ਪ੍ਰਗਤੀਸ਼ੀਲ ਲੇਖਕ ਸੰਘ ਨੇ ਡਾ. ਰਵਿੰਦਰ ਰਵੀ ਸ਼ਹੀਦੀ ਸਮਾਗਮ ਕਰਾਇਆ
ਲੁਧਿਆਣਾ: 22 ਮਈ 2023:(ਸਾਹਿਤ ਸਕਰੀਨ ਬਿਊਰੋ):: ਜਦੋਂ ਤਿੰਨ ਦਹਾਕੇ ਪਹਿਲਾਂ ਪੰਜਾਬ ਵਿੱਚ ਗੋਲੀਆਂ ਚਲਾਉਣ ਵਾਲਿਆਂ ਦਾ ਰਾਜ ਸੀ ਅਤੇ ਪੰਜਾਬ ਦੀਆਂ ਪਾਕ ਪਵਿੱਤਰ ਹਵਾਵਾਂ ਵਿੱਚੋਂ ਬੰਬਾਂ ਦੇ ਬਾਰੂਦ ਦੀ ਬਦਬੂ ਆਉਣ ਲੱਗ ਪੈ ਸੀ। ਪੰਜਾਬ ਦੇ ਪਾਕ ਪਵਿੱਤਰ ਪਾਣੀ ਲਾਸ਼ਾਂ ਸੁੱਟ ਸੁੱਟ ਪ੍ਰਦੂਸ਼ਿਤ ਕਰ ਦਿੱਤੇ ਗਏ ਸਨ। ਹਰ ਪਿੰਡ ਦੀ ਹਰ ਗਲੀ ਦੇ ਹਰ ਘਰ ਵਿਚ ਸਹਿਮ ਦਾ ਵਾਤਾਵਰਣ ਸੀ ਉਦੋਂ ਵੀ ਰਵਿੰਦਰ ਰਵੀ ਅਤੇ ਉਸਦੇ ਸਾਥੀ ਗੁਰੂ ਦੀ ਬਾਣੀ ਤੋਂ ਸੇਧ ਲੈਂਦੇ ਹੋਏ ਬੁਲੰਦ ਆਵਾਜ਼ ਨਾਲ ਬੋਲ ਬੋਲ ਰਹੇ ਸਨ-ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥
ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਡਾ. ਰਵਿੰਦਰ ਸਿੰਘ ਰਵੀ ਦੀ 34 ਵੀਂ ਬਰਸੀ ‘ਤੇ ਸ਼ਹੀਦੀ ਯਾਦਗਾਰੀ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ। ਦੋਰਾਹਾ ਵਿਖੇ ਸਮਾਗਮ ਕਨਵੀਨਰ ਜਸਵੀਰ ਝੱਜ ਨੇ ਜਾਣਕਾਰੀ ਦਿੰਦੇ ਕਿਹਾ ਕਿ ਸਮਾਗਮ ਦੀ ਪ੍ਰਧਾਨਗੀ ਡਾ. ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਕੀਤੀ।
ਪ੍ਰਧਾਨਗੀ ਮੰਡਲ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਪਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਵਿਸ਼ੇਸ ਮਹਿਮਾਨ ਵਜੋਂ ਡਾ. ਰਵਿੰਦਰ ਸਿੰਘ ਰਵੀ ਦੇ ਛੋਟੇ ਭਰਾ ਡਾ. ਰਛਪਾਲ ਸਿੰਘ, ਕੇਂਦਰੀ ਪੰਜਾਬੀ ਲੇਖ਼ਕ ਸਭਾ ਦੇ ਸਾਬਕਾ ਪ੍ਰਧਾਨ ਡਾ. ਲਾਭ ਸਿੰਘ ਖੀਵਾ, ਸੰਘ ਦੇ ਸੂਬਾ ਪ੍ਰਧਾਨ ਸੁਰਜੀਤ ਜੱਜ ਤੇ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਇਕਾਈ ਲੁਧਿਆਣਾ ਪ੍ਰਧਾਨ ਸੁਰਿੰਦਰ ਕੈਲੇ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸਮਾਗਮ ਕਨਵੀਨਰ ਜਸਵੀਰ ਝੱਜ ਸ਼ਾਮਲ ਹੋਏ।
ਡਾ. ਸਿਰਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ. ਰਵੀ ਸਾਡੇ ਸਮਿਆਂ ਦਾ ਵਿਦਵਾਨ ਅਲੋਚਕ ਸੀ। ਪੰਜਾਬੀ ਸਾਹਿਤ ਸੱਭਿਆਚਾਰ ਦੀ ਅਲੋਚਨਾ ਵਿਚ ਉਨ੍ਹਾਂ ਦਾ ਕੀਤਾ ਅਧਿਅਨ ਮੰਥਨ ਅਜੋਕੀਆਂ ਚੁਣੌਤੀਆਂ ਵਿਚ ਹੋਰ ਵੀ ਵਧੇਰੇ ਪ੍ਰਸੰਗਿਕ ਹੈ। ਡਾ. ਰਵੀ ਆਪਣੇ ਤੋਂ ਵਿਰੋਧੀ ਵਿਚਾਰਾਂ ਵਾਲਿਆਂ ਦਾ ਵੀ ਵਧੇਰੇ ਬਾਰੀਕੀ ਨਾਲ ਅਧਿਅਨ ਕਰਦੇ ਸਨ। ਪੰਜਾਬੀ ਸੱਭਿਆਚਾਰ ਦੇ ਹਿੱਤ ਵਿਚ ਉਨ੍ਹਾਂ ਨੇ ਆਪਣੇ ਵਿਸ਼ਾਲ ਅੰਤਰਾਸ਼ਟਰੀ ਅਧਿਅਨ ਨੂੰ ਆਧਾਰ ਬਣਾਇਆ।
ਡਾ. ਜੌਹਲ ਨੇ ਆਪਣੇ ਪ੍ਰਧਾਨਗੀ ਭਾਸ਼ਨ ਰਾਹੀਂ ਡਾ. ਰਵੀ ਨੂੰ ਸਰਧਾਂਜਲੀ ਅਰਪਿਤ ਕਰਦਿਆਂ ਉਹਨਾ ਨਾਲ ਆਪਣੇ ਵਿਦਿਆਰਥੀ ਜੀਵਨ ਦੀ ਸਾਂਝ ਦਾ ਜ਼ਿਕਰ ਕਰਦਿਆਂ ਸਾਡੇ ਸਮਾਜ ਵਿਚ ਪੈਦਾ ਹੋ ਰਹੀ ਅਸਹਿਣਸ਼ੀਲਤਾ ਦੇ ਪ੍ਰਸੰਗ ਵਿਚ ਉਹਨਾਂ ਦੇ ਵਿਚਾਰਾਂ ਵਾਲੀ ਭੂਮਿਕਾ ਦੀ ਮਹੱਤਤਾ ਨੂੰ ਸਮਝਣ ਤੇ ਜ਼ੋਰ ਦਿੱਤਾ।
ਪ੍ਰੋ ਜੱਜ ਅਤੇ ਡਾ. ਦੀਪ ਨੇ ਡਾ. ਰਵੀ ਦੀ ਪ੍ਰਗਤੀਸ਼ੀਲ ਲੇਖਣੀ ਦੇ ਹਿੱਤ ਵਿਚ ਆਏ ਵਿਚਾਰਾਂ ਲਈ ਡਾ. ਰਵੀ ਦੀ ਸਾਡੀ ਲੇਖਣੀ ਵਿਚ ਰਾਹ ਦਰਸਾਊ ਭਮਿਕਾ ਬਾਰੇ ਜਿਕਰ ਕੀਤਾ।
ਸਮਾਗਮ ਦੇ ਮੁੱਖ ਬੁਲਾਰੇ ਡਾ. ਖੀਵਾ ਨੇ ਆਪਣੀਆਂ ਨਿੱਜੀ ਯਾਦਾ ਸਾਂਝੀਆਂ ਕਰਨ ਦੇ ਨਾਲ ਨਾਲ ਡਾ.ਰਵੀ ਦੀਆਂ ਛਪੀਆਂ ਪੁਸਤਕਾਂ ਵਿਚੋਂ ਉਭਰਦੇ ਦਰਸ਼ਨ ਦੀਆਂ ਗੰਭੀਰ ਗੱਲਾਂ ਕੀਤੀਆਂ। ਉਹਨਾ ਡਾ ਰਵੀ ਦੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਫੈਲੋ ਵਜੋਂ, ਕੇਦਰੀਂ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਯੂਨੀਵਰਸਿਟੀ ਵਿਚ ‘ਪੂਟਾ’ ਵਿਚ ਕੀਤੀਆਂ ਸਰਗਰਮੀਆਂ ਦਾ ਵਿਸਤਰਿਤ ਵਰਨਣ ਕੀਤਾ।
ਡਾ.ਪੰਧੇਰ ਨੇ ਸਮਾਗਮ ਨੂੰ ਲਗਾਤਾਰ ਕਰਦੇ ਰਹਿਣ ਦਾ ਵਾਅਦਾ ਕਰਦਿਆਂ ਡਾ .ਰਵੀ ਦੀ ਕਰਨੀ ਨੂੰ ਸਲਾਮ ਕੀਤਾ। ਡਾ.ਰਛਪਾਲ ਸਿੰਘ ਨੇ ਦੱਸਿਆ ਕਿ ਡਾ.ਰਵੀ ਨਾਲ ਪਰਿਵਾਰ ‘ਚ ਰਹਿੰਦਿਆਂ ਉਹਨਾ ਦੇ ਸੁਭਾਅ ਵਿਚ ਲੋਕ ਭਲਾਈ ਕੁੱਟ ਕੁੱਟ ਕੇ ਭਰੇ ਹੋਣ ਨੂੰ ਮਹਿਸੂਸਦਿਆਂ ਜਿਕਰ ਕੀਤਾ ਕਿ ਰਵੀ ਨੂੰ ਸ਼ਹੀਦ ਕਰਨ ਵਾਲੇ ਲੋਕ ਆਕ੍ਰਿਤਘਣ ਨਿਕਲੇ, ਜਿਨ੍ਹਾਂ ਦੇ ਉਹਨਾਂ ਅਨੇਕ ਫ਼ਾਇਦੇ ਕੀਤੇ ਸਨ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਮੈਡਮ ਮਨਦੀਪ ਕੌਰ ਭੰਮਰਾ, ਡਾਕਟਰਜ਼ ਦੀ ਜੱਥੇਬੰਦੀ ਦੇ ਕੋਮੀ ਆਗੂ ਡਾ.ਅਰੁਣ ਮਿੱਤਰਾ, ਨਰੇਸ਼ ਗੌੜ ਫੈਲੋ ਪੰਜਾਬ ਯੂਨੀਵਰਸਿਟੀ ਚੰਡੀਗੜ, ਜਿਲ੍ਹਾ ਸੀ.ਪੀ.ਆਈ. ਸਕੱਤਰ ਡੀ.ਪੀ. ਮੌੜ, ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਚਮਕੌਰ ਬਰਮੀ ਤੇ ਪ੍ਰਲੇਸ ਪੰਜਾਬ ਦੇ ਸੀ. ਮੀਤ ਪ੍ਰਧਾਨ ਡਾ. ਸੁਰਜੀਤ ਬਰਾੜ ਨੇ ਵੀ ਸੰਬੋਧਨ ਕੀਤਾ। ਸ੍ਰੀ ਸੁਰਿੰਦਰ ਕੈਲੇ ਨੇ ਡਾ ਰਵੀ ਨਾਲ ਆਪਣੇ ਜੱਦੀ ਪਿੰਡ ਦੀ ਨੇੜਤਾ ਦੀ ਸਾਂਝ ਦੀ ਗੱਲ ਕਰਦਿਆਂ ਪੁੱਜੇ ਵਿਦਵਾਨਾ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਜਸਵੀਰ ਝੱਜ ਨੇ ਸਟੇਜ ਦੀ ਕਾਰਵਾਈ ਗੰਭੀਰਤਾ ਨਾਲ ਬਾਖੂਬੀ ਨਿਭਾਈ। ਇਸ ਸਮੇਂ ਉੱਕਤ ਦੇ ਨਾਲ ਡਾ. ਨਿਰਮਲ ਜੌੜਾ, ਭਗਵਾਨ ਢਿੱਲੋਂ, ਇੰਦਰਜੀਤਪਾਲ ਕੌਰ, ਕੁਲਵਿੰਦਰ ਕਿਰਨ, ਹਰਬੰਸ ਮਾਲਵਾ, ਅਵਤਾਰ ਸਿੰਘ ਧਮੋਟ, ਸੁਰਿੰਦਰਗਿੱਲ ਜੈਪਾਲ, ਗੁਰਸੇਵਕ ਸਿੰਘ ਢਿੱਲ੍ਹੋਂ, ਮਨਜੀਤ ਘਣਗਸ, ਮਨੂੰ ਬੁਆਣੀ, ਤਰਲੋਚਨ ਝਾਂਡੇ, ਦੀਪ ਦਿਲਬਰ, ਮੇਜਰ ਸਿੰਘ ਸਿਆੜ, ਸਰਦਾਰ ਪੰਛੀ, ਬਲਵਿੰਦਰ ਮੋਹੀ, ਪ੍ਰੀਤ ਸੰਦਲ, ਅਨਿੱਲ ਫਤਿਹਗੜ੍ਹਜੱਟਾਂ, ਬਲਵੰਤ ਮਾਂਗਟ, ਬਲਵਿੰਦਰ ਗਲੈਕਸੀ, ਬਲਕੌਰ ਸਿੰਘ, ਡਾ. ਸੁਖਵੰਤ ਸੁੱਖੀ, ਡਾ. ਬਲਵਿੰਦਰ ਚਾਹਲ, ਕਰਮ ਸਿੰਘ ਵਕੀਲ, ਕੇਵਲ ਮੰਜਾਲੀਆਂ, ਹਰਦੀਪ ਢਿੱਲ੍ਹੋਂ, ਸੁਰਿੰਦਰ ਸੁੰਨੜ, ਭੁਪਿੰਦਰ ਚੌਕੀਮਾਨ, ਜਸਦੇਵ ਸਿੰਘ ਲਲਤੋਂ, ਪਰਭਜੋਤ ਸੋਹੀ, ਰਾਜਦੀਪ ਤੂਰ, ਕਰਮਜੀਤ ਗਰੇਵਾਲ, ਰਵਿੰਦਰ ਰਵੀ, ਕਸਤੂਰੀ ਲਾਲ, ਕੇਵਲ ਬਨਵੈਤ, ਮਲਕੀਤ ਮਾਲ੍ਹੜਾ, ਅਮਰਜੀਤ ਸ਼ੇਰਪੁਰੀ, ਪਰਮਿੰਦਰ ਅਲਬੇਲਾ, ਸੁਰਿੰਦਰਪਾਲ ਕੌਰ, ਸ਼ਮਿੰਦਰ ਕੌਰ ਭਮੱਦੀ, ਆਤਮਾ ਸਿੰਘ, ਗੁਰਪ੍ਰੀਤ ਰਤਨ ਆਦਿ ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਦੇ ਸਮੂਹ ਮੈਂਬਰ, ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਸੌ ਤੋਂ ਵੱਧ ਹਾਜ਼ਿਰ ਸਨ।
ਪ੍ਰਧਾਨਗੀ ਮੰਡਲ ਵਲੋਂ ਡਾ. ਰਵਿੰਦਰ ਸਿੰਘ ਰਵੀ ਦੀ ਯਾਦ ਹਿੱਤ ‘ਸਮਾਂਤਰ ਨਜ਼ਰੀਆ’ ਦਾ ਅੰਕ ਲੋਕ ਅਰਪਣ ਕੀਤਾ ਗਿਆ। ਅੰਤ ਵਿਚ ਦਿੱਲੀ ਵਿਖੇ ਇੱਜ਼ਤ-ਆਬਰੂ ਲਈ ਲੜਦੀਆਂ ਪਹਿਲਵਾਨਾਂ ਨੂੰ ਜਲਦੀ ਇਨਸਾਫ ਦੇਣ ਅਤੇ ਦੋਸ਼ੀ ਬ੍ਰਿਸ਼ਭੂਸ਼ਨ ਸਿੰਘ ਦੀ ਸਾਂਸਦ ਮੈਂਬਰਸ਼ਿੱਪ ਰੱਦ ਕਰਕੇ ਸਖਤ ਸਜਾ ਦੀ ਮੰਗ ਕੀਤਾ ਗਈ। ਡਾ. ਨਵਸ਼ਰਨ ਕੌਰ ਦੀ ਈ.ਡੀ. ਵਲੋਂ ਤੰਗ-ਪ੍ਰੇਸ਼ਾਨ ਕਰਨ ਦੀ ਨਿਖੇਧੀ ਦਾ ਮਤਾ ਪਾਸ ਕੀਤਾ। ਅੱਜ ਦੇ ਹਾਲਾਤ ਦੀ ਨਜ਼ਰਸਾਨੀ ਕਰਦਿਆਂ ਇਹ ਇੱਕ ਅਜਿਹਾ ਸਮਾਗਮ ਸੀ ਜਿਹੜਾ ਅਤੀਤ ਦੇ ਨਾਲ ਨਾਲ ਮੌਜੂਦਾ ਦੌਰ ਅਤੇ ਆਉਣ ਵਾਲੇ ਸਮਿਆਂ ਬਾਰੇ ਵਿਚ ਚੇਤਨਾ ਜਗਾ ਰਿਹਾ ਸੀ। ਇਸ ਮੌਕੇ ਬਹੁਤ ਸਾਰੇ ਵੱਖ ਵੱਖ ਵਰਗਾਂ ਦੀ ਪ੍ਰਤੀਨਿੱਧਤਾ ਕਾਰਨ ਵਾਲਿਆਂ ਦਾ ਇੱਕ ਥਾਂ ਇਕੱਤਰ ਹੋਣਾ ਇੱਕ ਸ਼ੁਭ ਸ਼ਗਨ ਹੈ ਅਤੇ ਇਸ ਗੱਲ ਦਾ ਯਕੀਨ ਵੀ ਕਿ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ!
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।