17th July 2022 at 06:23 Via WhatsApp
ਲੋਕਾਂ ਦੀ ਹੀ ਮੁਕਤੀ ਲਈ ਉਹ ਕਦਮ ਕਦਮ ਤੇ ਲੜਿਆ ਸੀ
18 ਜੁਲਾਈ ਵਾਲੇ ਦਿਨ ਨੂੰ ਯਾਦ ਕਰਦਿਆਂ ਜਦੋਂ ਸਾਡੇ ਕੋਲੋਂ ਸਾਡਾ ਪ੍ਰਿਥੀ ਖੋਹ ਲਿਆ ਗਿਆ ਸੀ
ਉਹ ਵਿਛੋੜਾ--ਉਹ ਦਿਨ-ਉਹ ਸ਼ਹੀਦੀ ਅਤੇ ਅੱਜ ਦੇ ਹਾਲਾਤ ਬਾਰੇ ਪੜ੍ਹੋ ਅਮੋਲਕ ਸਿੰਘ ਹੁਰਾਂ ਦੀ ਕਾਵਿ ਰਚਨਾ
ਜੋ ਕਈ ਸੁਆਲ ਵੀ ਪੁਛਦੀ ਹੈ ਅਤੇ ਕਈ ਜੁਆਬ ਦੇ ਕੇ ਰਸਤਾ ਵੀ ਦਿਖਾਉਂਦੀ ਹੈ--ਰੈਕਟਰ ਕਥੂਰੀਆ
ਹਲੂਣਾ ਦੇਂਦੀ ਅਮੋਲਕ ਸਿੰਘ ਦੀ ਕਾਵਿ ਰਚਨਾਜੇ ਪ੍ਰਿਥੀ ਦੀ ਸੋਚ 'ਤੇ
ਪਹਿਰਾ ਦੇਣਾ ਠੋਕ ਕੇ
ਸੁਣ ਲੈ ਛੈਲ ਜੁਆਨਾਂ ਤੂੰ
ਜ਼ਰਾ ਕਦਮ ਨੂੰ ਰੋਕ ਕੇ
ਗੱਲ ਮੰਜ਼ਿਲ ਦੀ ਸਈ ਫੇਰ ਕਦੇ
ਗੱਲ ਬਦਲੀ ਤੋਰ ਦੀ ਕਰਦੇ ਹਾਂ
ਹੱਥ ਝੰਡਾ ਕੱਲ੍ਹ ਸੰਘਰਸ਼ਾਂ ਦਾ
ਅੱਜ ਕਦਮ ਕਿੱਧਰ ਨੂੰ ਧਰਦੇ ਹਾਂ
ਪ੍ਰਿਥੀ ਨੇ ਜੋ ਪੜ੍ਹਿਆ ਸੀ
ਓਹਨੇ ਵਿੱਚ ਮਸ਼ਾਲਾਂ ਜੜਿਆ ਸੀ
ਲੋਕਾਂ ਦੀ ਹੀ ਮੁਕਤੀ ਲਈ
ਉਹ ਕਦਮ ਕਦਮ ਤੇ ਲੜਿਆ ਸੀ
ਪ੍ਰਿਥੀ ਤੇਰਾ ਕਾਜ਼ ਅਧੂਰਾ
ਕਿੰਝ ਕਰਾਂਗੇ ਸੱਜਣਾ ਪੂਰਾ!
ਅੱਜ ਕੱਲ੍ਹ ਹੋਈ ਕਨੇਡਾ ਨੇੜੇ
ਬੱਦੋਵਾਲ ਤਾਂ ਬਹੁਤੀ ਦੂਰ ਆ
ਬੱਦੋਵਾਲ ਸੀ ਪ੍ਰਿਥੀ ਮੋਇਆ
ਨੇਰ੍ਹੀ ਰਾਤੇ ਸੂਰਜ ਕੋਹਿਆ
ਪੋਟਾ ਪੋਟਾ ਜਿਸਮ ਤੋੜਿਆ
ਫਿਰ ਵੀ ਨਹੀਓਂ ਸੂਰਜ ਮੋਇਆ !
ਮਾਣ ਸੀ ਉਸ ਰਾਹ ਆਊ ਜੁਆਨੀ
ਇਹਦੀ ਤੋਰ 'ਚ ਸਦਾ ਰਵਾਨੀ
ਪਰ ਇਹ ਵੀ ਤਾਂ ਕੌੜਾ ਸੱਚ ਹੈ
ਹੁੰਦੀ ਜਾਏ ਕਿਉਂ ਬੇਗਾਨੀ ?
ਪਿੰਡਾਂ ਦੇ ਪਿੰਡ ਖ਼ਾਲੀ ਹੋ ਗਏ
ਗੱਭਰੂ ਕਿੱਥੇ ਜਾ ਖਲੋ ਗਏ
ਕਿੱਥੇ ਉੱਡੀਆਂ ਕੁੜੀਆਂ ਚਿੜੀਆਂ
ਹੁਣ ਨਾ ਵਿਹੜੇ ਕਲੀਆਂ ਖਿੜੀਆਂ
ਹੁਣ ਤਾਂ ਪ੍ਰਿਥੀ ਰੋਜ਼ ਹੀ ਮਰਦਾ
ਨਿੱਤ ਜ਼ੇਲ੍ਹਾਂ ਦੇ ਵਿੱਚ ਹੈ ਸੜਦਾ
ਭੇਸ਼ ਬਦਲ ਕੇ ਉਸਦਾ ਕਾਤਲ
ਨਿੱਤ ਆ ਸਾਡੀ ਹਿੱਕ 'ਤੇ ਚੜ੍ਹਦਾ
ਜੇ ਜਿਉਣਾਂ ਝੰਡਾ ਗੱਡ ਵੇ ਸੱਜਣਾ
ਜਕੋ ਤਕੀ ਨੂੰ ਛੱਡ ਵੇ ਸੱਜਣਾ
ਫ਼ਰਜ਼ਾਂ ਤੋਂ ਨਾ ਭੱਜ ਵੇ ਸੱਜਣਾ
ਪ੍ਰਿਥੀ ਬਣਕੇ ਗੱਜ ਵੇ ਸੱਜਣਾ
ਚੱਲ ਵੇ ਚੱਲੀਏ ਬੱਦੋਵਾਲ
ਬੱਦੋਵਾਲ ਤਾਂ ਕਰੇ ਸਵਾਲ
ਲਹੂ 'ਚ ਭਿੱਜੀ ਖ਼ਾਕ ਸੰਭਾਲ
ਫਿਰ ਆਵੇਗਾ ਲੋਕ-ਭੂਚਾਲ
-----ਅਮੋਲਕ ਸਿੰਘ
No comments:
Post a Comment