤਿਕ ਸੰਸਤਾਵਾਂ ਦੇ ਚੌਧਰੀਆਂ ਕੋਲੋਂ।
ਮਸਲੇ ਤਾਂ ਬਹੁਤ ਪਹਿਲਾਂ ਵੀ ਸਨ। ਇਹਨਾਂ ਮਸਲਿਆਂ ਖਿਲਾਫ ਜੂਝਣ ਵਾਲਿਆਂ ਨੂੰ ਦਬਾਉਣ ਵਾਲੀਆਂ ਸਿੱਸਟਣਾ ਵੀ ਬਹੁਤ ਪਹਿਲਾਂ ਸਨ। ਗੈਰ ਸਿਆਸੀ ਸੰਘਰਸ਼ਾਂ ਅਤੇ ਉਪਰਾਲਿਆਂ ਨੂੰ ਕਦੇ ਸ਼ੁਰੂ ਕਰਦਿਆਂ ਅਤੇ ਕਦੇ ਅੱਗੇ ਤੋਰਦਿਆਂ ਕਲਮ ਦੇ ਜਾਦੂ ਅਤੇ ਕ੍ਰਿਸ਼ਮਿਆਂ ਨੂੰ ਸਭ ਤੋਂ ਪਹਿਲਾਂ ਕਹਾਣੀਆਂ, ਕਵਿਤਾਵਾਂ ਅਤੇ ਲੇਖਾਂ ਦੇ ਲੇਖਕਾਂ ਨੇ ਹੀ ਲੋਕਾਂ ਦੇ ਨਾਲ ਨਾਲ ਸੱਤਾ ਤੱਕ ਪਹੁੰਚਾਇਆ। ਪਰ ਉਹ ਕਲਮਕਾਰ ਬੜੇ ਸੁਹਿਰਦ ਅਤੇ ਇਮਾਨਦਾਰ ਸਨ। ਉਹ ਅਹੁਦਿਆਂ, ਇਨਾਮਾਂ-ਸ਼ਨਾਮਾਂ ਅਤੇ ਐਵਾਰਡਾਂ ਦੇ ਲਾਲਚੀ ਨਹੀਂ ਸਨ। ਸਿਰਫ ਸਾਧਨਾ ਕਰਦੇ ਸਨ। ਉਹ ਸੀ ਸੱਚੀ ਸਾਹਿਤ ਸਾਧਨਾ।
ਸਾਡੇ ਆਲੇ ਦੁਆਲੇ ਦੇ ਲੋਕਾਂ ਅਤੇ ਮਹੌਲ ਵਿੱਚ ਸਾਹਿਤ ਦੀ ਰੰਗਤ ਵਾਲੀਆਂ ਪੁਸਤਕਾਂ ਮੁਖ ਧਾਰਾ ਦੇ ਮੀਡੀਆ ਤੋਂ ਬਹੁਤ ਹੀ ਪਹਿਲਾਂ ਪਹੁੰਚਦੀਆਂ ਰਹੀਆਂ। ਗਦਰ ਦੀਆਂ ਗੂੰਜਾਂ ਪਾਉਣ ਵਾਲੀ ਹਫਤਾਵਾਰੀ ਅਖਬਾਰ ਗਦਰ ਵਿੱਚ ਦਿਲ ਨੂੰ ਹਲੂਣਾ ਦੇਣ ਵਾਲੀ ਸਾਹਿਤਕ ਰੰਗਤ ਜਾਦੂਈ ਅਸਰ ਛੱਡੀ ਰਹੀ। ਪੰਜਾਬੀ ਵਿਚ ਨਾਨਕ ਸਿੰਘ ਦੇ ਨਾਵਲ ਅਤੇ ਹਿੰਦੀ ਵਿੱਚ ਮੁਨਸ਼ੀ ਪ੍ਰੇਮ ਚੰਦ ਅਤੇ ਗੁਲਸ਼ਨ ਨੰਦਾ ਦੇ ਨਾਵਲ ਬਹੁਤ ਵੱਡੇ ਵਰਗ ਨੂੰਅਪਣੇ ਅਸਰ ਦੇ ਘੇਰੇ ਵਿਚ ਲੈ ਚੁੱਕੇ ਸਨ।
ਸਆਦਤ ਹਸਨ ਮੰਟੋ, ਅੱਲਾਮਾ ਇਕਬਾਲ ਅਤੇ ਹੋਰ ਬਹੁਤ ਸਾਰੇ ਕਲਮਕਾਰਾਂ ਨੇ ਸ਼ਬਦਾਂ ਦੀ ਸ਼ਕਤੀ ਦਾ ਪ੍ਰਗਟਾਵਾ ਕੀਤਾ। ਗੋਰਕੀ ਦੀ ਬਹੁ ਚਰਚਿਤ ਪੁਸਤਕ "ਮਾਂ" ਦੇ ਨਾਲ ਨਾਲ ਜਸਵੰਤ ਸਿੰਘ ਕੰਵਲ ਹੁਰਾਂ ਦੇ ਨਾਵਲ ਲਹੂ ਦੀ ਲੋਅ ਅਤੇ ਬਹੁਤ ਸਾਰੀਆਂ ਹੋਰ ਪੁਸਤਕਾਂ ਨੇ ਵੀ ਆਪਣਾ ਲੋਹਾ ਜ਼ੋਰ ਸ਼ੋਰ ਨਾਲ ਮਨਵਾਇਆ। ਪਾਸ਼ ਅਤੇ ਸੰਤ ਰਾਮ ਉਦਾਸੀ ਦੇ ਕਾਵਿ ਸਾਹਿਤ ਨੇ ਨਕਸਲੀ ਵਿਚਾਰਧਾਰਾ ਨੂੰ ਖੰਭ ਲਾਏ।
ਮੁਖ ਧਾਰਾ ਵਾਲਾ ਮੀਡੀਆ ਤਾਂ ਪੰਜਾਬ ਵਾਲੇ ਪਾਸੇ ਬਹੁਤ ਬਾਅਦ ਵਿਚ ਸੁਚੇਤ ਹੋਇਆ। ਹੋਲੀ ਹੋਲੀ ਮੀਡੀਆ ਨੇ ਮੈਗਜ਼ੀਨ ਐਡੀਸ਼ਨ ਵੀ ਛਾਪਣੇ ਸ਼ੁਰੂ ਕੀਤੇ। ਮੈਗਜ਼ੀਨ ਐਡੀਸ਼ਨਾਂ ਦੇ ਸ਼ੁਭ ਆਰੰਭ ਨਾਲ ਮੈਗ਼ਜ਼ੀਨ ਐਡੀਟਰਾਂ ਦੀਆਂ ਪੋਸਟਾਂ ਵੀ ਨਿਕਲਣੀਆਂ ਸ਼ੁਰੂ ਹੋਈਆਂ। ਅਖਬਾਰਾਂ ਦੀ ਗਿਣਤੀ ਵਧਣ ਦੇ ਨਾਲ ਨਾਲ ਇਹਨਾਂ ਅਖਬਾਰਾਂ ਦੇ ਮੈਗਜ਼ੀਨ ਐਡੀਸ਼ਨ ਵੀ ਆਧੁਨਿਕ ਤਕਨੀਕ ਨਾਲ ਰੰਗੀਨ ਛਪਣੇ ਸ਼ੁਰੂ ਹੋਏ। ਰੋਜ਼ਾਨਾ ਅਖਬਾਰ ਕੌਮੀ ਦਰਦ,ਰੋਜ਼ਾਨਾ ਜੱਥੇਦਾਰ, ਰੋਜ਼ਾਨਾ ਅਕਾਲੀ ਪਤ੍ਰਿਕਾ ਅਤੇ ਪਟਿਆਲਾ ਤੋਂ ਰੋਜ਼ਾਨਾ ਚੜ੍ਹਦੀ ਕਲਾ ਅਤੇ ਰੋਜ਼ਾਨਾ ਰਣਜੀਤ ਦੇ ਨਾਲ ਨਾਲ ਹਾਣੀ ਅਤੇ ਸਮਰਾਟ ਵਰਗੇ ਸਪਤਾਹਿਕ ਪਰਚਿਆਂ ਨੇ ਵੀ ਆਪਣੀ ਥਾਂ ਬਣਾਈ ਹੋਈ ਸੀ।
ਇਹਨਾਂ ਪਰਚਿਆਂ ਦੀ ਵਿਕਰੀ ਵੀ ਬਹੁਤ ਹੁੰਦੀ ਸੀ। ਇਹਨਾਂ ਪੰਜਾਬੀ ਪਰਚਿਆਂ ਦੇ ਨਾਲ ਨਾਲ ਰੋਜ਼ਾਨਾ ਹਿੰਦੀ ਮਿਲਾਪ ਅਤੇ ਰੋਜ਼ਾਨਾ ਵੀਰ ਪ੍ਰਤਾਪ ਨੇ ਵੀ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਥਾਂ ਦੇ ਕੇ ਸਾਹਿਤਿਕ ਰੁਝਾਨਾਂ ਨੂੰ ਪ੍ਰਭਾਵਿਤ ਵੀ ਕੀਤਾ ਅਤੇ ਹਿੰਦੀ- ਪੰਜਾਬੀ ਸਾਹਿਤ ਨੂੰ ਇੱਕ ਦੂਜੇ ਦੇ ਨੇੜੇ ਵੀ ਲਿਆਂਦਾ।
ਇਸ ਸਾਰੇ ਵਰਤਾਰੇ ਦੌਰਾਨ ਹਿੰਦੀ ਦਾ ਪੰਜਾਬ ਕੇਸਰੀ ਬੜੀ ਤੇਜ਼ੀ ਨਾਲ ਉਭਰਿਆ। ਇਸਦੇ ਸਾਹਿਤ ਸੰਸਕਰਣ ਦੇ ਛਪਣ ਵਾਲੇ ਦਿਨ/ਵਾਰ ਭਾਵੇਂ ਬਦਲਦੇ ਵੀ ਰਹੇ ਪਰ ਨੀਲੇ ਰੰਗ ਦਾ ਉਹ ਪਹਿਲਾ ਪੰਨਾ ਬੜਾ ਹਰਮਨ ਪਿਆਰਾ ਬਣਿਆ ਰਿਹਾ ਜਿਸ ਵਿਚ ਅਕਸਰ ਕਹਾਣੀਆਂ ਹੁੰਦੀਆਂ ਸਨ ਅਤੇ ਪਾਕਿਸਤਾਨ ਦੇ ਕਿਸੇ ਉਰਦੂ ਨਾਵਲ ਦਾ ਹਿੰਦੀ ਅਨੁਵਾਦ ਵੀ। ਜਿਹੜਾ ਸ਼ਾਇਦ ਬੁਸ਼ਰਾ ਰਹਿਮਾਨ ਦਾ ਨਾਵਲ ਹੋਇਆ ਕਰਦਾ ਸੀ ਜਿਹੜਾ ਹਿੰਦ ਸਮਾਚਾਰ ਉਰਦੂ ਵਿਚ ਵੀ ਛਪਦਾ ਹੁੰਦਾ ਸੀ ਅਤੇ ਫਿਰ ਇਹੀ ਸਿਲਸਿਲਾ ਪੰਜਾਬੀ ਅਖਬਾਰ ਜਗਬਾਣੀ ਵਿਚ ਵੀ ਜਾਰੀ ਰਿਹਾ।
ਇਸੇ ਦੌਰਾਨ ਪੰਜਾਬ ਕੇਸਰੀ ਹਿੰਦੀ ਦੇ ਨਾਲ ਨਾਲ ਪੰਜਾਬੀ ਵਿੱਚ ਜਗਬਾਣੀ ਨੇ ਵੀ ਆਪਣੀ ਥਾਂ ਬਣਾਈ। ਉਸ ਸਮੇਂ ਤੱਕ ਰੋਜ਼ਾਨਾ ਅਜੀਤ ਪਹਿਲਾਂ ਹੀ ਸਰਬੋਤਮ ਸੀ ਫਿਰ ਵੀ ਨਵੀਆਂ ਚੁਣੌਤੀਆਂ ਨੇ ਮਾਹੌਲ ਨੂੰ ਵੀ ਪ੍ਰਭਾਵਿਤ ਕੀਤਾ। ਅਜੀਤ ਅਤੇ ਜਗਬਾਣੀ ਵਿਚ ਛਪਣ ਵਾਲੇ ਲੇਖਕਾਂ ਦੀ ਕਤਾਰਬੰਦੀ ਖੁੱਲ੍ਹ ਕੇ ਸਾਹਮਣੇ ਆਈ। ਸਾਹਿਤਿਕ ਪੱਤਰਕਾਰੀ ਨੂੰ ਬੁਲੰਦੀਆਂ ਤੱਕ ਲਿਜਾਣ ਵਾਲਿਆਂ ਵਿਚ ਰੋਜ਼ਾਨਾ ਅਜੀਤ ਵਾਲੇ ਬਲਦੇਵ ਗਰੇਵਾਲ ਨੇ ਬਹੁਤ ਮੇਹਨਤ ਕੀਤੀ। ਮੁਕਾਬਲਾ ਆਸਾਨ ਨਹੀਂ ਸੀ ਰਿਹਾ। ਇਸਦੇ ਬਾਵਜੂਦ ਚੁਣੌਤੀਆਂ ਨੂੰ ਸਵੀਕਾਰ ਕੀਤਾ ਗਿਆ। ਦੂਜੇ ਪਾਸੇ ਇਕਬਾਲ ਬਹਾਦਰ ਸਿੰਘ ਚਾਨਾ ਨੇ ਰੋਜ਼ਾਨਾ ਜਗਬਾਣੀ ਵਿਚ ਮੋਰਚਾ ਸੰਭਾਲਿਆ। ਇਕਬਾਲ ਚਾਨਾ ਦੇ ਨਾਲ ਹੀ ਬਖਸ਼ਿੰਦਰ ਸਿੰਘ, ਕੁਲਦੀਪ ਬੇਦੀ ਨੇ ਵੀ ਨਵੇਂ ਪੂਰਨੇ ਪਾਏ। ਅਜੀਤ ਵਿੱਚ ਬਲਦੇਵ ਧਾਲੀਵਾਲ, ਸੁਧਾ ਸ਼ਰਮਾ, ਪਰਮਜੀਤ ਸਿੰਘ ਅਤੇ ਹੋਰਾਂ ਨੇ ਵੀ ਆਪਣੇ ਜੌਹਰ ਦਿਖਾਏ।
ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਸਰਵਣ ਸਿੰਘ ਹੁਰਾਂ ਨੇ ਬਹੁਤ ਸਾਰੀਆਂ ਤਕਨੀਕੀ ਚੁਣੌਤੀਆਂ ਦੇ ਬਾਵਜੂਦ ਇਸ ਜ਼ਿੰਮੇਵਾਰੀ ਨੂੰ ਬੜੀ ਖੂਬਸੂਰਤੀ ਨਾਲ ਨਿਭਾਇਆ। ਕੁਝ ਸਮਾਂ ਗੁਰਮੀਤ ਸਿੰਘ ਅਤੇ ਰੈਕਟਰ ਕਥੂਰੀਆ ਨੂੰ ਵੀ ਇਸਦਾ ਮੌਕਾ ਮਿਲਿਆ। ਲਖਵਿੰਦਰ ਜੌਹਲ ਹੁਰਾਂ ਨੇ ਨਵਾਂ ਜ਼ਮਾਨਾ ਦੀ ਇਕੱਲੀ ਖਬਰਾਂ ਵਾਲੀ ਦਿੱਖ ਨੂੰ ਉਲੰਘ ਕੇ ਗੰਭੀਰ ਸਾਹਿਤਿਕ ਰੰਗਣ ਵਿਚ ਵੀ ਰੰਗਿਆ। ਹਿੰਦੀ ਸਾਹਿਤ ਦੇ ਖੂਬਸੂਰਤ ਅਨੁਵਾਦ ਵੀ ਲਖਵਿੰਦਰ ਜੌਹਲ ਹੁਰਾਂ ਦੀ ਪ੍ਰੇਰਨਾ ਸਦਕਾ ਸਾਹਮਣੇ ਆਉਂਦੇ ਰਹੇ। ਗੁਰਮੇਲ ਸਰਾ ਅੰਗਰੇਜ਼ੀ ਸਾਹਿਤ ਦੇ ਅਨੁਵਾਦ ਵਿਚ ਕਾਫੀ ਮਿਹਨਤ ਕਰਦਾ ਰਿਹਾ। ਇਸ ਤਰ੍ਹਾਂ ਨਵਾਂ ਜ਼ਮਾਨਾ ਨੇ ਬੜੇ ਹੀ ਸੀਮਿਤ ਸਾਧਨਾਂ ਦੇ ਬਾਵਜੂਦ ਆਪਣੇ ਕੱਦ ਨੂੰ ਉੱਚ ਹੀ ਰੱਖਿਆ।
ਗੁਰਮੇਲ ਸਰਾ ਨੇ ਵੀ ਪੰਜਾਬੀ ਵਿੱਚ ਸਾਹਿਤ ਨੂੰ ਬਹੁਤ ਗੰਭੀਰਤਾ ਨਾਲ ਲਿਆ। ਗੁਰਮੇਲ, ਬਖਸ਼ਿੰਦਰ ਅਤੇ ਕੁਲਵੰਤ ਸਿੰਘ ਸਾਂਝੇ ਪ੍ਰੋਜੈਕਟ ਵਾਲੀ "ਠਿੱਬੀ" ਭਾਵੇਂ ਅਨੂ ਪਰਚੇ ਵਾਂਗ ਹੀ ਹੁੰਦੀ ਸੀ ਪਰ ਕਾਫੀ ਪੜ੍ਹੀ ਜਾਂਦੀ ਸੀ। ਇਹਨਾਂ ਪ੍ਰਾਚੀਨ ਅੰਤਰਰਾਜੀ ਚਿੱਠੀਆਂ ਤੇ ਵੀ ਬਾਕਾਇਦਾ ਅੰਕ ਛਪਦੇ ਰਹੇ। ਲੁਧਿਆਣਾ ਤੋਂ ਕੇ. ਮਨਜੀਤ ਦੀ ਅਗਵਾਈ ਹੇਠ ਮਿੰਨੀ ਪੱਤ੍ਰਿਕਾ ਵੀ ਤੇਜ਼ੀ ਨਾਲ ਉਠਿ ਸੀ। ਰੋਜ਼ਾਨਾ ਅਕਾਲੀ ਪਤ੍ਰਿਕਾ ਵਿਚ ਗੁਰਬਖਸ਼ ਸਿੰਘ ਵਿਰਕ ਅਤੇ ਹਰਬੰਸ ਸਿੰਘ ਵਿਰਕ ਵੀ ਆਪਣੇ ਕਮਾਲ ਦਿਖਾਉਂਦੇ ਰਹੇ। ਕੁਲ ਮਿਲਾ ਕੇ ਇਸ ਸਭ ਕੁਝ ਸਾਹਿਤਿਕ ਸੰਸਥਾਵਾਂ ਦੀਆਂ ਸਰਗਰਮੀਆਂ ਨੂੰ ਵੀ ਪ੍ਰਭਾਵਿਤ ਕਰਦਾ ਸੀ। ਸਰਦਾਰ ਜਗਜੀਤ ਸਿੰਘ ਆਨੰਦ ਹੁਰਾਂ ਦਾਸ ਪੰਜਾਬੀ ਸਾਹਿਤ ਅਕਾਦਮੀ ਦੇ ਸੰਚਾਲਨ 'ਤੇ ਚੌਖਾ ਪ੍ਰਭਾਵ ਸੀ।
ਜਲੰਧਰ ਤੋਂ ਹੀ ਨਕਸਲੀ ਵਿਚਾਰਾਂ ਵਾਲੀ ਸ਼ਖ਼ਸੀਅਤ ਕੇਵਲ ਕੌਰ ਹੁਰਾਂ ਦੀ ਅਗਵਾਈ ਵਿੱਚ ਸਾਹਿਤਿਕ ਪਰਚਾ ਮਾਂ ਵੀ ਆਪਣੀ ਵੱਖਰੀ ਥਾਂ ਬਣਾ ਚੁੱਕਿਆ ਸੀ। ਰੋਹਲੇ ਬਾਣ, ਸਰਦਲ, ਸਿਆੜ, ਲਲਕਾਰ, ਸ਼ੀਹਣੀ, ਜ਼ਫਰਨਾਮਾ, ਜੈਕਾਰਾ, ਪ੍ਰਚੰਡ, ਬਹੁਤ ਸਾਰੇ ਪਰਚਿਆਂ ਨੇ ਨਕਸਲੀ ਵਿਚਾਰਾਂ ਦੇ ਨਾਲ ਨਾਲ ਸਾਹਿਤ ਅਤੇ ਸਿਆਸਤ ਨੂੰ ਨੇੜੇ ਨੇੜੇ ਵੀ ਲਿਆਂਦਾ। ਇਹਨਾਂ ਪਰਚਿਆਂ ਨੇ ਹੀ ਇਸ ਸਾਹਿਤ ਨੂੰ ਗੰਭੀਰਤਾ ਅਤੇ ਉੱਚਤਾ ਵੀ ਪ੍ਰਦਾਨ ਕੀਤੀ। ਸਾਹਿਤ ਵਿਚ ਸਿਆਸਤ ਜ਼ਰੁਰੀ ਵੀ ਸੀ ਅਤੇ ਆਉਣ ਵੀ ਲੱਗੀ ਜਦੋਂ ਰੇਡੀਓ ਸਟੇਸ਼ਨ ਵਿੱਚ ਲੱਗੇ ਵੱਡੇ ਅਫਸਰ ਐਸ ਐਸ ਮੀਸ਼ਾ ਸਾਹਿਬ ਨੇ ਲਿਖਿਆ ਸੀ:
ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ!
ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ!
ਉਦੋਂ ਅਜਿਹਾ ਬਹੁਤ ਕੁਝ ਸਾਹਿਤਿਕ ਰਚਿਆ ਗਿਆ ਜਿਹੜਾ ਬੜੇ ਸਲੀਕੇ ਨਾਲ ਸਿਆਸੀ ਵਿਚਾਰਾਂ ਦੀ ਪ੍ਰਤੀਨਿਧਤਾ ਕਰਦਾ ਸੀ। ਰੇਡੀਓ ਤੋਂ ਹੀ ਹਰਭਜਨ ਬਟਾਲਵੀ ਵੀ ਸਾਹਿਤਿਕ ਤੌਰ ਤੇ ਪੂਰੀ ਤਰ੍ਹਾਂ ਸਰਗਰਮ ਰਹੇ। ਉਹਨਾਂ ਦੀਆਂ ਕਹਾਣੀਆਂ ਬਹੁਤ ਪ੍ਰਭਾਵਸ਼ਾਲੀ ਹੋਇਆ ਕਰਦਿਆਂ ਸਨ।
ਇਥੇ ਯਾਦ ਆ ਰਹੀਆਂ ਨੇ ਡਾਕਟਰ ਜਗਤਾਰ ਹੁਰਾਂ ਦੀਆਂ ਸਤਰਾਂ:
ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ ।
ਪਰ ਇਹ ਸਿਆਸਤ ਤਾਂ ਲੋਕਾਂ ਦੇ ਭਲੇ ਲਈ ਸੀ। ਇਨਕਲਾਬ ਦੇ ਰਸਤਿਆਂ ਵੱਲ ਇਸ਼ਾਰਾ ਕਰਦੀ ਸੀ। ਇਸ ਨਾਲ ਨਵੇਂ ਪੁਰਾਣੇ ਲੇਖਕਾਂ ਵਿਚਕਾਰ ਸਨੇਹ ਵੱਧ ਰਿਹਾ ਸੀ। ਇਸ ਨਾਲ ਨਵੀਆਂ ਦਿਸ਼ਾਵਾਂ ਵੀ ਮਿਲਦੀਆਂ ਸਨ। ਲੋਕਾਂ ਦੇ ਭਲੇ ਵਾਲੀ ਇਹ ਸਿਆਸਤ ਆਪੋ ਆਪਣੀਆਂ ਗੁੱਟਬੰਦੀਆਂ ਨੂੰ ਪ੍ਰਫੁੱਲਿਤ ਕਰਨ ਦੇ ਰਾਹ ਕਿਵੇਂ ਪੈ ਗਈ ਇਹ ਅੱਜ ਵੀ ਸੋਚਣ ਵਾਲਾ ਵਿਸ਼ਾ ਹੈ। ਇੱਕੋ ਵਿਚਾਰਧਾਰਾ--ਇੱਕੋ ਰਸਤਾ--ਇੱਕੋ ਝੰਡਾ ਫਿਰ ਵੀ ਤੇਰੀ ਮੇਰੀ ਵਧਦੀ ਚਲੀ ਗਈ। ਸ਼ਾਇਦ ਸਾਹਿਤਿਕ ਸੰਸਥਾਵਾਂ ਨੂੰ ਆਪੋ ਆਪਣੀਆਂ ਟਰੇਡ ਯੂਨੀਅਨਾਂ ਸਮਝਣ ਦੀ ਦੌੜ ਬਹੁਤ ਪਹਿਲਾਂ ਹੀ ਤੇਜ਼ੀ ਫੜ ਚੁੱਕੀ ਸੀ।
ਫਿਰ ਜਦੋਂ ਇਹ ਸਿਆਸਤ ਸਾਹਿਤਿਕ ਸੰਸਥਾਵਾਂ 'ਤੇ ਕਬਜ਼ਿਆਂ ਵਾਲੇ ਪਾਸੇ ਤੁਰੀ ਤਾਂ ਕਈ ਤਰ੍ਹਾਂ ਦੇ ਗੁੱਟ ਬਣਨੇ ਸ਼ੁਰੂ ਹੋ ਗਏ। ਇਹਨਾਂ ਸੰਸਥਾਵਾਂ ਵਿਚਲੇ ਧੜਿਆਂ ਨੇ ਉਹਨਾਂ ਬਹੁਤ ਸਾਰਿਆਂ ਨੂੰ ਬਾਹਰ ਕੱਢ ਕਢਾ ਦਿੱਤਾ ਜਿਹੜੇ ਉਹਨਾਂ ਨੂੰ ਚੰਗੇ ਨਹੀਂ ਸਨ ਲੱਗਦੇ। ਇਸਦੇ ਨਾਲ ਉਹਨਾਂ ਬਹੁਤ ਸਾਰਿਆਂ ਨੂੰ ਮੈਂਬਰ ਜਾਂ ਅਹੁਦੇਦਾਰ ਬਣਾ ਲਿਆ ਜਿਹੜੇ ਉਹਨਾਂ ਨੂੰ ਪਸੰਦ ਸਨ। ਕੌਣ ਕਿਸਦੀ ਜੇਬ ਵਿਚ ਰਹੇਗਾ ਇਹ ਸੋਚ ਬਣ ਗਈ ਸੀ।
ਇਸ ਤਰ੍ਹਾਂ ਕਲਮਕਾਰਾਂ ਦੀ ਆਜ਼ਾਦ ਸੋਚ ਆਜ਼ਾਦੀ ਦੇ ਨਾਅਰੇ ਮਾਰਨ ਵਾਲਿਆਂ ਦੇ ਹੱਥੋਂ ਹੀ ਕਮਜ਼ੋਰ ਹੁੰਦੀ ਚਲੀ ਗਈ। ਲੇਖਕਾਂ ਦੇ ਧੜੇ ਵੰਡੇ ਗਏ। ਕੋਈ ਰਜਿਸਟਰਡ ਧੜਾ ਹੋ ਗਿਆ ਅਤੇ ਕੋਈ ਅਣ ਜਿਸਟਰਡ। ਹਾਲਾਤ ਇਹ ਬਣੇ ਕਿ ਪੰਜਾਬੀ ਭਵਨ, ਪੰਜਾਬੀ ਸਾਹਿਤਕ ਅਦਾਰੇ ਅਤੇ ਸੰਸਥਾਵਾਂ ਦਾ ਹਰ ਪ੍ਰੋਗਰਾਮ ਅਤੇ ਹਰ ਚੋਣ ਵਿਵਾਦਾਂ ਵਿਚ ਘਿਰਣ ਲੱਗ ਪਏ। ਇਹ ਨਿਸਚਿਤ ਜਿਹਾ ਸਮਝਿਆ ਜਾਣ ਲੱਗ ਪਿਆ ਕਿ ਹਰ ਪ੍ਰੋਗਰਾਮ ਵਿੱਚ ਸਟੇਜ ਤੇ ਕੌਣ ਕੌਣ ਬਿਰਾਜਮਾਨ ਹੋਵੇਗਾ, ਪ੍ਰਧਾਨਗੀ ਮੰਡਲ ਵਿਚ ਕੌਣ ਕੌਣ ਹੋਵੇਗਾ, ਕਿਸ ਕਿਸ ਦਾ ਸਨਮਾਨ ਹੋਵੇਗਾ, ਕੌਣ ਕੌਣ ਚੋਣਾਂ ਵਿੱਚ ਖੜਾ ਕੀਤਾ ਜਾਏਗਾ, ਕੌਣ ਕੌਣ ਕਿਸ ਕਿਸ ਨੂੰ ਵੋਟ ਪਏਗਾ? ਇਸ ਰੂਟੀਨ ਨੂੰ ਕਈ ਵਾਰ ਝਟਕੇ ਲੱਗਦੇ ਵੀ ਮਹਿਸੂਸ ਹੋਏ ਪਰ ਤਿਆਗ ਅਤੇ ਕੁਰਬਾਨੀ ਦੀਆਂ ਮਿਸਾਲਾਂ ਦੇਣ ਵਾਲੇ ਸਾਹਿਤਕਾਰ ਖੁਦ ਕਦੇ ਵੀ ਇਹਨਾਂ ਅਹੁਦਿਆਂ ਤੋਂ ਨਿਰਲੇਪ ਨਾ ਰਹਿ ਸਕੇ। ਜਿੱਤਾਂ ਹੈਰਾਨ ਤੋਂ ਬਾਅਦ ਪੈਗ ਵੀ ਆਮ ਲੱਗਦੇ ਦੇਖੇ ਜਾ ਸਕਦੇ ਸਨ।
ਖੱਬੀ ਖਾੜਕੂ ਲਹਿਰ ਅਰਥਾਤ ਨਕਸਲਬਾੜੀ ਦੀ ਮੁਹਿੰਮ ਵੇਲੇ ਵੀ ਲਕੀਰ ਤਾਂ ਖਿੱਚੀ ਗਈ ਸੀ ਪਰ ਉਸਨੇ ਸਾਹਿਤ ਜਾਂ ਸਾਹਿਤਿਕ ਅਦਾਰਿਆਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਸੀ ਕੀਤਾ। ਸਿੱਖ ਖਾੜਕੂ ਲਹਿਰ ਵੇਲੇ ਇਹ ਲਕੀਰ ਫਿਰਕੂ ਵੰਡ ਵਾਲੀ ਸੋਚ ਤੱਕ ਵੀ ਤਿੱਖੀ ਹੋ ਗਈ ਅਤੇ ਸਿਆਸੀ ਵਿਰੋਧ ਵਾਲੀ ਸੋਚ ਨਾਲ ਵੀ। ਕੁਲ ਮਿਲਾ ਕੇ ਧੜੇਬੰਦੀਆਂ ਤਿੱਖੀਆਂ ਹੁੰਦੀਆਂ ਚਲੀਆਂ ਗਈਆਂ। ਹੁਣ ਵੀ ਇੱਕ ਇੱਕ ਸੰਸਥਾ ਅਤੇ ਜੱਥੇਬੰਦੀ ਵਿੱਚ ਕਈ ਕਈ ਧੜੇ ਹਨ। ਫਲਾਣੀ ਫਲਾਣੀ ਵੋਟ ਕਿਸ ਕਿਸ ਦੀ ਜੇਬ ਵਿਚ ਹੈ ਇਸਦਾ ਅੰਦਾਜ਼ਾ ਵੀ ਤਕਰੀਬਨ ਸਭ ਨੂੰ ਹੁੰਦਾ ਹੈ। ਕੌਣ ਪ੍ਰਧਾਨ ਬਣੇਗਾ, ਕੌਣ ਜਨਰਲ ਸਕੱਤਰ ਅਤੇ ਕੌਣ ਕਿਸ ਅਹੁਦੇ ਨਾਲ ਕੀਤਾ ਜਾਵੇਗਾ ਇਸਦਾ ਅੰਦਾਜ਼ਾ ਵੀ ਲੱਗ ਗਿਆ ਹੁੰਦਾ ਹੈ। ਜੇਕਰ ਕੁਝ ਰੱਦੋਬਦਲ ਹੋ ਵੀ ਜਾਵੇ ਤਾਂ ਵੀ ਕੋਈ ਬਹੁਤੀ ਨਵੀਂ ਗੱਲ ਨਹੀਂ ਲੱਗਦੀ।
ਜੋ ਕੁਝ ਪੂਰੀ ਤਰ੍ਹਾਂ ਪਾਰਦਰਸ਼ੀ ਹੋਣਾ ਚਾਹੀਦਾ ਸੀ ਉਹ ਸਭ ਕੁਝ ਧੁੰਦਲਾ ਕਿਓਂ ਹੁੰਦਾ ਚਲਾ ਗਿਆ? ਜੇਕਰ ਇਹ ਔਹਦੇ ਸਿਰਫ ਚੌਧਰਾਂ ਲਈ ਹਨ ਤਾਂ ਵੀ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਜੇਕਰ ਗੁਝੇ ਫਾਇਦਿਆਂ ਲਈ ਹਨ ਤਾਂ ਵੀ ਇਹ ਸਭ ਕੁਝ ਸਭਨਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਜੇਕਰ ਫਾਇਦਿਆਂ ਤੋਂ ਬਿਨਾ ਵਾਲੇ ਇਹਨਾਂ ਅਹੁਦਿਆਂ ਲਈ ਵੀ ਏਨਾ ਕੁਝ ਹੁੰਦਾ ਹੈ ਤਾਂ ਜੇਕਰ ਇਹਨਾਂ ਦੀ ਥਾਂ ਐਮ ਐਲ ਏ ਜਾਂ ਐਮ ਪੀ ਵਗੇ ਅਹੁਦੇ ਹੁੰਦੇ ਤਾਂ ਫਿਰ ਇਹ ਜੰਗ ਭਲੇ ਕਿੰਨੀ ਤਿੱਖੀ ਹੁੰਦੀ?
ਮੈਂਬਰੀ ਲਈ ਕਿਤਾਬ ਛਪਣ ਦੀ ਸ਼ਰਤ ਕਿਓਂ? ਜੇਕਰ ਕਿਤਾਬ ਵਾਲੀ ਸ਼ਰਤ ਜ਼ਰੂਰੀ ਹੈ ਤਾਂ ਇਹਨਾਂ ਸੰਸਥਾਵਾਂ ਦਾ ਆਪਣਾ ਪ੍ਰਕਾਸ਼ਨ ਘਰ ਕਿਓਂ ਨਹੀਂ? ਅਜਿਹੇ ਬਹੁਤ ਸਾਰੇ ਹੋਰ ਸੁਆਲ ਵੀ ਹਨ ਜਿਹਨਾਂ ਦੇ ਜੁਆਬ ਨਹੀਂ ਮਿਲਦੇ। ਬਾਰ ਬਾਰ ਅਹੁਦਿਆਂ ਲਈ ਲਲਚਾਏ ਰਹਿਣ ਵਾਲਿਆਂ ਤੇ ਕੋਈ ਨਿਯਮ ਜਾਂ ਸ਼ਰਤ ਕਿਓਂ ਨਹੀਂ? ਕਿੰਨੇ ਕੁ ਕਲਮਕਾਰਾਂ ਲਈ ਇਹਨਾਂ ਸੰਥਾਵਾਂ ਨੇ ਰੋਜ਼ਗਾਰ ਜਾਂ ਆਰਥਿਕ ਸਹਾਇਤਾ ਲਈ ਜਤਨ ਕੀਤੇ ਹਨ?
ਇਹਨਾਂ ਸੰਸਥਾਵਾਂ ਨੂੰ ਦਹਾਕਿਆਂ ਪੁਰਾਣੇ ਸਿਸਟਮ ਵਿਚੋਂ ਕੱਢ ਕੇ ਸਮੇਂ ਦੇ ਹਾਣ ਦੀ ਬਣਾਉਣ ਲਈ ਕੁਝ ਕਦਮ ਚੁੱਕੇ ਜਾਣੇ ਜ਼ਰੂਰੀ ਹਨ। ਇਹੀ ਇੱਛਾ ਹੈ ਉਹਨਾਂ ਸਭਨਾਂ ਦੀ ਜਿਹੜੇ ਅਹੁਦਿਆਂ ਦੀ ਲਾਲਸਾ ਤੋਂ ਮੁਕਤ ਰਹਿ ਕੇ ਸਿਰਫ ਸਾਹਿਤ ਸਾਧਨਾ ਨੂੰ ਸਮਰਪਿਤ ਹਨ।
ਹੁਣ ਪੰਜਾਬੀ ਦੇ ਬਹੁ ਚਰਚਿਤ ਲੇਖਕ ਮਿੱਤਰ ਸੈਨ ਮੀਤ ਫਿਰ ਮੈਦਾਨ ਵਿੱਚ ਹਨ। ਉਹਨਾਂ ਬਾਕੀ ਪੰਜਾਬੀ ਸਾਹਿਤਿਕ ਸੰਸਥਾਵਾਂ ਦੇ ਸਮਾਂਨਾਂਤਰ ਵੀ ਇੱਕ ਸੰਗਠਨ ਖੜਾ ਕੀਤਾ ਹੈ ਜਿਹੜਾ ਪੂਰੀ ਤਰ੍ਹਾਂ ਸਰਗਰਮ ਵੀ ਹੈ। ਆਉਂਦੇ ਦਿਨਾਂ ਵਿਚ ਇਸਨੇ ਹੋਰ ਵੀ ਯੋਰ ਫੜ੍ਹਨਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਵਿੰਧਾਨ ਵਿਚ ਵੱਡੀਆਂ ਸੋਧਾਂ ਦੀ ਲੋੜ
ਭਾਗ ਪਹਿਲਾ
- ਵਿਦੇਸ਼ੀ ਮੈਂਬਰਾਂ ਨੂੰ ਹੋਵੇ ਵੋਟ ਦਾ ਅਧਿਕਾਰ
- ਅਕਾਡਮੀ ਦੀ ਸਥਾਪਨਾ 1956 ਦੇ ਲਗ ਭਗ ਹੋਈ ਸੀ।
- ਉਸੇ ਸਾਲ ਇਸ ਦਾ ਸੰਵਿਧਾਨ ਲਿਖਿਆ ਗਿਆ ਸੀ।
- ਕਰੀਬ 66/67 ਸਾਲ ਪੁਰਾਣਾ ਹੋਣ ਕਾਰਨ ਹੁਣ ਇਹ ਸਮਾਂ ਵਿਆਹ ਚੁੱਕਾ ਹੈ। ਅਤੇ ਇਸ ਨੂੰ ਨਵੇਂ ਸਿਰਿਉਂ ਲਿਖੇ ਜਾਣ ਦੀ ਲੋੜ ਹੈ।
- ਜੇ ਇਹ ਨਵੇਂ ਸਿਰਿਉਂ ਨਹੀਂ ਲਿਖਿਆ ਜਾ ਸਕਦਾ ਤਾਂ ਘੱਟੋ ਘੱਟ ਇਸ ਵਿਚ ਵੱਡੇ ਪੱਧਰ ਤੇ ਸੋਧਾਂ ਤਾਂ ਹੋਣੀਆਂ ਹੀ ਚਾਹੀਦੀਆਂ ਹਨ।
ਸੁਝਾਈਆਂ ਜਾ ਰਹੀਆਂ ਸੋਧਾਂ
- ਵਿਦੇਸ਼ੀ ਸਾਹਿਤਕਾਰ ਵੱਡੀ ਗਿਣਤੀ ਵਿਚ ਅਕਾਡਮੀ ਦੇ ਮੈਂਬਰ ਹਨ।
- ਪਰ ਇਨ੍ਹਾਂ ਮੈਂਬਰਾਂ ਨੂੰ ਨਾ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਦਾ ਅਧਿਕਾਰ ਹੈ ਅਤੇ ਨਾ ਪ੍ਰਬੰਧਕੀ ਟੀਮ ਦੇ ਕਿਸੇ ਆਹੁਦੇ ਲਈ ਚੁਣੇ ਜਾਣ ਦਾ।
- ਵਿਦੇਸ਼ੀ ਮੈਂਬਰਾਂ ਲਈ ਲੋੜੀਂਦੀਆਂ ਸੋਧਾਂ
ਇਸ ਗੱਲਬਾਤ ਵਿਚ ਉਨ੍ਹਾਂ ਸੋਧਾਂ ਦੀ ਹੀ ਚਰਚਾ ਹੈ।
ਗੰਭੀਰ ਮਸਲੇ ਨੂੰ ਗੰਭੀਰਤਾ ਨਾਲ ਉਠਾਉਣ ਲਈ ਧੰਨਵਾਦ ਕਥੂਰੀਆ ਜੀ।
ReplyDeleteਇਹ ਇੱਕ ਇਤਫਾਕ ਹੈ--ਬਲਕਿ ਸੁਖਦ ਇਤਫਾਕ ਕਿ ਤੁਹਾਡੇ ਕਲਮੀ ਸੰਗਰਾਮ ਅਤੇ ਉਪਰਾਲਿਆਂ ਮਗਰੋਂ ਇਹ ਆਵਾਜ਼ ਬੁਲੰਦ ਹੋਣ ਲੱਗੀ ਹੈ---ਜਿਹੜੀ ਦਲੇਰੀ ਭਰੀ ਪਹਿਲ ਤੁਸੀਂ ਕਰ ਰਹੇ ਹੋ ਇਹ ਬਹੁਤ ਪ੍ਰਸੰਸਾ ਯੋਗ ਹੈ--ਪਰ ਸੁਆਲ ਇਹ ਵੀ ਹੈ ਕਿ ਜਿਹਨਾਂ ਨੂੰ ਬਹੁਤ ਪਹਿਲਾਂ ਬੋਲਣਾ ਚਾਹਿਦਾ ਸੀ ਓਹ ਲੋਕ ਬੋਲੇ ਕਿਓਂ ਨਹੀਂ---! ਤੁਸੀਂ ਇਸ ਭਾਈ ਭਤੀਜਾਵਾਦ ਦੇ ਖਿਲਾਫ਼ ਚਲੀ ਆ ਰਹੀ ਇਸ ਸਾਜ਼ਿਸ਼ੀ ਜਿਹੀ ਖਾਮੋਸ਼ੀ ਆਵਾਜ਼ ਦਿੱਤੀ--ਤੁਹਾਡਾ ਬਹੁਤ ਬਹੁਤ ਧੰਨਵਾਦ---
Deleteਰੇਕਟਰ ਕਥੂਰੀਆ ਦੀ ਪਤ੍ਰਿਕਾ 'ਪੰਜਾਬੀ ਸਕਰੀਨ' ਨੇ, ਸਾਡੇ ਵਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਨਾਲ ਸਬੰਧਤ ਉਠਾਏ ਗੰਭੀਰ ਮੁੱਦਿਆਂ ਦਾ ਤਨਦੇਹੀ ਨਾਲ ਸਮਰਥਨ ਕੀਤਾ
ReplyDelete- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਦੀ ਸਥਾਪਨਾ ਕਰੀਬ 65/66 ਸਾਲ ਪਹਿਲਾਂ ਹੋਈ ਸੀ। ਕਰੀਬ ਦੋ ਏਕੜ ਵਿਚ ਫੈਲੀ ਅਕਾਡਮੀ ਦੀ ਜਾਇਦਾਦ ਦਾ ਬਜ਼ਾਰੂ ਮੁੱਲ ਕਰੀਬ 100 ਕਰੋੜ ਹੈ।
- ਪਿਛਲੇ 10/15 ਸਾਲਾਂ ਤੋਂ ਇਸ ਤੇ ਕਾਬਜ਼ ਪ੍ਰਬੰਧਕੀ ਟੀਮਾਂ ਵਲੋਂ, ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਅਤੇ ਪਸਾਰ ਦੀ ਥਾਂ, ਇਸ ਦੇ ਸਾਧਨਾਂ ਨੂੰ ਭਾਈ ਭਤੀਜਾਵਾਦ ਦੇ ਵਿਕਾਸ ਲਈ ਵਰਤਿਆ ਹੈ।
- ਵਿਦੇਸ਼ੀ ਮੈਂਬਰਾਂ ਨੂੰ ਨਾ ਵੋਟ ਦਾ ਅਧਿਕਾਰ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਆਹੁਦੇਦਾਰ ਬਨਣ ਦਾ।
- ਪ੍ਰਬੰਧਕੀ ਬੋਰਡ ਦੀ ਵਾਗ ਡੋਰ, ਚੁਣੇ ਹੋਏ ਨੁਮਾਇੰਦਿਆਂ ਦੀ ਥਾਂ, ਨਾਮਜ਼ਦ ਮੈਂਬਰਾਂ ਦੇ ਹੱਥ ਹੈ।
- ਬੇਸ਼ੁਮਾਰ ਕੀਮਤੀ ਜਗਾਹ ਤੇ ਨਿਜੀ ਅਦਾਰਿਆਂ ਦੇ ਕਬਜ਼ੇ ਕਰਵਾ ਦਿੱਤੇ ਗਏ ਹਨ।
ਅਸੀਂ ਅਜਿਹੇ ਕਈ ਮਾਮਲੇ, ਅਕਾਡਮੀ ਦੇ ਜਨਰਲ ਇਜਲਾਸ ਵਿੱਚ ਉਠਾਏ ਸਨ। ਉਨ੍ਹਾਂ ਵਿਚੋਂ ਕੁੱਝ, ਦੋ ਆਡੀਓ ਗੱਲਬਾਤ ਰਾਹੀਂ, ਪੰਜਾਬੀ ਨਾਲ ਮੋਹ ਰੱਖਣ ਵਾਲੇ ਪੰਜਾਬੀਆਂ ਨਾਲ ਸਾਝਾਂ ਕੀਤਾ ਸੀ।
- ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਆਡੀਓਜ ਪੰਜਾਬੀ ਸਕਰੀਨ ਰਾਹੀਂ ਹਜ਼ਾਰਾਂ ਪੰਜਾਬੀ ਪਿਆਰਿਆਂ ਤੱਕ ਪਹੁੰਚਾਇਆ ਹੈ।
- ਖੇਦ ਇਸ ਗੱਲ ਦਾ ਹੈ ਬਹੁਤੇ ਪੰਜਾਬੀ ਪੱਖੀ ਅਖਵਾਉਣ ਵਾਲਿਆਂ ਨੇ, ਗੋਦੀ ਮੀਡੀਆ ਬਣਕੇ ਚੁੱਪ ਧਾਰਨ ਵਿਚ ਹੀ ਭਲਾਈ ਸਮਝੀ।
- ਇਸ ਦਲੇਰਾਨਾ ਕਦਮ ਲਈ ਅਸੀਂ ਰੇਕਟਰ ਕਥੂਰੀਆ ਜੀ ਅਤੇ ਪੰਜਾਬੀ ਸਕਰੀਨ ਦੇ ਰਿਣੀ ਹਾਂ।